Share on Facebook

Main News Page

ਗੁਰਮਤਿ ਸੇਵਾ ਲਹਿਰ ਵੱਲੋਂ ਧਰਮ ਪ੍ਰਚਾਰ ਦੇ ਨਾਲ ਨਾਲ ਸਸਤੇ ਰੇਟ ’ਤੇ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਨੂੰ ਰੱਖਿਆ ਆਪਣੇ ਏਜੰਡੇ ’ਚ

ਬਠਿੰਡਾ, 9 ਅਗਸਤ : ਬੀਤੇ ਦਿਨ ਇਥੇ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਨੇੜੇ ਸਟੇਡੀਅਮ ਬਠਿੰਡਾ ਵਿਖੇ ਗੁਰਮਤਿ ਸੇਵਾ ਲਹਿਰ ਦੀ ਇਕ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ, ਡਾ: ਹਰਦੀਪ ਸਿੰਘ ਖਿਆਲੀਵਾਲਾ, ਭਾਈ ਰਘਵੀਰ ਸਿੰਘ ਖਿਆਲੀਵਾਲਾ, ਭਾਈ ਗੁਰਮੇਲ ਸਿੰਘ ਬੀਬੀਵਾਲਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਬਲਕਰਨ ਸਿੰਘ ਮੌੜ ਕਲਾਂ, ਮੱਖਨ ਸਿੰਘ ਰੌਂਤਾ, ਕੌਰ ਸਿੰਘ ਕੋਟਲੀ, ਗੁਰਪ੍ਰੀਤ ਸਿੰਘ ਭੂੰਦੜ, ਮਾ: ਜਗਰੂਪ ਸਿੰਘ ਕਲਿਆਣ, ਭਾਈ ਤਰਸੇਮ ਸਿੰਘ ਰਾਗੀ ਹਰਿਰਾਏ ਪੁਰ, ਭਾਈ ਰਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਭਾਈ ਜਗਤਾ ਜੀ ਆਦਿਕ ਪ੍ਰਚਾਰਕਾਂ ਅਤੇ ਗੁਰਮਤਿ ਸੇਵਾ ਲਹਿਰ ਦੇ ਪ੍ਰਬੰਧਕੀ ਮੈਂਬਰਾਂ ਭਾਈ ਜਗਤਾਰ ਸਿੰਘ ਬਠਿੰਡਾ, ਭਾਈ ਸੁਖਬੀਰ ਸਿੰਘ ਮਛਾਣਾ, ਭਾਈ ਦਵਿੰਦਰ ਸਿੰਘ ਮੱਲਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਰਪਤ ਵਰਕਰਾਂ ਨੇ ਭਾਗ ਲਿਆ। ਭਾਈ ਪੰਥਪ੍ਰੀਤ ਸਿੰਘ ਜੀ ਨੇ ਮੀਟਿੰਗ ਦੀ ਕਾਰਵਾਈ ਅਰੰਭ ਕਰਦਿਆਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਧਰਮ ਪ੍ਰਚਾਰ ਮੁਹਿੰਮ ਚਲਾ ਰਹੀ ਗੁਰਮਤਿ ਸੇਵਾ ਲਹਿਰ ਵੱਲੋਂ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਜ਼ਿਲ੍ਹਾਵਾਰ ਮੀਟਿੰਗਾਂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਦੀ ਸ਼ੁਰੂਆਤ ਬਠਿੰਡਾ ਜ਼ਿਲ੍ਹਾ ਦੀ ਇਸ ਪਹਿਲੀ ਮੀਟਿੰਗ ਰਾਹੀਂ ਕੀਤੀ ਗਈ ਹੈ ਅਤੇ ਇਕ ਇਕ ਕਰਕੇ ਜਲਦੀ ਹੀ ਬਾਕੀ ਦੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ।

ਉਨ੍ਹਾਂ ਨੇ ਕਿਹਾ ਆਪਣੇ ਕਿੱਤੇ ਵਿੱਚ ਮਾਹਰ ਅਤੇ ਸਮਾਜ ਸੇਵੀ ਭਾਵਨਾਂ ਵਾਲੇ ਕੁਝ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰਕੇ ਇਹ ਸਹਿਮਤੀ ਬਣੀ ਹੈ ਕਿ ਜਿਹੜੇ ਕੇਸ ਗੁਰਮਤਿ ਸੇਵਾ ਲਹਿਰ ਰਾਹੀਂ ਉਨ੍ਹਾਂ ਪਾਸ ਆਉਣਗੇ ਉਨ੍ਹਾਂ ਦੇ ਰਿਆਇਤੀ ਰੇਟ ’ਤੇ ਅਪ੍ਰੇਸ਼ਨ ਅਤੇ ਮੈਡੀਕਲ ਟੈਸਟ ਕੀਤੇ ਜਾਣਗੇ। ਹੁਣ ਤੱਕ ਜਨਰਲ ਸਰਜਰੀ ਤੇ ਦਿਲ ਦੇ ਅਪ੍ਰੇਸ਼ਨਾਂ ਦੇ ਮਾਹਰ ਡਾਕਟਰਾਂ ਅਤੇ ਐੱਮ.ਆਰ.ਆਈ. ਤੇ ਖੂਨ ਟੈਸਟ ਕਰਨ ਵਾਲੀਆਂ ਪ੍ਰਯੋਗਸ਼ਾਲਾਵਾਂ ਨਾਲ ਗੱਲ ਹੋ ਚੁੱਕੀ ਹੈ ਕਿ ਉਨ੍ਹਾਂ ਵੱਲੋਂ ਵੱਖ ਵੱਖ ਕੇਸਾਂ ਵਿੱਚ 25 ਤੋਂ 60% ਤੱਕ ਛੋਟ ਕਰ ਦਿੱਤੀ ਜਾਇਆ ਕਰੇਗੀ। ਇਸ ਛੋਟ ਦਾ ਸਿੱਧਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਗੁਰਮਤਿ ਸੇਵਾ ਲਹਿਰ ਦੇ ਮੈਂਬਰ ਆਪਣੇ ਆਪਣੇ ਪਿੰਡਾਂ ਵਿੱਚ ਇਸ ਸਕੀਮ ਦਾ ਪ੍ਰਚਾਰ ਕਰਨ ਦੀ ਜਿੰਮੇਵਾਰੀ ਸੰਭਾਲਣ। ਕੋਈ ਵੀ ਮਰੀਜ ਭਾਵੇਂ ਕਿਸੇ ਵੀ ਮਜ਼ਬ ਜਾਂ ਵਰਣ ਨਾਲ ਸਬੰਧ ਰੱਖਦਾ ਹੋਵੇ ਲੋੜ ਪੈਣ ’ਤੇ ਪਿੰਡ ਪੱਧਰ ਦੇ ਉਨ੍ਹਾਂ ਮੈਂਬਰਾਂ ਨਾਲ ਸੰਪਰਕ ਕਰਨ ਜੋ ਅੱਗੇ ਬਠਿੰਡਾ ਜਿਲ੍ਹਾ ਦੇ ਹੈਲਥ ਵਿੰਗ ਦੇ ਇੰਚਾਰਜ ਭਾਈ (ਡਾ:) ਹਰਦੀਪ ਸਿੰਘ ਖ਼ਿਆਲੀਵਾਲਾ ਨਾਲ ਸੰਪਰਕ ਕਰਨ ਜੋ ਤੁਰੰਤ ਉਸ ਹਸਪਤਾਲ ਦਾ ਨਾਮ ਦੱਸੇਗਾ ਜਿਸ ਵਿੱਚ ਮਰੀਜ ਨੂੰ ਗੁਰਮਤਿ ਸੇਵਾ ਲਹਿਰ ਦਾ ਹਵਾਲਾ ਦੇ ਕੇ ਦਾਖ਼ਲ ਕਰਵਾਉਣ ਦੀ ਸਲਾਹ ਦੇਵੇਗਾ; ਜਿੱਥੋਂ ਲੋੜੀਂਦੀ ਛੋਟ ਗੁਰਮਤਿ ਸੇਵਾ ਲਹਿਰ ਦੇ ਲੈੱਟਰਪੈਡ ’ਤੇ ਸਿਫ਼ਾਰਸ਼ ਪਹੁੰਚਣ ਨਾਲ ਬਿੱਲ ਦਾ ਭੁਗਤਾਨ ਕਰਦੇ ਸਮੇਂ ਹੀ ਮਿਲ ਜਾਇਆ ਕਰੇਗੀ।

ਭਾਈ ਪੰਥਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਹਾਲੀ ਸ਼ੁਰੂਆਤ ਹੈ ਬਾਕੀ ਬੀਮਾਰੀਆਂ ਦੇ ਮਾਹਰ ਡਾਕਟਰਾਂ ਨਾਲ ਵੀ ਇਹ ਸਹੂਲਤ ਪ੍ਰਾਪਤ ਕਰਨ ਲਈ ਸੰਪਰਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਰ ਮਹੀਨੇ 4 ਅਤੇ ਸਾਲ ਵਿੱਚ 50 ਪਿੰਡਾਂ ਵਿੱਚ ਅੱਖਾਂ ਦੇ ਅਪ੍ਰੇਸ਼ਨਾਂ ਦੇ 50 ਫਰੀ ਕੈਂਪ ਲਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ। ਜ਼ਿਲ੍ਹਾ ਬਠਿੰਡਾ ਵਿੱਚ ਫਰੀ ਕੈਂਪ ਲਗਵਾਉਣ ਦੀ ਕੋਈ ਵੀ ਚਾਹਵਾਨ ਸੰਸਥਾ, ਪਿੰਡ ਪੰਚਾਇਤ ਜਾਂ ਸਮਾਜ ਸੇਵੀ ਜ਼ਿਲ੍ਹਾ ਇੰਚਾਰਜ ਸਿਹਤ ਵਿੰਗ ਡਾ: ਹਰਦੀਪ ਸਿੰਘ ਨਾਲ ਸੰਪਰਕ ਕਰ ਸਕਦੇ ਹਨ। ਸਿਹਤ ਵਿੰਗ ਦੀ ਤਰ੍ਹਾਂ ਧਰਮ ਪ੍ਰਚਾਰ ਦੇ ਬਾਕੀ ਦੇ ਵੱਖ ਵੱਖ ਕਾਰਜਾਂ ਲਈ ਵੱਖਰੇ ਵਿੰਗ ਬਣਾ ਕੇ ਉਨ੍ਹਾਂ ਦੇ ਇੰਚਾਰਜਾਂ ਥਾਪ ਦਿੱਤੇ ਗਏ ਹਨ ਜਿਨ੍ਹਾਂ ਨੇ ਆਪਣੇ ਆਪਣੇ ਵਿੰਗ ਦੀ ਜਿੰਮੇਵਾਰੀ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਨਿਭਾਉਣ ਦਾ ਭਰੋਸਾ ਦਿੱਤਾ।

- ਖੂਨ ਦਾਨ ਵਿੰਗ ਦੇ ਇੰਚਾਰਜ ਭਾਈ ਰਾਹੁਲ ਸਿੰਘ, ਹਰਨੇਕ ਸਿੰਘ ਢੇਲਵਾਂ ਅਤੇ ਜੀਤਪਾਲ ਸਿੰਘ ਨੇਹੀਆਂਵਾਲਾ ;
-
ਪਿੰਡਾਂ ਵਿੱਚ ਪੰਦਰਵਾੜੇ ਸਮਾਗਮ ਕਰਵਾਉਣ ਦਾ ਪ੍ਰਬੰਧ ਕਰਨ ਵਾਲੇ ਵਿੰਗ ਦੇ ਇੰਚਾਰਜ ਭਾਈ ਰਘਵੀਰ ਸਿੰਘ ਖਿਆਲੀਵਾਲਾ ;
- ਪਿੰਡਾਂ ਵਿੱਚ ਬੱਚਿਆਂ ਦੀਆਂ ਹਫਤਾਵਾਰੀ ਧਾਰਮਿਕ ਕਲਾਸਾਂ ਲਗਾਉਣ ਵਾਲੇ ਵਿੰਗ ਦੇ ਇੰਚਾਰਜ
ਭਾਈ ਗੁਰਮੇਲ ਸਿੰਘ ਅਤੇ ਭਾਈ ਕੁਲਵਿੰਦਰ ਸਿੰਘ ਬੀਬੀਵਾਲਾ ;
-
ਪ੍ਰੋਜੈਕਟਰਾਂ ਰਾਹੀਂ ਧਾਰਮਿਕ ਫਿਲਮਾਂ ਵਿਖਾਉਣ ਵਾਲੇ ਵਿੰਗ ਦੇ ਇੰਚਾਰਜ ਭਾਈ ਰਵਨੀਤ ਸਿੰਘ ਰਵੀ, ਭਾਈ ਹਿੰਮਤ ਸਿੰਘ ਕੁੱਤੀਵਾਲਾ ਅਤੇ ਭਾਈ ਮਨਜੀਤ ਸਿੰਘ ਸੰਗਤ ;
- ਗਤਕਾ ਸਿਖਾਉਣ ਵਾਲੇ ਵਿੰਗ ਇੰਚਾਰਜ
ਭਾਈ ਜਸਕਰਨ ਸਿੰਘ ਭੁੱਚੋ ਖੁਰਦ ਅਤੇ ਭਾਈ ਹਰਜੀਤ ਸਿੰਘ ਗਿੱਲ ਕਲਾਂ ਅਤੇ
-
ਦਸਤਾਰ ਸਿਖਲਾਈ ਕੈਂਪ ਲਗਾਉਣ ਵਾਲੇ ਵਿੰਗ ਇੰਚਾਰਜ ਭਾਈ ਨਰਾਇਣ ਸਿੰਘ ਕੋਟ ਸ਼ਮੀਰ ਥਾਪੇ ਗਏ ਹਨ।

ਭਾਈ ਜਸਕਰਨ ਸਿੰਘ ਭੁੱਚੋ ਖੁਰਦ ਨੇ ਸੁਝਾਉ ਦਿੱਤਾ ਕਿ ਮੈਡੀਕਲ ਸੇਵਾ ਤੋਂ ਇਲਾਵਾ ਸਿੱਖਿਆ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਚੁੱਕੀ ਹੈ ਇਸ ਲਈ ਕੁਝ ਸੇਵਾ ਭਾਵਨਾ ਵਾਲੇ ਅਧਿਆਪਕਾਂ ਨਾਲ ਸੰਪਰਕ ਕਰਕੇ ਅੱਧੇ ਰੇਟ ’ਤੇ ਟਿਊਸ਼ਨਾਂ ਪੜ੍ਹਾਉਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਆਪਣੇ ਪਿੰਡ ਭੁੱਚੋ ਖੁਰਦ ਵਿਖੇ ਅੱਠਵੀਂ ਕਲਾਸ ਤੱਕ ਟਿਊਸ਼ਨਾਂ ਪੜ੍ਹਾਉਣੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਵਿੱਚ ਤਕਰੀਬਨ 50 ਬੱਚੇ ਅੱਧੇ ਰੇਟ ’ਤੇ ਟਿਊਸ਼ਨਾਂ ਪੜ੍ਹ ਰਹੇ ਅਤੇ ਇਨ੍ਹਾਂ ਟਿਊਸ਼ਨਾਂ ਤੋਂ ਉਪ੍ਰੰਤ ਉਨ੍ਹਾਂ ਹੀ ਬੱਚਿਆਂ ਦੀ ਫਰੀ ਗੁਰਮਤਿ ਕਲਾਸ ਲਗਾ ਕੇ ਉਨ੍ਹਾਂ ਨੂੰ ਧਾਰਮਿਕ ਵਿਦਿਆ ਦਿੱਤੀ ਜਾਂਦੀ ਹੈ। ਭਾਈ ਜਸਕਰਨ ਸਿੰਘ ਦੇ ਇਸ ਸੁਝਾਉ ਨੂੰ ਸਲਾਹਿਆ ਗਿਆ ਅਤੇ ਸੇਵਾ ਭਾਵਨਾ ਵਾਲੇ ਅਧਿਆਪਕਾਂ ਨਾਲ ਸੰਪਰਕ ਕਰ ਕੇ ਇਸ ਪ੍ਰੋਜੈਕਟ ਨੂੰ ਵੀ ਆਪਣੇ ਏਜੰਡੇ ਵਿੱਚ ਰੱਖਣ ਲਈ ਵੀਚਾਰ ਅਧੀਨ ਰੱਖਿਆ ਗਿਆ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top