ਗੁਰਬਾਣੀ
ਤੇ ਗੁਰਇਤਿਹਾਸ ਦੀ ਰੌਸ਼ਨੀ ਵਿੱਚ ਵੈਸੇ ਤਾਂ ਹਰੇਕ ‘ਗੁਰਸਿੱਖ’ ਗੁਰੂ ਕਾ ਬੇਟਾ ਹੈ,
ਕਿਉਂਕਿ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਮੂਹ ਗੁਰਸਿੱਖਾਂ ਨੂੰ ਗੁਰੂ ਨਾਨਕ ਸਾਹਿਬ
ਦੇ ‘ਗੁਰਸਿੱਖ ਪੁੱਤਰੋ’ ਕਹਿ ਕੇ ਸੰਬੋਧਨ ਕੀਤਾ ਹੈ । ਜਿਵੇਂ ਗੁਰਵਾਕ ਹੈ “ਜਨ ਨਾਨਕ ਕੇ
‘ਗੁਰਸਿਖ ਪੁਤਹਹੁ’ ਹਰਿ ਜਪਿਅਹੁ ਹਰਿ ਨਿਸਤਾਰਿਆ ॥” {ਗੁ.ਗ੍ਰੰ.-ਪੰ.312} ਪਰ ਸ੍ਰੀ ਗੁਰੂ
ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਉਪਰੰਤ ਦਿੱਲੀ ਦਾ ਇੱਕ ਗੁਰਸਿੱਖ ਭਾਈ ਜੈਤਾ ਉਨ੍ਹਾਂ
ਦਾ ਲਹੂ-ਲੁਹਾਨ ਪਾਵਨ ਸੀਸ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਪਹੁੰਚਾ ਤਾਂ ਪ੍ਰੰਪਰਾਗਤ
ਇਤਿਹਾਸ ਮੁਤਾਬਿਕ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ ਮਹਾਰਾਜ ਨੇ ਭਾਈ ਜੀ ਨੂੰ ਗਲ਼ੇ
ਲਗਾਇਆ ਤੇ ਨਿਵਾਜ਼ਿਸ਼ ਭਰਿਆ ਵਿਸ਼ੇਸ਼ ਬਚਨ ਕੀਤਾ ‘ਰੰਘਰੇਟਾ, ਗਰੂ ਕਾ ਬੇਟਾ’ ।
ਤਦੋਂ ਤੋਂ ਗੁਰੂ ਕੇ ਸਿੱਖਾਂ ਨੇ ਉਪਰੋਕਤ ਸ਼੍ਰੇਣੀ ਦੇ ਸਾਰੇ
ਗੁਰਸਿੱਖ ਭਰਾਵਾਂ ਦੀ ਵਿਸ਼ੇਸ਼ ਪਹਿਚਾਣ ਕਰਵਾਉਣ ਦੀ ਮਜ਼ਬੂਰੀ ਵੱਸੋਂ ‘ਰੰਘਰੇਟੇ’ ਨਾਂ ਦੀ
ਵਰਤੋਂ ਕਰਨੀ ਸ਼ੁਰੂ ਕਰ ਦਿੱਤੀ । ਭਾਵੇਂ ਕਿ ਪਿਛੋਂ ਜਾ ਕੇ ‘ਚੂਹੜਾ’ ਬਿਰਾਦਰੀ
ਦੇ ਪਿਛੋਕੜ ਵਾਲੇ ਗੁਰਸਿੱਖ ਭਰਾਵਾਂ ਨੇ ਰੰਘਰੇਟੇ ਲਫ਼ਜ਼ ਦੀ ਥਾਂ ‘ਮਜ਼ਹਬੀ’ ਕਹਿਲਾਉਣ ਅਤੇ
ਚਮਾਰ ਪਿਛੋਕੜ ਵਾਲਿਆਂ ਨੇ ਆਪਣੇ ਆਪ ਨੂੰ ਰਵਿਦਾਸੀਏ ਅਖਵਾਉਣ ਵਿੱਚ ਮਾਣ ਮਹਿਸੂਸ ਕਰਨਾ
ਸ਼ੁਰੂ ਕਰ ਦਿੱਤਾ । ਇਹ ਸਮਝਣ ਲੱਗ ਪਏ ਕਿ ਇਸ ਢੰਗ ਨਾਲ ਅਸੀਂ ਆਪਣੇ ਤੋਂ ਵੀ ਨੀਚ ਮੰਨੇ
ਜਾਂਦੇ ਮੁਸਲਮਾਨ ਪਿਛੋਕੜ ਵਾਲੇ ਰੰਘੜਾਂ ਤੇ ਚੰਡਾਲਾਂ ਤੋਂ ਵੱਖਰੇ ਹੋ ਜਾਂਦੇ ਹਾਂ ।
ਇਹੀ ਕਾਰਣ ਹੈ ਕਿ ਮਿਸਲਾਂ ਦਾ ਰਾਜ-ਕਾਲ
ਸਮੇਂ ਜਦੋਂ ਮਿਸਲਦਾਰ ਸਰਦਾਰਾਂ ਤੇ ਹੋਰ ਵੱਖ ਵੱਖ ਇਲਾਕਾ ਨਿਵਾਸੀਆਂ ਨੇ ਸ੍ਰੀ ਦਰਬਾਰ
ਸਾਹਿਬ ਦੇ ਆਸ ਪਾਸ ਰਹਾਇਸ਼ੀ ਬੁੰਗੇ ਬਣਾਏ ਤਾਂ ਗੰਘਰੇਟੇ ਆਗੂਆਂ ਨੂੰ ਆਪਣੀ ਵਖਰੀ ਹੋਂਦ
ਪ੍ਰਗਟਾਉਣ ਲਈ ਜੋ ਬੰਗਾ ਉਸਾਰਿਆ, ਉਸ ਦਾ ਨਾਂ ਰੱਖਿਆ
‘ਬੁੰਗਾ ਮਜ਼ਹਬੀ ਸਿੱਖਾਂ’
। ਭਾਵੇਂ ਕਿ ‘ਮਜ਼ਹਬੀ’ ਤੇ ‘ਰਵਿਦਾਸੀਆ’ ਦੋਵੇਂ ਨਾਂ ਪੰਜਾਬ ਵਿੱਚ ਖ਼ਾਲਸੇ ਦਾ
ਦਬਦਬਾ ਕਾਇਮ ਹੋਣ ਉਪਰੰਤ ਜਾਤ ਅਭਿਮਾਨੀ ਲੋਕਾਂ ਦੇ ਓਵੇਂ ਹੀ ਦਿੱਤੇ ਹੋਏ ਹਨ । ਜਿਵੇਂ
ਕਿ ਗਾਂਧੀ ਭਗਤ ਕਾਂਗਰਸੀਆਂ ਨੇ ਵੋਟਾਂ ਦੀ ਖ਼ਾਤਰ ਉਪਰੋਕਤ ਬਿਰਾਦਰੀਆਂ ਨੂੰ ਆਪਣੇ ਨਾਲ
ਜੋੜੀ ਰੱਖਣ ਲਈ ‘ਹਰੀਜਨ’ ਕਹਿਣਾ ਸ਼ੁਰੂ ਕਰ ਦਿੱਤਾ ਸੀ । ‘ਮਜ਼ਹਬੀ’ ਪਦ ਦਾ ਅਰਥ ਹੈ – (ਖ਼ਾਲਸਾ)
ਮਜ਼ਹਬ ਨੂੰ ਧਾਰਨ ਕਰਨ ਵਾਲਾ ਅਤੇ ‘ਰਵਿਦਾਸੀਏ’ ਦਾ ਅਰਥ ਹੈ –ਭਗਤ ਰਵਿਦਾਸ ਜੀ ਦੀ ਕੁਲ ਦਾ
।
ਇਸੇ ਲਈ ਸੂਝਵਾਨ ਗੁਰਸਿੱਖ ਕਿਸੇ ਐਸੇ
ਭਰਾ ਦੇ ਪਿਛੋਕੜ ਦੀ ਪਹਿਚਾਣ ਕਰਵਾਉਣ ਵਾਸਤੇ ਮਜ਼ਬੂਰੀ ਵੱਸ ਵੀ ‘ਚੂਹੜਾ’ ਜਾਂ ‘ਮਜ਼ਹਬੀ’
ਕਹਿਣ ਦੀ ਥਾਂ ਹੁਣ ਤਕ ‘ਰੰਘਰੇਟਾ ਸਿੰਘ’ ਕਹਿਣਾ ਹੀ ਯੋਗ ਸਮਝਦੇ ਹਨ । ਸਮਝਿਆ
ਜਾਂਦਾ ਹੈ ਕਿ ਇਸ ਤਰ੍ਹਾਂ ਰੰਘਰੇਟਿਆਂ ਨੂੰ ਗੁਰੂ ਕੇ ਬੇਟੇ ਜਾਣਦਿਆਂ ਉਨ੍ਹਾਂ ਅੰਦਰ
ਭਰਾਤ੍ਰੀ ਭਾਵ ਵਧਦਾ ਹੈ । ਇਹੀ ਕਾਰਣ ਸੀ ਕਿ 19ਵੀਂ ਸਦੀ ਦੇ ਪੰਜਵੇਂ ਦਾਹਕੇ ਵਿੱਚ ਸੰਨ
1841 ਵਿਖੇ ਲਿਖੇ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਵਿੱਚ ਇਤਹਿਾਸਕ ਦ੍ਰਿਸ਼ਟੀਕੋਨ ਤੋਂ
ਸਿੱਖ ਜਰਨੈਲ ਸ੍ਰ. ਬੀਰੂ ਸਿੰਘ (ਬੀਰ ਸਿੰਘ) ਦੀ ਵਿਸ਼ੇਸ਼ ਪਹਿਚਾਣ ਕਰਵਾਉਣ ਲਈ ‘ਰੰਘਰੇਟਾ’
ਵਿਸ਼ੇਸ਼ਣ ਵਰਤਿਆ ਹੈ, ਨਾ ਕਿ ‘ਚੂਹੜਾ’ ਜਾਂ ‘ਮਜ਼ਹਬੀ’ । ਹਾਂ ਇਹ ਜਾਣਕਾਰੀ ਜ਼ਰੂਰ ਦਿੱਤੀ
ਹੈ ਅਨਮਤੀ ਲੋਕ (ਗੈਰ ਸਿੱਖ) ਉਸ ਨੂੰ ‘ਚੂਹੜਾ’ ਕਹਿੰਦੇ ਸਨ । ਉਸ ਪਾਸ 1300 ਘੋੜ ਸਵਾਰ
ਸਿੰਘਾਂ ਦਾ ਜਥਾ ਸੀ ਅਤੇ ਉਹ ਆਪਣੇ ਜਥੇ ਨਿਸ਼ਾਨ ਤੇ ਨਗਾਰਾ ਵਖਰਾ ਰੱਖਦਾ ਸੀ ।
ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ
ਪ੍ਰਕਾਸ਼ਤ ਸੰਨ 1993 ਦੀ ਨਵੀਂ ਐਡੀਸ਼ਨ ਦੀ ਲਿਖਤ ਹੈ :-
ਦੋਹਰਾ : ਹੁਤ ਰੰਘਰੇਟੋ, ਚੂਹੜੋ
ਕਹਿਂ, ਬੀਰੂ ਸਿੰਘ ਜਵਾਨ ।
ਸੰਗ ਤੇਰਾਂ ਸੌ ਘੋੜਾ ਚੜ੍ਹੈ, ਹੁਤ ਨਗਾਰੋ ਜੁਦੋ ਨਿਸ਼ਾਨ । {ਪੰ.469}
ਇਹ ਵੀ ਜ਼ਿਕਰ ਹੈ ਕਿ ਕਿਸੇ ਵੇਲੇ ਤੁਰਕਾਂ ਦੀ ਚਾਲ ਵਿੱਚ ਫਸ ਕੇ ਜਥੇ
ਸਮੇਤ ਉਹ ਤੁਰਕਾਂ ਨਾਲ ਜਾ ਰਲਿਆ ਤੇ ਉਨ੍ਹਾਂ ਦੀ ਨੌਕਰੀ ਵੀ ਕਬੂਲ ਲਈ । ਭਾਵੇਂ ਕਿ ਜੱਸਾ
ਸਿੰਘ ਰਾਮਗੜੀਏ ਵਾਂਗ ਉਹ ਛੇਤੀ ਹੀ ਸੰਭਲ ਗਿਆ ਅਤੇ ਖ਼ਾਲਸਈ ਸਨੇਹ ਪ੍ਰਗਟਾਉਂਦਾ ਹੋਇਆ
ਵਾਪਸ ਸਿੱਖ ਭਰਾਵਾਂ ਵਿੱਚ ਆ ਮਿਲਿਆ :
ਏਕ ਸਮੇਂ ਬੀਰੂ ਸਿੰਘ ਭੀ, ਜਾਇ ਰਲਯੋ
ਤੁਰਕਨ ਕੇ ਨਾਲ ।
ਤੇਰਾਂ ਸੌ ਘੋੜ ਉਨੈਂ, ਰਖਯੋ ਚਾਕਰ ਤਤਕਾਲ । {ਪੰ.469}
ਪਰ ਅਜਿਹਾ ਹੋਣ ਦੇ ਬਾਵਜੂਦ ਵੀ ਖ਼ਾਲਸਾ ਪੰਥ ਵਿੱਚ ਉਸ ਦਾ ਕਿੰਨਾ
ਸਤਿਕਾਰ ਸੀ, ਇਸ ਸਬੰਧ ਵਿੱਚ ਇੱਕ ਬੜੀ ਮਹਤਵ ਪੂਰਨ ਘਟਨਾ ਦਾ ਵਰਨਣ ਹੈ ‘ਪ੍ਰਾਚੀਨ ਪੰਥ
ਪ੍ਰਕਾਸ਼ ਵਿੱਚ । ਲਿਖਿਆ ਹੈ ਕਿ ਜਦੋਂ ਕਿਤੇ ਪੰਥ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖ
ਰਾਜੇ ਰਾਜੇ ਆਲਾ ਸਿੰਘ ਪਟਿਆਲੇ ਵਾਲੇ ਨੂੰ ਕਿਸੇ ਰਾਜਨੀਤਕ ਭੁੱਲ ਕਾਰਨ ਬਖ਼ਸ਼ਿਆ ਤਾਂ ਉਸ
ਨੇ ਪੰਥਕ ਖੁਸ਼ੀ ਲਈ ਸਿੱਖ ਜਰਨੈਲਾਂ ਨੂੰ ਵਧੀਆ ਘੋੜੇ ਵੰਡੇ । ਅਜਿਹੀ ਵੰਡ ਸਮੇਂ ਜੱਸਾ
ਸਿੰਘ ਆਹਲੂਵਾਲੀਆ ਵਰਗੇ ਮੋਢੀ ਤੇ ਮੁੱਖੀ ਸਰਦਾਰਾਂ ਨੂੰ ਛੱਡ ਕੇ ਸਭ ਤੋਂ ਪਹਿਲਾ ਘੋੜਾ
ਸ੍ਰ. ਬੀਰੂ ਸਿੰਘ ਰੰਘਰੇਟੇ ਦੇ ਹੱਥ ਫੜਾਇਆ ਅਤੇ ਬਾਕੀਆਂ ਨੂੰ ਉਸ ਤੋਂ ਪਿੱਛੋਂ ਵੰਡੇ ਗਏ
। ਉਨ੍ਹਾਂ ਦਾ ਅਜਿਹਾ ਸਤਿਕਾਰ ਸਦਾ ਇਸ ਲਈ ਕੀਤਾ ਜਾਂਦਾ ਸੀ, ਕਿਉਂਕਿ ਉਹ ਤੁਰਕਾਂ ਨਾਲ
ਹੋਣ ਵਾਲੇ ਜੁੱਧਾਂ ਵਿੱਚ ਸਭ ਤੋਂ ਮੂਹਰੇ ਹੋ ਕੇ ਲੜਦਾ ਸੀ । ਉਨ੍ਹਾਂ ਦੀ ਇਸ ਦਲੇਰੀ ਨੂੰ
ਪੰਥ ਕਦੇ ਵੀ ਭੁੱਲਦਾ ਨਹੀਂ ਸੀ । ਭੰਗੂ ਜੀ ਦੇ ਲਫ਼ਜ਼ ਹਨ :
ਪਹਿਲੋਂ ਘੋੜੋ ਉਸੈ ਫੜਵਾਯੋ । ਪਾਛੈ ਔਰ
ਸੁ ਪੰਥ ਬਰਤਾਯੋ ।
ਸੋ ਜੰਗ ਦੌੜ ਮਧ ਮੁਹਰੇ ਰਹੇ । ਉਸ ਯਾਦ ਕਰ ਪੰਥ ਪਹਿਲੋਂ ਦਏ । {ਪੰ.469}
ਪਰ ਅਤਿਅੰਤ ਦੁੱਖ
ਦੀ ਗੱਲ ਹੈ ਕਿ ਆਪਣੇ ਆਪ ਨੂੰ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ
ਸ੍ਰ ਬੀਰੂ ਸਿੰਘ ਉਰਫ਼ ਬੀਰ ਸਿੰਘ ਬੰਗਸ਼ੀ ਦੇ ਵਾਰਸ ਸਦਾਉਣ ਵਾਲੇ ਕੁਝ ਲੋਕ ਧੜੇਬੰਦੀ ਤੇ
ਸੁਆਰਥ ਵੱਸ ਦਲਿਤ-ਵਿਰੋਧੀ ਤੇ ਪੰਥ-ਵਿਰੋਧੀ ਸਾਜਿਸ਼ਾਂ ਦਾ ਸ਼ਿਕਾਰ ਹੋ ਰਹੇ ਹਨ । ਪ੍ਰਾਚੀਨ
ਪੰਥ ਪ੍ਰਕਾਸ਼ ਦੇ ਉਪਰੋਕਤ ਦੋਹਰੇ ’ਤੇ ਅਧਾਰਿਤ ਪਹਿਲਾ ਭੁਲੇਖਾ ਪਾਊ ਪ੍ਰਾਪੇਗੰਡਾ ਇਹ ਕੀਤਾ
ਜਾ ਰਿਹਾ ਹੈ ਕਿ ਰੰਘਰੇਟੇ ਸਿੱਖਾਂ ਨੂੰ ਇਤਿਹਾਸ ਵਿੱਚ ‘ਚੂਹੜੇ’ਲਿਖਿਆ ਗਿਆ ਹੈ । ਐਸੀ
ਕੁਟਿਲ ਚਰਚਾ ਬਿਲਕੁਲ ਅਧਾਰਹੀਣ ਹੈ, ਕਿਉਂਕਿ ਦੋਹਰੇ ਦੀ ਉਪਰੋਕਤ ਲਿਖਤ ਤੋਂ ਸਪਸ਼ਟ ਹੈ ਕਿ
ਲੇਖਕ ਬੀਰੂ ਸਿੰਘ ਨੂੰ ਆਪ ‘ਰੰਘਰੇਟਾ’ ਹੀ ਕਹਿੰਦਾ ਹੈ, ਪ੍ਰੰਤੂ ਦੱਸਦਾ ਹੈ ਕਿ ਆਮ ਲੋਕ
(ਗੈਰ-ਸਿੱਖ) ਉਸ ਨੂੰ ‘ਚੂਹੜਾ’ ਕਹਿੰਦੇ ਸਨ । ਦੂਜਾ ਖ਼ਤਰਨਾਕ ਪ੍ਰਚਾਰ ਇਹ ਕੀਤਾ ਜਾ ਰਿਹਾ
ਹੈ ਕਿ ਪੰਜਾਬ ਦੇ ਅਜੋਕੇ ਮੁਖ ਮੰਤਰੀ ਕੈਪਟਨ ਅਰਮਿੰਦਰ ਸਿੰਘ ਦੇ ਪੜਦਾਦਾ ਅਤੇ ਪਟਿਆਲਾ
ਰਿਆਸਤ ਦੇ ਬਾਨੀ ਸ੍ਰ. ਆਲਾ ਸਿੰਘ ਅਤੇ ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ
ਸ੍ਰ ਚੜ੍ਹਤ ਸਿੰਘ ਸ਼ੁਕਰਚਕੀਏ ਸਰਦਾਰਾਂ ਨੇ 2 ਸਤੰਬਰ 1764 ਨੂੰ ਸ੍ਰੀ ਅਕਾਲ ਤਖ਼ਤ
ਅੰਮ੍ਰਿਤਸਰ ਵਿਖੇ ਧੋਖੇ ਨਾਲ ਜਥੇਦਾਰ ਬੀਰ ਸਿੰਘ ਬੰਗਸ਼ੀ ਸਮੇਤ 500 ਰੰਘਰੇਟੇ ਸਿੱਖਾਂ ਦਾ
ਕਤਲ ਕਰ ਦਿੱਤਾ ਸੀ, ਜੋ ਕਿ ਬਿਲਕੁਲ ਕੋਰਾ ਤੇ ਕਲਪਤ ਝੂਠ ਹੈ । ਇਹ ਵੀ ਲਿਖਿਆ ਹੈ ਕਿ
ਇਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ਦੀ ਦੁਰਵਰਤੋਂ ਕਰਦਿਆਂ ਨਕਲੀ ਚਿੱਠੀ ਲਿਖ
ਕੇ ਬੁਲਾਇਆ ਸੀ ਬੀਰ ਸਿੰਘ ਨੂੰ ਸ੍ਰੀ ਅੰਮ੍ਰਿਤਸਰ । ਵਿਚਾਰਨ ਦਾ ਵਿਸ਼ਾ ਹੈ ਕਿ ਜਿਹੜਾ
ਰਾਜਾ ਆਲਾ ਸਿੰਘ ਰੰਗਰੇਟੇ ਬੀਰ ਸਿੰਘ ਦਾ ਸਿੱਖ ਜਰਨੈਲਾਂ ਚੋਂ ਸਭ ਤੋਂ ਵੱਧ ਸਤਿਕਾਰ ਕਰਦਾ
ਹੈ, ਉਹ ਉਸ ਨੂੰ ਕਤਲ ਕਰਨ ਬਾਰੇ ਕਿਵੇਂ ਸੋਚ ਸਕਦਾ ਹੈ ?
ਪ੍ਰਸਿੱਧ
ਇਤਿਹਾਸਕਾਰ ਡਾ. ਦਿਲਗੀਰ ਨੇ ਲਿਖਿਆ ਹੈ ਕਿ ਇਹ ਫੁੱਟ-ਪਾਊ ਗੱਪ ਕਿਸੇ ਗੁਰਨਾਮ
ਸਿੰਘ ਮੁਕਤਸਰ ਨਾਂ ਦੇ ਲੇਖਕ ਨੇ ‘ਬ੍ਰੀਫ਼ ਹਿਸਟਰੀ ਆਫ਼ ਮਜ਼ਹਬੀ ਸਿਖਜ਼’ (ਮਜ਼ਹਬੀ ਸਿੱਖਾਂ ਦਾ
ਇਤਿਹਾਸ) ਨਾਂ ਦੀ ਪੁਸਤਕ ਵਿੱਚ ਲਿਖੀ ਹੈ । ਸੱਚ ਤਾਂ ਇਹ ਹੈ ਕਿ ਉਸ ਨੇ ਪ੍ਰਾਚੀਨ ਪੰਥ
ਪ੍ਰਕਾਸ਼ ਦੇ ਜਿਹੜੇ ਅੰਤਲੇ ਦੋ ਪੰਨਿਆ ਦੀ ਲਿਖਤ ਨੂੰ ਅਧਾਰ ਬਣਾਇਆ ਹੈ, ਉਥੇ ਉਪਰੋਕਤ
ਕਿਸਮ ਦਾ ਕੋਈ ਵਰਨਣ ਨਹੀਂ ਹੈ । ਨਾ ਕਿਸੇ ਸੰਨ-ਸੰਮਤ ਦਾ, ਨਾ ਕਿਸੇ ਸਥਾਨ ਦਾ, ਨਾ ਹੀ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਸੇ ਆਗੂ ਵੱਲੋਂ ਬਲਾਉਣ ਦਾ ਅਤੇ ਨਾ ਹੀ ਬੀਰ ਸਿੰਘ ਸਮੇਤ
ਕਤਲ ਹੋਣ ਵਾਲੇ 500 ਸਿੰਘਾਂ ਦੀ ਗਿਣਤੀ ਦਾ । ਇਸ ਪੱਖੋਂ ਸਭ ਤੋਂ ਪਹਿਲਾ ਤੇ ਅਹਿਮ ਸੁਆਲ
ਇਹ ਖੜ੍ਹਾ ਹੁੰਦਾ ਹੈ ਕਿ ਫਰਵਰੀ 1762 ਵਿੱਚ ਜਾਂ ਇਉਂ ਕਹੀਏ ਕਿ ਉਪਰੋਕਤ ਘਟਨਾ ਦੇ ਦਿੱਤੇ
ਹੋਏ ਨਕਲੀ ਸੰਨ ਤੋਂ ਅਜੇ ਦੋ ਸਾਲ ਪਹਿਲਾਂ 30000 ਤੋਂ ਵੱਧ ਲਗਭਗ ਅੱਧੀ ਸਿੱਖ ਕੌਮ
ਦੁਸ਼ਮਣਾਂ ਵੱਲੋਂ ਸ਼ਹੀਦ ਕਰ ਦਿੱਤੀ ਗਈ ਹੋਵੇ । ਕੀ ਉਸ ਵੇਲੇ ਰਾਜਾ ਆਲਾ ਸਿੰਘ ਤੇ ਸ੍ਰ.
ਚੜ੍ਹਤ ਸਿੰਘ ਵਰਗੇ ਮੁਖੀ ਸਿੱਖ ਆਗੂ ਅਜਿਹਾ ਮੂਰਖਤਾ ਭਰਿਆ ਨਿਰਦਈ ਕਾਰਾ ਕਰ ਸਕਦੇ ਹਨ ?
ਫਿਰ 500 ਸੂਰਬੀਰ ਵੀ ਉਹ ਜਿਹੜੇ ਸਭ ਤੋਂ ਮੂਹਰੇ ਹੋ ਕੇ ਜੂਝਣ ਵਾਲੇ ਹੋਣ ਅਤੇ ਜਿਨ੍ਹਾਂ
ਦੀ ਸੂਰਮਗਤਤੀ ਪੱਖੋਂ ਰਾਜਾ ਆਲਾ ਸਿੰਘ ਸਮੇਤ ਸਾਰਾ ਪੰਥ ਸਤਿਕਾਰ ਕਰਦਾ ਹੋਵੇ । ਫਿਰ
ਅਸਥਾਨ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਰਗਾ, ਜਿਥੇ ਸਾਰੇ ਸਿੱਖ ਜਰਨੈਲ ਇੱਕ ਦੂਜੇ
ਨਾਲ ਸਿਰ ਵੱਢਵੇਂ ਵੈਰ ਹੋਣ ਦੇ ਬਾਵਜੂਦ ਵੀ ਇਤਨਾ ਵਿਸ਼ਵਾਸ਼ ਕਰਦੇ ਹੋਣ ਕਿ ਇਥੇ ਕੋਈ ਵੀ
ਗੁਰਸਿੱਖ ਭਰਾ ਕਿਸੇ ਦੂਜੇ ਭਰਾ ’ਤੇ ਮਾਰੂ ਵਾਰ ਨਹੀਂ ਕਰਦਾ ।
ਉਪਰੋਕਤ ਕਿਸਮ ਦੀਆਂ ਪੰਥ ਵਿਰੋਧੀ ਤੇ ਦਲਿਤ ਵਿਰੋਧੀ ਬਿਪਰਵਾਦੀ
ਸਰਕਾਰੀ ਸਾਜ਼ਸ਼ਾਂ ਦਾ ਸ਼ਿਕਾਰ ਹੋਣ ਵਾਲੇ ਭੁੱਲੜ ਰੰਘਰੇਟੇ ਵੀਰੋ ! ਗ਼ਰੀਬ ਨਿਵਾਜ਼ ਸਤਿਗੁਰੂ
ਸਾਹਿਬਾਨ ਅਤੇ ਖ਼ਾਲਸਾ ਪੰਥ ਵੱਲੋਂ ਮਿਲੇ ਪਿਆਰ, ਸਤਿਕਾਰ ਅਤੇ ਆਪਣੇ ਪ੍ਰਤੀ ਖ਼ਾਲਸਈ ਉਪਕਾਰਾਂ
ਨੂੰ ਧਿਆਨ ਵਿੱਚ ਲਿਆਓ । ਧੀਰਜ ਸਹਿਤ ਬਿਬੇਕ ਬੁਧੀ ਨਾਲ ਵਿਚਾਰ ਕਰੋ ਕਿ ਉਹ ਵੇਲਾ ਸਾਰੇ
ਮਿਸਲਦਾਰ ਸਰਦਾਰਾਂ ਦਾ ਆਪਸੀ ਇਲਾਕਿਆਂ ਦੇ ਕਬਜ਼ਿਆਂ ਦੀ ਖਹਿਬਾਜ਼ੀ ਤੇ ਧੜੇਬੰਦਕ ਵੈਰ-ਭਾਵ
ਤਿਆਗ ਕੇ ਇਕੱਠੇ ਹੋ ਕੇ ਦੁਸ਼ਮਣਾਂ ਨੂੰ ਮੂੰਹ ਭੰਨਵਾਂ ਜਵਾਬ ਦੇਣ ਦਾ ਸੀ ਜਾਂ ਆਪਣੇ
ਸੂਰਬੀਰ ਭਰਾਵਾਂ ਨੂੰ ਧੋਖੇ ਨਾਲ ਮਾਰਨ ਦਾ, ਜਿਨ੍ਹੇ ਦਾ ਹਾਕਮਾਂ ਵੱਲੋਂ ਪਹਿਲਾਂ ਹੀ ਸਿਰਾਂ
ਦੇ ਇਨਾਮ ਰੱਖ ਕੇ ਜਾਨਵਰਾਂ ਵਾਂਗ ਸ਼ਿਕਾਰ ਖੇਲਿਆ ਜਾ ਰਿਹਾ ਹੋਵੇ । ਦੂਜੀ ਗੱਲ ਵਿਚਾਰਨ
ਵਾਲੀ ਹੈ ਕਿ ਕਿਹੜੀ ਐਸੀ ਕੌਮ ਹੈ, ਜਿਸ ਦੇ ਆਗੂਆਂ ਵਿੱਚ ਮੁੱਢ ਤੋਂ ਹੀ ਰਾਜਨੀਤਕ ਸੱਤਾ
ਦੀ ਲਾਲਸਾ ਅਤੇ ਨਿੱਜੀ ਜਾਂ ਜਾਤੀ ਹਉਮੈ ਵੱਸ ਖਹਿਬਾਜ਼ੀ ਦੀਆਂ ਆਪਸੀ ਲੜਾਈਆਂ ਨਾ ਚੱਲਦੀਆਂ
ਆ ਰਹੀਆਂ ਹੋਣ ? ਇਹ ਝਗੜੇ ਸਾਡੇ ਮੁੱਢਲੇ ਪੰਥਪ੍ਰਸਤ ਤੇ ਮਿਸਲਦਾਰ ਬਜ਼ੁਰਗ ਆਗੂਆਂ ਵਿੱਚ
ਵੀ ਸਨ ਤੇ ਅਜੋਕਿਆਂ ਵਿੱਚ ਵੀ । ਐਸਾ ਵੀ ਨਹੀਂ ਕਿ ਜੱਟਾਂ ਦੀ
ਈਰਖਾ ਕੇਵਲ ਦਲਿਤਾਂ ਤੇ ਭਾਪਿਆਂ ਨਾਲ ਹੀ ਹੋਵੇ ਅਤੇ ਇਨ੍ਹਾਂ ਦੋਵਾਂ ਦੀ ਜੱਟਾਂ ਨਾਲ ।
ਪੰਜਾਬੀ ਲਕੋਕਤੀ ਮੁਤਾਬਿਕ ਸੱਚ ਤਾਂ ਇਹ ਹੈ ‘ਰਾਜ ਪਿਆਰੇ ਰਾਜਿਆਂ, ਵੀਰ ਦੁਪਰਆਰੇ’ । ਜੇ
ਕਾਂਗਰਸ ਵੱਲ ਝਾਕੀਏ ਤਾਂ ਗਿਆਨੀ ਜ਼ੈਲ ਸਿੰਘ, ਸ੍ਰ. ਦਰਬਾਰਾ ਸਿੰਘ ਤੇ ਸ੍ਰ. ਬੂਟਾ ਸਿੰਘ
ਵਰਗੇ ਅਤੇ ਜੇ ਅਕਾਲੀਆਂ ਵੱਲ ਤੱਕੀਏ ਤਾਂ ਬਾਦਲ, ਬਰਨਾਲਾ, ਟੋਹੜਾ ਤੇ ਤਲਵੰਡੀ ਆਦਿਕ ਸਾਰੇ
ਹੀ ਇੱਕ ਦੂਜੇ ਦੀਆਂ ਲੱਤਾਂ ਹੀ ਖਿਚਦੇ ਆ ਰਹੇ ਹਨ । ਇਸ ਲਈ ਅਜਿਹੇ ਝਗੜਿਆਂ ਨੂੰ ਮਜ਼ਹਬ
ਨਾਲ ਜੋੜ ਕੇ ਵਿਵਾਦ ਨਹੀਂ ਖੜ੍ਹੇ ਕਰਨੇ ਚਾਹੀਦੇ । ਸਮੁੱਚੀ ਕੌਮ ਲਈ ਹਾਨੀਕਾਰਕ ਹਨ ।
ਅਠਾਰਵੀਂ ਸਦੀ ਦੇ ਇਤਿਹਾਸ ਨੂੰ ਨਿਰਪੱਖ ਹੋ ਕੇ ਜੇ ਗਹੁ ਨਾਲ
ਵੀਚਾਰੀਏ ਤਾਂ ਸਪਸ਼ਟ ਹੁੰਦਾ ਹੈ ਕਿ ਰੰਗਰੇਟਾ ਬੀਰੂ ਸਿੰਘ ਹਮੇਸ਼ਾ ਯਤਨਸ਼ੀਲ ਰਿਹਾ ਕਿ ਮਜ਼ਹਬੀ
ਸਿੱਖਾਂ ਦਾ ਜਥਾ ਵਖਰੀ ਹੋਂਦ ਵਿੱਚ ਕਾਇਮ ਰਹੇ । ਪਰ ਗੁਰਮਤਿ ਦੀ ਗਹਿਰੀ ਸੂਝ ਰੱਖਣ ਵਾਲੇ
ਤੇ ਸਰਬ-ਪ੍ਰਵਾਨਤ ਆਗੂ ਨਵਾਬ ਕਪੂਰ ਸਿੰਘ ਤੇ ਸ੍ਰ. ਜੱਸਾ ਸਿੰਘ ਆਹਲੂਵਾਲੀਆ ਇਸ ਹੱਕ
ਵਿੱਚ ਨਹੀਂ ਸਨ । ਉਹ ਸਮਝਦੇ ਸਨ ਕਿ ਅਜਿਹਾ ਕਰਨ ਨਾਲ ਸਿੱਖੀ ਵਿੱਚ ਬਿਰਾਦਰੀਵਾਦ ਮੁੜ
ਉਭਰੇਗਾ । ਐਸਾ ਵਰਤਾਰਾ “ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ
॥” {ਗੁ.ਗ੍ਰੰ.-ਪੰ.1127} ਵਰਗੇ ਤਾੜਣਾ ਭਰੇ ਗੁਰਵਾਕਾਂ ਦੀ ਵੀ ਉਲੰਘਣਾ ਹੈ ਅਤੇ
ਇੱਕ ਬਾਟੇ ਵਿੱਚ ਅੰਮ੍ਰਿਤ ਛਕਾਉਣ ਦੇ ਖ਼ਾਲਸਈ ਸਿਧਾਂਤ ਤੋਂ ਵੀ ਉੱਲਟ, ਕਿਉਂਕਿ ਇਸ
ਅੰਮ੍ਰਿਤੀ ਕ੍ਰਿਆ ਦਾ ਇੱਕੋ-ਇੱਕ ਸੰਦੇਸ਼ ਸੀ ਕਿ ਅੱਜ ਤੋਂ ਸਿੱਖ ਆਪਸ ਵਿੱਚ ਊਚ-ਨੀਚ,
ਜਾਤ-ਪਾਤ ਤੇ ਸੁੱਚ-ਭਿੱਟ ਦੇ ਭਿੰਨ-ਭੇਦ ਮਿਟਾ ਕੇ ਮਾਂ ਜਾਏ ਭਰਾਵਾਂ ਵਾਗ ਮਿਲ ਕੇ ਰਹਿਣਗੇ
। ਪਰ ਅਜਿਹਾ ਵਿਚਾਰਧਾਰਕ ਵਖਰੇਵਾਂ ਹੋਣ ਦੇ ਬਾਵਜੂਦ ਇੱਕ ਵੀ ਐਸੀ ਉਦਾਹਰਣ ਨਹੀਂ ਮਿਲਦੀ,
ਅਠਾਰਵੀਂ ਸਦੀ ਦੇ ਮਹਾਨ ਆਗੂਆਂ ਨੇ ਇੱਕ ਦੂਜੇ ਦਾ ਸਤਿਕਾਰ ਨਾ ਕੀਤਾ ਹੋਵੇ ਅਤੇ ਸਿੱਖੀ
ਤੇ ਕੌਮੀ ਅਜ਼ਾਦੀ ਦੇ ਸਾਂਝੇ ਦੁਸ਼ਮਣਾਂ ਖ਼ਿਲਾਫ਼ ਇੱਕ ਦੂਜੇ ਤੋਂ ਮੂਹਰੇ ਹੋ ਕੇ ਨਾ ਲੜੇ ਹੋਣ
।
ਹਾਂ ! ਫਿਰ ਵੀ ਜੇ ਕਿਸੇ ਵੇਲੇ ਸਿੰਘਾਂ ਦੀ ਭਾਸ਼ਾ ਵਿੱਚ ਜੇ ਕੋਈ
ਮਾਰੇ-ਬਿਕਾਰੇ ਵਾਲੀ ਦੁਰਘਟਨਾ ਘਟ ਵੀ ਗਈ ਹੋਵੇ ਤਾਂ ਉਸ ਨੂੰ ਓਵੇਂ ਹੀ ਲੈਣ ਦੀ ਲੋੜ ਹੈ,
ਜਿਵੇਂ ਦੋ ਸਕੇ ਭਰਾ ਹਉਮੈ ਵੱਸ ਆਪਸ ਵਿੱਚ ਖਹਿ ਪਏ ਹੋਣ ਜਾਂ ਸੰਪਤੀ ਤੇ ਰਾਜ-ਸੱਤਾ ਲਈ
ਝਗੜੇ ਹੋਣ । ਇਹ ਸਧਾਰਨ ਮਨੁੱਖੀ ਸੁਭਾਵ ਹੈ । ਐਸੇ ਝਗੜੇ ਬਾਬਾ ਬੰਦਾ ਸਿੰਘ ਦੇ ਰਾਜ ਵੇਲੇ,
ਮਿਸਲਾਂ ਵੇਲੇ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਈ ਰਾਜ-ਭਾਗ ਵੇਲੇ ਵੀ ਹੋਏ ਤੇ ਖ਼ਾਲਸਾ
ਰਾਜ ਦਾ ਸੂਰਜ ਛਿਪਿਆ ਵੀ ਇਨ੍ਹਾਂ ਲੜਾਈਆਂ ਕਾਰਣ । ਇਸ ਤਰ੍ਹਾਂ ਮਰਿਆਂ ਨੂੰ ਕਿਸੇ ਨੇ
ਸ਼ਹੀਦ ਦਾ ਰੁਤਬਾ ਵੀ ਨਹੀਂ ਦਿੱਤਾ । ਇਸ ਲਈ ‘ਰਾਈ ਦਾ ਪਹਾੜ ਬਣਾਉਂਦਿਆਂ’ ਕਿਸੇ ਐਸੇ
ਛੋਟੇ-ਮੋਟੇ ਝਗੜੇ ਨੂੰ ‘ਰੰਘਰੇਟਾ ਕਤਲਿਆਮ’ ਦੱਸ ਕੇ ਪੰਥ ਵਿੱਚ ਦੁਫੇੜ ਪੈਦਾ ਕਰਨੀ ਕਿਥੋਂ
ਦੀ ਸਿਆਣਪ ਹੈ ? ਇਹ ਪੰਥ-ਦਰਦੀ ਗੁਰਸਿੱਖਾਂ ਦਾ ਵਰਤਾਰਾ ਨਹੀਂ । ਹੋ ਸਕਦਾ ਹੈ ਕਿ ਕਿਸੇ
ਪੰਥ-ਵਿਰੋਧੀ ਸਾਜਸ਼ੀ ਨੇ ਇਤਿਹਾਸ ਵਿੱਚ ਐਸਾ ਕੋਈ ਫੁੱਟ-ਪਾਊ ਬੀਜ ਬੀਜਿਆ ਹੋਵੇ । ਕਿਉਂਕਿ,
ਭਾਈ ਵੀਰ ਸਿੰਘ ਜੀ ਨੇ ‘ਪ੍ਰਾਚੀਨ ਪੰਥ ਪ੍ਰਕਾਸ਼’ ਦੀ ਭੂਮਿਕਾ ਵਿੱਚ ਮੰਨਿਆ ਹੈ ਕਿ ਇਹ
ਪੋਥੀ ਵੀ ਰਲੇ ਤੋਂ ਬਚ ਨਹੀਂ ਸਕੀ ।
ਮੁਕਦੀ ਗੱਲ !
ਹੁਣ ਜਦੋਂ ਭਾਜਪਾ ਦੀ ਹਿੰਦੂਤਵੀ ਕੇਂਦਰੀ ਹਕੂਮਤ
ਹਿੰਦੂ-ਰਾਸ਼ਟਰ ਦੇ ਏਜੰਡੇ ਤਹਿਤ ਭਾਰਤ ਨੂੰ ਹਿੰਦੋਸਤਾਨ ਵਿੱਚ ਬਦਲਣ ਲਈ ਪੱਬਾਂ ਭਾਰ ਹੋਈ
ਪਈ ਹੈ ਅਤੇ ਭਾਰਤੀ ਘਟ-ਗਿਣਤੀਆਂ ਨੂੰ ਆਪਸ ਵਿੱਚ ਉਲਝਾਉਂਦਿਆਂ ਕਮਜ਼ੋਰ ਕਰਕੇ ਆਪਣਾ ਮਨੋਰਥ
ਪੂਰਾ ਕਰਨਾ ਚਹੁੰਦੀ ਹੈ । ਐਸੇ ਮੌਕੇ ਲੋੜ ਤਾਂ ਇਹ ਸੀ ਕਿ ਅਸੀਂ ਸਾਰੇ
ਇੱਕ-ਮੁੱਠ ਹੋ ਕੇ ਉਸ ਔਰੰਗਜ਼ੇਬੀ ਸੰਕੀਰਨ ਸੋਚ ਦਾ ਮੁਕਾਬਲਾ ਕਰੀਏ । ਖ਼ਾਲਸਾ ਪੰਥ ਇਸ ਪੱਖੋਂ
ਸਭ ਤੋਂ ਮੂਹਰੇ ਹੋ ਕੇ ਅਗਵਾਈ ਕਰੇ । ਸਮਝਣਾ ਚਾਹੀਦਾ ਹੈ ਕਿ ਜਦੋਂ ਤੋਂ ਘਟ ਗਿਣਤੀਆਂ ਦੇ
ਕੁਝ ਆਗੂ ਇਕੱਠੇ ਹੋਣ ਲਈ ਯਤਨਸ਼ੀਲ ਹੋਏ ਹਨ, ਉਦੋਂ ਤੋਂ ਸਰਕਾਰੀ ਏਜੰਸੀਆਂ ਵੀ ਉਨਾਂ ਨੂੰ
ਰੋਕਣ ਲਈ ਸਰਗਰਮ ਹੋ ਗਈਆਂ ਹਨ । 2 ਸਤੰਬਰ ਨੂੰ ਚਾਟੀਵਿੰਡ ਲੇਹਲ , ਡੱਡੂਵਾਲ (ਸ੍ਰੀ
ਅਮ੍ਰਿਤਸਰ) ਵਿੱਚ ਹੋਣ ਵਾਲਾ ਇਕੱਠ ਵੀ ਉਨ੍ਹਾਂ ਸਰਕਾਰੀ ਸਾਜਸ਼ਾਂ ਦੀ ਇੱਕ ਖ਼ਤਰਨਾਕ ਕੜੀ
ਹੈ । ਪਿਛਲੇ ਦਿਨੀ ਦਸ਼ਮੇਸ਼ ਤਰਨਾ ਦਲ ਤੇ ਸਤਿਕਾਰ ਕਮੇਟੀ ਦੇ ਸਿੰਘਾਂ ਵਿੱਚਕਾਰ ਹੋਈ ਲੜਾਈ
ਵੀ ਇਸੇ ਸਾਜਿਸ਼ ਦਾ ਸਿੱਟਾ ਸੀ, ਜਿਸ ਮਾਰੂ ਵਾਰ ਨੂੰ ਪੰਥਕ ਆਗੂਆਂ ਨੇ ਅਸਫਲ ਬਣਾ ਦਿੱਤਾ
। ਇਸ ਲਈ ਖ਼ਾਲਸਾ ਪੰਥ ਸਮੇਤ ਸਾਰੇ ਮਾਨਵ-ਦਰਦੀ ਤੇ ਸਰਬੱਤ ਦੇ ਭਲੇ ਦੀ ਸੋਚ ਰਖਣ ਵਾਲੇ
ਸੱਜਣਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਖ਼ਾਸ ਕਰਕੇ ਪਟਿਆਲਾ ਪਤੀ ਬਾਬਾ ਆਲਾ ਸਿੰਘ ਦੀ
ਵਿਰਾਸਤ ਦੇ ਮੁਖੀ ਤੇ ਮੁੱਖ-ਮੰਤ੍ਰੀ ਕੈਪਟਨ ਅਰਮਿੰਦਰ ਸਿੰਘ ਨੂੰ, ਜਿਨ੍ਹਾਂ ਨੂੰ ਇਸ
ਸਾਜਿਸ਼ ਤਹਿਤ ਪੰਜਾਬ ਦੇ ਰਾਜਨੀਤਕ ਖੇਤਰ ਵਿੱਚ ਵੀ ਝਟਕਾ ਲੱਗ ਸਕਦਾ ਹੈ । ਭੁੱਲ-ਚੁੱਕ
ਮੁਆਫ਼ ।
ਗੁਰੂ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ, ਨਿਊਯਾਰਕ ।
ਮਿਤੀ-24 ਅਗਸਤ 2018