Share on Facebook

Main News Page

ਗੁਰਮਤਿ ਅਤੇ ਸਿੱਖ ਇਤਿਹਾਸ ਦੇ ਝਰੋਖੇ ਵਿੱਚੋਂ NetFlix 'ਉੱਤੇ ਸਾਰਾਗੜੀ 'ਤੇ ਬਣੇ ਸੀਰੀਅਲ "21 ਸਰਫਰੋਸ਼" ਉੱਤੇ ਇੱਕ ਝਾਤ
-: ਸਿਰਦਾਰ ਪ੍ਰਭਦੀਪ ਸਿੰਘ
060119

ਇਹ ਸੀਰੀਅਲ ਜਿਸ ਦਿਨ NetFlix 'ਤੇ ਆਇਆ ਸੀ ਉਸ ਦਿਨ ਸ਼ੁਰੂ ਕਰਕੇ 65 ਐਪੀਸੋਡ ਤਿੰਨ ਦਿਨਾਂ ਵਿੱਚ ਵੇਖ ਲਏ ਸਨ। ਉਤਸੁਕਤਾ ਸੀ ਕਿ ਰਾਜਪੂਤ ਡਾਇਰੈਕਟਰਾਂ ਵੱਲੋਂ ਇਸ ਸਾਰਾਗੜੀ ਦੀ ਵਾਰਤਾ ਨੂੰ ਕਿਸ ਨਜ਼ਰੀਏ ਨਾਲ ਪੇਸ਼ ਕੀਤਾ ਗਿਆ ਹੋਵੇਗਾ! ਵੇਖਣ ਤੋਂ ਬਾਅਦ ਸੋਚਿਆ ਕਿ ਕੁਝ ਟਿੱਪਣੀ ਇਸਦੀ ਮੈਕਿੰਗ ਤੇ ਕੀਤੀ ਜਾਵੇ ਪਰ ਮਸ਼ਰੂਫਤਾ ਕਾਰਣ ਕੁਝ ਨਾ ਲਿਖ ਪਾਇਆ ਪਰ ਅੱਜ ਜਦੋਂ ਬਲਰਾਜ ਸਿੰਘ ਵੱਲੋਂ ਇਸ ਸੀਰੀਅਲ ਤੇ ਟਿਪਣੀ ਕੀਤੀ ਗਈ ਤਾਂ ਫਿਰ ਹੁਲਾਰਾ ਮਿਲਿਆ ਕਿ ਕੁਝ ਲਿਖਿਆ ਜਾਵੇ।ਬਲਰਾਜ ਸਿੰਘ ਵਲੋਂ ਸਿੱਖੀ ਸਪਿਰਟ ਦੇ ਪੱਖ ਤੋਂ ਸਾਰਾਗੜੀ ਦਾ ਬਿਰਤਾਂਤ ਸ਼ਰਧਾਜਲੀ ਦੇ ਭਾਵ ਵਿੱਚ ਭਿੱਜ ਕੇ ਖੂਬ ਸੋਹਣੇ ਤਰੀਕੇ ਨਾਲ ਆਪਣੀ ਲੇਖਣੀ ਰਾਹੀਂ ਬਿਆਨਿਆ ਗਿਆ ਜੋ ਕਿ ਹਰ ਜਿਊਂਦੀ ਜ਼ਮੀਰ ਵਾਲੇ ਸਿੱਖ ਤੋਂ ਇਹੀ ਆਸ ਕੀਤੀ ਜਾ ਸਕਦੀ ਸੀ।

ਹੁਣ ਮੈਂ ਵਾਪਿਸ NetFlix ਦੇ ਇਸ Serial ਦੀ ਗੱਲ ਕਰਦਾ ਹਾਂ। ਇਹ ਸੀਰੀਅਲ ਜਰੂਰ ਵੇਖੋ ਪਰ ਗੁਰਮਤਿ ਬਿਬੇਕ ਦੇ ਚਸ਼ਮੇ ਨਾਲ ਤਾਂ ਕਿ ਸੰਤੋਖ ਸਿੰਘ ਦੇ ਕਥਨ ਮੁਤਾਬਿਕ ਦੁੱਧ ਵਿੱਚ ਡਿੱਗੀਆਂ ਮੱਖੀਆਂ ਦੀ ਪਹਿਚਾਣ ਕੀਤੀ ਜਾ ਸਕੇ। ਵੈਸੇ ਤਾਂ ਇਤਿਹਾਸਿਕ ਪੱਖ ਤੋਂ ਮੈਂ ਕਾਫੀ ਕੁਤਾਹੀਆਂ ਨੋਟਿਸ ਕੀਤੀਆਂ ਹਨ ਪਰ ਮੋਟੇ ਰੂਪ ਵਿੱਚ ਕੁਝ ਕੁ ਗੱਲਾਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਜੋ ਹੇਠ ਲਿਖੀਆਂ ਹਨ।

1) ਰਣਜੀਤ ਸਿੰਘ ਦੀ ਖਾਲਸਾ ਫੌਜ ਦੇ ਆਮੋ ਸਾਹਮਣੇ ਹੋਣ ਤੋਂ ਬਾਅਦ ਅੰਗਰੇਜ਼ ਜਾਣਦੇ ਸਨ ਕਿ ਇਹਨਾਂ ਜੱਦੀ ਪੁਸ਼ਤੀ ਮਾਰਸ਼ਲ ਲੋਕਾਂ ਨਾਲ ਵਿਗਾੜ ਕੇ ਅਸੀਂ ਆਪਣੀ ਬਸਤੀਵਾਦੀ ਨੀਤੀ ਵਿੱਚ ਕਾਮਯਾਬ ਨਹੀਂ ਹੋ ਸਕਦੇ ਇਸ ਲਈ 1849 ਕੁ ਦੇ ਪੰਜਾਬ ਤੇ ਕਬਜੇ ਤੋਂ ਬਾਅਦ ਇਹਨਾਂ ਛੇਤੀ ਹੀ ਸਿੱਖਾਂ ਨਾਲ ਹਮਦਰਦੀ ਦਿਖਾਉਣੀ ਸ਼ੁਰੂ ਕਰ ਦਿੱਤੀ। ਪੰਜਾਬ ਦੀ ਕਿਰਸਾਨੀ, ਡਾਕ ਵਿਵਸਥਾ, ਰੇਲ ਅਤੇ ਵੱਡੇ ਵੱਡੇ ਪੁੱਲ ਜੋ ਮਾਝਾ ਮਾਲਵਾ ਤੇ ਦੁਆਬਾ ਨੂੰ ਆਪਸ ਵਿਚ ਜੋੜਨ ਅਤੇ ਵਪਾਰ ਦੀ ਸੰਭਾਵਨਾ ਹੋਰ ਵਧ ਸਕੇ ਅਤਿਆਦੀ। ਇਹਨਾਂ ਅਨੇਕਾਂ ਕਾਰਜਾਂ ਵਿੱਚ ਇੱਕ ਕਾਰਜ ਸੀ ਸਿੱਖਾਂ ਦੀ ਬ੍ਰਿਟਿਸ਼ ਆਰਮੀ ਦੀ ਭਰਤੀ ਦੀ ਦਰ ਤਕਰੀਬਨ 30% ਤੱਕ ਕਰ ਦੇਣੀ ਜੋ ਅੱਜ ਅਖੌਤੀ ਆਜ਼ਾਦੀ ਦੇ ਦੌਰਾਨ ਭੀ ਭਾਰਤੀ ਫੌਜ ਵਿੱਚ ਭਰਤੀ ਦੀ ਦਰ ਕੇਵਲ 1.9% ਦੇ ਕਰੀਬ ਹੈਲ ਜਿਥੇ ਸਿੱਖਾਂ ਦੀ ਇਸ ਫੌਜੀ ਭਰਤੀ ਨਾਲ ਆਰਥਿਕ ਖੁਸ਼ਹਾਲੀ ਹੋਈ ਉੱਥੇ ਇਹਨਾਂ ਨੂੰ ਆਪਣੀ ਕੰਡਮ ਹੋ ਰਹੀ ਮਾਰਸ਼ਿਲ ਸਪਿਰਟ ਨੂੰ ਭੀ ਮੁੜ ਸੁਰਜੀਤੀ ਮਿਲੀ। ਇਥੇ ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਕਿ ਬ੍ਰਿਟਿਸ਼ ਆਰਮੀ ਦੌਰਾਨ ਸਿੱਖਾਂ ਦਾ ਪੰਜ ਕਕਾਰੀ ਹੋਣਾ ਲਾਜ਼ਮੀ ਸੀ। ਇਹੀ ਉਹ ਦੌਰ ਸੀ ਜਦੋਂ ਕੁਝ ਅੰਗਰੇਜ਼ ਇਤਿਹਾਸਕਾਰਾਂ ਨੇ ਭੀ ਸਿੱਖਾਂ ਨੂੰ ਹਿੰਦੂ ਗਲਬੇ ਵਿੱਚ ਰਲਗੱਡ ਹੋਣ ਤੋਂ ਬਚਾਉਣ ਲਈ ਸਿੱਖ ਨੂੰ ਇੱਕ ਵੱਖਰੀ ਕੌਮ ਹੋਣ ਦਾ ਲਿਟਰੇਰੀ ਕਾਰਜ ਅਰੰਭਿਆ ਸੀ। ਅੰਗਰੇਜ਼ ਨੂੰ ਸਪਸ਼ੱਟ ਸੀ ਕਿ ਜੇ ਸਿੱਖ ਆਪਣੇ ਸਿੱਖੀ ਸਿਧਾਂਤਾਂ ਨਾਲ ਜੁੜਿਆ ਹੈ ਤਾਂ ਹੀ ਸਾਡੇ ਕੰਮ ਦਾ ਹੈ ਨਹੀਂ ਤਾਂ ਇਸ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ। ਹੁਣ ਸਪਸ਼ੱਟ ਹੈ ਕਿ ਸਿੱਖਾਂ ਦੀ ਦਿਲ ਖੋਲ ਕੇ ਭਰਤੀ ਕਰਨ ਪਿੱਛੇ ਕੇਵਲ ਇਹਨਾਂ ਦੀ ਲੜਾਕੂ ਸਪਿਰਟ ਸੀ, ਗੁਰ ਇਤਿਹਾਸ ਸੀ, ਗੁਰੂਬਾਣੀ ਸੀ ਨਾ ਕਿ ਜਿਵੇਂ NetFlix ਦੇ ਇਸ ਐਪੀਸੋਡ ਵਿੱਚ ਭਾਰਤੀ ਰਾਸ਼ਟਰਵਾਦ ਦੇ ਨਜ਼ਰੀਏ ਤੋਂ ਪੇਸ਼ ਕੀਤਾ ਗਿਆ ਕਿ ਇਹ ਕੇਵਲ ਹਿੰਦੁਸਤਾਨੀ ਸਿਪਾਹੀ ਸਨ ਜੋ ਆਪਣੇ ਦੇਸ਼ੀ ਹੱਦਾਂ ਦੀ ਰਾਖੀ ਕਰ ਰਹੇ ਸਨ। ਪਹਿਲੀ ਗੱਲ ਤਾਂ ਇਹ ਹੈ ਕਿ ਜਿਥੇ ਗੁਲਿਸਤਾਂਨ, ਲੋਖ਼ਾਟ ਅਤੇ ਸਾਰਾਗੜੀ ਦੀ ਚੌਂਕੀ ਸੀ, ਕੀ ਇਹ ਭਾਰਤੀ ਸਰਹੱਦ ਸੀ? ਇਹ ਤਾਂ ਅੰਗਰੇਜ਼ ਸਰਕਾਰ ਨੇ ਆਪਣੀ ਬਸਤੀਵਾਦੀ ਨੀਤੀ ਤਹਿਤ ਇਹਨਾਂ ਇਲਾਕਿਆਂ ਤੇ ਕਬਜ਼ਾ ਕਰਕੇ ਇੱਥੇ ਆਪਣੀਆਂ ਪੋਸਟਾਂ ਸਥਾਪਿਤ ਕੀਤੀਆਂ ਸਨ। ਬਾਰ-ਬਾਰ ਇਸ ਨਾਟਕ ਵਿੱਚ ਇਸਨੂੰ ਹਿੰਦੁਸਤਾਨੀ ਸਰਹੱਦਾਂ ਦੀ ਰਾਖੀ ਦੱਸ ਕੇ ਸਿੱਖਾਂ ਨੂੰ ਹਿੰਦੂ ਰਾਸ਼ਟਰਵਾਦੀ ਹੋਣ ਦਾ ਖੂਬ ਰਾਗ ਅਲਾਪਿਆ ਗਿਆ ਹੈ। ਹੋਰ ਹਾਸੋਹੀਣੀ ਗੱਲ ਤਾਂ ਇਹ ਭੀ ਹੈ ਕਿ ਸਿੱਖ ਰਾਜ ਦੀਆਂ ਬਰਤਾਨੀਆਂ ਦੇ ਪੰਜਾਬ ਰਾਜ ਦੇ ਕਬਜੇ ਤੋਂ ਪਹਿਲਾਂ ਇਸ ਦੀਆਂ ਹੱਦਾਂ ਬੰਨੇ ਅਗਾਂਹ ਕਾਬੁਲ ਕੰਧਾਰ ਤੱਕ ਲੱਗਦੇ ਸਨ ਨਾ ਕਿ ਹਿੰਦੁਸਤਾਨੀ ਰਾਜ ਦੀਆਂ ਜਿਸ ਨੇ ਮੁਹੰਮਦ ਬਿਨ ਕਾਸਿਮ 712ਈ ਤੋਂ ਲੈ ਕੇ 1947ਈ ਤੱਕ ਗੁਲਾਮੀ ਭੋਗੀ। ਜੇ ਨਾਟਕਕਾਰ ਇਹ ਕਹਿੰਦਾ ਕਿ ਖ਼ਾਲਸਾ ਫ਼ੌਜ ਦੇ ਸਿਪਾਹੀ ਸਿੱਖ ਰਾਜ ਦੀਆਂ ਸਰਹੱਦਾਂ ਲਈ ਪ੍ਰਭਾਵੀ ਖਤਰੇ ਨੂੰ ਮੁੱਖ ਰੱਖ ਕੇ ਲੜ ਰਹੇ ਸਨ ਤਾਂ ਗੱਲ ਇਤਿਹਾਸਿਕ ਤੌਰ ਤੇ ਭੀ ਸਾਬਿਤ ਕੀਤੀ ਜਾ ਸਕਦੀ ਸੀ ਨਾਟਕਕਾਰ ਦੇ ਤਾਂ ਦਿਲ ਵਿੱਚ ਹੀ ਬੇਈਮਾਨੀ ਸੀ ਜਿਸਦਾ ਮਿਸ਼ਨ ਕੇਵਲ ਸਿੱਖਾਂ ਨੂੰ ਰਾਸ਼ਟਰਵਾਦੀ ਮੋਹਰੇ ਬਣਾ ਕੇ ਪੇਸ਼ ਕਰਨ ਸੀ।

2) ਇਸ ਨਾਟਕ ਵਿੱਚ ਬਾਰ ਬਾਰ ਸਿੱਖ ਕਿਰਦਾਰਾਂ ਦੇ ਮੂੰਹੋ ਸ਼ਿਵਾ ਜੀ ਮਰਹੱਟਾ ਅਤੇ ਮਹਾਰਾਣਾ ਪ੍ਰਤਾਪ ਅਤਿਆਦਿਕ ਹਿੰਦੂ ਨਾਇਕਾਂ ਦਾ ਜ਼ਿਕਰ ਪ੍ਰੇਰਣਾ ਸਰੋਤ ਦੇ ਰੂਪ ਵਿੱਚ ਕੀਤਾ ਗਿਆ ਹੈ। ਕੀ ਸਿੱਖਾਂ ਦੇ ਇਤਿਹਾਸ ਵਿੱਚ ਵਚਨ ਦੇ ਬਲੀਆਂ ਅਤੇ ਹਠੀਆਂ ਦੀ ਕੋਈ ਕਮੀ ਸੀ? ਪੁਰਾਤਨ ਇੱਕ ਖਿਆਲ ਮੁਤਾਬਿਕ ਅਗਰ ਕਿਸੇ ਮਾਂ ਕੋਲੋ ਇਹ ਪੁੱਛ ਲਿਆ ਜਾਂਦਾ ਕਿ ਤੁਹਾਡੇ ਕਿੰਨੇ ਪੁੱਤਰ ਹਨ ਤਾਂ ਜੁਆਬ ਮਿਲਦਾ ਕਿ ਚਾਰ ਸਨ ਪਰ ਤਿੰਨ ਰਹਿ ਗਏ ਕਿਉ ਕਿ ਇੱਕ ਸਿੱਖ ਬਣ ਗਿਆ ਹੈ। ਸਿੱਖ ਤਾਂ ਬਣਿਆ ਹੀ ਕੌਲ ਪੁਗਾਉਣ ਲਈ ਸੀ। ਸਿੱਖ ਇੱਕ ਜਿੰਦਾ ਸ਼ਹੀਦ ਦੀ ਜਿੰਦਗੀ ਜਿਊਂਦਾ ਸੀ ਪਰ ਕੀ ਗੱਲ ਆਪਣੀਆਂ ਨਿੱਜੀ ਹੱਦਾਂ ਦੀ ਰਾਖੀ ਲਈ ਲੜਣ ਵਾਲੇ, ਜਾਤੀ ਪ੍ਰਬੰਧ ਦੀ ਪ੍ਰੋੜਤਾ ਕਰਨ ਵਾਲੇ ਸ਼ਿਵਾ ਜੀ ਅਤੇ ਹੋਰ ਰਾਜਪੂਤ ਅਤੇ ਮਰਹੱਟੇ ਜਿਹਨਾਂ ਨੇ ਆਪਣੀਆਂ ਧੀਆਂ ਦੇ ਡੋਲੇ ਦੇ ਮੁਸਲਿਮ ਹਾਕਮਾ ਨੂੰ ਦੇ ਕੇ ਉਹਨਾਂ ਨਾਲ ਸੰਧੀਆਂ ਕੀਤੀਆਂ ਅਤੇ ਮੀਆਂ ਜੀ ਮੀਆਂ ਜੀ ਅਖਵਾਏ ਉਹਨਾਂ ਨੂੰ ਇਸ ਨਾਟਕ ਵਿੱਚ ਸਾਰਾਗੜੀ ਦੇ ਸਿੱਖ ਕਿਰਦਾਰਾਂ ਦੇ ਪ੍ਰੇਰਨਾ ਸਰੋਤ ਬਣਾ ਕੇ ਪੇਸ਼ ਕਰ ਦਿੱਤਾ ਜੋ ਕਿ ਬੇਈਮਾਨੀ ਦੀ ਇੰਤਹਾ ਹੈ।

3) ਸਭ ਤੋਂ ਅਹਿਮ ਇਤਿਹਾਸਿਕ ਨੁਕਤਾ ਜੋ ਕਿ ਕਰਨਲ ਹਾਉਟਨ ਦੇ ਵਾਪਿਸ ਬੁਲਾਉਣ ਤੇ ਭੀ ਸਿੱਖਾਂ ਵੱਲੋਂ ਸਾਰਾਗੜੀ ਚੌਂਕੀ ਨਾ ਛੱਡਣ ਦਾ ਕਾਰਣ ਸੀ ਉਹ ਸੀ ਸਿੱਖਾਂ ਵੱਲੋਂ ਅਰਦਾਸ ਦੇ ਰੂਪ ਵਿੱਚ ਲਿਆ ਗਿਆ ਪ੍ਰਣ ਜੋ ਕਿ ਇੱਕ ਵੱਡਾ ਕਾਰਨ ਸੀ ਸਿੱਖਾਂ ਦਾ ਉਸ ਚੌਂਕੀ ਤੇ ਟਿਕੇ ਰਹਿਣਾ। ਇਸ ਨੁਕਤੇ ਨੂੰ ਭੀ ਨਜ਼ਰ ਅੰਦਾਜ਼ ਕੀਤਾ ਗਿਆ।

4) ਨੁਕਤੇ ਤਾਂ ਛੋਟੇ ਛੋਟੇ ਹੋਰ ਭੀ ਬਹੁਤ ਹਨ ਪਰ ਇੰਨਾ ਕੁ ਇਸ ਲਈ ਲਿਖ ਰਿਹਾ ਹਾਂ ਤਾਂ ਕਿ ਜੋ ਭੀ ਇਸ ਸੀਰੀਅਲ ਨੂੰ ਵੇਖੇ ਉਹ ਸਿੱਖਾਂ ਨੂੰ ਹਿੰਦੁਸਤਾਨੀ ਰਾਸ਼ਟਰਵਾਦ ਦੀਆਂ ਕੜੀਆਂ ਦਾ ਹਿੱਸਾ ਬਣਾ ਕੇ ਨਾ ਵੇਖੇ। ਸਿੱਖ ਇੱਕ ਕਮਾਲ ਦੀ ਹਸਤੀ ਹੈ ਇਹ ਤਿਲਕ ਅਤੇ ਜਨੇਊ ਵਰਗੀਆਂ ਫੋਕਟ ਵਿਚਾਰਾਂ ਨੂੰ ਭਾਵੇਂ ਨਾ ਮੰਨਦਾ ਹੋਵੇ ਪਰ ਫਿਰ ਵੀ ਉਹਨਾਂ ਦੀ ਵਿਚਾਰਿਕ ਆਜ਼ਾਦੀ ਲਈ ਆਪਾ ਕੁਰਬਾਨ ਕਰ ਜਾਂਦਾ ਹੈ। ਸਾਰਾਗੜੀ ਦੇ ਕਿੱਸੇ ਨੂੰ ਭੀ ਇਸੇ ਨਜ਼ਰੀਏ ਨਾਲ ਦੇਖਣ ਦੀ ਲੋੜ ਹੈ ਅਸੀਂ ਭਾਵੇ ਬਸਤੀਵਾਦੀ ਵਿਚਾਰ ਨਾਲ ਸਹਿਮਤ ਨਹੀਂ ਅਤੇ ਨਾ ਹੀ ਗੁਰੂ ਦਾ ਮਿਸ਼ਨ ਕਿਸੇ ਹੋਰ ਦੇ ਇਲਾਕੇ ਤੇ ਕਬਜ਼ੇ ਦਾ ਸੀ ਪਰ ਫਿਰ ਭੀ ਅਸੀਂ ਕੀਤੇ ਕੌਲ ਨਿਭਾਅ ਗਏ। ਜਿਸਦਾ ਦਾ ਅੰਗਰੇਜ਼ੀ ਮਾਨਸਿਕਤਾ ਤੇ ਡੂੰਗਾ ਅਸਰ ਪਿਆ ਅਤੇ ਬ੍ਰਿਟਿਸ਼ ਪਰਲੀਮੈਂਟ ਵਿੱਚ ਇਸ ਵਾਰਤਾ ਤੇ ਵਿਚਾਰ ਹੋਈ ਅਤੇ ਕਵੀਨ ਵਿਕਟੋਰੀਆ ਵੱਲੋਂ ਵਿਕਟੋਰੀਆ ਕਰਾਸ ਨਾਲ ਇਹਨਾਂ ਇੱਕੀ ਜੋਧਿਆ ਦੇ ਘਰ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।

ਅਖੀਰ 'ਤੇ ਇੱਕ ਹੌਕਾ ਹੋਰ ਭਰਨਾ ਚਾਹਾਂਗਾ ਕਿ ਜਿੰਨਾ ਸਿੱਖ ਕੌਮ ਦੇ ਬਾਸ਼ਿੰਦੇ ਜੋ ਤਕਰੀਬਨ ਚੌਰਾਸੀ ਹਜ਼ਾਰ ਦੇ ਕਰੀਬ ਹਨ ਜਿੰਨਾ ਨੇ World War - I & World War - II ਦੇ ਦੌਰਾਨ ਅੰਗਰੇਜ਼ਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਾ ਨਿਸ਼ਾਵਰ ਕਰ ਦਿੱਤਾ। ਕਾਸ਼ ਇਸਦਾ ਇੱਕ ਤਿਹਾਈ ਹਿੱਸਾ ਭੀ ਕਿਤੇ ਪੰਜਾਬ ਤੇ ਅੰਗਰੇਜ਼ੀ ਦੇ ਹੱਲੇ ਦੌਰਾਨ ਜੰਗ ਦੇ ਮੈਦਾਨ ਵਿੱਚ ਜੂਝ ਜਾਂਦਾ ਤਾਂ ਪੰਜਾਬ ਕਦੇ ਅੰਗਰੇਜ ਰਾਜ ਦੇ ਅਧੀਨ ਨਾ ਜਾਂਦਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top