Share on Facebook

Main News Page

ਬੇਅਦਬੀ ਕਾਂਡ: ਸੱਚ ਸਾਹਮਣੇ ਲਿਆਉਣ ਲਈ ਰਾਮ ਰਹੀਮ ਅਤੇ ਉਸ ਨੂੰ ਮੁਆਫ ਕਰਨ ਵਾਲੇ ਪੰਜੇ ਜਥੇਦਾਰਾਂ ਨੂੰ ਵੀ ਸੰਮਨ ਕੀਤਾ ਜਾਵੇ
-: ਕਿਰਪਾਲ ਸਿੰਘ ਬਠਿੰਡਾ

ਬਠਿੰਡਾ, ਨਵੰਬਰ 13 : ਬਠਿੰਡਾ ਸ਼ਹਿਰ ਦੀਆਂ ਚੋਣਵੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਨੁੰਮਾਇੰਦਿਆਂ ਨੇ ਅੱਜ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਮੀਟਿੰਗ ਕਰ ਕੇ ਬਿਆਨ ਜਾਰੀ ਕਰਦਿਆਂ ਮੰਗ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸੱਚ ਸਾਹਮਣੇ ਲਿਆਉਣ ਲਈ ਸਿਰਸਾ ਡੇਰਾ ਮੁਖੀ ਰਾਮ ਰਹੀਮ ਅਤੇ ਉਸ ਨੂੰ ਅਕਾਲ ਤਖ਼ਤ ਤੋਂ ਮੁਆਫੀ ਦੇਣ ਵਾਲੇ ਪੰਜੇ ਜਥੇਦਾਰਾਂ ਨੂੰ ਵੀ ਸੰਮਨ ਜਾਰੀ ਕਰ ਕੇ ਪੁੱਛ ਪੜਤਾਲ ਵਿੱਚ ਸ਼ਾਮਲ ਕੀਤਾ ਜਾਵੇ।

ਗੁਰਮਤਿ ਪ੍ਰਚਾਰ ਸਭਾ ਦੇ ਬੁਲਾਰੇ ਭਾਈ ਕਿਰਪਾਲ ਸਿੰਘ ਨੇ ਕਿਹਾ ਕਿ ਇਹ ਇਸ ਲਈ ਜਰੂਰੀ ਹੈ ਕਿਉਂਕਿ ਡੇਰਾ ਮੁਖੀ ਨੂੰ ਭੇਦਭਰੇ ਢੰਗ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਮ ਦੀ ਦੁਰਵਰਤੋਂ ਕਰ ਕੇ ਮੁਆਫੀ ਦੇਣ ਅਤੇ ਇਸ ਦਾ ਸਿੱਖ ਸੰਗਤਾਂ ਵੱਲੋਂ ਭਾਰੀ ਵਿਰੋਧ ਕੀਤੇ ਜਾਣ ਤੋਂ ਬਾਅਦ ਮੁਆਫੀ ਦੇਣ ਵਾਲੇ ਜਥੇਦਾਰਾਂ ਵੱਲੋਂ ਹੀ ਮੁਆਫੀ ਦੇਣ ਵਾਲਾ ਹੁਕਮਨਾਮਾ ਵਾਪਸ ਲੈਣ ਉਪ੍ਰੰਤ ਡੇਰਾ ਮੁਖੀ ਦੇ ਬਿਆਨ ਦੀ ਇੱਕ ਵੀਡੀਓ ਸੋਸ਼ਿਲ ਮੀਡੀਏ ਤੇ ਆਮ ਵੇਖੀ ਜਾਂਦੀ ਸੀ ਜਿਸ ਵਿੱਚ ਉਹ ਕਹਿ ਰਿਹਾ ਸੀ ਕਿ  ਮੇਰੇ ਪਾਸ ਏਕ ਚਿੱਠੀ ਲੇ ਕਰ ਆਏ ਔਰ ਬੋਲੇ ਕਿ ਇਸ ਪਰ ਦਸਤਖਤ ਕਰ ਦੋ, ਮਾਮਲਾ ਰਫਾ ਦਫਾ ਹੋ ਜਾਏਗਾ। ਮੈਂ ਨੇ  ਬੋਲਾ ਕਿ ਅਗਰ ਇਤਨੀ ਸੀ ਬਾਤ ਪੇ ਮਾਮਲਾ ਖਤਮ ਹੋਤਾ ਹੈ ਤੋ ਮੈਂ ਦਸਤਖਤ ਕਰ ਦੇਤਾ ਹੂੰ, ਇਸ ਲੀਏ ਮੈਂ ਨੇ ਦਸਤਖਤ ਕਰ ਦੀਏ। ਸੋ ਸਾਰਾ ਸੱਚ ਸਾਹਮਣੇ ਲਿਆਉਣ ਲਈ ਡੇਰਾ ਮੁਖੀ ਨੂੰ ਸੰਮਨ ਜਾਰੀ ਕਰਕੇ ਉਸ ਤੋਂ ਇਹ ਪੁੱਛਿਆ ਜਾਵੇ ਕਿ ਉਨ੍ਹਾਂ ਪਾਸ ਉਹ ਚਿੱਠੀ ਕੌਣ ਲੈ ਕੇ ਆਇਆ ਸੀ ਜਿਸ ਉਪਰ ਉਨ੍ਹਾਂ ਨੇ ਦਸਤਖਤ ਕੀਤੇ ਸਨ। ਡੇਰਾ ਮੁਖੀ ਦੇ ਬਿਆਨ ਦਰਜ ਕਰ ਕੇ ਉਸ ਦੀ ਵੀਡੀਓ ਵਾਲੇ ਬਿਆਨ ਨਾਲ ਮਿਲਾ ਕੇ ਵੇਖਿਆ ਜਾਵੇ ਕਿ ਉਸ ਦੇ ਬਿਆਨ ਵਿੱਚ ਕਿਤਨੀ ਕੁ ਸੱਚਾਈ ਹੈ ?

ਇਸੇ ਤਰ੍ਹਾਂ ਡੇਰਾ ਮੁਖੀ ਨੂੰ ਮੁਆਫੀ ਦੇਣ ਅਤੇ ਵਾਪਸ ਲੈਣ ਵਾਲੇ ਜਥੇਦਾਰਾਂ ਵਿੱਚ ਸ਼ਾਮਲ ਗਿਆਨੀ ਗੁਰਮੁਖ ਸਿੰਘ ਨੇ ਮੀਡੀਆ ਪਰਸਨਜ਼ ਨੂੰ ਸੰਬੋਧਨ ਹੁੰਦੇ ਕਿਹਾ ਸੀ ਕਿ ਪੰਜੇ ਜਥੇਦਾਰਾਂ ਨੂੰ ਮੁੱਖ ਮੰਤਰੀ ਬਾਦਲ ਦੀ ਕੋਠੀ ਚੰਡੀਗੜ੍ਹ ਵਿਖੇ ਬੁਲਾਇਆ ਗਿਆ ਸੀ ਅਤੇ ਇੱਕ ਹਿੰਦੀ ਵਿੱਚ ਲਿਖੀ ਚਿੱਠੀ ਦੇ ਕੇ  ਹੁਕਮ ਕੀਤਾ ਸੀ ਕਿ ਇਸ ਚਿੱਠੀ ਦੇ ਆਧਾਰ ਤੇ ਡੇਰਾ ਮੁਖੀ ਵਿਰੁੱਧ ਜਾਰੀ ਹੋਇਆ ਹੁਕਮਨਾਮਾ ਜਲਦੀ ਵਾਪਸ ਲਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਜੋ ਚਿੱਠੀ ਪੇਸ਼ ਕੀਤੀ ਗਈ ਉਹ ਪੰਜਾਬੀ ਵਿੱਚ ਸੀ। (ਗਿਆਨੀ ਗੁਰਮੁਖ ਸਿੰਘ ਦੀ ਦਾ ਇਹ ਬਿਆਨ ਯੂਟਿਊਬ ਦੇ ਲਿੰਕ https://youtu.be/1lT1cwmu9vw ਅਤੇ https://youtu.be/zPqFGFAQLYQ ਤੇ ਸੁਣਿਆ ਜਾ ਸਕਦਾ ਹੈ) ਇਸ ਲਈ ਪੰਜੇ ਜਥੇਦਾਰਾਂ (ਖਾਸ ਕਰ ਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ਼੍ਰੀ ਪਟਨਾ ਸਾਹਿਬ ਜੀ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਜੋ ਉਸ ਸਮੇਂ ਤਖ਼ਤ ਸ਼੍ਰੀ ਦਮਦਮਾ ਦੇ ਜਥੇਦਾਰ ਸਨ) ਨੂੰ ਸੰਮਨ ਜਾਰੀ ਕਰ ਕੇ ਉਨ੍ਹਾਂ ਤੋਂ ਗਿਆਨੀ ਗੁਰਮੁਖ ਸਿੰਘ ਦੇ ਬਿਆਨ ਦੀ ਸੱਚਾਈ ਸਬੰਧੀ ਸਵਾਲ ਪੁੱਛੇ ਜਾਣ ਅਤੇ ਗਿਆਨੀ ਗੁਰਮੁਖ ਸਿੰਘ ਦੇ ਪਹਿਲੇ ਬਿਆਨ ਨਾਲ ਮਿਲਾਨ ਕਰ ਕੇ ਸੱਚਾਈ ਸਭ ਦੇ ਸਾਹਮਣੇ ਲਿਆਂਦੀ ਜਾਵੇ। ਗਿਆਨੀ ਗੁਰਬਚਨ ਸਿੰਘ ਨੂੰ ਇਹ ਵੀ ਪੁੱਛਿਆ ਜਾਵੇ ਕਿ ਅਕਾਲ ਤਖ਼ਤ ਤੇ ਪੰਜਾਬੀ ਵਿੱਚ ਲਿਖੀ ਚਿੱਠੀ ਉਨ੍ਹਾਂ ਕਿਸ ਤੋਂ ਪ੍ਰਾਪਤ ਕੀਤੀ ਸੀ?

ਭਾਈ ਕਿਰਪਾਲ ਸਿੰਘ ਅਤੇ ਉਨ੍ਹਾਂ ਨਾਲ ਹਾਜਰ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਮਿੱਠੂ, ਮਲਕੀਤ ਸਿੰਘ ਸਿੱਖ ਮਿਸ਼ਨਰੀ ਕਾਲਜ ਸਰਕਲ ਬਠਿੰਡਾ ਦੇ ਭਾਈ ਮਲਕੀਤ ਸਿੰਘ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਭਾਈ ਗੁਰਦਰਸ਼ਨ ਸਿੰਘ, ਇੰਜ: ਜਰਨੈਲ ਸਿੰਘ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਨੈਸ਼ਨਲ ਕਲੋਨੀ ਦੇ ਪ੍ਰਧਾਨ ਭਾਈ ਸਰੂਪ ਸਿੰਘ, ਗੁਰਦੁਆਰਾ ਬਾਬਾ ਨਾਮਦੇਵ ਭਵਨ ਦੇ ਮੈਂਬਰ ਭਾਈ ਕਰਮਜੀਤ ਸਿੰਘ, ਗੁਰਦੁਆਰਾ ਭਾਈ ਮਤੀਦਾਸ ਨਗਰ ਦੇ ਪ੍ਰਧਾਨ ਕੈਪਟਨ ਮੱਲ ਸਿੰਘ, ਗੁਰਦੁਆਰਾ ਅਮਰਪੁਰਾ ਕੋਠੇ ਦੇ ਹੈੱਡ ਗ੍ਰੰਥੀ ਭਾਈ ਜਸਪਾਲ ਸਿੰਘ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਗੁਰਮੀਤ ਸਿੰਘ, ਹੈੱਡ ਗ੍ਰੰਥੀ ਭਾਈ ਗੁਰਿੰਦਰਦੀਪ ਸਿੰਘ, ਗ੍ਰੰਥੀ ਭਾਈ ਅਜਾਇਬ ਸਿੰਘ, ਗੁਰਦੁਆਰਾ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਪ੍ਰਧਾਨ ਹਰਦੀਪ ਸਿੰਘ, ਸਕੱਤਰ ਭਾਈ ਸੁਰਜੀਤ ਸਿੰਘ, ਗੁਰਦੁਆਰਾ ਸੰਗਤ ਸਿਵਲ ਸਟੇਸ਼ਨ ਦੇ ਜਨਰਲ ਸਕੱਤਰ ਭਾਈ ਮਿੱਠੂ ਸਿੰਘ ਜੀ, ਗੁਰਦੁਆਰਾ ਭਾਈ ਮੱਖਨ ਸ਼ਾਹ ਲੁਬਾਣਾ ਦੇ ਪ੍ਰਧਾਨ ਭਾਈ ਪ੍ਰਵੀਨ ਸਿੰਘ,  ਗੁਰਦੁਆਰਾ ਮੁਲਤਾਨੀਆ ਰੋਡ ਦੇ ਮੈਂਬਰ ਭਾਈ ਜਗਰੂਪ ਸਿੰਘ, ਗੁਰਦੁਆਰਾ ਜੋਗੀ ਨਗਰ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ, ਗੁਰਦੁਆਰਾ ਗੁਰੂ ਅਰਜਨ ਦੇਵ ਜੀ ਧੋਬੀਆਨਾ ਨਗਰ ਦੇ ਡਾ: ਖੁਸ਼ਵਿੰਦਰ ਸਿੰਘ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਪਾ: ੧੦ਵੀਂ ਦੇ ਪ੍ਰਧਾਨ ਸੁਖਵਿੰਦਰ ਸਿੰਘ, ਗੁਰਦੁਆਰਾ ਗੁਰੂ ਨਾਨਕਪੁਰਾ ਦੇ ਪ੍ਰਧਾਨ ਭਾਈ ਰਮਨਦੀਪ ਸਿੰਘ ਰਮੀਤਾ, ਸਰਪ੍ਰਸਤ ਭਾਈ ਸੁਰਜੀਤ ਸਿੰਘ, ਗੁਰਦੁਆਰਾ ਹਾਜੀ ਰਤਨ ਗੇਟ ਗੁਰੂ ਨਾਨਕਪੁਰਾ ਮੁਹੱਲਾ ਦੇ ਪ੍ਰਧਾਨ ਭਾਈ ਗੁਰਦੇਵ ਸਿੰਘ, ਆਦਿਕ ਨੁੰਮਾਇੰਦਿਆਂ ਨੇ ਕਿਹਾ ਕਿ ਜਦ ਤੱਕ ਡੇਰਾ ਮੁਖੀ ਅਤੇ ਪੰਜੇ ਜਥੇਦਾਰਾਂ ਨੂੰ ਪੜਤਾਲ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਸੱਚਾਈ ਸਾਹਮਣੇ ਨਹੀਂ ਆ ਸਕਦੀ ਕਿਉਂਕਿ ਬਾਦਲ ਬਾਪ ਬੇਟਾ ਅਤੇ ਅਕਸ਼ੈ ਕੁਮਾਰ ਕਦੇ ਵੀ ਆਪਣਾ ਗੁਨਾਹ ਕਬੂਲ ਨਹੀਂ ਕਰਨਗੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top