Share on Facebook

Main News Page

ਨਾਗਪੁਰੀ ਹਿੰਦੂਤਵੀ ਸ਼ਕਤੀ ਹੁਣ 'ਰੰਘਰੇਟਾ ਗੁਰੂ ਕਾ ਬੇਟਾ' ਵਾਲੀ ਪੰਥਕ ਸਾਂਝ ਤੋੜਣ ਲਈ ਬਚਿਤ੍ਰ-ਨਾਟਕੀ ਜ਼ਹਿਰੀਲੇ ਡੰਗ ਮਾਰਨ ਲੱਗੀ
-: ਗਿ. ਜਗਤਾਰ ਸਿੰਘ ਜਾਚਕ
03 Aug 2018

ਨਿਊਯਾਰਕ, 3 ਅਗਸਤ (ਮਨਜੀਤ ਸਿੰਘ) ਜਲੰਧਰ (ਪੰਜਾਬ) ਦੇ ਇੱਕ ਸਾਬਕਾ ਆਈ ਐਸ ਅਧਿਕਾਰੀ ਦੀ ਅਗਵਾਈ ਵਿੱਚ ਚੱਲਦੇ 'ਸ਼੍ਰੋਮਣੀ ਰੰਘਰੇਟਾ ਦਲ ਪੰਜਾਬ' ਗਰੁਪ ਨੇ ਸ਼ੋਸਲ ਮੀਡੀਏ ਰਾਹੀਂ ਬ੍ਰਾਹਮਣ ਰਿਸ਼ੀ ਬਾਲਮੀਕ ਦੀ ਇੱਕ ਫੋਟੋ ਵਾਇਰਲ ਕੀਤੀ ਹੈ । ਰਿਸ਼ੀ ਦੀ ਗੋਦ ਵਿੱਚ 'ਕੁੱਸ਼ੂ' ਨੂੰ ਲਿਟਾਇਆ ਹੋਇਆ ਹੈ । ਉਸ ਦੇ ਨਾਲ ਹੀ ਦਸਮ ਗ੍ਰੰਥ ਵਿੱਚੋਂ 'ਰਾਮਾਵਤਾਰ' ਦੀਆਂ ਕੁਝ ਪੰਕਤੀਆਂ ਕਾਪੀ ਪੇਸਟ ਕਰਕੇ ਜੋੜੀਆਂ ਹਨ, ਜਿਨ੍ਹਾਂ ਵਿੱਚ ਸ਼੍ਰੀ ਰਾਮਚੰਦ ਦੇ ਬੇਟੇ ਲਵ (ਲਊ) ਦੇ ਕਥਿਤ ਭਰਾ ਕੁੱਸ਼ (ਕੁੱਸ਼ੂ) ਦੇ ਜਨਮ ਦੀ ਕਹਾਣੀ ਦਾ ਵਰਨਣ ਹੈ ।

ਇਸ ਫੋਟੋ ਥੱਲੇ ਲਿਖਿਆ ਹੈ “ਗੁਰੂ ਨਾਨਕ ਦੇਵ ਜੀ ਕੁੱਸ਼ੂ ਦੀ ਕੁਲ ਵਿੱਚੋਂ ਹਨ ਅਤੇ ‘ਕੁੱਸ਼ੂ’ ਪ੍ਰਮਾਤਮਾ ਵਾਲਮੀਕ ਨੇ ਕੱਖਾਂ ਦਾ ਤਿਆਰ ਕੀਤਾ ਸੀ । ਇਹੋ ਗੱਲ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਦਸਮ ਗੰਥ ਦੇ ਸਫਾ-303 ’ਤੇ ਰਾਮਵਤਾਰ ਦੇ ਸਲੋਕ-727 ਵਿੱਚ ਲਿਖੀ ਹੈ" ਇਸ ਦਾ ਭਾਵਾਰਥ ਹੈ ਕਿ ਸਾਰੇ ਗੁਰੂ ਸਾਹਿਬਾਨ ਤੇ ਗੁਰਸਿੱਖ ਵਾਲਮੀਕੀ ਹਨ ।" ਗਿਆਤ ਹੋਵੇ ਕਿ ਮਿਥਿਹਾਸਕ 'ਰਿਸ਼ੀ ਵਾਲਮੀਕ' ਸ੍ਰੀ ਰਾਮਚੰਦਰ ਦੇ ਰਾਜਗੁਰੂ ਮੰਨੇ ਰਿਸ਼ੀ ਵਸ਼ਿਸ਼ਠ ਦਾ ਭਰਾ ਹੈ । ਕਈ ਪੰਥ-ਦਰਦੀ ਸੱਜਣ ਅਜਿਹੇ ਗੁੰਮਰਾਹਕੁਨ ਵਿਚਾਰ ਦਾ ਬੜਾ ਤਿੱਖਾ ਵਿਰੋਧ ਕਰ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਨਾਗਪੁਰੀ ਹਿੰਦੂਤਵੀ ਸ਼ਕਤੀ ਪਹਿਲਾਂ ਗੁਰੂ ਸਾਹਿਬਾਨ ਤੇ ਗੁਰਸਿੱਖਾਂ ਨੂੰ 'ਲਵ ਕੁਸ਼' ਦੀ ਸੰਤਾਨ ਦੱਸ ਕੇ ਹਿੰਦੂ ਸਿੱਧ ਕਰਨਾ ਚਹੁੰਦੀ ਸੀ, ਜਦੋਂ ਉਹ ਆਪਣੇ ਮਨੋਰਥ ਵਿੱਚ ਵਧੇਰੇ ਕਾਮਯਾਬ ਨਹੀਂ ਹੋਈ ਤਾਂ ਉਸ ਨੇ ਉਪਰੋਕਤ ਜ਼ਹਿਰੀਲਾ ਡੰਗ ਮਾਰਿਆ ਹੈ । ਪਰ ਮੇਰਾ ਖ਼ਿਆਲ ਹੈ ਕਿ ਸਾਡਾ ਅਜਿਹਾ ਵਿਰੋਧ ਉਦੋਂ ਤੱਕ ਬਿਲਕੁਲ ਹੀ ਨਿਰਮੂਲ ਹੈ, ਜਦੋਂ ਤਕ ਕਥਿਤ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਪੰਥਕ ਪੱਧਰ ’ਤੇ ਦਸਵੇਂ ਗੁਰੂ-ਪਾਤਸ਼ਾਹ ਦੀ ਬਾਣੀ ਮੰਨਿਆ ਜਾਂਦਾ ਰਹੇਗਾ । ਇਹ ਵਿਚਾਰ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਭੇਜੇ ਇੱਕ ਪ੍ਰੈਸਨੋਟ ਰਾਹੀਂ ਪ੍ਰਗਟ ਕੀਤੇ ਹਨ ।

ਉਨ੍ਹਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਕੁਝ ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਭਾਈ (ਗਿਆਨੀ) ਪੂਰਨ ਸਿੰਘ ਨੇ ਬਿਆਨ ਦਿੱਤਾ ਸੀ ਕਿ "ਸਿੱਖ ਸੂਰਜਵੰਸ਼ੀ ਸ੍ਰੀ ਰਾਮ ਦੇ ਪੁੱਤਰ ਲਵ ਤੇ ਕੁਸ਼ ਦੀ ਹੀ ਸੰਤਾਨ ਹਨ" । ਉਦੋਂ ਵੀ ਕੁਝ ਸਮੇਂ ਲਈ ਬੜਾ ਵਾਵੇਲਾ ਉਠਿਆ, ਪਰ ਜਦੋਂ ਕੁਝ ਪੰਥ ਦਰਦੀਆਂ ਨੇ ਉਸ ਨੂੰ ਪੁੱਛਿਆ ਤਾਂ ਜਥੇਦਾਰ ਜੀ ਨੇ ਦਸਮ ਗ੍ਰੰਥ ਵਿੱਚਲੇ ਬਚਿਤ੍ਰ ਨਾਟਕ ਦੇ 'ਕਵੀ ਬੰਸ ਵਰਨਣ' ਵਿੱਚੋਂ ਕੁਝ ਤੁਕਾਂ ਸੁਣਾ ਕੇ ਉਨ੍ਹਾਂ ਦਾ ਮੂੰਹ ਬੰਦ ਕਰਵਾ ਦਿੱਤਾ ਸੀ । ਉਸ ਨੇ ਉੱਤਰ ਵਿੱਚ ਇਹ ਵੀ ਆਖਿਆ ਸੀ ਕਿ ਜੇ ਉਪਰੋਕਤ ਬਿਆਨ ਕਾਰਣ ਮੈਨੂੰ ਆਰ.ਆਰ.ਐਸ. ਦਾ ਦੋਸ਼ੀ ਪ੍ਰਚਾਰਕ ਗਰਦਾਨਦੇ ਹੋ ਤਾਂ ਦਸ਼ਮ ਪਾਤਸ਼ਾਹ ਨੂੰ ਕੀ ਕਹੋਗੇ ?

ਦੁਰਾਹਾ (ਲੁਧਿਆਣਾ) ਨੇੜੇ ਪੈਂਦੇ ਡੇਰਾ-ਨੁਮਾ ਗੁਰਦੁਆਰਾ ਹੋਤੀ ਮਰਦਾਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝਕਾਉਣ ਤੋਂ ਪਹਿਲਾਂ ਹਨੂੰਮਾਨ ਦੀ ਮੂਰਤੀ ਨੂੰ ਮੱਥਾ ਟੇਕਣਾ ਪੈਂਦਾ ਹੈ । ਸਾਹਮਣੇ ਦੀਵਾਰ 'ਤੇ ਸ੍ਰੀ ਰਾਮ, ਲਛਮਣ ਤੇ ਮਾਤਾ ਸੀਤਾ ਦੀ ਵੱਡੇ ਅਕਾਰ ਦੀ ਫੋਟੋ ਸਜਾਈ ਹੋਈ ਹੈ । 22 ਜੁਲਾਈ ਦੀ 'ਰੋਜ਼ਾਨਾ ਪਹਿਰੇਦਾਰ' ਅਖ਼ਬਾਰ ਨੇ 'ਆਰ.ਐਸ.ਐਸ ਦੀ ਜੜ੍ਹਾਂ ਗੁਰਦੁਅਰਿਆਂ ਤਕ ਪਹੁੰਚੀਆਂ' ਦੀ ਸੁਰਖੀ ਹੇਠ ਲਿਖਿਆ ਕਿ ਉਸ ਦੀ ਪਤਰਕਾਰ ਟੀਮ ਨੇ ਗੁਰਦੁਆਰੇ ਦੇ ਸੰਚਾਲਕ ਪੁਜਾਰੀ ਮਨਜੀਤ ਸਿੰਘ ਨਾਲ ਵੀਚਾਰ ਚਰਚਾ ਕੀਤੀ ਤਾਂ ਉਸ ਨੇ ਅੱਗੋਂ ਬੇਝਿਜਕ ਹੋ ਕੇ ਆਖਿਆ ਹੈ ਕਿ "ਸਿੱਖ ਧਰਮ ਸ੍ਰੀ ਰਾਮਚੰਦਰ ਦੇ ਵੰਸ਼ ਵਿੱਚੋਂ ਚਲ ਰਿਹਾ ਹੈ । ਇਹ ਸੱਚ ਦਸਵੇਂ ਪਾਤਸ਼ਾਹ ਨੇ ਬਚਿਤ੍ਰ ਨਾਟਕ (ਦਸਮ ਗ੍ਰੰਥ) ਵਿੱਚ ਖ਼ੁਦ ਆਪ ਪ੍ਰਗਟ ਕੀਤਾ ਹੈ ।" ਇਸ ਲਈ ਗੁਰਮਤਿ ਪ੍ਰਚਾਰਕ ਹੋਣ ਨਾਤੇ ਦਾਸ ਤਾਂ ਹੁਣ ਇਹੋ ਬੇਨਤੀ ਕਰੇਗਾ ਕਿ ਜੇ ਆਰ ਐਸ ਐਸ ਦੀ ਜੜ੍ਹਾਂ ਗੁਰਦੁਆਰਿਆਂ ਤਕ ਪਹੁੰਚ ਗਈਆਂ ਹਨ, ਤਾਂ ਇਸ ਨੂੰ ਧਰਤੀ, ਪਾਣੀ ਤੇ ਲੋੜੀਂਦੀ ਹੋਰ ਖ਼ੁਰਾਕ ਦਸਮ ਗ੍ਰੰਥ ਤੇ ਇਸ ਦੇ ਪ੍ਰਚਾਰਕਾਂ ਪਾਸੋਂ ਮਿਲ ਰਹੀ ਹੈ । ਰੰਘਰੇਟਾ ਦਲ ਤੇ ਆਰ ਐਸ ਐਸ ਤੇ ਉਸ ਦੇ ਪ੍ਰਚਾਰਕ ਤੇ ਪੁਜਾਰੀ ਮਨਜੀਤ ਸਿੰਘ ਵਰਗਿਆਂ ਨੂੰ ਦੋਸ਼ੀ ਠਹਿਰਾਉਣਾ ਤੇ ਵਿਰੋਧ ਕਰਨਾ ਯੋਗ ਨਹੀਂ, ਪੰਥ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਲੋੜ ਹੈ ।

ਮੇਰਾ ਪੂਰਨ ਵਿਸ਼ਵਾਸ਼ ਹੈ ਕਿ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਨੂੰ ਕੋਈ ਉਹੀ ਪੰਥ ਵਿਰੋਧੀ ਸ਼ਕਤੀ ਜਾਂ ਕੇਂਦਰੀ ਖੁਫ਼ੀਆ ਤੰਤਰ ਦੀ ਏਜੰਸੀ ਚਲਾ ਰਹੀ ਹੈ, ਜਿਸ ਨੇ ਪਹਿਲਾਂ ਤਾਂ ਭਾਰਤ ਦੇ ਮੂਲਵਾਸੀ ਭਗਤ ਬਾਲਮੀਕ ਦੀ ਕੁਲ ਦੇ ਉਸ ਦਲਿਤ ਵਰਗ ਨੂੰ ਬ੍ਰਾਹਮਣ ਰਿਸ਼ੀ ਵਾਲਮੀਕ ਦੇ ਉਪਾਸ਼ਕ ਬਣਾ ਕੇ ਮੁੜ ਆਪਣੇ ਬ੍ਰਾਹਮਣੀ ਜਾਲ ਵਿੱਚ ਫਸਾ ਲਿਆ ਹੈ, ਜਿਸ ਵਿੱਚੋਂ ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ "ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥" ਦਾ ਨਾਰ੍ਹਾ ਲਾ ਕੇ ਬੜੀ ਮੁਸ਼ਕਲ ਕੱਢਿਆ ਸੀ ।

ਹੁਣ ਵੀ ਓਹੀ ਸ਼ਕਤੀ ਹੈ, ਜਿਹੜੀ ਦਲਿਤ ਵਰਗ ਦੀ ‘ਰੰਘਰੇਟੇ ਗੁਰੂ ਕੇ ਬੇਟੇ’ ਵਾਲੀ ਪੰਥਕ ਸਾਂਝ ਨੂੰ ਤੋੜ ਕੇ ਖਾਲਸਾ ਪੰਥ ਨੂੰ ਆਪਸੀ ਖ਼ਾਨਾਜੰਗੀ ਵੱਲ ਧਕੇਲਣ ਲਈ ਯਤਨਸ਼ੀਲ ਹੈ । ਉਹ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਦਾ ਯਤਨ ਕਰ ਰਹੀ ਹੈ । ਉਹ ਗੁਰਸਿੱਖਾਂ ਨੂੰ ਬ੍ਰਾਹਮਣ ਰਿਸ਼ੀ ਵਾਲਮੀਕ ਦੀ ਸੰਤਾਨ ਦੱਸ ਕੇ ਹਿੰਦੂ ਵੀ ਸਿੱਧ ਕਰਨਾ ਚਹੁੰਦੀ ਹੈ ਤੇ ਪੰਥਕ ਫੁੱਟ ਪਾ ਕੇ ਸਾਨੂੰ ਆਪਸ ਵਿੱਚ ਲੜਾਉਣਾ ਵੀ ਚਹੁੰਦੀ ਹੈ । ਪਿਛਲੇ ਦਿਨੀ ਆਲ ਇੰਡੀਆ ਰੰਘਰੇਟਾ ਤਰਨਾ ਦਲ ਤੇ ਸਤਿਕਾਰ ਕਮੇਟੀ ਦੇ ਸਿੰਘਾਂ ਦੀ ਹੋਈ ਨੂੰ ਲੜਾਈ ਨੂੰ ਵੀ ਸਾਨੂੰ ਇਸੇ ਸੰਧਰਬ ਵਿੱਚ ਵਿਚਾਰਨ ਦੀ ਲੋੜ ਹੈ । ਪੰਥ ਦਰਦੀਆਂ ਨੂੰ ਚਾਹੀਦਾ ਹੈ ਕਿ ਜਿਥੇ ਉਹ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਦੇ ਪਿਛੋਕੜ ਨੂੰ ਪਛਾਨਣ ਦਾ ਯਤਨ ਕਰਨ, ਉਥੇ ਉਹ ਖ਼ਾਲਸਈ ਤਖ਼ਤਾਂ ਦੇ ਜਥੇਦਾਰ ਅਖਵਾਉਂਦੇ ਪੰਥਕ ਆਗੂਆਂ ਨੂੰ ਮਿਲ ਕੇ ਆਖਣ ਕਿ ਉਹ ਉਪਰੋਕਤ ਪ੍ਰਚਾਰ ਦਾ ਕੋਈ ਢੁਕਵਾਂ ਉੱਤਰ ਦੇਣ ਦੀ ਖੇਚਲ ਵੀ ਕਰਨ ਅਤੇ ਇਸ ਸੰਵੇਦਨਸ਼ੀਲ ਤੇ ਖ਼ਤਰਨਾਕ ਮਸਲੇ ਦਾ ਕੋਈ ਪੱਕਾ ਹੱਲ ਵੀ ਢੂੰਡਣ ; ਕਿਉਂਕਿ ਪੰਥ ਵਿਰੋਧੀ ਲੋਕ ਬਚਿਤ੍ਰ ਨਾਟਕੀ ਰਚਨਾਵਾਂ ਦੇ ਸਹਾਰੇ ਸਾਡੇ 'ਤੇ ਵਾਰ ਵਾਰ ਹਮਲੇ ਕਰ ਰਹੇ ਹਨ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top