Share on Facebook

Main News Page

ਬੱਝੀ ਪੱਗ ਚੋਂ ਖੁੱਲ੍ਹੀ ਸਿੱਖੀ
ਜਮਾਇਕਾ ਮੂਲ ਦੇ ਲੈਥਨ ਸਾਮੂਅਲ ਡੈਨਿਸ ਸਿੰਘ ਦੇ ਸਿੱਖੀ ਜ਼ਜਬੇ ਦਾ ਸਨਮਾਨ ਕਰਨਾ ਜਰੂਰ ਬਣਦੈ
- ਇਕ ਸਿੱਖ ਦੀ ਪੱਗ ਵੇਖ ਕੇ ਬਣਿਆ ਸੀ ਸਿੱਖ

ਆਕਲੈਂਡ 8 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)- ਕਾਫੀ ਚਿਰ ਤੋਂ ਫੇਸ ਬੁੱਕ ਉਤੇ ਇਕ ਸਾਂਵਲੇ ਰੰਗ ਦੇ ਵਿਅਕਤੀ ਦੇ ਸਜਾਈ ਦਸਤਾਰ ਵੇਖਣ ਨੂੰ ਮਿਲਦੀ ਹੁੰਦੀ ਸੀ ਅਤੇ ਉਤਸਕੁਤਾ ਹੁੰਦੀ ਸੀ ਕਿ ਸਿੱਖੀ ਰੂਪ ਧਾਰਨ ਕਰਨ ਵਾਲੇ ਇਸ ਵਿਅਕਤੀ ਬਾਰੇ ਕੁਝ ਲਿਖਿਆ ਜਾਵੇ। ਕੁਝ ਦਿਨ ਪਹਿਲਾਂ ਉਸ ਨਾਲ ਫੋਨ ਉਤੇ ਗੱਲਬਾਤ ਕੀਤੀ ਸੀ ਅਤੇ ਕਹਾਣੀ ਸੁਣ ਜਿੱਥੇ ਉਸ ਅੰਦਰਲਾ ਸਿੱਖੀ ਜ਼ਜਬਾ ਗੂੜੇ ਰੰਗ ਵਿਚ ਝਲਕਦਾ ਸਾਫ ਨਜ਼ਰ ਆਇਆ ਉਥੇ ਆਪਣਾ ਸਿੱਖੀ ਜ਼ਜਬਾ ਬਹੁਤ ਫਿੱਕਾ ਜਾਪਣ ਲੱਗਾ।

ਜਮਾਇਕਾ ਦੇ ਜੰਮੇ ਅਤੇ ਹੁਣ ਅਮਰੀਕਾ ਵਿਖੇ ਫੇਅਰਫੈਕਸ ਵਰਜੀਨੀਆ ਵਿਖੇ ਸੈਟ ਹੋ ਚੁੱਕੇ ਰਿਟਾਇਰਡ ਇੰਜੀਨੀਅਰ 71 ਸਾਲਾ ਇਸ ਸਿੰਘ ਨੇ ਆਪਣੇ ਸਿੱਖੀ ਜੀਵਨ ਦੀ ਸ਼ੁਰੂਆਤ ਬੜੇ ਕਮਾਲ ਦੀ ਦੱਸੀ ਹੈ। 13 ਸਾਲਾਂ ਦੀ ਉਮਰ ਵਿਚ ਇਸਦੀ ਮਾਂ ਮਰ ਗਈ ਸੀ ਅਤਿ ਦੀ ਗਰੀਬੀ ਸੀ। ਕਿਸੀ ਤਰ੍ਹਾਂ ਸਕਾਲਰਸ਼ਿਪ ਮਿਲੀ ਅਤੇ ਅਮਰੀਕਾ ਪੜ੍ਹਨ ਆਇਆ। ਜਦੋਂ ਇਹ 18 ਸਾਲਾਂ ਦੀ ਉਮਰ ਦਾ ਸੀ ਤਾਂ ਉਦੋਂ ਇਹ ਸਿੱਖ ਬਣਿਆ ਸੀ ਤੇ ਉਸ ਵੇਲੇ ਮਿਸ਼ੀਨਗਨ ਯੂਨੀਵਰਸਿਟੀ ਵਿਚ ਪੜ੍ਹਦਾ ਸੀ। ਉਸ ਸਮੇਂ ਉਸਨੇ ਯੂਨੀਵਰਸਿਟੀ ਤੋਂ 200 ਕੁ ਮੀਟਰ ਦੂਰ ਇਕ ਬਹੁਤ ਹੀ ਸੁੰਦਰ ਲੰਬੇ ਦਸਤਾਰਧਾਰੀ ਸਿੱਖ ਨੂੰ ਵੇਖਿਆ ਸੀ। ਉਹ ਉਸ ਵੱਲ ਖਿਚਿਆ ਗਿਆ ਅਤੇ ਜਾ ਕੇ ਕਹਿਣ ਲੱਗਾ ਕਿ ਤੁਸੀਂ ਆਪਣੀ ਦਸਤਾਰ ਕਿਵੇਂ ਬੰਨ੍ਹਦੇ ਹੋ? ਇਸ ਤੋਂ ਪਹਿਲਾਂ ਉਸਨੇ ਸਿੱਖ ਨਹੀਂ ਸੀ ਵੇਖਿਆ। ਉਸ ਸਿੱਖ ਨੇ ਜਿਆਦਾ ਕੁਝ ਨਹੀਂ ਕਿਹਾ ਅਤੇ ਪਰ ਇਹ ਕਿਹਾ ਕਿ ਤੁਸੀਂ ਐਤਵਾਰ ਨੂੰ ਗੁਰਦੁਆਰਾ ਸਾਹਿਬ ਜਾਓ। ਉਸ ਸਮੇਂ ਗੁਰਦੁਆਰਾ ਕੀ ਹੁੰਦਾ ਹੈ? ਇਸ ਨੂੰ ਨਹੀਂ ਸੀ ਪਤਾ।

ਲੈਥਨ ਸਿੰਘ ਫਿਰ ਅਗਲੇ ਐਤਵਾਰ ਨੂੰ ਦੱਸੇ ਪਤੇ ਰਾਹੀਂ ਗੁਰਦੁਆਰਾ ਸਾਹਿਬ ਵਿਖੇ ਗਿਆ ਉਥੇ ਇਸਨੂੰ ਡਾ. ਨੌਨਿਹਾਲ ਸਿੰਘ ਨਾਂਅ ਦੇ ਵਿਅਕਤੀ ਮਿਲੇ ਜਿਨ੍ਹਾਂ ਨੇ ਸਿੱਖੀ ਬਾਰੇ ਜਾਣਕਾਰੀ ਦਿੱਤੀ। ਲਗਪਗ 2 ਮਹੀਨੇ ਇਹ ਲਗਾਤਾਰ ਗੁਰਦੁਆਰਾ ਸਾਹਿਬ ਜਾਂਦਾ ਰਿਹਾ ਸਿੱਖੀ ਅਤੇ ਪੱਗ ਬਾਰੇ ਪੁੱਛਦਾ ਰਿਹਾ, ਪਰ ਇਸਨੇ ਡਰਦੇ ਨੇ ਪੱਗ ਨਹੀਂ ਸੀ ਮੰਗੀ। ਇਹ ਸੋਚਦਾ ਹੈ ਕਿ ਸ਼ਾਇਦ ਉਹ ਮੇਰੀ ਪ੍ਰੀਖਿਆ ਲੈ ਰਹੇ ਸਨ ਕਿ ਮੈਂ ਪੱਗ ਲਈ ਸੱਚਾ ਸ਼ਰਧਾਵਾਨ ਹਾਂ ਕਿ ਨਹੀਂ। ਦੋ ਮਹੀਨੇ ਦੇ ਬਾਅਦ ਇਸਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਅਤੇ ਸਤਿਕਾਰ ਸਹਿਤ ਪੱਗ ਭੇਟ ਕੀਤੀ ਗਈ। ਉਸ ਸਮੇਂ ਗੁਰਦੁਆਰਾ ਸਾਹਿਬ ਵਿਖੇ ਇਸਦੇ ਪੱਗ ਬੰਨ੍ਹੀ ਗਈ ਅਤੇ ਕਿਹਾ ਗਿਆ ਕਿ ਤੁਸੀਂ ਬਹੁਤ ਸੋਹਣੇ ਲਗਦੇ ਹੋ। ਘਰ ਜਾ ਕੇ ਲੈਥਨ ਸਿੰਘ ਨੇ ਮੁੜ ਸ਼ੀਸ਼ਾ ਵੇਖਿਆ ਇਹ ਮਹਿਸੂਸ ਕੀਤਾ ਕਿ ਜਿਵੇਂ ਮੇਰੇ ਸਿਰ ਉਤੇ ਤਾਜ ਰੱਖ ਦਿੱਤਾ ਗਿਆ ਹੋਵੇ। ਉਸ ਰਾਤ ਇਸਨੇ ਪੱਗ ਸਿਰ ਉਤੋਂ ਉਤਾਰੀ ਹੀ ਨਹੀਂ ਇਥੋਂ ਤੱਕ ਕਿ ਅਗਲੀਆਂ ਦੋ ਰਾਤਾਂ ਵੀ ਇਸਨੇ ਪੱਗ ਨਹੀਂ ਉਤਾਰੀ ਅਤੇ ਏਦਾਂ ਹੀ ਸੌਦਾ ਰਿਹਾ। ਤਿੰਨ ਦਿਨ ਬਾਅਦ ਜਦੋਂ ਦੁਬਾਰਾ ਪੱਗ ਉਤਾਰ ਕੇ ਬੰਨ੍ਹਣ ਲੱਗਾ ਤਾਂ ਨਹੀਂ ਬੰਨ੍ਹ ਗਈ ਅਤੇ ਅਗਲੇ ਐਤਵਾਰ ਨੂੰ ਦੁਬਾਰਾ ਗੁਰਦੁਆਰਾ ਸਾਹਿਬ ਪਹੁੰਚ ਕੇ ਪੱਗ ਬੰਨ੍ਹਣੀ ਸਿੱਖਣ ਲੱਗਾ।

ਇਥੇ ਕਮਾਲ ਦੀ ਗੱਲ ਇਹ ਉਨ੍ਹਾਂ ਦੱਸੀ ਕਿ ਜਿਸ ਵੀ ਗੁਰੂ ਦੇ ਸਿੰਘ ਨੇ ਉਸਦੇ ਪੱਗ ਬੰਨ੍ਹੀ ਉਨ੍ਹਾਂ ਨੂੰ ਇੰਝ ਲੱਗਿਆ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਉਨ੍ਹਾਂ ਦੇ ਪੱਗ ਸਜਾ ਦਿੱਤੀ ਹੋਵੇ ਅਤੇ ਉਸ ਦਿਨ ਪਤਾ ਨਹੀਂ ਕੀ ਹੋਇਆ ਮੇਰਾ ਜੀਵਨ ਪੂਰਨ ਤੌਰ ਉਤੇ ਬਦਲ ਗਿਆ। ਮੇਰਾ ਪਿਆਰ ਸਿੱਖੀ ਪ੍ਰਤੀ ਪ੍ਰਗਟ ਹੋ ਗਿਆ। ਗੁਰੂ ਨਾਨਕ ਦੀ ਸਿਖਿਆ ਮੈਨੂੰ ਪ੍ਰਭਾਵਿਤ ਕਰਨ ਲੱਗੀ। ਕੀਨੀਆ ਜਨਮੇ ਡਾ. ਨੌਨਿਹਾਲ ਸਿੰਘ ਨੇ ਮੈਨੂੰ ਬਹੁਤ ਕੁਝ ਸਿੱਖੀ ਬਾਰੇ ਦੱਸਿਆ।

ਡਾ. ਨੌਨਿਹਾਲ ਇਸ ਵੇਲੇ ਦੁਨੀਆ 'ਤੇ ਨਹੀਂ ਹਨ ਪਰ ਉਸਦੀ ਤਸਵੀਰ ਹਮੇਸ਼ਾਂ ਲੈਥਨ ਸਿੰਘ ਆਪਣੇ ਕੋਲ ਰੱਖਦਾ ਹੈ ਜਿਸਨੇ ਉਸਦੀ ਜ਼ਿੰਦਗੀ ਬਦਲੀ। ਉਸਨੇ ਪੰਜ ਕਕਾਰਾਂ ਬਾਰੇ ਸੁਣਿਆ। ਡਾ. ਨੌਨਿਹਾਲ ਸਿੰਘ ਦੇ ਨਾਲ ਉਹ ਜ਼ਮਾਇਕਾ ਵਿਖੇ ਵੀ ਗਿਆ ਅਤੇ ਸਿੱਖੀ ਪ੍ਰਚਾਰ ਫੇਰੀ ਦੇ ਵਿਚ ਸ਼ਾਮਿਲ ਰਿਹਾ। ਜਮਾਇਕਾ ਦੇ ਵਾਸੀ ਸਿੱਖੀ ਦੇ ਵਿਚ ਕਾਫੀ ਵਿਸ਼ਵਾਸ਼ ਰੱਖਦੇ ਹਨ। ਜਦੋਂ ਤੋਂ ਇਹ ਸਿੱਖ ਬਣਿਆ ਉਦੋਂ ਤੋਂ ਹੀ ਸਵੇਰੇ 4.30 ਉਠ ਕੇ ਇੰਗਲਿਸ਼ ਦੇ ਵਿਚ ਗੁਰਬਾਣੀ ਪੜ੍ਹਨ ਅਤੇ ਸੁਨਣ ਦੇ ਨਾਲ ਇਸਦੀ ਸ਼ੁਰੂਆਤ ਹੁੰਦੀ ਹੈ। ਜਪੁ ਜੀ ਸਾਹਿਬ ਬਾਰੇ ਜੋ ਤਜ਼ਰਬਾ ਉਨ੍ਹਾਂ ਦੱਸਿਆ ਉਹ ਸ਼ਾਇਦ ਬਹੁਤ ਹੀ ਘੱਟ ਜਗਿਆਸੂਆਂ ਨੂੰ ਹੋਵੇ। ਜਪੁ ਜੀ ਸਾਹਿਬ ਦੇ ਵਿਚ ਸ਼ਾਮਿਲ ਪੰਜ ਖੰਡਾ ਬਾਰੇ ਬਹੁਤ ਹੀ ਭਰਪੂਰ ਜਾਣਕਾਰੀ ਉਨ੍ਹਾਂ ਦੇ ਕੋਲ ਸੀ ਜਿਹੜੀ ਕਿ ਉਨ੍ਹਾਂ ਮੇਰੇ ਨਾਲ ਸਾਂਝੀ ਕੀਤੀ।

ਇਸਦੀ ਪਤਨੀ ਭਾਵੇਂ ਸਿੱਖਇਜ਼ਮ ਦੇ ਵਿਚ ਜਿਆਦਾ ਦਿਲਚਸਪੀ ਨਹੀਂ ਸੀ ਲੈਂਦੀ ਪਰ ਜਮਾਇਕਾ ਤੋਂ ਹੀ ਸਿੱਖੀ ਦੇ ਮੁੱਢਲੇ ਨਿਯਮਾਂ ਤੋਂ ਵਾਕਿਫ ਸੀ। ਤਿੰਨ ਇਸਦੇ ਪੁੱਤਰ ਹਨ ਅਤੇ ਦੋ ਧੀਆਂ ਹਨ। ਇਕ ਪੁੱਤਰ ਡਾਕਟਰ ਅਤੇ ਇਕ ਵਕੀਲ ਹੈ। ਜਦੋਂ ਵੀ ਸਿੱਖ ਰਾਜ ਦੀ ਸਥਾਪਨਾ ਦੀ ਆਵਾਜ ਉਠਦੀ ਹੈ ਤਾਂ ਲੈਥਨ ਸਿੰਘ ਸਿੱਖੀ ਦਾ ਨਿਸ਼ਾਨ ਚੁੱਕੀ ਪੂਰੇ ਜ਼ਜਬੇ ਦੇ ਨਾਲ ਬਾਕੀ ਸੰਗਤ ਦੇ ਵਿਚ ਸ਼ਾਮਿਲ ਹੁੰਦਾ ਹੈ। ਨਗਰ ਕੀਰਤਨਾਂ ਦੇ ਵਿਚ ਸੰਗਤ ਇਨ੍ਹਾਂ ਨਾਲ ਤਸਵੀਰਾਂ ਖਿਚਵਾਉਂਦੀ ਹੈ। ਜੂਨ 1984 ਦੀ ਨਸਲਕੁਸ਼ੀ ਬਾਰੇ ਰੋਸ ਪ੍ਰਦਰਸ਼ਨ ਹੋਵੇ, ਯੂਨਾਈਟਿਡ ਸਟੇਟ ਦੇ ਵਿਚ ਕੋਈ ਸਿੱਖ ਭਾਈਚਾਰੇ ਦਾ ਪ੍ਰਦਰਸ਼ਨ ਹੋਵੇ ਜਾਂ ਸਿੱਖੀ ਦੀ ਚੜ੍ਹਦੀ ਕਲਾ ਲਈ ਕਿਤੇ ਵੀ ਕੋਈ ਗੱਲਬਾਤ ਹੋਵੇ ਇਹ ਸਿੰਘ ਹਮੇਸ਼ਾਂ ਆਪਣਾ ਯੋਗਦਾਨ ਪਾਉਣ ਵਾਸਤੇ ਤੱਤਪਰ ਰਹਿੰਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top