Share on Facebook

Main News Page

ਮੇਰੀ ਕੌਮ ਨੂੰ ਪਾਠੀਆਂ ਦੀ ਐਨੀ ਲੋੜ ਕਿਉਂ ?
-: ਗੁਰਪ੍ਰੀਤ ਸਿੰਘ, ਵਾਸ਼ਿੰਗਟਨ ਸਟੇਟ
 031118

ਮੈ ਅਕਸਰ ਸੋਚਦਾ ਹਾਂ ਕਿ ਮੇਰੀ ਕੌਮ ਨੂੰ ਪਾਠੀਆਂ ਦੀ ਐਨੀ ਲੋੜ ਕਿਉਂ ਪੈ ਰਹੀ ਹੈ?

ਕੀ ਇਸ ਲਈ ਕਿ ਅਸੀਂ ਖ਼ੁਦ ਹਰ ਖੁਸ਼ੀ ਜਾਂ ਗਮੀ ਦੇ ਮੌਕੇ 'ਤੇ ਪਾਠ ਕਰਵਾਉਣ ਦੀ ਰਸਮਪ੍ਰਸਤੀ ‘ਚ ਯਕੀਨ ਕਰਦੇ ਹਾਂ? ਜਾਂ ਫਿਰ “ਦੇਖਾ ਦੇਖੀ ਸਭ ਕਰੇ; ਮਨਮੁਖਿ ਬੂਝ ਨ ਪਾਇ॥”( ਮ:੩/੨੭-੨੮) ਅਨੁਸਾਰ ਸਮਾਜਿਕ ਦਬਾਅ ਹੇਠ ਮਜ਼ਬੂਰੀ ਵੱਸ ਇਹ ਸਭ ਕਰਨਾ ਪੈਦਾ ਹੈ? ਅਜਿਹੇ ਮੌਕਿਆਂ 'ਤੇ ਆਪ ਪਾਠ ਕਰਨਾ ਸਾਨੂੰ ਆਪਣੀ ਸ਼ਾਨ ਦੇ ਖ਼ਿਲਾਫ਼ ਕਿਉਂ ਲੱਗਦਾ ਹੈ?

ਅਗਾਂਹ ਹੋਰ ਵੀ ਵੱਡੇ ਸਵਾਲ, ਆਪਣੇ-ਆਪ ਹੀ ਖੜ੍ਹੇ ਹੋ ਜਾਂਦੇ ਹਨ। ਕੀ ਅਸੀਂ ਆਪ ਪਾਠ ਕਰਨ ਦੇ ਸਮਰੱਥ ਵੀ ਹਾਂ? ਜੇ ਨਹੀਂ! ਤਾਂ ਕਿਉਂ ਨਹੀਂ ਤੇ ਕੀ ਸਾਡਾ ਗੁਰਬਾਣੀ ਦਾ ਪਾਠ ਆਪ ਨਾ ਕਰ ਸਕਣਾ ਹੀ ਸਭ ਤੋਂ ਵੱਡਾ ਕਾਰਨ ਹੈ ਕਿ ਕੌਮ ‘ਚ ਪਾਠੀਆਂ ਦੀਆਂ ਧਾੜਾਂ ਪੈਦਾ ਹੋ ਰਹੀਆਂ ਹਨ?

ਗੁਰਦੁਆਰਿਆਂ ਦੀ ਬਹੁਤਾਤ, ਬਿਪਰਵਾਦ ਤੇ ਡੇਰਾਵਾਦ ਵੱਲੋਂ ਗਿਣਤੀਆਂ - ਮਿਣਤੀਆਂ; ਇਕੋਤਰੀਆਂ ਦਾ ਭੰਬਲ਼ਭੂਸਾ, ਟਕਸਾਲਾਂ, ਜੱਥਿਆਂ ਤੇ ਅਜਿਹੇ ਅਨੇਕਾਂ ਧੜਿਆਂ ਦੀ ਆਪੋ-ਆਪਣੀ ਮਰਯਾਦਾ ਅਤੇ ਇਹਨਾਂ ਵੱਲੋਂ ਪਾਇਆ ਬੇਅਦਬੀ ਤੇ ਸੁੱਚਮ ਆਦਿ ਦਾ ਹਊਆ (ਫੰਦਾ) ਮੇਰੀ ਕੌਮ ਨੂੰ ਸੁੰਨ ਕਰਨ ‘ਚ ਕਾਮਯਾਬ ਹੋ ਚੁੱਕਾ ਹੈ। ਪੱਕੀ ਪਕਾਈ ਖਾਣ ਦੀ ਪੱਕ ਚੁੱਕੀ ਆਦਤ ਕਾਰਨ ਹੁਣ ਸਾਨੂੰ ; “ ਪੀਊ ਦਾਦੇ ਕਾ, ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ, ਭਇਆ ਨਿਧਾਨਾ ॥”(ਮ:੫/੧੮੬) ਦੀ ਸੋਝੀ ਨਹੀਂ ਰਹੀ ਤੇ ਅਸੀਂ ਪਾਠੀਆਂ ਤੇ ਨਿਰਭਰ ਹੋ ਕੇ ਆਤਮਿਕ ਪੱਖੋਂ ਦੀਵਾਲੀਆ ਹੋ ਚੁੱਕੇ ਹਾਂ, ਜਿਵੇਂ ਕਿ ਗੁਰ-ਬਚਨ ਹੈ:

ਬਾਣੀ ਸੁਰਤਿ ਨ ਬੁਝਨੀ; ਸਬਦਿ ਨ ਕਰਹਿ ਪ੍ਰਗਾਸੁ ॥ ਓਨਾ ਆਪਣੀ ਅੰਦਰਿ ਸੁਧਿ ਨਹੀ; ਗੁਰ ਬਚਨਿ ਨ ਕਰਹਿ ਵਿਸਾਸੁ ॥ (ਮ:੩/੧੪੧੫)

ਤਾਂ ਫਿਰ ਹੱਲ ਕੀ ਹੈ? ਕੇਵਲ ਇਹ ਯਾਦ ਰੱਖਣਾ ਪਵੇਗਾ ਕਿ ਹਮੇਸ਼ਾ ਪਿਆਸੇ ਨੂੰ ਹੀ ਆਪ ਖੂਹ ਦੇ ਕੋਲ ਜਾਣਾ ਪੈਂਦਾ ਹੈ। ਆਪਣੀ ਤੇ ਕੌਮ ਦੀ ਹਾਲਤ ਵੇਖ ਕੇ, ਸਾਨੂੰ ਆਪਣੇ ਅੰਦਰ ਇੱਕ ਬੈਚੇਨੀ ਪੈਦਾ ਕਰਨੀ ਪਵੇਗੀ। ਬਾਣੀ ਦੇ ਅਥਾਹ ਸਮੁੰਦਰ ਵਿੱਚੋਂ ਜੀਵਨ ਜਾਚ ਤੇ ਬ੍ਰਹਮ ਗਿਆਨ ਦੇ ਅਨਮੋਲ ਮੋਤੀ ਚੁਗਣ ਲਈ ਆਪ ਚੁੱਭੀ ਮਾਰਨੀ ਪਵੇਗੀ।ਗੁਰੂ ਸਾਹਿਬ ਜੀ ਵੀ ਸਾਨੂੰ ਸਾਵਧਾਨ ਕਰਦੇ ਹਨ ਕਿ ਜਿਵੇਂ ਦਰਿਆ ਦੇ ਕੰਢੇ ’ਤੇ ਬਾਹਰ ਬੈਠਿਆਂ ਪਾਣੀ ਦੀ ਸ਼ੀਤਲਤਾ ਭਾਵ ਪਾਣੀ ਦੇ ਗੁਣਾਂ ਦਾ ਅਹਿਸਾਸ ਨਹੀਂ ਹੋ ਸਕਦਾ, ਤਿਵੇਂ ਹੀ ਗਿਆਨ ਦੀਆਂ ਗੱਲਾਂ ਨਿਰੀਆਂ ਕਹਿਣ ਸੁਣਨ ਨਾਲ ਕੁਝ ਨਹੀਂ ਬਣਦਾ:
ਮਰਣ ਮੁਕਤਿ ਗਤਿ; ਸਾਰ ਨ ਜਾਨੈ ॥ ਕੰਠੇ ਬੈਠੀ; ਗੁਰ ਸਬਦਿ ਪਛਾਨੈ ॥ (ਮ: ੧/੧੨੭੫)

ਆਪਣੇ ਤੇ ਆਪਣੀ ਕੌਮ ਦੇ ਭਲੇ ਲਈ ਆਉ! ਹੰਭਲਾ ਮਾਰੀਏ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਬੱਚਿਆਂ ਸਮੇਤ ਆਪ ਪੜ੍ਹਨਾ ਸਿੱਖੀਏ ਤੇ ਵਿਚਾਰੀਏ ਤਾਂਕਿ ਸਾਡੇ ਪਾਠੀ ਵੀਰ ਵੀ ਅਸਲ ਵਿੱਚ ਦਸਾਂ ਨਹੁੰਆਂ ਨਾਲ ਧਰਮ ਦੀ ਸੱਚੀ ਕਿਰਤ ਕਰ ਸਕਣ।

ਧੰਨਵਾਦ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top