ਸਮੁੱਚੇ ਸਿੱਖ ਜਗਤ ਵੱਲੋਂ ਸੰਨ ੨੦੦੪
ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ੪੦੦ ਸਾਲਾ ਪ੍ਰਕਾਸ਼ ਗੁਰਪੁਰਬ ਬੜੀ ਹੀ ਸ਼ਰਧਾ
ਤੇ ਸਤਿਕਾਰ ਨਾਲ ਦੁਨੀਆਂ ਦੇ ਕੋਨੇ ਕੋਨੇ ਤੇ ਮਨਾਇਆ ਗਿਆ। ਇਸ ਇਤਿਹਾਸਕ ਦਿਹਾੜੇ
ਤੇ ਸ੍ਰੀ ਅਕਾਲ ਤਖ਼ਤ (ਅਕਾਲ ਬੁੰਗਾ) ਵੱਲੋਂ ਲੰਬੇ ਸਮੇਂ ਤੋਂ ਇੱਕ ਲੋੜੀਂਦਾ ਤੇ ਜਰੂਰੀ
ਨਿਰਣਾ “ਹੁਕਮਨਾਮਾ” ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ
ਪੜਿ੍ਹਆ ਗਿਆ ਸੀ ਕਿ ਆਰ. ਐਸ.ਐਸ. ਸਿੱਖ ਪੰਥ ਤੇ ਘੱਟ ਗਿਣਤੀਆਂ ਦੀ ਇੱਕ ਵਿਰੋਧੀ ਜਮਾਤ
ਹੈ। ਪੰਡਾਲ ਵਿੱਚੋਂ ਸੰਗਤਾਂ ਵੱਲੋਂ ਜੈਕਾਰਿਆਂ ਦੀ ਅਵਾਜ਼ ਵਿੱਚ ਇਸ ਫ਼ੈਸਲੇ ਦਾ ਸਤਿਕਾਰ
ਕੀਤਾ ਗਿਆ। ਸੰਘ ਦੀਆਂ ਮਾਰੂ ਤੇ ਘਾਤਕ ਨੀਤੀਆਂ ਦੀ ਜਾਣਕਾਰੀ ਰੱਖਣ ਵਾਲੇ ਸਿੱਖਾਂ ਵੱਲੋਂ
ਇਸ ਨੂੰ ਬਹੁਤ ਦੇਰ ਨਾਲ ਲਿਆ ਗਿਆ ਇੱਕ ਦਰੁੱਸਤ ਫ਼ੈਸਲਾ ਆਖਿਆ ਗਿਆ। ਭਾਜਪਾ ਉਸੇ ਪੰਥ
ਵਿਰੋਧੀ ਜਮਾਤ ਦਾ ਇੱਕ ਸਿਆਸੀ ਅੰਗ ਹੈ ਤੇ ਆਰ. ਐਸ. ਐਸ. ਦੇ ਹੀ ਦਿਸ਼ਾ ਨਿਰਦੇਸ਼ਾਂ ਨਾਲ
ਹਰੇਕ ਕਾਰਨਾਮੇ ਨੂੰ ਸਰਅੰਜ਼ਾਮ ਦਿੰਦੀ ਹੈ। ਇਹ ਗੱਲ ਚਿੱਟੇ ਦਿਨ ਵਾਂਙ ਸਾਫ਼ ਹੈ। ਪਿਛਲੇ
ਲੰਬੇ ਅਰਸੇ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੇ ਸ੍ਰੀ ਹਰਿਮੰਦਿਰ ਜੀ ਪਟਨਾ ਸਾਹਿਬ ਦਾ
ਸਮੁੱਚਾ ਹੀ ਨਿਜ਼ਾਮ ਸਿੱਧੇ ਰੂਪ ਵਿੱਚ ਆਰ. ਐਸ. ਐਸ. ਦੇ ਅਧੀਨ ਹੈ। ਸਮੁੱਚੀ ਸਿੱਖ ਕੌਮ
ਇਸ ਤੋਂ ਭਲੀ ਭਾਂਤ ਜਾਣੂ ਹੈ।
ਸ੍ਰੀ ਹਜ਼ੂਰ ਸਾਹਿਬ ਦਾ ਨਵਾਂ ਬਣਿਆ
ਪ੍ਰਧਾਨ ਭੁਪਿੰਦਰ ਸਿੰਹੁ ਮਿਨਹਾਸ ਜਿੱਥੇ
ਭਾਜਪਾ ਦਾ ਵਿਧਾਇਕ ਹੈ ਉੱਥੇ ਆਰ. ਐਸ. ਐਸ. ਦਾ ਬਹੁਤ ਹੀ ਸਰਗਰਮ ਵਰਕਰ ਵੀ ਹੈ। ਉੱਧਰ
ਦਿੱਲੀ ਸਿੱਖ ਗੁ. ਪ੍ਰਬੰਧਕ ਕਮੇਟੀ ਤੇ ਵੀ ਪਿਛਲੇ ਲੰਬੇ ਸਮੇਂ ਤੋਂ ਏਸੇ ਪੰਥ ਵਿਰੋਧੀ
ਧਿਰ ਦੇ ਹੱਥ ਠੋਕੇ ਹੋਣ ਦੇ ਲੱਗ ਰਹੇ ਇਲਜ਼ਾਮ ਉਸ ਵੇਲੇ ਜੱਗ ਜ਼ਾਹਰ ਹੋ ਨਿਬੜੇ ਜਦੋਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ/ ਕਰਵਾਉਣ ਦੇ ਸਿੱਖ ਕੌਮ ਵੱਲੋਂ ਐਲਾਨੇ
ਜਾ ਚੁੱਕੇ ਦੋਸ਼ੀ, ਅਖੌਤੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਹੁ ਵੱਲੋਂ ਸਿੱਖ
ਰਹਿਤ ਮਰਿਯਾਦਾ ਦੇ ਉਲਟ ਦਾੜ੍ਹੀ ਨੂੰ ਰੰਗਣ ਵਾਲੇ ਤੇ ਪੰਥ ਵਿਰੋਧੀ ਐਲਾਨੀ ਜਾ ਚੁੱਕੀ
ਆਰ.ਐਸ.ਐਸ. ਦੀ ਸਿਆਸੀ ਪਾਰਟੀ ਭਾਜਪਾ ਦੇ ਵਿਧਾਇਕ ਮਨਜਿੰਦਰ ਸਿੰਹੁ ਸਿਰਸਾ ਦੇ ਸਿਰ
ਪ੍ਰਧਾਨਗੀ ਦਾ ਤਾਜ਼ ਸਜਾ ਦਿੱਤਾ ਗਿਆ।
ਚੇਤੇ ਰਹੇ ਮਨਜਿੰਦਰ ਸਿੰਹੁ ਸਿਰਸਾ ਦਾ
ਪਿਤਾ ਇੱਕ ਸਜ਼ਾ ਜ਼ਾਫ਼ਤਾ ਵਿਅਕਤੀ ਹੈ। ਸਿੱਖੋ ਯਾਦ ਰੱਖਿਓ! ਜਿਸ ਤਰ੍ਹਾਂ
ਡੋਗਰਿਆਂ ਨੇ ਵਜ਼ੀਰੀਆਂ ਖ਼ਾਤਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਮੁੱਲ ਗੋਰਿਆਂ ਤੋਂ
ਵੱਟਿਆ ਸੀ, ਉਸੇ ਤਰ੍ਹਾਂ ਹੀ ਡੋਗਰਿਆਂ ਦੇ ਨਕਸ਼ੇ ਕਦਮ ਤੇ ਚੱਲਦਿਆਂ ਬਾਦਲ ਜੁੰਡਲੀ ਪੰਥ
ਵਿਰੋਧੀ ਤਾਕਤਾਂ ਦੇ ਹੱਥ ਠੋਕੇ ਬਣ ਕੇ ਸਿੱਖ ਕੌਮ ਦੇ ਜਾਨ ਤੋਂ ਵੀ ਪਿਆਰੇ ਮਹਾਨ ਗੁਰੂਆਂ
ਦੇ ਇਤਿਹਾਸਕ ਗੁਰ ਅਸਥਾਨਾਂ ਦਾ ਸਮੁੱਚਾ ਪ੍ਰਬੰਧ ਆਪਣੀਆਂ ਕੁਰਸੀਆਂ ਤੇ ਜ਼ਰ (ਮਾਇਆ)
ਖ਼ਾਤਰ ਆਰ. ਐਸ. ਐਸ. ਵਰਗੀਆਂ ਵਿਰੋਧੀ ਤਾਕਤਾਂ ਨੂੰ ਸੌਂਪ ਰਹੀ ਹੈ। ਜੋ ਬਹੁਤ ਹੀ
ਮੰਦਭਾਗਾ ਕਾਲ਼ਾ ਕਾਰਨਾਮਾ ਹੈ।
ਸ੍ਰੀ ਅਕਾਲ ਤਖ਼ਤ (ਅਕਾਲ ਬੁੰਗਾ) ਦੇ ਸਕੱਤਰੇਤ ਤੇ ਜ਼ਰ ਖ਼ਰੀਦਾਂ
ਵੱਲੋ ਬੈਠਾਏ ਗਏ ਜ਼ਰ ਖ਼ਰੀਦ ਤੇ ਮਰੀ ਜ਼ਮੀਰ ਵਾਲੇ ਅਖੌਤੀ ਧਾਰਮਿਕ ਆਗੂਆਂ ਦੀ ਲੰਬੀ
ਚੁੱਪੀ ਸਿੱਖ ਕੌਮ ਸਿਰ ਆਉਣ ਵਾਲੀ ਕਿਸੇ ਗ਼ੰਭੀਰ ਤੇ ਦੁੱਖਦਾਈ ਮੁਸੀਬਤ ਵੱਲ ਇਸ਼ਾਰਾ ਤਾਂ
ਨਹੀਂ ਕਰ ਰਹੀ? ਸੋਚਿਓ ਜ਼ਰੂਰ।