ਗੁਰਦੁਆਰਾ ਸਾਹਿਬ ਸੈਨਹੋਜੇ ਕੈਲੀਫੋਰਨੀਆ (ਅਮਰੀਕਾ) ਵਿਚ ਅਜਕਲ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਲੈ ਕੇ ਜੋ ਵਿਵਾਦ ਚਲ ਰਿਹਾ ਹੈ ਉਹ ਸਿੱਖ ਕੌਮ
ਲੲੀ ਬਹੁਤ ਹੀ ਨੂੰਕਸਾਨ ਦੇਹ ਹੈ । ਇਹ ਲੜਾਈ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ
ਸਤਿਕਾਰ ਜਾਂ ਕਿਸੇ ਕੌਮੀ ਕਾਰਜ ਖਾਤਰ ਨਹੀਂ ਲੜੀ ਜਾ ਰਹੀ, ਬਲਕਿ ਕੇ ਦੋ ਵੱਖ ਵੱਖ ਧੜਿਆਂ
ਦੀ ਸਥਾਪਤੀ ਲਈ ਲੜੀ ਜਾ ਰਹੀ ਹੈ ।
ਜੇਕਰ ਸੰਪਰਦਾਈ ਧੂਤਿਆਂ ਨੇ ਜ਼ਮੀਨੀ ਪੱਧਰ 'ਤੇ ਗੁਰਦੁਆਰਿਆਂ ਦਾ ਮਹੌਲ ਗੰਧਲਾ ਕੀਤਾ ਹੋਇਆ
ਹੈ, ਤਾਂ ਅਪਗ੍ਰੇਡ ਧੂਤਿਆਂ ਨੇ ਇਲੈਕਟਰੌਨਿਕ ਮਾਧਿਅਮ ਰਾਂਹੀ ਗੁੰਡਾਗਰਦੀ ਵਾਲਾ ਮਾਹੌਲ
ਬਣਾਇਆ ਹੋਇਆ ਹੈ । ਇਨ੍ਹਾਂ ਨੇ ਹਰ ਇਕ ਪੰਥਿਕ ਵਿਦਵਾਨ ਅਤੇ ਪ੍ਰਚਾਰਕ ਨੂੰ ਆਪਣੇ
ਇਲੈਕਟਰੌਨਿਕ ਸਾਧਨਾ ਰਾਂਹੀ ਰਜ ਕੇ ਜਲੀਲ ਕੀਤਾ ਹੈ । ਕਈਆਂ ਦਾ ਚਰਿੱਤਰਘਾਤ ਕੀਤਾ ਹੈ ।
ਕੀ ਇਹ ਇਲੈਕਟਰੌਨਿਕ ਬੁਰਸ਼ਾਗਰਦੀ ਨਹੀਂ ?? ਕੇ.ਪੀ. ਐਸ ਗਿੱਲ
ਵਰਗੇ ਬੁਚੜਾਂ ਦੀ ਪ੍ਰਸੰਸਾ ਕਰਣੀ ਕਿਹੜੀ ਕਿਸੇ ਗੁੰਡਾਗਰਦੀ ਨਾਲੋ ਘੱਟ ਆ? ਕੇ.
ਪੀ. ਐਸ ਗਿਲ ਨੇ ਕੀ ਇਕੱਲੇ ਟਕਸਾਲੀ ਹੀ ਮਾਰੇ ਸਨ ? ਦੂਸਰੇ ਪਾਸੇ ਇਹ ਵੀ ਕਹੀ ਜਾਂਦੇ ਹਨ
ਕੇ ਹਰਨਾਮ ਸਿੰਘ ਧੂਮੇ ਨੇ ਕੇ. ਪੀ. ਐਸ ਗਿਲ ਨੂੰ ਮਹਿਤੇ ਸਦ ਕੇ ਸਨਮਾਨਿਤ ਕੀਤਾ ਸੀ ।
ਪਹਿਲਾਂ ਇਹ ਤਾਂ ਫੈਸਲਾ ਕਰ ਲਵੋ ਕੇ ਕੇ.ਪੀ.ਐਸ ਗਿਲ ਟਕਸਾਲੀ ਸੀ ਜਾਂ ਉਸਨੇ ਟਕਸਾਲੀ ਮਾਰੇ
।
ਅਪਗ੍ਰੇਡ ਧੂਤਿਆਂ ਵਿੱਚ ਕੁਝ ਲੋਕ ਉਹ ਵੀ ਸ਼ਾਮਲ ਹਨ
ਜੋ ਇਕ ਪਾਸੇ ਤਾਂ ਭਾਈ ਰਣਜੀਤ ਸਿੰਘ ਦੀਆਂ ਤਾਰਾਂ ਪਟਿਆਲੇ ਦੇ ਮੋਤੀ ਮਹਿਲ ਨਾਲ ਜੋੜਦੇ
ਹਨ । ਦੂਸਰੇ ਪਾਸੇ ਸਪੋਟ ਇਸ ਕਰਕੇ ਕਰਦੇ ਹਨ ਕੇ ਕਿਉਂਕਿ ਉਹ ਟਕਸਾਲ ਦੇ ਖਿਲਾਫ ਬੋਲਦਾ ।
ਇਸੇ ਤਰਾਂ ਸੰਪਰਦਾਈ ਧੂਤਿਆਂ ਵਿੱਚ ਵੀ ਉਹ ਲੋਕ ਸ਼ਾਮਲ ਹਨ ਜੋ ਹਰਨਾਮ ਸਿੰਘ ਧੁੰਮੇ ਨੂੰ
ਸਰਕਾਰੀ ਦਲਾਲ ਦਸਦੇ ਹਨ । ਪਰ ਭਾਈ ਰਣਜੀਤ ਸਿੰਘ ਦਾ ਵਿਰੋਧ ਕਰਣ ਲਈ ਉਹ ਵੀ ਧੁੰਮੇ ਕਿਆ
ਨਾਲ ਇਕਮਿਕ ਹੋ ਜਾਂਦੇ ਹਨ । ਇਹ ਸਭ ਆਪੋ ਆਪਣੀ ਸਥਾਪਤੀ ਲਈ ਲੜ ਰਹੇ ਹਨ । ਇਸ ਵਿਚ ਖਾਲਸਾ
ਪੰਥ ਕਿਥੇ ਹੈ ?? ਇਹ ਕੋਈ ਪੰਥਿਕ ਕਦਰਾ ਕੀਮਤਾਂ ਦੀ ਲੜਾਈ ਨਹੀਂ ਹੈ ।
ਪੰਜ ਅਕਤੂਬਰ ਦੀ ਸਵੇਰ ਨੂੰ ਭਾਈ ਰਣਜੀਤ ਸਿੰਘ ਢੱਡਰੀਆਂ
ਵਾਲਿਆਂ ਦੀ ਇਕ ਵੀਡਿਉ ਸੁਣਨ ਨੂੰ ਮਿਲੀ ਜੋ ਕੇ ਗੁਰਦੁਆਰਾ ਸਾਹਿਬ ਸੈਨਹੋਜੇ
ਵਿੱਚ ਹੋ ਰਹੇ ਸਮਾਗਮਾਂ ਬਾਬਤ ਸੀ । ਉਸ ਵਿਚ ਭਾਈ ਸਾਬ ਕਹਿ ਰਹੇ ਸਨ ਕੇ ਸੈਨਹੋਜੇ ਦੀ
ਸੰਗਤ ਸਾਨੂ ਸੁਣਨਾ ਚਾਹੁੰਦੀ ਹੈ ਇਸ ਲਈ ਪ੍ਰਬੰਧਿਕ ਸਾਨੂ ਬਲਾਉਂਦੇ ਹਨ ।
ਭਾਈ ਰਣਜੀਤ ਸਿੰਘ ਜੀ, ਸੈਨਹੋਜੇ ਸ਼ਹਿਰ ਦੀ ਸੰਗਤ ਤਾਂ ਪ੍ਰੋ.
ਦਰਸ਼ਨ ਸਿੰਘ ਖਾਲਸਾ, ਭਾਈ ਪੰਥਪ੍ਰੀਤ ਸਿੰਘ ਖਾਲਸਾ, ਪ੍ਰੋ. ਇੰਦਰ ਸਿੰਘ ਘੱਗਾ ਅਤੇ ਭਾਈ
ਸਰਬਜੀਤ ਸਿੰਘ ਧੂੰਦਾ ਨੂੰ ਵੀ ਸੁਣਨਾ ਚਾਹੁੰਦੀ ਹੈ, ਫਿਰ ਪ੍ਰਬੰਧਿਕ ਉੁਨ੍ਹਾਂ ਨੂੰ ਕਿਉਂ
ਨਹੀਂ ਬੁਲਾਉਂਦੇ ? ਭਾਈ ਸਾਬ ਕਿਉਂ ਝੂਠ ਬੋਲ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ
ਹੋ । ਭਾਈ ਰਣਜੀਤ ਸਿੰਘ ਜੀ ਆਪ ਜੀ ਨੇ ਇਹ ਵੀ ਕਿਹਾ ਕੇ ਅਗਰ ਮੈਂ ਗਲਤ ਪ੍ਰਚਾਰ ਕਰਾਂ
ਤਾਂ ਕੋਈ ਵੀ ਸੂਝਵਾਨ ਸਿੱਖ ਮੈਨੂੰ ਦੱਸ ਸਕਦਾ ਹੈ, ਮੈਂ ਆਪਣੀ ਗਲਤੀ ਸੁਧਾਰ ਲਵਾਂਗਾ ।
ਪਰ ਸਿੰਘ ਨਾਦ ਰੇਡਿਉ ਤੋਂ ਬੜੇ ਹੀ ਸੁਹਿਰਦ ਤਰੀਕੇ ਨਾਲ ਆਪ ਜੀ ਤੋਂ ਅਨੇਕਾਂ ਵਾਰ ਗੁਰਮਤਿ
ਨਾਲ ਸਬੰਧਿਤ ਤੁਹਾਡੀਆਂ ਗਲਤੀਆਂ 'ਤੇ ਸਵਾਲ ਪੁਛੇ ਗਏ ਸੀ, ਪਰ ਤੁਸੀਂ ਅਜਤਕ ਕੋਈ ਜਵਾਬ
ਨਹੀਂ ਦਿਤਾ । ਪ੍ਰੋ. ਦਰਸ਼ਨ ਸਿੰਘ, ਭਾਈ ਅਵਤਾਰ ਸਿੰਘ ਮਿਸ਼ਨਰੀ ਸੇਧਾਂ, ਗਿਆਨੀ ਸਿੰਘ ਵਰਗੇ
ਗੁਰਸਿੱਖਾਂ ਨੇ ਤੁਹਾਨੂ ਗੁਰਬਾਣੀ ਦੀਆਂ ਦਲੀਲਾ ਦੇ ਕੇ ਤੁਹਾਡੇ ਨਾਲ ਕੁਝ ਵਿਚਾਰ ਚਰਚਾ
ਕਰਣੀ ਚਾਹੀ, ਪਰ ਤੁਸੀ ਅਜਤਕ ਕਿਸੇ ਵੀ ਵਿਚਾਰ ਦਾ ਜਵਾਬ ਨਹੀਂ ਦਿਤਾ । ਫਿਰ ਵੀਡਿਉ ਬਣਾ
ਬਣਾ ਕੇ ਸੱਚੇ ਹੋਣ ਦਾ ਢੰਡੋਰਾ ਕਿਉਂ ਪਿੱਟ ਰਹੇ ਹੋ ? ਕੁਦਰਤ ਵਾਲੇ ਰੱਬ ਬਾਬਤ ਇਹ ਸਵਾਲ
ਵੀ ਸਾਹਮਣੇ ਆਏ ਸਨ .......
ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ ਤੇਰੀ
ਕੁਦਰਤਿ ਕਹਣੁ ਨ ਜਾਈ ॥ ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ - ਅੰਕ ੪੪੨
ਇਸ ਵਿੱਚ ਤੇਰੀ ਪੜਨਾਂਵ ਕਿਸ ਲਈ ਵਰਤਿਆ ਹੈ ? ਪਾਰਬ੍ਰਹਮ,
ਸੁਆਮੀ ਕਿਸ ਨੂੰ ਕਿਹਾ ਹੈ।
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ
॥ ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ - ਅੰਕ ੪੬੪
ਇਸ ਵਿੱਚ ਕਾਦਰ, ਕਰਤਾ ਅਤੇ ਤੇਰੀ ਕੀ ਹਨ ਅਤੇ ਕੌਣ ਹਨ?
ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ
॥ ਵਡਹੰਸ ਅਲਾਹਣੀਆ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਕ ੫੮੧
ਇਸ ਵਿੱਚ ਸੋ ਸਾਹਿਬ ਕੌਣ ਹੇ ਜੀ?
ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ
॥ ਰਹਾਉ ॥ ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਕ ੬੨੪
ਮੇਰਾ ਗੋਵਿੰਦੁ ਕਿਸ ਨੂੰ ਕਿਹਾ ਹੈ ਜੀ। "ਤੇਰੀ" ਪੜਨਾਵ ਕਿਸ ਲਈ ਵਰਤਿਆ ਹੈ?
ਕੁਦਰਤਿ ਕਾਦਰ ਕਰਣ ਕਰੀਮਾ ॥ ਮਾਰੂ ਸੋਲਹੇ (ਮਃ ੫)
ਗੁਰੂ ਗ੍ਰੰਥ ਸਾਹਿਬ - ਅੰਕ ੧੦੮੪
ਇਸ ਵਿੱਚ ਕਾਦਰ ਕਾਉਣ ਹੈ ਜੀ?
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਪ੍ਰਭਾਤੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਕ ੧੩੪੯
ਅਲਹ ਕੌਣ ਹੈ ਜੀ? ( ਕਾਪੀ ਪੇਸਟ ਚਮਕੌਰ ਸਿੰਘ ਜੀ )
ਜਿਵੇਂ ਪੰਜਾਬ ਵਿਚ ਲੋਕ ਹੁਣ ਬਾਦਲ ਦਾ
"ਹਿੰਦੂ ਸਿੱਖ ਏਕਤਾ" ਵਾਲਾ ਸਿਆਸੀ ਪੱਤਾ ਸਮਝ ਚੁੱਕੇ ਹਨ, ਇਸੇ ਤਰਾਂ ਭਾਈ ਰਣਜੀਤ ਸਿੰਘ
ਜੀ ਹੁਣ ਤੁਸੀਂ ਵੀ ਸਿੱਖਾਂ ਨੂੰ ਹੋਰ ਮੁਰਖ ਨਹੀਂ ਬਣਾ ਸਕਦੇ ਮਿੱਠੀਆਂ ਮਿੱਠੀਆਂ ਜਜਬਾਤੀ
ਵਿਚਾਰਾਂ ਨਾਲ ।
ਕਈ ਵਾਰ ਕਿਸੇ ਗੁਰਦੁਆਰੇ ਵਾਲਿਆਂ ਨਾਲ ਜਦੋਂ ਕਿਤੇ ਸੰਪਰਕ ਹੋਵੇ ਉਹ ਕਹਿਣਗੇ ! ਭਾਈ ਸਾਬ
ਕੋਈ ਪ੍ਰਚਾਰਕ ਤਾਂ ਦਿਉ ਬੁਲਾ ਕੇ । ਅਗਿਉ ਕਹੀ ਦਾ ! ਭਾਈ ਸਾਬ ਲਾਉ ਟਿਕਟ ਅਜ ਹੀ ਪੰਜਾਬ
ਤੋਂ ਬੁਲਾ ਦਿੰਦੇ ਹਾਂ । ਫਿਰ ਇਕਦਮ ਕਹਿਣਗੇ ਕੋਈ ਕਾਹਲੀ ਨਹੀਂ ਜਦੋਂ ਕੋਈ ਤੁਹਾਡੇ ਕੋਲ
ਆਇਆ ਹੋਇਆ ਦਸਿਉ । ਆਮ ਗੁਰਦੁਆਰਿਆ ਦਾ ਇਹ ਹਾਲ ਹੈ । ਪਰ ਮੈਂ ਸੋਚ ਰਿਹਾ ਸੀ ਕਿ ਭਾਈ
ਰਣਜੀਤ ਸਿੰਘ ਹੁਣੀ ਆਪਣਾ ਦਸਾਂ ਬਾਰਾਂ ਬੰਦਿਆਂ ਦਾ ਜੱਥਾ ਲੈ ਕੇ ਹਰ ਦੂਜੇ ਮਹੀਨੇ ਅਮਰੀਕਾ
ਪਹੁੰਚ ਜਾਂਦੇ ਹਨ, ਆਉਂਦੇ ਵੀ ਸ਼ਾਇਦ ਫਸਟ ਕਲਾਸ ਵਿੱਚ ਹੋਣ।
ਫਿਰ ਇਨ੍ਹਾਂ ਦੀਆਂ ਟਿਕਟਾ ਦਾ ਪ੍ਰਬੰਧ ਕੌਣ ਕਰਦਾ ? ਕਿਹੜੀ ਤਾਕਤ ਹੈ ਜੋ ਇਕ ਪ੍ਰਚਾਰਕ
ਦੀਆਂ ਟਿਕਟਾਂ 'ਤੇ ਲੱਖਾਂ ਹੀ ਡਾਲਰ ਖਰਚ ਰਹੀ ਹੈ ? ਇਹ ਇਕ ਅਹਿਮ ਸਵਾਲ ਹੈ ਜੋ
ਸਾਰੇ ਸਿੱਖਾਂ ਨੂੰ ਸੋਚਣਾ ਚਾਹੀਦਾ ਹੈ ।
ਜਿਵੇਂ ਪਿਛਲੀ ਲਿਖਤ ਵਿਚ ਵਿਚਾਰ ਕਰ ਚੁੱਕੇ ਹਾਂ ਕੇ ਭਾਈ ਰਣਜੀਤ ਸਿੰਘ ਹੁਣ ਕਚੀਆ
ਕਵਿਤਾਵਾਂ ਪੜ ਕੇ ਨਵੀਆਂ ਪਿਰਤਾਂ ਪਾਉਣ ਦੀ ਗਲ ਕਰ ਰਿਹਾ ਹੈ ।
ਜਿਵੇਂ ਕਾਨਾ, ਪੀਲੂ, ਛੱਜੂ, ਸ਼ਾਹ ਹੁਸੈਨ ਆਪੋ ਆਪਣੀ ਕੱਚੀਆਂ
ਪਿੱਲੀਆਂ ਕਵਿਤਾਵਾਂ ਲੈ ਕੇ ਗੁਰੂ ਅਰਜਨ ਸਾਹਿਬ ਜੀ ਕੋਲ ਆਏ ਸਨ, ਨਵੀਆਂ ਪਿਰਤਾ ਪਾਉਣ।
ਪਰ ਗੁਰੂ ਜੀ ਨੇ ਉਸੇ ਵਖਤ ਉਨ੍ਹਾਂ ਦੀਆਂ ਰਚਨਾਵਾਂ ਦੀ ਖੋਜ ਪੜਤਾਲ ਕਰਕੇ ਉਨ੍ਹਾਂ
ਨੂੰ ਬੇਰੰਗ ਵਾਪਸ ਮੁੜ ਦਿਤਾ ਜਿਥੋਂ ਉਹ ਆਏ ਸਨ । ਪਰ ਅਫਸੋਸ ਅਜ ਉਸੇ ਗੁਰੂ ਦੇ ਸਿੱਖ ਅਖਵਾਉਣ
ਵਾਲੇ ਇਨ੍ਹਾਂ ਕੱਚੀਆਂ ਕਵਿਤਾਵਾਂ ਨੂੰ ਉਸੇ ਗੁਰੂ ਦੀ ਹਜੂਰੀ ਵਿਚ ਗਾ ਕੇ ਨਵੀਆਂ ਪਿਰਤਾਂ
ਪਾਉਣ ਦੀ ਇਜਾਜਤ ਦੇ ਰਹੇ ਹਨ ।
ਕੋਈ ਸਮਾਂ ਸੀ ਜਦੋਂ "ਸਿੰਘ ਸਭਾ ਲਹਿਰ" ਨੇ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਸਿੱਖ
ਸਮਾਜ ਅੰਦਰ ਪ੍ਰਚਾਰ ਪ੍ਰਸਾਰ ਕੇ ਸਮਾਜ ਵਿੱਚ ਨਵੀਆਂ ਪਿਰਤਾਂ ਪਾਈਆਂ ਸਨ । ਉਨ੍ਹਾਂ ਬਿਪਰੀ
ਰੀਤਾਂ ਵਿੱਚ ਗੁਆਚ ਚੁੱਕੀ ਮਨੁੱਖਤਾ ਨੂੰ ਮੁੜ ਗੁਰੂ ਗਿਆਨ ਦੇ ਸੂਰਜ ਨਾਲ ਆਬਾਦ ਕੀਤਾ ਸੀ
। ਪਰ ਅਜ ਉਹੀ ਸਿੰਘ ਸਭਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿਚ ਚਿਮਟਾ ਕੁੱਟ ਕਲਚਰ
ਨੂੰ ਪ੍ਰਮੋਟ ਕਰ ਰਹੀਆਂ ਹਨ । ਰੰਗੀ ਬਰੰਗੀਆਂ ਟਿਊਨਾਂ 'ਤੇ
ਖੜਕਦੇ ਢੋਲਕ ਚਿਮਟੇ, ਕਵਿਤਾਵਾਂ ਦੀਆਂ ਧਾਰਨਾਵਾਂ ਉਨ੍ਹਾਂ ਨੂੰ ਗੁਰਬਾਣੀ ਦਾ ਗਿਆਨ ਜਾਪਦਾ
ਹੈ ।