Share on Facebook

Main News Page

ਅੰਮ੍ਰਿਤਸਰ ਐਲਾਨਨਾਮਾ : ਪਿਛੋਕੜ, ਭਰਮ ਤੇ ਹਕੀਕਤ
-: ਕਰਮਜੀਤ ਸਿੰਘ  ਸੰਪਰਕ: 99150-91063

‘ਅੰਮ੍ਰਿਤਸਰ ਐਲਾਨਨਾਮੇ’ ਬਾਰੇ ਸਿੱਖ ਆਗੂਆਂ ਦੇ ਧੁੰਦਲੀ ਕਿਸਮ ਦੇ ਆ ਰਹੇ ਬਿਆਨ ਇੱਕ ਤਰ੍ਹਾਂ ਨਾਲ ਅਸਪਸ਼ਟਤਾ ਨੂੰ ਹੀ ਸਪਸ਼ਟ ਕਰਦੇ ਹਨ। ਸਿੱਖ ਆਗੂਆਂ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਉਦੇਸ਼ ਨਾਲ ਇਸ ਇਤਿਹਾਸਕ ਦਸਤਾਵੇਜ਼ ਦੀ ਆਪੋ ਆਪਣੇ ਤਰੀਕੇ ਨਾਲ ਵਿਆਖਿਆ ਕੀਤੀ ਜਾ ਰਹੀ ਹੈ।

- ‘ਅੰਮ੍ਰਿਤਸਰ ਐਲਾਨਨਾਮਾ’ ਕੀ ਹੈ?
- ਇਹ ਕਿਵੇਂ ਵਜੂਦ ਵਿੱਚ ਆਇਆ?
- ਇਸ ਦੀ ਸ਼ਬਦਾਵਲੀ ਕਿਸ ਨੇ ਤਿਆਰ ਕੀਤੀ?
- ਇਸ ਨਿਵੇਕਲੇ ਦਸਤਾਵੇਜ਼ ਦੇ ਪਿਛੋਕੜ ਵਿੱਚ ਪੰਥਕ ਹਾਲਾਤ ਉਸ ਸਮੇਂ ਕਿਹੋ ਜਿਹੇ ਸਨ?
- ਇਸ ਦਸਤਾਵੇਜ਼ ਦਾ ਇਤਿਹਾਸ ਵਿੱਚ ਕੀ ਸਥਾਨ ਹੋਵੇਗਾ?

ਇਹ ਸਾਰੇ ਦਿਲਚਸਪ, ਪਰ ਅਤਿ ਅਹਿਮ ਸਵਾਲ ਅਤੇ ਇਨ੍ਹਾਂ ਦੇ ਜਵਾਬ ਅੱਜ ਇਸ ਲਈ ਦੇਣੇ ਜ਼ਰੂਰੀ ਬਣਦੇ ਹਨ, ਕਿਉਂਕਿ ਇਹ ਲੇਖਕ ਵੀ ਉਸ ਪੰਜ ਮੈਂਬਰੀ ਕਮੇਟੀ ਵਿੱਚ ਸ਼ਾਮਲ ਸੀ, ਜਿਸ ਨੇ ‘ਅੰਮ੍ਰਿਤਸਰ ਐਲਾਨਨਾਮੇ’ ਨੂੰ ਤਿਆਰ ਕਰਨ ਤੋਂ ਪਹਿਲਾਂ ਇੱਕ ਸੁਖਾਵੇਂ, ਖੁੱਲ੍ਹੇ ਡੁੱਲ੍ਹੇ, ਪਰ ਗਰਮਾ ਗਰਮ ਮਾਹੌਲ ਵਿੱਚ ਨਿੱਠ ਕੇ ਲੰਮਾ ਚੌੜਾ ਵਿਚਾਰ ਵਟਾਂਦਰਾ ਕੀਤਾ ਸੀ। ਇਸ ਪੰਜ ਮੈਂਬਰੀ ਕਮੇਟੀ ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਭਾਗ ਦੇ ਪ੍ਰੋਫੈਸਰ ਡਾ. ਕੇਹਰ ਸਿੰਘ, ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਮੁਖੀ ਡਾ. ਬਲਕਾਰ ਸਿੰਘ, ਅੰਗਰੇਜ਼ੀ ਵਿਭਾਗ ਦੇ ਸਾਬਕਾ ਮੁਖੀ ਡਾ. ਗੁਰਭਗਤ ਸਿੰਘ ਅਤੇ ਮਨੁੱਖੀ ਅਧਿਕਾਰਾਂ ਦੇ ਆਗੂ ਜਸਪਾਲ ਸਿੰਘ ਢਿੱਲੋਂ ਸ਼ਾਮਲ ਸਨ।

2 ਮਈ 1994 ਨੂੰ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ‘ਅੰਮ੍ਰਿਤਸਰ ਐਲਾਨਨਾਮੇ’ ਦਾ ਵਿਚਾਰ ਅਸਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਦੇਣ ਸੀ। ਉਨ੍ਹਾਂ ਦਿਨਾਂ ਵਿੱਚ ਜਿਹੜੀਆਂ ਵੱਚ ਵੱਖ ਪੰਥਕ ਧਿਰਾਂ ਕੌਮ ਨੂੰ ਕੋਈ ਅਗਲਾ ਰਾਜਨੀਤਕ ਪ੍ਰੋਗਰਾਮ ਦੇਣ ਬਾਰੇ ਸ੍ਰੀ ਅਕਾਲ ਤਖ਼ਤ ਦੀ ਅਗਵਾਈ ਵਿੱਚ ਵਿਚਾਰਾਂ ਕਰ ਰਹੀਆਂ ਸਨ, ਉਨ੍ਹਾਂ ਵਿੱਚ ਆਪੋ ਆਪਣੀ ਪਾਰਟੀ ਦੀ ਨੁਮਾਇੰਦਗੀ ਕਰਨ ਵਾਲੇ ਆਗੂਆਂ ਵਿੱਚ ਕੈਪਟਨ ਅਮਰਿੰਦਰ ਸਿੰਘ, ਜਗਦੇਵ ਸਿੰਘ ਤਲਵੰਡੀ, ਸਿਮਰਨਜੀਤ ਸਿੰਘ ਮਾਨ, ਕਰਨਲ ਜਸਮੇਰ ਸਿੰਘ ਬਾਲਾ, ਸੁਰਜੀਤ ਸਿੰਘ ਬਰਨਾਲਾ ਅਤੇ ਭਾਈ ਮਨਜੀਤ ਸਿੰਘ ਸ਼ਾਮਲ ਸਨ। ਇਨ੍ਹਾਂ ਸਭਨਾਂ ਨੇ ਇਸ ਐਲਾਨਨਾਮੇ ’ਤੇ ਬਾਕਾਇਦਾ ਦਸਤਖ਼ਤ ਕੀਤੇ ਸਨ, ਪਰ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਇਸ ਵਿਚਾਰ ਵਟਾਂਦਰੇ ਅਤੇ ਦਸਤਖ਼ਤਾਂ ਤੋਂ ਬਾਹਰ ਸੀ। ਪ੍ਰੋ. ਮਨਜੀਤ ਸਿੰਘ ਉਸ ਸਮੇਂ ਅਕਾਲ ਤਖ਼ਤ ਦੇ ਐਕਟਿੰਗ ਜਥੇਦਾਰ ਸਨ।

ਉਨ੍ਹਾਂ ਹੀ ਦਿਨਾਂ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇੱਕ ਦਿਨ ਮੈਨੂੰ ਪਿੰਡ ਟੌਹੜਾ ਵਿਖੇ ਸੱਦਿਆ ਅਤੇ ਭਰੋਸੇ ਵਿੱਚ ਲੈ ਕੇ ਜੋ ਕੁਝ ਕਿਹਾ, ਉਸ ਦਾ ਭਾਵ ਅਰਥ ਕੁਝ ਇਸ ਤਰ੍ਹਾਂ ਦਾ ਸੀ, ‘‘ਕਰਮਜੀਤ, ਮੈਂ ਚਾਹੁੰਦਾ ਹਾਂ ਕਿ ਇੱਕ ਅਜਿਹਾ ਦਸਤਾਵੇਜ਼ ਤਿਆਰ ਹੋਵੇ, ਜੋ ਆਨੰਦਪੁਰ ਸਾਹਿਬ ਦੇ ਮਤੇ ਤੋਂ ਅੱਗੇ ਦੀ ਗੱਲ ਕਰਦਾ ਹੋਵੇ, ਪਰ ਖ਼ਾਲਿਸਤਾਨ ਤੋਂ ਰਤਾ ਘੱਟ ਹੋਵੇ। ਲੇਕਿਨ ਉਸ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਖ਼ਾਲਿਸਤਾਨ ਦੀ ਖ਼ੁਸ਼ਬੋ ਦਾ ਅਹਿਸਾਸ ਵੀ ਸ਼ਾਮਲ ਹੋਵੇ।’’ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਕਮੇਟੀ ਦੇ ਬਾਕੀ ਮੈਂਬਰਾਂ ਨਾਲ ਇਸ ਤਰ੍ਹਾਂ ਦੀ ਗੱਲ ਕੀਤੀ ਸੀ ਜਾਂ ਨਹੀਂ। ਇੰਜ ਜਥੇਦਾਰ ਟੌਹੜਾ ਨੇ ਏਜੰਡੇ ਦੀ ਰੂਪ-ਰੇਖਾ ਕਰੀਬ-ਕਰੀਬ ਤੈਅ ਕਰ ਦਿੱਤੀ ਸੀ ਅਤੇ ਇਸੇ ਘੇਰੇ ਵਿੱਚ ਰਹਿ ਕੇ ਵਿਚਾਰ ਵਟਾਂਦਰਾ ਹੋਣਾ ਸੀ। ਜਥੇਦਾਰ ਰਾਜਨੀਤੀ ਦੇ ਮੈਦਾਨ ਵਿੱਚ ਦੂਰਅੰਦੇਸ਼, ਸ਼ਾਤਿਰ ਅਤੇ ਡੂੰਘੇ ਪਾਣੀਆਂ ਦੇ ਤੈਰਾਕ ਸਨ। ਬਿਨਾਂ ਸ਼ੱਕ ਉਨ੍ਹਾਂ ਵਿੱਚ ਵੱਡੀਆਂ ਕਮਜ਼ੋਰੀਆਂ ਵੀ ਸਨ, ਫਿਰ ਵੀ ਉਹ ਸਿੱਖੀ ਸਿਧਾਂਤਾਂ ਦੇ ਪਹਿਰੇਦਾਰ ਸਨ। ਦਿਲਚਸਪ ਗੱਲ ਇਹ ਹੈ ਕਿ ਉਹ ਹਰ ਸਮੇਂ ਇਤਿਹਾਸ ਅਤੇ ਇਸ ਵਿੱਚ ਆਪਣੀ ਭੂਮਿਕਾ ਬਾਰੇ ਸੁਚੇਤ ਤੇ ਸਾਵਧਾਨ ਰਹਿੰਦੇ ਸਨ। ਸਿੱਖ ਇਤਿਹਾਸ ਦੀ ਮੁੱਖ ਧਾਰਾ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਉਹ ਰਾਜਨੀਤੀ ਨੂੰ ਕੁਝ ਇਸ ਤਰ੍ਹਾਂ ਦੀ ਦਿਸ਼ਾ ਦੇ ਦਿੰਦੇ ਸਨ ਤਾਂ ਜੋ ਭਵਿੱਖ ਦੇ ਇਤਿਹਾਸਕਾਰ ਆਪਣੇ ਆਪ ਹੀ ਉਨ੍ਹਾਂ ਦੀ ਰਣਨੀਤੀ ’ਤੇ ਆਪਣੀ ਮੋਹਰ ਲਾ ਦੇਣ। ‘ਅੰਮ੍ਰਿਤਸਰ ਐਲਾਨਨਾਮਾ’ ਵੀ ਇਤਿਹਾਸ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦੀ ਉਨ੍ਹਾਂ ਦੀ ਲੁਕਵੀਂ ਰੀਝ ਨੂੰ ਹੀ ਸਾਕਾਰ ਕਰਦਾ ਹੈ। ਉਹ ਜਾਣਦੇ ਸਨ ਕਿ ਉਨ੍ਹਾਂ ਦੀਆਂ ਇੱਛਾਵਾਂ ਦਾ ਐਲਾਨਨਾਮਾ ਜੇ ਅਕਾਲ ਤਖ਼ਤ ’ਤੇ ਸਰਬ ਸਹਿਮਤੀ ਨਾਲ ਪ੍ਰਵਾਨ ਹੋ ਜਾਂਦਾ ਹੈ ਤਾਂ ਇੱਕ ਪਵਿੱਤਰ ਦਸਤਾਵੇਜ਼ ਬਣ ਜਾਵੇਗਾ, ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਸੰਘਰਸ਼ ਨੂੰ ਅੱਗੇ ਤੋਰਨ ਵਿੱਚ ਪ੍ਰੇਰਨਾ ਅਤੇ ਉਤਸ਼ਾਹ ਹੀ ਨਹੀਂ ਮਿਲੇਗਾ, ਸਗੋਂ ਅੰਤਰਰਾਸ਼ਟਰੀ ਖੇਤਰ ਵਿੱਚ ਸਿੱਖ ਕੌਮ ਦੀ ਆਜ਼ਾਦੀ ਦੀ ਤਾਂਘ ਨੂੰ ਸਦਾਚਾਰਕ ਪ੍ਰਵਾਨਗੀ ਵੀ ਹਾਸਲ ਹੋ ਜਾਵੇਗੀ।

ਇਸ ਤੋਂ ਪਹਿਲਾਂ ਆਨੰਦਪੁਰ ਸਾਹਿਬ ਦਾ ਮਤਾ ਤਾਂ ਕੇਵਲ ਇੱਕ ਪਾਰਟੀ ਦਾ ਹੀ ਮਤਾ ਸੀ, ਪਰ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਦੇ ਵਿਚਾਰ ਅਧੀਨ ਕਦੇ ਵੀ ਨਹੀਂ ਸੀ ਆਇਆ ਅਤੇ ਨਾ ਹੀ ਕਦੇ ਉਸ ਨੂੰ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਹਾਸਲ ਹੋਈ ਸੀ। ਟੌਹੜਾ ਸਾਹਿਬ ਨੂੰ ਮਨ ਦੀ ਕਿਸੇ ਅਗਿਆਤ ਨੁੱਕਰ ਵਿੱਚ ਇਸ ਗੱਲ ਦੀ ਵੀ ਜਾਣਕਾਰੀ ਸੀ ਕਿ ਦਸਤਖ਼ਤ ਕਰਨ ਵਾਲੇ ਆਗੂਆਂ ਵਿੱਚੋਂ ਕਈ ਬਹੁਤੇ ਛੋਟੇ ਰਾਜਨੀਤਕ ਕੱਦ ਦੇ ਸਨ ਅਤੇ ਉਹ ਆਪੋ ਆਪਣੀਆਂ ਰਾਜਨੀਤਕ ਗਰਜ਼ਾਂ ਕਾਰਨ ਹੀ ਇਕੱਠੇ ਹੋਏ ਹਨ ਅਤੇ ਅੰਤ ਨੂੰ ਮੈਦਾਨ ਛੱਡ ਕੇ ਭੱਜ ਜਾਣਗੇ। ਹੋਇਆ ਵੀ ਇੰਜ ਹੀ। ਦਸਤਖ਼ਤ ਕਰਨ ਵਾਲੇ ਅਕਾਲੀ ਆਗੂ ਰਾਜਨੀਤਕ ਹਨੇਰੀ ਵਿੱਚ ਸੁੱਕੇ ਪੱਤਿਆਂ ਵਾਂਗ ਇੱਧਰ ਉੱਧਰ ਹੀ ਖਿੰਡ ਗਏ।

ਕੈਪਟਨ ਅਮਰਿੰਦਰ ਸਿੰਘ ਛਾਲ ਮਾਰ ਕੇ ਕਾਂਗਰਸ ਵਿੱਚ ਚਲੇ ਗਏ। ਸੁਰਜੀਤ ਸਿੰਘ ਬਰਨਾਲਾ ਨੂੰ ਰਾਜਪਾਲ ਦੇ ਅਹੁਦੇ ਨੇ ਮੋਹ ਲਿਆ। ਬੱਬਰ ਅਕਾਲੀ ਦਲ ਦੇ ਜਸਮੇਰ ਸਿੰਘ ਬਾਲਾ, ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਦੇ ਪੁੱਤਰ ਭਾਈ ਮਨਜੀਤ ਸਿੰਘ ਅਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਵੱਖ ਵੱਖ ਪਾਸੇ ਕਿਰ ਗਏ। ਇਸ ਐਲਾਨਨਾਮੇ ਦੀ ਗੱਲ ਕਰਨ ਦੀ ਜ਼ਿੰਮੇਵਾਰੀ ਦਾ ਭਾਰ ਸਿਮਰਨਜੀਤ ਸਿੰਘ ਮਾਨ ਨੂੰ ਹੀ ਚੁਕਾ ਦਿੱਤਾ ਗਿਆ। ਜਿੱਥੋਂ ਤਕ ਸਿਮਰਨਜੀਤ ਸਿੰਘ ਮਾਨ ਦਾ ਸਬੰਧ ਹੈ, ਉਹ ਤਾਂ ਪਹਿਲਾਂ ਹੀ ਇਸ ਮਤੇ ਦੀ ਭਾਵਨਾ ਤੋਂ ਅੱਗੇ ਜਾ ਕੇ ਖ਼ਾਲਿਸਤਾਨ ਦੀ ਮੰਗ ਕਰਦੇ ਆ ਰਹੇ ਸਨ। ਇਸ ਲਈ ਉਨ੍ਹਾਂ ਵਾਸਤੇ ਇਹ ਮਤਾ ਖ਼ਾਲਿਸਤਾਨ ਲਈ ਇੱਕ ਪੜਾਅ ਵਜੋਂ ਕੰਮ ਕਰਦਾ ਸੀ।

ਉਂਜ, ਇਸ ਮਤੇ ਵਿੱਚ ਖ਼ਾਲਿਸਤਾਨ ਦੀ ਕੋਈ ਮੰਗ ਨਹੀਂ ਕੀਤੀ ਗਈ, ਸਗੋਂ ਕਨਫੈਡਰਲ ਢਾਂਚੇ ਦੀ ਮੰਗ ਕੀਤੀ ਗਈ ਸੀ ਅਤੇ ਕਨਫੈਡਰਲ ਢਾਂਚਾ ਨਾ ਮੰਨੇ ਜਾਣਦੀ ਸੂਰਤ ਵਿੱਚ ਖ਼ੁਦਮੁਖ਼ਤਿਆਰ ਸਿੱਖ ਰਾਜ (ਖ਼ਾਲਿਸਤਾਨ) ਦੀ ਮੰਗ ਕਰਨ ਬਾਰੇ ਮਹਿਜ਼ ਚਿਤਾਵਨੀ ਹੀ ਦਿੱਤੀ ਗਈ ਸੀ।

ਇਤਿਹਾਸ ਨੇ ਵੇਖਿਆ ਕਿ ਇਸ ਦਸਤਾਵੇਜ਼ ਨੂੰ ਇੱਕ ਵਿਸ਼ਾਲ ਲਹਿਰ ਸਿਰਜਣ ਦਾ ਆਧਾਰ ਬਣਾਉਣ ਲਈ ਕੋਈ ਆਗੂ ਵੀ ਮੈਦਾਨ ਵਿੱਚ ਨਹੀਂ ਨਿੱਤਰਿਆ। ਸ੍ਰੀ ਅਕਾਲ ਤਖ਼ਤ ਦੇ ਅਗਲੇ ਜਥੇਦਾਰਾਂ ਨੇ ਵੀ ਇਸ ਐਲਾਨਨਾਮੇ ਨੂੰ ਲਾਗੂ ਕਰਵਾਉਣ ਬਾਰੇ ਖ਼ਾਮੋਸ਼ੀ ਦਾ ਰਾਹ ਫੜਿਆ। ਵਿਚਾਰਾਂ ਦੇ ਇਤਿਹਾਸ ਦਾ ਇਹ ਕੇਹਾ ਵਿਅੰਗ ਸੀ ਕਿ ‘ਅੰਮ੍ਰਿਤਸਰ ਐਲਾਨਨਾਮੇ’ ਦਾ ਵਿਚਾਰ ਦੇਣ ਵਾਲੇ ਜਥੇਦਾਰ ਟੌਹੜਾ ਖ਼ੁਦ ਵੀ ਪ੍ਰਕਾਸ਼ ਸਿੰਘ ਬਾਦਲ ਨਾਲ ਜਾ ਮਿਲੇ।

ਕਿਵੇਂ ਤਿਆਰ ਹੋਇਆ ਖਰੜਾ ?
ਤਿਆਰੀ ਸਬੰਧੀ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਪਟਿਆਲੇ 30 ਅਤੇ ਪਹਿਲੀ ਮਈ ਦੀ ਵਿਚਕਾਰਲੀ ਰਾਤ ਨੂੰ ਹੋ ਰਹੀ ਸੀ। ਵਿਚਾਰਾਂ ਕਰਦਿਆਂ-ਕਰਦਿਆਂ ਸਵੇਰ ਦੇ 4 ਵੱਜ ਗਏ, ਪਰ ਕਿਸੇ ਵੀ ਸਾਂਝੇ ਖਰੜੇ ’ਤੇ ਸਾਡੀ ਕੋਈ ਸਹਿਮਤੀ ਨਾ ਹੋ ਸਕੀ। ਆਖ਼ਰਕਾਰ ਮਤੇ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਡਾ. ਗੁਰਭਗਤ ਸਿੰਘ ਨੂੰ ਸੌਂਪ ਦਿੱਤੀ ਗਈ। ਉਹ ਆਪਣੇ ਘਰ ਚਲੇ ਗਏ। ਸਵੇਰੇ 6 ਵਜੇ ਦੇ ਕਰੀਬ ਉਹ ਮਤਾ ਲੈ ਕੇ ਵਾਪਸ ਆਏ ਅਤੇ ਉਨ੍ਹਾਂ ਨੇ ਪੜ੍ਹ ਕੇ ਸੁਣਾਇਆ। ਸਾਡੇ ਵਿੱਚੋਂ ਇੱਕ ਸਾਥੀ ਆਪਣੀ ਸਹਿਮਤੀ ਦੇਣ ਬਾਰੇ ਜੱਕੋਤਕੀ ਵਿੱਚ ਸੀ, ਜਦੋਂਕਿ ਇੱਕ ਹੋਰ ਇਸ ਵਿੱਚ ਤਰਮੀਮ ਕਰਨ ਦਾ ਸੁਝਾਅ ਦੇ ਰਿਹਾ ਸੀ। ਮੈਨੂੰ ਯਾਦ ਹੈ ਕਿ ਉਸ ਸਮੇਂ ਡਾ. ਗੁਰਭਗਤ ਸਿੰਘ ਨੇ ਕਿਹਾ ਕਿ ਜੇ ਇਸ ਵਿੱਚ ਕੋਈ ਵੀ ਤਬਦੀਲੀ ਕੀਤੀ ਜਾਂਦੀ ਹੈ ਤਾਂ ਮੈਨੂੰ ਉਸ ਵਿੱਚ ਸ਼ਾਮਲ ਨਾ ਸਮਝਿਆ ਜਾਵੇ। ਉਨ੍ਹਾਂ ਦੇ ਸ਼ਬਦਾਂ ਵਿੱਚ ਏਨੀ ਦ੍ਰਿੜ੍ਹਤਾ ਅਤੇ ਸਪਸ਼ਟਤਾ ਸੀ ਕਿ ਇੱਕ ਵਾਰ ਤਾਂ ਸਾਡੇ ਸਭਨਾਂ ਵਿੱਚ ਚੁੱਪ ਵਰਤ ਗਈ। ਆਖ਼ਰਕਾਰ ਉਨ੍ਹਾਂ ਦੇ ਮਤੇ ’ਤੇ ਸਰਬ ਸਹਿਮਤੀ ਹੋ ਗਈ। ਇਹ ਮਤਾ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਸੀ।

ਹੁਣ ਅਗਲਾ ਕੰਮ ਇਹ ਸੀ ਕਿ ਇਸ ਮਤੇ ਨੂੰ ਅੰਮ੍ਰਿਤਸਰ ਵਿਖੇ ਅਕਾਲ ਤਖ਼ਤ ਦੇ ਜਥੇਦਾਰ ਪ੍ਰੋ. ਮਨਜੀਤ ਸਿੰਘ ਤਕ ਪੁੱਜਦਾ ਕਿਵੇਂ ਕੀਤਾ ਜਾਵੇ। ਅਸੀਂ ਕਾਰ ਰਾਹੀਂ ਪਹਿਲੀ ਮਈ 1994 ਨੂੰ ਅੰਮ੍ਰਿਤਸਰ ਪੁੱਜੇ। ਸਾਰਾਗੜ੍ਹੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਇੱਕ ਇਮਾਰਤ ਵਿੱਚ ਠਹਿਰੇ। ਪ੍ਰੋ. ਮਨਜੀਤ ਸਿੰਘ ਕੋਲ ਪਹੁੰਚਦਿਆਂ ਰਾਤ ਦੇ ਕਰੀਬ 10 ਵੱਜ ਚੁੱਕੇ ਸਨ। ਜਦੋਂ ਉਨ੍ਹਾਂ ਨੂੰ ਮਤਾ ਪੜ੍ਹ ਕੇ ਸੁਣਾਉਣ ਹੀ ਲੱਗੇ ਸੀ ਤਾਂ ਬਿਜਲੀ ਚਲੀ ਗਈ ਅਤੇ ਮੋਮਬੱਤੀ ਦੀ ਰੌਸ਼ਨੀ ਵਿੱਚ ਇਹ ਮਤਾ ਸੁਣਾਇਆ ਗਿਆ। ਉਨ੍ਹਾਂ ਨੇ ਖ਼ੁਦ ਵੀ ਪੜ੍ਹਿਆ, ਪਰ ਉਨ੍ਹਾਂ ਨੂੰ ਇਸ ਗੱਲ ਦਾ ਸੰਸਾ ਸੀ ਕਿ ਇਹ ਮਤਾ ਸ਼ਾਇਦ ਪ੍ਰਵਾਨ ਨਹੀਂ ਕੀਤਾ ਜਾਵੇਗਾ।

ਇਸ ਮਤੇ ਦਾ ਸਿਰਲੇਖ ‘ਅੰਮ੍ਰਿਤਸਰ ਐਲਾਨਨਾਮਾ’ ਵੀ ਉਨ੍ਹਾਂ ਵੱਲੋਂ ਹੀ ਦਿੱਤਾ ਗਿਆ। ਇਸ ਮਤੇ ’ਤੇ ਸਹਿਮਤੀ ਬਣਾਉਣ ਵਿੱਚ ਉਨ੍ਹਾਂ ਦਾ ਰੋਲ ਇੱਕ ਇਤਿਹਾਸਕ ਯਾਦਗਾਰ ਬਣਿਆ ਰਹੇਗਾ। ਇਸ ਮਤੇ ਦਾ ਪੰਜਾਬੀ ਵਿੱਚ ਤਰਜਮਾ ਕਰਨ ਲਈ ਰਾਤ ਨੂੰ ਟਾਈਪਿੰਗ ਮਸ਼ੀਨ ਦਾ ਪ੍ਰਬੰਧ ਕੀਤਾ ਗਿਆ। ਮੋਮਬੱਤੀਆਂ ਦੀ ਰੌਸ਼ਨੀ ਵਿੱਚ ਡਾ. ਗੁਰਭਗਤ ਸਿੰਘ ਨਾਲ ਬੈਠ ਕੇ ਇਸ ਮਤੇ ਦਾ ਪੰਜਾਬੀ ਵਿੱਚ ਤਰਜਮਾ ਕੀਤਾ ਗਿਆ ਅਤੇ ਫਿਰ ਪ੍ਰੋ. ਮਨਜੀਤ ਸਿੰਘ ਨੂੰ ਸੌਂਪ ਦਿੱਤਾ ਗਿਆ। ਖ਼ੁਫ਼ੀਆ ਏਜੰਸੀਆਂ ਨੂੰ ਝਕਾਨੀ ਦੇ ਕੇ ਅਸੀਂ ਸਾਰੇ ਆਪੋ ਆਪਣੇ ਘਰਾਂ ਨੂੰ ਪਰਤ ਆਏ। ਅਗਲੇ ਦਿਨ ਦੁਪਹਿਰ ਪਿੱਛੋਂ ਸਾਨੂੰ ਖ਼ਬਰ ਮਿਲੀ ਕਿ ਮਤਾ ਪ੍ਰਵਾਨ ਹੋ ਗਿਆ ਹੈ ਅਤੇ ਸਭਨਾਂ ਨੇ ਉਸ ’ਤੇ ਬਾਕਾਇਦਾ ਦਸਤਖ਼ਤ ਵੀ ਕਰ ਦਿੱਤੇ ਹਨ। ਇਹ ਖ਼ਬਰ ਸੱਚਮੁੱਚ ਹੀ ਹੈਰਾਨ ਕਰਨ ਵਾਲੀ ਸੀ। ਸਾਨੂੰ ਯਕੀਨ ਹੀ ਨਹੀਂ ਸੀ ਆਉਂਦਾ ਕਿਉਂਕਿ ਇੱਕ ਦੂਜੇ ਵਿਰੁੱਧ ਟਕਰਾਉਂਦੇ ਵਿਚਾਰਾਂ ਵਾਲੇ ਸਿੱਖ ਆਗੂ ਇੱਕ ਅਜਿਹੇ ਮਤੇ ’ਤੇ ਸਹਿਮਤ ਹੋ ਗਏ ਸਨ, ਜੋ ਉਨ੍ਹਾਂ ਦੇ ਭਵਿੱਖ ਦੇ ਰਾਜਨੀਤਕ ਜੀਵਨ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਸੀ ਅਤੇ ਇਹ ਹੁਣ ਕਰ ਵੀ ਰਿਹਾ ਹੈ।

Source: http://www.punjabspectrum.com/?p=8090


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top