Share on Facebook

Main News Page

ਸੰਘ ਦੀਆਂ ਮਾਰੂ ਨੀਤੀਆਂ ਨੂੰ ਠੱਲ੍ਹ ਪਾਉਣ ਦਾ ਇੱਕੋ ਉਪਾਅ : ਮਹਾਂ ਗਠਜੋੜ ਦਾ ਗਠਨ
-: ਕਿਰਪਾਲ ਸਿੰਘ ਬਠਿੰਡਾ
88378-13661
300918

ਬ੍ਰਾਹਮਣਵਾਦ ਨੇ ਆਪਣੀ ਸਰਦਾਰੀ ਕਾਇਮ ਰੱਖਣ ਲਈ ਮੰਨੂ ਸਿਮਰਿਤੀ ਰਾਹੀਂ ਭਾਰਤੀ ਲੋਕਾਂ ਨੂੰ ਵਰਣਾਂ ਅਤੇ ਜਾਤਾਂ ਵਿੱਚ ਵੰਡ ਕੇ ਖ਼ੂਬ ਲਤਾੜਿਆ ਅਤੇ ਲੁੱਟਿਆ । ਖਾਸ ਕਰ ਕੇ ਸ਼ੂਦਰਾਂ, ਜਿਨ੍ਹਾਂ ਨੂੰ ਅੱਜ ਕੱਲ੍ਹ ਦਲਿਤ ਕਿਹਾ ਜਾਂਦਾ ਹੈ; ਨੂੰ ਪਸ਼ੂਆਂ ਨਾਲੋਂ ਵੀ ਭੈੜੀ ਜਿੰਦਗੀ ਜਿਉਣ ਲਈ ਮਜਬੂਰ ਕਰ ਦਿੱਤਾ।

ਇਸ ਦਾ ਵਿਸਥਾਰ ਸਹਿਤ ਵਰਨਣ ਪ੍ਰੋ: ਗੁਰਨਾਮ ਸਿੰਘ ਮੁਕਤਾਰ ਨੇ ਆਪਣੀ ਪੁਸਤਕ “ਭਾਰਤੀ ਲੋਕ ਨੀਚ ਕਿਵੇਂ ਬਣੇ” ਵਿੱਚ ਹਿੰਦੂ ਧਰਮ ਦੇ ਹੀ ਪੁਰਾਣਾਂ ਅਤੇ ਸਿਮਰਿਤੀਆਂ ਦੇ ਹਵਾਲੇ ਦੇ ਕੇ ਕੀਤਾ ਹੈ। ਮੁਸਲਮਾਨਾਂ ਪ੍ਰਤੀ ਆਰ.ਐੱਸ.ਐੱਸ. ਦੇ ਫ਼ਿਲਾਸਫਰ ਤੇ ਸਰਸੰਘ ਚਾਲਕ ਐੱਮ.ਐੱਸ. ਗੋਲਵਲਕਰ ਆਪਣੀ ਪੁਸਤਕ ‘We are Nationhood defined. ਵੀ ਆਰ ਨੇਸ਼ਨਹੁੱਡ ਡਿਫਾਈਂਡ’ ਵਿੱਚ ਲਿਖਦੇ ਹਨ: “ਉਹ ਅਸ਼ੁਭ ਦਿਨ ਜਦੋਂ ਮੁਸਲਮਾਨਾਂ ਨੇ ਹਿੰਦੋਸਤਾਨ ਦੀ ਜ਼ਮੀਨ ’ਤੇ ਆਪਣੇ ਪੈਰ ਧਰੇ ਉਦੋਂ ਤੋਂ ਹੁਣ ਤਕ ਇਨ੍ਹਾਂ ਨੂੰ ਲਤਾੜਨ ਲਈ ਹਿੰਦੂ ਰਾਸ਼ਟਰ ਬਹਾਦਰੀ ਨਾਲ ਲੜ ਰਿਹਾ ਹੈ। ਹਿੰਦੂ ਰਾਸ਼ਟਰ ਅਜੇ ਜੇਤੂ ਨਹੀਂ ਹੋਇਆ ਇਸ ਲਈ ਜੰਗ ਜਾਰੀ ਹੈ।” ਆਪਣੀ ਪੁਸਤਕ ‘ਬੰਚ ਆਫ ਥਾਟ’ ਵਿੱਚ ਉਸ ਨੇ ਲਿਖਿਆ ਹੈ: “ਮੁਸਲਮਾਨ ਇਸ ਦੇਸ਼ ਦੇ ਦੁਸ਼ਮਣ ਹਨ, ਇਨ੍ਹਾਂ ਦੇ ਤਾਰ ਪਾਕਿ ਨਾਲ ਜੁੜੇ ਰਹਿੰਦੇ ਹਨ, ਉਹ ਭਾਰਤ ਵਿੱਚ ਕਈ ਹੋਰ ਪਾਕਿਸਤਾਨ ਬਣਾਉਣ ਵਿੱਚ ਜੁਟੇ ਹੋਏ ਹਨ।

ਆਰ.ਐੱਸ.ਐੱਸ. ਵੈਸੇ ਤਾਂ ਜੈਨੀਆਂ, ਬੋਧੀਆਂ, ਸਿੱਖਾਂ, ਈਸਾਈਆਂ ਸਮੇਤ ਸਾਰੇ ਹੀ ਧਰਮਾਂ ਨੂੰ ਸਿਧਾਂਤਕ ਤੌਰ ’ਤੇ ਖੋਰਾ ਲਾ ਕੇ ਉਨ੍ਹਾਂ ਨੂੰ ਹੌਲ਼ੀ ਹੌਲ਼ੀ ਹਿੰਦੂ ਧਰਮ ਵਿੱਚ ਸ਼ਾਮਲ ਕਰ ਕੇ ਹਿੰਦੂ ਰਾਸ਼ਟਰ ਕਾਇਮ ਕਰਨ ਵੱਲ ਵਧ ਰਹੀ ਹੈ ਪਰ 2014 ਜਦੋਂ ਤੋਂ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਹੋਂਦ ਵਿੱਚ ਆਈ ਹੈ ਉਸੇ ਸਮੇਂ ਤੋਂ ਰੋਮੀਓ, ਲਵ ਜਹਾਦ, ਗਊ ਹੱਤਿਆ, ਗਊ ਮਾਸ ਅਤੇ ਰਾਸ਼ਟਰਵਾਦ ਆਦਿਕ ਦੇ ਨਾਮ ’ਤੇ ਜਿਸ ਤਰ੍ਹਾਂ ਪਿਛਲੇ ਸਵਾ ਚਾਰ ਸਾਲਾਂ ਵਿੱਚ ਵਿਸ਼ੇਸ਼ ਤੌਰ ’ਤੇ ਦਲਿਤਾਂ ਅਤੇ ਮੁਸਲਮਾਨਾਂ ਉੱਤੇ ਬੇਰੋਕ ਹਿੰਸਕ ਭੀੜਾਂ ਰਾਹੀਂ ਹਜੂਮੀ ਕਤਲ, ਸਮੂਹਕ ਬਲਾਤਕਾਰ, ਘਰਾਂ ਅਤੇ ਝੁੱਗੀਆਂ ਨੂੰ ਅੱਗ ਲਾ ਕੇ ਪਰਵਾਰਾਂ ਸਮੇਤ ਸਾੜਨ ਵਰਗੀਆਂ ਹਿਰਦੇ ਵੇਦਕ ਅਣਮਨੁੱਖੀ ਕਾਰਵਾਈਆਂ ਕੀਤੀਆਂ ਗਈਆਂ ਹਨ ਇਸ ਤੋਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦੇ ਸਰਕਾਰੀ ਤੰਤਰ ਦੀ ਛਤਰੀ ਹੇਠ ਆਰ.ਐੱਸ.ਐੱਸ. ਆਪਣਾ ਈਜੰਡਾ ਤੇਜੀ ਨਾਲ ਲਾਗੂ ਕਰ ਰਹੀ ਹੈ। ਕੁਦਰਤ ਦਾ ਨਿਯਮ ਹੈ ਕਿ ਜਿਸ ਸਮੇਂ ਜੁਲਮ ਆਪਣੀਆਂ ਸਿਖਰਾਂ ਵੱਲ ਬੇਰੋਕ ਵਧਣਾਂ ਫੁੱਲਣਾਂ ਸ਼ੁਰੂ ਕਰ ਦਿੰਦਾ ਹੈ ਉਸ ਵਿਰੁਧ ਆਵਾਜ਼ ਉੱਠਣੀ ਵੀ ਲਾਜ਼ਮੀ ਹੈ ਅਤੇ ਇਹ ਆਵਾਜ਼ ਪਿਛਲੇ ਸਮੇਂ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵਿਧਾਨ ਸਭਾ ਅਤੇ ਮੱਧ ਕਾਲੀਨ ਚੋਣਾਂ ਦੌਰਾਨ ਭਾਜਪਾ ਦੀ ਕਰਾਰੀ ਹਾਰ ਦੇ ਰੂਪ ਵਿੱਚ ਸੁਣਾਈ ਵੀ ਦੇ ਰਹੀ ਹੈ।

ਇਹ ਵੇਖਿਆ ਗਿਆ ਹੈ ਕਿ ਸਮੁੱਚੇ ਭਾਰਤ ਵਿੱਚ ਐੱਨਡੀਏ ਵਿੱਚ ਸ਼ਾਮਲ ਸਾਰੀਆਂ ਪਾਰਟੀਆਂ ਦੇ ਕੁੱਲ ਵੋਟ ਬੈਂਕ ਨਾਲੋਂ ਵਿਰੋਧੀਆਂ ਪਾਰਟੀਆਂ ਦੇ ਕੁਲ ਵੋਟ ਬੈਂਕ ਦਾ ਜੋੜ ਵੱਧ ਹੈ ਇਸ ਕਾਰਨ ਭਾਜਪਾ ਦੀ ਜਿੱਤ ਦਾ ਇੱਕੋ ਇੱਕ ਰਾਜ਼ ਵਿਰੋਧੀ ਪਾਰਟੀਆਂ ਦਾ ਆਪਸੀ ਤਾਲਮੇਲ ਨਾ ਹੋਣਾ ਹੈ। ਜਿੱਥੇ ਵੀ ਮੁੱਖ ਵਿਰੋਧੀ ਪਾਰਟੀਆਂ ਨੇ ਐੱਨਡੀਏ ਖਿਲਾਫ ਗਠਜੋੜ ਕਰ ਕੇ ਚੋਣਾਂ ਲੜੀਆਂ ਉੱਥੇ ਹੀ ਐੱਨਡੀਏ ਖਾਸ ਕਰ ਕੇ ਭਾਜਪਾ ਨੂੰ ਮੂੰਹ ਦੀ ਖਾਣੀ ਪਈ ਹੈ। ਇਸ ਗਠਜੋੜ ਤੋਂ ਉਤਸ਼ਾਹਤ ਹੋ ਕੇ ਜਿੱਥੇ ਭਾਜਪਾ ਵਿਰੋਧੀ ਪਾਰਟੀਆਂ ਮਹਾਂ ਗਠਜੋੜ ਕਰਨ ਲਈ ਅੱਗੇ ਵਧ ਰਹੀਆਂ ਹਨ ਉੱਥੇ ਆਰ.ਐੱਸ.ਐੱਸ./ਭਾਜਪਾ ਵੀ ਇਸ ਬਣ ਰਹੇ ਗਠਜੋੜ ਤੋਂ ਚਿੰਤਤ ਜਾਪਦੀ ਹੈ। ਇਹੋ ਕਾਰਨ ਹੈ ਕਿ ਸਤੰਬਰ ਮਹੀਨੇ ਵਿੱਚ ਹੋਏ ਇਸ ਦੇ ਤਿੰਨ ਦਿਨਾਂ ਪ੍ਰੋਗਰਾਮ ਵਿੱਚ ਆਰ.ਐੱਸ.ਐੱਸ. ਦੇ ਸੰਚਾਲਕ ਮੋਹਨ ਭਾਗਵਤ ਨੇ ਕਿਹਾ ਕਿ ਆਰ.ਐੱਸ.ਐੱਸ. ਮੁਸਲਮਾਨਾਂ, ਇਸਾਈਆਂ, ਘੱਟ ਗਿਣਤੀਆਂ, ਮੂਲ ਨਿਵਾਸੀਆਂ ਤੇ ਖੱਬੇ ਪੱਖੀਆਂ ਨਾਲ ਨਫ਼ਰਤ ਨਹੀਂ ਕਰਦੀ। ਉਹ ਹੁਣ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ।

ਆਰ.ਐੱਸ.ਐੱਸ. ਮੁਖੀ ਦੇ ਇਸ ਕਥਨ ਤੋਂ ਓਪਰੀ ਨਜ਼ਰੇ ਤਾਂ ਇਹੀ ਜਾਪਦਾ ਹੈ ਕਿ ਸੰਘ ਦੀ ਨੀਤੀ ਵਿੱਚ ਤਬਦੀਲੀ ਆ ਰਹੀ ਹੈ; ਉਹ ਆਪਣੀਆਂ ਪਰੰਪਰਿਕ ਮੂਲ ਧਾਰਨਾਵਾਂ ਵਿੱਚ ਪਰਿਵਰਤਨ ਕਰ ਰਿਹਾ ਹੈ ਪਰ ਜਦੋਂ ਤੱਕ ਇਹ ਗੋਲਵਲਕਰ ਅਤੇ ਆਪਣੀਆਂ ਧਾਰਮਿਕ ਪੁਸਤਕਾਂ ਪੁਰਾਣ/ਸਿਮਰਿਤੀਆਂ ਨੂੰ ਰੱਦ ਨਹੀਂ ਕਰਦੇ; ਉਸ ਸਮੇਂ ਤੱਕ ਮੋਹਨ ਭਾਗਵਤ ਦਾ ਬਿਆਨ ਕਿਸੇ ਦੇ ਸੰਘੋਂ ਹੇਠ ਉਤਰਨਾ ਮੁਸ਼ਕਲ ਹੈ। ਜਿਨ੍ਹਾਂ ਨੇ ਗੁਰਨਾਮ ਸਿੰਘ ਮੁਕਤਸਰ ਦੀਆਂ ਪੁਸਤਕਾਂ ਪੜ੍ਹੀਆਂ ਹਨ ਉਨ੍ਹਾਂ ਲਈ ਤਾਂ ਬੇਸ਼ੱਕ ਮੋਹਨ ਭਾਗਵਤ ਗੋਲਵਲਕਰ ਅਤੇ ਆਪਣੇ ਧਰਮ ਦੀਆਂ ਧਾਰਮਿਕ ਪੁਸਤਕਾਂ ਪੁਰਾਣ/ਸਿਮਰਿਤੀਆਂ ਨੂੰ ਰੱਦ ਕਰਨ ਦਾ ਬਿਆਨ ਵੀ ਦਾਗ ਦੇਵੇ ਤਾਂ ਵੀ ਉਹ ਵਿਸ਼ਵਾਸਯੋਗ ਮੰਨਣਾ ਅਸੰਭਵ ਹੀ ਹੋਵੇਗਾ ਕਿਉਂਕਿ ਬ੍ਰਾਹਮਣਵਾਦ ਲੋੜ ਪੈਣ ’ਤੇ ਆਪਣੇ ਮੂਲ ਸਿਧਾਂਤ ਬਦਲ ਵੀ ਸਕਦਾ ਹੈ ਪਰ ਆਪਣੇ ਵਿਰੋਧੀਆਂ ਲਈ ਉਨ੍ਹਾਂ ਦੀ ਨੀਤੀ ਵਿੱਚ ਕੋਈ ਅੰਤਰ ਨਹੀਂ ਆਉਂਦਾ। ਗੁਰਨਾਮ ਸਿੰਘ ਨੇ ਪੁਰਾਣ/ ਸਿਮਰਿਤੀਆਂ ਦੇ ਹਵਾਲੇ ਦੇ ਕੇ ਲਿਖਿਆ ਹੈ ਕਿ ਪਹਿਲਾਂ ਬ੍ਰਾਹਮਣ ਪੁਜਾਰੀ ਗਊਮੇਧ ਜੱਗਾਂ ਵਿੱਚ ਗਊਆਂ ਦੀ ਬਲੀ ਦਿੰਦੇ ਸਨ ਪਰ ਜਿਸ ਸਮੇਂ ਉਨ੍ਹਾਂ ਦਾ ਧਰਮ ਬੁੱਧ ਤੇ ਜੈਨ ਦੀ ਅਹਿੰਸਾ ਦੇ ਟਾਕਰੇ ਵਿੱਚ ਕਮਜੋਰ ਪੈਣਾ ਸ਼ੁਰੂ ਹੋ ਗਿਆ ਉਸ ਸਮੇਂ ਬ੍ਰਾਹਮਣ ਪੁਜਾਰੀ ਨੇ ਬਲੀ ਦੇਣੀ ਬੰਦ ਕਰ ਕੇ ਗਊ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਬੇਸ਼ੱਕ ਉਸ ਸਮੇਂ ਗਊ ਪ੍ਰਤੀ ਆਪਣੇ ਮੂਲ ਸਿਧਾਂਤ ਨੂੰ ਬਦਲ ਵੀ ਲਿਆ ਪਰ ਅੱਜ ਵੀ ਦਲਿਤਾਂ ਪ੍ਰਤੀ ਉੱਚ ਜਾਤੀਆਂ ਦੇ ਵਿਵਹਾਰ ਵਿੱਚ ਬਹੁਤਾ ਅੰਤਰ ਨਹੀਂ ਆਇਆ ਅਤੇ ਗਊ ਮਾਸ ਦੇ ਨਾਮ ਹੇਠ ਦਲਿਤਾਂ ਅਤੇ ਮੁਸਲਮਾਨਾਂ ’ਤੇ ਤਸ਼ੱਦਦ ਕਿਸੇ ਨਾ ਕਿਸੇ ਰੂਪ ਵਿੱਚ ਨਿਰੰਤਰ ਜਾਰੀ ਹੈ।

ਸੰਘ ਪਰਿਵਾਰ ਮੁਸਲਮਾਨਾਂ ਪ੍ਰਤੀ ਹਮਦਰਦੀ ਦਿਖਾਉਣ ਲੱਗ ਜਾਵੇ ਤਾਂ ਹਰੇਕ ਦੇ ਮਨ ਵਿੱਚ ਸ਼ੱਕ ਹੋਵੇਗਾ? ਰਾਜਨੀਤਕ ਮਾਹਰ ਇਸ ਗੱਲ ਨੂੰ ਪ੍ਰਵਾਨ ਕਰਦੇ ਹਨ ਕਿ ਆਰ.ਐੱਸ.ਐੱਸ. ਵਿੱਚ ਆਈ ਤਬਦੀਲੀ ਦਾ ਕਾਰਨ 2019 ਦੀਆਂ ਚੋਣਾਂ ਹਨ। ਮੌਜੂਦਾ ਦੌਰ ਵਿੱਚ ਮੋਦੀ ਤੇ ਭਾਜਪਾ ਦਾ ਅਕਸ ਡਿੱਗ ਰਿਹਾ ਹੈ। ਹਜੂਮੀ ਹਿੰਸਾ ਇਨ੍ਹਾਂ ਦੇ ਲੋਕ ਆਧਾਰ ਨੂੰ ਖੋਰਾ ਲਗਾ ਰਹੀ ਹੈ। 2014 ਦੀਆਂ ਚੋਣਾਂ ਦੌਰਾਨ ਵਿਦੇਸ਼ਾਂ ਵਿੱਚ ਭਰਿਸ਼ਟ ਆਗੂਆਂ ਤੇ ਕਾਰੋਬਾਰੀਆਂ ਦਾ ਜਮ੍ਹਾਂ ਕਰਵਾਇਆ ਕਾਲ਼ਾ ਧਨ ਵਾਪਸ ਲਿਆ ਕੇ ਹਰ ਭਾਰਤੀ ਨਾਗਰਿਕ ਦੇ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾਂ ਕਰਵਾਉਣ, ਪੈਟ੍ਰੋਲ ਤੇ ਹੋਰ ਜਰੂਰੀ ਵਸਤਾਂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਨੂੰ ਘਟਾ ਕੇ ਮਹਿੰਗਾਈ ਦਰ ਘਟਾਉਣ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ, ਕਿਸਾਨਾਂ ਦੀਆਂ ਜਿਨਸਾਂ ਦੇ ਲਾਹੇਵੰਦ ਭਾਅ ਨਿਸਚਿਤ ਕਰਨ ਲਈ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਲਾਗੂ ਕਰਨ, ਅੱਛੇ ਦਿਨ ਆਉਣ ਆਦਿਕ ਦੇ ਅਨੇਕਾਂ ਦਿਲ ਲੁਭਾਊ ਵਾਅਦਿਆਂ ਵਿੱਚੋਂ ਕੋਈ ਇੱਕ ਵੀ ਵਫਾ ਨਹੀਂ ਹੋਇਆ ਸਗੋਂ ਜਿਹੜਾ ਪੈਟਰੋਲ ਮਨਮੋਹਨ ਸਿੰਘ ਦੇ ਸਮੇਂ 50 ਰੁਪਏ/ਲਿਟਰ ਸੀ ਉਹ ਹੁਣ 90 ਰੁਪਏ/ਲਿਟਰ ਨੂੰ ਪਹੁੰਚ ਚੁੱਕਾ ਹੈ ਅਤੇ ਹਾਲਾਂ ਨਿੱਤ ਦਿਹਾੜੇ ਰੇਟ ਵਧ ਰਹੇ ਹਨ। ਰਫਾਲ ਸੌਦੇ ਨੇ ਇਹ ਵੀ ਜੱਗ ਜ਼ਾਹਰ ਕਰ ਦਿੱਤਾ ਹੈ ਕਿ ਭਾਜਪਾ ਵੱਡੇ ਘਪਲੇ ਕਰਨ ਵਿੱਚ ਵੀ ਕਾਂਗਰਸ ਤੋਂ ਘੱਟ ਨਹੀਂ ਸਗੋਂ ਪੈਰ ਅੱਗੇ ਰੱਖ ਰਹੀ ਹੈ।

ਜਿਨ੍ਹਾਂ ਕਾਰਪੋਰੇਟ ਘਰਾਣਿਆਂ ਤੋਂ ਚੋਣ ਫੰਡਾਂ ਦੇ ਰੂਪ ਵਿੱਚ ਮੋਟੀਆਂ ਰਕਮਾਂ ਪ੍ਰਾਪਤ ਕਰਨੀਆਂ ਹਨ ਉਨ੍ਹਾਂ ਦੇ ਕਾਰੋਬਾਰ ਬੇਹਿਸਾਬਾ ਵਧੇ ਹਨ ਅਤੇ ਗਰੀਬ ਹੋਰ ਗਰੀਬ ਹੋਏ ਹਨ; ਵਿਜੇ ਮਾਲਿਆ ਵਰਗੇ ਬੈਂਕਾਂ ਦਾ ਅਰਬਾਂ ਰੁਪਏ ਲੈ ਕੇ ਵਿਦੇਸ਼ ਦੌੜ ਗਏ ਹਨ ਅਤੇ ਕਿਸਾਨ 5-10 ਲੱਖ ਰੁਪਏ ਦੇ ਕਰਜਿਆਂ ਪਿੱਛੇ ਆਤਮ ਹੱਤਿਆਵਾਂ ਕਰ ਰਹੇ ਹਨ। ਐਸੇ ਕਈ ਹੋਰ ਕਾਰਨ ਹਨ ਜਿਨ੍ਹਾਂ ਸਦਕਾ ਮੋਦੀ ਅੱਜ ਉਸ ਤਰ੍ਹਾਂ ਦੇ ਲੋਕਨਾਇਕ ਵਜੋਂ ਨਹੀਂ ਜਾਣੇ ਜਾਂਦੇ ਜਿਵੇਂ ਉਹ 2014 ਦੀਆਂ ਚੋਣਾਂ ਦੌਰਾਨ ਉੱਭਰੇ ਸਨ। ਪਿਛਲੇ ਸਵਾ ਚਾਰ ਸਾਲਾਂ ਵਿੱਚ ਮੁਸਲਮਾਨਾਂ ਅਤੇ ਦਲਿਤਾਂ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਹੋਇਆ ਹੈ, ਉਹ ਦੋਇਮ ਦਰਜੇ ਵਾਲਾ ਹੈ। ਸੰਘ ਨੂੰ ਤੇ ਮੋਦੀ ਨੂੰ ਮੁਸਲਮਾਨਾਂ ਦੀ ਚਿੰਤਾ ਨਹੀਂ। ਦੇਸ਼-ਵਾਸੀਆਂ ਦਾ ਇੱਕ ਵੱਡਾ ਹਿੱਸਾ ਮੋਦੀ ਸਰਕਾਰ; ਜੋ ਭੀੜ ਦੀ ਹਿੰਸਾ ਨੂੰ ਕੰਟਰੋਲ ਨਹੀਂ ਕਰ ਸਕੀ; ਦੀਆਂ ਨੀਤੀਆਂ ਦਾ ਵਿਰੋਧੀ ਹੈ, ਉਹ ਘੱਟ ਗਿਣਤੀਆਂ ’ਤੇ ਹੋ ਰਹੇ ਹਮਲਿਆਂ ਤੋਂ ਬਹੁਤ ਨਾਰਾਜ਼ ਹਨ। ਇਹ ਨਾਰਾਜ਼ਗੀ ਸੱਤਾਧਾਰੀ ਸਰਕਾਰ ਨੂੰ ਮਹਿੰਗੀ ਪੈ ਸਕਦੀ ਹੈ। ਸੰਘ ਵੀ ਜਾਣਦਾ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਜੋ ਰਾਜਨੀਤਕ ਲਾਭ ਉਨ੍ਹਾਂ ਨੂੰ ਆਪਣੀਆਂ ਗੈਰ ਜਮਹੂਰੀ ਨੀਤੀਆਂ ਲਾਗੂ ਕਰਨ ਲਈ ਮਿਲਿਆ, ਉਹ ਹੁਣ ਮਿੱਟੀ ਵਿੱਚ ਮਿਲ ਸਕਦਾ ਹੈ ਇਸ ਲਈ ਉਨ੍ਹਾਂ ਨੇ ਆਪਣਾ ਪੈਂਤੜਾ ਬਦਲ ਲਿਆ ਹੈ।

ਉਕਤ ਹਾਲਾਤਾਂ ਦੇ ਮੱਦੇਨਜ਼ਰ ਆਰ.ਐੱਸ.ਐੱਸ. ਅਤੇ ਭਾਜਪਾ ਦੇ ਦਿਲ ਲੁਭਾਊ ਨਾਹਰਿਆਂ ’ਤੇ ਜੋ ਵੀ ਵਿਸ਼ਵਾਸ ਕਰੇਗਾ ਉਹ ਧੋਖਾ ਖਾਏਗਾ। ਦੇਸ਼ ਵਿਆਪੀ ਵਿਰੋਧੀਆਂ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਦੇਸ਼ ਲਈ ਆਰ.ਐੱਸ.ਐੱਸ. ਅਤੇ ਭਾਜਪਾ ਦੀਆਂ ਘਾਤਕ ਨੀਤੀਆਂ ਦੇ ਟਾਕਰੇ ਲਈ ਮਹਾਂਗਠ ਜੋੜ ਕਰਨ ਲਈ ਖੁੱਲ੍ਹੇ ਦਿਲ ਨਾਲ ਇੱਕ ਦੂਜੇ ਵੱਲ ਹੱਥ ਵਧਾਉਣ। ਕਾਂਗਰਸ ਨੈਸ਼ਨਲ ਪਾਰਟੀ ਹੋਣ ਕਰ ਕੇ ਬਾਕੀਆਂ ਦੇ ਮੁਕਾਬਲੇ ਸਮੁੱਚੇ ਦੇਸ਼ ਵਿੱਚ ਔਸਤਨ ਰੂਪ ਵਿੱਚ ਵੱਧ ਜਨ ਆਧਾਰ ਰੱਖਦੀ ਹੈ ਇਸ ਲਈ ਵੱਡੀ ਪਾਰਟੀ ਹੋਣ ਦੇ ਨਾਤੇ ਉਸ ਨੂੰ ਬਾਕੀਆਂ ਨਾਲੋਂ ਵੱਡਾ ਦਿਲ ਰੱਖਣਾ ਪਏਗਾ। ਇਸੇ ਤਰ੍ਹਾਂ ਬਾਕੀ ਪਾਰਟੀਆਂ ਜਿਨ੍ਹਾਂ ਦਾ ਸੀਮਤ ਖੇਤਰ ਵਿੱਚ ਆਧਾਰ ਹੈ ਉਨ੍ਹਾਂ ਨੂੰ ਵੀ ਦੂਸਰੀ ਪਾਰਟੀ ਦੀ ਮਜਬੂਰੀ ਵੇਖ ਕੇ ਸਨਮਾਨਯੋਗ ਸੀਟਾਂ ਦੇ ਨਾਮ ਹੇਠ ਵੱਧ ਸੀਟਾਂ ਦੀ ਮੰਗ ਰੱਖ ਕੇ ਮਹਾਂਗਠ ਜੋੜ ਦੀ ਉਸਾਰੀ ਵਿੱਚ ਉਡਿਕਾ ਨਹੀਂ ਬਣਨਾ ਚਾਹੀਦਾ। ਸਭ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ 2-4 ਜਾਂ 5-10 ਸੀਟਾਂ ਵੱਧ ਲੈ ਕੇ ਕਿਸੇ ਦਾ ਸਨਮਾਨ ਨਹੀਂ ਵਧੇਗਾ ਬਲਕਿ ਜੇ ਉਨ੍ਹਾਂ ਨੇ ਮਿਲ ਕੇ ਕੇਂਦਰ ਵਿੱਚ ਸਰਕਾਰ ਬਣਾ ਲਈ ਤਾਂ ਸਭ ਦਾ ਸਨਮਾਨ ਵਧੇਗਾ ਵਰਨਾ ਸਭ ਦਾ ਸਨਮਾਨ ਮਿੱਟੀ ਵਿੱਚ ਰੁਲ ਜਾਵੇਗਾ। ਇਹ ਠੀਕ ਹੈ ਕਿ ਕੇਂਦਰ ਵਿੱਚ ਸਰਕਾਰ ਹੋਣ ਕਰ ਕੇ ਮਾਇਆ ਦੇ ਗੱਫੇ ਦੇ ਕੇ ਜਾਂ ਕੁਝ ਪਾਰਟੀਆਂ ਦੇ ਮੁੱਖ ਆਗੂਆਂ ਵਿਰੁੱਧ ਚੱਲ ਰਹੇ ਕੇਸਾਂ ਵਿੱਚ ਸੀਬੀਆਈ ਦਾ ਡੰਡਾ ਵਿਖਾ ਕੇ ਭਾਜਪਾ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਮਹਾਂ ਗਠਜੋੜ ਬਣਾਉਣ ਵਿੱਚ ਰੋੜੇ ਵਜੋਂ ਵਰਤ ਸਕਦੀ ਹੈ ਪਰ ਫਿਰ ਵੀ ਕੁਝ ਪ੍ਰਾਪਤੀ ਕਰਨ ਲਈ ਕੁਝ ਨਾ ਕੁਝ ਤਾਂ ਕੁਰਬਾਨੀ ਕਰਨੀ ਹੀ ਪਏਗੀ।

ਕੁਝ ਖੇਤਰੀ ਪਾਰਟੀਆਂ ਕਾਂਗਰਸ ਦੀਆਂ ਪਹਿਲਾਂ ਦੀਆ ਕੀਤੀਆਂ ਗਲਤੀਆਂ ਕਾਰਨ ਉਸ ਨਾਲ ਗਠਜੋੜ ਨਾ ਕਰਨ ਦੀਆਂ ਮੰਨਣਯੋਗ ਦਲੀਲਾਂ ਦੇ ਸਕਦੇ ਹਨ ਪਰ ਸਭ ਨੂੰ ਇਹ ਜਰੂਰ ਸੋਚਣ ਦੀ ਲੋੜ ਹੈ ਕਿ ਮਹਾਂ ਗਠਜੋੜ ਕਿਸੇ ਇੱਕ ਪਾਰਟੀ ਨਾਲ ਨਹੀਂ ਬਲਕਿ ਇਸ ਵਿੱਚ ਬਹੁਤੀਆਂ ਖੇਤਰੀ ਪਾਰਟੀਆਂ ਐਸੀਆਂ ਹੋਣਗੀਆਂ ਜਿਹੜੀਆਂ ਆਪਣੇ ਜਨਮ ਤੋਂ ਹੀ ਸੂਬਿਆਂ ਲਈ ਵੱਧ ਅਧਿਕਾਰ ਤੇ ਫੈੱਡਰਲ ਢਾਂਚੇ ਦੀ ਮੰਗ ਕਰ ਰਹੀਆਂ ਹਨ। ਇਹ ਅਧਿਕਾਰ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵੱਲ ਵਧ ਰਹੀ ਭਾਜਪਾ ਨੇ ਕਦੀ ਵੀ ਨਹੀਂ ਦੇਣੇ। ਪਹਿਲਾਂ ਕਾਂਗਰਸ ਵੀ ਸੂਬਿਆਂ ਨੂੰ ਇਹ ਅਧਿਕਾਰ ਦੇਣ ਲਈ ਕਦਾਚਿਤ ਤਿਆਰ ਨਹੀਂ ਸੀ ਹੋ ਸਕਦੀ ਪਰ ਹੁਣ ਰਾਸ਼ਟਰੀ ਪੱਧਰ ’ਤੇ ਉਸ ਦੀ ਸਥਿਤੀ ਪਹਿਲਾਂ ਵਾਲੀ ਨਹੀਂ ਰਹੀ। ਗੱਠਜੋੜ ਸਰਕਾਰ ਵਿੱਚ ਬਹੁਤੇ ਸਾਂਸਦ ਐਸੇ ਹੋਣਗੇ ਜੋ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੇ ਹੱਕ ਵਿੱਚ ਹੋਣਗੇ। ਕਾਂਗਰਸ ਨੂੰ ਵੀ ਪਤਾ ਹੈ ਕਿ ਹੁਣ ਉਨ੍ਹਾਂ ਦੀ ਇਕੱਲਿਆਂ ਦੀ ਮਜਬੂਤ ਕੇਂਦਰੀ ਸਰਕਾਰ ਕਦੇ ਨਹੀਂ ਬਣ ਸਕਦੀ ਕੇਵਲ ਕੁਝ ਗਿਣਤੀ ਦੇ ਸੂਬਿਆਂ ਵਿੱਚ ਹੀ ਉਹ ਆਪਣੀ ਨਿਰੋਲ ਸਰਕਾਰ ਬਣਾਉਣ ਦੇ ਸਮਰੱਥ ਹੋ ਸਕਦੇ ਹਨ ਇਸ ਲਈ ਇਹ ਵੀ ਫੈੱਡਰਲ ਢਾਂਚੇ ਜਾਂ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੇ ਅਸਾਨੀ ਨਾਲ ਹੱਕ ਵਿੱਚ ਹੋ ਸਕਦੀ ਹੈ। ਇਸ ਲਈ ਸਾਰੇ ਜਮ੍ਹਾਂ ਘਟਾਉ ਕਰ ਕੇ ਨਤੀਜਾ ਇਹੀ ਨਿਕਲਦਾ ਹੈ ਕਿ ਕਿਸੇ ਪਾਰਟੀ ਨੂੰ 2-4 ਜਾਂ 5-10 ਸੀਟਾਂ ਵੱਧ ਘੱਟ ਮਿਲਣੀਆਂ ਕੋਈ ਮਾਅਨਾ ਨਹੀਂ ਰਖਦੀਆਂ ਪਰ ਮਿਲ ਕੇ ਸਾਂਝੀ ਸਰਕਾਰ ਬਣਾ ਲੈਣ ਦਾ ਉਨ੍ਹਾਂ ਨੂੰ ਖੁਦ ਸਮੇਤ ਦੇਸ਼ ਦੇ ਬਹੁ ਗਿਣਤੀ ਵਰਗ ਨੂੰ ਬਹੁਤ ਵੱਡਾ ਲਾਭ ਹੋਵੇਗਾ। ਵੈਸੇ ਤਾਂ ਪਿਛਲੇ ਸਮੇਂ ਵਿੱਚ ਵੀ ਜੈਨੀ, ਬੋਧੀਆਂ, ਸਿੱਖਾਂ ਅਤੇ ਈਸਾਈਆਂ ਨਾਲ ਘੱਟ ਨਹੀਂ ਕੀਤੀ ਪਰ ਜਿਸ ਤਰ੍ਹਾਂ ਅੱਜ ਮੁਸਲਮਾਨਾਂ ਅਤੇ ਦਲਿਤਾਂ ’ਤੇ ਜੁਲਮ ਹੋ ਰਹੇ ਹਨ ਇਸੇ ਤਰ੍ਹਾਂ ਦੇ, ਸ਼ਾਇਦ ਇਸ ਤੋਂ ਵੱਧ ਇਨ੍ਹਾਂ ਸਭਨਾਂ ਤੇ ਵੀ ਹੋਣ ਦੀ ਸੰਭਾਵਨਾ ਪ੍ਰਤੱਖ ਵਿਖਾਈ ਦੇ ਰਹੀ ਹੈ।

ਇਸ ਸਾਰੇ ਲਾਭ ਹਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੈਨੀਆਂ, ਬੋਧੀਆਂ, ਸਿੱਖਾਂ, ਈਸਾਈਆਂ, ਮੁਸਲਮਾਨਾਂ ਅਤੇ ਦਲਿਤਾਂ ਸਮੇਤ ਇਮਾਨਦਾਰੀ ਨਾਲ ਮਿਹਨਤ ਮਜਦੂਰੀ ਕਰ ਰਹੇ ਕਿਸਾਨਾਂ ਅਤੇ ਛੋਟੇ ਛੋਟੇ ਵਾਪਾਰ ਕਰਨ ਵਾਲੇ ਇਨਸਾਫ ਪਸੰਦ ਹਿੰਦੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਮਹਾਂ ਗੱਠਜੋੜ ਨੂੰ ਹਿਮਾਇਤ ਦੇ ਕੇ ਰਾਸ਼ਟਰਵਾਦ ਦੇ ਨਾਮ ’ਤੇ ਆਪਣੀਆਂ ਫਾਸ਼ੀਵਾਦੀ ਨੀਤੀਆਂ ਲਾਗੂ ਕਰਕੇ ਦੇਸ਼ ਨੂੰ ਟੋਟੇ ਟੋਟੇ ਕਰਨ ਦੇ ਰਾਹ ਪਈ ਆਰ.ਐੱਸ.ਐੱਸ. ਨੂੰ ਠੱਲ੍ਹ ਪਾਉਣ ਲਈ ਆਪਣਾ ਸਹਿਯੋਗ ਦੇਣ ਕਿਉਂਕ ਜਦੋਂ ਕਿਸੇ ਵੀ ਖਾਸ ਫਿਰਕੇ ’ਤੇ ਜੁਲਮ ਵਧਦਾ ਹੈ ਤਾਂ ਕੁਦਰਤੀ ਤੌਰ ’ਤੇ ਵਿਦਰੋਹ ਵਧਦਾ ਹੈ ਜੋ ਕਦੀ ਵੀ ਵੱਖਵਾਦ ਦੇ ਰਾਹ ਪੈ ਸਕਦਾ ਹੈ ਜਿਸ ਨਾਲ ਦੇਸ਼ ਦੇ ਅਮਨਚੈਨ ਦੀ ਸਥਿਤੀ ਵੀ ਵਿਗੜ ਸਕਦੀ ਹੈ ਜਿਸ ਦਾ ਨੁਕਸਾਨ ਕਿਸੇ ਇੱਕ ਫਿਰਕੇ ਨੂੰ ਨਹੀਂ ਬਲਕਿ ਸਮੁੱਚੇ ਦੇਸ਼ ਵਾਸੀਆਂ ਨੂੰ ਭੁਗਤਣਾ ਪਏਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top