Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ ਦੀ ਸੱਭ ਤੋਂ ਵੱਧ ਬੇਅਦਬੀ ਅਸੀਂ ਸਿੱਖ ਹੀ ਕਰਦੇ ਹਾਂ !
-: ਹਰਲਾਜ ਸਿੰਘ ਬਹਾਦਰਪੁਰ
191018
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ ਪਿੰਨ ਕੋਡ :-151501
ਫੋਨ ਨੰਬਰ :- 9417023911

ਗੁਰਬਾਣੀ ਦਾ ਸਿਧਾਂਤ, ਅਜੋਕੇ ਸਿੱਖ ਅਤੇ ਕੁੱਝ ਆਪਣੇ ਵਾਰੇ

ਜਦੋਂ ਮੈਂ (ਹਰਲਾਜ ਸਿੰਘ ਨੇ) 1990 ਵਿੱਚ ਅੰਮ੍ਰਿਤ ਛੱਕਿਆ (ਖੰਡੇ ਦੀ ਪਾਹੁਲ ਲਈ) ਸੀ, ਉਦੋਂ ਦਿਮਾਗ ਵਿੱਚ ਇਹੀ ਸੋਚ ਹੁੰਦੀ ਸੀ ਕਿ ਹਿੰਦੂ ਅਤੇ ਮੁਸਲਿਮ ਧਰਮਾਂ ਵਿੱਚ ਤਾਂ ਨਿਰਾ ਪਖੰਡ ਹੈ, ਜੇ ਸਹੀ ਹੈ ਤਾਂ ਸਿਰਫ ਸਿੱਖ ਧਰਮ ਹੀ ਸਹੀ ਹੈ।

ਸ਼ੁਰੂ ਵਿੱਚ ਦਮਦਮੀ ਟਕਸਾਲ ਦੀਆਂ ਪੁਸਤਕਾਂ ਗੁਰਬਾਣੀ ਪਾਠ ਦਰਸ਼ਨ ਆਦਿ ਪੜ੍ਹੀਆਂ, ਟਕਸਾਲ ਦੀ ਮਰਯਾਦਾ ਨਿਭਾਉਣੀ ਸ਼ੁਰੂ ਕੀਤੀ, ਸਵੇਰੇ ਪੰਜ ਬਾਣੀਆਂ ਦਾ ਨਿਤਨੇਮ, ਸ਼ਾਮ ਨੂੰ ਰਹਿਰਾਸ, ਸੋਹਿਲਾ ਸਾਹਿਬ ਦਾ ਪਾਠ, ਉਸ ਸਮੇ ਸਹੀਦ ਹੁੰਦੇ ਸਿੰਘਾਂ ਦੇ ਨਮਿੱਤ ਚੌਪਈ ਸਾਹਿਬ ਦੇ ਪਾਠ ਕਰਨੇ, ਸੰਤਾਂ ਦੇ ਦਿਵਾਨਾ ਵਿੱਚ ਹਾਜਰੀਆਂ ਭਰਨੀਆਂ। ਫਿਰ 1995 ਵਿੱਚ ਇੱਕ ਦੋਸਤ ਪ੍ਰੇਰ ਕੇ ਅਖੰਡ ਕੀਰਤਨੀ ਜੱਥੇ ਵਿੱਚ ਲੈ ਗਿਆ, ਫਿਰ ਬਿਬੇਕੀ ਸਿੰਘ ਬਣ ਗਏ, ਢਾਈ ਕੁ ਸਾਲ ਰੋਜਾਨਾ ਠੰਡੇ ਪਾਣੀ ਨਾਲ ਕੇਸ਼ੀ ਇਸ਼ਨਾਨ ਕਰਨਾ, ਨਿਤਨੇਮ ਦੀਆਂ ਬਾਣੀਆਂ ਤੋਂ ਇਲਾਵਾ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਨਾ, ਲੋਹੇ ਦੇ ਭਾਂਡੇ ਵਰਤਣੇ, ਆਮ ਕਿਸੇ ਦੇ ਹੱਥੋਂ ਰੋਟੀ ਪਾਣੀ ਨਾ ਛੱਕਣਾ ਆਦਿ ਕਰਮ ਕਾਂਡ ਕੀਤੇ।

ਫਿਰ 2000 ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਯੁਨਿਟ ਕਾਇਮ ਕੀਤਾ। ਇਸ ਤੋਂ ਬਾਅਦ ਸਿੱਖ ਮਿਸ਼ਨਰੀ ਕਾਲਜ ਲੁਧਿਆਣੇ ਨਾਲ ਜੁੜਿਆ, ਘਰ ਬੈਠ ਕੇ ਦੋ ਸਾਲਾ ਕੋਰਸ ਕੀਤਾ, ਜਿਸ ਨਾਲ ਮਨ ਵਿੱਚੋਂ ਟਕਸਾਲ ਅਤੇ ਅਖੰਡ ਕੀਰਤਨੀ ਜੱਥਾ ਤਾਂ ਨਿਕਲ ਗਿਆ ਪਰ ਅੰਧ ਵਿਸ਼ਵਾਸ ਨਹੀਂ ਗਿਆ, ਫਿਰ ਅਕਾਲ ਤਖਤ ਦੀ ਮਰਯਾਦਾ ਅਤੇ ਹੁਕਮਨਾਮੇ ਨੂੰ ਪਵਿੱਤਰ ਮੰਨ ਕੇ, ਜੱਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਜਾਰੀ ਹੁਕਮਨਾਮੇ ਅਨੁਸਾਰ ਸਾਧਾਂ ਦੇ ਡੇਰਿਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਰੋਕਣ ਲਈ 2002 ਵਿੱਚ ਡੇਰੇਦਾਰ ਸਾਧਾਂ ਨਾਲ ਲੜਨਾ ਸ਼ੁਰੂ ਕੀਤਾ, ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦੇ ਪ੍ਰਕਾਸ ਬੰਦ ਕਰਵਾਏ।

ਸਪੋਕਸਮੈਨ ਮਾਸਿਕ ਨਾਲ ਤਾਂ 2001 ਤੋਂ ਹੀ ਜੁੜੇ ਹੋਏ ਸੀ, ਦਸੰਬਰ 2005 ਵਿੱਚ ਸਪੋਕਸਮੈਨ ਰੋਜਾਨਾ ਅਖਵਾਰ ਦੇ ਰੂਪ ਵਿੱਚ ਸ਼ੁਰੂ ਹੋ ਗਿਆ, ਫਿਰ ਸਿੱਖ ਕੌਮ ਦੀ ਸੇਵਾ ਮੰਨ ਕੇ ਸਪੋਕਸਮੈਨ ਦੀ ਸੇਵਾ ਸ਼ੁਰੂ ਕੀਤੀ, ਜੋ ਚਾਰ ਸਾਲ ਅੰਧ ਭਗਤ ਬਣ ਕੇ ਨਿਭਾਈ। ਸਾਧਾਂ ਵੱਲੋਂ ਦਲਿਤਾਂ ਨਾਲ ਕੀਤੇ ਜਾਂਦੇ ਮਾੜੇ ਵਿਹਾਰ ਦੀਆਂ ਖਬਰਾਂ ਲਾਈਆਂ, ਸਾਧਾਂ ਨੇ ਕੇਸ ਦਰਜ ਕਰਵਾਏ, ਸਪੋਕਸਮੈਨ ਦੀ ਪੱਤਰਕਾਰੀ ਛੱਡਣ ਤੋਂ ਬਾਅਦ ਸੰਮਣ ਆਏ, ਅਦਾਲਤਾਂ ਵਿੱਚ ਇਕੱਲੇ ਨੇ ਪੇਸ਼ੀਆਂ ਭੁਗਤੀਆਂ, ਵਕੀਲਾਂ ਦੀਆਂ ਫੀਸਾਂ ਦਿੱਤੀਆਂ, ਸਮਾਂ ਅਤੇ ਪੈਸਾ ਬਰਬਾਦ ਕੀਤਾ। ਇੱਥੋਂ ਵੀ ਕਾਫੀ ਕੁੱਝ ਸਿੱਖਣ ਨੂੰ ਮਿਲਿਆ, ਅਕਾਲ ਤਖਤ ਦੇ ਹੁਕਮਨਾਮੇ (ਜਿੰਨਾ ਦੀ ਸਮਝ ਤਾਂ ਸਾਧਾਂ ਨਾਲ ਲੜਦੇ ਸਮੇ ਹੀ ਆ ਗਈ ਸੀ) ਅਤੇ ਦਸਮ ਗ੍ਰੰਥ, ਗੁਰ ਬਿਲਾਸ ਪਾਤਸਾਹੀ ਛੇਵੀਂ ਆਦਿ ਦੀ ਅਸਲੀਅਤ ਵਾਰੇ ਵੀ ਪਤਾ ਲੱਗ ਗਿਆ। ਦਸੰਬਰ 2009 ਵਿੱਚ ਸਪੋਕਸਮੈਨ ਦੀ ਅਸਲੀਅਤ ਵੀ ਸਾਹਮਣੇ ਆ ਗਈ, ਫਿਰ ਇਹ ਵੀ ਦਿਮਾਗ ਵਿੱਚੋਂ ਨਿਕਲ ਗਿਆ। ਫਿਰ ਸਮਝ ਆਈ ਕਿ ਮਨਾ ਇਹ ਸੱਭ ਸਮਝਦਾਰ ਦੁਕਾਨਦਾਰਾਂ ਦੀਆਂ ਦੁਕਾਨਾ ਹਨ, ਆਪਾਂ ਤਾਂ ਇਹਨਾ ਦੁਕਾਨਾ ਦਾ ਸੌਦਾ ਹਾਂ, ਇਸ ਤੋਂ ਵੱਧ ਕੁੱਝ ਵੀ ਨਹੀਂ ਹਾਂ।

ਜੋ ਦਿਮਾਗ ਵਿੱਚ ਇਹ ਸੋਚ ਸੀ ਕਿ ਹਿੰਦੂ ਅਤੇ ਮੁਸਲਿਮ ਧਰਮਾਂ ਵਿੱਚ ਤਾਂ ਨਿਰਾ ਪਖੰਡ ਹੈ, ਜੇ ਸਹੀ ਹੈ ਤਾਂ ਸਿਰਫ ਸਿੱਖ ਧਰਮ ਹੀ ਸਹੀ ਹੈ, ਇਹ ਗੱਲ ਵੀ ਜਾਂਦੀ ਰਹੀ। ਹੁਣ ਨਾ ਤਾਂ ਸਿੱਖ ਧਰਮ ਦੇ ਵਧੀਆ/ਉਤਮ ਹੋਣ ਦਾ ਮਾਣ ਹੈ, ਨਾ ਹਿੰਦੂ, ਮੁਸਲਿਮ ਆਦਿ ਧਰਮਾਂ ਦੇ ਗਲਤ ਹੋਣ ਦਾ ਗਿਲਾ ਹੈ।

ਜਦੋਂ ਦੇ ਕਹੇ ਜਾਂਦੇ ਦਸਮ ਗ੍ਰੰਥ ਦੇ ਦਰਸ਼ਨ ਹੋਏ ਹਨ ਉਦੋਂ ਤੋਂ ਅੱਖਾਂ ਹੋਰ ਵੀ ਖੁਲ ਗਈਆਂ, ਹੁਣ ਜਿੰਨੀ ਕੁ ਸਮਝ ਆਈ ਹੈ, ਉਸ ਅਨੁਸਾਰ ਜਿੰਨਾ ਹਿੰਦੂ ਦੇਵੀ ਦੇਵਤਿਆਂ ਨੂੰ ਨਫਰਤ ਦੀ ਨਜਰ ਨਾਲ ਵੇਖਦਾ ਸੀ ਉਨ੍ਹਾਂ ਦਾ ਤਰਸ 'ਤੇ ਪਿਆਰ ਆਉਣ ਲੱਗ ਗਿਆ । ਹੁਣ ਸੋਚਦਾ ਹਾਂ ਕਿ ਮਨਾ ਹਿੰਦੂ ਦੇਵੀ ਦੇਵਤਿਆਂ ਦਾ ਇਤਹਾਸ (ਮਿਥਿਹਾਸ) ਹਜਾਰਾਂ ਸਾਲ ਪੁਰਾਣਾ ਤੇ ਪੁਜਾਰੀਆਂ ਦੇ ਕਬਜੇ ਵਿੱਚ ਹੈ ਇਸ ਨਾਲ ਕਿੰਨੀਆਂ ਬੇਇੰਸਾਫੀਆਂ ਹੋਈਆਂ ਹੋਣਗੀਆਂ। ਕਿਉਂਕਿ ਜਦੋਂ ਕੁੱਝ ਕੁ ਸਦੀਆਂ ਪਹਿਲਾਂ ਹੋਏ ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਕਿੰਨੀਆਂ ਗੱਪ ਕਹਾਣੀਆਂ, “ਕਹਾਣੀਆਂ ਵੀ ਉਹ ਜੋ ਉਨ੍ਹਾਂ ਦੀ ਸੋਚ (ਗੁਰਬਾਣੀ) ਦੇ ਵਿਰੁੱਧ ਹਨ” ਜੋੜ ਦਿੱਤੀਆਂ ਗਈਆਂ ਹਨ ਤਾਂ ਫਿਰ ਉਹਨਾਂ ਹਜਾਰਾਂ/ਲੱਖਾਂ ਸਾਲ ਪਹਿਲਾਂ ਆਏ ਕਹੇ ਜਾਂਦੇ ਦੇਵੀ ਦੇਵਤਿਆਂ ਨਾਲ ਕੀ ਕੁੱਝ ਵਾਪਰਿਆ/ਜੋੜਿਆ ਗਿਆ ਹੋਵੇਗਾ। ਕਿਸੇ ਵੀ ਰਹਿਬਰ ਦੇ ਇਸ ਦੁਨੀਆਂ ਤੋਂ ਚਲੇ ਜਾਣ ਬਾਅਦ ਕੁੱਝ ਹੀ ਸਮੇ ਮਗਰੋਂ ਜੋ ਉਸ ਦੇ ਪੈਰੋਕਾਰ ਹੁੰਦੇ ਹਨ, ਉਹ ਪੁਜਾਰੀ ਹੀ ਹੁੰਦੇ ਹਨ ਜੋ ਉਸ ਦੇ ਪਦ ਚਿੰਨ੍ਹਾਂ ਤੇ ਚਲਣ ਦੀ ਵਜਾਏ ਉਸ ਦੇ ਪ੍ਰਚਾਰਕ ਹੀ ਹੁੰਦੇ ਹਨ, ਬੱਸ ਫਿਰ ਇਹ ਪੁਜਾਰੀ ਸੱਭ ਨਾਲ ਉਵੇਂ ਹੀ ਕਰਦੇ ਹਨ ਅਤੇ ਕਰਦੇ ਆਏ ਹਨ ਜਿਵੇਂ ਅੱਜ ਵੀ ਕਰ ਰਹੇ ਹਨ । ਜਿਵੇਂ ਕਿ ਬਾਬੇ ਨਾਨਕ ਜੀ ਬਾਰੇ ਦੱਸਣ ਲਈ, ਕਿ ਉਹ ਕਿਹੋ ਜਿਹੇ ਸਨ, ਉਹਨਾ ਦੀ ਸਹੀ ਪਹਿਚਾਣ ਗੁਰਬਾਣੀ ਨੂੰ ਛੱਡ ਕੇ ਨਵੇਂ ਘੜੇ ਗਏ ਪਾਤਰ ਬਾਲੇ ਵਾਲੀ ਸਾਖੀ ਹੀ ਮੁੱਖ ਇਤਹਾਸ ਬਣ ਗਈ, ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰੀ ਭਰੇ ਇਤਹਾਸ ਦੀ ਥਾਂ ਕਾਲਪਨਿਕ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ), ਗੁਰ ਬਿਲਾਸ ਪਾਤਸਾਹੀ ਛੇਵੀਂ ਅਤੇ ਸੂਰਜ ਪ੍ਰਕਾਸ ਵਰਗੀਆਂ ਪੁਸਤਕਾਂ ਨੂੰ ਸੱਚਾ ਇਤਹਾਸ ਬਣਾ ਧਰਿਆ । ਜਿਸ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਮੁੱਖ ਵਿੱਚ ਜਿੱਥੇ ਹਿੰਦੂ ਮਿਥਿਹਾਸ ਅਤੇ ਕਹਾਣੀਆਂ ਦਾ ਗੰਦ ਪਾਇਆ ਗਿਆ, ਉੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਸਵਾ ਦੇ ਡੇਰੇ ਜਾਂਦਾ ਵੀ ਵਿਖਾ ਦਿੱਤਾ ਗਿਆ ਹੈ । ਇਸ ਸਬੰਧ ਵਿੱਚ ਸਿਰਫ ਇੱਕ ਵੰਨਗੀਆਂ ਹੀ ਪੇਸ ਕਰਾਂਗਾ । ਗੁਰੂ ਜੀ ਨੂੰ ਵੇਸਵਾ ਦੇ ਡੇਰੇ ਭੇਜਣਾਂ -: ਚਲਯੋ ਧਾਰਿ ਆਤੀਤ ਕੋ ਭੇਸ ਰਾਈ ॥ ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ ॥

ਚਲਯੋ ਸੋ ਤਤਾ ਕੇ ਫਿਰਯੋ ਨਾਹਿ ਫੇਰੇ ॥ ਧਸਯੋ ਜਾਇਕੈ ਵਾ ਤ੍ਰਿਯਾ ਕੇ ਸੁ ਡੇਰੇ ॥ (ਅਖੌਤੀ ਦਸਮ ਗ੍ਰੰਥ ਪੰਨਾ ਨੰ: 838) ਫਿਰ ਗੁਰੂ ਗੋਬਿੰਦ ਸਿੰਘ ਜੀ ਤੋਂ ਉਸੇ ਵੇਸਵਾਂ ਨੂੰ ਵੀਹ ਹਜਾਰ ਟਕੇ ਛਿਮਾਹੀ ਦੇ ਦਿਵਾ ਦਿੱਤੇ :- ਛਿਮਾ ਕਰਹੁ ਤ੍ਰਿਯਹ ਮੈਂ ਬਹੁਰਿ ਨ ਕਰਯਿਹੁ ਰਾਂਧਿ ॥ ਬੀਸ ਸਹੰਸਰ ਟਕਾ ਤਿਸ ਦਈ ਛਿਮਾਹੀ ਬਾਂਧਿ ॥ (ਅਖੌਤੀ ਦਸਮ ਗ੍ਰੰਥ ਪੰਨਾ ਨੰ: 844) ਕਿਸੇ ਨੇ ਪੂਰੀ ਕਹਾਣੀ ਪੜਨੀ ਹੋਵੇ ਪੰਨਾ ਨੰਬਰ ਲਿਖ ਦਿੱਤੇ ਹਨ ਉਹ ਅਖੌਤੀ ਦਸਮ ਗ੍ਰੰਥ ਵਿਚੋਂ ਪੜ ਸਕਦਾ ਹੈ ।

ਆਹ ਕੁੱਝ ਪੜ੍ਹ ਕੇ ਪਤਾ ਲੱਗਿਆ ਕਿ ਜਿਹੜੇ ਪੁਜਾਰੀ (ਲਿਖਾਰੀ) ਗੁਰੂ ਗੋਬਿੰਦ ਸਿੰਘ ਜੀ ਨੂੰ ਵੇਸਵਾ ਦੇ ਡੇਰੇ ਭੇਜ ਸਕਦੇ ਹਨ, ਉਹੀ ਕ੍ਰਿਸਨ ਭਗਵਾਨ ਤੋਂ ਤਲਾਅ ਵਿੱਚ ਨਹਾਉਂਦੀਆਂ ਕੁੜੀਆਂ ਦੇ ਕੱਪੜੇ ਵੀ ਚੁੱਕਾ ਸਕਦੇ ਹਨ। ਸਮਝ ਆਈ ਕਿ ਦੁਨੀਆਂ ਉਤੇ ਪੁਜਾਰੀਆਂ ਵੱਲੋਂ ਬਣਾਇਆ ਕੋਈ ਵੀ ਧਰਮ ਜਾਂ ਕੌਮ ਉਤਮ ਨਹੀਂ ਹੁੰਦੀ। ਜੋ ਵੀ ਧਰਮ ਜਾਂ ਕੌਮਾਂ ਬਣੀਆਂ ਹਨ ਉਹ ਬਣਦੀਆਂ ਤਾਂ ਸੱਚ ਦਾ ਹੋਕਾ ਦੇਣ ਵਾਲੇ ਸੱਚੇ ਰਹਿਬਰਾਂ ਦੇ ਨਾਮ ਤੇ ਹੀ ਹਨ, ਪਰ ਬਣਾਈਆਂ ਉਹਨਾ ਦੇ ਕਹੇ ਜਾਂਦੇ ਪੈਰੋਕਾਰਾਂ ਪੁਜਾਰੀਆਂ ਨੇ ਹੀ ਹੁੰਦੀਆਂ ਹਨ। ਕਿਉਂਕਿ ਸੱਚ ਦੇ ਆਸ਼ਕਾਂ, ਰਹਿਬਰਾਂ ਦਾ ਕੋਈ ਧਰਮ ਜਾਂ ਕੌਮ ਨਹੀਂ ਹੁੰਦੀ, ਉਹ ਤਾਂ ਸਮੁੱਚੀ ਲੋਕਾਈ ਨੂੰ ਇੱਕ ਪਿਤਾ ਦੀ ਸੰਤਾਨ ਮੰਨਦੇ ਹਨ ਅਤੇ ਉਹਨਾ ਸਾਰਿਆਂ ਦਾ ਧਰਮ (ਸੱਚ) ਵੀ ਇੱਕ ਹੀ ਹੁੰਦਾ ਹੈ। ਜਿਸ ਦਾ ਧਰਮ ਜਾਂ ਕੌਮ ਵੱਖਰੀ ਹੈ ਉਹ ਸਮੇ ਦੇ ਪੁਜਾਰੀਆਂ ਵੱਲੋਂ ਬਣਾਇਆ ਹਿੰਦੂ, ਮੁਸਲਿਮ, ਸਿੱਖ ਜਾਂ ਇਸਾਈ ਆਦਿ ਤਾਂ ਹੋ ਸਕਦਾ ਹੈ ਪਰ ਉਹ ਸਮੁੱਚੀ ਮਨੁੱਖਤਾ ਦਾ ਸੱਚਾ ਧਰਮ ਨਹੀਂ ਹੋ ਸਕਦਾ। ਮੇਰੇ ਲਈ ਸਾਰੇ ਧਰਮ ਇੱਕ ਬਰਾਬਰ ਹਨ ਕੋਈ ਉਤਮ ਜਾਂ ਮੱਧਮ ਨਹੀਂ ਹੈ। ਮੈ ਕਿਸੇ ਹਿੰਦੂ, ਮੁਸਲਿਮ, ਸਿੱਖ ਜਾਂ ਇਸਾਈ ਆਦਿ ਦਾ ਵਿਰੋਧੀ ਵੀ ਨਹੀਂ ਹਾਂ ਅਤੇ ਸੱਚਾ ਤੇ ਮਨੁੱਖਤਾ ਦਾ ਧਰਮ ਵੀ ਕਿਸੇ ਨੂੰ ਨਹੀਂ ਮੰਨਦਾ। ਕਿਉਂਕਿ ਸੱਚਾ ਧਰਮ ਤਾਂ ਸਿਰਫ ਇੱਕ ਹੀ ਹੈ ਇੰਨਸਾਨੀਅਤ, ਚੰਗੇ ਕਰਮ ਕਰਨੇ, ਰੱਬੀ ਅਸੂਲ, ਕੁਦਰਤ ਦਾ ਨਿਯਮ ਜੋ ਕਹੇ ਜਾਂਦੇ ਸਾਰੇ ਦੇਸਾਂ, ਧਰਮਾਂ, ਫਿਰਕਿਆਂ ਲਈ ਇੱਕਸਾਰ ਹੈ, ਉਹੀ ਸੱਚਾ ਤੇ ਉਤਮ ਧਰਮ ਹੈ। ਹੋਰ ਧਰਮਾਂ ਵਾਰੇ ਤਾਂ ਮੈਨੂੰ ਕੋਈ ਜਾਣਕਾਰੀ ਨਹੀਂ ਹੈ, ਪਰ ਗੁਰਬਾਣੀ ਪੜ ਕੇ ਜੋ ਜਾਣਕਾਰੀ ਮਿਲੀ ਹੈ, ਉਸ ਤੋਂ ਲੱਗਦਾ ਹੈ ਕਿ ਗੁਰਬਾਣੀ ਦੀ ਵਿਰੋਧਤਾ ਜਿੰਨੀ ਅਜੋਕੀ ਸਿੱਖ ਕੌਮ ਖੁਦ ਕਰ ਰਹੀ ਹੈ ਉਨੀ ਕੋਈ ਵਿਰੋਧੀ ਮੱਤ ਵਾਲਾ ਵੀ ਨਹੀਂ ਕਰ ਸਕਦਾ। ਵੇਖਣ ਸੁਣਨ ਵਿੱਚ ਤਾਂ ਬਹੁਤ ਕੁੱਝ ਹੈ, ਪਰ ਕੁੱਝ ਕੁ ਉਦਾਰਣਾ ਦੇਵਾਂਗਾ ਜੋ ਸੱਭ ਦੇ ਸਾਹਮਣੇ ਹਨ ਅਤੇ ਜਿੰਨਾ ਵਾਰੇ ਹੋਰ ਵੀ ਵੀਰ ਬਹੁਤ ਕੁੱਝ ਮੇਰੇ ਨਾਲੋਂ ਵੱਧ ਜਾਣਦੇ ਹਨ।

ਬਾਬੇ ਨਾਨਕ ਜੀ ਅਤੇ ਹੋਰ ਭਗਤਾਂ (ਜਿੰਨਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ) ਨੇ ਉਸ ਸਮੇਂ ਦੇ ਪਰਚਲਤ ਹਿੰਦੂ ਅਤੇ ਮੁਸਲਿਮ ਧਰਮਾਂ ਦੇ ਪੁਜਾਰੀਆਂ ਨੂੰ ਰੱਬ ਦੇ ਨਾਮ ਕੀਤੇ ਜਾ ਰਹੇ ਧਾਰਮਿਕ ਕਰਮ ਕਾਂਢਾਂ ਵਾਰੇ ਉਹਨਾ ਦੇ ਧਾਰਮਿਕ ਅਸਥਾਨਾ ਉੱਤੇ ਜਾ ਕੇ ਟੋਕ ਦਿਆਂ ਕਿਹਾ ਸੀ ਕਿ ਤੁਸੀਂ ਗਲਤ ਕਰ ਰਹੇ ਹੋਂ, ਰੱਬ ਦੇ ਨਾਮ ਤੇ ਲੋਕਾਈ ਨੂੰ ਮੂਰਖ ਬਣਾ ਕੇ ਲੁੱਟ ਰਹੇ ਹੋਂ, ਇਹ ਧਰਮ ਨਹੀਂ ਹੈ ਤੁਸੀਂ ਧਰਮ ਦੇ ਨਾਮ ਤੇ ਪਾਖੰਡ ਕਰ ਰਹੇ ਹੋਂ। ਪਰ ਸਦਕੇ ਜਾਈਏ ਪੁਜਾਰੀ ਦੀ ਸੋਚ ਤੋਂ, ਜਿਸ ਨੇ ਆਪਣਾ ਭੇਖ ਬਦਲ ਕੇ -: ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ।(ਪੰਨਾ ਨੰਬਰ 477) ਦਾ ਹੋਕਾ ਦੇਣ ਵਾਲੇ ਬਾਬੇ ਨਾਨਕ ਜੀ ਦੇ ਨਾਮ ਤੇ ਹੀ ਇੱਕ ਹੋਰ ਨਵਾਂ ਧਰਮ ਖੜਾ ਕਰਕੇ, ਬਾਬੇ ਨਾਨਕ ਜੀ ਦੇ ਵਿਰੁੱਧ ਬਾਬੇ ਨਾਨਕ ਜੀ ਦੇ ਨਾਮ ਤੇ ਬਣੇ ਧਾਰਮਿਕ ਅਸਥਾਨਾਂ ਵਿੱਚ ਉਹੀ ਕੁੱਝ ਕਰਨਾ ਸ਼ੁਰੂ ਕਰ ਦਿੱਤਾ ਜਿਸ ਦਾ ਬਾਬੇ ਨਾਨਕ ਜੀ ਅਤੇ ਹੋਰ ਭਗਤਾਂ ਨੇ ਡੱਟ ਕੇ ਵਿਰੋਧ ਕੀਤਾ ਸੀ। ਜਿਵੇਂ ਕਿ ਥਾਲ ਵਿੱਚ ਦੀਵੇ ਬਾਲ ਕੇ ਹਿੰਦੂ ਮਤਿ ਅਨੁਸਾਰ ਹੋ ਰਹੀ ਆਰਤੀ ਦਾ ਖੰਡਨ ਕਰਦਿਆਂ ਬਾਬਾ ਨਾਨਕ ਜੀ ਨੇ ਕਿਹਾ ਸੀ -:
ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ । ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ।…। (ਪੰਨਾ ਨੰਬਰ 13) ਅਤੇ
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮ ਤੇਰੋ ਤੇਲੁ ਲੇ ਮਾਹਿ ਪਸਾਰੇ। (ਪੰਨਾ ਨੰਬਰ 694) ਦਾ ਸੰਦੇਸ ਦੇਣ ਵਾਲੇ ਭਗਤ ਰਵਿਦਾਸ ਜੀ ਦੇ ਨਾਮ ਤੇ ਬਣੇ ਮੰਦਰਾਂ ਵਿੱਚ ਇਹੀ ਸ਼ਬਦ ਪੜਦਿਆਂ ਥਾਲਾਂ ਵਿੱਚ ਦੀਵੇ ਬਾਲ਼ ਕੇ ਆਰਤੀਆਂ ਕੀਤੀਆਂ ਜਾ ਰਹੀਆਂ ਹਨ। ਬਾਬੇ ਨਾਨਕ ਜੀ ਦੇ ਸਿੱਖ ਗੁਰੂ ਘਰਾਂ ਵਿੱਚ ਆਰਤੀ ਦਾ ਖੰਡਨ ਕਰਨ ਵਾਲਾ ਇਹੀ ਸ਼ਬਦ ਪੜਦਿਆਂ ਥਾਲ ਵਿੱਚ ਦੀਵੇ ਵਾਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆਰਤੀਆਂ ਕਰ ਰਹੇ ਹਨ। ਮਨੁੱਖਤਾ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਗੁਰੂ ਦੇ ਦਰਬਾਰ ਵਿੱਚ ਹਨੇਰ ਪਾਉਂਦਿਆਂ ਹੁਣ ਸ੍ਰੋਮਣੀ ਕਮੇਟੀ 26 ਅਕਤੂਬਰ ਨੂੰ ਗੁਰੂ ਰਾਮਦਾਸ ਜੀ ਦੇ ਗੁਰ ਪੁਰਬ ਮੌਕੇ ਚਾਰ ਲੱਖ ਦੀਵਾ ਬਾਲ਼ ਕੇ ਗੁਰੂ ਦੇ ਸਿਧਾਂਤ ਦਾ ਧੂਆਂ ਕੱਢਣ ਜਾ ਰਹੀ ਹੈ। ਜਿਉਂਦੇ ਮਾਂ ਪਿਓ ਦੀ ਸੰਭਾਲ ਨਾ ਕਰਨੀ ਮਰਨ ਤੋਂ ਬਾਅਦ ਉਹਨਾ ਦੇ ਨਮਿਤ ਬ੍ਰਾਹਮਣਾ ਨੂੰ ਭੋਜਨ ਛਕਾਉਣਾ ਅਤੇ ਭੰਡਾਰੇ ਕਰਨ ਦਾ -: ਜੀਵਤ ਪਿਤਰ ਨ ਮਾਨੈ ਕੋਊ ਮੂਏ ਸਿਰਾਧ ਕਰਾਹੀ। ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ। (ਪੰਨਾ ਨੰਬਰ 332) ਦੇ ਸ਼ਬਦ ਰਾਹੀ ਖੰਡਨ ਕਰਨ ਵਾਲੇ ਗੁਰੂ ਦੇ ਸਿੱਖ (ਅਸੀਂ) ਜਿਉਂਦੇ ਮਾਂ ਪਿਉਆਂ ਨੂੰ ਛੱਡ ਕੇ ਡੇਰਿਆਂ ਵਿੱਚ ਸੇਵਾ ਵੀ ਕਰਦੇ ਹਾਂ, ਇਹੀ ਸ਼ਬਦ ਪੜਦੇ ਹੋਏ ਮ੍ਰਿਤਕ ਪ੍ਰਾਣੀਆਂ ਨਮਿੱਤ ਭੰਡਾਰੇ ਵੀ ਕਰਦੇ ਹਾਂ ਅਤੇ ਬ੍ਰਾਹਮਣਾਂ ਨੂੰ ਜਾਂ ਬ੍ਰਾਹਮਣਾਂ ਦੀ ਦੀ ਥਾਂ ਸਿੱਖਾਂ ਨੂੰ ਸਿਰਾਧਾਂ ਵਿੱਚ ਭੋਜਨ ਵੀ ਛਕਾਉਦੇ ਹਾਂ। ਸੱਚ ਦੇ ਜਿਸ ਗੁਰੂ ਦਰਬਾਰ ਵਿੱਚ ਅਸੀਂ (ਸਿੱਖ) ਜਿੱਥੇ ਬੈਠ ਕੇ -: ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨਣਹਾਰ। (ਪੰਨਾ ਨੰਬਰ 468) ਦੇ ਸ਼ਬਦ ਰਾਹੀਂ ਨਾਸਵੰਤ ਛਲ ਰੂਪ ਵਿਖਾਵੇ ਦਾ ਖੰਡਨ ਕਰਨ ਵਾਲੇ ਸਬਦਾਂ ਦਾ ਕੀਰਤਨ ਕਰਦੇ ਹਾਂ, ਉਸੇ ਗੁਰੂ ਦੇ ਦਰਬਾਰ ਨੂੰ ਹੀ ਅਸੀਂ (ਸਿੱਖਾਂ) ਨੇ ਸੁਇਨੇ ਵਿੱਚ ਮੜ੍ਹ ਦਿੱਤਾ ਹੈ, ਅਤੇ ਦਰਬਾਰ ਦੇ ਵਿੱਚ ਸੁਇਨੇ ਦੀਆਂ ਕਹੀਆਂ, ਚਾਂਦੀ ਦੇ ਬੱਠਲਾਂ ਨੂੰ ਰੱਖ ਕੇ ਸੱਚ ਦੇ ਦਰਬਾਰ ਵਿੱਚ ਸਰੇਆਮ ਕੂੜ ਦਾ ਪ੍ਰਦਰਸਨ ਕਰਦੇ ਹਾਂ।

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ। ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ। ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ। (ਪੰਨਾ ਨੰਬਰ 476) ਦਾ ਹੋਕਾ ਦੇਣ ਵਾਲੇ ਗੁਰੂ ਦੇ ਸਿੱਖ ਕਹਾਉਣ ਵਾਲੇ ਅਸੀਂ (ਸਿੱਖਾਂ) ਨੇ ਗੁਰੂਆਂ ਦੀਆਂ ਤਸਵੀਰਾਂ ਬਣਾ ਕੇ ਉਹਨਾ ਦੇ ਸਿਰ ਤੇ ਮਾਲ਼ਾ, ਗਲ਼ ਵਿੱਚ ਮਾਲ਼ਾ ਅਤੇ ਹੱਥ ਵਿੱਚ ਵੀ ਮਾਲ਼ਾ ਫੜਾ ਦਿੱਤੀ ਹੈ ਅਤੇ ਆਪ ਵੀ ਖੁਦ ਬੜੀ ਸ਼ਾਨ ਨਾਲ ਮਾਲ਼ਾ ਫੇਰਦੇ ਹਾਂ । ਕਿਸੇ ਮੂਰਤੀ ਤੇ ਚੜਾਉਣ ਲਈ ਕੁੱਝ ਕੁ ਫੁੱਲ ਪਤੀਆਂ ਤੋੜਨ ਵਾਲੀ ਮਾਲਨ ਨੂੰ ਟੋਕਦਿਆਂ ਭਗਤ ਕਬੀਰ ਜੀ ਨੇ ਕਿਹਾ ਸੀ -: ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ। ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ।1। ਭੂਲੀ ਮਾਲਨੀ ਹੈ ਏਉ। ਸਤਿਗੁਰ ਜਾਗਤਾ ਹੈ ਦੇਉ।(ਪੰਨਾ ਨੰਬਰ 479) ਪਰ ਅੱਜ ਭਗਤ ਕਬੀਰ ਜੀ ਦੇ ਪੈਰੋਕਾਰ ਕਹਾਉਣ ਵਾਲੇ ਅਸੀਂ (ਸਿੱਖ), ਕਰੋੜਾਂ ਰੁਪਏ ਦੇ ਫੁੱਲ ਉਸ ਦਰਬਾਰ ਤੇ ਸਜਾ ਰਹੇ ਹਾਂ ਜਿਸ ਦੇ ਵਿੱਚ ਬੈਠ ਕੇ ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ। ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ।1। ਭੂਲੀ ਮਾਲਨੀ ਹੈ ਏਉ। ਸਤਿਗੁਰ ਜਾਗਤਾ ਹੈ ਦੇਉ। ਦਾ ਸ਼ਬਦ ਪੜਦੇ ਹਾਂ । ਮੂਰਤੀਆਂ ਨੂੰ ਭੋਗ ਲਵਾਉਣ ਦਾ ਖੰਡਨ ਕਰਦਿਆਂ ਭਗਤ ਕਬੀਰ ਜੀ ਨੇ ਕਿਹਾ ਸੀ -: ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ। ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ।(ਪੰਨਾ ਨੰਬਰ 479) ਪਰ ਮੂਰਤੀਆਂ ਨੂੰ ਭੋਗ ਲਵਾਉਣ ਤੇ ਹਿੰਦੂਆਂ ਨੂੰ ਪਖੰਡੀ ਕਹਿਣ ਵਾਲੇ ਅਸੀਂ (ਸਿੱਖ) ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ।ਦਾ ਸੰਦੇਸ਼ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਭੋਗ ਲਵਾ ਰਹੇ ਹਾਂ, ਹੈ ਕੋਈ ਰੋਕਣ ਵਾਲਾ।

ਕੋਠੇ 'ਤੇ ਚੜ ਕੇ ਊਚੀ ਅਵਾਜ ਵਿੱਚ ਦੁ ਕੁ ਮਿੰਟ ਦੀ ਦਿੱਤੀ ਗਈ ਬਾਂਗ ਲਈ ਕਾਜੀ ਨੂੰ ਟੋਕਦਿਆਂ ਭਗਤ ਕਬੀਰ ਜੀ ਨੇ ਕਿਹਾ ਸੀ -: ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ। ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ। ( ਪੰਨਾ ਨੰਬਰ 1374) ਪਰ ਅੱਜ ਭਗਤ ਕਬੀਰ ਜੀ ਦੇ ਪੈਰੋਕਾਰ ਕਹਾਉਣ ਵਾਲੇ ਅਸੀਂ (ਸਿੱਖ), ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ। ਦਾ ਸੰਦੇਸ ਦੇਣ ਲਈ ਗੁਰੂ ਘਰ ਦੇ ਸਿਖਰ ਚਾਰ-ਚਾਰ ਸਪੀਕਰ ਲਾ ਕੇ ਦੋ ਘੰਟੇ ਕਿਸੇ ਨੂੰ ਕੰਨ ਪਾਈ ਨੀ ਸੁਣਨ ਦਿੰਦੇ। ਇਹ ਕੁੱਝ ਕੁ ਸ਼ਬਦਾਂ ਦੇ ਹਵਾਲੇ ਹਨ, ਅਜਿਹੇ ਅਨੇਕਾਂ ਸ਼ਬਦ ਹਨ ਜਿੰਨਾ ਦੇ ਉਲਟ ਅਸੀ ਗੁਰੂ ਘਰਾਂ ਵਿੱਚ ਸ਼ਰੇਆਮ ਕਰਮ ਕਾਂਢ ਕਰਦੇ ਹਾਂ, ਫਿਰ ਕੀ ਅਸੀਂ ਸਿੱਖ ਹਾਂ ? ਕੀ ਗੁਰਬਾਣੀ ਦੇ ਵਿਰੁੱਧ ਅਜਿਹਾ ਕੁੱਝ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਨਹੀਂ ਕਰ ਰਹੇ ? ਮੈਨੂੰ ਤਾਂ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਭ ਤੋਂ ਵੱਧ ਬੇਅਦਵੀ ਅਸੀਂ ਸਿੱਖ ਹੀ ਕਰਦੇ ਹਾਂ, ਪਰ ਸਾਡੀਆਂ ਸੰਪਰਦਾਈ ਜਾਂ ਫਿਰਕੂ ਲੜਾਈਆਂ ਕਾਰਨ ਜਾਂ ਪਾਗਲਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਵੀਆਂ ਦੀਆਂ ਘਟਨਾਵਾਂ ਨਾਲ ਸਾਡੇ ਹਿਰਦੇ ਵਿਲੂੰਦਰੇ ਜਾਂਦੇ ਹਨ।

ਉੱਝ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪਾਂ ਦੇ ਸੰਸਕਾਰ ਦੀ ਸੇਵਾ ਦੇ ਨਾਮ ਹੇਠ ਅਣਗਿਣਤ ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਖੁਦ ਅਗਨ ਭੇਟ ਕਰ ਚੁੱਕੇ ਹਾਂ। ਜੇ ਦੁਸ਼ਮਣ ਕਿਸੇ ਬਹਾਨੇ ਸਾਡੇ ਗੁਰੂ ਘਰ ਨੂੰ ਢਾਹ ਦੇਵੇ ਤਾਂ ਉਸ ਨੂੰ ਜਾਨ ਤੋਂ ਮਾਰ ਦੇਣ ਤੋਂ ਬਾਅਦ ਵੀ ਉਸ ਦਾ ਦੋਸ਼ ਨਾ ਬਖਸਣ ਯੋਗ, ਨਾ ਭੁਲਣ ਯੋਗ ਹੁੰਦਾ ਹੈ, ਜੇ ਕਾਰ ਸੇਵਾ ਦੇ ਨਾਮ ਤੇ ਅਸੀਂ ਬਿਨਾ ਕਿਸੇ ਕਾਰਨ ਦੇ ਹੀ ਅਨੇਕਾਂ ਪੁਰਾਤਨ ਵਿਰਾਸਤਾਂ ਨੂੰ ਢਾਹ ਦੇਈਏ ਤਾਂ ਅਸੀਂ ਫਿਰ ਵੀ ਗੁਰੂ ਕੇ ਸੇਵਾਦਾਰ ਹੀ ਰਹਿੰਦੇ ਹਾਂ ? ਅਫਸੋਸ ਹੈ ਕਿ ਵਿਰਲੇ ਸਿੱਖਾਂ ਨੂੰ ਛੱਡ ਕੇ ਅੱਜ ਪੂਰੀ ਕੌਮ ਗੁਰਬਾਣੀ ਦੀ ਥਾਂ ਗੁਰਬਾਣੀ ਦੇ ਵਿਰੋਧੀ ਪੁਜਾਰੀ ਤੋਂ ਸੇਧ ਲੈ ਕੇ ਚੱਲ ਰਹੀ ਹੈ ਅਤੇ ਗੁਰਬਾਣੀ ਦੇ ਵਿਰੋਧ ਕਰਨ ਨੂੰ ਹੀ ਗੁਰਮਤਿ ਦਾ ਪ੍ਰਚਾਰ ਦੱਸ ਰਹੀ ਹੈ। ਇਹ ਸਨ ਮੇਰੇ, ਗੁਰਬਾਣੀ ਦਾ ਸਿਧਾਂਤ, ਅਜੋਕੇ ਸਿੱਖ ਅਤੇ ਕੁੱਝ ਆਪਣੇ ਵਾਰੇ ਵਿਚਾਰ ਜੋ ਕੁੱਝ ਕੁ ਨੂੰ ਚੰਗੇ ਅਤੇ ਬਹੁਤਿਆਂ ਨੂੰ ਮੰਦੇ ਵੀ ਲੱਗਣਗੇ, ਕੋਈ ਗੱਲ ਨਹੀਂ ਕਿਉਂਕਿ ਮੇਰੇ ਵਾਂਗ ਸੱਭ ਨੂੰ ਆਪੋ ਆਪਣੀ ਮੱਤ ਹੀ ਚੰਗੀ ਲੱਗਦੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਰਿਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਰਿਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top