Share on Facebook

Main News Page

ਖ਼ਾਲਸਾ ਨਿਆਸਰਿਆਂ ਦਾ ਆਸਰਾ
-: ਇੱਛਪਾਲ ਸਿੰਘ ਕਸ਼ਮੀਰ
9311887100

ਅੱਜ ਜਦੋਂ ਸੰਸਾਰ ਅੰਦਰ ਸਿੱਖ ਕੌਮ ਦੀ ਇਕ ਨਵੇਕਲੀ ਪਹਿਚਾਣ ਕਾਇਮ ਹੋ ਰਹੀ ਹੈ ਤਾਂ ਇਹ ਕਿਸੇ ਰਾਜਨੀਤਕ ਪਾਰਟੀ ਜਾਂ ਕਿਸੇ ਰਾਜਨੀਤਕ ਲੀਡਰ ਦੇ ਸਦਕਾ ਨਹੀਂ। ਬਲਕਿ ਗੁਰੂ ਨਾਨਕ ਨਾਮ ਲੇਵਾ ਕਿਰਤੀ ਸਿੱਖਾਂ ਦੇ ਸਦਕਾ, ਜਿਨ੍ਹਾਂ ਨੇ ਬਾਬੇ ਨਾਨਕ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਅਧਾਰ ਬਣਾਕੇ, ਆਪਣੇ ਕਰਮਾ ਵਿਚੋਂ ਬਾਬੇ ਨਾਨਕ ਦੀ ਵਿਚਾਰਧਾਰਾ ਦੇ, ਸੰਸਾਰ ਨੂੰ ਦਰਸ਼ਨ ਕਰਵਾਏ।ਦਰਅਸਲ ਬਾਬੇ ਨਾਨਕ ਦੇ ਇਹ ਸੁਨਹਿਰੀ ਉਪਦੇਸ਼ ਕਿ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ ਦੇ ਉਪਦੇਸ਼ਾਂ ਵਿਚ, “ਸਰਬਤ ਦੇ ਭਲੇ” ਲਈ ਹਰ ਸਮੇਂ ਤਤਪਰ ਰਹਿਣਾ, ਸਿੱਖੀ ਦਾ ਮੁਢਲਾ ਕਰਮ ਬਣ ਗਿਆ ਹੈ।

ਇਹੋ ਕਾਰਣ ਹੈ ਕਿ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਸੁੱਖ ਅਰਾਮ ਛਡਕੇ ਸੰਸਾਰ ਅੰਦਰ ਰਬ ਦਾ ਸਚਾ ਸੁਨਿਹਾ ਪਹੁਚਾਉਣ ਲਈ ਅਤੇ ਸਮੁਚੀ ਲੋਕਾਈ ਦੇ ਭਲੇ ਲਈ ਸੰਸਾਰ ਦਾ ਰਟਨ ਕੀਤਾ।ਉਹ ਚਾਹੇ ਹਰਦੁਆਰ ਹੋਵੇ, ਸੁਮੇਰ ਪਰਬਤ ਜਾਂ ਮਕਾ ਮਦੀਨਾ ਹੋਵੇ ਧੰਨ ਗੁਰੂ ਨਾਨਕ ਸਾਹਿਬ ਜੀ ਜਿਥੇ ਵੀ ਗਏ ਉਥੇ ਉਨ੍ਹਾਂ ਨੇ ਸਮੁਚੀ ਮਾਨਵਤਾ ਵਿਚ “ਸਭਿ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ, ਸਭ ਮਹਿ ਚਾਨਣੁ ਹੋਇ”॥ ਦਾ ਹੀ ਹੋਕਾ ਦਿੱਤਾ ਅਤੇ “ਵਿਚਿ ਦੁਨੀਆ ਸੇਵ ਕਮਾਈਐ॥ਤਾ ਦਰਗਹ ਬੈਸਣੁ ਪਾਈਐ॥ ਦਾ ਅਮਲੀ ਜੀਵਨ ਕਮਾਉਣ ਦੇ ਮਹਾਨ ਉਪਦੇਸ਼ ਦ੍ਰਿੜ ਕਰਵਾਏ। ਇਹ ਗੁਰੂ ਨਾਨਕ ਸਾਹਿਬ ਜੀ ਦੇ ਹੀ ਹਿੱਸੇ ਆਇਆ ਸੀ ਕਿ ਸਰਬਤ ਦੇ ਭਲੇ ਲਈ ਭਾਵੇਂ ਬਾਬਰ ਦੀ ਜੇਲ ਵੀ ਕਟਣੀ ਪਈ ਪਰ "ਬਾਬਰ ਨੂੰ ਜਾਬਰ‟ ਆਖਣਾ ਅਤੇ ਬਾਬਰ ਦੀ ਫੋਜ ਨੂੰ "ਪਾਪ ਦੀ ਜੰਝ" ਆਖਣ ਤੋਂ ਵੀ ਸੰਕੋਚ ਨਹੀਂ ਕੀਤਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੱਚੇ ਉਪਦੇਸ਼ਾਂ ਵਿਚੋ ਬਣੇ ਇਸ ਸਿੱਖੀ ਮਹੱਲ ਅੰਦਰ ਜਦ ਝਾਤ ਮਾਰਦੇ ਹਾਂ ਤਾਂ ਸਾਨੂੰ ਭਾਈ ਕੰਨਘੀਆਂ ਜੀ ਦੇ ਰੂਪ ਵਿਚ ਇਕ ਕਿਰਤੀ ਸਿੱਖ ਮੈਦਾਨੇ ਜੰਗ ਅੰਦਰ ਜ਼ਖਮੀ ਹੋਏ ਦੁਸ਼ਮਣਾਂ ਨੂੰ ਵੀ ਆਪਣਾ ਸਮਝ ਕੇ ਪਾਣੀ ਪਿਲਾਉਂਦਾ ਹੋਇਆ ਦੇਖਾਈ ਦੇਂਦਾ ਹੈ।

ਅੱਜੇ ਕੁਝ ਸਮਾ ਬੀਤਿਆ ਹੀ ਹੈ ਕਿ "ਨਿਆਸਰਿਆਂ ਨੂੰ ਆਸਰਾ" ਦੇਣ ਵਾਲੇ ਅਤੇ ਪਿੰਗਲਵਾੜਾ ਰੂਪੀ ਸੰਸਥਾ ਕਾਇਮ ਕਰਣ ਵਾਲੇ ਭਗਤ ਪੂਰਨ ਸਿੰਘ ਜੀ ਦੇ ਦਰਸ਼ਨ ਹੁੰਦੇ ਹਨ। ਅੱਜ ਵੀ ਭਾਵੇਂ ਕੁਦਰਤੀ ਆਫਤਾਂ ਵਿਚ ਘਿਰੀ ਹੋਈ ਮਾਨਵਤਾ ਹੋਵੇ,ਉਹ ਚਾਹੇ ਉਤਰਾਖੰਡ ਵਿਚ ਹੜ੍ਹ ਨਾਲ ਮਚੀ ਤਬਾਹੀ ਹੋਵੇ, ਕੇਰਲਾ ਵਿਚ ਹੜ੍ਹ ਦਾ ਸੰਤਾਪ ਹੰਢਾ ਰਹੀ ਜਨਤਾ ਹੋਵੇ, ਕਸ਼ਮੀਰ ਦਾ ਹੜ੍ਹ ਹੋਵੇ ਜਾਂ ਰਾਜਨੀਤਕ ਪਾਰਟੀਆਂ ਦੇ ਪੈਦਾ ਕੀਤੇ ਮਾਹੋਲ ਵਿਚੋਂ, ਮੈਦਾਨੇ ਜੰਗ ਬਣਿਆ ਹੋਇਆ ਸੀਰੀਆ ਦੇਸ਼ ਹੋਵੇ, ਜ਼ੁਲਮ ਦੇ ਸ਼ਿਕਾਰ ਹੋਏ ਰੋਹੰਗੀਆ ਸ਼ਰਨਾਰਤੀ ਹੋਣ,ਜਾਂ ਫਿਰ ਪੁਲਵਾਮਾ ਅਟੈਕ ਤੌਂ ਬਆਦ ਪੂਰੇ ਦੇਸ਼ ਅੰਦਰ ਕਸ਼ਮੀਰੀ ਵਿਦਿਆਰਥੀਆਂ ਜਾਂ ਕਸ਼ਮੀਰੀ ਲੋਕਾਂ ਪ੍ਰਤੀ ਪੈਦਾ ਕੀਤੀ ਨਫਰਤ ਦੀ ਅੱਗ ਵਿਚ, ਝੁਲੱਸ ਰਹੀ ਲੋਕਾਈ ਹੋਵੇ, ਹਰ ਮਹਾਜ਼ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਕਿਰਤੀ ਸਿੱਖ, ਨਿਆਸਰਿਆਂ ਦਾ ਆਸਰਾ ਬਣਦਾ ਹੋਇਆ, ਸੰਸਾਰ ਦੀ ਮਾਨਵਤਾ ਦਾ ਸਹਾਰਾ ਬਣ,ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਅਮਲੀ ਜਾਮਾ ਪਹਿਨਾੳਂੁਦਾ ਨਜ਼ਰੀ ਪੈ ਰਿਹਾ ਹੈ।

ਪਰ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵੀ ਫਿਰਕਾਪ੍ਰਸਤੀ ਦੀ ਮਾਨਸਿਕਤਾ ਵਿਚ ਜੀਅ ਰਹੇ ਲੋਕਾਂ ਨੂੰ, ਬਾਬੇ ਨਾਨਕ ਦਾ ਨਿਆਸਰਿਆਂ ਦਾ ਆਸਰਾ ਬਣਨਾ, ਨਿਮਾਣਿਆ ਨੂੰ ਮਾਣ ਦੇਣਾ, ਚੰਗਾ ਨਹੀਂ ਸੀ ਲਗਾ ਅਤੇ ਕਈਆਂ ਨੇ ਤਾਂ ਭੂਤਨਾ,ਬੇਤਾਲਾ ਕਹਿਕੇ ਬਾਬੇ ਨਾਨਕ ਦੇ ਸੱਚ ਰੂਪੀ ਕਦਮਾ ਨੂੰ ਰੋਕਣਾ ਚਾਹਿਆ, ਇਸੇ ਪ੍ਰਕਾਰ ਅੱਜ ਵੀ ਗੁਰੂ ਨਾਨਕ ਨਾਮ ਲੇਵਾ ਸਿਖਾਂ ਦੇ, ਮਾਨਵਤਾ ਪ੍ਰਤੀ ਕਾਰਜਾਂ ਨੂੰ ਵੇਖ ਕੇ, ਫਿਰਕਾਪ੍ਰਸਤ ਲੋਕਾਂ ਨੇ ਸਿੱਖਾਂ ਪ੍ਰਤੀ ਜ਼ਹਿਰ ਉਲਗਣਾਂ ਸ਼ੁਰੂ ਕਰ ਦਿਤਾ ਹੈ।ਪਰ ਗੁਰੂ ਨਾਨਕ ਨਾਮ ਲੇਵਾ ਸਿੱਖ ਇਨ੍ਹਾਂ ਗਲਾਂ ਤੌ ਵੇ ਪਰਵਾਹ ਹੋਕੇ ਗੁਰੂ ਨਾਨਕ ਸਾਹਿਬ ਜੀ ਦੇ ਪਾਏ ਹੋਏ ਪੂਰਨਿਆਂ ਤੇ ਚਲਦੇ ਹੋਏ, ਹਰ ਸਮੇਂ ਸਰਬਤ ਦੇ ਭਲੇ ਦੀ ਅਰਦਾਸ ਨੂੰ ਆਪਣੇ ਕਰਮਾ ਵਿਚ ਕਮਾਉਣ ਲਈ ਤਤਪਰ ਰਹਿੰਦੇ ਹਨ ਅਤੇ ਮਨ ਵਿਚ ਇਹੋ ਹੀ ਗੁਣ ਗੁਣਾਉਂਦੇ ਹਨ ਕਿ:

ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top