Share on Facebook

Main News Page

ਬਾਦਲ ਦਲ ਦਾ ਬਰਗਾੜੀ ਕਾਂਡ ਬਾਰੇ ਦੋਗਲਾਪਨ
-: ਸੁਖਦੇਵ ਸਿੰਘ ਭੌਰ

ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਬਰਗਾੜੀ ਬੇਅਦਵੀ ਕਾਂਡ ਦੀ ਜਾਂਚ ਲਈ ਬਣਾਏ ਗਏ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਅਗਾਮੀ ਵਿਧਾਨ ਸਭਾ ਸੈਸ਼ਨ ਵਿੱਚ ਪੇਸ਼ ਕਰਨਗੇ ਤੇ ਦੂਜੇ ਪਾਸੇ ਬਾਦਲ ਦੱਲ ਨੇ ਰੌਲਾ ਪਾਉਣਾਂ ਸ਼ੁਰੂ ਕਰ ਦਿੱਤਾ ਹੈ ਕਿ ਬਰਗਾੜੀ ਇਨਸਾਫ ਮੋਰਚਾ ਕਾਂਗਰਸ ਦੀ ਸਾਜਿਸ਼ ਹੈ ।

ਪਹਿਲਾਂ ਐੱਮ ਪੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਰਲੀਮੈਂਟ ਵਿੱਚ ਇਨਸਾਫ ਮੋਰਚੇ 'ਤੇ ਅਭੱਦਰ ਟਿੱਪਣੀਆਂ ਕੀਤੀਆਂ ਅਤੇ ਫਿਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਲੋਂ ਚੰਦੂਮਾਜਰੇ ਵਲੋਂ ਅਖਤਿਆਰ ਕੀਤੀ ਲਾਈਨ ਤੇ ਹੀ ਬਿਆਨ ਦਾਗਣੇ, ਕਿਸੇ ਅੰਦਰੂਨੀ ਡਰ ਨੂੰ ਦਰਸਾ ਰਹੇ ਹਨ ।ਦੋਸ਼ੀਆਂ ਵਾਰੇ ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਅਜੇ ਹਾਊਸ ਵਿੱਚ ਪੇਸ਼ ਹੋਣੀ ਹੈ, ਪਰ ਅਜਿਹੇ ਬਿਆਨ ਕੁੱਝ ਹੋਰ ਹੀ ਸੰਕੇਤ ਕਰ ਰਹੇ ਹਨ ।

ਅਕਾਲੀ ਅਖਵਾਉਣ ਵਾਲੇ ਕਿਸੇ ਭੀ ਸਿੱਖ ਨੂੰ, ਗੁਰਬਾਣੀ ਦੇ ਅਪਮਾਨ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਸੰਘਰਸ਼ ਕਰ ਰਹੇ ਕਿਸੇ ਭੀ ਯੱਤਨ ਨੂੰ , ਕਾਂਗਰਸ ਜਾਂ ਕਿਸੇ ਹੋਰ ਨਾਲ ਜੋੜਨਾਂ ਬੀਮਾਰ ਮਾਨਸਿਕਤਾ ਦਾ ਪ੍ਰਤੀਕ ਹੀ ਕਿਹਾ ਜਾ ਸਕਦਾ ਹੈ । ਚਾਹੀਦਾ ਤਾਂ ਇਹ ਸੀ ਕਿ ਗੁਰਬਾਣੀ ਦੇ ਅਪਮਾਨ ਦੇ ਦੋਸ਼ੀਆਂ ਨੂੰ ਅਕਾਲੀ ਸਰਕਾਰ ਸਮੇ ਹੀ ਦਬੋਚ ਲਿਆ ਜਾਂਦਾ ਪਰ ਜੇ ਅਜਿਹਾ ਨਹੀਂ ਹੋ ਸਕਿਆ ਤਾਂ ਇਸ ਵਿੱਚ ਪੰਥ ਦਾ ਕੀ ਕਸੂਰ ਹੈ ?

ਹਰ ਸਿੱਖ ਦੀ ਇਹ ਮੰਗ ਹੈ ਕਿ ਸਤਿਗੁਰੂ ਸਾਹਿਬ ਦੇ ਸਰੂਪਾਂ ਦੀ ਘੋਰ ਬੇਅਦਵੀ ਕਰਨ ਵਾਲੇ ਦੋਸ਼ੀ ਬੇਨਕਾਬ ਹੋਣ ਅਤੇ ਸਰਕਾਰ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇ ਕੇ ਕੌਮ ਦੇ ਹਿਰਦੇ ਸ਼ਾਂਤ ਕਰੇ ਪਰ ਆਪਣੇ ਆਪ ਨੂੰ ਸਿਖਾਂ ਦੇ ਆਗੂ ਅਖਵਾਉਣ ਵਾਲਿਆਂ ਦੀ ਐਸੀ ਬਿਆਨਬਾਜ਼ੀ ਨਿਰਸੰਦੇਹ ਨਿੰਦਣਯੋਗ ਹੀ ਕਹੀ ਜਾ ਸਕਦੀ ਹੈ ।

ਦੋਸ਼ੀਆਂ ਖਿਲਾਫ ਕਾਰਵਾਈ ਕਰਾਉਣ ਲਈ, ਅਕਾਲੀ ਰਾਜ ਸਮੇਂ ਵੀ, ਪੰਥ ਸੜਕਾਂ ਤੇ ਧਰਨੇ ਦਿੰਦਾ ਰਿਹਾ ਜਿਸ ਰੋਸ ਨੂੰ ਤੁਸੀਂ ਵੇਹਲੜਾਂ ਦੇ ਧਰਨੇ ਹੀ ਕਹਿੰਦੇ ਰਹੇ । ਤੁਸੀਂ ਤਾਂ ਇਸ ਰੋਸ ਵਿੱਚ ਸ਼ਾਮਿਲ ਸਿੰਘਾਂ ਵਾਰੇ ਇਹ ਕਹਿ ਰਹੇ ਸੀ ਕਿ ਇਨ੍ਹਾਂ ਨੂੰ ਘਰ ਕੋਈ ਨਹੀਂ ਪੁੱਛਦਾ ਇਸ ਲਈ ਧਰਨੇ ਦੇ ਰਹੇ ਹਨ। ਜੇ ਪੰਥ ਹੁਣ ਇਨਸਾਫ ਮੰਗ ਰਿਹਾ ਹੈ ਤਾਂ ਹੁਣ ਤੁਸੀਂ ਇਸ ਰੋਸ ਨੂੰ ਕਾਂਗਰਸ ਨਾਲ ਜੋੜ ਕੇ ਕੀ ਦੱਸਣਾਂ ਚਾਹੁੰਦੇ ਹੋ ?

ਪੰਥ ਤੁਹਾਡੀ ਸਰਕਾਰ ਸਮੇਂ ਭੀ ਪੁੱਛਦਾ ਰਿਹਾ ਹੈ ਕਿ :-

  1. ਉਹ ਕਿਹੜੇ ਲੋਕ ਹਨ ਜਿਨ੍ਹਾਂ ਗੁਰੂ ਸਾਹਿਬ ਦਾ ਸਰੂਪ ਚੋਰੀ ਕਰ ਕੇ ਕੌਮ ਨੂੰ ਵੰਗਾਰਿਆ ਹੈ ?
  2. ਉਹ ਕਿਹੜੇ ਲੋਕ ਹਨ ਜਿਨ੍ਹਾਂ ਮਹਾਰਾਜ ਦੇ ਸਰੂਪ ਚੋਰੀ ਕਰਕੇ , ਕੰਧਾਂ ਤੇ ਇਸ਼ਤਿਹਾਰ ਲਾ ਕੇ ਆਪਣੀ ਪਛਾਣ ਭੀ ਜਨਤਕ ਕਰ ਦਿੱਤੀ, ਪਰ ਪੁਲਿਸ ਅਤੇ ਖੁਫੀਆ ਤੰਤਰ ਕਿਓਂ ਨਹੀਂ ਉਨ੍ਹਾਂ ਤੱਕ ਅੱਪੜ ਸਕਿਆ ?
  3. ਕੋਟਕਪੂਰੇ ਸ਼ਾਂਤ ਮਈ ਰੋਸ ਪ੍ਰਗਟ ਕਰ ਰਹੇ ਸਿੰਘਾਂ ਉੱਤੇ ਗੰਦੇ ਪਾਣੀ ਦੀਆਂ ਬੁਛਾੜਾਂ ਮਾਰਨ ਵਾਲੇ ਅਤੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਸਿੰਘਾਂ ਨੂੰ ਸ਼ਹੀਦ ਅਤੇ ਜ਼ਖਮੀ ਕਰਨ ਵਾਲੇ ਕਿਹੜੇ ਅਣਪਛਾਤੇ ਪੁਲਿਸ ਵਾਲੇ ਸਨ ? ਆਦਿ ...

ਸਵਾਲ ਤਾਂ ਤੁਹਾਡੀ ਸਰਕਾਰ ਵੇਲੇ ਭੀ ਇਹੀ ਸਨ ਤੇ ਅੱਜ ਭੀ ਓਹੀ ਹਨ । ਤੁਸੀਂ ਇਸ ਦੁਖਦਾਈ ਘੱਟਨਾਂ ਵਾਪਰਨ ਤੋਂ ਬਾਅਦ ਭੀ ਲੰਬਾ ਸਮਾਂ ਰਾਜ ਭਾਗ ਕੀਤਾ ਪਰ ਇਨ੍ਹਾਂ ਸਵਾਲਾਂ ਦੇ ਉੱਤਰ ਨਾਂ ਦੇ ਸਕੇ, ਜੇ ਅੱਜ ਕੌਮ ਇਨ੍ਹਾਂ ਸਵਾਲਾਂ ਦੇ ਉੱਤਰ ਤਲਾਸ਼ ਰਹੀ ਹੈ ਤਾਂ ਤੁਸੀਂ ਉਨ੍ਹਾਂ ਨੂੰ ਕਾਂਗਰਸ ਨਾਲ ਜੋੜ ਕੇ ਕਿਓਂ ਭੰਡ ਰਹੇ ਹੋ ? ਜੇ ਤੁਹਾਡੀ ਸਰਕਾਰ ਸਮੇ ਸਿੰਘ ਰੋਸ ਪ੍ਰਗਟ ਕਰਨ ਤਾਂ ਤੁਸੀਂ ਉਨ੍ਹਾਂ ਨੂੰ ਸ਼ਰਾਰਤੀ ਅਨਸਰ ਕਹਿੰਦੇ ਹੋ ਤੇ ਜੇ ਹੁਣ ਇਨਸਾਫ ਮੰਗਣ ਤਾਂ ਕਾਂਗਰਸ ਦੇ ਏਜੇਂਟ ।

ਸਮੁੱਚਾ ਖਾਲਸਾ ਪੰਥ ਰਾਜਨੀਤਕ ਸੀਮਾਂਵਾਂ ਦੀ ਬਿਨਾਂ ਪ੍ਰਵਾਹ ਕੀਤੇ , ਦੋਸ਼ੀਆਂ ਨੂੰ ਸੱਖਤ ਸਜ਼ਾਵਾਂ ਦੁਆਉਣ ਲਈ ਸੰਘਰਸ਼ ਕਰ ਰਿਹਾ ਹੈ , ਪੰਜਾਬ ਦੀ ਕਿਸੇ ਹੋਰ ਰਾਜਨੀਤਕ ਪਾਰਟੀ ਨੇ ਇਸ ਸੰਘਰਸ਼ ਖਿਲਾਫ ਇੱਕ ਅੱਖਰ ਵੀ ਨਹੀਂ ਬੋਲਿਆ ਤੇ ਤੁਸੀਂ ਪਾਰਲੀਮੈਂਟ ਵਿੱਚ ਵੀ ਜ਼ਹਿਰ ਉਗਲਣੋਂ ਬਾਜ਼ ਨਹੀਂ ਆਏ । ਹੁਣ ਤੁਹਾਡਾ ਸਾਰਾ ਜ਼ੋਰ ਮੀਡੀਆ ਰਾਹੀਂ ਇਸ ਸੰਘਰਸ਼ ਨੂੰ ਬਦਨਾਮ ਕਰਨ ਤੇ ਕਿਉਂ ਲੱਗ ਰਿਹਾ ਹੈ ? ਤੁਹਾਡੇ ਇਸ ਵਰਤਾਰੇ ਤੋਂ ਇਹੀ ਸਪਸ਼ੱਟ ਹੋ ਰਿਹਾ ਹੈ ਕਿ ਤੁਸੀਂ ਨਹੀਂ ਚਾਹੁੰਦੇ ਕਿ ਬੇਅਦਵੀ ਦੇ ਦੋਸ਼ੀ ਫੜ੍ਹੇ ਜਾਣ ਅਤੇ ਕੌਮ ਨੂੰ ਇਨਸਾਫ ਮਿਲੇ ।

ਵਾਹਿਗੁਰੂ ਭਲਾ ਕਰੇ ।
 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top