Share on Facebook

Main News Page

 ਪੂਜਾ, ਪੂਜਾਰੀ ਤੇ ਪੂਜਾਰੀਵਾਦ
-: ਜਗਤਾਰ ਸਿੰਘ ਜਾਚਕ, ਨਿਊਯਾਰਕ 
31 Jul 2018

‘ਪੂਜਾ’ ਪਦ (ਲਫ਼ਜ਼) ਸੰਸਕ੍ਰਿਤ ਨਾਂਵ ‘ਪੂਜ੍‍’ ਦਾ ਦੇਵਨਾਗਰੀ ਤੇ ਪੰਜਾਬੀ ਰੂਪ ਹੈ । ਅਰਥ ਹੈ : ਪੂਜਣ ਦੀ ਕ੍ਰਿਆ । ‘ਪੂਜਾਰੀ’ ਆਖਿਆ ਜਾਂਦਾ ਹੈ ‘ਪੂਜਾ ਕਰਨ ਵਾਲੇ ਨੂੰ ਅਤੇ ਪੂਜਾ ਦੇ ਇਵਜ਼ ਵਜੋਂ ਇਸ਼ਟ-ਦੇਵ ਦੀ ਚੜ੍ਹਤ ਦੇ ਪਦਾਰਥਾਂ ਨੂੰ ਗ੍ਰਹਿਣ ਕਰਨ ਵਾਲੇ ਨੂੰ । ‘ਪੂਜਾਰੀਵਾਦ’ ਨਾਂ ਹੈ ਵੱਖ ਵੱਖ ਮਜ਼ਹਬੀ ਪੂਜਾਰੀਆਂ ਦੇ ਉਸ ਸਾਰੇ ਕਰਮਕਾਂਡੀ ਤੇ ਗੁੰਮਰਾਹਕੁੰਨ ਲੋਟੂ ਪਸਾਰੇ ਦਾ, ਜਿਹੜਾ ਰੱਬੀ-ਪ੍ਰੇਮ ਤੋਂ ਰਹਿਤ ਉਨ੍ਹਾਂ ਪੂਜਾ-ਵਿਧੀਆਂ ਦੇ ਰੂਪ ਵਿੱਚ ਨਿੱਜੀ ਸੁਆਰਥਾਂ ਅਧੀਨ ਪਸਾਰਿਆ ਹੈ । ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਗੁਰੂ ਗ੍ਰੰਥ ਵਿਸ਼ਵ ਕੋਸ਼’ ਵਿੱਚ ਪੌਰਾਣਿਕ ਦ੍ਰਿਸ਼ਟੀ ਤੋਂ ਦੇਵ ‘ਪੂਜਾ’ ਦੀ ਪ੍ਰੀਭਾਸ਼ਤ ਵਿਆਖਿਆ ਕਰਦਿਆਂ ਲਿਖਿਆ ਹੈ :- “ਇਸ਼ਟ ਪ੍ਰਤਿ ਭਗਤੀ ਅਤੇ ਸ਼ਰਧਾਪੂਰਵਕ ਸੇਵਾ ਹੀ ‘ਪੂਜਾ’ ਹੈ । ਇਸ ਨੂੰ ਕਾਮ੍‍ਯ (ਕਾਮਨਾ-ਯੁਕਤ) ਯੱਗ ਦੇ ਅੰਤਰਗਤਿ ਮੰਨਿਆ ਜਾਂਦਾ ਹੈ । ਪੂਜਾ ਲਈ ਇਸ਼ਟ ਦੇਵ ਦੇ ਪ੍ਰਤੀਕ ਜਾਂ ਮੂਰਤੀ ਦੀ ਮਜੂਦਗੀ ਜ਼ਰੂਰੀ ਸਮਝੀ ਜਾਂਦੀ ਹੈ” । {ਪੰਨਾ 225}

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰਲੇ ਗੁਰਵਾਕ “ਕੋਟਿ ਪੂਜਾਰੀ ਕਰਤੇ ਪੂਜਾ ॥” {ਪੰ.1156} ਦੀ ਸੱਚਾਈ ਦੇ ਗਵਾਹ ਤਾਂ ਭਾਵੇਂ ਹੁਣ ਸੰਸਾਰ ਭਰ ਦੇ ਧਰਮ ਮੰਦਰ ਮੰਨੇ ਜਾ ਸਕਦੇ ਹਨ । ਪਰ, ਅਜੇ ਵੀ ਉਪਰੋਕਤ ਪੂਜਾ ਵਿਧੀਆਂ ਵਾਲੇ ਕਰਮਕਾਂਡਾ ਦੀ ਭਰਮਾਰ ਵੇਖਣੀ ਹੋਵੇ ਤਾਂ ਉਹ ਹਨ ਹਿੰਦੂ ਮੰਦਰ ਤੇ ਹਿੰਦੂ ਘਰਾਣੇ, ਜਿਥੇ ਨਾ ਤਾਂ ਇਸ਼ਟਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਪੂਜਾ ਵਿਧੀਆਂ ਦੀ । ਕਿਉਂਕਿ ਜਿਨ੍ਹੇ ਇਸ਼ਟ-ਦੇਵ ਹਨ, ਉਨ੍ਹਾਂ ਦੀ ਪੂਜਾ ਦੇ ਢੰਗ ਵੀ ਵੱਖ ਵੱਖ ਹਨ । ਜਿਵੇਂ 26 ਜਨਵਰੀ ਸੰਨ 2001 ਨੂੰ ਭੁੱਜ (ਗੁਜਰਾਤ) ਵਿਖੇ ਸਵੇਰੇ ਦੋ ਮਿੰਟ ਲਈ ਬੜਾ ਭਿਆਨਕ ਭੂਚਾਲ (Earthquake) ਆਇਆ । ਜਾਨ-ਮਾਲ ਦਾ ਬਹੁਤ ਨੁਕਸਾਨ ਹੋਇਆ । ਸੰਸਾਰ ਭਰ ਦੇ ਲੋਕਾਂ ਨੇ ਦੁੱਖ ਮਨਾਇਆ ।

ਗੁਜਰਾਤ ਸਰਕਾਰ ਨੇ 28 ਜਨਵਰੀ 2002 ਨੂੰ ‘ਧਰਤੀ-ਮਾਤਾ ਪੂਜਾ’ ਦੇ ਨਾਮ ਹੇਠ ਭੂਚਾਲ ਦੀ ਪਹਿਲੀ ਸਲਾਨਾ-ਯਾਦ ਮਨਾਈ । ਸਰਕਾਰੀ ਹੁਕਮ ਅਧੀਨ ਸਾਰੇ ਮੁਲਾਜ਼ਮ ਤੇ ਸਕੂਲੀ ਵਿਦਿਆਰਥੀ ਸਮਾਗਮ ਵਿੱਚ ਸ਼ਾਮਲ ਹੋਏ । ਦੋ ਵੈਦਿਕ ਸਕਾਲਰਾਂ ਨੇ ਧਰਤੀ-ਮਾਤਾ ਪੂਜਨ ਦੇ ਵੇਦ ਮੰਤਰਾਂ ਦਾ ਉਚਾਰਣ ਕੀਤਾ । ਸੂਰਜ ਛਿਪਣ ਵੇਲੇ 101 ਦੇਸੀ ਘਿਉ ਦੀਆਂ ਜੋਤਾਂ ਜਗਾ ਕੇ ਵਿਸ਼ੇਸ਼ ਪੂਜਾ ਕੀਤੀ ਗਈ । ਭਾਰਤ-ਮਾਤਾ (ਧਰਤੀ ਦੇਵੀ) ਦੀ ਵੱਡੀ ਫੋਟੋ ਰੱਖ ਕੇ ਆਰਤੀ ਉਤਾਰੀ ਗਈ; ਨਾਗਾਂ ਨੂੰ ਦੁੱਧ ਪਿਲਾਇਆ ਗਇਆ, ਤਾਂ ਕਿ ਧਰਤੀ-ਮਾਤਾ ਅਤੇ ਨਾਗ-ਦੇਵਤਾ ਪ੍ਰਸੰਨ ਰਹਿਣ ਤੇ ਮੁੜ ਕੇ ਭੂਚਾਲ ਕਾਰਣ ਗੁਜਰਾਤ ਵਾਸੀਆਂ ਦਾ ਨੁਕਸਾਨ ਨਾ ਹੋਵੇ ।

ਜਨਤਾ ਦੇ ਲੱਖਾਂ ਰੁਪੈ ਖਰਚੇ ਗਏ, ਪਰ ਪੂਜਾ ਦਾ ਕੋਈ ਲਾਭ ਨਾ ਹੋਇਆ । ਗੁਜਰਾਤ ਵਾਸੀਆਂ ਨੂੰ 4 ਜਨਵਰੀ 2016 ਨੂੰ ਤੜਕੇ ਅਚਾਨਕ ਹੀ ਦੁਬਾਰਾ ਫਿਰ ਉਸੇ ਸੰਕਟ ਦਾ ਸਾਹਮਣਾ ਕਰਨਾ ਪਿਆ । ਦੇਸ਼ ਵਿਦੇਸ਼ ਦੇ ਮਾਨਵ-ਹਿਤਕਾਰੀ ਚਿੰਤਕਾਂ ਦਾ ਪ੍ਰਤੀਕਰਮ ਸੀ ਕਿ ਭੁੱਜ ਦੇ ਦੁਖਾਂਤ ਉਪਰੰਤ ਰਾਜ-ਸਰਕਾਰ ਦਾ ਲੋਕ-ਭਲਾਈ ਪ੍ਰਤੀ ਜੋ ਮੁੱਖ ਫਰਜ਼ ਸੀ, ਉਹ ਨਹੀਂ ਨਿਭਾਇਆ ਗਿਆ । ਚਾਹੀਦਾ ਤਾਂ ਇਹ ਸੀ ਕਿ ਸੱਤਾਧਾਰੀ ਹਾਕਮ ਭੂਚਾਲ-ਵਿਦਿਆ (Siesmology) ਦੇ ਵਿਦਵਾਨਾਂ ਨੂੰ ਬਲਾਉਂਦੇ ਅਤੇ ‘Siesmograph’ ਵਰਗੇ ਭੂਚਾਲ-ਸੂਚਕ ਯੰਤਰਾਂ ਨੂੰ ਹੋਰ ਵਧੀਆ ਤੇ ਸ਼ਕਤੀਸ਼ਾਲੀ ਬਨਾਉਣ ਵਾਲੇ ਪਾਸੇ ਖੋਜ ਵਿੱਚ ਲਗਾਂਦੇ; ਤਾਂ ਕਿ ਭੂਚਾਲ ਵਰਗੀ ਆਫ਼ਤ ਆਉਣ ਤੋਂ ਪਹਿਲਾਂ ਹੀ ਲੋਕਾਂ ਨੂੰ ਅਜਿਹੇ ਟਿਕਾਣੇ ਪਹੰਚਾਇਆ ਜਾ ਸਕੇ, ਜਿਥੇ ਉਨ੍ਹਾਂ ਦੀਆਂ ਕੀਮਤੀ ਜਾਨਾਂ ਬਚ ਸਕਣ । ਪਰ, ਹਿੰਦੂਤਵ ਦੇ ਪ੍ਰਚਾਰ ਤੇ ਵੋਟ-ਨੀਤੀ ਤਹਿਤ ਉਪਰੋਕਤ ਕਿਸਮ ਦੀ ਲੋਕ ਭਲਾਈ ਦੀ ਸੰਭਾਵਨਾ ਦੇ ਹੋਇਆ ਬਿਲਕੁਲ ਉੱਲਟ । ਕਿਉਂਕਿ, ਉਨ੍ਹਾਂ ਦੇ ਵਿਸ਼ਨੂ-ਪੁਰਾਣ (ਅੰਸ਼ 1,ਅਃ 5) ਵਿੱਚ ਲਿਖਿਆ ਹੈ ਕਿ ਧਰਤੀ ਹੇਠਲਾ ਸ਼ੇਸ਼ਨਾਗ ਜਦੋਂ ਅਵਾਸੀ (ਜੰਭਾਈ) ਲੈਂਦਾ ਹੈ, ਤਾਂ ਧਰਤੀ ਹਿੱਲਣ ਕਰਕੇ ਭੂਚਾਲ ਆਉਂਦਾ ਹੈ । ਵਾਲਮੀਕੀ ਰਮਾਇਣ (ਅਃ 1. ਕਾਂਡ 40) ਵਿੱਚ ਲਿਖਿਆ ਹੈ ਕਿ ਧਰਤੀ ਦੇ ਭਾਰ ਨਾਲ ਥੱਕ ਕੇ ਸ਼ੇਸ਼ਨਾਗ ਜਦੋਂ ਸਿਰ ਹਿਲਾਂਦਾ ਹੈ ਤਾਂ ਭੂਕੰਪ ਹੁੰਦਾ ਹੈ ।

ਇਹੀ ਮੁੱਖ ਕਾਰਣ ਸਨ, ਜਿਨ੍ਹਾਂ ਕਰਕੇ ਮਨੁੱਖਤਾ ਦੇ ਹਮਦਰਦ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣਾ ਪਿਆ ਕਿ ਨਾਰਦ ਮੁਨੀ ਦੇ ਪਿਛਲੱਗ ਬਣ ਕੇ ਹਿੰਦੂ ਉੱਕਾ ਹੀ ਭੁੱਲੇ ਹੋਏ ਖੁੰਝੇ ਜਾ ਰਹੇ ਹਨ । ਇਹਨਾਂ ਅੰਨ੍ਹਿਆਂ ਗੁੰਗਿਆਂ ਵਾਸਤੇ ਹਨੇਰਾ ਘੁਪ ਬਣਿਆ ਪਿਆ ਹੈ (ਭਾਵ, ਨਾ ਇਹ ਸਹੀ ਰਸਤਾ ਵੇਖ ਰਹੇ ਹਨ ਤੇ ਨਾ ਹੀ ਮੂੰਹੋਂ ਨਿਰੰਕਾਰ ਪ੍ਰਭੂ ਦੇ ਗੁਣ ਗਾਉਂਦੇ ਹਨ) । ਇਹ ਮੂਰਖ ਗਵਾਰ ਪੱਥਰ ਲੈ ਕੇ ਪੂਜ ਰਹੇ ਹਨ । ਅਜਿਹੇ ਭੁੱਲੜਾਂ ਨੂੰ ਸਮਝਾਉਂਦਿਆਂ ਉਨ੍ਹਾਂ ਇਹ ਕਹਿਣ ਦੀ ਵੀ ਜੁਰਤ ਕੀਤੀ ਕਿ ਭਾਈ ! ਜਿਨ੍ਹਾਂ ਪੱਥਰਾਂ ਨੂੰ ਤੁਸੀਂ ਪੂਜਦੇ ਹੋ, ਜਦੋਂ ਉਹ ਆਪ ਪਾਣੀ ਵਿੱਚ ਡੁੱਬ ਜਾਂਦੇ ਹਨ, ਤਾਂ ਉਹਨਾਂ ਨੂੰ ਪੂਜ ਕੇ ਤੁਸੀ ਸੰਸਾਰ-ਸਮੁੰਦਰ ਤੋਂ ਕਿਵੇਂ ਤਰ ਸਕਦੇ ਹੋ ? :

ਹਿੰਦੂ ਮੂਲੇ ਭੂਲੇ, ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ ਪੂਜ ਕਰਾਂਹੀ ॥ ਅੰਧੇ ਗੁੰਗੇ, ਅੰਧ ਅੰਧਾਰੁ ॥
ਪਾਥਰੁ ਲੇ ਪੂਜਹਿ, ਮੁਗਧ ਗਵਾਰ ॥ ਓਹਿ ਜਾ ਆਪਿ ਡੁਬੇ, ਤੁਮ ਕਹਾ ਤਰਣਹਾਰੁ ॥
{ਗੁਰੂ ਗ੍ਰੰਥ.556}

ਪੰਜਾਬੀ ਯੂਨਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਤ ‘ਗੁਰੂ ਗ੍ਰੰਥ ਵਿਸ਼ਵ ਕੋਸ਼’ ਮੁਤਾਬਿਕ ਗੁਰੂ ਨਾਨਕ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਪੌਰਾਣਿਕ-ਮਤੀ ਪੂਜਾ ਪਧਤੀ ਦੀ ਕੋਈ ਥਾਂ ਨਹੀਂ ਹੈ । ਲਿਖਤ ਹੈ : “ਗੁਰਬਾਣੀ ਵਿੱਚ ਪੂਜਾ ਦਾ ਅਧਿਕਾਰੀ ਕਿਸੇ ਦੇਵੀ-ਦੇਵਤਾ ਨੂੰ ਨਾ ਮੰਨ ਕੇ ਕੇਵਲ ਨਿਰਾਕਾਰ ਸਰੂਪ ਨੂੰ ਦੱਸਿਆ ਗਿਆ ਹੈ - ਅਚੁਤ ਪੂਜਾ ਜੋਗ ਗੋਪਾਲ ॥ ਮਨੁ ਤਨੁ ਅਰਪਿ ਰਖਉ ਹਰਿ ਆਗੈ ਸਰਬ ਜੀਆ ਕਾ ਹੈ ਪ੍ਰਤਿਪਾਲ । {ਗੁ.ਗ੍ਰੰ. 824} । ਪੂਜਾ ਦਾ ਸਰੂਪ ਵੀ ਪਰੰਪਰਾਗਤ ਭਾਰਤੀ ਧਰਮਾਂ ਪੂਜਾ ਦੀ ਪੂਜਾ ਤੋਂ ਭਿੰਨ ਅਤੇ ਕੇਵਲ (ਮਾਨਸਿਕ ਤਲ ਦੀ) ਨਾਮ-ਸਾਧਨਾ ਤਕ ਸੀਮਿਤ ਰਖਿਆ ਹੈ । ਇਸ ਤੋਂ ਭਿੰਨ ਹੋਰ ਕੋਈ ਪੂਜਾ-ਵਿਧੀ ਜਾਂ ਪੂਜਾ-ਸਮਗ੍ਰੀ ਗੁਰਮਤਿ ਵਿੱਚ ਪ੍ਰਵਾਨ ਨਹੀਂ ਹੈ - ਤੇਰਾ ਨਾਮੁ ਕਰੀ ਚਨਣਾਠੀਆ, ਜੇ ਮਨੁ ਉਰਸਾ ਹੋਇ । ਕਰਣੀ ਕੁੰਗੂ ਜੇ ਰਲੈ, ਘਟ ਅੰਤਰਿ ਪੂਜਾ ਹੋਇ । {ਗੁ.ਗ੍ਰੰ. 489} । ਆਪਣੇ ਮਨ ਨੂੰ (ਵਿਕਾਰਾਂ ਵੱਲੋਂ) ਮਾਰਨਾ ਅਤੇ ਨਿਰਮਲ ਮਨ ਰਾਹੀਂ ਸ਼ਬਦ-ਸਾਧਨਾ ਕਰਨਾ, (ਭਾਵ, ਗੁਰੂ ਤੇ ਰੱਬੀ-ਰਜ਼ਾ ਵਿੱਚ ਰਾਜ਼ੀ ਹੋ ਕੇ ਜੀਊਣਾ) ਇਸ ਪ੍ਰਕਾਰ ਦੀ ਪੂਜਾ ਹੀ ਪ੍ਰਵਾਨ ਹੁੰਦੀ ਹੈ- ਸਬਦਿ ਮਰੈ ਮਨੁ ਨਿਰਮਲੁ ਸੰਤਹੁ ! ਏਹ ਪੂਜਾ ਥਾਇ ਪਾਈ । ਗੁਰਮੁਖਿ ਹੋਵੈ ਸੁ ਪੂਜਾ ਜਾਣੈ, ਭਾਣਾ ਮਨਿ ਵਸਾਈ ॥ { ਗੁ.ਗ੍ਰੰ.੯੧੦}

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਤ ‘ਗੁਰਮਤ ਮਾਰਤੰਡ’ ਵਿੱਚ ‘ਪੂਜਾ’ ਦੇ ਸਿਰਲੇਖ ਹੇਠ ਲਿਖਿਆ ਹੈ : “ਕਿਸੇ ਖ਼ਾਸ ਸਥਾਨ ਤੇ ਖ਼ਾਸ ਸਮਗਰੀ ਨਾਲ ਸਰਬ-ਵਿਆਪੀ ਕਰਤਾਰ ਦਾ ਪੂਜਨ ਸਿੱਖ ਧਰਮ ਵਿੱਚ ਨਿਸ਼ੇਧ ਕੀਤਾ ਗਿਆ ਹੈ” । ‘ਸਿੱਖ ਰਹਿਤ ਮਰਯਾਦਾ’ ਦੇ ਕਿਤਾਬਚੇ ਵਿੱਚ ਵੀ ਪੰਨਾ 5 ’ਤੇ ਬੜੇ ਸਪਸ਼ਟ ਆਦੇਸ਼ ਹਨ ਕਿ ਗੁਰਦੁਆਰੇ ਵਿੱਚ-

(ਸ) ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ ਆਦਿ ਕਰਮ ਗੁਰਮਤਿ ਅਨੁਸਾਰ ਨਹੀਂ। ਹਾਂ, ਸਥਾਨ ਨੂੰ ਸੁਗੰਧਿਤ ਕਰਨ ਲਈ ਫੁੱਲ, ਧੂਪ ਆਦਿ ਸੁਗੰਧੀਆਂ ਵਰਤਣੀਆਂ ਵਿਵਰਜਿਤ ਨਹੀਂ। ਕਮਰੇ ਅੰਦਰ ਰੌਸ਼ਨੀ ਲਈ ਤੇਲ,ਘੀ ਜਾਂ ਮੋਮਬੱਤੀ, ਬਿਜਲੀ, ਲੈਂਪ ਆਦਿ ਜਗਾ ਲੈਣੇ ਚਾਹੀਦੇ ਹਨ।

(ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਿਤ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ । ਹਾਂ, ਕਿਸੇ ਮੌਕੇ ਜਾਂ ਇੱਕਤ੍ਰਤਾ ਨੂੰ ਗੁਰਮਿਤ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ।

(ਕ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਘੂੜੇ ਦੇ ਪਾਵਿਆਂ ਨੂੰ ਮੁੱਠੀਆਂ ਭਰਨੀਆਂ, ਕੰਧਾਂ ਜਾਂ ਥੜ੍ਹਿਆਂ 'ਤੇ ਨੱਕ ਰਗੜਨਾ ਜਾਂ ਮੁੱਠੀਆਂ ਭਰਨੀਆਂ, ਮੰਜੀ ਸਾਹਿਬ ਹੇਠਾਂ ਪਾਣੀ ਰੱਖਣਾ, ਗੁਰਦੁਆਰਿਆਂ ਵਿਚ ਮੂਰਤੀਆਂ (ਬੁੱਤ) ਬਨਾਣੀਆਂ ਜਾਂ ਰੱਖਣੀਆਂ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ, ਇਹੋ ਜਿਹੇ ਕਰਮ ਮਨਮੱਤ ਹਨ।

ਜੇ ਸਿੱਖੀ ਵਿੱਚ ਉਪਰੋਕਤ ਕਿਸਮ ਦੀ ਬਿਪਰਵਾਦੀ ਪੂਜਾ-ਪਧਤੀ ਪ੍ਰਵਾਨ ਨਹੀਂ ਤਾਂ ਗੁਰਦੁਆਰਿਆਂ ਵਿੱਚ ਅਜਿਹੀ ਮਨਮਤੀ ਪੂਜਾ ਕਰਨ ਤੇ ਕਰਾਉਣ ਵਾਲੇ ਪੂਜਾਰੀ ਕਿਸਮ ਦੇ ਗ੍ਰੰਥੀਆਂ ਲਈ ਵੀ ਕੋਈ ਵਿਸ਼ੇਸ਼ ਥਾਂ ਨਹੀਂ ਹੈ । ਭਾਵੇਂ ਕਿ “ਠਾਕੁਰ ਕਾ ਸੇਵਕੁ ਆਗਿਆਕਾਰੀ ॥ ਠਾਕੁਰ ਕਾ ਸੇਵਕੁ ਸਦਾ ਪੂਜਾਰੀ ॥” {ਗੁ.ਗ੍ਰੰ.੨੮੫} ਗੁਰਵਾਕ ਦੀ ਰੌਸ਼ਨੀ ਵਿੱਚ ਉਹ ਸਾਰੇ ਭਗਤ-ਜਨ ਅਕਾਲਪੁਰਖ ਦੇ ਪੂਜਾਰੀ ਹੀ ਮੰਨੇ ਗਏ ਹਨ, ਜਿਹੜੇ ਰੱਬੀ ਰਜ਼ਾ ਨੂੰ ਪਰਵਾਨ ਕਰਕੇ ਜੀਊਂਦੇ ਹਨ । ਸੱਚਾਈ ਤਾਂ ਇਹ ਹੈ ਕਿ ਗੁਰਦੁਆਰੇ ਦਾ ਗ੍ਰੰਥੀ ਪ੍ਰਚਾਰਕ ਹੁੰਦਾ ਹੈ, ਪੂਜਾਰੀ ਨਹੀਂ । ਪੂਜਾਰੀ ਤਾਂ ਗੁਰਦੁਆਰਿਆਂ ਦੇ ਅਜੋਕੇ ਪ੍ਰਬੰਧਕ ਹਨ, ਜਿਹੜੇ ਗੁਰਮਤ ਪ੍ਰਚਾਰ ਦੀ ਥਾਂ ਗੋਲਕ ਵਧਾਉਣ ਨੂੰ ਪਹਿਲ ਦਿੰਦੇ ਹਨ । ਪੂਜਾ ਦਾ ਸਾਰਾ ਧਨ ਮਾਲ ਸੰਭਾਲਦੇ ਤੇ ਉਸ ਦੁਆਰਾ ਪੂਜਾਰੀ ਮਹੰਤਾਂ ਵਾਗ ਐਸ਼ਵਰਜ ਮਾਣਦੇ ਹਨ । ਗ੍ਰੰਥੀ ਸੇਵਾਦਾਰ ਤਾਂ ਮੁਲਾਜ਼ਮ ਹਨ, ਜਿਹੜੇ ਵਿਦਿਅਕ ਯੋਗਤਾ ਤੇ ਤਨਖਾਹ ਦੀ ਘਾਟ ਕਾਰਨ ਪ੍ਰਬੰਧਕਾਂ ਦੇ ਭਾਈਵਾਲ ਬਣ ਕੇ ਪੂਜਾਰੀਪੁਣਾਂ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ । ਗੁਰਦੁਆਰਾ ਕਮੇਟੀਆਂ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਗੁਰਦੁਆਰਿਆਂ ਦੇ ਗ੍ਰੰਥੀ ਸੇਵਾਦਾਰ ਹੀ ਪੂਜਾ ਦੇ ਧਨ-ਪਦਾਰਥਾਂ ਨੂੰ ਖਾਂਦੇ, ਖਰਚਦੇ ਤੇ ਸੰਭਾਲਦੇ ਸਨ । ਇਸ ਲਈ ਬਿਪਰਵਾਦੀ ਪ੍ਰਭਾਵ ਹੇਠ ਉਨ੍ਹਾਂ ਨੂੰ ਮਹੰਤ ਜਾਂ ਪੂਜਾਰੀ ਸੱਦਿਆ ਜਾਂਦਾ ਸੀ । ਇਸੇ ਲਈ ਦਸਮ ਗੁਰਦੇਵ ਦੇ ਸਮਕਾਲੀ ਮੰਨੇ ਜਾਂਦੇ ਭਾਈ ਦੇਸਾ ਸਿੰਘ ਨੇ ਰਹਿਤਨਾਮੇ ਵਿੱਚ ਹਦਾਇਤ ਲਿਖੀ :

ਜੇ ਕੋ ਸਿੱਖ ਪੂਜਾਰੀ ਅਹੈ । ਸੋ ਭੀ ਪੂਜਾ ਪੂਜਾ ਬਹੁਤ ਨਾ ਗਹੈ ।72।
ਤਨ ਨਿਰਬਾਹ ਮਾਤ੍ਰ ਸੋ ਲੇਵੈ । ਅਧਿਕ ਹੋਇ ਤਾਂ ਜਹਿਂ ਤਹਿਂ ਦੇਵੈ ।73।

‘ਵਿੱਕੀਪੀਡੀਆ’ ਇੰਟਰਨੈਟ ’ਤੇ ਸੰਸਾਰ ਭਰ ਵਿੱਚ ਫ਼੍ਰੀ ਪੜਿਆ ਜਾਣ ਵਾਲਾ ਇਨਸਾਈਕਲੋਪੀਡੀਆ ਹੈ। ਪਰ, ਸਿੱਖ ਜਗਤ ਲਈ ਇਹ ਵੱਡੀ ਸ਼ਰਮ ਦਾ ਮੁਕਾਮ ਹੈ ਕਿ ਉਸ ਵਿੱਚ ਮੂਰਤੀ-ਪੂਜਕ ਬ੍ਰਾਹਮਣੀ-ਮੱਤ ਦੇ ਪਿਛਲੱਗ ਬਣੇ ਬੋਧੀ ਤੇ ਜੈਨੀਆਂ ਵਾਂਗ ਸਿੱਖਾਂ ਨੂੰ ਵੀ ਕਰਮਕਾਂਡੀ ਪੂਜਾ ਵਾਲੀ ਉਸ ਭੀੜ ਦਾ ਹੀ ਇੱਕ ਅੰਗ ਮੰਨਿਆ ਹੈ; ਜਿਸ ਨੂੰ ਭਾਂਪਦਿਆਂ ਗੁਰੂ ਨਾਨਕ ਸਾਹਿਬ ਜੀ ਨੇ “ਅੰਧੇ ਗੁੰਗੇ, ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ, ਮੁਗਧ ਗਵਾਰ ॥” {ਗੁ.ਗ੍ਰੰ.556} ਅਤੇ ਬੇਬਾਕ ਭਗਤ ਕਬੀਰ ਜੀ ਨੇ ਆਖਿਆ ਸੀ ਜਿਹੜੇ ਲੋਕ ਪੱਥਰਾਂ ਨੂੰ ਭਗਵਾਨ ਸਮਝ ਕੇ ਪੂਜ ਰਹੇ ਹਨ, ਉਨ੍ਹਾਂ ਨੂੰ ਡੂੰਘੇ ਪਾਣੀਆਂ ਵਿੱਚ ਡੁੱਬੇ ਸਮਝੋ :

ਕਬੀਰ ਪਾਹਨੁ ਪਰਮੇਸੁਰੁ ਕੀਆ, ਪੂਜੈ ਸਭੁ ਸੰਸਾਰੁ ॥
ਇਸ ਭਰਵਾਸੇ ਜੋ ਰਹੇ, ਬੂਡੇ ਕਾਲੀ ਧਾਰ ॥
{ਪੰਨਾ ੧੩੭੧}

‘ਪੂਜਾ’ ਲਫ਼ਜ਼ ਨੂੰ ਪ੍ਰੀਭਾਸ਼ਤ ਕਰਦੀ ਵਿੱਕੀਪੀਡੀਏ ਦੀ ਹੂਬਹੂ ਲਿਖਤ ਹੈ : Pūjā or Poojan is a prayer ritual performed by Hindus to host, honour and worship one or more deities, or to spiritually celebrate an event.[1][2] Sometimes spelt phonetically as pooja or poojah, it may honour or celebrate the presence of special guest(s), or their memories after they pass away. The word pūjā (Devanagari: पूजा ) comes from Sanskrit, and means reverence, honour, homage, adoration, and worship.[3] Puja rituals are also held by Buddhists, Jains and Sikhs.

ਕਿਉਂਕਿ ਅਜੋਕੇ ਦੌਰ ਦੇ ਟੀ.ਵੀ. ਵਰਗੇ ਇਲੈਕਟ੍ਰੌਨਿਕ ਮੀਡੀਏ ਰਾਹੀਂ ਸੰਸਾਰ ਭਰ ਦੇ ਲੋਕ ਹੁਣ ਹਿੰਦੂ ਮੰਦਰਾਂ ਸਮੇਤ ਉਨ੍ਹਾਂ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਵੀ ਕਰਦੇ ਹਨ, ਜਿਨ੍ਹਾਂ ਨੂੰ ਖ਼ਾਲਸਈ ਤਖ਼ਤ ਤੇ ‘ਸੱਚਖੰਡ’ ਕਹਿ ਕੇ ਸਤਿਕਾਰਿਆ ਜਾਂਦਾ ਹੈ । ਐਸੇ ਗੁਰਸਥਾਨਾਂ ਵਿੱਚਲੀ ਪੂਜਾ-ਪਧਤੀ ਵੇਖ ਕੇ ਉਨ੍ਹਾਂ ਨੂੰ ਹੁਣ ਮੰਦਰਾਂ, ਮੱਠਾਂ ਤੇ ਸਿੱਖ ਗੁਰਦੁਆਰਿਆਂ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਜਾਪਦਾ । ਉਹ ਵੇਖਦੇ ਹਨ ਕਿ ਮੰਦਰਾਂ ਦੇ ਬੁੱਤਾਂ ਵਾਂਗ ਹੀ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬਾਨ ਦੀਆਂ ਵੱਡੀਆਂ ਵੱਡੀਆਂ ਤਸਵੀਰਾਂ ਦਾ ਹਾਰ ਸ਼ਿੰਗਾਰ ਕੀਤਾ ਜਾਂਦਾ ਹੈ । ਕਾਲੀ ਮਾਤਾ ਦੀ ਮੂਰਤੀ ਅਗੇ ਰੱਖੀ ਤਲਵਾਰ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਵੀ ਤੀਰਾਂ, ਤਲਵਾਰਾਂ ਤੇ ਐਸੇ ਹੋਰ ਹਥਿਆਰਾਂ ਨੂੰ ਸਜਾਇਆ ਜਾਂਦਾ ਹੈ । ਫੁੱਲਾਂ ਦੇ ਹਾਰ ਅਰਪਣ ਕੀਤੇ ਜਾਂਦੇ ਹਨ । ਦੀਵੇ ਤੇ ਜੋਤਾਂ ਆਦਿਕ ਜਗਾ ਕੇ ਗੁਰਬਾਣੀ ਗਾਉਂਦਿਆਂ ਆਰਤੀਆਂ ਉਤਾਰੀਆਂ ਜਾ ਰਹੀਆਂ ਹਨ । ਮਿਸ਼ਟਾਨ ਪਦਾਰਥਾਂ ਦੇ ਭੋਗ ਲਗਵਾਏ ਜਾ ਰਹੇ ਹਨ । ਪਾਵਨ ਬੀੜਾਂ ਦੀ ਸੇਵਾ-ਸੰਭਾਲ ਲਈ ਬਣਾਏ ਸੁਖਾਸਨ ਸਥਾਨਾਂ ਲਈ ਸ਼ਰਦੀਆਂ ਗਰਮੀਆਂ ਲਈ ਵੱਖ ਵੱਖ ਕਪੜੇ ਵਰਤੇ ਜਾ ਰਹੇ ਹਨ । ਏ.ਸੀ. ਕੂਲਰ ਤੇ ਹੀਟਰ ਲਗਾਏ ਜਾ ਰਹੇ ਹਨ, ਭਾਵੇਂ ਕਿ ਉਨ੍ਹਾਂ ਦੇ ਕਾਰਣ ਕਈ ਵਾਰ ਅੱਗ ਵੀ ਲੱਗ ਜਾਂਦੀ ਹੈ ਅਤੇ ਸਲ੍ਹਾਬ ਨਾਲ ਬੀੜਾਂ ਦੀ ਜਿਲਦਾਂ ਵੀ ਖ਼ਰਾਬ ਹੋ ਜਾਂਦੀਆਂ ਹਨ ।

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚਲੀ ਦੁੱਖਭੰਜਨੀ ਬੇਰੀ ਵਾਂਗ ਥਾਂ ਥਾਂ ਰੁਖਾਂ ਦੀ ਪੂਜਾ ਹੋ ਰਹੀ ਹੈ । ਗੁਰੂ ਕਾ ਘੋੜਾ ਤੇ ਗੁਰੂ ਕਾ ਬਾਜ਼ ਮੰਨ ਕੇ ਪਸ਼ੂ ਪੰਛੀਆਂ ਨੂੰ ਵੀ ਪੂਜਿਆ ਜਾ ਰਿਹਾ ਹੈ । ਸ਼ਰਧਾਲੂ ਜਨ ਪ੍ਰਕਾਸ਼-ਸਥਾਨ ਲਈ ਵਰਤੇ ਜਾਂਦੇ ਥੜਿਆਂ, ਪੀੜ੍ਹਿਆਂ, ਚੌਰਾਂ ਅਤੇ ਖ਼ਾਲਸਈ ਨਿਸ਼ਾਨਾਂ ਨੂੰ ਮੱਥੇ ਟੇਕ ਰਹੇ ਹਨ । ਹਰ ਥਾਂ ਗੋਲਕਾਂ ਰੱਖੀਆਂ ਹੋਈਆਂ ਹਨ । ਬਉਲੀਆਂ, ਸਰੋਵਰਾਂ ਅਤੇ ਚੁਬੱਚਿਆਂ ਦੇ ਜਲ ਨੂੰ ਅਮ੍ਰਿਤ ਕਹਿ ਕੇ ਵੰਡਿਆ ਤੇ ਪਿਲਾਇਆ ਰਿਹਾ ਹੈ । ਗੁਰਸਿੱਖ ਅਖਵਾਉਣ ਵਾਲਿਆਂ ਦੇ ਘਰਾਂ, ਦੁਕਾਨਾਂ ਤੇ ਗੱਡੀਆਂ ਵਿੱਚ ਬੁੱਤ-ਨੁਮਾ ਛੋਟੀਆਂ ਛੋਟੀਆਂ ਗੁਰੂ ਮੂਰਤੀਆਂ ਅੱਗੇ ਫੁੱਲ-ਪੱਤਰ ਤੇ ਧੂਪ ਧੁਖਾ ਕੇ ਪੂਜਾ ਕੀਤੀ ਜਾਂਦੀ ਹੈ । ਗੁਰਦੁਆਰਿਆਂ ਦੇ ਮੁੱਖ ਦੁਆਰਾਂ ਉੱਤੇ ਗੁਰੂ ਸਾਹਿਬਾਨਾਂ ਦੇ ਬੁੱਤ ਟਿਕਾਏ ਹੋਏ ਹਨ । ਮੰਦਰਾਂ ਦੇ ਪੁਜਾਰੀਆਂ ਵਾਂਗ ਹੁਣ ਗੁਰਦੁਆਰਿਆਂ ਵਿੱਚ ‘ਨਿਊ ਕਾਰ ਪੂਜਾ’ ਵੀ ਸ਼ੁਰੂ ਹੋ ਚੁਕੀ ਹੈ । ਗ੍ਰੰਥੀ ਸਿੰਘ ਅਰਦਾਸ ਭੇਟਾ ਲੈ ਕੇ ਫੁੱਲਾਂ ਦਾ ਹਾਰ ਬਖਸ਼ਦੇ ਤੇ ਅਮੀਰ ਸ਼ਰਧਾਲੂ ਉਸ ਹਾਰ ਨੂੰ ਕਾਰ ਮੂਹਰੇ ਲਟਕਾ ਕੇ ਉਹਨੂੰ ਸੁਹੰਡਣੀ ਬਨਾਉਣ ਦਾ ਭਰਮ ਪਾਲਦੇ ਗੁਰਦੁਆਰਾ ਪਾਰਕਾਂ ਵਿੱਚ ਆਮ ਹੀ ਵੇਖੇ ਜਾ ਸਕਦੇ ਹਨ । ਅਸਲ ਵਿੱਚ ਇਹੀ ਹੈ ਪੂਜਾਰੀਵਾਦ, ਜਿਹੜਾ ਗ੍ਰੰਥੀਆਂ ਤੇ ਪ੍ਰਬੰਧਕਾਂ ਦੀ ਮਿਲੀਭੁਗਤ ਨਾਲ ਦਿਨ-ਬਦਿਨ ਫੈਲ ਰਿਹਾ ਹੈ ।

ਗੁਰਬਾਣੀ ਤੇ ਗੁਰਇਤਿਹਾਸ ਦੀ ਵੀਚਾਰ ਤੋਂ ਤਾਂ ਬਿਨਾ-ਸ਼ੱਕ ਨਿਸ਼ਚੇ ਹੁੰਦਾ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੂਜਾਰੀ ਵਰਗ ਦੀ ਚਲਾਈ ਕਰਮਕਾਂਡੀ ਪੂਜਾ ਨੂੰ ਮੂਲੋਂ ਹੀ ਖ਼ਤਮ ਕਰਨਾ ਚਹੁੰਦੇ ਸਨ । ਉਹ ਸਮਝਦੇ ਸਨ ਕਿ ਚੜ੍ਹਾਵੇ ਦੇ ਲਾਲਚ ਵਿੱਚ ਕਾਇਮ ਹੋਈ ਇਹ ਪੂਜਾ-ਪਧਤੀ ਮਨੁੱਖ ਤੇ ਰੱਬ ਦੇ ਵਿਚਕਾਰ ਖੜੀ ਇੱਕ ਐਸੀ ਕੂੜੀ ਦੀਵਾਰ ਹੈ, ਜਿਹੜੀ ਉਸ ਦੇ ਰੱਬ-ਰੂਪ ਸਚਿਆਰ ਹੋਣ ਵਿੱਚ ਬੁਹਤ ਵੱਡੀ ਰੁਕਾਵਟ ਹੈ । ਇਸੇ ਲਈ ਸੰਸਾਰ ਭਰ ਵਿੱਚ ਉਨ੍ਹਾਂ“ਮੰਨੇ ਨਾਮੁ, ਸਚੀ ਪਤਿ ਪੂਜਾ” ਦਾ ਜ਼ੋਰਦਾਰ ਹੋਕਾ ਦਿੱਤਾ । ਸਮਝਾਇਆ ਕਿ ਰੱਬੀ ਰਜ਼ਾ ਅਨੁਸਾਰ ਜੀਊਣਾ (ਹੁਕਮਿ ਰਜਾਈ ਚਲਣਾ) ਹੀ ਸਭ ਤੋਂ ਉੱਤਮ ‘ਜਪ’ ‘ਤਪ’ ਤੇ ਪੂਜਾ ਹੈ, ਜਿਸ ਦੀ ਬਦੌਲਤ ਮਨੁੱਖ ਰੱਬ ਰੂਪ ਸਚਿਆਰ ਹੋ ਕੇ ਉਹਦੀ ਦਰਗਾਹ ਰੂਪ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹ ਸਕਦਾ ਹੈ । ਗੁਰਵਾਕ ਹੈ :

ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ, ਕਿਆ ਹਉ ਪੂਜ ਚੜਾਈ ॥
ਹਰਿ ਸਾਚੇ ਭਾਵੈ, ਸਾ ਪੂਜਾ ਹੋਵੈ, ਭਾਣਾ ਮਨਿ ਵਸਾਈ ॥
{ਗੁ.ਗ੍ਰੰ.-੯੧੦}

ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਿੱਖ ਜਥੇਬੰਦੀਆਂ ਇਸ ਪੱਖੋਂ ਅੱਖਾਂ ਮੀਟੀ ਗੁਰਦੁਆਰਿਆਂ ’ਤੇ ਕਾਬਜ ਹੋਣ ਲਈ ਧੜੇਬੰਦਕ ਲੜਾਈਆਂ ਵਿੱਚ ਉਲਝ ਰਹੀਆਂ ਹਨ । ਜੇ ਕੋਈ ਸਿੱਖ ਵਿਦਵਾਨ ਉਪਰੋਕਤ ਕਿਸਮ ਦੇ ਕਰਮਕਾਂਡਾਂ ਤੇ ਪੂਜਾਰੀਵਾਦ ਵਿਰੁਧ ਲਿਖਦਾ ਜਾਂ ਬੋਲਦਾ ਹੈ ਤਾਂ ਭਾਰਤੀ ਹਕੂਮਤ ਦਾ ਥਾਪੜਾ ਪ੍ਰਾਪਤ ਬਿਪਰਵਾਦੀ ਡੇਰੇਦਾਰ ਤੇ ਸੱਤਾਧਾਰੀ ਰਾਜਨੀਤਕ ਆਗੂ ਉਹਦਾ ਸਮਰਥਨ ਕਰਨ ਦੀ ਥਾਂ, ਆਪਣੇ ਨਿਜੀ ਤੇ ਧੜੇਬੰਧਕ ਸੁਆਰਥਾਂ ਅਧੀਨ ਉਸ ਨੂੰ ਪੰਥ-ਦੋਖੀ ਕਹਿ ਕੇ ਭੰਡਣਾ ਸ਼ੁਰੂ ਕਰ ਦਿੰਦੇ ਹਨ । ਗੋਲਕ ਘਟਣ ਦੇ ਡਰ ਤੋਂ ਗੁਰਦੁਆਰਾ ਕਮੇਟੀਆਂ ਵੀ ਉਸ ਨੂੰ ਸਟੇਜ ’ਤੇ ਬਲਾਉਣ ਤੋਂ ਸੰਕੋਚ ਕਰਨ ਲਗਦੀਆਂ ਹਨ । ਹੈਰਾਨੀ ਦੀ ਗੱਲ ਹੈ ਕਿ ‘ਖ਼ਾਲਿਸਤਾਨ ਜ਼ਿੰਦਬਾਦ’ ਦੇ ਨਾਰ੍ਹੇ ਲਾਉਣ ਵਾਲੇ ਇਸ ਪੱਖੋਂ ਡਾਂਗਾਂ ਚੁੱਕੀ ਸਭ ਤੋਂ ਮੂਹਰੇ ਹੁੰਦੇ ਹਨ । ਸਾਡੇ ਲਈ ਵਿਚਾਰਨ ਦਾ ਵਿਸ਼ਾ ਹੈ ਕਿ ਜੇ ਗੁਰਦੁਆਰਿਆਂ ਤੇ ਸੰਪਰਦਾਈ ਸਿੱਖ ਡੇਰਿਆਂ ਅੰਦਰਲੀ ਉੱਪਰ ਵਰਨਣ ਕੀਤੀ ਪੂਜਾ-ਪਧਤੀ ਸਹੀ ਹੈ ਤਾਂ ਫਿਰ ਕਿਉਂ ਦੋਸ਼ੀ ਠਹਿਰਾਂਦੇ ਹੋ ਆਰ.ਐਸ.ਐਸ ਆਦਿਕ ਹਿੰਦੂ ਜਥੇਬੰਦੀਆਂ ਨੂੰ । ਕਿਹੜੇ ਮੂੰਹ ਨਾਲ ਆਖਦੇ ਹੋ ਖ਼ਾਲਸਾ-ਪੰਥ ਨਿਰਮਲ ਤੇ ਨਿਆਰਾ ਹੈ । ਸਿੱਖ ਇੱਕ ਵਖਰੀ ਕੌਮ ਹੈ । ਹਮ ਹਿੰਦੂ ਨਹੀਂ । ਭੁੱਲ-ਚੁੱਕ ਮੁਆਫ਼ ।

ਗੁਰੂ ਤੇ ਪੰਥ ਦਾ ਸੇਵਦਾਰ
ਜਗਤਾਰ ਸਿੰਘ ਜਾਚਕ, ਨਿਊਯਾਰਕ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top