Share on Facebook

Main News Page

ਕੀ ਇਹ ਸੱਚ ਨਹੀਂ ਹੈ ?
-: ਮੱਖਣ ਸਿੰਘ ਪੁਰੇਵਾਲ
27 May 2018

ਟਿੱਪਣੀ: "ਸਿੱਖ ਧਰਮ ਸ਼੍ਰੀ ਰਾਮ ਚੰਦਰ ਦੇ ਵੰਸ 'ਚੋਂ ਚੱਲ ਰਿਹਾ ਹੈ : ਬਾਬਾ ਮਨਜੀਤ ਸਿੰਘ"... ਅਖੌਤੀ ਦਸਮ ਗ੍ਰੰਥ ਵੀ ਤਾਂ ਇਹੀ ਕਹਿ ਰਿਹਾ ਹੈ, ਫਿਰ ਗੁੱਸਾ ਕਾਹਦਾ ??...

ਥੱਲੇ ਦਿੱਤਾ ਲੇਖ ਸ. ਮੱਖਣ ਸਿੰਘ ਪੁਰੇਵਾਲ ਦਾ ਲਿਖਿਆ ਹੋਇਆ ਹੈ ਜੋ ਕਿ ਸਿੱਖ ਮਾਰਗ ਵੈਬਸਾਈਟ ਦੇ ਸੰਪਾਦਕ ਹਨ। ਪਾਠਕਾਂ ਨੂੰ ਬੇਨਤੀ ਹੈ ਕਿ ਇਹ ਲੇਖ ਧਿਆਨ ਨਾਲ ਪੜ੍ਹਨ ਤੇ ਸੋਚਣ ਕਿ ਇਹ ਅਖੌਤੀ ਬਾਬਾ ਮਨਜੀਤ ਸਿੰਘ ਝੂਠ ਬੋਲ ਰਿਹਾ ਹੈ, ਜਾਂ ਜੋ ਅਖੌਤੀ ਦਸਮ ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਉਹੀ ਬੋਲ ਰਿਹਾ ਹੈ। ਜਿਹੜੇ ਅਖੌਤੀ ਦਸਮ ਗ੍ਰੰਥ ਨੂੰ ਹਾਲੇ ਵੀ ਚਿੰਬੜੇ ਹੋਏ ਨੇ ਉਹ ਇਸ ਬਾਬੇ ਦੇ ਕਥਨ 'ਤੇ ਤੜਪ ਰਹੇ ਨੇ, ਪਰ ਅਖੌਤੀ ਦਸਮ ਗ੍ਰੰਥ ਛੱਡਣ ਲਈ ਤਿਆਰ ਨਹੀਂ। ਹੈ ਨਾ ਦੋਗਲਾਪਨ! - ਸੰਪਾਦਕ ਖ਼ਾਲਸਾ ਨਿਊਜ਼


ਜਦੋਂ ਗਿਆਨੀ ਪੂਰਨ ਸਿੰਘ ਨੂੰ ਅਖੌਤੀ ਜਥੇਦਾਰ ਬਣਾਇਆ ਗਿਆ ਸੀ ਤਾਂ ਉਸ ਨੇ ਇੱਕ ਬਿਆਨ ਦਿੱਤਾ ਸੀ ਕਿ ਸਿੱਖ ਲਵ-ਕੁਸ਼ ਦੀ ਔਲਾਦ ਹਨ। ਉਸ ਵੇਲੇ ਸਿੱਖਾਂ ਨੇ ਬੜਾ ਰੌਲਾ ਪਾਇਆ ਸੀ ਕਿ ਦੇਖੋ ਜੀ ਇਹ ਕੀ ਕਹਿ ਰਿਹਾ ਹੈ? ਦਰਅਸਲ ਉਸ ਨੇ ਗਲਤ ਨਹੀਂ ਸੀ ਕਿਹਾ। ਜੋ ਕੁੱਝ ਕਿਹਾ ਸੀ ਉਹ ਸਾਰਾ ਕੁੱਝ ਅਖੌਤੀ ਦਸਮ ਗ੍ਰੰਥ ਵਿੱਚ ਅਤੇ ਅਖੌਤੀ ਦਮਦਮੀ ਟਕਸਾਲ ਦੇ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ। ਆਓ ਪਹਿਲਾਂ ਉਹ ਪੜ੍ਹ ਲਓ ਜੋ ਕਿ ਦਸਮ ਗ੍ਰੰਥ ਵਿੱਚ ਆਪਣੀ ਕਥਾ ਵਿੱਚ ਲਿਖਿਆ ਹੋਇਆ ਹੈ। ਇਸ ਦੇ ਅਰਥ ਡਾ: ਰਤਨ ਸਿੰਘ ਜੱਗੀ ਦੇ ਕੀਤੇ ਹੋਏ ਹਨ। ਪਹਿਲਾਂ ਸੂਰਜਵੰਸ਼ ਤੋਂ ਚੱਲੀ ਰਾਮ ਚੰਦਰ ਅਤੇ ਲਵ ਕੁਸ਼ ਦਾ ਬਰਣਨ ਹੈ।

ਉਸ (ਸੂਰਜ) ਦੇ ਬੰਸ ਵਿਚ ਰਘੂ (ਨਾਂ ਦਾ ਰਾਜਾ) ਹੋਇਆ ਜਿਸ ਤੋਂ ਜਗਤ ਵਿਚ ਰਘੂਬੰਸ ਚਲਿਆ। ਉਸਦਾ ਅਜ ਨਾਂ ਦਾ ਸ੍ਰੇਸ਼ਠ ਪੁੱਤਰ ਪੈਦਾ ਹੋਇਆ ਜੋ ਮਹਾਰਥੀ ਅਤੇ ਮਹਾਨ ਧਨੁਸ਼ਧਾਰੀ ਸੀ। ਜਦੋਂ ਉਸ ਨੇ ਯੋਗ ਦਾ ਭੇਖ ਲਿਆ ਤਾਂ ਰਾਜ ਪਾਟ (ਆਪਣੇ ਪੁੱਤਰ) ਦਸ਼ਰਥ ਨੂੰ ਸੌਂਪ ਦਿੱਤਾ। ਉਹ ਵੀ ਮਹਾਨ ਧਨੁਸ਼ਧਾਰੀ ਸੀ, ਉਸ ਨੇ ਆਪਣੀ ਖੁਸ਼ੀ ਨਾਲ ਤਿੰਨ ਇਸਤਰੀਆਂ ਨਾਲ ਵਿਆਹ ਕੀਤਾ।

ਪਹਿਲੀ (ਰਾਣੀ ਕੌਸ਼ਲਿਆ ਨੇ ਰਾਮ ਨਾਂ ਦੇ ਕੁਮਾਰ ਨੂੰ ਜਨਮ ਦਿੱਤਾ। (ਬਾਕੀ ਦੋ ਰਾਣੀਆਂ ਕੈਕਈ ਅਤੇ ਸੁਮਿਤ੍ਰਾ ਨੇ) ਭਰਤ, ਲੱਛਮਣ ਅਤੇ ਸ਼ਤਰੂਘਨ ਨੂੰ ਜਨਮ ਦਿੱਤਾ। ਉਨ੍ਹਾਂ ਨੇ ਬਹੁਤ ਚਿਰ ਤਕ ਰਾਜ ਕਮਾਇਆ, ( ਪਰ) ਸਮਾਂ ਆਉਣ ਤੇ ਦੇਵ- ਲੋਕ ਨੂੰ ਚਲੇ ਗਏ। ਫਿਰ ਸੀਤਾ ਦੇ ਦੋਵੇਂ ਪੁੱਤਰ (ਲਵ ਅਤੇ ਕੁਸ਼) ਰਾਜਾ ਬਣੇ ਅਤੇ ਰਾਜ ਪਾਟ ਉਨ੍ਹਾਂ ਨੂੰ ਬਹੁਤ ਫਬਿਆ। ਜਦੋਂ ਉਨ੍ਹਾਂ ਨੇ ਮਦ੍ਰ ਦੇਸ਼ (ਪੰਜਾਬ) ਦੀਆਂ ਰਾਜ- ਕੁਮਾਰੀਆਂ ਵਿਆਹੀਆਂ ਤਾਂ ਭਾਂਤ ਭਾਂਤ ਦੇ ਯੱਗ ਕੀਤੇ ।

ਉਥੇ (ਪੰਜਾਬ ਵਿਚ) ਉਨ੍ਹਾਂ ਨੇ ਦੋ ਨਗਰ ਵਸਾਏ (ਜਿਨ੍ਹਾਂ ਵਿਚੋਂ) ਇਕ ਦਾ ਨਾਂ ਕਸੂਰ ਅਤੇ ਦੂਜੇ ਦਾ ਨਾਂ ਲਾਹੌਰ (ਲਵਪੁਰਾ-ਲਹੁਰਵਾ) ਪਿਆ। ਉਹ ਦੋਵੇਂ ਨਗਰ ਬਹੁਤ ਸ਼ੋਭਾਸ਼ਾਲੀ ਸਨ ਜਿਨ੍ਹਾਂ ਨੂੰ ਵੇਖ ਕੇ ਲੰਕਾ ਅਤੇ ਅਮਰਾਵਤੀ (ਇੰਦਰਪੁਰੀ) ਵੀ ਲਜਾਂਦੀਆਂ ਸਨ। ਉਨ੍ਹਾਂ ਦੋਹਾਂ ਨੇ ਬਹੁਤ ਸਮੇਂ ਤਕ ਰਾਜ ਕੀਤਾ, (ਪਰ) ਅੰਤ ਵਿਚ ਕਾਲ ਨੇ ਉਨ੍ਹਾਂ ਨੂੰ ਆਪਣੇ ਜਾਲ ਵਿਚ ਫਸਾ ਲਿਆ। ਉਨ੍ਹਾਂ ਦੇ ਜੋ ਪੁੱਤਰ ਪੋਤਰੇ ਹੋਏ, ਉਹ ਵੀ ਇਸ ਜਗਤ ਵਿਚ ਰਾਜ ਕਰਦੇ ਰਹੇ।

ਕਿਥੋਂ ਤਕ (ਉਨ੍ਹਾਂ ਦੇ ਹਾਲ ਦਾ) ਵਰਣਨ ਕਰ ਕੇ ਸੁਣਾਵਾਂ, ਉਨ੍ਹਾਂ ਦੇ ਨਾਂਵਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ। ਚੌਹਾਂ ਯੁਗਾਂ ਵਿਚ ਜੋ (ਰਾਜੇ ਹੁੰਦੇ) ਆਏ, ਉਨ੍ਹਾਂ ਦੇ ਨਾਂ ਗਿਣਾਏ ਨਹੀਂ ਜਾ ਸਕਦੇ। ਜੇ ਹੁਣ ਤੇਰੀ ਕ੍ਰਿਪਾ ਨਾਲ ਬਲ ਪ੍ਰਾਪਤ ਕਰਾਂ (ਤਾਂ ਉਨ੍ਹਾਂ ਦੇ) ਨਾਂ ਯਥਾ-ਬੁੱਧੀ ਆਖ ਸੁਣਾਵਾਂ। ਕਾਲ ਕੇਤੁ ਅਤੇ ਕਾਲ ਰਾਇ (ਦੇ ਨਾਂ) ਲੈਂਦਾ ਹਾਂ ਜਿਨ੍ਹਾਂ ਦੇ ਘਰ ਅਣਗਿਣਤ ਪੁੱਤਰ ਪੈਦਾ ਹੋਏ।

ਕਾਲ ਕੇਤੁ ਬਹੁਤ ਬਲਵਾਨ ਹੋਇਆ ਜਿਸ ਨੇ ਕਾਲ ਰਾਇ ਨੂੰ ਨਗਰ ਤੋਂ ਕਢ ਦਿੱਤਾ। ਉਥੋਂ ਉਹ ਭਜ ਕੇ ਸਨੌਢ ਦੇਸ਼ ਨੂੰ ਚਲਿਆ ਗਿਆ ਅਤੇ ਉਥੋਂ ਦੀ ਰਾਜ-ਕੁਮਾਰੀ ਨਾਲ (ਉਸ ਦਾ) ਵਿਆਹ ਹੋਇਆ। ਉਸ (ਰਾਜ ਕੁਮਾਰੀ) ਤੋਂ ਘਰ ਵਿਚ ਜੋ ਪੁੱਤਰ ਪੈਦਾ ਹੋਇਆ, ਉਸ ਦਾ ਨਾਂ ਸੋਢੀ ਰਾਇ ਰਖਿਆ। ਉਸ ਦਿਨ ਤੋਂ ਸਨੌਢ ਬੰਸ ਚਲਿਆ (ਜੋ) ਪਰਮ ਪਵਿਤਰ ਪੁਰਸ਼ (ਪਰਮਾਤਮਾ/ ਨੇ ਸਾਜਿਆ ਸੀ।

ਉਸ (ਸੋਢੀ ਰਾਇ) ਤੋਂ ਜੋ ਪੁੱਤਰ ਪੋਤਰੇ ਹੁੰਦੇ ਆਏ, ਉਹ (ਸਭ) ਜਗਤ ਵਿਚ ਸੋਢੀ ਅਖਵਾਏ। ਜਗਤ ਵਿਚ ਉਹ ਬਹੁਤ ਪ੍ਰਸਿੱਧ ਹੋ ਗਏ ਅਤੇ ਉਨ੍ਹਾਂ ਦੇ ਘਰ (ਦਿਨੋ ਦਿਨ) ਧਨ ਦਾ ਵਾਧਾ ਹੁੰਦਾ ਰਿਹਾ। (ਉਨ੍ਹਾਂ ਨੇ) ਅਨੇਕ ਤਰ੍ਹਾਂ ਨਾਲ ਰਾਜ ਕੀਤਾ ਅਤੇ ਦੇਸ਼-ਦੇਸ਼ਾਂਤਰਾਂ ਦੇ ਰਾਜੇ ਜਿੱਤ ਲਏ। ਜਿਥੇ ਕਿਥੇ ਉਨ੍ਹਾਂ ਨੇ ਧਰਮ ਦਾ ਵਿਸਤਾਰ ਕੀਤਾ ਅਤੇ ਸਿਰ ਉਤੇ ਛਤ੍ਰ ਝੁਲਵਾਇਆ।

(ਉਨ੍ਹਾਂ ਨੇ) ਬਹੁਤ ਵਾਰ ਰਾਜਸੂਯ ਯੱਗ ਕੀਤੇ ਅਤੇ ਦੇਸ਼ਾਂ ਦੇ ਸੁਆਮੀਆਂ (ਰਾਜਿਆਂ) ਨੂੰ ਜਿੱਤ ਲਿਆ। (ਉਨ੍ਹਾਂ ਨੇ) ਬਹੁਤ ਵਾਰ ਅਸ਼੍ਵਮੇਧ ਯੱਗ ਵੀ ਕੀਤੇ ਅਤੇ ਆਪਣੀ ਕੁਲ ਦੇ ਸਾਰੇ ਪਾਪ ਨਸ਼ਟ ਕਰ ਦਿੱਤੇ। ਫਿਰ ਉਨ੍ਹਾਂ ਦੀ ਬੰਸ ਵਿਚ ਝਗੜਾ ਬਹੁਤ ਵਧ ਗਿਆ ਜਿਸ ਨੂੰ ਕੋਈ ਵੀ ਭਲਾ ਪੁਰਸ਼ ਮੇਟ ਨ ਸਕਿਆ। ਬਾਂਕੇ ਵੀਰ ਯੋਧਿਆਂ ਦੇ ਸਮੂਹ ਫਿਰਨ ਲਗੇ ਅਤੇ ਸ਼ਸਤ੍ਰ ਫੜ ਫੜ ਕੇ ਯੁੱਧ-ਭੂਮੀ ਨੂੰ ਤੁਰ ਪਏ।

ਇਸ ਉਪਰ ਲਿਖੀ ਕਹਾਣੀ ਬਾਰੇ ਗੁਰਦੀਪ ਸਿੰਘ ਬਾਗੀ ਆਪਣੇ ਇਕ ਲੇਖ ਵਿਚ ਇੰਜ ਲਿਖਦੇ ਹਨ:

ਗੁਰੂ ਸਾਹਿਬਾਨ ਨੂੰ ਲਵ-ਕੁਸ਼ ਨਾਲ ਜੋੜ੍ਹਨ ਵਾਲੀ ਕਹਾਨੀ ਬੂੰਦੇਲਖੰਡ ਦੇ ਇਤਿਹਾਡ ਵਿੱਚੋਂ ਚੋਰੀ ਕੀਤੀ ਗਈ।

---------ਇਹ "ਲਵ-ਕੁਸ਼" ਨਾਲ ਗੁਰੂ ਸਾਹਿਬਾਨ ਦੇ ਵੰਸ਼ ਨੂੰ ਜੋੜ੍ਹਨ ਵਾਲਾ ਵਿਚਾਰ ਬੂੰਦੇਲਖੰਡ ਦੇ ਇਤਿਹਾਸ ਵਿੱਚੋਂ ਚੋਰੀ ਕਿਤਾ ਗਿਆ ਹੈ। ਇਸ ਦਾ ਜਿਕਰ ਗੋਰੇ ਲਾਲ ਜੋ "ਲਾਲ ਕਵਿ" ਦੇ ਨਾਮ ਤੂੰ ਜਾਣਿਆ ਜਾਂਦਾ ਹੈ ਨੇ ਅਪਣੀ ਇਕ ਰਚਨਾ ਛਤ੍ਰਪ੍ਰਕਾਸ਼ ਵਿੱਚ ਕੀਤਾ ਹੈ। ਇਸ ਕਵੀ ਦਾ ਜੀਵਨ-ਕਾਲ 1658 ਇ. ਤੂੰ 1710 ਇ. ਦਾ ਹੈ, ਇਸ ਨੇ ਛਤ੍ਰਪ੍ਰਕਾਸ਼ ਵਿੱਚ ਬੂੰਦੇਲ ਖੰਡ ਦੇ ਰਾਜਾ ਛਤ੍ਰਸਾਲ ਦੇ ਜੀਵਨ ਦਾ ਵਰਣਨ ਕੀਤਾ ਹੈ, ਇਸ ਰਚਨਾ ਵਿੱਚ ਰਾਜਾ ਛਤ੍ਰਸਾਲ ਦੀ 1710 ਇ. ਵਿੱਚ ਹੋਈ ਜੰਗ ਤਕ ਦਾ ਜਿਕਰ ਹੈ ਇਸ ਦੇ ਬਾਦ ਦੀ ਕੋਈ ਰਚਨਾ ਨਹੀ ਹੈ ਜਿਸ ਤੂੰ ਇਹ ਅੰਦਾਜਾ ਲਗਦਾ ਹੈ ਕਿ "ਲਾਲ ਕਵਿ" ਦਾ ਜੀਵਣ-ਕਾਲ 1710 ਇ. ਤਕ ਸੀ। ਅਪਣੀ ਰਚਨਾ ਛਤ੍ਰਪ੍ਰਕਾਸ਼ ਵਿੱਚ ਗੋਰੇ ਲਾਲ ਕਵਿ ਨੇ ਪਹਿਲੇ ਅਅਧਿਆਇ ਵਿੱਚ ਹੀ ਇਸ ਗੱਲ ਦਾ ਜਿਕਰ ਕੀਤਾ ਹੈ ਕਿ ਬੂੰਦੇਲ ਖੰਡ ਦੇ ਰਾਜਿਆਂ ਦਾ ਸੰਬਂਧ ਰਾਮ ਚੰਦਰ ਦੇ ਪੁਤਰ ਕੁਸ਼ ਨਾਲ ਹੈ ਅਤੇ ਇਨ੍ਹਾਂ ਦੇ ਭਟਾਂ ਦੇ ਮੁਤਾਬਿਕ ਇਨ੍ਹਾਂ ਦਾ ਸੰਬਧ ‘ਲਵ’ ਨਾਲ ਵੀ ਹੈ। 

ਹੁਣ ਅੱਗੇ ਬੇਦੀਆਂ ਅਤੇ ਸੋਢੀਆਂ ਦੀ ਕਹਾਣੀ ਜੋ ਕਿ ਬਚਿੱਤ੍ਰ ਨਾਟਕ ਦੀ ਆਪਣੀ ਕਥਾ ਵਿਚ ਦਰਜ਼ ਹੈ ਉਸ ਦੇ ਵੀ ਸੰਖੇਪ ਵਿਚ ਕੁੱਝ ਪੰਨਿਆਂ ਦੇ ਦਰਸ਼ਨ ਕਰ ਲਓ:

(ਦਸਮ ਗ੍ਰੰਥ ਦੀ ਮੂਲ ਲਿਖਤ)

ਜਿਨੈ ਬੇਦ ਪਠਿਯੋ ਸੁ ਬੇਦੀ ਕਹਾਏ। ਤਿਨੈ ਧਰਮ ਕੈ ਕਰਮ ਨੀਕੇ ਚਲਾਏ। ਪਠੇ ਕਾਗਦੰ ਮਦ੍ਰ ਰਾਜਾ ਸੁਧਾਰੰ। ਆਪੋ ਆਪ ਮੋ ਬੈਰ ਭਾਵੰ ਬਿਸਾਰੰ। ੧ ।
ਨ੍ਰਿਪੰ ਮੁਕਲਿਯੰ ਦੂਤ ਸੋ ਕਾਸਿ ਆਯੰ। ਸਬੇ ਬੇਦਿਯ ਭੇਦ ਭਾਖੇ ਸੁਨਾਯੰ। ਸਬੈ ਬੇਦ ਪਾਠੀ ਚਲੇ ਮਦ੍ਰ ਦੇਸੰ। ਪ੍ਰਨਾਮ ਕੀਯੋ ਆਨ ਕੈ ਕੇ ਨਰੇਸੰ ।੨ ।
ਧੁਨੰ ਬੇਦ ਕੀ ਭੂਪ ਤਾ ਤੇ ਕਰਾਈ। ਸਬੈ ਪਾਸ ਬੈਠੇ ਸਬਾ ਬੀਚ ਭਾਈ। ਪੜੇ ਸਾਮ ਬੇਦ ਜੁਜਰ ਬੇਦ ਕਥੰ। ਰਿਗੰ ਬੇਦ ਪਠਿਯੰ ਕਰੇ ਭਾਵ ਹਥੰ। ੩ ।

(ਅਰਥ)

ਜਿਨ੍ਹਾਂ (ਕੁਸ਼- ਬੰਸੀਆਂ ਨੇ) ਵੇਦਾਂ ਦਾ ਪਾਠ ਕੀਤਾ ਉਹ ਵੇਦੀ (ਬੇਦੀ) ਅਖਵਾਉਣ ਲਗੇ ; ਉਨ੍ਹਾਂ ਨੇ ਧਰਮ ਦੇ ਚੰਗੇ ਕੰਮਾਂ ਦੀ ਪਿਰਤ ਪਾਈ। (ਇਧਰ) ਮਦ੍ਰ ਦੇਸ ਦੇ ਲਵ- ਬੰਸੀ ਰਾਜੇ ਨੇ ਚਿੱਠੀ ਲਿਖ ਕੇ (ਕਾਸ਼ੀ ਭੇਜੀ ਕਿ ਸਾਨੂੰ ਆਪੋ ਆਪਣਾ ਵੈਰ ਭਾਵ ਭੁਲਾ ਦੇਣਾ ਚਾਹੀਦਾ ਹੈ । ੧ ।

ਰਾਜੇ ਦਾ ਜੋ ਦੂਤ (ਚਿੱਠੀ ਦੇ ਕੇ) ਭੇਜਿਆ ਗਿਆ ਸੀ, ਉਹ ਕਾਸ਼ੀ ਪਹੁੰਚਿਆ ਅਤੇ ਬੇਦੀਆਂ ਨੂੰ (ਚਿੱਠੀ ਦੇ) ਸਾਰੇ ਭਾਵ ਅਤੇ ਸਮਾਚਾਰ ਕਹਿ ਦਿੱਤੇ। ਦੂਤ ਦੀ ਗੱਲ ਸੁਣ ਕੇ) ਸਾਰੇ ਵੇਦ ਪਾਠੀ ਮਦ੍ਰ ਦੇਸ (ਪੰਜਾਬ) ਵਲ ਤੁਰ ਪਏ। ਉਨ੍ਹਾਂ ਨੇ ਆ ਕੇ (ਲਵਾਂ- ਬੰਸੀਆਂ ਦੇ ਰਾਜੇ ਨੂੰ) ਪ੍ਰਨਾਮ ਕੀਤਾ। 2 ।

ਰਾਜੇ ਨੇ ਉਨ੍ਹਾਂ ਤੋਂ ਵੇਦ-ਧੁਨ ਕਰਵਾਈ (ਵੇਦਾਂ ਦਾ ਪਾਠ ਕਰਵਾਇਆ) ਅਤੇ ਸਾਰੇ ਭਰਾ ਸਭਾ ਵਿਚ ਇਕੱਠੇ ਬੈਠੇ। (ਪਹਿਲਾਂ ਉਨ੍ਹਾਂ ਨੇ) ਸਾਮ ਵੇਦ ਪੜ੍ਹਿਆ, ਫਿਰ ਯਜੁਰ ਵੇਦ ਦਾ ਵਰਣਨ ਕੀਤਾ। ਇਸ ਪਿਛੋਂ ਰਿਗ ਵੇਦ ਦਾ ਪਾਠ ਕੀਤਾ ਅਤੇ (ਰਾਜੇ ਅਤੇ ਲਵ- ਬੰਸੀਆਂ ਨੇ ਵੇਦਾਂ ਦੇ ਸਾਰੇ) ਭਾਵ ਸਮਝ ਲਏ। 3 ।

ਰਸਾਵਲ ਛੰਦ

ਅਥਰ੍ਵ ਬੇਦ ਪਠਿਯੰ। ਸੁਨੈ ਪਾਪ ਨਠਿਯੰ। ਰਹਾ ਰੀਝ ਰਾਜਾ। ਦੀਆ ਸਰਬ ਸਾਜਾ। ੪ ।
ਲਯੋ ਬਨ ਬਾਸੰ ਮਹਾ ਪਾਪ ਨਾਸੰ। ਰਿਖੰ ਭੇਸ ਕੀਯੰ। ਤਿਸੈ ਰਾਜ ਦੀਯੰ। ਪ ।
ਰਹੇ ਹੋਰਿ ਲੋਗੰ। ਤਜੇ ਸਰਬ ਸੋਗੰ। ਧਨੰ ਧਾਮ ਤਿਆਗੇ। ਪ੍ਰਭੰ ਪ੍ਰੇਮ ਪਾਗੇ।6 ।

ਅਰਥ : (ਜਦੋਂ ਕੁਸ-ਬੰਸੀਆਂ ਨੇ) ਅਥਰਵ ਵੇਦ ਦਾ ਪਾਠ ਕੀਤਾ (ਤਾਂ ਉਸ ਨੂੰ ਸੁਣ ਕੇ) ਸਭ ਦਾ ਵੈਰ (ਪਾਪ) ਖਤਮ ਹੋ ਗਿਆ। ਰਾਜਾ ਪ੍ਰਸੰਨ ਹੋ ਗਿਆ ਅਤੇ (ਉਸ ਨੇ) ਸਾਰਾ ਰਾਜ-ਪਾਟ ਦੇ ਦਿੱਤਾ। 4 । (ਰਾਜੇ ਨੇ) ਬਨਬਾਸ ਲੈ ਲਿਆ, (ਉਸ ਦੇ) ਮਹਾ ਪਾਪ ਨਸ਼ਟ ਹੋ ਗਏ। (ਉਸ ਨੇ) ਰਿਸ਼ੀ-ਭੇਸ ਧਾਰਨ ਕਰ ਲਿਆ ਅਤੇ ਉਨ੍ਹਾਂ ਕੁਸ਼-ਬੰਸੀਆਂ ਨੂੰ ਰਾਜ ਦੇ ਦਿੱਤਾ। 5 । (ਰਾਜੇ ਨੂੰ ਬਨ ਜਾਣੋ) ਲੋਕੀਂ ਹੋੜਦੇ ਰਹੇ (ਪਰ ਉਸ ਨੇ) ਸਾਰੇ ਸੋਗ (ਤਨਾਉ) ਛਡ ਦਿੱਤੇ। ਧਨ ਦੌਲਤ ਅਤੇ ਘਰ-ਬਾਰ ਤਿਆਗ ਦਿੱਤੇ ਅਤੇ ਪ੍ਰਭੂ ਦੇ ਪਿਆਰ ਵਿਚ ਰੰਗਿਆ ਗਿਆ । ੬ ।

ਅੜਿਲ

ਬੇਦੀ ਭਯੌ ਪ੍ਰਸੰਨ ਰਾਜ ਕਹ ਪਾਇਕੈ। ਦੇਤ ਭਯੋ ਬਰਦਾਨ ਹੀਐ ਹੁਲਸਾਇਕੈ।
ਜਬ ਨਾਨਕ ਕਲ ਮੈਂ ਹਮ ਆਨਿ ਕਹਇ ਹੈ।
ਹੋ ਜਗਤ ਪੂਜ ਕਰਿ ਤੋਹਿ ਪਰਮ ਪਦੁ ਪਾਇ ਹੈ। ੭ ।

ਅਰਥ : ਬੇਦੀ (ਕੁਸ਼-ਬੰਸੀ) ਰਾਜ ਨੂੰ ਪ੍ਰਾਪਤ ਕਰ ਕੇ ਪ੍ਰਸੰਨ ਹੋ ਗਏ ਅਤੇ ਦਿਲੋਂ ਖੁਸ਼ ਹੋ ਕੇ ਵਰਦਾਨ ਦੇਣ ਲਗੇ ਕਿ ਜਦੋਂ ਅਸੀਂ ਕਲਿਯੁਗ ਵਿਚ ਨਾਨਕ ਅਖਵਾਵਾਂਗੇ ਤਾਂ ਤੁਹਾਨੂੰ ਜਗਤ ਦਾ ਪੂਜਣ ਯੋਗ ਬਣਾ ਕੇ ਪਰਮ-ਪਦ ਪ੍ਰਾਪਤ ਕਰਾਂਗੇ। 7 ।

ਦੋਹਰਾ

ਲਵੀ ਰਾਜ ਦੇ ਬਨਿ ਗਹੇ ਬੇਦੀਅਨ ਕੀਨੋ ਰਾਜ। ਭਾਤਿ ਭਾਤਿ ਤਨਿ ਭੋਗੀਯੰ ਭੂਅ ਕਾ ਸਕਲ ਸਮਾਜ। ੮ ।

ਅਰਥ : ਲਵ ਬੰਸੀ ਰਾਜ ਦੇ ਕੇ ਬਨ ਨੂੰ ਚਲੇ ਗਏ ਅਤੇ ਬੇਦੀਆਂ (ਕੁਸ਼ਾ ਬੰਸੀਆਂ) ਨੇ ਰਾਜ ਕੀਤਾ। ਉਨ੍ਹਾਂ ਨੇ ਵਖ ਵਖ ਢੰਗਾਂ ਨਾਲ ਭੂਮੀ ਦੇ ਸਾਰੇ ਸੁਖਾਂ ਨੂੰ ਭੋਗਿਆ। 8 ।

ਚੌਪਈ

ਤ੍ਰਿਤੀਯ ਬੇਦ ਸੁਨਬੇ ਤੁਮ ਕੀਆਂ। ਚਤੁਰ ਬੇਦ ਸੁਨਿ ਭੂਅ ਕੋ ਦੀਆ। ਤੀਨ ਜਨਮ ਹਮਹੂੰ ਜਬ ਧਰਿ ਹੈ। ਚੌਥੇ ਜਨਮ ਗੁਰੂ ਤੁਹਿ ਕਰਿ ਹੈ। ੯ ।
ਉਤ ਰਾਜਾ ਕਾਨਨਹਿ ਸਿਧਾਯੋ। ਇਤ ਇਨ ਰਾਜ ਕਰਤ ਸੁਖ ਪਾਯੋ। ਕਹਾ ਲਗੇ ਕਰਿ ਕਥਾ ਸੁਨਾਊ। ਗ੍ਰੰਥ ਬਢਨ ਤੇ ਅਧਿਕ ਡਰਾਊ। ੧ 0 ।

ਅਰਥ : (ਹੇ ਰਾਜਨ ! !) ਤੂੰ ਤਿੰਨਾਂ ਵੇਦਾਂ ਨੂੰ (ਧਿਆਨ ਨਾਲ) ਸੁਣਿਆ ਅਤੇ ਚੌਥਾ ਵੇਦ ਸੁਣ ਕੇ ਧਰਤੀ ਦਾ ਦਾਨ ਕਰ ਦਿੱਤਾ। ਅਸੀਂ ਜਦੋਂ ਤਿੰਨ ਜਨਮ ਧਾਰਨ ਕਰ ਲਵਾਂਗੇ, ਤਾਂ ਚੌਥੇ ਜਨਮ ਵਿਚ ਤੈਨੂੰ ਗੁਰੂ ਧਾਰਨ ਕਰਾਂਗੇ । ੯ । ਉਧਰ (ਸੋਢੀ) ਰਾਜਾ ਬਨ ਨੂੰ ਚਲਾ ਗਿਆ, ਇਧਰ ਇਨ੍ਹਾਂ (ਬੇਦੀਆਂ) ਨੇ ਰਾਜ ਕਰਦਿਆਂ ਸੁਖ ਨੂੰ ਪ੍ਰਾਪਤ ਕੀਤਾ। ਕਿਥੋਂ ਤਕ ਇਹ ਕਥਾ ਨੂੰ ਸੁਣਾਵਾਂ (ਕਿਉਂਕਿ) ਗ੍ਰੰਥ ਦੇ ਵਡੇ ਹੋ ਜਾਣ ਦਾ ਬਹੁਤ ਡਰ ਲਗਦਾ ਹੈ। 10 ।

(ਦਸਮ ਗ੍ਰੰਥ ਦੀ ਮੂਲ ਲਿਖਤ)

ਨਰਾਜ਼ ਛੰਦ

ਬਹੁਰਿ ਬਿਖਾਧ ਬਾਧਿਯੰ। ਕਿਨੀ ਨ ਤਾਹਿ ਸਾਧਿਯੰ। ਕਰਮ ਕਾਲ ਯੋ ਭਈ। ਸੁ ਭੂਮਿ ਬੰਸ ਤੇ ਗਈ। ੧ ।

ਅਰਥ : ਫਿਰ (ਬੇਦੀਆਂ ਵਿਚ) ਝਗੜਾ ਵਧ ਗਿਆ, ਉਸ ਨੂੰ ਕੋਈ ਵੀ ਠੀਕ ਨ ਕਰ ਸਕਿਆ। ਕਾਲ-ਚੱਕਰ ਇੰਜ ਚਲਿਆ ਕਿ ਉਹ ਭੂਮੀ (ਬੇਦੀ) ਬੰਸ ਤੋਂ ਖੁਸ ਗਈ। ੧ ।

ਦੋਹਰਾ

ਬਿਪ੍ਰ ਕਰਤ ਭਏ ਸੂਦ੍ਰ ਬ੍ਰਿਤਿ ਛਤ੍ਰੀ ਬੈਸਨ ਕਰਮ। ਬੈਸ ਕਰਤ ਭਏ ਛਤ੍ਰਿ ਬ੍ਰਿਤਿ ਸੂਦ੍ਰ ਸੁ ਦਿਜ ਕੋ ਧਰਮ। ੨ ।

ਅਰਥ : ਬ੍ਰਾਹਮਣ ਸ਼ੂਦਰਾਂ ਦੇ ਕਰਮ ਕਰਨ ਲਗ ਗਏ ਅਤੇ ਛਤ੍ਰੀਆਂ ਨੇ ਵੈਸ਼ਾਂ ਦਾ ਕਰਮ ਅਪਣਾ ਲਿਆ। ਵੈਸ਼ ਛਤ੍ਰੀਆਂ ਦਾ ਕਰਮ ਕਰਨ ਲਗ ਪਏ ਅਤੇ ਸ਼ੂਦਰਾਂ ਨੇ ਬ੍ਰਾਹਮਣਾਂ ਦਾ ਧਰਮ ਅਪਣਾ ਲਿਆ। ੨ ।

ਚੌਪਈ

ਬੀਸ ਗਾਵ ਤਿਨ ਕੇ ਰਹਿ ਗਏ। ਜਿਨ ਮੋ ਕਰਤ ਕਿਰ੍ਸਾਨੀ ਭਏ। ਬਹੁਤ ਕਾਲ ਇਹ ਭਾਤਿ ਬਿਤਾਯੋ। ਜਨਮ ਸਮੈ ਨਾਨਕ ਕੋ ਆਯੋ। ੩ ।

ਅਰਥ : (ਕਰਮ ਭ੍ਰਸ਼ਟ ਹੋਣ ਕਾਰਨ) ਉਨ੍ਹਾਂ ਕੋਲ (ਕੇਵਲ) ਵੀਹ ਪਿੰਡ ਰਹਿ ਗਏ, ਜਿਨ੍ਹਾਂ ਵਿਚ (ਉਨ੍ਹਾਂ ਨੇ) ਕ੍ਰਿਸਾਨੀ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਬਹੁਤ ਸਾਰਾ ਸਮਾਂ ਬੀਤਣ ਉਪਰੰਤ (ਗੁਰੂ) ਨਾਨਕ ਦੇ ਜਨਮ ਦਾ ਵਕਤ ਆ ਗਿਆ। ੩ ।

ਦੋਹਰਾ

ਤਿਨ ਬੇਦੀਯਨ ਕੇ ਕੁਲ ਬਿਖੇ ਪ੍ਰਗਟੇ ਨਾਨਕ ਰਾਇ। ਸਭ ਸਿਖਨ ਕੋ ਸੁਖ ਦਏ ਜਹ ਤਹ ਭਏ ਸਹਾਇ। ੪ ।

ਅਰਥ : ਉਨ੍ਹਾਂ ਬੇਦੀਆਂ ਦੀ ਕੁਲ ਵਿਚ (ਗੁਰੂ) ਨਾਨਕ ਰਾਇ ਪ੍ਰਗਟ ਹੋਏ, ਜਿਨ੍ਹਾਂ ਨੇ ਸਾਰਿਆਂ ਸਿੱਖਾਂ ਨੂੰ ਸੁਖ ਦਿੱਤਾ ਅਤੇ ਜਿਥੇ ਕਿਥੇ (ਭੀੜ ਬਣੀ ਤਾਂ) ਸਹਾਇਤਾ ਕੀਤੀ। ੪ ।

ਚੌਪਈ

ਤਿੰਨ ਇਹ ਕਲ ਮੋ ਧਰਮ ਚਲਾਯੋ। ਸਭ ਸਾਧਨ ਕੋ ਰਾਹੁ ਬਤਾਯੋ। ਜੋ ਤਾਕੇ ਮਾਰਗ ਮਹਿ ਆਏ। ਤੇ ਕਬਹੂੰ ਨਹਿ ਪਾਪ ਸੰਤਾਏ। ਪ ।
ਜੇ ਜੇ ਪੰਥ ਤਵਨ ਕੇ ਪਰੇ। ਪਾਪ ਤਾਪ ਤਿਨ ਕੇ ਪ੍ਰਭ ਹਰੇ। ਦੂਖ ਭੂਖ ਕਬਹੂੰ ਨ ਸੰਤੇ। ਜਾਲ ਕਾਲ ਕੇ ਬੀਚ ਨ ਆਏ। ੬ ।
ਨਾਨਕ ਅੰਗਦ ਕੋ ਬਪੁ ਧਰਾ। ਧਰਮ ਪ੍ਰਚੁਰਿ ਇਹ ਜਗ ਮੋ ਕਰਾ। ਅਮਰ ਦਾਸ ਪੁਨਿ ਨਾਮ ਕਹਾਯੋ। ਜਨੁ ਦੀਪਕ ਤੇ ਦੀਪ ਜਗਾਯੋ। ੭ ।
ਜਬ ਬਰਦਾਨਿ ਸਮੈ ਵਹੂ ਆਵਾ। ਰਾਮਦਾਸ ਤਬ ਗੁਰੂ ਕਹਾਵਾ। ਤਿਹ ਬਰਦਾਨਿ ਪੁਰਾਤਨਿ ਦੀਆਂ। ਅਮਰਦਾਸਿ ਸੁਰਪੁਰਿ ਮਗ ਲੀਆ। ੮ ।
ਸ੍ਰੀ ਨਾਨਕ ਅੰਗਦਿ ਕਰਿ ਮਾਨਾ। ਅਮਰ ਦਾਸ ਅੰਗਦ ਪਹਿਚਾਨਾ। ਅਮਰ ਦਾਸ ਰਾਮਦਾਸ ਕਹਾਯੋ। ਸਾਧਨ ਲਖਾ ਮੂੜ ਨਹਿ ਪਾਯੋ। ੯ ।
ਭਿੰਨ ਭਿੰਨ ਸਭਹੂੰ ਕਰਿ ਜਾਨਾ। ਏਕ ਰੂਪ ਕਿਨਹੂੰ ਪਹਿਚਾਨਾ। ਜਿਨ ਜਾਨਾ ਤਿਨ ਹੀ ਸਿਧਿ ਪਾਈ। ਬਿਨੁ ਸਮਝੇ ਸਿਧਿ ਹਾਥਿ ਨ ਆਈ। ੧ 0 ।

ਅਰਥ :

ਉਨ੍ਹਾਂ (ਗੁਰੂ ਨਾਨਕ ਦੇਵ ਨੇ ਕਲਿਯੁਗ ਵਿਚ ਧਰਮ ਚੱਕਰ ਚਲਾਇਆ ਅਤੇ ਸਾਰੇ ਸਾਧੂ ਸੁਭਾ ਵਾਲਿਆਂ ਨੂੰ ਸਹੀ ਮਾਰਗ ਦਸਿਆ। ਜੋ (ਲੋਕ) ਉਨ੍ਹਾਂ ਦੇ ਦਸੇ ਧਰਮ ਮਾਰਗ ਵਿਚ ਆ ਗਏ, ਉਨ੍ਹਾਂ ਨੂੰ (ਫਿਰ) ਪਾਪ ਨੇ ਕਦੇ ਪਰੇਸ਼ਾਨ ਨਹੀਂ ਕੀਤਾ। ਪ।

ਜੋ ਜੋ ਲੋਕਾਂ ਉਨ੍ਹਾਂ ਦੇ ਦਸੇ ਧਰਮ ਮਾਰਗ ਉਤੇ ਪੈ ਗਏ ਤਾਂ ਉਨ੍ਹਾਂ ਦੇ ਪਾਪਾਂ ਅਤੇ ਦੋਖਾਂ ਨੂੰ ਪਰਮਾਤਮਾ ਨੇ ਹਰ ਲਿਆ। (ਉਨ੍ਹਾਂ ਨੂੰ) ਦੁਖ ਅਤੇ ਭੁਖ ਕਦੇ ਵੀ ਨਹੀਂ ਸਤਾਉਦੀ ਅਤੇ ਉਹ ਕਾਲ ਦੇ ਜਾਲ ਵਿਚ ਨਹੀਂ ਫਸਦੇ। ੬ ।

(ਗੁਰੂ) ਨਾਨਕ ਨੇ (ਗੁਰੂ) ਅੰਗਦ (ਦੇ ਰੂਪ ਵਿਚ ਦੂਜਾ) ਸ਼ਰੀਰ ਧਾਰਨ ਕੀਤਾ ਅਤੇ ਇਸ ਜਗਤ ਵਿਚ ਧਰਮ ਦਾ ਪ੍ਰਚਾਰ ਕੀਤਾ। ਫਿਰ (ਤੀਜੇ ਰੂਪ ਵਿਚ ਉਹ ਗੁਰੂ) ਅਮਰਦਾਸ ਅਖਵਾਏ, ਮਾਨੋ ਦੀਪਕ ਨਾਲ ਦੀਪਕ ਜਗਾ ਲਿਆ ਗਿਆ ਹੋਵੇ। ੭ ।

ਜਦ ਵਰਦਾਨ ਦਾ ਉਹ ਸਮਾਂ ਆ ਗਿਆ ਤਾਂ ਰਾਮਦਾਸ ਗੁਰੂ ਪਦਵੀ ਨਾਲ ਸੁਸ਼ੋਭਿਤ ਹੋਏ। ਉਨ੍ਹਾਂ ਨੂੰ (ਗੁਰੂ) ਅਮਰਦਾਸ ਪੁਰਾਤਨ ਵਰਦਾਨ ਦੇ ਕੇ (ਆਪ) ਸੁਅਰਗ ਨੂੰ ਚਲੇ ਗਏ। ੮ ।

ਗੁਰੂ ਨਾਨਕ ਦੇਵ ਨੂੰ ਅੰਗਦ ਤੇ ਗੁਰੂ ਅੰਗਦ ਨੂੰ ਅਮਰਦਾਸ (ਵਜੋਂ) ਮੰਨਿਆ ਗਿਆ ਅਤੇ (ਗੁਰੂ) 'ਅਮਰਦਾਸ ਨੂੰ (ਗੁਰੂ) ਰਾਮਦਾਸ ਕਰ ਕੇ ਜਾਣਿਆ ਗਿਆ। ਸਾਧੂ ਲੋਕਾਂ ਨੇ (ਇਸ ਭੇਦ ਨੂੰ) ਸਮਝ ਲਿਆ, ਪਰ ਮੂਰਖ ਪਛਾਣ ਨਹੀਂ ਸਕੇ। ੯ ।

ਸਭ ਲੋਕਾਂ ਨੇ (ਇਨ੍ਹਾਂ ਨੂੰ) ਭਿੰਨ ਭਿੰਨ ਕਰ ਕੇ ਜਾਣਿਆ ਹੈ, (ਪਰ) ਕਿਸੇ ਵਿਰਲੇ ਨੇ (ਚੌਹਾਂ ਨੂੰ) ਇਕ ਰੂਪ ਕਰ ਕੇ ਪਛਾਣਿਆ ਹੈ। ਜਿਨ੍ਹਾਂ ਨੇ ਇਨ੍ਹਾਂ ਨੂੰ ਇਕ ਰੂਪ ਕਰਕੇ ਜਾਣਿਆ ਹੈ, ਉਨ੍ਹਾਂ ਨੇ ਹੀ ਮੁਕਤੀ (ਸਿੱਧੀ) ਪ੍ਰਾਪਤ ਕੀਤੀ ਹੈ। (ਇਸ ਭੇਦ ਨੂੰ ਸਮਝੇ ਬਿਨਾ ਮੁਕਤੀ ਹੱਥ ਨਹੀਂ ਲਗਦੀ। ੧ 0 ।

(ਦਸਮ ਗ੍ਰੰਥ ਦੀ ਮੂਲ ਲਿਖਤ)

ਰਾਮਦਾਸ ਹਰਿ ਸੋ ਮਿਲਿ ਗਏ। ਗੁਰਤਾ ਦੇਤ ਅਰਜੁਨਹਿ ਭਏ। ਜਬ ਅਰਜੁਨ ਪ੍ਰਭ ਲੋਕਿ ਸਿਧਏ। ਹਰਿ ਗੋਬਿੰਦ ਤਿਹ ਠਾ ਠਹਰਾਏ। ੧੧।
ਹਰਿਗੋਬਿੰਦ ਪੁਭ ਲੋਕਿ ਸਿਧਾਰੇ। ਹਰੀ ਰਾਇ ਤਿਹ ਠਾ ਬੈਠਾਰੇ। ਹਰੀ ਕ੍ਰਿਸਨਿ ਤਿਨ ਕੇ ਸੁਤ ਵਏ। ਤਿਨ ਤੇ ਤੇਗ ਬਹਾਦੁਰ ਭਏ। ੧੨ ।
ਤਿਲਕ ਜੰਞੂ ਰਾਖਾ ਪ੍ਰਭ ਤਾਕਾ। ਕੀਨੋ ਬਡੋ ਕਲੂ ਮਹਿ ਸਾਕਾ। ਸਾਧਨ ਹੇਤਿ ਇਤੀ ਜਿਨਿ ਕਰੀ। ਸੀਸੁ ਦੀਯਾ ਪਰੁ ਸੀ ਨ ਉਚਰੀ। ੧੩ ।
ਧਰਮ ਹੇਤ ਸਾਕਾ ਜਿਨਿ ਕੀਆ। ਸੀਸੁ ਦੀਆ ਪਰੁ ਸਿਰਰੁ ਨ ਦੀਆ। ਨਾਟਕ ਚੇਟਕ ਕੀਏ ਕੁਕਾਜਾ। ਪ੍ਰਭ ਲੋਗਨ ਕਹ ਆਵਤ ਲਾਜਾ। ੧੪ ।

ਅਰਥ : (ਗੁਰੂ) ਰਾਮਦਾਸ ਹਰਿ ਨਾਲ ਅਭੇਦ ਹੋ ਗਏ ਅਤੇ ਗੁਰਿਆਈ (ਗੁਰੂ) ਅਰਜਨ ਨੂੰ ਦੇ ਗਏ। ਜਦੋਂ (ਗੁਰੂ) ਅਰਜਨ ਪ੍ਰਭੂ-ਲੋਕ ਨੂੰ ਚਲੇ ਗਏ, (ਤਾਂ ਉਨ੍ਹਾਂ ਦੀ ਥਾਂ ਤੇ (ਗੁਰੂ) ਹਰਿਗੋਬਿੰਦ ਨੂੰ ਠਹਿਰਾਇਆ ਗਿਆ। ੧੧ । ਜਦੋਂ (ਗੁਰੂ) ਹਰਿਗੋਬਿੰਦ ਪਰਮਾਤਮਾ ਪਾਸ ਚਲੇ ਗਏ, (ਤਾਂ ਗੁਰੂ) ਹਰੀ ਰਾਇ ਨੂੰ ਉਨ੍ਹਾਂ ਦੇ ਸਥਾਨ ਉਤੇ ਬਿਠਾਇਆ ਗਿਆ। ਉਨ੍ਹਾਂ ਦੇ ਪੁੱਤਰ (ਗੁਰੂ) ਹਰਿ ਕ੍ਰਿਸ਼ਨ ਹੋਏ। ਉਨ੍ਹਾਂ ਤੇ ਬਾਦ (ਗੁਰੂ) ਤੇਗ ਬਹਾਦੁਰ ਹੋਏ। ੧੨ ।

(ਗੁਰੂ) ਤੇਗ ਬਹਾਦੁਰ ਨੇ ਉਨ੍ਹਾਂ (ਬ੍ਰਾਹਮਣਾਂ) ਦੇ ਤਿਲਕ ਅਤੇ ਜੰਜੂ ਦੀ ਰਖਿਆ ਕੀਤੀ। (ਇਸ ਰੂਪ ਵਿਚ ਉਨ੍ਹਾਂ ਨੇ) ਕਲਿਯੁਗ ਵਿਚ ਇਕ ਵੱਡਾ ਸਾਕਾ ਕਰ ਵਿਖਾਇਆ। ਸਾਧੂ-ਪੁਰਸ਼ਾਂ ਲਈ ਜਿਨ੍ਹਾਂ ਨੇ (ਕੁਰਬਾਨੀ) ਦੀ ਹਦ ਕਰ ਦਿੱਤੀ ਕਿ ਸੀਸ ਦੇ ਦਿੱਤਾ, ਪਰ ਮੂੰਹੋਂ ਸੀ ਤਕ ਨਹੀਂ ਕੱਢੀ। ੧੩ । ਧਰਮ (ਦੀ ਰਖਿਆ) ਲਈ ਜਿਨ੍ਹਾਂ ਨੇ ਅਜਿਹਾ ਸਾਕਾ ਕੀਤਾ ਕਿ ਸੀਸ ਦੇ ਦਿੱਤਾ, ਪਰ (ਧਰਮ ਉਤੇ ਅਟਲ ਰਹਿਣ ਦਾ) ਹਠ ਨਹੀਂ ਛਡਿਆ। (ਧਰਮ -ਕਰਮ ਕਰਨ ਲਈ ਜੋ (ਸਾਧਕ) ਨਾਟਕ ਅਤੇ ਚੇਟਕ ਕਰਦੇ ਹਨ (ਅਜਿਹੇ ਪ੍ਰਪੰਚਾਂ ਨੂੰ ਵੇਖ ਕੇ) ਹਰਿ-ਭਗਤਾਂ ਨੂੰ ਸ਼ਰਮ ਆਉਂਦੀ ਹੈ ਪਰ ਗੁਰੂ ਜੀ ਨੇ ਹਰ ਗੱਲ ਸਚ ਕਰ ਵਿਖਾਈ) । ੧੪ ।

ਦੋਹਰਾ

ਠੀਕਰ ਫੋਰਿ ਦਿਲੀਸ ਸਿਰਿ ਪ੍ਰਭ ਪੁਰਿ ਕੀਯਾ ਪਯਾਨ। ਤੇਗ ਬਹਾਦੁਰ ਸੀ ਕ੍ਰਿਆ ਕਰੀ ਨ ਕਿਨਹੂੰ ਆਨਿ। ੧੫ ।
ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ। ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ। ੧੬ ।

ਅਰਥ : (ਗੁਰੂ ਜੀ ਨੇ ਸ਼ਰੀਰ ਰੂਪੀ) ਠੀਕਰਾ ਦਿੱਲੀ ਦੇ ਬਾਦਸ਼ਾਹ (ਔਰੰਗਜ਼ੇਬ੍ਰਾ ਦੇ ਸਿਰ ਉਤੇ ਭੰਨ ਕੇ ਪ੍ਰਭੂ-ਲੋਕ ਲਈ ਪ੍ਰਸਥਾਨ ਕੀਤੀ। (ਗੁਰੂ) ਤੇਗ ਬਹਾਦੁਰ ਵਰਗਾ ਮਹਾਨ ਕਾਰਜ ਕਿਸੇ ਹੋਰ ਤੇ ਨਹੀਂ ਹੋਇਆ। ੧੫ । (ਗੁਰੂ) ਤੇਗ ਬਹਾਦੁਰ ਦੇ ਚਲਾਣੇ ਦੇ ਕੌਤੁਕ ਨਾਲ ਸਾਰੇ ਜਗਤ ਵਿਚ ਸੋਗ ਛਾ ਗਿਆ। ਜਗਤ ਵਿਚ ਹਾ-ਹਾ-ਕਾਰ ਮਚ ਗਿਆ, ਪਰ ਦੇਵ-ਪੁਰੀ ਵਿਚ ਜੈ - ਜੈ -ਕਾਰ ਹੋਣ ਲਗ ਗਿਆ। ੧੬ ।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਪਾਤਲਾਸੀ ਬਰਨਨੰ ਨਾਮ ਪੰਚਵੇ ਧਿਆਉ ਸਮਾਪਤ ਸਤ ਸੁਭਮ ਸਤੁ। 5 । 215।

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ‘ਪਾਤਸ਼ਾਹੀ ਬਰਣਨ’ ਨਾ ਵਾਲੇ ਪੰਜਵੇਂ ਅਧਿਆਏ ਦੀ ਸਮਾਪਤੀ ਹੁੰਦੀ ਹੈ, ਸਭ ਸ਼ੁਭ ਹੈ।

ਲਵ-ਕੁਸ਼ ਬਾਰੇ ਬਚਿੱਤ੍ਰ ਨਾਟਕ ਵਿਚੋਂ ਸੰਖੇਪ ਜਿਹੀ ਜਾਣਕਾਰੀ ਤੁਸੀਂ ਉਪਰ ਪੜ੍ਹ ਲਈ ਹੈ। ਇਸ ਕਹਾਣੀ ਵਿੱਚ ਅਨੇਕਾਂ ਹੀ ਗੁਰਮਤਿ ਵਿਰੋਧੀ ਵਿਚਾਰ ਹਨ। ਬੇਦਾਂ ਦੀ ਉਪਮਾ, ਜਾਤ-ਪਾਤ ਦੀ ਵਡਿਆਈ, ਵਰ-ਸਰਾਪਾਂ ਦੀ ਗੱਲ ਅਤੇ ਹੋਰ ਵੀ ਕਈ ਕੁਝ।

ਸੂਹੀ ਮਹਲਾ ੫॥ ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥ ੧॥ ਸੰਤਹੁ ਸਾਗਰੁ ਪਾਰਿ ਉਤਰੀਐ॥ ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ॥ ੧॥ ਰਹਾਉ॥ ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰੀਜੈ॥ ਸਾਧ ਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ॥ ੨॥ ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨੑ ਪੜਿਆ ਮੁਕਤਿ ਨ ਹੋਈ॥ ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ॥ ੩॥ ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ॥ ੪॥ ੩॥ ੫੦॥ {ਪੰਨਾ ੭੪੭}

ਇਸ ਉਪਰ ਲਿਖੇ ਸ਼ਬਦ ਵਿੱਚ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਹਨ ਕਿ ਬੇਦਾਂ ਅਤੇ ਹੋਰ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਨਾਲ ਮੁਕਤੀ ਨਹੀਂ ਮਿਲ ਸਕਦੀ ਪਰ ਇਹ ਕਹਾਣੀ ਸਾਰੀ ਹੀ ਬੇਦਾਂ ਤੇ ਟਿਕੀ ਹੋਈ ਹੈ। ਪੱਛਮੀ ਦੇਸ਼ਾਂ ਵਿੱਚ ਕੋਈ ਜਾਤ-ਪਾਤ ਨਹੀਂ ਮੰਨਦਾ ਅਤੇ ਸਾਰੇ ਬੰਦੇ ਹਰ ਤਰ੍ਹਾਂ ਦਾ ਕੰਮ ਕਾਰ ਕਰ ਸਕਦੇ ਹਨ ਪਰ ਇਸ ਕਹਾਣੀ ਵਿੱਚ ਚਾਰ ਵਰਨਾ ਵਲੋਂ ਇੱਕ ਦੂਜੇ ਦੇ ਕੰਮ ਕਰਨ ਨਾਲ ਸਾਰਾ ਕੁੱਝ ਭ੍ਰਸ਼ਟ ਹੋ ਜਾਂਦਾ ਲਿਖਿਆ ਹੈ। ਜਿਹੜਾ ਰਾਮ ਇੱਕ ਪਾਸੇ ਤਾਂ ਭੀਲਣੀ ਦੇ ਜੂਠੇ ਬੇਰ ਵੀ ਖਾ ਲੈਂਦਾ ਹੈ ਅਤੇ ਦੂਜੇ ਪਾਸੇ ਇੱਕ ਸ਼ੂਦਰ ਦਾ ਸਿਰ ਇਸ ਲਈ ਕਲਮ ਕਰ ਦਿੰਦਾ ਹੈ ਕਿ ਉਹ ਸ਼ੂਦਰ ਹੋ ਕੇ ਭਗਤੀ ਕਿਊਂ ਕਰਦਾ ਹੈ। ਇਹੀ ਰਾਮ ਸੀਤਾ ਨੂੰ ਘਰੋਂ ਵੀ ਕੱਢ ਦਿੰਦਾ ਹੈ ਫਿਰ ਕਹਾਣੀ ਮੁਤਾਬਕ ਸਿੱਖਾਂ ਦੇ ਵੱਡੇ ਵਡੇਰੇ ਲਵ-ਕੁਸ਼ ਬਾਹਰ ਹੀ ਜੰਮਦੇ ਹਨ। ਸਭ ਤੋਂ ਵੱਡੀ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਕਹਾਣੀ ਦਾ ਗੁਰੂ ਨਾਨਕ ਸਾਹਿਬ ਨੂੰ ਪਤਾ ਹੀ ਨਾ ਲੱਗਿਆ। ਜੇ ਕਰ ਉਹ ਜਾਣਦੇ ਹੁੰਦੇ ਤਾਂ ਰਾਮ ਚੰਦਰ ਦੀ ਉਪਮਾ ਜਰੂਰ ਕਰਦੇ ਕਿਉਂਕ ਆਖਰ ਨੂੰ ਉਹ ਵੱਡੇ ਵਡੇਰੇ ਸਨ। ਪਰ ਉਹ ਤਾਂ ਗੁਰਬਾਣੀ ਵਿੱਚ ਰਾਮ ਨੂੰ ਰੋਂਦਾ ਕਹਿੰਦੇ ਹਨ:

ਸਲੋਕੁ ਮਃ ੧॥ ਸਹੰਸਰ ਦਾਨ ਦੇ ਇੰਦ੍ਰੁ ਰੋਆਇਆ॥ ਪਰਸ ਰਾਮੁ ਰੋਵੈ ਘਰਿ ਆਇਆ॥ ਅਜੈ ਸੁ ਰੋਵੈ ਭੀਖਿਆ ਖਾਇ॥ ਐਸੀ ਦਰਗਹ ਮਿਲੈ ਸਜਾਇ॥ ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥ ਰੋਵੈ ਦਹਸਿਰੁ ਲੰਕ ਗਵਾਇ॥ ਜਿਨਿ ਸੀਤਾ ਆਦੀ ਡਉਰੂ ਵਾਇ॥ ਰੋਵਹਿ ਪਾਂਡਵ ਭਏ ਮਜੂਰ॥ ਜਿਨ ਕੈ ਸੁਆਮੀ ਰਹਤ ਹਦੂਰਿ॥ ਰੋਵੈ ਜਨਮੇਜਾ ਖੁਇ ਗਇਆ॥ ਏਕੀ ਕਾਰਣਿ ਪਾਪੀ ਭਇਆ॥ ਰੋਵਹਿ ਸੇਖ ਮਸਾਇਕ ਪੀਰ॥ ਅੰਤਿ ਕਾਲਿ ਮਤੁ ਲਾਗੈ ਭੀੜ॥ ਰੋਵਹਿ ਰਾਜੇ ਕੰਨ ਪੜਾਇ॥ ਘਰਿ ਘਰਿ ਮਾਗਹਿ ਭੀਖਿਆ ਜਾਇ॥ ਰੋਵਹਿ ਕਿਰਪਨ ਸੰਚਹਿ ਧਨੁ ਜਾਇ॥ ਪੰਡਿਤ ਰੋਵਹਿ ਗਿਆਨੁ ਗਵਾਇ॥ ਬਾਲੀ ਰੋਵੈ ਨਾਹਿ ਭਤਾਰੁ॥ ਨਾਨਕ ਦੁਖੀਆ ਸਭੁ ਸੰਸਾਰੁ॥ ਮੰਨੇ ਨਾਉ ਸੋਈ ਜਿਣਿ ਜਾਇ॥ ਅਉਰੀ ਕਰਮ ਨ ਲੇਖੈ ਲਾਇ॥ ੧॥ {ਪੰਨਾ ੯੫੩-੯੫੪}

ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣੁ ਜੋਗੁ॥ ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ॥ ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ॥ ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ॥ ੨੬॥ (ਪੰਨਾ ੧੪੧੨)

ਗੁਰਬਾਣੀ ਤਾਂ ਇਹ ਕਹਿੰਦੀ ਹੈ ਕਿ ਅੱਗੇ ਜਾਤ-ਪਾਤ ਕੁੱਝ ਨਹੀਂ ਜਾਂਦਾ ਫਿਰ ਇਹ ਬੇਦੀ ਸੋਢੀ ਬੇਦ ਸੁਣ ਕੇ ਅੱਗੇ ਕਈ ਪੀੜੀਆਂ ਵਿੱਚ ਕਿਵੇਂ ਜੰਮਦੇ ਰਹੇ?

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥ ੧॥ ਰਹਾਉ॥॥ ੪॥ ੩॥ {ਪੰਨਾ ੩੪੯}

ਆਗੈ ਜਾਤਿ ਰੂਪੁ ਨ ਜਾਇ॥ ਤੇਹਾ ਹੋਵੈ ਜੇਹੇ ਕਰਮ ਕਮਾਇ॥ ਸਬਦੇ ਊਚੋ ਊਚਾ ਹੋਇ॥ ਨਾਨਕ ਸਾਚਿ ਸਮਾਵੈ ਸੋਇ॥ ੪॥ ੮॥ ੪੭॥ {ਪੰਨਾ ੩੬੩}

ਮਃ ੧॥ ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ॥ ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ॥ ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ ੩॥ {ਪੰਨਾ ੪੬੯}

ਹੁਣ ਵੱਡੇ ਕਥਿਤ ਵੱਡੇ ਬ੍ਰਹਮ ਗਿਆਨੀ ਨੂੰ ਵੀ ਪੜ੍ਹ ਲਓ ਕਿ ਉਸ ਨੇ ਕੀ ਲਿਖਿਆ ਹੈ ਗੁਰਬਾਣੀ ਪਾਠ ਦਰਪਣ ਵਿੱਚ ਇਸ ਕਹਾਣੀ ਬਾਰੇ:

ਸਤਿਗੁਰੂ ਨਾਨਕ ਦੇਵ ਜੀ ਮਹਾਰਾਜ, ਬੇਦੀ ਵੰਸ (ਸ੍ਰੀ ਰਾਮ ਚੰਦਰ ਜੀ ਦੇ ਪੁੱਤਰ ਕੁਸ਼ੂ, ਕੁਸ਼ੂ ਦੀ ਵੰਸ ਦੇ ਕਾਲਕੇਤ ਨੇ ਕਾਸ਼ੀ ਜਾ ਕੇ ਬੇਦ ਪੜ੍ਹੇ ਇਨ੍ਹਾਂ ਤੋਂ ਬੇਦੀ ਵੰਸ ਚੱਲੀ)

ਸਤਿਗੁਰੂ ਅੰਗਦ ਦੇਵ ਜੀ ਮਹਾਰਾਜ, ਤੇਹਣ ਵੰਸ। ਲਛਮਣ ਦੇ ਤੱਖ ਨਾਮੇ ਪੁੱਤ੍ਰ ਤੋਂ ਤੇਹਣ ਵੰਸ ਚੱਲੀ।

ਸਤਿਗੁਰੂ ਅਮਰਦਾਸ ਜੀ, ਭੱਲੇ ਵੰਸ। ਸ੍ਰੀ ਰਾਮ ਚੰਦ੍ਰ ਜੀ ਦੇ ਭਾਈ ਭਰਥ ਦੇ ਪੁੱਤ੍ਰ ਭੱਲਣ ਤੋਂ ਭੱਲੇ ਵੰਸ ਚੱਲੀ।

ਸਤਿਗੁਰੂ ਰਾਮ ਦਾਸ ਜੀ, ਸੋਢੀ ਵੰਸ। ਲਊ ਦੀ ਵੰਸ ਚੋਂ ਕਾਲ ਰਾਏ, ਇਨ੍ਹਾਂ ਦੇ ਪੁੱਤ੍ਰਾਂ ਚੋਂ ਇੱਕ ਨੇ ਸਨੌਢ ਦੇਸ਼ ਦੇ ਰਾਜੇ ਨੂੰ ਜਿੱਤ ਕੇ ਉਸ ਦੀ ਪੁਤ੍ਰੀ ਵਿਆਹੀ ਤਾਂ ਉਸ ਤੋਂ ਸੋਢੀ ਵੰਸ ਚੱਲੀ।

ਜੇ ਕਰ ਬਚਿਤ੍ਰ ਨਾਟਕ ਦੀ ਇਸ ਕਹਾਣੀ ਨੂੰ ਅਤੇ ਕਥਿਤ ਮਹਾਂਪੁਰਸ਼ਾਂ ਦੀ ਕਹੀ ਗੱਲ ਨੂੰ ਸੱਚ ਮੰਨ ਲਈਏ ਤਾਂ ਇਹ ਦੱਸੋ ਕਿ ਜਦੋਂ ਆਰ. ਐਸ. ਐਸ. ਵਾਲੇ ਇਹ ਕਹਿੰਦੇ ਹਨ ਕਿ ਸਿੱਖ ਹਿੰਦੂਆਂ ਵਿਚੋਂ ਹੀ ਲਵ-ਕੁਸ਼ ਦੀ ਔਲਾਦ ਹਨ ਤਾਂ ਸਿੱਖ ਕਿਉਂ ਪਿੱਟਦੇ ਹਨ? ਜਦੋਂ ਪੂਰਨ ਸਿੰਘ ਕਹਿੰਦਾ ਸੀ ਕਿ ਸਿੱਖ ਲਵ-ਕੁਸ਼ ਦੀ ਔਲਾਦ ਹਨ ਤਾਂ ਕਿਉਂ ਪਿੱਟੇ ਸਨ? ਪੂਰਨ ਸਿੰਘ ਦੇ ਕਹਿਣ ਤੋਂ ਬਾਅਦ ਜਦੋਂ ਆਰ. ਐਸ. ਐਸ. ਨੇ ਇੱਕ ਜੰਤਰੀ ਛਾਪੀ ਸੀ ਜਿਸ ਵਿੱਚ ਫੋਟੋਆਂ ਇਸ ਕਹਾਣੀ ਦੇ ਅਧਾਰ 'ਤੇ ਹੀ ਛਾਪੀਆਂ ਗਈਆਂ ਸਨ ਤਾਂ ਸਿੱਖ ਕਿਉਂ ਪਿੱਟੇ ਸਨ?

ਸਿਧਾਂਤਕ ਤੌਰ ਤੇ ਜੋ ਸੋਚ ਆਰ. ਐਸ. ਐਸ. ਦੀ ਹੈ ਉਹੀ ਕਥਿਤ ਟਕਸਾਲੀਆਂ ਦੀ ਹੈ। ਉਹੀ ਜਰਨੈਲ ਸਿੰਘ ਭਿੰਡਰਾਂਵਾਲੇ ਸਾਧ ਦੀ ਸੀ। ਸਿਰਫ ਬਾਹਰਲੇ ਭੇਖ ਦਾ ਹੀ ਫਰਕ ਹੈ। ਜੋ ਸੋਚ ਭਾਜਪਾ ਤੇ ਆਰ. ਐਸ. ਐਸ. ਦੀ ਹੈ ਉਹੀ ਬਾਦਲ ਦਲ ਦੀ ਹੈ। ਤਾਹੀਉਂ ਤਾਂ ਨਹੁੰ ਮਾਸ ਦਾ ਰਿਸ਼ਤਾ ਹੈ। ਧੁੰਮੇ ਦਾ ਬਾਦਲ ਦੇ ਪੈਰਾਂ ਵਿੱਚ ਬੈਠਣਾ ਕੋਈ ਅਣਹੋਣੀ ਗੱਲ ਨਹੀਂ ਹੈ ਕਿਉਂਕਿ ਸੋਚ ਤੇ ਏਜੰਡਾ ਤਾਂ ਸਾਰਿਆਂ ਦਾ ਇਕੋ ਹੀ ਹੈ। ਬਾਦਲ ਦਲ ਦਾ ਹੀ ਕਥਿਤ ਅਕਾਲ ਤਖ਼ਤ ਤੇ ਅਤੇ ਕਥਿਤ ਜਥੇਦਾਰਾਂ ਤੇ ਸਾਰਾ ਕੰਟਰੋਲ ਹੈ। ਇਹੀ ਸੋਚ ਦੁਨੀਆ ਦੇ ਸਾਰੇ ਗੁਰਦੁਆਰਿਆਂ ਤੇ ਲਾਗੂ ਕਰਵਾਉਣਾ ਚਾਹੁੰਦੇ ਹਨ ਅਤੇ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਰਹੇ ਹਨ। ਇਸ ਸੋਚ ਨਾਲ ਲੈਸ ਗ੍ਰੰਥੀ ਤੇ ਪ੍ਰਚਾਰਕ ਫਿੱਟ ਕੀਤੇ ਜਾ ਰਹੇ ਹਨ। ਆਰ. ਐਸ. ਐਸ. ਵਾਲਿਆਂ ਦੀਆਂ ਟਕਸਾਲੀ ਡੇਰੇ ਵਿਚ ਆਉਣ ਜਾਣ ਦੀਆਂ ਖ਼ਬਰਾਂ ਆਮ ਹੀ ਅਖਬਾਰਾਂ ਵਿਚ ਛਪਦੀਆਂ ਰਹਿੰਦੀਆਂ ਸਨ। ਇਸ ਦਾ ਜਿਕਰ ਸ: ਰਾਜਿੰਦਰ ਸਿੰਘ ਖਾਲਸਾ ਪੰਚਾਇਤ ਨੇ ਆਪਣੀ ਕਿਤਾਬ ਖਾਲਸਾ ‘ਪੰਥ ਬਨਾਮ ਡੇਰਾਵਾਦ’ ਦੀ ਕਿਸ਼ਤ ਨੰ: 41 ਵਿਚ ਇੰਜ ਕੀਤਾ ਹੈ:

ਭਾਈ ਠਾਕਰ ਸਿੰਘ ਦੇ ਸਮੇਂ ਹੀ ਆਰ. ਐਸ. ਐਸ. ਦੇ ਵਰਕਰਾਂ ਦਾ ਇੱਕ ਜਥਾ ਸਿਖੀ ਰੂਪ ਧਾਰਨ ਕਰ ਕੇ ਇਨ੍ਹਾਂ ਦੇ ਮਹਿਤਾ ਚੌਕ ਡੇਰੇ ਤੋਂ ਗੁਰਮਤਿ ਪ੍ਰਚਾਰ ਦੀ ਟਰੇਨਿੰਗ ਲੈ ਕੇ ਗਿਆ। ਉਨ੍ਹਾਂ ਨੇ ਟਰੇਨਿੰਗ ਲਈ ਇਨ੍ਹਾਂ ਦਾ ਡੇਰਾ ਇਸ ਲਈ ਚੁਣਿਆਂ ਕਿਉਂਕਿ ਇਨ੍ਹਾਂ ਦੀ ਵਿਚਾਰਧਾਰਾ ਤਾਂ ਪਹਿਲਾਂ ਹੀ ਗੁਰਮਤਿ ਅਤੇ ਸਨਾਤਨੀ ਵਿਚਾਰਧਾਰਾ ਦਾ ਮਿਲਗੋਭਾ ਹੈ, ਜੋ ਉਨ੍ਹਾਂ ਨੂੰ ਬਹੁਤ ਮਾਫਕ ਆਉਂਦਾ ਹੈ। ਇਹ ਇਸ ਨੂੰ ਆਪਣੀ ਵੱਡੀ ਪ੍ਰਾਪਤੀ ਦਸਦੇ ਹਨ ਕਿ ਦੇਖਹੁ ਕਿਤਨੇ ਹਿੰਦੂਆਂ ਨੂੰ ਸਿੱਖੀ ਦੇ ਪ੍ਰਚਾਰਕ ਬਣਾ ਦਿੱਤਾ। ਜਦਕਿ ਉਨ੍ਹਾਂ ਜਿਸ ਮਕਸਦ ਲਈ ਟਰੇਨਿੰਗ ਲਈ ਹੈ, ਉਸ ਨੂੰ ਪੂਰਾ ਕਰਦੇ ਹੋਏ, ਪੰਜਾਬ ਅਤੇ ਬਾਹਰ ਦੇ ਕਈ ਸਥਾਨਾਂ, ਖਾਸ ਤੌਰ `ਤੇ ਪਿੰਡਾਂ ਆਦਿਕ ਵਿੱਚ ਸਿੱਖੀ ਦਾ ਬ੍ਰਾਹਮਣੀਕਰਣ ਕਰਨ ਦੇ ਆਹਰ ਲੱਗੇ ਹੋਏ ਹਨ ਅਤੇ ਕੌਮ ਦੀਆਂ ਬੇੜੀਆਂ ਵਿੱਚ ਵੱਟੇ ਪਾ ਰਹੇ ਹਨ। ਇਨ੍ਹਾਂ ਵਿੱਚੋਂ ਵੀ ਬਹੁਤੇ ਉਹੀ ਪਹਿਰਾਵਾ ਪਾ ਕੇ ਰਹਿੰਦੇ ਹਨ, ਜਿਸ ਨੂੰ ਇਹ ਭਿੰਡਰਾਂ ਜਥੇ ਵਾਲੇ ਆਪਣਾ ‘ਬਾਣਾ` ਕਹਿੰਦੇ ਹਨ।

ਕੁੱਝ ਹਫਤੇ ਪਹਿਲਾਂ ਅਪ੍ਰੈਲ 9, 2018 ਨੂੰ ‘ਸਿੱਖ ਮਾਰਗ’ ਨੂੰ ਅਤੇ ਹੋਰ ਵੀ ਬਹੁਤ ਸਾਰਿਆਂ ਨੂੰ ‘ਸਿੱਖ ਸੰਗਤ ਔਫ ਨੌਰਥ ਅਮੈਰਕਾ’ ਵਲੋਂ ਇੱਕ ਈ-ਮੇਲ ਆਈ ਸੀ। ਜਿਨ੍ਹਾਂ ਨੇ ਕਿ ਬੀ. ਸੀ. ਕਨੇਡਾ ਦੀਆਂ ਦੋ ਯੂਨੀਵਰਸਿਟੀਆਂ UBC & SFU ਵਿੱਚ ਸੈਮੀਨਾਰ ਕਰਨੇ ਸਨ। ਇਹਨਾ ਦਾ ਮੁੱਖ ਕੇਂਦਰ ਨਿਊ ਵੈਸਟ ਦਾ ਗੁਰਦੁਆਰਾ ਸੁਖ ਸਾਗਰ ਸੀ ਜਿਹੜਾ ਕਿ ਟਕਸਾਲੀਆਂ ਦਾ ਮੁੱਖ ਕੇਂਦਰ ਮੰਨਿਆਂ ਜਾਂਦਾ ਹੈ। ਇੱਥੇ ਬਹੁਤੇ ਪ੍ਰਚਾਰਕ ਟਕਸਾਲੀ ਹੀ ਆਉਂਦੇ ਹਨ। ਬੀ. ਸੀ. ਦੇ ਰਹਿਣ ਵਾਲੇ, ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲੇ ਸੱਜਣ ਵੀ ਇਹਨਾ ਦੀ ਪ੍ਰਸੰਸਾ ਕਰਦੇ ਰਹਿੰਦੇ ਹਨ। ਇਹ ਸਾਰਾ ਕੁੱਝ ਪਿਛਲੇ ਅਪ੍ਰੈਲ ਦੇ ਮਹੀਨੇ ਵਿੱਚ ਹੋਣਾ ਸੀ। ਇਹ ਹੋਇਆ ਕਿ ਨਹੀਂ, ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਇਹ ਸਿੱਖ ਸੰਗਤ ਵਾਲੀ ਈ-ਮੇਲ ਪੜ੍ਹ ਕੇ ‘ਸਿੱਖ ਬੁਲੇਟਿਨ’ ਦੇ ਹਰਦੇਵ ਸਿੰਘ ਸ਼ੇਰਗਿੱਲ ਨੇ ਜੋ ਆਪਣਾ ਪ੍ਰਤੀਕਰਮ ਦਿੱਤਾ ਸੀ ਉਹ ਇਹ ਸੀ:

Sikho, ‘Know thy enemy’.

SSA [Sikh Sangat of North America] is the RSS [Rashtriya Swayamsewak Sangh] behind the façade. Don’t be taken as fools.

The real name of Dasam Granth they push as writing of Guru Gobind Singh used to be called "Bachittar Natak" when I read it in 1944 when I was ten years old.

My impression since then is that it was "Kanjar Kahani written in Kanjar Poetry". This work plus "Bale dian Sakhian" were responsible for my rejection of Sikhism. In the following two years all the Hindu Granths in my Middle School library

Including Mahabharat and Ramayana, led me to reject Hinduism; by 1947 , without reading anything about Islam, an alien import from Arabia, I rejected Islam and any and all religions when Muslims in West Panjab started slaughtering Hindus and Sikhs.

Now you have this poison spreading in B C Gurdwaras. Good Luck!. Nothing can help you.

ਆਓ ਹੁਣ ਗੱਲ ਕਰੀਏ ਕਿ ਸਿੱਖ ਪ੍ਰਚਾਰਕਾਂ ਤੇ ਹਮਲੇ ਕਿਉਂ ਹੁੰਦੇ ਹਨ ਅਤੇ ਧਮਕੀਆਂ ਕਿਉਂ ਮਿਲਦੀਆਂ ਹਨ। ਕਿਉਂਕਿ ਇਹ ਪ੍ਰਚਾਰਕ ਬਾਦਲ ਅਤੇ ਭਾਜਪਾ ਦੇ ਰਾਹ ਦਾ ਰੋੜਾ ਬਣਦੇ ਹਨ। ਜੋ ਉਹ ਛੇਤੀਂ ਤੋਂ ਛੇਤੀਂ ਕਰਨਾ ਚਾਹੁੰਦੇ ਹਨ ਉਸ ਵਿੱਚ ਮੁਸ਼ਕਲਾਂ ਖੜੀਆਂ ਹੋ ਰਹੀਆਂ ਹਨ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਸਭ ਤੋਂ ਵੱਧ ਜਾਨੀ ਦੁਸ਼ਮਣ ਕਿਉਂ ਹਨ? ਕਿਉਂਕਿ ਹੁਣ ਉਹ ਇਹਨਾ ਦੀ ਬੋਲੀ ਬੋਲਣ ਵਾਲਾ ਸਾਧ ਨਹੀਂ ਰਿਹਾ। ਪੰਜਾਬ ਦੇ ਪਿੰਡਾਂ ਦੇ ਬਹੁਤੇ ਲੋਕ ਉਸ ਨੂੰ ਸੁਣਦੇ ਹਨ। ਜੇ ਕਰ ਉਹ ਮੁੜ ਕੇ ਪਹਿਲਾਂ ਵਾਲਾ ਸਾਧ ਬਣ ਜਾਵੇ ਤਾਂ ਉਸ ਤੋਂ ਕਿਸੇ ਨੂੰ ਕੋਈ ਖਤਰਾ ਨਹੀਂ ਹੋਵੇਗਾ। ਭਿੰਡਰਾਂ ਵਾਲੇ ਸਾਧ ਦਾ ਗੁਰਦੁਆਰੇ ਦੇ ਵਿੱਚ ਲੁਕੇ ਹੋਏ ਦਾ ਮਰਨਾ ਇਹਨਾ ਲਈ ਬਹੁਤ ਰਾਸ ਆਇਆ ਹੈ ਕਿਉਂਕਿ ਉਸ ਦੇ ਨਾਮ ਲੈ ਕੇ ਦਸਮ ਗ੍ਰੰਥ ਅਥਵਾ ਆਰ. ਐਸ. ਐਸ. ਦੀ ਸੋਚ ਨੂੰ ਲਾਗੂ ਕਰਨਾ ਇਹਨਾ ਲਈ ਬਹੁਤ ਸੌਖਾ ਹੋਇਆ ਹੋਇਆ ਹੈ। ਸਾਡੇ ਜਾਗਰੂਕ ਪ੍ਰਚਾਰਕਾਂ, ਕੀਰਤਨੀਆਂ ਅਤੇ ਵਿਦਵਾਨਾ ਨੇ ਵੀ ਝੂਠ ਦਾ ਸਹਾਰਾ ਲੈ ਕੇ ਇਹਨਾ ਦੀ ਗੁੰਡਾ ਗਰਦੀ ਵਾਲੀ ਸੋਚ ਨੂੰ ਖੁੱਲ ਕੇ ਖੂਬ ਬੜ੍ਹਾਵਾ ਦਿੱਤਾ ਹੈ। ਜਦੋਂ ਇਹ ਪ੍ਰਚਾਰਕ ਅਤੇ ਵਿਦਵਾਨ ਭਿੰਡਰਾਂਵਾਲੇ ਸਾਧ ਦੀ ਝੂਠੀ ਵਡਿਆਈ ਕਰਦੇ ਹਨ ਤਾਂ ਅਸਿੱਧੇ ਤੌਰ 'ਤੇ ਗੁੰਡਾ ਗਰਦੀ ਨੂੰ ਹੀ ਉਤਸ਼ਾਹਤ ਕਰ ਰਹੇ ਹੁੰਦੇ ਹਨ। ਇਹ ਸਾਰਾ ਕੁੱਝ ਹੁਣ ਹਾਲੇ ਵੀ ਕਰੀ ਜਾ ਰਹੇ ਹਨ। ਮੇਰਾ ਨਹੀਂ ਖਿਆਲ ਕਿ ਇਹਨਾ ਨੂੰ ਕੋਈ ਅਕਲ ਆ ਸਕਦੀ ਹੈ। ਪਿਛਲੇ ਸਾਲ ਅਗਸਤ 2017 ਨੂੰ ਮੈਂ ਸਿੱਖ ਮਾਰਗ ਦੇ ਪਾਠਕਾਂ/ਲੇਖਕਾਂ ਨੂੰ ਕੁੱਝ ਸਵਾਲ ਪੁੱਛੇ ਸਨ। ਉਹਨਾ ਸਵਾਲਾਂ ਵਿੱਚ ਇੱਕ ਸਵਾਲ ਇਹ ਵੀ ਸੀ, "ਇਹ ਆਮ ਕਿਹਾ ਜਾਂਦਾ ਹੈ ਕਿ ਭਿੰਡਰਾਂਵਾਲੇ ਨੇ ਅਕਾਲ ਤਖਤ ਜਾਂ ਹਰਿਮੰਦਰ ਸਾਹਿਬ ਦੀ ਰਾਖੀ ਲਈ ਕੁਰਬਾਨੀ ਦਿੱਤੀ ਅਤੇ ਅਕਾਲੀ ਲੀਡਰ ਬਾਹਾਂ ਖੜੀਆਂ ਕਰਕੇ ਫੌਜ ਅੱਗੇ ਸਮਰਪਣ ਕਰ ਗਏ। ਕੀ ਤੁਸੀਂ ਦੱਸ ਸਕਦੇ ਹੋ ਕਿ ਭਿੰਡਰਾਂਵਾਲੇ ਨੇ ਕਿਹੜੀ ਚੀਜ ਦੀ ਰਾਖੀ ਕੀਤੀ ਹੈ ਅਤੇ ਜੇ ਕਰ ਉਹ ਰਾਖੀ ਨਾ ਕਰਦਾ ਤਾਂ ਸਰਕਾਰ ਨੇ ਢਾਹ ਦੇਣੀ ਸੀ ਜਾਂ ਲੁੱਟ ਕੇ ਲੈ ਜਾਣੀ ਸੀ ਅਤੇ ਉਸ ਨੇ ਉਸ ਚੀਜ ਨੂੰ ਬਚਾ ਲਿਆ ਸੀ? ਕੀ ਗੁਰਦੁਆਰਿਆਂ ਵਿੱਚ ਲੁਕ ਕੇ ਹਥਿਆਰਬੰਦ ਲੜਾਈ ਲੜਨੀ ਠੀਕ ਸੀ? ਜੇ ਠੀਕ ਸੀ ਤਾਂ ਹੋਏ ਨੁਕਸਾਨ ਦਾ ਜਿੰਮੇਵਾਰ ਕੌਣ ਹੈ? ਜੇ ਕਰ ਸਰਕਾਰ ਨੇ ਬਹਾਨਾ ਬਣਾ ਕੇ ਸਿੱਖਾਂ ਨੂੰ ਕੁੱਟਿਆ, ਲੁੱਟਿਆ ਤੇ ਜ਼ਲੀਲ ਕੀਤਾ ਤਾਂ ਸਰਕਾਰ ਨੂੰ ਬਹਾਨਾ ਦੇਣ ਵਿੱਚ ਤੁਸੀਂ ਸਾਰੇ ਸ਼ਾਮਲ ਨਹੀਂ ਸੀ?"

ਜਿਹਨਾਂ ਪਾਠਕਾਂ/ਲੇਖਕਾਂ ਨੇ ਜਵਾਬ ਦਿੱਤੇ ਸਨ ਉਹਨਾ ਵਿਚੋਂ ਕੋਈ ਵੀ ਸਿੱਧੇ ਤੌਰ 'ਤੇ ਇਹ ਨਹੀਂ ਦੱਸ ਸਕਿਆ ਸੀ ਕਿ ਕਿਹੜੀ ਚੀਜ ਦੀ ਰਖਵਾਲੀ ਲਈ ਕੁਰਬਾਨੀ ਦਿੱਤੀ ਸੀ। ਜਿਸ ਤੋਂ ਸਾਫ ਜਾਹਰ ਹੈ ਕਿ ਕੁੱਝ ਇੱਕ ਨੂੰ ਛੱਡ ਕੇ ਸਾਰੇ ਸਿੱਖ ਝੂਠ ਬੋਲ-ਬੋਲ ਕੇ ਲੋਕਾਂ ਨੂੰ ਗੁਮਰਾਹ ਕਰਦੇ ਰਹੇ ਹਨ ਅਤੇ ਕਰ ਰਹੇ ਹਨ। ਅਗਲੇ ਜੂਨ ਦੇ ਮਹੀਨੇ ਸਭ ਨੇ ਰਲ ਕੇ ਹਰ ਸਾਲ ਦੀ ਤਰ੍ਹਾਂ ਹੋਰ ਵੀ ਝੂਠ ਬੋਲਣਾ ਹੈ। ਸਰਕਾਰ ਨੇ ਤਾਂ ਜਿਹੜਾ ਧੱਕਾ ਕੀਤਾ ਜਾਂ ਕਰਦੀ ਹੈ ਉਸ ਬਾਰੇ ਤਾਂ ਸਭ ਰੌਲੀ ਪਉਂਦੇ ਹਨ ਪਰ ਜਿਹੜਾ ਧੱਕਾ ਸਿੱਖੀ ਭੇਖ ਵਾਲੇ ਗੁੰਡੇ ਕਰਦੇ ਹਨ ਉਸ ਬਾਰੇ ਤੁਹਾਡੀ ਅਕਾਲੀ ਸਰਕਾਰ ਅਤੇ ਕਥਿਤ ਜਥੇਦਾਰ ਗੁੰਡਿਆਂ ਦਾ ਪੱਖ ਹੀ ਕਿਉਂ ਪੂਰਦੇ ਹਨ? ਕੀ ਇਹਨਾ ਗੁੰਡਿਆਂ ਨੂੰ ਧਰਮ ਦੇ ਨਾਮ ਤੇ ਗੁੰਡਾ-ਗਰਦੀ ਕਰਨ ਦੀ ਖੁੱਲ ਤੁਹਾਡੀ ਅਕਾਲੀ ਸਰਕਾਰ ਅਤੇ ਅਖੌਤੀ ਜਥੇਦਾਰਾਂ ਨਹੀਂ ਸੀ ਦਿੱਤੀ ਹੋਈ? ਜਿਹੜੀ ਗੁਰੂ ਦੀ ਨਿੰਦਾ ਕਰਨ ਦੀ ਗੱਲ ਇਹ ਦੂਸਰਿਆਂ ਤੇ ਲਉਂਦੇ ਹਨ ਉਹੀ ਗੱਲ ਤਾਂ ਇਹਨਾ ਗੁੰਡਿਆਂ ਤੇ ਸਭ ਤੋਂ ਵੱਧ ਢੁਕਦੀ ਹੈ। ਸਭ ਤੋਂ ਵੱਡੇ ਤਾਂ ਗੁਰੂ ਕੇ ਨਿੰਦਕ ਇਹ ਹਨ ਅਤੇ ਹੋਰ ਸਾਰੇ ਸਾਧ ਹਨ, ਸਮੇਤ ਭਿੰਡਰਾਂਵਾਲੇ ਗੁੰਡੇ ਸਾਧ ਦੇ। ਕੀ ਇਹ ਸਾਰੇ ਸੂਰਜ ਪ੍ਰਕਾਸ਼ ਅਤੇ ਹੋਰ ਮਨਮਤੀ ਗ੍ਰੰਥਾਂ ਦਾ ਪ੍ਰਚਾਰ ਨਹੀਂ ਕਰਦੇ? ਕੀ ਉਸ ਵਿੱਚ ਸਾਰਾ ਕੁੱਝ ਗੁਰਮਤਿ ਅਨੁਸਾਰੀ ਹੈ? ਕੀ ਗੁਰੂਆਂ ਨੂੰ ਕੋਹੜ ਕਰਨਾ, ਕੀੜੇ ਪਵਾਉਣੇ, ਅਫੀਮ ਖਵਾਉਣੀ ਅਤੇ ਹੋਰ ਬਹੁਤ ਕੁੱਝ ਨਿੰਦਾ ਵਿੱਚ ਨਹੀਂ ਆਉਂਦਾ?

ਜਿਹੜੇ ਦਸਮ ਗ੍ਰੰਥ ਨੂੰ ਦਸਮੇਂ ਗੁਰੂ ਦੀ ਰਚਨਾ ਮੰਨਦੇ ਹਨ ਉਹਨਾ ਨੂੰ ਖੁੱਲ ਕੇ ਕਹਿਣਾ ਚਾਹੀਦਾ ਹੈ ਕਿ ਸਿੱਖ ਵਾਕਿਆ ਹੀ ਲਵ-ਕੁਸ਼ ਦੀ ਔਲਾਦ ਹਨ ਅਤੇ ਜੋ ਕੁੱਝ ਗਿ: ਪੂਰਨ ਸਿੰਘ ਨੇ ਕਿਹਾ ਸੀ ਬਿੱਲਕੁੱਲ ਠੀਕ ਕਿਹਾ ਸੀ। ਅਤੇ ਜੋ ਆਰ. ਐਸ. ਐਸ. ਵਾਲੇ ਕਹਿ ਰਹੇ ਹਨ ਬਿੱਲਕੁੱਲ ਠੀਕ ਕਹਿ ਰਹੇ ਹਨ। ਬਹੁਤੇ ਵਿਦਵਾਨ ਦੋਗਲੀਆਂ ਗੱਲਾਂ ਕਰਦੇ ਹਨ। ਉਹ ਗਿ: ਪੂਰਨ ਸਿੰਘ ਨੂੰ ਤਾਂ ਗਲਤ ਕਹਿੰਦੇ ਹਨ ਪਰ ਦਸਮ ਗ੍ਰੰਥ ਨੂੰ ਗਲਤ ਕਹਿੰਦਿਆਂ ਮੂੰਹ ਨੂੰ ਛਿੱਕਲੀ ਲੱਗ ਜਾਂਦੀ ਹੈ। ਪਰ ਬੇਵਕੂਫ ਕਿਸਮ ਦੇ ਸਿੱਖਾਂ ਨੂੰ ਸਮਝਾਉਣਾ ਬਹੁਤ ਔਖਾ ਹੈ ਇਹ ਤਾਂ ਇਸ ਦਸਮ ਗ੍ਰੰਥ ਦੀ ਆਪਣੀ ਕਥਾ ਦੇ ਅਧਾਰ ਤੇ ਹੇਮਕੁੰਟ ਵਰਗਾ ਇੱਕ ਨਕਲੀ ਤੀਰਥ-ਗੁਰਦੁਆਰਾ ਉਸਾਰ ਕੇ ਭੇਡਾਂ ਬਣ ਕੇ ਉਥੇ ਵਹੀਰਾਂ ਘੱਤੀ ਤੁਰੇ ਰਹਿੰਦੇ ਹਨ।

ਇਸ ਲੇਖ ਵਿੱਚ ਮੈਂ ਜੋ ਲਿਖਿਆ ਹੈ ਜੇ ਕਰ ਉਹ ਪੂਰਾ ਸੱਚ 'ਤੇ ਨਹੀਂ ਉਤਰਦਾ, ਤਾਂ ਤੁਸੀਂ ਦੱਸੋ ਕਿ ਪੂਰਾ ਸੱਚ ਕੀ ਹੈ ਜੋ ਕਿ ਸੱਚ 'ਤੇ ਪੂਰਾ ਉਤਰ ਸਕੇ?

Source: http://www.sikhmarg.com/2018/0527-sach.html


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top