Share on Facebook

Main News Page

1984 ਮੌਕੇ ਦਰਬਾਰ ਸਾਹਿਬ ਚ ਇੱਕ ਬਲੈਕ ਹੋਲ ਸਾਕਾ ਵੀ ਵਾਪਰਿਆ ਸੀ
-: ਗੁਰਪ੍ਰੀਤ ਸਿੰਘ ਮੰਡਿਆਣੀ
08 Aug 2018

ਦਰਬਾਰ ਸਾਹਿਬ ਤੇ ਭਾਰਤੀ ਫੌਜ ਵਲੋਂ ਕੀਤੇ ਗਏ ਹਮਲੇ ਨੂੰ ਐਤਕੀਂ 33 ਵਰ੍ਹੇ ਹੋ ਗਏ ਨੇ। ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਤੇ ਕਬਜ਼ਾ ਕਰਨ ਮਗਰੋਂ ਜਿਸ ਕਿਸਮ ਦਾ ਰੌਂਗਟੇ ਖੜ੍ਹੇ ਕਰਨ ਵਾਲਾ ਵਿਹਾਰ ਆਮ ਸ਼ਰਧਾਲੂਆਂ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨਾਲ ਕੀਤਾ ਉਸ ਬਾਰੇ ਬਹੁਤ ਸਾਰੀਆਂ ਗੱਲਾਂ ਅਖ਼ਬਾਰਾਂ, ਰਸਾਲਿਆਂ ਅਤੇ ਕਿਤਾਬਾਂ ਵਿੱਚ ਲਿਖੀਆਂ ਜਾ ਚੁੱਕੀਆਂ ਨੇ ਪਰ ਇੱਕ ਘਟਨਾ ਜੋ ਕਿ ਫੋਰਟ ਵਿਲੀਅਮ ਕਿਲ੍ਹੇ ਦੇ ਬਲੈਕ ਹੋਲ ਵਾਲੇ ਵਾਅਕੇ ਨਾਲ ਮੇਲ ਖਾਂਦੀ ਹੈ ਉਹ ਅਜੇ ਤੱਕ ਕਿਸੇ ਲਿਖਤ ਵਿੱਚ ਸਾਹਮਣੇ ਨਹੀਂ ਆਈ। 1756 ਦੀ 20 ਜੂਨ ਨੂੰ ਵਾਪਰਿਆ ਇਹ ਸਾਕਾ ਅੰਗਰੇਜ਼ ਇਤਿਹਾਸ ਦਾ ਇੱਕ ਅਹਿਮ ਕਾਂਡ ਹੈ।

ਬੰਗਾਲ ਦੇ ਨਵਾਬ ਸਿਰਾਜਉਲ ਦੌਲਾ ਨੇ ਕਲਕੱਤੇ ਬੰਦਰਗਾਹ ਨੇੜੇ ਬਣੇ ਕਿਲ੍ਹੇ ਫੋਰਟ ਵਿਲੀਅਮ ਵਿੱਚ ਬੈਠੀ ਈਸਟ ਇੰਡੀਆ ਕੰਪਨੀ ਦੀ ਫੌਜ ਤੇ 50 ਹਜ਼ਾਰ ਦੀ ਕੁਮਕ ਨਾਲ ਹਮਲਾ ਕਰ ਦਿੱਤਾ। ਕੰਪਨੀ ਦੀ ਬਹੁਤੀ ਫੌਜ ਨੇ ਸਮੁੰਦਰ ਵਿੱਚ ਖੜ੍ਹੇ ਬੇੜੇ ਵਿੱਚ ਲੁੱਕ ਕੇ ਜਾਨ ਬਚਾਈ ਜਦਕਿ 170 ਅੰਗਰੇਜ਼ ਸਿਪਾਹੀ ਨਵਾਬੀ ਫੌਜ ਦੇ ਕਾਬੂ ਆ ਗਏ। ਇਹਨਾਂ ਵਿੱਚੋਂ 146 ਨੂੰ ਕਿਲ੍ਹੇ ਵਿੱਚ ਬਣੀ ਇੱਕ ਹਵਾਲਾਤ ਵਿੱਚ ਸ਼ਾਮ ਵੇਲੇ ਤਾੜ ਦਿੱਤਾ। ਇਹਨਾਂ ਵਿੱਚ 2 ਔਰਤਾਂ ਤੇ ਕੁਝ ਜ਼ਖ਼ਮੀ ਵੀ ਸਨ। 18 ਫੁੱਟ ਲੰਮੀ ਅਤੇ 14 ਫੁੱਟ ਚੌੜੀ ਇਸ ਹਵਾਲਾਤ ਵਿੱਚ ਸਿਰਫ਼ ਦੋ ਨਿੱਕੀਆਂ-ਨਿੱਕੀਆਂ ਖਿੜ੍ਹਕੀਆਂ ਸਨ। ਅੱਤ ਦੀ ਗਰਮੀ ਅਤੇ ਹੁੰਮਸ ਵਾਲੇ ਮਾਹੌਲ ਵਿੱਚ ਤੂੜੀ ਵਾਂਗ ਤੁੰਨੇ ਕੈਦੀਆਂ ਦਾ ਜਦੋਂ ਬੁਰਾ ਹਾਲ ਹੋਣ ਲੱਗਿਆ ਤਾਂ ਉਹਨਾਂ ਨੇ ਪਹਿਰੇਦਾਰਾਂ ਮੂਹਰੇ ਬਾਹਰ ਕੱਢਣ ਲਈ ਹਾੜੇ ਕੱਢੇ। ਪਰ ਪਹਿਰੇਦਾਰ, ਅੰਗਰੇਜ਼ਾਂ ਉਤੇ ਹੱਸਦੇ ਤੇ ਮਸ਼ਕਰੀਆਂ ਕਰਦੇ ਰਹੇ। ਦਿਨ ਚੜ੍ਹੇ ਜਦੋਂ ਹਵਾਲਾਤ ਦਾ ਬੂਹਾ ਖੋਲਿਆ ਤਾਂ ਇਹਨਾਂ ਵਿੱਚੋਂ 23 ਜਾਣੇ ਹੀ ਜਿਉਂਦੇ ਬਚੇ ਸੀ। ਦੁਨੀਆਂ ਦੇ ਇਤਿਹਾਸ ਵਿੱਚ ਇਸ ਘਟਨਾ ਨੂੰ ਹਿੰਦੋਸਤਾਨੀਆਂ ਦੀ ਕਮੀਨੀ ਹਰਕਤ ਵਜੋਂ ਭੰਡਿਆ ਗਿਆ ਹੈ ਜਦਕਿ ਹਿੰਦੋਸਤਾਨੀ ਇਤਿਹਾਸਕਾਰ ਇਹਤੋਂ ਸੰਗ ਮੰਨਦਿਆਂ ਇਸਨੂੰ ਹਰ ਪੱਖੋਂ ਛੋਟਾ ਪਾਉਣ ਦਾ ਯਤਨ ਕਰਦੇ ਰਹੇ ਅਤੇ ਉਹਨਾਂ ਨੇ ਨਵਾਬ ਨੂੰ ਬਰੀ ਕੀਤਾ ਹੈ ਜਦਕਿ ਬਹੁਤੇ ਹਿੰਦੋਸਤਾਨੀ ਇਤਿਹਾਸਕਾਰ ਤਾਂ ਇਸ ਸਾਕੇ ਤੋਂ ਉਕਾ ਹੀ ਮੁਕਰਨ ਵਾਲੀ ਹੱਦ ਤੱਕ ਜਾਂਦੇ ਹੋਏ ਇੱਥੋਂ ਤੱਕ ਆਖ ਗਏ ਨੇ ਅਜਿਹਾ ਸਾਕਾ ਵਾਪਰਿਆ ਹੀ ਨਹੀਂ। ਹਵਾਲਤ ਦੀ ਕੋਠੜੀ ਹਨੇਰੀ ਹੋਣ ਅਤੇ ਕਾਲੀ ਰਾਤ ਦਾ ਮੌਕਾ ਹੋਣ ਕਰਕੇ ਇਸਨੂੰ ਬਲੈਕ ਹੋਲ ਦਾ ਨਾਂਅ ਦਿੱਤਾ ਗਿਆ। ਕਿਸੇ ਜੇਤੂ ਫੌਜ ਵੱਲੋਂ ਹਾਰੀ ਹੋਈ ਫੌਜ ਨਾਲ ਅਜਿਹੇ ਕਾਇਰਤਾ ਵਾਲੇ ਜ਼ਾਲਮ ਸਲੂਕ ਦੀ ਮਿਸਾਲ ਇਸਤੋਂ ਵੱਧ ਦੁਨੀਆਂ ਦੇ ਜੰਗੀ ਇਤਿਹਾਸ ਚ ਕਿਤੇ ਨਹੀਂ ਮਿਲਦੀ।

ਸਰ੍ਹਾਂ ਦੇ ਇਕ ਕਮਰੇ ਵਿੱਚ 50 ਬੰਦੇ ਸਾਹ ਘੁੱਟਣ ਨਾਲ ਮਾਰੇ ਗਏ ਸਨ

ਕਲਕੱਤੇ ਵਾਲੇ ਬਲੈਕ ਹੋਲ ਘਟਨਾ ਨਾਲ ਮਿਲਦੇ ਇੱਕ ਵਾਅਕੇ ਬਾਰੇ ਮੈਂ ਖੁਦ ਇੱਕ ਚਸ਼ਮਦੀਦ ਗਵਾਹ ਦੀ ਜ਼ੁਬਾਨੀ ਸੁਣਿਆ ਹੈ ਪਰ ਇਹ ਗੱਲ ਕਿਸੇ ਲਿਖਤ ਰਾਹੀਂ ਸਾਡੇ ਸਾਹਮਣੇ ਨਹੀਂ ਆਈ। ਇਹ ਗੱਲ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਮੌਕੇ ਭਾਰਤੀ ਫੌਜ ਦੇ ਸਰਾਵਾਂ ਵਾਲੇ ਪਾਸੇ ਕਬਜ਼ੇ ਮੌਕੇ ਦੀ ਹੈ। ਗੁਰੂ ਰਾਮਦਾਸ ਸਰਾਂ ਦੇ ਮੁੱਖ ਗੇਟ ਦੇ ਠੀਕ ਸੱਜੇ ਪਾਸੇ (ਗੁਰੂ ਨਾਨਕ ਨਿਵਾਸ ਵੱਲ) ਵਾਲੇ ਇੱਕ ਕਮਰੇ ਵਿੱਚ ਜਿੱਥੇ ਅੱਜ-ਕੱਲ੍ਹ ਡਿਸਪੈਂਸਰੀ ਬਣੀ ਹੋਈ ਹੈ ਲਗਭਗ 55 ਬੰਦੇ ਸਾਰੀ ਰਾਤ ਤਾੜੀ ਰੱਖੇ ਅਗਲੇ ਦਿਨ ਜਦੋਂ ਕਮਰਾ ਖੋਲਿਆ ਤਾਂ ਇਹਨਾਂ ਵਿੱਚੋਂ ਮਸਾਂ 4-5 ਬੰਦੇ ਜਿਉਂਦੇ ਬਚੇ। ਇਹਨਾਂ ਵਿੱਚ ਇੱਕ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ (ਸੇਵਾਦਾਰ) ਵੀ ਜਿਉਂਦਾ ਬਚਿਆ ਸੀ। ਇਸ ਬਿਰਧ ਸੇਵਾਦਾਰ ਮੁਲਾਜ਼ਮ ਦਾ ਮੈਨੂੰ ਨਾਂਅ ਨਹੀਂ ਪਤਾ ਪਰ ਉਹਨੇ ਉਸ ਕਮਰੇ ਵੱਲ ਇਸ਼ਾਰਾ ਕਰਕੇ ਵੀ ਦੱਸਿਆ ਸੀ ਇਹ ਗੱਲ ਨਵੰਬਰ 1984 ਦੀ ਹੈ ਜਿਸ ਦਿਨ ਜੇਲ੍ਹ ਵਿੱਚ ਬੰਦ ਗੁਰਚਰਨ ਸਿੰਘ ਟੌਹੜਾ ਨੂੰ ਮੁੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਸੀ। ਉਸ ਦਿਨ ਰਾਤ ਨੂੰ ਮੇਰਾ ਗੁਰੂ ਰਾਮਦਾਸ ਸਰਾਂ ਵਿੱਚ ਰਹਿਣ ਦਾ ਸਬੱਬ ਬਣਿਆ ਸੀ।

ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਮਾਸਟਰ ਅਜੀਤ ਸਿੰਘ ਸੇਖੋਂ ਨਾਲ ਮੇਰੀ ਚੰਗੀ ਜਾਣ-ਪਛਾਣ ਸੀ ਉਹਨੇ ਹੀ ਸਾਨੂੰ ਸਰ੍ਹਾਂ ਵਿੱਚ ਕਮਰਾ ਲੈ ਕੇ ਦਿੱਤਾ ਸੀ। ਸ਼ਾਇਦ ਸੇਖੋਂ ਸਾਹਿਬ ਵੀ ਸਾਡੇ ਕਮਰੇ ਵਿੱਚ ਜਾਂ ਨਾਲ ਦੇ ਕਮਰੇ ਵਿੱਚ ਠਹਿਰੇ ਸਨ। ਨਵੰਬਰ ਦਾ ਆਖਰੀ ਹਫਤਾ ਸੀ ਦਿਨ ਢਲੇ ਅਸੀਂ ਸੇਖੋਂ ਸਾਹਿਬ ਨਾਲ ਟਾਇਮ ਪਾਸ ਕਰਨ ਖ਼ਾਤਰ ਸਰਾਂ ਦੇ ਇੰਚਾਰਜ ਵਾਲੇ ਦਫ਼ਤਰ ਵਿੱਚ ਜਾ ਬੈਠੇ। ਉਥੇ ਡਿਊਟੀ ਤੇ ਹਾਜ਼ਰ ਉਸ ਬਿਰਧ ਸੇਵਾਦਾਰ ਨੇ ਸਾਨੂੰ ਦੱਸਿਆ ਕਿ ਇਸ ਵਿੱਚ ਫੌਜ ਨੇ ਸਣੇ ਮੈਨੂੰ ਇਸ ਕਰਮੇ ਵਿੱਚ ਸਾਰੀ ਰਾਤ ਤਾੜੀ ਰੱਖਿਆ ਸੀ। ਬਾਹਰੋਂ ਦਰਵਾਜ਼ੇ ਨੂੰ ਕੁੰਡਾਮਾਰ ਦਿੱਤਾ। ਫੌਜੀ ਸਾਡੇ ਵੱਲੋਂ ਦਰਵਾਜ਼ਾ ਖੜਕਾਉਣ ਤੇ ਬਰਸਟ ਮਾਰਨ ਦੀਆਂ ਧਮਕੀਆਂ ਦਿੰਦੇ ਅਤੇ ਗਾਲ੍ਹਾਂ ਕੱਢਦੇ ਸੀ। ਇਹ ਕਮਰਾ ਮਸਾਂ 12 ਫੁੱਟ ਲੰਮਾ ਅਤੇ 12 ਫੁੱਟ ਚੌੜਾ ਹੋਵੇਗਾ 55 ਬੰਦੇ ਇੱਕ ਇਹੋ ਜੇਹੀ ਕੋਠੜੀ ਵਿੱਚ ਬੰਦ ਸਨ ਜਿਹੜੀ ਚਾਰ ਚੁਫ਼ੇਰਿਓ ਬੰਦ ਸੀ। ਜੂਨ ਦੀ ਗਰਮੀ ਵਿੱਚ ਸਾਹ ਘੁਟਣ ਕਰਕੇ 4-5 ਬੰਦਿਆਂ ਨੂੰ ਛੱਡ ਕੇ ਬਾਕੀ ਸਾਰੇ ਮਾਰੇ ਗਏ। ਸੇਵਾਦਾਰ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੱਸੀਆਂ ਜੋ ਹੁਣ ਚੇਤੇ ਨਹੀਂ। ਉਦੋਂ ਮੇਰੀ ਉਮਰ 24 ਸਾਲ ਦੀ ਸੀ। ਉਦੋਂ ਇਹ ਨਹੀਂ ਸੀ ਚੱਜ ਕਿ ਸੇਵਾਦਾਰ ਦੀਆਂ ਸਾਰੀਆਂ ਗੱਲਾਂ ਨੋਟ ਕਰਾਂ ਅਤੇ ਉਹਦਾ ਨਾਂ ਪਤਾ ਵੀ ਲਿਖ ਲਵਾਂ। ਉਦੋਂ ਇਊਂ ਜਾਪਦਾ ਸੀ ਕਿ ਜਿੱਥੇ ਐਡਾ ਵੱਡਾ ਘੱਲੂਘਾਰਾ ਹੋਇਆ, ਤਾਂ ਇਹ ਵਾਅਕਾ ਉਸ ਵਿੱਚ ਇੱਕ ਛੋਟੀ ਘਟਨਾ ਹੀ ਹੈ। ਪਰ ਇੱਕ ਦਿਨ ਫੋਰਟ ਵਿਲੀਅਮ ਵਾਲੇ ਬਲੈਕ ਹੋਲ ਸਾਕੇ ਦੀ ਇਤਿਹਾਸਕ ਅਹਿਮੀਅਤ ਬਾਰੇ ਪੜਦਿਆਂ ਮੇਰੇ ਜਿਹਨ ਵਿੱਚ ਆਇਆ ਕਿ ਇਸਦੇ ਨਾਲ ਦਾ ਬਲੈਕ ਹੋਲ ਸਾਕਾ ਤਾਂ ਸਾਡੀ ਗੁਰੂ ਰਾਮਦਾਸ ਸਰਾਂ ਵਿੱਚ ਵੀ ਜੂਨ 1984 ਵੇਲੇ ਵਾਪਰਿਆ ਹੈ। ਇਸਦਾ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਦੇ ਇਤਿਹਾਸ ਵਿੱਚ ਜ਼ਿਕਰ ਨਾ ਹੋਣ ਦੀ ਹੈਰਾਨੀ ਵੀ ਹੋਈ। ਨਾਲੇ ਬਲੈਕ ਹੋਲ ਕਾਂਡ ਤਾਂ ਇੱਕ ਜੇਤੂ ਫੌਜ ਵੱਲੋਂ ਹਾਰੀ ਹੋਈ ਫੌਜ ਦੇ ਜਵਾਨਾਂ ਨਾਲ ਵਾਪਰਿਆ ਸੀ, ਪਰ ਗੁਰੂ ਰਾਮਦਾਸ ਸਰ੍ਹਾਂ ਵਾਲਾ ਕਾਂਡ ਭਾਰਤੀ ਫੌਜ ਵੱਲੋਂ ਆਪਣੇ ਹੀ ਮੁਲਕ ਦੇ ਸਿਵਲੀਅਨਾਂ ਨਾਲ ਵਰਤਾਇਆ ਗਿਆ ਸੀ।

ਜਿਵੇਂ ਭਾਰਤ ਸਰਕਾਰ ਦਾ ਪੱਖਪੂਰਨ ਵਾਲੇ ਲਿਖਾਰੀਆਂ ਨੇ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਮੌਕੇ ਫੌਜ ਵੱਲੋਂ ਕੀਤੇ ਜ਼ੁਲਮਾਂ ਨੂੰ ਛੋਟਾ ਕਰਨ ਜਾਂ ਫੌਜ ਨੂੰ ਉਕਾ ਹੀ ਬਰੀ ਕਰਨ ਤੇ ਜ਼ੋਰ ਲਾਇਆ ਹੈ ਉਵੇਂ ਹੀ 1756 ਈਸਵੀ ਵਾਲੀ ਬਲੇਕ ਹੋਲ ਘਟਨਾ ਨੂੰ ਛੋਟੀ ਕਰਨ ਅਤੇ ਨਵਾਬ ਨੂੰ ਬਰੀ ਕਰਨ ਲਈ ਬਹੁਤੇ ਇਤਿਹਾਸਕਾਰਾਂ ਨੇ ਜ਼ੋਰ ਲਾਇਆ ਹੈ। ਇੱਕ ਬੰਗਾਲੀ ਪ੍ਰੋਫੈਸਰ ਬਰਜੇਨ ਗੁਪਤਾ ਨੇ 1950 ਵਿਚੱ ਲਿਖਿਆ ਹੈ ਕਿ ਬਲੈਕ ਹੋਲ ਵਿੱਚ 146 ਨਹੀਂ ਬਲਕਿ ਕੇਵਲ 64 ਅੰਗਰੇਜ਼ ਸਿਪਾਹੀ ਸੀਗੇ ਜਿਹਨਾਂ ਵਿੱਚੋਂ 21 ਜਿਉਂਦੇ ਬਚੇ। ਇਸੇ ਤਰ੍ਹਾਂ ਇੱਕ ਹੋਰ ਬੰਗਾਲੀ ਇਤਿਹਾਸਕਾਰ ਪ੍ਰੋਫੈਸਰ ਮਜੂਮਦਾਰ ਨੇ ਕਿਹਾ ਕਿ 18 ਜਰਬ 14 ਫੁੱਟ ਵਾਲੇ ਕਮਰੇ ਵਿੱਚ 65 ਤੋਂ ਵੱਧ ਬੰਦੇ ਨਹੀਂ ਬੈਠ ਸਕਦੇ ਵਰਗੀਆਂ ਤਕਨੀਕੀ ਘੁਣਤਰਾਂ ਨਾਲ ਘਟਨਾ ਨੂੰ ਛੋਟੀ ਕਰਨ ਦਾ ਜਤਨ ਕੀਤਾ ਹੈ। ਇਸੇ ਤਰ੍ਹਾਂ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਅਜਿਹਾ ਕੋਈ ਵਾਅਕਾ ਹੋਇਆ ਹੀ ਨਹੀਂ ਜਦਕਿ ਕਈਆਂ ਨੇ ਇਸਨੂੰ ਝੂਠੀ ਘਟਨਾ ਕਹਿੰਦਿਆਂ ਇਸਨੂੰ ਇਤਿਹਾਸ ਦਾ ਇੱਕ ਘੋਟਾਲਾ ਕਰਾਰ ਦੇ ਦਿੱਤਾ ਹੈ।

ਗੁਰੂ ਰਾਮਦਾਸ ਸਰਾਂ ਵਾਲੀ ਇਸ ਘਟਨਾ ਦੇ ਚਸ਼ਮਦੀਦ ਗਵਾਹ ਅਜੇ ਵੀ ਜਿਉਂਦੇ ਹੋ ਸਕਦੇ ਨੇ। ਇਸਨੂੰ ਸਾਹਮਣੇ ਲਿਆਉਣ ਵਿੱਚ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਲਾਜ਼ਮੀ ਹੈ। ਉਸ ਸੇਵਾਦਾਰ ਨੇ ਇਹ ਘਟਨਾ ਹੋਰ ਵੀ ਬਹੁਤ ਬੰਦਿਆਂ ਨੂੰ ਸੁਣਾਈ ਹੋਣੀ ਹੈ ਘੱਟੋ-ਘੱਟ ਸ਼੍ਰੋਮਣੀ ਕਮੇਟੀ ਦੇ ਕਈ ਮੁਲਾਜ਼ਮ ਅਜੇ ਵੀ ਨੌਕਰੀ ਤੇ ਹੋਣਗੇ ਜਿਹਨਾ ਨੇ ਇਸ ਘਟਨਾ ਬਾਰੇ ਸੁਣਿਆ ਹੋਵੇਗਾ। ਅਜਿਹੇ ਮੁਲਾਜ਼ਮ ਉਸ ਚਸ਼ਮਦੀਦ ਸੇਵਾਦਾਰ ਦਾ ਨਾਂਅ ਪਤਾ ਦੱਸ ਸਕਦੇ ਨੇ। ਜੇ ਉਹ ਸੇਵਾਦਾਰ ਠੀਕ-ਠਾਕ ਹੋਵੇ ਤਾਂ ਖੈਰ ਹੈ। ਨਹੀਂ ਤਾਂ ਉਸਦੇ ਪਰਿਵਾਰਕ ਮੈਂਬਰਾਂ ਤੋਂ ਸਾਰੇ ਹਾਲਾਤ ਦਾ ਪਤਾ ਕਰਨਾ ਚਾਹੀਦਾ ਹੈ। ਨਹੀਂ ਤਾਂ ਕੱਲ੍ਹ ਨੂੰ ਜੇ ਇਸ ਘਟਨਾ ਦਾ ਜ਼ਿਕਰ ਕਰੇਗਾ ਤਾਂ ਕੋਈ ਹੋਰ ਗੁਪਤਾ ਜਾਂ ਮਜ਼ੂਮਦਾਰ ਵਰਗਾ ਇਸ ਤੋਂ ਇਤਿਹਾਸ ਦਾ ਝੂਠ ਵਾਲਾ ਲੇਬਲ ਲਾਊਗਾ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਉਹ ਇਸ ਕਮਰੇ ਨੂੰ ਯਾਦਗਾਰ ਵੱਜੋਂ ਸੰਭਾਲਦੀ ਪਰ ਉਹ ਤਾਂ ਗੁਰੂ ਰਾਮਦਾਸ ਸਰਾਂ ਨੂੰ ਹੀ ਮਲੀਆ ਮੇਟ ਕਰਨ ਦੇ ਮਨਸੂਬੇ ਤਿਆਰ ਕਰ ਰਹੀ ਹੈ। ਸਰਾਂ ਦੇ ਅੰਦਰਲੇ ਵਿਹੜੇ ਦੀ ਡੂੰਘਿਆਈ ਖਤਮ ਕਰ ਕੇ ਸਰਾਂ ਦਾ ਹੁਲੀਆ ਪਹਿਲਾਂ ਹੀ ਖਤਮ ਕਰ ਦਿੱਤਾ ਹੈ। ਹੁਣ ਪੰਥਕ ਹਲਕਿਆਂ ਨੂੰ ਚਾਹੀਦਾ ਹੈ ਕਿ ਰਾਮਦਾਸ ਸਰਾਂ ਜਿਥੇ ਜਲ੍ਹਿਆਂ ਵਾਲੇ ਬਾਗ ਵਰਗਾ ਸਾਕਾ ਭਾਰਤੀ ਫੌਜ ਨੇ ਵਰਤਾਇਆ ਹੈ ਉਹਨੂੰ ਜਲ੍ਹਿਆਂ ਵਾਲਾ ਬਾਗ ਵਾਂਗ ਸੰਭਾਲ ਕੇ ਰੱਖਣ ਲਈ ਸ਼੍ਰੋਮਣੀ ਕਮੇਟੀ ਤੇ ਜ਼ੋਰ ਪਾਉਣ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top