Share on Facebook

Main News Page

ਮੋਦੀ ਸਰਕਾਰ ਨੇ ਗੁਰੂ ਕੇ ਲੰਗਰ ਨੂੰ ਸੇਵਾ ਭੋਜ ਯੋਜਨਾ ਤਹਿਤ ਲਿਆ ਕੇ ਛੁਟਿਆਉਣ ਦਾ ਯਤਨ ਕੀਤਾ
-: ਗਿ.  ਜਗਤਾਰ ਸਿੰਘ ਜਾਚਕ

5 ਜੂਨ 2018: ਸਿੱਖੀ ਦੀ ਵਿਲੱਖਣ ਵਿਚਾਰਧਾਰਾ ਮੁਤਾਬਿਕ ਗੁਰੂ ਕਾ ਲੰਗਰ ਜਾਤ-ਪਾਤ, ਵਰਣ ਤੇ ਵਰਗ ਰਹਿਤ ਸਮਾਜਿਕ ਤੇ ਆਰਥਿਕ ਬਰਾਬਰੀ ਦੇ ਸਿਧਾਂਤ ਦਾ ਪ੍ਰਤੀਕ ਹੈ, ਨਾ ਕਿ ਕੋਈ ਮਹਿਜ਼ ਮੁਫ਼ਤ ਭੋਜਨ ਖਵਾਉਣ ਵਾਲੀ ਸਧਾਰਨ ਰਸੋਈ । ਇਹੀ ਕਾਰਣ ਹੈ ਕਿ ਇਸ ਨੂੰ ਕਿਸੇ ਇੱਕ ਅਮੀਰ ਵਿਅਕਤੀ ਜਾਂ ਸਰਕਾਰੀ ਸਹਾਇਤਾ ਨਾਲ ਚਲਾਉਣ ਦੀ ਥਾਂ ਗੁਰੂ ਕੀ ਸਰਬਸਾਂਝੀ ਗੋਲਕ ਅਤੇ ਸਭ ਵਰਗਾਂ ਦੇ ਸ਼ਰਧਾਲੂਆਂ ਵੱਲੋਂ ਪ੍ਰਾਪਤ ਹੋਈ ਰਸਦ-ਬਸਤ ਨਾਲ ਹੀ ਚਲਾਇਆ ਜਾਂਦਾ ਹੈ ।

ਮੋਦੀ ਸਰਕਾਰ ਨੇ ਸੇਵਾ ਭੋਜ ਯੋਜਨਾ ਤਹਿਤ ਇਸ ਵਿਲੱਖਣ ਸੰਸਥਾ ਦਾ ਭਗਵਾਕਰਨ ਕਰਦਿਆਂ ਮੁਫ਼ਤ ਭੋਜਨ ਖਵਾਉਣ ਵਾਲੀਆਂ ਦੂਜੀਆਂ ਧਾਰਮਕ ਤੇ ਸਮਾਜਕ ਸੰਸਥਾਵਾਂ ਦੇ ਬਰਾਬਰ ਲਿਆ ਕੇ ਛੁਟਿਆ ਦਿੱਤਾ ਹੈ, ਕਿਉਂਕਿ ਗੁਰੁ ਕੇ ਲੰਗਰ ਦਾ ਵਰਤਾਰਾ ਮੰਨੂ-ਸਿਮਰਤੀ ਦੇ ਊਚ-ਨੀਚ ਵਾਲੇ ਵਿਧਾਨ ਲਈ ਬਹੁਤ ਵੱਡੀ ਚਣੌਤੀ ਹੈ । ਇਹ ਵਿਚਾਰ ਹਨ ਅੰਤਰਾਸ਼ਟਰੀ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਇੱਕ ਪ੍ਰੈਸਨੋਟ ਰਾਹੀਂ ਪ੍ਰਗਟ ਕੀਤੇ ।

ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਦੇ ਨੋਟੀਫਾਈਕੇਸ਼ਨ ਵਿੱਚ ਲਿਖਿਆ ਹੈ ਸਾਲ 2018-19 ਅਤੇ 2019-20 ਲਈ 325 ਕਰੋੜ ਨਾਲ ਸ਼ੁਰੂ ਕੀਤੀ ਜਾਣ ਵਾਲੀ ਸੇਵਾ ਭੋਜ ਯੋਜਨਾ ਲਈ ਰਾਸ਼ਟਰਪਤੀ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ । ਇਸ ਸਕੀਮ ਤਹਿਤ ਲੋਕਾਂ ਨੂੰ ਮੁਫ਼ਤ ਭੋਜਨ ਖਵਾਉਣ ਵਾਲੀਆਂ ਭਲਾਈ ਸੰਸਥਾਵਾਂ ਵੱਲੋਂ ਇਸ ਮਕਸਦ ਲਈ ਖ਼ਰੀਦੀਆਂ ਜਾਣ ਵਸਤਾਂ ਉੱਤੇ ਦਿੱਤੇ ਜਾਂਦੇ ਸੀਜੀਐਸਟੀ ਅਤੇ ਆਈਜੀਐਸਟੀ ਵਿੱਚ ਕੇਂਦਰ ਸਰਕਾਰ ਦੇ ਹਿੱਸੇ ਦੀ ਪੂਰਤੀ ਕਰਨ ਹਿੱਤ ਭਾਰਤ ਸਰਕਾਰ ਵੱਲੋਂ ਵਿਸ਼ੇਸ਼ ਮਾਲੀ ਮਦਦ ਦਿੱਤੀ ਜਾਵੇਗੀ । ਸਪਸ਼ਟ ਹੈ ਕਿ ਲੰਗਰਾਂ ਲਈ ਖ਼ਰੀਦੀ ਜਾਣ ਵਾਲੀ ਰਸਦ ਉਪਰ ਕੇਂਦਰੀ ਟੈਕਸ ਅਵੱਸ਼ ਲੱਗੇਗਾ । ਪਰ ਇਸ ਨਾਲ ਸ਼੍ਰੋਮਣੀ ਕਮੇਟੀ ਉੱਤੇ ਪੈਣ ਵਾਲੇ 2 ਕਰੋੜ ਦੇ ਸਲਾਨਾ ਬੋਝ ਦੀ ਪੂਰਤੀ ਲਈ ਕੇਂਦਰ ਸਰਕਾਰ ਵੱਲੋਂ ਇਸ ਦੇ ਬਰਾਬਰ ਦੀ ਰਕਮ ਖ਼ੈਰਾਤ ਵਜੋਂ ਦਿੱਤੀ ਜਾਵੇਗੀ । ਇਥੇ ਪੰਜਾਬੀ ਮਹਾਵਰਾ ਬੜਾ ਢੁੱਕਵਾ ਹੈ ਸਾਡਾ ਸਿਰ ਤੇ ਸਾਡੀਆਂ ਹੀ ਜੁੱਤੀਆਂ । ਪਹਿਲਾਂ ਟੈਕਸ ਲੈ ਲਵੋ ਤੇ ਫਿਰ ਓਹੀ ਇਮਦਾਦ ਵਜੋਂ ਮੋੜ ਦਿਓ ।

ਗੁਰਮਤਿ ਦੀ ਸਿਧਾਂਤਕ ਸੂਝ ਰੱਖਣ ਵਾਲੇ ਵਿਦਵਾਨਾਂ ਦਾ ਵਿਚਾਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਦਿੱਲੀ ਕਮੇਟੀ ਦੇ ਸੱਤਾਧਾਰੀ ਅਕਾਲੀ ਆਗੂਆਂ ਨੇ ਲੰਗਰ ਲਈ ਸਰਕਾਰੀ ਖ਼ੈਰਾਤ ਪ੍ਰਵਾਨ ਕਰਕੇ ਲੰਗਰ ਦੀ ਸੰਸਥਾ ਨੂੰ ਵੱਡੀ ਢਾਅ ਲਾਈ ਹੈ । ਕਿਉਂਕਿ ਸ੍ਰੀ ਗੁਰੁ ਅਮਰਦਾਸ ਜੀ ਮਹਾਰਾਜ ਨੇ ਸਮਕਾਲੀ ਸਮਰਾਟ ਅਕਬਰ ਵੱਲੋਂ ਮੋਦੀ ਵਾਂਗ ਕੌਮੀ ਤਰਲੇ ਮਰਵਾ ਕੇ ਨਹੀਂ, ਸਗੋਂ ਲੰਗਰ ਦੇ ਸਰਬਸਾਂਝੇ ਤੇ ਬਰਾਬਰੀ ਭਰੇ ਵਰਤਾਰੇ ਤੋਂ ਖੁਸ਼ ਹੋ ਕੇ ਭੇਟਾ ਵਜੋਂ ਦਿੱਤੀ ਜਾਣ ਵਾਲੀ ਜਾਗੀਰ ਨੂੰ ਵੀ ਪ੍ਰਵਾਨ ਨਹੀਂ ਸੀ ਕੀਤਾ । ਐਲਾਨ ਕੀਤਾ ਸੀ ਕਿ ਗੁਰੁ ਕਾ ਲੰਗਰ ਰਾਜਸੀ ਖ਼ੈਰਾਤ ਨਾਲ ਨਹੀਂ, ਸਰਬਤ ਸ਼ਰਧਾਲ਼ੂਆਂ ਦੀ ਭੇਟਾ ਨਾਲ ਹੀ ਚੱਲੇਗਾ । ਪ੍ਰ੍ਰੰਪਰਾਗਤ ਇਤਿਹਾਸ ਮੁਤਾਬਿਕ ਮਹਾਰਾਜਾ ਰਣਜੀਤ ਸਿੰਘ ਨੇ ਵੀ ਕਿਸੇ ਵੇਲੇ ਪੰਥ ਅੱਗੇ ਸ਼ਰਧਾ ਸਹਿਤ ਇੱਛਾ ਪ੍ਰਗਟ ਕੀਤੀ ਸੀ ਕਿ ਲੰਗਰ ਲਈ ਰਸਦ ਉਸ ਦੇ ਘਰੋਂ ਆ ਜਾਇਆ ਕਰੇਗੀ, ਪ੍ਰੰਤੂ ਜ਼ੁਅਰਤ ਦੀ ਮੂਰਤਿ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਗੁਰੂ ਕੀ ਉਪਰੋਕਤ ਮਿਸਾਲ ਦਿੰਦਿਆਂ ਅਜਿਹੀ ਸੇਵਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ ।

ਸ਼ਰਮ ਦੀ ਗੱਲ ਹੈ ਕਿ ਅਜੋਕੇ ਸੱਤਾਧਾਰੀ ਆਗੂ ਮੋਦੀ ਸਰਕਾਰ ਦੇ ਧੱਕੇ ਦਾ ਵਿਰੋਧ ਕਰਨ ਦੀ ਥਾਂ ਉਸ ਨੂੰ ਛਪਾਉਣ ਲਈ ਟੈਕਸ ਮੁਆਫ਼ੀ ਦਾ ਝੂਠ ਬੋਲਦੇ ਹੋਏ ਧੰਨਵਾਦ ਦੇ ਮਤੇ ਕਰ ਰਹੇ ਹਨ । ਜਦੋਂ ਕਿ ਭਗਵੇਕਰਨ ਦੀ ਕੁਟਲਨੀਤੀ ਤਹਿਤ ਸਰਕਾਰ ਨੇ ਗੁਰੂ ਕੇ ਲੰਗਰ ਦਾ ਨਾਂ ਹੀ ਬਦਲ ਦਿੱਤਾ ਹੈ । ਹੁਣ ਟੈਕਸ ਰੀਟਰਨ ਲੈਣ ਲਈ ਫਾਰਮ ਭਰਨ ਵੇਲੇ ਲੰਗਰ ਦੀ ਥਾਂ ਸੇਵਾ ਭੋਜ ਯੋਜਨਾ ਹੀ ਲਿਖਣਾ ਪਵੇਗਾ । ਚਰਚਾ ਮੁਤਾਬਿਕ ਹੋ ਸਕਦਾ ਹੈ ਕਿ ਕੱਲ ਨੂੰ ਗਰੂ ਕੇ ਲੰਗਰ ਦੀ ਥਾਂ ਗੁਰਦੁਆਰਿਆਂ ਵਿੱਚ ਸੇਵਾ ਭੋਜ ਯੋਜਨਾ ਦੇ ਬੋਰਡ ਹੀ ਲੱਗ ਜਾਣ । ਇਸ ਲਈ ਗਿ. ਜਾਚਕ ਅਨੁਸਾਰ ਚਾਹੀਦਾ ਤਾਂ ਹੁਣ ਇਹ ਹੈ ਕਿ ਜਿਵੇਂ ਸ੍ਰੀ ਗੁਰੁ ਅਮਰਦਾਸ ਜੀ ਮਹਾਰਾਜ ਨੇ ਹਰਿਦੁਆਰ ਦੀ ਸੁਧਾਰਕ ਯਾਤ੍ਰਾ ਵੇਲੇ ਹਿੰਦੂਆਂ ਤੇ ਲਾਇਆ ਜਾਣ ਵਾਲਾ ਵਿਸ਼ੇਸ਼ ਜਜੀਆ ਟੈਕਸ ਦੇਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਸੀ ਤੇ ਸਿੱਟੇ ਵਜੋਂ ਸਰਕਾਰ ਨੂੰ ਗੁਰੁ ਕਿਆ ਸਿੱਖਾਂ ਨੂੰ ਜਜੀਆ ਜਗਾਤਿ (ਟੈਕਸ) ਤੋਂ ਮੁਕਤ ਕਰਨਾ ਪਿਆ ਸੀ । ਗੁਰੂ ਅਰਜਨ ਪਾਤਸ਼ਾਹ ਦਾ ਜੇਜੀਆ ਡਨੁ ਕੋ ਲਏ ਨ ਜਗਾਤਿ ਗੁਰਵਾਕ ਇਸ ਤੱਥ ਦੀ ਪੁਸ਼ਟੀ ਕਰਦਾ ਹੈ । ਤਿਵੇਂ ਹੀ ਦੇਸ਼ ਵਿਦੇਸ਼ ਦੀਆਂ ਸਾਰੀਆਂ ਸਿੱਖ ਸੰਸਥਾਵਾਂ ਦੇ ਆਗੂ ਇਕੱਠੇ ਹੋ ਕੇ ਐਲਾਨ ਕਰ ਦੇਣ ਕਿ ਅਸੀਂ ਲੰਗਰਾਂ ਪ੍ਰਤੀ ਕਿਸੇ ਵੀ ਪ੍ਰਕਾਰ ਦਾ ਟੈਕਸ ਅਦਾ ਨਹੀਂ ਕਰਾਂਗੇ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਸਮੇਤ ਕਿਸੇ ਹੋਰ ਸੰਸਥਾ ਨੂੰ ਅਜਿਹਾ ਕਰਨ ਦੇਵਾਂਗੇ, ਕਿਉਂਕਿ ਗੁਰੂ ਕਾਲ ਤੋਂ ਲੈ ਕੇ ਹੁਣ ਤਕ ਕਿਸੇ ਵੀ ਸਰਕਾਰ ਨੇ ਗੁਰੂ ਕੇ ਲੰਗਰ ਤੇ ਟੈਕਸ ਨਹੀਂ ਲਗਾਇਆ ਗਿਆ । ਅਮਰੀਕਾ, ਕੈਨੇਡਾ, ਇੰਗਲੈਂਡ ਤੇ ਅਸਟ੍ਰੇਲੀਆ ਆਦਿਕ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਵੀ ਟੈਕਸ ਛੋਟ ਦਿੱਤੀ ਹੋਈ ਹੈ । ਪੂਰਨ ਆਸ ਹੈ ਕਿ ਅਜਿਹਾ ਜ਼ੋਰਦਾਰ ਵਿਰੋਧ ਕਾਰਣ ਸਰਕਾਰ ਨੂੰ ਆਪਣਾ ਔਰੰਗਜ਼ੇਬੀ ਵਰਤਾਰਾ ਬਦਲਣ ਲਈ ਮਜ਼ਬੂਰ ਕਰ ਦੇਵੇਗਾ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top