Share on Facebook

Main News Page

2018 ਵਿੱਚ ਪੰਜਾਬ ਨੇ ਕੀ ਖੱਟਿਆ ਕੀ ਗੁਆਇਆ
-: ਗੁਰਚਰਨ ਪੱਖੋਕਲਾਂ
ਫੋਨ 94177 27245

ਤੇਜੀ ਨਾਲ ਬਦਲ ਰਹੇ ਸੰਸਾਰ ਵਿੱਚ ਸਾਇੰਸ, ਸੋਚ ਅਤੇ ਸਮਾਜ ਵਿੱਚ ਵੀ ਬਹੁਤ ਹੀ ਤੇਜ ਬਦਲਾ ਦੇਖਣ ਨੂੰ ਮਿਲ ਰਹੇ ਹਨ। ਦੁਨੀਆਂ ਦੇ ਜਿਹੜੇ ਇਲਾਕੇ , ਸੂਬੇ ਜਾਂ ਦੇਸ਼ ਇਸ ਬਦਲਾ ਨਾਲ ਪੈਰ ਮੇਲ ਕੇ ਤੁਰ ਰਹੇ ਹਨ ਉਹ ਸੰਸਾਰ ਦੇ ਮਾਲਕ ਬਣਨ ਜਾ ਰਹੇ ਹਨ ਪਰ ਜਿਹੜੇ ਇਲਾਕੇ ਦੇ ਆਗੂ ਜਾਂ ਸਰਕਾਰਾਂ ਜਾਂ ਕੌਮਾਂ ਸਮੇਂ ਦੇ ਵੇਗ ਨਾਲੋਂ ਟੁੱਟਕੇ ਆਪਣੇ ਸਵਾਰਥਾਂ ਲਈ ਰੁਕ ਰਹੇ ਹਨ ਉਹਨਾਂ ਦਾ ਭਵਿੱਖ ਗਦਾਰਾਂ ਹੰਕਾਰੀਆਂ ਨੀਰੋਆਂ ਵਰਗੇ ਖਿਤਾਬਾਂ ਦਾ ਦਾਅਵੇਦਾਰ ਜਰੂਰ ਹੀ ਬਣਨਗੇ। ਆਉ ਪੰਜਾਬ ਦੇ ਸਮਾਜਿਕ ਰਾਜਨੀਤਕ ਅਤੇ ਧਾਰਮਿਕ ਖੇਤਰ ਦੀ 2018 ਵਿੱਚ ਕੀਤੀਆਂ ਕਾਰਵਾਈਆਂ ਦੀ ਪੜਚੋਲ ਕਰੀਏ।

ਕਾਂਗਰਸੀ ਅਤੇ ਕੈਪਟਨ ਸਰਕਾਰ ਦੇ 2017 ਦੇ ਸਗਨਾਂ ਵਾਲੇ ਖੁਸੀ ਦੇ ਸਾਲ ਬੀਤ ਜਾਣਤੇ 2018 ਵਿੱਚ ਕੁੱਝ ਕਰਕੇ ਦਿਖਾਉਣ ਦਾ ਸਮਾਂ ਆਇਆ ਸੀ ਪਰ ਇਸ ਸਾਲ ਵਿੱਚ ਸਰਕਾਰ ਦੇ ਚੰਗੇ ਕੰਮ ਨਜਰ ਆਉਣ ਦੀ ਥਾਂ ਤੇ ਬਰਗਾੜੀ ਮੋਰਚੇ ਨੂੰ ਲੁਕਵੀਂ ਸਹਿ ਦੇਕੇ ਪੰਜਾਬੀਆਂ ਦੀਆਂ ਭਾਵਨਾਵਾਂ ਭੜਕਾਈਆਂ ਗਈਆਂ। ਇਸ ਮੋਰਚੇ ਦੇ ਵਿੱਚ ਇਸ ਦੇ ਆਗੂਆਂ ਵੱਲੋਂ ਕੀਤੀਆਂ ਨਿੱਜੀ ਕਮਾਈਆਂ ਤੋਂ ਇਲਾਵਾ ਕੋਈ ਪਰਾਪਤੀ ਨਹੀਂ ਦਿੱਸੀ। ਇਸ ਮੋਰਚੇ ਦੇ ਅੰਤ ਵਿੱਚ ਪੰਜਾਬ ਦੀ ਵੱਡੀ ਸਿੱਖ ਵਸੋਂ ਤੇ ਕੀਤਾ ਪਰਯੋਗ ਜਰੂਰ ਸਫਲ ਰਿਹਾ ਕਿ ਹਾਲੇ ਵੀ ਚੱਲੇ ਹੋਏ ਕਾਰਤੂਸ ਵਰਗੇ ਆਗੂਆਂ ਰਾਂਹੀ ਇੰਹਨਾਂ ਨੂੰ ਹਾਲੇ ਵੀ ਗੁੰਮਰਾਹ ਕਰਕੇ ਲੋੜੀਂਦੇ ਸਵਾਰਥ ਹਾਸਲ ਕੀਤੇ ਜਾ ਸਕਦੇ ਹਨ। ਧਾਰਮਿਕ ਅਖਵਾਉਂਦੇ ਆਗੂਆਂ ਦੀ ਅੰਨੇ ਆਂਗੂਆਂ ਵਰਗਾ ਕਿਰਦਾਰ ਜੋ ਪੱਧਰ ਰਸਤਿਆਂ ਦੀ ਸਾਰ ਨਹੀਂ ਜਾਣ ਸਕਦਾ ਸਰਕਾਰਾਂ ਦਾ ਦਲਾਲ ਬਣਕੇ ਸਿੱਖਾਂ ਦਾ ਬੇੜਾ ਹਾਲੇ ਵੀ ਡੋਬਣ ਦੇ ਸਮੱਰਥ ਹੈ ਦਾ ਵਿਖਾਵਾ ਨੰਗੇ ਚਿੱਟੇ ਰੂਪ ਵਿੱਚ ਹੋਇਆ ਹੈ।

ਕੈਪਟਨ ਦਾ ਭਰਿਸਟਾਚਾਰ ਰੋਕੂ ਨਿੱਜੀ ਅਕਸ ਵੀ 2018 ਵਿੱਚ ਤਾਰ ਤਾਰ ਹੋ ਗਿਆ ਹੈ ਕਿਉਂਕਿ ਬਲਾਕ ਸੰਮਤੀ ਜਿਲਾ ਪਰੀਸਦ ਚੋਣਾਂ ਅਤੇ ਪੰਚਾਇਤੀ ਚੋਣਾਂ ਵਿੱਚ ਲੱਖਾ ਕਰੋੜਾਂ ਦੀਆਂ ਕਮਾਈਆਂ ਕੀਤੀਆਂ ਗਈਆਂ ਹਨ ਅਤੇ ਦੂਸਰਾ ਪਾਸਾ ਸਰਕਾਰੀ ਜਬਰ ਨਾਲ ਅਫਸਰ ਸਾਹੀ ਦਾ ਪਰਬੰਧਕੀ ਢਾਂਚਾ ਤਬਾਹ ਕਰ ਦਿੱਤਾ ਗਿਆ ਅਤੇ ਇਸਨੂੰ ਗੁਲਾਮ ਬਣਾਕਿ ਅਣਗਿਣਤ ਹਾਰੇ ਹੋਏ ਲੋਕਾਂ ਨੂੰ ਲੋਕਾਂ ਉੱਪਰ ਥੋਪਿਆ ਗਿਆ ਹੈ। ਲੋਕਤੰਤਰ ਨੂੰ ਗੁੰਡਾ ਤੰਤਰ ਬਨਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਉਪਰੋਕਤ ਸੀਮਤ ਵਰਤਾਰਿਆਂ ਦੇ ਵਿੱਚੋਂ ਕੈਪਟਨ ਸਰਕਾਰ ਦੀ ਇੱਕੋ ਇੱਕ ਸਫਲਤਾ ਵਿਰੋਧੀ ਪਾਰਟੀਆਂ ਨੂੰ ਧੱਕ ਕੇ ਖੂੰਜੇ ਲਾ ਦਿੱਤਾ ਗਿਆ ਹੈ ਜਿਸ ਦਾ ਪਹਿਲਾ ਸਿਕਾਰ ਝਾੜੂ ਪਾਰਟੀ ਹੀ ਹੋਈ ਹੈ ਜਿਸਨੂੰ ਤਬਾਹ ਬਰਬਾਦ ਕਰਨ ਵਿੱਚ ਅਹਿਮ ਰੋਲ ਵੀ ਪੁਰਾਣੇ ਕਾਂਗਰਸੀਆਂ ਦਾ ਹੀ ਰਿਹਾ ਹੈ। ਦੂਜੀ ਮੁੱਖ ਵਿਰੋਧੀ ਧਿਰ ਅਕਾਲੀਆਂ ਦੀ ਹਾਲਤ ਤਾਂ ਇਹ ਕਰ ਦਿੱਤੀ ਗਈ ਕਿ ਉਹਨਾਂ ਵਿੱਚ ਲੋਕਾਂ ਵਿੱਚ ਜਾਣਾਂ ਵੀ ਮੁਸਕਲ ਕਰ ਦਿੱਤਾ ਗਿਆ ਹੈ। ਆਮ ਲੋਕਾਂ ਨੂੰ ਵਿਰੋਧ ਸਰਕਾਰਾਂ ਦੀ ਅਸਫਲਤਾ ਦਾ ਕਰਨ ਦੇ ਹਾਲਾਤ ਬਣਨੇਂ ਸਨ ਪਰ ਉਲਟਾ ਲੋਕ ਵਿਰੋਧੀ ਧਿਰ ਨੂੰ ਹੀ ਖੂੰਜੇ ਲਾਉਣ ਤੁਰ ਪਏ ਸਨ ਇਹ ਕੈਪਟਨ ਦੀ ਸਭ ਤੋਂ ਵੱਡੀ ਸਫਲਤਾ ਹੈ।

ਪੰਜਾਬ ਦੀ ਵਿਰੋਧੀ ਧਿਰ ਆਂਮ ਆਦਮੀ ਪਾਰਟੀ ਤਾਂ ਚਲੋ ਨੌਸਿੱਖੀਆਂ ਦੀ ਹੈ ਪਰ ਅਕਾਲੀ ਦਲ ਤਾਂ ਪੁਰਾਣੀ ਹੰਢੇ ਵਰਤੇ ਆਗੂਆਂ ਵਾਲੀ ਹੈ ਦੀ ਦੁਰਦਸ਼ਾ ਹੋਣਾਂ ਸੁਖਬੀਰ ਬਾਦਲ ਦੀ ਵੱਡੇ ਬਾਦਲ ਦੇ ਹੁੰਦਿਆਂ ਹੋਣੀ ਇੱਕ ਅਣਹੋਣੀ ਹੀ ਹੈ । ਅਸਲ ਵਿੱਚ ਸੁਖਬੀਰ ਆਗੂ ਘੱਟ ਬਾਪ ਦਾ ਲਾਡਲਾ ਹੀ ਜਿਆਦਾ ਸਿੱਧ ਹੋਇਆ ਕੱਚ ਘਰੜ ਆਗੂ ਹੈ ਜਿਸਨੇ ਸਿਆਣੇ ਸਲਾਹਕਾਰਾਂ ਦੀ ਥਾਂ ਚਮਚਿਆਂ ਫੂਕ ਛਕਾਊ ਲੋਕਾਂ ਨੂੰ ਹੀ ਕੋਲ ਰੱਖ ਛੱਡਿਆ ਦਿਖਾਈ ਦਿੰਦਾਂ ਹੈ। ਅਕਾਲੀ ਦਲ ਦੇ ਪੁਰਾਣੇ ਆਗੂਆਂ ਜਿਸ ਤਰਾਂ ਬਾਦਲਾਂ ਦੁਆਰਾ ਮਲਾਈਆਂ ਖਾਣ ਤੋਂ ਬਾਅਦ ਔਖੇ ਸਮੇਂ ਪਾਰਟੀ ਤੋਂ ਫਰਾਰ ਹੋਏ ਹਨ ਦਾ ਅਰਥ ਹੈ ਕਿ ਇਹ ਲੋਕ ਪਾਰਟੀ ਜਾਂ ਅਕਾਲੀ ਦਲ ਦੇ ਜੁਝਾਰੂ ਨਹੀਂ ਸਨ ਅਸਲ ਵਿੱਚ ਲੁਟੇਰੇ ਅਤੇ ਕਾਰੋਬਾਰੀ ਸਨ । ਜੇ ਇੰਹਨਾਂ ਅਖੌਤੀ ਟਕਸਾਲੀਆਂ ਨੂੰ ਅਕਾਲੀ ਦਲ ਦਾ ਫਿਕਰ ਹੁੰਦਾਂ ਤਾਂ ਇਹ ਉਸ ਸਮੇਂ ਹੀ ਵਿਰੋਧ ਕਰਦੇ ਜਦ ਪਾਰਟੀ ਪਰੀਵਾਰਕ ਬਣ ਰਹੀ ਸੀ ਪਰ ਉਸ ਵਕਤ ਇਹ ਟਕਸਾਲੀ ਦੁੱਧ ਤੋਂ ਮਲਾਈਆਂ ਲਾਹ ਕੇ ਆਪਣੇ ਧੀਆਂ ਪੁੱਤਰਾਂ ਨੂੰ ਛਕਾ ਰਹੇ ਸਨ ਤਾਂ ਕਿ ਤਕੜੇ ਹੋਕੇ ਹੋਕੇ ਹੋਰ ਲੁੱਟ ਮਚਾਕੇ ਕੌਮ ਅਤੇ ਪੰਜਾਬ ਦਾ ਨਾਂ ਉੱਚਾ ਕਰ ਸਕਣ। ਪੰਜਾਬ ਦਾ ਫਿਕਰ ਵਰਤਮਾਨ ਸਮੇਂ ਕਿਸੇ ਵੀ ਆਗੂ ਨੂੰ ਨਹੀਂ ਸਭ ਆਪਣਾਂ ਅਤੇ ਆਪਣੇ ਪਰੀਵਾਰਾਂ ਅਤੇ ਆਪਣੀ ਹਾਉਮੈਂ ਦਾ ਹੀ ਫਿਕਰ ਕਰ ਰਹੇ ਹਨ।

ਨਵੀਆਂ ਦਿਖਾਈ ਦਿੰਦੀਆਂ ਤੀਜੀਆਂ ਚੌਥੀਆਂ ਧਿਰਾਂ ਸਥਾਪਤ ਧਿਰਾਂ ਦਾ ਹੀ ਅੰਗ ਹਨ ਜੋ ਸਿਰਫ ਕਿਸੇ ਵੀ ਨਵੀਂ ਧਿਰ ਦੇ ਜੰਮਣ ਤੋਂ ਪਹਿਲਾਂ ਹੀ ਗਰਭਪਾਤ ਕਰਨ ਦਾ ਠੇਕਾ ਲੈਕੇ ਬੈਠੀਆਂ ਹੋਈਆਂ ਹਨ । ਜਦ ਵੀ ਪੰਜਾਬ ਦੇ ਹਾਲਾਤ ਨਵੀਆਂ ਸੋਚਾਂ ਨਾਲ ਨਵੀਆਂ ੳਮੰਗਾ ਦੀਆਂ ਤਰੰਗਾ ਛੱਡਦੇ ਹਨ ਤਦ ਹੀ ਇਹ ਤੀਜੀ ਚੌਥੀ ਧਿਰ ਦੇ ਮੂਰਖ, ਕੱਚਘਰੜ, ਹੰਕਾਰੀ ਅਤੇ ਗਦਾਰ ਲੋਕ ਆਪਣੀਆਂ ਰਾਜਨੀਤਕ ਜਾਂ ਧਾਰਮਿਕ ਸਰਗਰਮੀਆਂ ਵਿੱਚ ਤੇਜੀ ਲਿਆਕੇ ਲੋਕਾਂ ਦੀ ਸੋਚ ਦਾ ਕਤਲ ਕਰਵਾਉਣ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ। ਇਹੋ ਜਿਹੇ ਸਮੇਂ ਲੋਕ ਆਗੂ ਬਣਨ ਦਾ ਡਰਾਮਾਂ ਕਰਕੇ ਗਦਾਰੀ ਦਾ ਇਹੋ ਜਿਹਾ ਇਤਿਹਾਸ ਦੁਹਰਾਉਂਦੀਆਂ ਹਨ ਕਿ ਆਮ ਲੋਕ ਸੱਪਾਂ ਵਰਗੀਆਂ ਸਥਾਪਤ ਧਿਰਾਂ ਦੀ ਬੁੱਕਲ ਵਿੱਚ ਹੀ ਜਾ ਡਿੱਗਦੇ ਹਨ। ਇਹ ਤੀਜੇ ਚੌਥੇ ਥਾਵਾਂ ਵਾਲੇ ਆਗੂ ਕਦੇ ਵੀ ਜੁੰਮੇਵਾਰੀ ਨਹੀਂ ਲੈਂਦੇ ਅਸਫਲਤਾ ਦੀ ਸਗੋਂ ਆਮ ਲੋਕਾਂ ਨੂੰ ਗਦਾਰ ਦਾ ਫਤਵਾ ਦੇਕੇ ਤੁਰਦੇ ਬਣਦੇ ਹਨ 2018 ਵਿੱਚ ਪੰਜਾਬ ਵਿੱਚ ਇਸ਼ ਵਰਤਾਰੇ ਵਾਲਿਆਂ ਦਾ ਖੂਬ ਨੰਗਾਂ ਨਾਚ ਹੋਇਆ ਹੈ। ਧਾਰਮਿਕ ਖੇਤਰ ਵਿੱਚ ਇਸ ਸਾਲ ਇਸ ਵਰਤਾਰੇ ਦੀ ਖੂਬ ਚਹਿਲ ਪਹਿਲ ਦੇਖਣ ਨੂੰ ਮਿਲੀ ਹੈ।

ਗੁਰੂਆਂ ਅਤੇ ਗੁਰਬਾਣੀ ਦੇ ਨਾਂ 'ਤੇ ਵਸਣ ਵਾਲੇ ਪੰਜਾਬ ਵਿੱਚ ਕੀਤਰਤਨ ਅਤੇ ਪਰਚਾਰ ਦੇ ਨਾਂ ਤੇ ਰਾਜਨੀਤਕ ਧਿਰਾਂ ਦੇ ਸਿਪਾਹ ਸਲਾਰ ਬਣੇ ਧਾਰਮਿਕ ਪਹਿਰਾਵਿਆਂ ਨੇ ਗੁਰਬਾਣੀ ਅਤੇ ਗੁਰੂ ਗਰੰਥ ਤੇ ਲੁਕਵੀ ਪਾਬੰਦੀ ਲਾ ਦਿੱਤੀ ਹੈ। ਹਰ ਧਾਰਮਿਕ ਸਮਾਗਮ ਵਿੱਚ ਕੀਰਤਨ ਅਤੇ ਪਰਚਾਰ ਦੇ ਨਾਂ ਤੇ ਆਪੋ ਆਪਣੇ ਧੜੇ ਬਣਾਏ ਜਾ ਰਹੇ ਹਨ ਜਿਸ ਨਾਲ ਸਿੱਖ ਕੌਮ ਦਾ ਨਾਮੋ ਨਿਸਾਨ ਮਿਟਾਉਣ ਦੀ ਹਰ ਸੰਭਵ ਕੋਸਿਸ ਹੋ ਰਹੀ ਹੈ। ਭੋਗ ਜਾਂ ਅਰਦਾਸ ਸਮਾਗਮਾਂ ਸਮੇਂ ਅਨੰਦ ਸਾਹਿਬ ਦੀ ਬਾਣੀ ਦਾ ਪਾਠ ਵੀ ਪਾਠੀ ਸਿੰਘ ਦੀ ਥਾਂ ਕੀਰਤਨੀਏ ਜਾਂ ਪਰਚਾਰਕਾਂ ਨੇ ਬਾਜਿਆਂ ਛੈਣਿਆਂ ਢੋਲਕੀਆਂ ਨਾਲ ਹੀ ਛੇ ਪੌੜੀਆਂ ਅਨੰਦ ਸਾਹਿਬ ਪੜਨਾਂ ਸੁਰੂ ਕਰ ਲਿਆ ਹੈ। ਪਾਠੀ ਸਿੰਘਾਂ ਕੋਲ ਸਿਰਫ ਹੁਕਮਨਾਮਾ ਪੜਨ ਦੀ ਹੀ ਇਜਾਜਤ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਜਰੂਰ ਹੀ ਖੋਹ ਲਈ ਜਾਵੇਗੀ। ਭਵਿੱਖ ਵਿੱਚ ਹੁਕਮਨਾਮੇ ਅਤੇ ਬਾਣੀ ਪਾਠ ਵੀ ਸਾਇਦ ਇੰਟਰਨੈੱਟ ਮਹਾਰਾਜ ਰਾਹੀਂ ਹੀ ਈਮੇਲ ਤੇ ਮਿਲਣ ਸੁਣਨ ਲੱਗ ਜਾਣਗੇ ਅਤੇ ਇਹ ਵੀ 2018 ਵਿੱਚ ਪੰਜਾਬ ਦੇ ਇਤਿਹਾਸ ਦਾ ਹਿੱਸਾ ਜਰੂਰ ਬਣੇਗੀ। ਪੰਜਾਬੀਆਂ ਅਤੇ ਸਿੱਖਾ ਵਿੱਚ ਪੜਾਈ ਲਿਖਾਈ ਅਤੇ ਕੰਪਿਊਟਰ ਯੁੱਗ ਵਿੱਚ ਵੀ ਸਮੇਂ ਨਾਲ ਅੱਗੇ ਵੱਧਣ ਦੀ ਥਾਂ ਖੁਦ ਸਿੱਖਣ ਦਾ ਗੁਰੂ ਹੁਕਮਨਾਮਾ ਭੁੱਲਕੇ ਅਖੌਤੀ ਦਲਾਲ ਪਰਚਾਰਕਾਂ ਜਾਂ ਕੀਰਤਨੀਆਂ ਦੇ ਜਾਲ ਵਿੱਚ ਫਸਣਾਂ ਸਾਡੀ ਅਣਪੜਾਂ ਨਾਲੋਂ ਵੀ ਮਾੜੇ ਹਾਲਾਤਾਂ ਦੀ ਗਵਾਹੀ ਹੈ।

ਸਮਾਜਿਕ ਤੌਰ 'ਤੇ ਵੀ 2018 ਵਿੱਚ ਨੌਜਵਾਨਾਂ ਦੇ ਇੱਕ ਹਿੱਸੇ ਵੱਲੋਂ ਰੁੱਖ ਲਾਉਣ ਦੀ ਵੱਡੀ ਮੁਹਿੰਮ ਦਿਖਾਈ ਦਿੱਤੀ ਜੋ ਕਿ ਬਹੁਗਿਣਤੀ ਲੋਕਾਂ ਦੇ ਬਿਮਾਰੀਆਂ ਦੇ ਸਿਕਾਰ ਹੋਣ ਲੱਗਣ ਦੇ ਕਾਰਨ ਹੀ ਸੁਰੂ ਹੋਈ ਸਰਾਹੁਣ ਯੋਗ ਹੈ। ਸਰਕਾਰਾਂ ਅਤੇ ਧਾਰਮਿਕ ਰਹਿਨੁਮਾਈ ਬਿਨਾਂ ਇਹ ਲਹਿਰ ਪੈਦਾ ਹੋਣੀ ਹਾਲੇ ਵੀ ਆਸ ਦੀ ਕਿਰਨ ਬੰਨਾਉਂਦੀ ਹੈ ਕਿ ਪੰਜਾਬੀਆਂ ਦੇ ਇੱਕ ਹਿੱਸੇ ਦੀ ਸੋਚ ਬਾਂਝ ਨਹੀਂ ਹੋਈ ਹੈ। ਰੁੱਖ ਅਤੇ ਕੁੱਖ ਬਚਾਉਣ ਦਾ ਨਾਅਰਾ ਆਉਣ ਵਾਲੇ ਸਮੇਂ ਵਿੱਚ ਹੋਰ ਉੱਚਾ ਹੋਣਾ ਚਾਹੀਦਾ ਹੈ। ਪੰਜਾਬ ਵਿੱਚ ਨਸਿਆ ਦੇ ਦਰਿਆ ਵਗਣ ਦੇ ਉਲਟ ਸਦਾਚਾਰਕ ਕੀਮਤਾਂ ਦੀ ਲਹਿਰ ਜਰੂਰ ਪੈਦਾ ਹੋਣੀ ਚਾਹੀਦੀ ਹੈ। ਕਰਜਿਆ ਦੇ ਜਾਲ ਵਿੱਚ ਫਸੀ ਅਤੇ ਫਸਾਈ ਗਈ ਕਿਸਾਨੀ ਖੁਦਕਸੀਆਂ ਦੀ ਖੇਤੀ ਕਰਦੀ ਵੀ ਦਿਖਾਈ ਦਿੱਤੀ 2018 ਵਿੱਚ ਦੂਸਰੇ ਪਾਸੇ ਸਿੰਥੈਟਿਕ ਕਿਸਮ ਦੇ ਅਣਜਾਣੇ ਨਸਿਆਂ ਦਾ ਕਹਿਰ ਵੀ ਨੌਜਵਾਨਾਂ ਨੂੰ ਮੌਤ ਦੀ ਨੀਂਦ ਸੁਆਉਂਦਾ ਰਿਹਾ ਜੋ ਅਖੌਤੀ ਧਾਰਮਿਕ ਰਹਿਬਰਾਂ ਅਤੇ ਰਾਜਨੀਤਕਾਂ ਦੇ ਦਾਅਵਿਆਂ ਨੂੰ ਨੰਗਾਂ ਕਰਦਾ ਰਿਹਾ। ਬੇਬੱਸ ਲਾਚਾਰ ਲੋਕਾਂ ਦੇ ਘਰਾਂ ਵਿੱਚੋਂ ਵੈਣ ਸੁਣਾਈ ਦਿੰਦੇ ਰਹੇ ਅਤੇ ਸਾਡੇ ਭਵਿੱਖ ਨੂੰ ਚਿਤਾਵਨੀ ਦਿੰਦੇ ਰਹੇ। ਉਪਰੋਕਤ ਵਰਤਾਰੇ ਹਰ ਪੰਜਾਬੀ ਨੂੰ ਲਲਕਾਰ ਰਹੇ ਹਨ ਕਿ ਉੱਠੋ ਜਾਗੋ ਅਤੇ ਸਮੇਂ ਦੇ ਨਾਲ ਤੁਰੋ ਨਹੀਂ ਤਾਂ ਬਹੁਤ ਪਿਛਾਂਹ ਰਹਿ ਜਾਵੋਗੇ। ਹਿੰਮਤਾਂ ਵਾਲਿਆਂ ਨੇ ਆਪਣਾਂ ਬੋਰੀਆਂ ਬਿਸਤਰਾ ਲਪੇਟ ਕੇ ਵਿਦੇਸ਼ਾਂ ਵੱਲ ਉਡਾਰੀਆਂ ਭਰ ਲਈਆਂ ਹਨ ।

2018 ਵਿੱਚ ਵਿਦੇਸ ਜਾਣ ਵਾਲਿਆਂ ਦਾ ਅੰਕੜਾ ਲੱਖ ਨੂੰ ਵੀ ਪਾਰ ਕਰ ਗਿਆ ਹੈ। ਸਿਰ 'ਤੇ ਪੱਗ ਬੰਨਣੀ ਭੁੱਲ ਰਹੇ ਪੰਜਾਬੀ ਪੱਗ ਬਚਾਉਣ ਲਈ ਵਿਦੇਸ਼ ਵਸਣਾਂ ਲੋੜਦੇ ਹਨ ਅਤੇ ਭਵਿੱਖ ਵਿੱਚ ਇਹ ਵਰਤਾਰਾ ਹੋਰ ਵੱਧਣ ਦੇ ਅਸਾਰ ਹਨ । 2018 ਦੀ ਇਹ ਪੰਜਾਬੀਆਂ ਦੇ ਉਜਾੜੇ ਸੁਰੂ ਹੋਣ ਦੇ ਸੁਰੂਆਤੀ ਸਾਲਾਂ ਵਿੱਚ ਜਰੂਰ ਹੀ ਸਾਮਲ ਹੋ ਜਾਵੇਗਾ। ਅਸਲ ਵਿੱਚ ਇਸ ਸਾਲ ਵਿੱਚ ਪੰਜਾਬੀਆਂ ਨੇ ਕਰਤਾਰਪੁਰ ਬਾਬੇ ਨਾਨਕ ਦੇ ਰਾਹ ਖੁੱਲਵਾਉਣ ਦਾ ਇੱਕ ਚੰਗਾਂ ਕਦਮ ਜਰੂਰ ਦੇਖਿਆ ਹੈ ਸਾਇਦ ਆਉਣ ਵਾਲੇ ਸਮੇਂ ਵਿੱਚ ਬਾਬੇ ਨਾਨਕ ਦੀ ਕਰਮ ਭੂਮੀ ਤੋਂ ਹੀ ਕੋਈ ਚੰਗੀ ਸਿੱਖਿਆ ਲੈ ਕੋਈ ਚੰਗੀ ਸੁਰੂਆਤ ਕਰ ਲਈਏ । 2018 ਸਾਲ ਵਿੱਚ ਪੰਜਾਬ ਦੁੱਖਾਂ ਦੇ ਪਹਾੜ ਥੱਲੇ ਆਉਂਦਾ ਹੀ ਪਰਤੀਤ ਹੁੰਦਾਂ ਹੈ ਅਤੇ ਸੁਖਾਂ ਵਾਲੀ ਕੋਈ ਵੀ ਖਬਰ ਦਿਖਾਈ ਨਹੀ ਦਿੰਦੀ । ਰਾਜਨੀਤਕ ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਬਹੁਤ ਕੁੱਝ ਗੁਆਇਆ ਹੈ ਪਰ ਆਉਣ ਵਾਲੇ ਸਮੇਂ ਵਿੱਚ ਆਸ ਕਰਨੀਂ ਬਣਦੀ ਹੈ ਕਿ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਉਸਾਰੂ ਸੋਚ ਵਲ ਸਫਰ ਕਰਦਿਆਂ ਨਵੀਆਂ ਮੰਜਿਲਾਂ ਦੇ ਰਾਹੀ ਹੋਣਗੇ । ਆਮੀਨ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top