Share on Facebook

Main News Page

ਛੋਟਾ ਘੱਲੂਘਾਰਾ
ਇਹ ਖੂਨੀ ਸਾਕਾ ਇੱਕਲਾ ਮੁਸਲਮਾਨਾਂ ਦੇ ਨਾਮ ਲਗਾਇਆ ਜਾਂਦਾ ਰਿਹਾ, ਅਸਲ ਦੋਸ਼ੀ ਕੌਣ ? -: ਸਤਵੰਤ ਸਿੰਘ ਗਰੇਵਾਲ

ਅਠਾਰਵੀਂ ਸਦੀ ਦੇ ਸਿੱਖਾਂ ਦੀ ਕੁਰਬਾਨੀਆਂ ਅਤੇ ਬਹਾਦਰੀ ਭਰੇ ਸੰਘਰਸ਼ ਦੀ ਦਾਸਤਾਨ ਛੋਟਾ ਘੱਲੂਘਾਰਾ 17 ਮਈ 1746 (1 ਜੇਠ 1803 ਸੰਮਤ) ਨੂੰ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ’ਚ ਵਾਪਰਿਆ ਪਰ ਇਸ ਖੂਨੀ ਦੁਖਾਂਤ ਦਾ #ਮੁੱਢ ਹਿੰਦੂ ਖੱਤਰੀ ਦੀਵਾਨ ਲਖਪੱਤ ਰਾਇ ਨੇ ਬੰਨਿਆ। ਕਾਹਨੂੰਵਾਨ ਦਾ ਛੰਭ ਜੋ ਗੁਰਦਾਸਪੁਰ ਤੋਂ ਮੁਕੇਰੀਆਂ ਨੂੰ ਜਾਂਦੀ ਸੜਕ ਉੱਤੇ 8 ਕਿਲੋਮੀਟਰ ਦੂਰ ਫੌਜੀ ਛਾਉਣੀ ਤਿੱਬੜ ਤੋਂ ਸੱਜੇ ਪਾਸੇ ਨੂੰ 4 ਕਿਲੋਮੀਟਰ ਦੂਰ ਸਥਿਤ ਹੈ।

ਲੜਾਈ ਦਾ ਕਾਰਨ: ਗੱਲ 1746 ਦੇ ਸ਼ੁਰੂ ’ਚ ਦੀ ਹੈ, ਲਾਹੌਰ ਦੇ ਉੱਤਰ ਵੱਲ 55 ਕਿਲੋਮੀਟਰ’ਤੇ ਐਮਨਾਬਾਦ ਦਾ ਜਸਪਤ ਰਾਇ ਫੌਜਦਾਰ ਸੀ। ਐਮਨਾਬਾਦ ਦਾ ਇਲਾਕਾ ਜ਼ਕਰੀਆ ਖ਼ਾਨ ਨੇ ਜਸਪਤ ਰਾਏ ਨੂੰ ਜਗੀਰ ਵਜੋਂ ਦਿੱਤਾ ਸੀ। ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ’ਚ ਧਾਰਮਿਕ ਸਮਾਗਮ ਮੌਕੇ ਸਿੱਖਾਂ ਦੇ ਵਿਸ਼ਾਲ ਇਕੱਠ ਨੂੰ ਜਸਪਤ ਰਾਏ ਹਜ਼ਮ ਨਾ ਕਰ ਸਕਿਆ। ਉਹ ਮਾਲੀਆ ਇਕੱਠਾ ਕਰਨ ਦੇ ਨਾਂ ‘ਤੇ ਧਮਕਾਉਣ ਲੱਗ ਪਿਆ। ਉਸ ਨੇ ਸੰਗਤ ਨੂੰ ਗੁਰਦੁਆਰਾ ਛੱਡ ਕੇ ਚਲੇ ਜਾਣ ਦੇ ਹੁਕਮ ਦਿੱਤੇ। ਸੰਗਤ ਨੇ ਦੂਰੋਂ-ਦੂਰੋਂ ਆਉਣ ਬਾਰੇ ਜਾਣੂੰ ਕਰਵਾਇਆ ਤੇ ਭਰੋਸਾ ਦਿੱਤਾ ਕਿ ਇੱਕ ਰਾਤ ਠਹਿਰਨ ਤੋਂ ਬਾਅਦ ਸਵੇਰ ਵੇਲੇ ਚਲੇ ਜਾਣਗੇ। ਪਹਿਲਾਂ ਹੀ ਅਜਿਹੇ ਮੌਕੇ ਦੀ ਭਾਲ ਵਿੱਚ ਬੈਠੇ ਜਸਪਤ ਰਾਏ ਨੇ ਸਿਰ ਫੇਰਦਿਆਂ ਫ਼ੌਜ ਨੂੰ ਬੁਲਾ ਲਿਆ। ਉਸ ਨੇ ਸੰਗਤ ‘ਤੇ ਹਮਲਾ ਕਰ ਦਿੱਤਾ। ਸਿੱਖਾਂ ਵੱਲੋਂ ਸੰਜਮ ਵਰਤਣ ਦੇ ਬਾਵਜੂਦ ਜਸਪਤ ਰਾਏ ਆਪਣੀ ਅੜੀ ਤੋਂ ਪਿੱਛੇ ਹਟਣ ਦੀ ਬਜਾਏ ਹਾਥੀ ‘ਤੇ ਚੜ੍ਹ ਕੇ ਅੱਗੇ ਹੀ ਵਧਦਾ ਆ ਰਿਹਾ ਸੀ। ਪਾਣੀ ਸਿਰੋਂ ਲੰਘਦਿਆਂ ਦੇਖ ਘੋੜਸਵਾਰ ਭਾਈ ਨਿਬਾਹੂ ਸਿੰਘ ਰੰਘਰੇਟਾ ਹਾਥੀ ਦੀ ਪੂਛ ਦਾ ਸਹਾਰਾ ਲੈ ਕੇ ਅੱਖ ਦੇ ਫੋਰ ‘ਚ ਉਪਰ ਚੜ੍ਹ ਗਿਆ। ਉਸ ਨੇ ਤਲਵਾਰ ਦੇ ਇੱਕੋ ਵਾਰ ਨਾਲ ਜਸਪਤ ਰਾਏ ਦਾ ਸਿਰ ਲਾਹ ਦਿੱਤਾ। ਫੌਜਦਾਰ ਜਸਪਤ ਰਾਏ ਦਾ ਸਿਰ ਧੜ ਤੋਂ ਵੱਖ ਹੋਣ ਦਾ ਪਤਾ ਲੱਗਣ ‘ਤੇ ਫ਼ੌਜ ਭੱਜ ਗਈ। ਜਸਪਤ ਰਾਇ ਦਾ ਭਰਾ ਲਖਪੱਤ ਰਾਇ ਲਾਹੌਰ ਦਰਬਾਰ’ਚ ਦੀਵਾਨ ਸੀ, ਜਦ ਉਸ ਨੂੰ ਭਰਾ ਦੀ ਮੌਤ ਦਾ ਪਤਾ ਲੱਗਾ ਤਾਂ ਗੁੱਸੇ’ਚ ਪਾਗਲ ਹੋ ਗਿਆ ਜਿਹੜਾ ਕਿ ਪਹਿਲਾਂ ਹੀ ਸਿੱਖਾਂ ਨਾਲ ਖਾਰ ਖਾਂਦਾ ਸੀ। ਉਸ ਨੇ ਬਦਲਾ ਲਉ ਨੀਤੀ ਤਹਿਤ ਗੁੱਸੇ ’ਚ ਆ ਕੇ ਸੁੰਹ ਖਾ ਕੇ ਇਹ ਐਲਾਨ ਕਰ ਦਿੱਤਾ ਕਿ ਉਹ ਉਦੋੰ ਤੱਕ ਸਿਰ’ਤੇ ਪੱਗ ਨਹੀੰ ਬੰਨੇਗਾ ਅਤੇ ਨਾ ਹੀ ਆਪਣੇ ਆਪ ਨੂੰ #ਹਿੰਦੂ_ਖੱਤਰੀ ਅਖਵਾਏਗਾ ਜਦੋਂ ਤੱਕ ਖਾਲਸੇ ਪੰਥ ਦਾ ਪੂਰੀ ਤਰਾਂ ਖੁਰਾ ਖੋਜ ਨਹੀਂ ਮਿਟਾ ਦਿੰਦਾ।

ਸਿੱਖਾਂ 'ਤੇ ਹਮਲਾ :ਉਸ ਸਮੇਂ ਲਾਹੌਰ ਦਾ ਗਵਰਨਰ ਜ਼ਕਰੀਆ ਖਾਨ ਦਾ ਪੁੱਤਰ ਯਾਹੀਆ ਖਾਨ ਸੀ। ਉਸ ਨੇ ਲਖਪੱਤ ਰਾਇ ਦੀ ਸਿੱਖਾਂ ਨੂੰ ਖਤਮ ਕਰਨ ਦੀ ਯੋਜਨਾ ਦੀ ਹਮਾਇਤ ਕੀਤੀ। ਲਖਪੱਤ ਰਾਇ ਨੇ ਸਿੱਖਾਂ ਖਿਲਾਫ਼ ਆਪਣੀ ਇਹ ਮੁਹਿੰਮ 10 ਮਾਰਚ 1746 ਨੂੰ ਲਾਹੌਰ ਤੋਂ ਸ਼ੁਰੂ ਕੀਤੀ, ਉਸ ਨੇ ਲਾਹੌਰ ਦੇ ਬਾਜ਼ਾਰ’ਚੋਂ ਸਿੱਖਾਂ ਨੂੰ ਫੜ ਕੇ ਸ਼ਰੇਆਮ ਕਤਲ਼ ਕਰਨਾ ਸ਼ੁਰੂ ਕਰ ਦਿੱਤਾ। ਉਸ ਦੇ ਗੁਰਦੁਆਰੇ ਢਾਹ ਦੇਣ ਦਾ ਹੁਕਮ ਸੁਣਿਆ ਅਤੇ ਗੁਰਬਾਣੀ ਨੂੰ ਫੂਕ ਦੇਣ ਦਾ ਵੀ ਹੁਕਮ ਦਿੱਤਾ। ਉਸੇ ਦਿਨ ਲਖਪੱਤ ਰਾਇ ਨੇ ਲਾਹੌਰ ਦੇ ਗਵਰਨਰ ਯਹੀਆ ਖਾਨ ਦੀ 50 ਹਜ਼ਾਰ ਦੇ ਕਰੀਬ ਫੌਜ ਅਤੇ ਤੋਪਾਂ ਸਮੇਤ ਸਿੱਖਾਂ’ਤੇ ਚੜਾਈ ਕਰ ਦਿੱਤੀ। ਉਸ ਦੇ ਨਾਲ ਮੁਲਤਾਨ, ਬਹਾਵਲਪੁਰ ਅਤੇ ਜਲੰਧਰ ਤੋੰ ਫੌਜ ਵੀ ਨਾਲ ਆ ਰਲੀ। ਪਹਾੜੀਆਂ ਹਿੰਦੂ ਰਾਜਿਆਂ ਨੂੰ ਸਿੱਖਾਂ ਖਿਲਾਫ਼ ਡਟਣ ਲਈ ਕਿਹਾ ਗਿਆ ਅਤੇ ਆਮ ਪਹਾੜੀ ਲੋਕਾਂ ਨੂੰ ਸਿੱਖਾਂ ਖਿਲਾਫ਼ ਜਹਾਦ ਦਾ ਸੱਦਾ ਦਿੱਤਾ।

ਸਿੱਖਾਂ ਵੱਲੋ ਯੋਜਨਾਬੰਦੀ :ਉਸ ਸਮੇਂ ਸਿੱਖ ਕੌਮ ਦੀ ਅਗਵਾਈ ਕਰ ਰਹੇ ਨਵਾਬ ਕਪੂਰ ਸਿੰਘ ਨੇ ਕੌਮ ਦੇ ਸਾਰੇ ਸਰਦਾਰਾਂ ਨੂੰ ਫੌਜਾਂ ਸਮੇਤ ਅਜੋਕੇ ਗੁਰਦਾਸਪੁਰ ਦੇ 15 ਕਿਲੋਮੀਟਰ ਦੱਖਣ ਵੱਲ ਕਾਹਨੂੰਵਾਲ ਦੇ ਸੰਘਣੇ ਜੰਗਲ ਅਤੇ ਦਲਦਲੀ ਜੰਗਲ’ਚ ਪਹੁੰਚਣ ਦੀ ਅਪੀਲ ਕੀਤੀ, ਇੱਥੇ ਸਿੱਖਾਂ ਦੀ 15 ਹਜ਼ਾਰ ਦੇ ਕਰੀਬ ਗਿਣਤੀ ਦੱਸਦੇ ਹਨ। ਬਿਆਸ ਅਤੇ ਰਾਵੀ ਦਰਿਆ ਦੇ ਵਿਚਕਾਰ ਆਉਂਦੇ ਇਸ ਇਲਾਕੇ ਵਿੱਚ ਉੱਚੇ-ਉੱਚੇ ਸਰਕੰਡੇ, ਸੰਘਣੇ ਜੰਗਲ ਸਨ। ਸਿੱਖ ਸੁਰੱਖਿਆ ਪੱਖ ਤੋਂ ਅਕਸਰ ਇੱਥੇ ਠਹਿਰਦੇ ਅਤੇ ਭਵਿੱਖ ਦੀ ਰਣਨੀਤੀ ਬਣਾ ਕੇ ਵਿਚਰਦੇ ਰਹਿੰਦੇ ਸਨ ਕਿਉਂਕਿ ਇਹ ਦੁਸ਼ਮਣ ‘ਤੇ ਘਾਤ ਲਾ ਕੇ ਹਮਲਾ ਕਰਨ, ਸੁਰੱਖਿਅਤ ਨਿਕਲ ਜਾਣ ਅਤੇ ਆਰਾਮ ਕਰਨ ਲਈ ਸਹਾਈ ਹੁੰਦਾ ਸੀ। ਲੱਖਪਤ ਰਾਏ ਸਿੱਖਾਂ ਦਾ ਖੁਰਾ ਖੋਜ ਲੱਭਦਾ ਹੋਇਆ ਛੰਭ ਤੱਕ ਪਹੁੰਚ ਗਿਆ। ਲਖਪੱਤ ਰਾਇ ਦੀ ਸ਼ਾਹੀ ਫੌਜੀ ਨੇ ਸਿੱਖਾਂ ਨੂੰ ਘੇਰਾ ਪਾ ਲਿਆ ਪਰ ਸਿੱਖਾਂ ਨੇ ਹਥਿਆਰਾਂ ਦੀ ਘਾਟ ਹੋਣ ਕਾਰਨ ਗੁਰੀਲਾ ਲੜਾਈ ਲੜਨ ਦੀ ਯੋਜਨਾ ਬਣਾਈ। ਸਿੱਖ ਰਾਤ ਨੂੰ ਜੰਗਲ’ਚੋੰ ਨਿਕਲਦੇ ਅਤੇ ਫੌਜ’ਤੇ ਹਮਲਾ ਕਰਕੇ ਉਹਨਾਂ ਦੇ ਹਥਿਆਰ, ਘੋੜੇ, ਰਾਸ਼ਨ ਆਦਿ ਖੋਹ ਕੇ ਜਲਦੀ ਨਾਲ ਫਿਰ ਜੰਗਲ’ਚ ਜਾ ਕੇ ਲੁੱਕ ਜਾਂਦੇ।

ਗੁਰੀਲਾ ਯੁੱਧ : ਦਿਨ ਵੇਲੇ ਸਿੱਖ ਜੰਗਲ’ਚ ਲੁਕੇ ਰਹਿੰਦੇ ਅਤੇ ਰਾਤ ਸਮੇੰ ਯਾਹੀਆ ਖਾਨ ਦੀ ਫੌਜ’ਤੇ ਦਾਅ ਲਗਾ ਕੇ ਹਮਲਾ ਕਰਦ ਅਤੇ ਫੌਜ ਦਾ ਸਮਾਨ ਖੋਹ ਲੈਂਦੇ। ਇੱਕ ਸ਼ਾਮ ਨੂੰ ਸਿੱਖਾਂ ਨੇ ਫੌਜ’ਤੇ ਹਮਲਾ ਕੀਤਾ, ਪਰ ਵੱਡੀ ਗਿਣਤੀ’ਚ ਫੌਜ ਨੇ ਸਿੱਖਾਂ’ਤੇ ਹੱਲਾ ਬੋਲ ਦਿੱਤਾ। ਸਿੱਖਾਂ ਨੇ ਪਿੱਛੇ ਹੱਟਣਾ ਸ਼ੁਰੂ ਕਰ ਦਿੱਤਾ, ਕਾਫ਼ੀ ਦੂਰ ਤੱਕ ਸਿੱਖਾਂ ਨੂੰ ਭਜਾ ਕੇ ਫੌਜ ਵਾਪਸ ਆ ਗਈ ਅਤੇ ਉਹਨਾਂ ਸੋਚਿਆ ਹੁਣ ਘੱਟੋ-ਘੱਟ ਸਿੱਖ ਅੱਜ ਰਾਤ ਵਾਪਸ ਨਹੀੰ ਆਉੰਦੇ। ਜਦੋਂ ਫੌਜ ਅਵੇਸਲੀ ਹੋ ਕੇ ਸੌ ਗਈ ਤਾਂ ਸਿੱਖਾਂ ਨੇ ਰਾਤ ਨੂੰ ਫਿਰ ਹਮਲਾ ਕਰ ਦਿੱਤਾ ਅਤੇ ਫੌਜ ਦਾ ਅਸਲਾ, ਰਾਸ਼ਨ, ਘੌੜੇ ਆਦਿ ਲੁੱਟ ਕੇ ਦੁਆਰਾ ਫਿਰ ਜੰਗਲ’ਚ ਜਾ ਕੇ ਲੁੱਕ ਗਏ।

ਜਦੋਂ ਫੌਜ ਨੇ ਲੰਮੇ ਸਮੇਂ ਤੱਕ ਸਿੱਖਾਂ ਨੂੰ ਘੇਰਾ ਪਾਈ ਰੱਖਿਆ ਤਾਂ ਸਿੱਖਾਂ ਕੋਲ ਖਾਣ-ਪੀਣ ਦਾ ਸਮਾਨ ਮੁੱਕ ਗਿਆ। ਤਾਂ ਸਿੱਖਾਂ ਦੇ ਖੈਰ-ਖੁਆਹ ਦੀਵਾਨ ਕੌੜਾ ਮੱਲ ਜਿਸ ਨੂੰ ਜੱਸਾ ਸਿੰਘ ਆਹਲੂਵਾਲੀਆ ਨੇ ਬਾਅਦ’ਚ ਮਿੱਠਾ ਮੱਲ ਦਾ ਨਾਮ ਦਿੱਤਾ ਸੀ, ਵਪਾਰੀਆਂ ਹੱਥ ਅਨਾਜ ਦੀਆਂ ਖੱਚਰਾਂ ਲੱਦ ਕੇ ਜੰਮੂ ਵੱਲ ਭੇਜੀਆਂ ਅਤੇ ਸਿੱਖ ਨੂੰ ਵੀ ਖੁਫ਼ੀਆ ਸੁਨੇਹਾ ਭੇਜ ਦਿੱਤਾ ਕਿ ਉਹ ਅਨਾਜ ਲੁੱਟ ਲੈਣ, ਜਿਸ ਨਾਲ ਸਿੱਖਾਂ ਨੂੰ ਕਾਫ਼ੀ ਫਾਇਦਾ ਪਹੁੰਚਿਆ।

# ਜੰਗਲ ਨੂੰ ਅੱਗ : ਸਿੱਖ ਨੇ ਗੁਰੀਲੇ ਹਮਲੇ’ਚ ਲਖਪੱਤ ਰਾਇ ਦੇ ਮਾਮੇ ਦੇ ਪੁੱਤਰ ਨੂੰ ਮਾਰ ਦਿੱਤਾ। ਜਿਸ’ਤੇ ਲਖਪੱਤ ਰਾਇ ਖਿੱਝ ਗਿਆ ਅਤੇ ਆਪਣੀ ਕੋਈ ਪੇਸ਼ ਨਾ ਚਲਦੀ ਦੇਖ ਕੇ ਲੜਾਈ ਦੇ ਘਟੀਆ ਤਰੀਕੇ ਤੇ ਉੱਤਰ ਆਇਆ। ਉਸ ਨੇ ਆਪਣੀ ਫੌਜ ਨੂੰ ਹੁਕਮ ਦੇ ਕੇ ਜੰਗਲ ਨੂੰ ਅੱਗ ਲਗਾ ਦਿੱਤੀ। ਸਿੱਖਾਂ ਨੇ ਆਪਣੇ ਆਪ ਨੂੰ ਤਿੰਨ ਪਾਸਿਆਂ ਤੋਂ ਘਿਰਿਆ ਦੇਖ ਕੇ ਚੌਥੇ ਪਾਸੇ ਸੁਰੱਖਿਅਤ ਥਾਂ ਵੱਲ ਚਾਲੇ ਪਾਉਣ ਦਾ ਗੁਰਮਤਾ ਕੀਤਾ। ਲੋਹੜੇ ਦੀ ਗਰਮੀ ਕਾਰਨ ਰੇਤ ਬਹੁਤ ਤਪ ਰਹੀ ਸੀ। ਉਨ੍ਹਾਂ ਨੇ ਇਸ ਤੋਂ ਬਚਣ ਲਈ ਆਪਣੇ ਕੱਪੜੇ ਪਾੜ ਕੇ ਪੈਰਾਂ ਨੂੰ ਬੰਨ੍ਹ ਲਏ ਤੇ ਪਹਾੜੀ ਦਿਸ਼ਾ ਵੱਲ ਵਧਣ ਲੱਗੇ। ਲੱਖਪਤ ਰਾਏ ਨੇ ਫ਼ੌਜਾਂ ਨੂੰ ਪਿੱਛੋਂ ਹਮਲਾ ਕਰਨ ਦਾ ਹੁਕਮ ਦਿੱਤਾ। ਹੱਥੋ-ਹੱਥ ਦੀ ਲੜਾਈ ਅਤੇ ਵੱਢ-ਟੁੱਕ ਵਿੱਚ ਸੈਂਕੜੇ ਸਿੱਖ, ਔਰਤਾਂ ਅਤੇ ਬੱਚੇ ਸ਼ਹੀਦ ਹੋ ਗਏ। ਦਰਿਆ ਨੱਕੋ-ਨੱਕ ਪਾਣੀ ਨਾਲ ਭਰਿਆ ਹੋਇਆ ਸੀ। ਜੰਗਲ ਦੀ ਅੱਗ ਅਤੇ ਦੁਸ਼ਮਣ ਦੇ ਹਮਲੇ ਤੋਂ ਬਚਾਅ ਕਰਨ ਲਈ ਸਿੱਖਾਂ ਨੇ ਦਰਿਆ ਪਾਰ ਕਰਨ ਹਿੱਤ ਛਾਲਾਂ ਮਾਰ ਦਿੱਤੀਆਂ ਪਰ ਪਾਣੀ ਦਾ ਤੇਜ਼ ਵਹਾਅ ਜ਼ਿਆਦਾਤਰ ਸਿੱਖਾਂ ਨੂੰ ਰੋੜ੍ਹ ਕੇ ਲੈ ਗਿਆ। ਇਸ ਤੋਂ ਬਾਅਦ ਸਿੱਖ ਰਾਵੀ ਦਰਿਆ ਪਾਰ ਕਰਕੇ ਕਥੂਆ ਅਤੇ ਪਾਰੋਲ ਵੱਲ ਨੂੰ ਨਿਕਲ ਗਏ। ਸਿੱਖਾਂ ਨੇ ਆਸ ਲਗਾਈ ਸੀ ਕਿ ਪਹਾੜਾਂ ਦੀ ਹਿੰਦੂ ਵਸੋੰ ਉਨਾਂ ਦੀ ਮੱਦਦ ਕਰੇਗੀ, ਪਰ ਹਿੰਦੂ ਵਸੋੰ ਇੱਕਠੀ ਹੋ ਕੇ ਸਿੱਖਾ ਦੇ ਪੱਥਰ ਮਾਰਨ ਲੱਗ ਗਈ ਅਤੇ ਪਹਾੜੀ ਹਿੰਦੂ ਰਾਜਿਆਂ ਦੀ ਫੌਜ ਨੇ ਸਿੱਖਾਂ ਨੇ ਗੋਲੀਆਂ ਚਲਾਈਆਂ।

# ਸਿੱਧੀ ਲੜਾਈ ਦਾ ਫੈਸਲਾ : ਜਦੋਂ ਸਾਰੇ ਪਾਸੇ ਤੋਂ ਘੇਰਾ ਪੈ ਗਿਆ ਤਾਂ ਸਿੱਖ ਲੀਡਰਾਂ ਨੇ ਫੈਸਲਾ ਕੀਤਾ ਕਿ ਜਿਹੜੇ ਸਿੱਖ ਪੈਦਲ ਹਨ ਉਹ ਬੀਬੀਆਂ, ਬੱਚਿਆਂ ਨੂੰ ਨਾਲ ਲੈ ਕੇ ਪਹਾੜ ਚੜ ਕੇ ਕੁੱਲੂ, ਮੰਡੀ ਹੁੰਦੇ ਹੋਏ ਕੀਰਤਪੁਰ ਪਹੁੰਚਣ। ( ਇਹ ਸਿੱਖ ਲੜਦੇ ਭਿੜਦੇ ਛੇ ਮਹੀਨੇ ਬਾਅਦ ਕੀਰਤਪੁਰ ਪਹੁੰਚੇ) ਜਿਹੜੇ ਸਿੱਖ ਘੋੜਿਆ’ਤੇ ਹਨ ਉਹ ਯਾਹੀਆ ਖਾਨ ਦੀ ਫੌਜ ਨਾਲ ਯੁੱਧ ਲੜ ਕੇ ਘੇਰਾ ਤੋੜਨ। ਜਦੋਂ ਪੈਦਲ ਸਿੱਖ ਪਹਾੜ’ਤੇ ਚੜ ਕੇ ਪਰਲੀਪਾਰ ਚਲੇ ਗਏ ਤਾਂ ਘੋੜਸਵਾਰ ਸਿੱਖਾਂ ਨੇ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਸੁੱਖਾ ਸਿੰਘ ਦੀ ਅਗਵਾਈ’ਚ ਸ਼ਾਹੀ ਫੌਜ’ਤੇ ਹਮਲਾ ਕਰ ਦਿੱਤਾ। ਸਿੱਖ ਬੜੀ ਬਹਾਦਰੀ ਨਾਲ ਲੜੇ। ਇਸ ਗਹਿਗੱਚ ਲੜਾਈ ਵਿੱਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ। ਮਹੀਨਿਆਂ ਤੋਂ ਘੇਰੇ ‘ਚ ਰਹਿਣ ਅਤੇ ਕਈ ਦਿਨਾਂ ਤੱਕ ਖੰਨੀ-ਖੰਨੀ ਰੋਟੀ ਖਾ ਕੇ ਗੁਜ਼ਾਰਾ ਕਰਨ ਕਰਕੇ ਸਿੱਖ ਕਮਜ਼ੋਰ ਹੋ ਚੁੱਕੇ ਸਨ। ਜਿਹੜੇ ਸਿੱਖ ਦੁਸ਼ਮਣ ਨੇ ਕੈਦ ਕਰ ਲਏ ਉਨ੍ਹਾਂ ਨੂੰ ਲਾਹੌਰ ਲਿਆਂਦਾ ਗਿਆ। ਇਸ ਮਾਰਚ ਤੋਂ ਮਈ ਤੱਕ ਲੰਮਾ ਸਮਾਂ ਚੱਲੀ ਘਮਾਸਾਣ ਦੀ ਲੜਾਈ’ਚ 7000 ਦੀ ਕਰੀਬ ਸਿੱਖ ਸ਼ਹੀਦ ਹੋ ਗਏ ਅਤੇ 3000 ਸਿੱਖਾਂ ਨੂੰ ਗਿ੍ਫ਼ਤਾਰ ਕਰ ਲਿਆ। ਸਿੱਖ ਜਰਨੈਲ ਸਰਦਾਰ ਸੁੱਖਾ ਸਿੰਘ ਦੀ ਤੋਪ ਦੇ ਹਮਲ ੇ’ਚ ਲੱਤ ਟੁੱਟ ਗਈ।
ਸਿੱਖ ਨੇ ਲਖਪੱਤ ਰਾਇ ਦੇ #ਪੁੱਤਰ ਹਰਭਜਨ ਰਾਇ ਅਤੇ ਯਹੀਆ ਖਾਨ ਦਾ ਪੁੱਤਰ ਨਾਹਰ ਖਾਨ ਇਸ ਲੜਾਈ’ਚ ਮਾਰ ਦਿੱਤਾ।

ਇੱਥੇ ਸਾਰਾ ਦਿਨ ਯਹੀਆ ਖਾਨ ਦੀ ਫੌਜ ਨਾਲ ਗਹਿਗੱਚ ਲੜਾਈ ਤੋਂ ਬਾਅਦ ਸਿੱਖਾਂ ਨੇ ਰਾਤ ਨੂੰ ਫਿਰ ਹੱਲਾ ਬੋਲਿਆ ਅਤੇ ਘੇਰਾ ਤੋੜ ਕੇ ਲੰਘ ਗਏ। ਫਿਰ ਸਿੱਖਾਂ ਨੇ ਹਰਗੋਬਿੰਦਪੁਰ ਸਾਹਿਬ ਦੇ ਸਥਾਨ ਤੋਂ ਬਿਆਸ ਦਰਿਆ ਪਾਰ ਕੀਤਾ, ਜਿੱਥੇ ਉਹਨਾਂ ਦੀ ਟੱਕਰ ਅਦੀਨਾ ਬੇਗ ਦੀਆਂ ਫੌਜਾਂ ਨਾਲ ਹੋਈ। ਇਸ ਫੌਜ ਨੂੰ ਲੋਹੇ ਦੇ ਚਨੇ ਚਬਾਉਣ ਤੋਂ ਬਾਅਦ ਸਿੱਖ ਸਤਲੁਜ ਦਰਿਆ ਪਾਰ ਕਰਕੇ ਆਲੀਵਾਲ ਪਿੰਡ’ਤੋਂ ਮਾਲਵੇ’ਚ ਦਾਖਲ ਹੋਏ।

ਬੰਦੀ ਸਿੱਖਾਂ ਦੀ ਸ਼ਹਾਦਤ : ਇਸ ਤੋਂ ਬਾਅਦ ਲਖਪੱਤ ਰਾਇ ਨੇ ਗਿ੍ਫ਼ਤਾਰ ਕੀਤੇ 3000 ਸਿੱਖਾਂ ਦੇ ਕੇਸ ਕਤਲ ਕਰ ਦਿੱਤੇ ਗਏ ਅਤੇ ਲਾਹੌਰ ਦੇ ਬਾਜ਼ਾਰ’ਚ ਗੁਲਾਮਾਂ ਵਾਂਗ ਗਧਿਆਂ’ਤੇ ਸੰਗਲਾਂ ਨਾਲ ਬੰਨ ਕੇ ਘੁਮਾਇਆ। ਫਿਰ ਸਿੱਖਾਂ ਨੂੰ ਛੋਟੇ-ਛੋਟੇ ਜੱਥਿਆਂ ਦੇ ਰੂਪ’ਚ ਦਿੱਲੀ ਗੇਟ ਦੇ ਬਾਹਰ ਘੋੜਿਆਂ ਵਾਲੇ ਬਾਜ਼ਾਰ’ਚ ਤਸੀਹੇ ਦੇ ਕੇ ਸ਼ਹੀਦ ਕੀਤਾ। (ਉਸ ਤੋਂ ਬਾਅਦ ਇੱਥੇ ਸਿੱਖਾਂ ਨੇ ਸ਼ਹੀਦਾਂ ਦੀ ਯਾਦ’ਚ #ਗੁਰਦੁਆਰਾ_ਸ਼ਹੀਦਗੰਜ ਸਥਾਪਤ ਕੀਤਾ)

ਲਖਪੱਤ ਰਾਏ ਨੇ ਹੁਕਮ ਦਿੱਤਾ ਕਿ ਗੁਰਦੁਆਰਿਆਂ ਨੂੰ ਢਾਹ ਦਿੱਤਾ ਜਾਵੇ, ਧਾਰਮਿਕ ਗ੍ਰੰਥਾਂ ਨੂੰ ਫੂਕ ਦਿੱਤਾ ਅਤੇ ਜਿਹੜਾ ਆਪਣੇ ਮੂੰਹ’ਚੋੰ ਗੁਰੂ ਸ਼ਬਦ ਕਹੇ ਉਸ ਨੂੰ ਮਾਰ ਦਿੱਤਾ ਜਾਵੇ। ਗੁੜ ਸ਼ਬਦ ਉੱਤੇ ਵੀ ਇਸ ਕਰਕੇ ਪਾਬੰਦੀ ਲਗਾ ਦਿੱਤਾ ਸੀ ਕਿ ਇਸ’ਚੋਂ ਗੁਰ ਦੀ ਧੁਨ ਨਿਕਲਦੀ ਹੈ। ਇਸ ਲਈ ਗੁੜ ਨੂੰ ਰੋੜੀ ਕਹਿਣ ਦਾ ਫੁਰਮਾਨ ਜ਼ਾਰੀ ਕੀਤਾ ਗਿਆ। ਮਾਰਚ ਤੋੰ ਮਈ ਤੱਕ ਚੱਲੇ ਇਸ ਕਾਤਲੇਆਮ ਨੂੰ ਪਹਿਲਾਂ ਸਿੱਖਾਂ ਨੇ ਘੱਲੂਘਾਰੇ ਦਾ ਨਾਮ ਦਿੱਤਾ ਬਾਅਦ’ਚ 5 ਫ਼ਰਬਰੀ 1762 ਨੂੰ ਕੁੱਪ-ਰਹੀੜੇ ਦੇ ਸਥਾਨ ਨੇ ਇਸ ਤੋਂ ਵੱਡਾ ਕਾਤਲੇਆਮ ਹੋਇਆ ਜਿਸ ਨੂੰ “ਵੱਡਾ ਘੱਲੂਘਾਰੇ” ਦਾ ਨਾਮ ਦਿੱਤਾ। ਇਸ ਲਈ “ਕਾਹਨੂੰਵਾਲ ਦੀ ਛੰਭ” ਦੇ ਕਾਤਲੇਆਮ ਨੂੰ ਛੋਟੇ ਘੱਲੂਘਾਰੇ ਦਾ ਨਾਮ ਦਿੱਤਾ ਗਿਆ।

ਸਿੱਖ ਹਲੇ ਵੀ ਜਿਉਂਦੇ ਨੇ : ਇਸ ਘੱਲੂਘਾਰੇ’ਚ ਸਿੱਖਾਂ ਦਾ ਕਿੰਨਾਂ ਨੁਕਸਾਨ ਹੋਇਆ ਇਸ ਗੱਲ ਦਾ ਅੰਦਾਜ਼ਾ ਸੂਬੇਦਾਰ ਲੱਖਪਤ ਰਾਏ ਵੱਲੋਂ ਪਿਟਵਾਏ ਢੰਡੋਰੇ ਤੋਂ ਲੱਗ ਜਾਂਦਾ ਹੈ ਕਿ ਸਿੱਖ ਖ਼ਤਮ ਕਰ ਦਿੱਤੇ ਗਏ ਹਨ। ਸਿੱਖਾਂ ਨੂੰ ਮੁਕੰਮਲ ਤੌਰ’ਤੇ ਖ਼ਤਮ ਕਰ ਦੇਣ ਵਾਲਾ “ਲਖਪੱਤ ਰਾਏ” ਦਾ ਦਾਅਵਾ ਉਦੋੰ ਝੂਠਾ ਸਾਬਤ ਹੋਇਆ ਜਦੋਂ ਸਿੱਖਾਂ ਆਉੰਦੀ ਵਿਸਾਖੀ ਨੂੰ ਸਰਬੱਤ ਖਾਲਸਾ ਬੁਲਾ ਕੇ 11 ਮਿਸਲਾਂ ਦਾ ਐਲਾਨ ਕਰ ਦਿੱਤਾ ਅਤੇ ਕੁਝ ਸਮੇਂ ਪਿੱਛੋ ਅੰਮਿ੍ਤਸਰ ਵਿੱਖੇ ਗੁਰੂ ਰਾਮ ਦਾਸ ਸਾਹਿਬ ਦੇ ਨਾਮ ਉੱਤੇ ਰਾਮਗੜ੍ਹ (ਰਾਮ ਰੌਣੀ )ਨਾਮ ਦਾ ਕਿਲਾ ਉਸਾਰ ਦਿੱਤਾ। ਇਸ ਤਰਾਂ ਇਹ ਫੈਸਲੇ ਸਿੱਖਾਂ ਵੱਲੋੰ ਯਾਹੀਆ ਖਾਨ ਅਤੇ ਲਖਪੱਤ ਰਾਇ ਨੂੰ ਸੁਨੇਹਾ ਸਨ ਕਿ ਸਿੱਖ ਹਲੇ ਮਰੇ ਨਹੀਂ, ਸਗੋੰ ਅੱਜ ਵੀ ਜਿਉੰਦੇ ਹਨ।

ਛੋਟੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਅਤੇ ਅਠਾਰਵੀਂ ਸਦੀ ਦੇ ਸਮੂਹ ਸੰਘਰਸ਼ੀਲ ਯੋਧਿਆਂ ਨੂੰ ਕੋਟਿ-ਕੋਟਿ ਪ੍ਰਣਾਮ, ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਮਹਾਨ ਇਿਤਹਾਸ ਸਿਰਜਿਆ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top