Share on Facebook

Main News Page

ਸਿੱਖ ਦਸਤਾਰ ਕਿਉਂ ਸਜਾਉਂਦੇ ਹਨ ?
-: ਗੁਰਪ੍ਰੀਤ ਸਿੰਘ, ਵਾਸ਼ਿੰਗਟਨ ਸਟੇਟ
 111118

ਤੁਸੀਂ ਸਿੱਖ ਲੋਕ ਆਪਣੇ ਸਿਰ ਤੇ ਦਸਤਾਰ ਕਿਉਂ ਰੱਖਦੇ ਹੋ?

ਜਵਾਬ ਵਿੱਚ ਗੁਰਸਿੱਖ ਵੀਰ ਜੀ ਨੇ ਕਿਹਾ ਕਿ ਦਸਤਾਰ ਕੋਈ ਟੋਪੀ ਨਹੀਂ; ਜਿਸਨੂੰ ਕਿ ਜਦ ਮਰਜ਼ੀ ਚਾਹੋ, ਚੁੱਕ ਕੇ ਸਿਰ 'ਤੇ ਰੱਖ ਲਵੋ। ਅਸੀਂ ਸਿੱਖ ਲੋਕ ਤਾਂ ਆਪਣੇ ਲੰਬੇ ਕੇਸਾਂ ਦੀ ਸੰਭਾਲ਼ ਕਰਨ ਲਈ, ਦਸਤਾਰ ਨੂੰ ਹਰ ਰੋਜ਼ ਆਪਣੇ ਸੀਸ ਤੇ ਸਜਾਉਂਦੇ ਹਾਂ।

ਬਹੁਤ ਖ਼ੂਬ! ਯਕੀਨਨ ਦਸਤਾਰ ਨੂੰ ਹਮੇਸ਼ਾ ਪ੍ਰੇਮ ਨਾਲ ਚੁਣ ਕੇ ਹੀ ਸੀਸ 'ਤੇ ਸਜਾਉਣਾ ਚਾਹੀਦਾ ਹੈ, ਪਰ ਕੀ ਦਸਤਾਰ ਸਿੱਖ ਵਾਸਤੇ ਛੋਟੇ, ਲੰਬੇ ਕੇਸ ਢਕਣ ਲਈ ਕੇਵਲ ਇੱਕ ਸਾਧਨ ਹੈ? ਕੀ ਲੰਬੇ ਕੇਸਾਂ ਨੂੰ ਕੇਵਲ ਦਸਤਾਰ ਨਾਲ ਢਕ ਕੇ ਹੀ, ਸਾਂਭਿਆ ਜਾ ਸਕਦਾ ਹੈ? ਸਿੱਖ ਤਾਂ ਸਿਰ 'ਤੇ ਗੰਜ ਪੈਣ ਉਪਰੰਤ ਵੀ ਹਮੇਸ਼ਾ ਆਪਣੇ ਸੀਸ 'ਤੇ ਦਸਤਾਰ ਸਜਾਉਂਦਾ ਹੈ। ਨਹੀਂ !

ਧਿਆਨ ਰਹੇ ਕਿ ਸੰਸਾਰ ਵਿੱਚ ਕੇਵਲ ਇਕੱਲੇ ਸਿੱਖ ਹੀ ਨਹੀਂ ਹਨ, ਜਿਹੜੇ ਕਿ ਅਕਾਲ ਪੁਰਖ ਵੱਲੋਂ ਬਖ਼ਸ਼ੇ ਕੇਸ ਸਾਂਭ ਕੇ ਰੱਖਦੇ ਹਨ। ਉਦਾਹਰਨ ਦੇ ਤੌਰ 'ਤੇ ਨੇਟਿਵ ਅਮੈਰੀਕਨਸ (Native Americans) ਜਿਵੇਂ ਕਿ ਹੋਪੀ (Hopi), ਨਵਾਹੋ (Navajo) ਆਦਿ ਵੀ ਕੇਸਾਧਾਰੀ ਹਨ, ਪਰ ਉਹ ਸਿੱਖਾਂ ਵਾਂਗ ਦਸਤਾਰ ਨਹੀਂ ਸਜਾਉਂਦੇ, ਬਲਕਿ ਸਿਰ ਦੇ ਲੰਬੇ ਵਾਲਾਂ ਨੂੰ ਗੁੰਦ ਕੇ ਸਾਂਭਦੇ ਹਨ। ਇਸੇ ਤਰ੍ਹਾਂ ਅਰਬੀ, ਪਠਾਣੀ ਆਦਿ ਦੇਸ਼ਾਂ ਵਿੱਚ ਭਾਵੇਂ ਕੇਸ ਨਹੀਂ  ਰੱਖੇ ਜਾਂਦੇ ਪਰ ਸਿਰ 'ਤੇ ਪਗੜੀ ਇੱਜ਼ਤ ਦੀ ਪ੍ਰਤੀਕ ਹੈ।

ਤਾਂ ਫਿਰ ਸਿੱਖ ਦੀ ਦਸਤਾਰ ਦੀ ਕੀ ਵਿਲੱਖਣਤਾ ਹੈ! ਤੇ ਅਸੀਂ ਆਪਣੇ ਸੀਸ 'ਤੇ ਦਸਤਾਰ ਕਿਉਂ ਸਜਾਉਂਦੇ ਹਾਂ?

ਗੁਰੂ ਸਾਹਿਬਾਨ ਨੇ ਸਿੱਖ ਨੂੰ ਅਕਾਲ ਪੁਰਖ ਵੱਲੋਂ ਮਿਲੀ ਆਪਣੀ ਸ਼ਕਲ ਨੂੰ ਜਿਉਂ ਕਾ ਤਿਉਂ ਰੱਖਣ ਲਈ ਉਪਦੇਸ਼ਿਆ ਹੈ, ਜਿਵੇਂ ਕਿ:
ਨਾਪਾਕ, ਪਾਕੁ, ਕਰਿ ਹਦੂਰਿ ਹਦੀਸਾ; ਸਾਬਤ ਸੂਰਤਿ ਦਸਤਾਰ ਸਿਰਾ॥ (ਮ:੫/1084)

ਭਾਵ ਕਿ ਸਾਬਤ ਸੂਰਤਿ, ਸਿਰ ਉੱਤੇ ਦਸਤਾਰ (ਇੱਜ਼ਤ-ਮਾਣ) ਦਾ ਕਾਰਨ ਬਣਦੀ ਹੈ। ਅਜੋਕੇ ਹਾਲਾਤਾਂ ‘ਚ ਅਸੀਂ ਕਿ੍ਰਪਾਨ ਨੂੰ ਤਾਂ ਭਾਂਵੇ ਕਮੀਜ਼ ਜਾਂ ਕੁੜਤਾ ਆਦਿ ਥੱਲੇ ਪਾਉਂਦੇ ਹੋਈਏ, ਪਰ ਦਸਤਾਰ ਨੂੰ ਕਦੀ ਵੀ ਲੁਕਾਇਆ ਨਹੀਂ ਜਾ ਸਕਦਾ। ਸੋ ਸਿੱਖ ਦੀ ਅਜ਼ਾਦ ਹਸਤੀ, ਨਿਆਰੇਪਨ ਅਤੇ ਅਣਖ ਦੀ ਸਭ ਤੋਂ ਪਹਿਲੀ ਪ੍ਰਤੀਕ ਨਿਰਸੰਦੇਹ ਦਸਤਾਰ ਹੀ ਹੈ।

ਦਸਤਾਰ, ਆਤਮ-ਸਨਮਾਨ ਨਾਲ ਭਰਪੂਰ ਸਿੱਖ ਦੇ ਉੱਚੇ-ਸੁੱਚੇ ਕਿਰਦਾਰ ਦੀ ਗਵਾਹੀ ਵੀ ਭਰਦੀ ਹੈ, ਕਿਉਂਕਿ ਗੁਰੂ ਵੱਲੋਂ ਦੱਸੇ ਮਾਰਗ 'ਤੇ ਤੁਰਿਆ ਸਿੱਖ, ਗੁਰੂ ਵੱਲੋਂ ਦਿੱਤੀ ਥਾਪੀ ਸਦਕਾ “ਸਿਰਦਾਰ” ਬਣਕੇ, ਮਾਣ ਨਾਲ ਕਹਿ ਉੱਠਦਾ ਹੈ:
ਹਉ ਗੋਸਾਈ ਦਾ ਪਹਿਲਵਾਨੜਾ॥
ਮੈ ਗੁਰ ਮਿਲਿ ਉਚ ਦੁਮਾਲੜਾ ॥
(ਮ:੫/੭੪)

ਸੋ ਦਸਤਾਰ ਕੇਵਲ ਸਿੱਖ ਦੀ ਪਹਿਚਾਣ ਹੀ ਨਹੀਂ, ਬਲਕਿ ਸਿੱਖ ਦੇ ਕਿਰਦਾਰ ਸਦਕਾ, ਓੁਸ ਦੇ ਸਮਰੱਥ ਗੁਰੂ ਦੀ ਸ਼ਾਨ ਵੀ ਹੈ।

ਆਉ! ਘੱਟੋ-ਘੱਟ ਆਪਣੇ ਪਹਿਰਾਵੇ ਵਾਰੇ ਤਾਂ ਚੇਤੰਨ ਹੋਈਏ ਤੇ ਦੂਸਰਿਆਂ ਨੂੰ ਜਵਾਬ ਦੇਣ ਲੱਗਿਆਂ ਚੇਤੇ ਰੱਖੀਏ ਕਿ ਦਸਤਾਰ ਸਿੱਖ ਦੇ ਸਿਰ ਦਾ ਤਾਜ ਹੈ, ਨਾ ਕਿ ਕੇਵਲ ਕੇਸਾਂ ਨੂੰ ਢਕਣ ਦਾ ਇੱਕ ਸਾਧਨ।

ਧੰਨਵਾਦ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top