Share on Facebook

Main News Page

ਡੇਰਾ ਚੌਂਕ ਮਹਿਤਾ ਦੀ ਤਾਲੀਬਾਨੀ ਕਾਰਵਾਈ ਕੋਈ ਪਹਿਲੀ ਘਟਨਾ ਨਹੀਂ, ਐਸੇ ਜਾਨਲੇਵਾ ਮਾਰੂ ਹਮਲੇ ਬਾਬਾ ਜਰਨੈਲ ਸਿੰਘ ਵੇਲੇ ਤੋਂ ਸ਼ੁਰੂ ਹੋਏ ਸਨ
-: ਦਲਜੀਤ ਸਿੰਘ ਨਿਓਡਾ
04 Jun 2016

ਸਿੱਖਾਂ ਲਈ ਸ਼ਰਮ ਦੀ ਗੱਲ ਹੈ ਕਿ ਕੁਝ ਦਿਹਾੜੇ ਪਹਿਲਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਪ੍ਰਸਿੱਧ ਪ੍ਰਚਾਰਕ ਜਥੇ ਉਪਰ ਵਿਚਾਰਧਾਰਕ ਵਿਰੋਧਤਾ ਕਾਰਣ ਡੇਰਾ ਚੌਕ ਮਹਿਤਾ ਦੀ ਉਸ ਸੰਪਰਦਾ ਵੱਲੋਂ ਮਾਰੂ ਹਮਲਾ ਕੀਤਾ ਗਿਆ, ਜਿਸ ਨੂੰ ਖ਼ਾਲਸਾ ਪੰਥ ਦੀ ਮੁੱਖ ਟਕਸਾਲ ਪਰਚਾਰਿਆ ਜਾ ਰਿਹਾ ਹੈ । ਇਸ ਹਮਲੇ ਵਿੱਚ ਸਾਡਾ ਇੱਕ ਗ੍ਰਹਿਸਥੀ ਪ੍ਰਚਾਰਕ ਭਰਾ ਮਾਰਿਆ ਵੀ ਗਿਆ ਹੈ । ਹੋਰ ਵੱਡਾ ਧੱਕਾ ਇਹ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਹਮਲੇ ਦੇ ਮੁਖ ਸ਼ਾਜਸ਼ੀ ਨੂੰ ਗ੍ਰਿਫ਼ਤਾਰ ਕਰਕੇ ਨੰਗਾ ਕਰਨ ਦੀ ਥਾਂ ਬਚਾਉਣ ਦਾ ਯਤਨ ਕਰ ਰਹੀ ਹੈ । ਜਦੋਂ ਕਿ ਹਮਲਾਵਰ ਡੇਰੇ ਦਾ ਮੁੱਖੀ ਸ਼ਰੇਆਮ ਬਿਆਨ ਦੇ ਰਿਹਾ ਹੈ ਕਿ ਇਹ ਹਮਲਾ ਢੱਡਰੀਆਂ ਵਾਲੇ ਨੂੰ ਸਬਕ ਸਿਖਾਉਣ ਲਈ ਕੀਤਾ ਗਿਆ ਹੈ । ਇਸ ਧੱਕੇਸ਼ਾਹੀ ਵਿੱਰੁਧ ਸਮੁੱਚੇ ਪੰਥ ਦਰਦੀਆਂ ਨੂੰ ਭਾਈ ਢਡਰੀਆਂ ਵਾਲੇ ਨਾਲ ਖੜਾ ਹੋਣ ਦੀ ਲੋੜ ਹੈ ।

ਮੈਂ ਦੱਸਣਾ ਚਹੁੰਦਾ ਹਾਂ ਕਿ ਡੇਰਾ ਚੌਕ ਮਹਿਤਾ ਦੀ ਅਜਿਹੀ ਤਾਲਬਾਨੀ ਕਾਰਵਾਈ ਕੋਈ ਪਹਿਲੀ ਘਟਨਾ ਨਹੀਂ । ਸਿੱਧੇ ਤੌਰ 'ਤੇ ਐਸੇ ਜਾਨਲੇਵਾ ਮਾਰੂ ਹਮਲੇ ਬਾਬਾ ਜਰਨੈਲ ਸਿੰਘ ਵੇਲੇ ਤੋਂ ਸ਼ੁਰੂ ਹੋਏ ਹਨ, ਜੋ ਪੰਥ ਲਈ ਅਤਿਅੰਤ ਚਿੰਤਾਜਨਕ ਹਨ । ਇਸ ਟਕਸਾਲ ਦੇ ਇਤਿਹਾਸ ਦਾ ਇਹ ਦੂਜਾ ਪਾਸਾ ਅਜੇ ਤਕ ਲੇਖਕਾਂ ਤੇ ਪ੍ਰਚਾਰਕਾਂ ਵੱਲੋਂ ਪ੍ਰਗਟ ਨਹੀਂ ਕੀਤਾ ਜਾ ਰਿਹਾ । ਕਿਉਂਕਿ ਅਜੋਕੀ ਪੀੜ੍ਹੀ ਦੇ ਲੇਖਕਾਂ ਤੇ ਪ੍ਰਚਾਰਕਾਂ ਨੂੰ ਇਸ ਬਾਰੇ ਜਾਣਕਾਰੀ ਵੀ ਨਹੀਂ ਅਤੇ ਜੋ ਜਾਣਦੇ ਹਨ ਉਹ ਵੀ ਸੰਪਰਦਾਈ ਗੁੰਡਾਗਰਦੀ ਸੋਚ ਦਾ ਸ਼ਿਕਾਰ ਬਣਨ ਤੋਂ ਡਰਦੇ ਹਨ । ਰਾਜੋਆਣਾ ਬਚਾਓ ਲਹਿਰ ਵੇਲੇ ਪੰਜਾਬ ਵਿੱਚ ਵਿਚਰਦਿਆਂ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜਾਚਕ ਜੀ ਹੁਰਾਂ ਨੇ ਮੇਰੇ ਨਾਲ ਕੁਝ ਦੁਖਦਾਈ ਘਟਨਾਵਾਂ ਦਾ ਜ਼ਿਕਰ ਕੀਤਾ ਸੀ, ਜਿਨ੍ਹਾਂ ਨੂੰ ਸੁਣ ਕੇ ਦਿਲ ਕੰਬਦਾ ਹੈ ।

ਉਨ੍ਹਾਂ ਵਿਚੋਂ ਦੋ ਕੁ ਮੈਂ ਸਿੱਖ ਜਗਤ ਨਾਲ ਸਾਝੀਆਂ ਕਰਨਾ ਚਹੁੰਦਾ ਹਾਂ ਤਾਂ ਕਿ ਟਕਸਾਲ ਦੇ ਇਤਿਹਾਸ ਦਾ ਇਹ ਪੱਖ ਵੀ ਨੰਗਾ ਹੋ ਸਕੇ । ਕਿਉਂਕਿ, ਹੁਣ ਢਡਰੀਆਂ ਵਾਲੇ ਦੀ ਪ੍ਰਸਿੱਧੀ ਤੇ ਸੋਸ਼ਲ ਮੀਡੀਏ ਦੇ ਕਾਰਣ ਐਸਾ ਮਹੌਲ ਕੁਦਰਤੀ ਹੀ ਬਣ ਰਿਹਾ ਹੈ ਕਿ ਇਸ ਮਾਰੂ ਰੋਝਾਨ ਨੂੰ ਰੋਕਣ ਦੀ ਕੋਈ ਸਾਂਝੀ ਕੌਮੀ ਜੁਗਤ ਬਣ ਸਕੇ । ਜਿਸ ਵੇਲੇ ਦਾ ਜ਼ਿਕਰ ਜਾਚਕ ਜੀ ਕੀਤਾ ਹੈ, ਉਸ ਵੇਲੇ ਤਾਂ ਕੋਈ ਸੰਸਥਾ, ਲੇਖਕ ਤੇ ਪ੍ਰਚਾਰਕ ਅਤੇ ਨੇਤਾ ; ਇਥੋਂ ਤੱਕ ਕਿ ਅਖ਼ਬਾਰਾਂ ਵੀ ਡਰਦੀਆਂ ਸੰਕੋਚ ਕਰਦੀਆਂ ਸਨ । ਕਿਉਂਕਿ, ਪਤਰਕਾਰ ਵੀ ਮਾਰੇ ਜਾ ਰਹੇ ਸਨ । ਸ਼ੁਕਰ ਹੈ ਕਿ ਹੁਣ ਤਾਂ ਲਗਭਗ ਸਾਰੀਆਂ ਸਿੱਖ ਜਥੇਬੰਦੀਆਂ ਨੇ ਢਡਰੀਆਂ ਵਾਲੇ ਉਪਰ ਹੋਏ ਹਮਲੇ ਦੀ ਨਿਖੇਧੀ ਕਰਨ ਦੀ ਹਿੰਮਤ ਕੀਤੀ ਹੈ । ਕਿਉਂਕਿ, ਧੁੰਮੇ ਦੀ ਕਾਰਗੁਜ਼ਾਰੀ ਕਾਰਣ ਟਕਸਾਲ ਆਪਣਾ ਪ੍ਰਭਾਵ ਗਵਾ ਚੁੱਕੀ ਹੈ । ਮੀਡੀਆ ਅਜ਼ਾਦ ਹੈ।

ਜਾਚਕ ਜੀ ਦੱਸਿਆ ਸੀ ਕਿ ਉਹ ਮਈ 1982 ਵਿੱਚ ਗੁਰਦੁਆਰਾ ਸਿੰਘ ਸਭਾ (ਪੁਰਾਣੀ ਸਬਜ਼ੀ ਮੰਡੀ) ਲੁਧਿਆਣਾ ਵਿਖੇ ਹੈਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਸਨ ।

ਦੁਖਦਾਈ ਘਟਨਾ ਇਉਂ ਘਟੀ ਕਿ ਪ੍ਰਸਿੱਧ ਅਕਾਲੀ ਆਗੂ ਜਥੇਦਾਰ ਸੁਰਜਨ ਸਿੰਘ ਠੇਕੇਦਾਰ ਦਾ ਵੱਡਾ ਬੇਟਾ ਇੱਕ ਐਕਸੀਡੈਂਟ ਵਿੱਚ ਅਚਾਨਕ ਚੱਲ ਵੱਸਿਆ ਤਾਂ ਉਸ ਦੇ ਅੰਤਮ ਸੰਸਕਾਰ ਵੇਲੇ ਹਮਦਰਦੀ ਵਜੋਂ ਸੰਤ ਲੌਂਗੋਵਾਲ, ਟੋਹੜਾ ਤੇ ਬਾਬਾ ਜਰਨੈਲ ਸਿੰਘ ਭਿਡਰਾਂਵਾਲਿਆਂ ਸਮੇਤ ਲਗਭਗ ਸਾਰੇ ਪੰਥਕ ਆਗੂ ਪਹੁੰਚੇ । ਗੁਰਦੁਆਰਾ ਸਾਹਿਬ ਵਿਖੇ ਹੋਏ ਅਰਦਾਸ ਸਮਾਗਮ ਵੇਲੇ ਹਜ਼ਾਰਾਂ ਦੇ ਇਕੱਠ ਵਿੱਚ ਲੈਕਚਰ ਕਰਦਿਆਂ ਬਾਬਾ ਜਰਨੈਲ ਸਿੰਘ ਹੁਰਾਂ ਆਖਿਆ ਕਿ "ਗੁਰਦੁਆਰਿਆਂ ਵਿੱਚ ਕਿਸੇ ਸੰਪਰਦਾ ਦੀ, ਕਿਸੇ ਟਕਸਾਲ ਦੀ ਮਰਯਾਦਾ ਹੋਣੀ ਚਾਹੀਦੀ ਏ । ਅੱਜ ਕਲ ਦੇ ਗ੍ਰੰਥੀ ਸਿੰਘ ਆਪਣੀ ਆਪਣੀ ਮਰਜ਼ੀ ਪਏ ਕਰਦੇ ਹਨ ।"

ਸਮਾਪਤੀ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈਣ ਉਪਰੰਤ ਜਾਚਕ ਜੀ ਨੇ ਗੁਰਮਤਿ ਪ੍ਰਚਾਰਕ ਦਾ ਫਰਜ਼ ਨਿਭਾਉਂਦਿਆਂ ਕੇਵਲ ਇਤਨੇ ਲਫ਼ਜ਼ ਬੋਲੇ " ਸਿੱਖ ਧਰਮ ਸੰਪਰਦਾਇਕ ਨਹੀਂ ਹੈ। ਇਸ ਲਈ ਗੁਰਦੁਆਰਿਆਂ ਵਿੱਚ ਪੰਥ ਦੀ ਮਰਯਾਦਾ ਹੀ ਚੱਲ ਸਕਦੀ ਹੈ, ਕਿਸੇ ਇੱਕ ਸੰਪਰਦਾ, ਟਕਸਾਲ ਜਾਂ ਡੇਰੇਦਾਰ ਸੰਤ ਮਹੰਤ ਦੀ ਨਹੀਂ " । ਜਾਚਕ ਜੀ ਵੱਲੋਂ ਇਤਨੇ ਲਫ਼ਜ਼ ਬੋਲਣ ਦੀ ਦੇਰ ਸੀ ਕਿ ਬਾਬਾ ਥਾਰਾ ਸਿੰਘ ਨੇ ਉਨ੍ਹਾਂ ਦੀ ਪਿੱਠ ਨਾਲ ਬੰਦੂਕ ਦੀ ਨੋਕ ਲਾ ਕੇ ਆਖਿਆ " ਬੱਲੇ ਓਏ ਸ਼ੇਰਾ ! ਤੇਰੀ ਜੁਰਤ ਕਿਵੇਂ ਹੋਈ, ਸੰਤਾਂ ਸਾਹਮਣੇ ਬੋਲਣ ਦੀ ? ਬਾਬਾ ਜਰਨੈਲ ਸਿੰਘ ਵੱਲ ਉਂਗਲ ਦਾ ਇਸ਼ਾਰਾ ਕਰਕੇ ਥਾਰਾ ਸਿੰਘ ਨੇ ਫਿਰ ਆਖਿਆ "ਕੀ ਇਹ ਪੰਥ ਨਹੀਂ ?"

ਜਾਚਕ ਜੀ ਉੱਤਰ ਦਿੱਤਾ " ਇਕੱਲਾ ਕੋਈ ਵਿਅਕਤੀ ਵੀ ਪੰਥ ਨਹੀਂ ਹੁੰਦਾ " ।

ਥਾਰਾ ਸਿੰਘ ਹੋਰ ਗੁੱਸੇ ਵਿੱਚ ਆਇਆ ਤੇ ਬੋਲਿਆ " ਗੋਲੀ ਬੁੰਡ 'ਚੋਂ ਲੰਘਾ ਕੇ ਮੂੰਹ 'ਚੋਂ ਕੱਢ ਦਿਆਂਗੇ, ਬਹੁਤਾ ਬੋਲਦਾ ਏਂ ।" (ਇਹ ਹੈ ਟਕਸਾਲੀ ਗੁਰਮੁਖਾਂ ਦੀ ਬੋਲੀ । ਜਾਪਦਾ ਹੈ ਕਿ ਬਚਿਤ੍ਰ ਨਾਟਕ ਦੇ ਚਰਿਤ੍ਰੋਪਖਿਆਨ ਪੜ੍ਹਣ ਦਾ ਹੀ ਇਹ ਸਿੱਟਾ ਹੈ )

ਉਪਰੋਕਤ ਕਿਸਮ ਕੁਬੋਲ ਸੁਣ ਕੇ ਜਾਚਕ ਜੀ ਨੇ ਨਿਰਭੈਤਾ ਤੇ ਧੀਰਜ ਨਾਲ ਆਖਿਆ ਕਿ "ਸਤਿਗੁਰੂ ਜੀ ਦੀ ਤਾਬਿਆ ਵਿੱਚ ਨਾ ਮਾਰਿਓ, ਟਕਸਾਲ ਦੀ ਬਹੁਤੀ ਬਦਨਾਮੀ ਹੋਵੇਗੀ, ਹੇਠਾਂ ਉੱਤਰ ਲੈਣ ਦਿਓ" । ਕਿਉਂਕਿ, ਇਤਨਨੇ ਨੂੰ ਇੱਧਰ ਉਧਰ ਖੜੇ ਉਨ੍ਹਾਂ ਦੇ ਬਾਕੀ ਬੰਦੂਚਕੀ ਸਿੰਘ ਵੀ ਉਥੇ ਆ ਗਏ । ਹਫੜਾ ਦਫੜੀ ਮੱਚ ਗਈ । ਇਤਨੇ ਨੂੰ ਭਿੰਡਰਾਵਾਲੇ ਜਿਉਂ ਹੀ ਉੱਠ ਕੇ ਬਾਹਰ ਨੂੰ ਤੁਰੇ ਤੇ ਬਾਬਾ ਥਾਰਾ ਸਿੰਘ ਉਧਰ ਨੂੰ ਝੁਕੇ ਤਾਂ ਜਾਚਕ ਜੀ ਫੁਰਤੀ ਨਾਲ ਸੰਗਤ ਦੇ ਘੇਰੇ ਵਿੱਚ ਆ ਗਏ । ਗੁਰਦੁਆਰੇ ਦੇ ਸੈਕਟਰੀ ਅਕਾਲੀ ਗੁਲਾਬ ਸਿੰਘ ਤੇ ਜੀਵਨ ਸਿੰਘ ਹੁਰਾਂ ਨੇ ਕਿਸੇ ਤਰ੍ਹਾਂ ਉਥੋਂ ਬਚਾ ਕੇ ਜਾਚਕ ਜੀ ਨੂੰ ਉਨ੍ਹਾਂ ਦੇ ਕੁਆਟਰ ਵਿੱਚ ਵਾੜਿਆ । ਜਿਉਂ ਹੀ ਸ੍ਰ. ਗੁਲਾਬ ਸਿੰਘ ਮੁੜ ਕੇ ਦਰਵਾਜ਼ੇ ਵਿੱਚ ਆਏ ਤਾਂ ਪਉੜੀਆਂ ਵਿੱਚ ਲੁਕਿਆ ਇੱਕ ਬੰਦੂਚਕੀ ਸਿੰਘ ਫਿਰ ਜਾਚਕ ਜੀ ਵੱਲ ਮਾਰਨ ਨੂੰ ਵੱਧਿਆ । ਸ੍ਰ. ਗੁਲਾਬ ਸਿੰਘ ਦਰਵਾਜ਼ੇ ਦੀਆਂ ਚੁਗਾਠਾਂ ਨੂੰ ਹੱਥ ਪਾ ਕੇ ਖੜਾ ਹੋ ਗਿਆ ਤੇ ਉਸ ਨੇ ਲਲਕਾਰ ਕੇ ਆਖਿਆ " ਸਿੰਘਾ ਹੁਣ ਤਾਂ ਮੇਰੀ ਛਾਤੀ ਵਿੱਚ ਗੋਲੀ ਮਾਰ ਕੇ ਅੱਗੇ ਜਾ ਸਕਦੈਂ, ਓਵੇਂ ਨਹੀਂ ।" ਉਹ ਕੁਝ ਝਿਝਕਿਆ ਤੇ ਇਤਨੇ ਨੂੰ ਬਾਹਰੋਂ ਸੰਤਾ ਦੀ ਗੱਡੀ ਦਾ ਹਾਰਨ ਵੱਜਿਆ ਤੇ ਉਹ ਫਿਰ ਵਾਪਸ ਦੌੜ ਗਿਆ । ਉਸ ਵੇਲੇ ਸ਼੍ਰੋਮਣੀ ਕਮੇਟੀ ਸਮੇਤ ਕਿਸੇ ਵੀ ਸੰਸਥਾ ਜਾਂ ਵਿਦਵਾਨ ਦੀ ਹਿੰਮਤ ਨਾ ਪਈ ਇਸ ਧੱਕੇਸ਼ਾਹੀ ਦਾ ਵਿਰੋਧ ਕਰਨ ਦੀ । ਕੇਵਲ ਸ਼੍ਰੋਮਣੀ ਕਮੇਟੀ ਸਕਤਰ ਸ੍ਰ. ਭਾਨ ਸਿੰਘ ਨੇ ਜਾਚਕ ਜੀ ਨੂੰ ਦਿਲਾਸਾ ਦਿੰਦਿਆਂ ਕੇਵਲ ਇਤਨੇ ਲਫ਼ਜ਼ ਜ਼ੁਬਾਨੀ ਬੋਲੇ ਕਿ " ਭਾਈ ਸਾਹਿਬ ! ਸਾਡੀ ਹਾਲਤ ਤਾਂ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਹੈ । ਲਘਾਉਂਦੇ ਹਾਂ ਤਾਂ ਵੀ ਮਰਦੇ ਹਾਂ ਤੇ ਛੱਡਦੇ ਹਾਂ ਤਾਂ ਵੀ । ਦੱਸੋ ਕੀ ਕਰੀਏ ? ਦਸਿਆ ਜਾਂਦਾ ਹੈ ਕਿ ਜੂਨ 84 ਦੇ ਘਲੂਘਾਰੇ ਤੋਂ ਪਿੱਛੋਂ ਸ੍ਰ. ਭਾਨ ਸਿੰਘ ਨੂੰ ਵੀ ਬੁਰਛਿਆਂ ਨੇ ਗੋਲੀ ਮਾਰ ਦਿੱਤੀ ਸੀ ।

ਦੂਜੀ ਘਟਨਾ ਬਾਰੇ ਦੱਸਿਆ ਕਿ 10 ਮਈ 1984 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ, 80 ਸਾਲ ਦੇ ਬਜ਼ੁਰਗ, ਮਹਾਨ ਵਿਦਵਾਨ ਤੇ 22 ਪੁਸਤਕਾਂ ਦੇ ਲੇਖਕ ਗਿਆਨੀ ਪਰਤਾਪ ਸਿੰਘ ਜੀ ਨੂੰ ਉਨ੍ਹਾਂ ਦੇ ਬੱਚਿਆਂ ਸਾਹਮਣੇ ਸ੍ਰੀ ਅੰਮ੍ਰਿਤਸਰ ਘਰ ਵਿੱਚ ਗੋਲੀਆਂ ਦੀ ਬੁਛਾੜ ਕਰ ਕੇ ਕਿਵੇਂ ਮਾਰ ਮੁਕਾਇਆ । ਉਨ੍ਹਾਂ ਨੇ ਕੇਵਲ ਇਤਨੀ ਗੱਲ ਲਿਖੀ ਸੀ ਕਿ " ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੋਰਚੇਬੰਦੀ ਕਰਨੀ ਠੀਕ ਨਹੀਂ । ਸਿੱਖੀ ਦੇ ਸਿਧਾਂਤਕ ਤੇ ਇਤਿਹਾਸਕ ਦ੍ਰਿਸ਼ਟੀਕੋਨ ਤੋਂ ਗ਼ਲਤ ਹੈ । ਸ੍ਰੀ ਦਰਬਾਰ ਸਾਹਿਬ ਦੇ ਸਤਿਕਾਰ ਤੇ ਕੌਮੀ ਭਵਿੱਖ ਲਈ ਹਾਨੀਕਾਰਕ ਹੈ ।" ਦੱਸੋ ਇਹ ਵਿੱਚ ਕੀ ਗ਼ਲਤ ਸੀ ? ਚਾਹੀਦਾ ਤਾਂ ਇਹ ਸੀ ਕਿ ਉਸ ਵਿਦਵਾਨ ਬਜ਼ੁਰਗ ਨਾਲ ਮਿਲ ਕੇ ਵਿਚਾਰ ਵਿਟਾਂਦਰਾ ਕੀਤਾ ਜਾਂਦਾ । ਪਰ, ਮਰਵਾਈ ਗੋਲੀ ।

1988 ਤੇ 89 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਵੇਲੇ ਗਿਆਨੀ ਜਾਚਕ ਜੀ ਤੇ ਪ੍ਰੋ.ਦਰਸ਼ਨ ਸਿੰਘ ਜੀ ਹੁਰਾਂ ਨੂੰ ਸੋਧਣ (ਮਾਰਨ) ਦੇ ਜੋ ਧਮਕੀ ਪਤਰ ਤੇ ਸੁਨੇਹੇ ਮਿਲੇ। ਮੀਟਿੰਗਾਂ ਕਰਕੇ ਹਮਲਿਆਂ ਦੀ ਵਿਉਂਤਬੰਦੀ ਹੁੰਦੀ ਰਹੀ, ਉਹ ਇੱਕ ਵੱਖਰਾ ਇਤਿਹਾਸ ਹੈ । ਜਾਚਕ ਜੀ ਦੇ ਦੱਸਣ ਮੁਤਾਬਿਕ, ਜੇ ਇਹ ਦੋਵੇਂ ਵਿਦਵਾਨ ਜੀਉਂਦੇ ਹਨ ਤਾਂ ਅਕਾਲ ਪੁਰਖ ਜੀ ਦੀ ਪ੍ਰੇਰਨਾ ਸਦਕਾ ਬਹੁਤ ਵੱਡਾ ਹੱਥ ਹੈ ਭਾਈ ਸੁਖਦੇਵ ਸਿੰਘ ਬੱਬਰ ਦਾ, ਜਿਨ੍ਹਾਂ ਨੇ ਸੁਰਖਿਆ ਦਾ ਪ੍ਰਬੰਧ ਕਰਨ ਤੋਂ ਇਲਾਵਾ ਅਖ਼ਬਾਰਾਂ ਰਾਹੀਂ ਐਲਾਨ ਵੀ ਕੀਤਾ ਸੀ ਕਿ "ਜੇ ਇਨ੍ਹਾਂ ਦੋਵਾਂ ਸ਼ਖ਼ਸੀਅਤਾਂ ਦਾ ਕੋਈ ਨੁਕਸਾਨ ਹੋਇਆ ਤਾਂ ਦੋਸ਼ੀਆਂ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ । ਟਕਸਾਲ ਇਸ ਲਈ ਜ਼ੁਮੇਂਵਾਰ ਹੋਏਗੀ ।"

19ਵੀ ਸਦੀ ਦੀਆਂ ਉਪਰੋਕਤ ਦੋ ਘਟਨਾਵਾਂ ਤੋਂ ਤਾਂ ਸ਼ਾਇਦ ਅਜੋਕੀ ਪੀੜ੍ਹੀ ਵਾਕਫ਼ ਨਾ ਹੋਵੇ । ਪਰ, 20ਵੀਂ ਸਦੀ ਦੇ ਆਰੰਭਕ ਦਾਹਕੇ ਵਿੱਚ ਇੰਡੀਆ, ਅਮਰੀਕਾ, ਕਨੇਡਾ ਤੇ ਖਾਸ ਕਰਕੇ ਇੰਗਲੈਂਡ ਅੰਦਰ ਸਿੱਖ ਵਿਦਵਾਨਾਂ ਤੇ ਜੋ ਹਮਲੇ ਹੋਏ ਹਨ, ਉਹ ਤਾਂ ਸਾਰੇ ਜਾਣਦੇ ਹੋਣਗੇ । ਜਿਵੇਂ :

- ਸਾਊਥਾਲ ਲੰਡਨ ਵਿੱਚ ਮੀਰੀ ਪੀਰੀ ਗੁਰਦੁਆਰੇ ਵਿੱਚ ਸਤਿਕਾਰ ਯੋਗ ਪ੍ਰੋ. ਦਰਸ਼ਨ ਸਿੰਘ ਜੀ 'ਤੇ ਵੱਡਾ ਹਮਲਾ ਹੋਇਆ ।

- ਪ੍ਰੋ. ਇੰਦਰ ਸਿੰਘ ਘੱਗਾ, ਤੇ ਪ੍ਰੋ. ਗੁਰਦੀਪ ਸਿੰਘ ਨੂੰ ਜ਼ਖਮੀ ਕੀਤਾ ।

- ਰਹਿਤ ਮਰਯਾਦਾ ਦੇ ਮਸਲੇ ਵਿੱਚ ਗਿਆਨੀ ਗੁਰਬਖ਼ਸ਼ ਸਿੰਘ ਗੁਲਸਨ ਦੀ ਕਾਰ ਭੰਨੀ ।

- ਗਿਆਨੀ ਗੁਰਮੀਤ ਸਿੰਘ ਗੌਰਵ ਤੇ ਗਿਆਨੀ ਮੋਹਰ ਸਿੰਘ ਨਾਂ ਦੇ ਪ੍ਰਚਾਰਕਾਂ ਨੂੰ ਕੁਟਿਆ ਮਾਰਿਆ ਗਿਆ । ਬਜ਼ੁਰਗ ਲੇਖਕ ਅਫ਼ਗਾਨਾ ਜੀ ਤੇ ਵੀ ਹਮਲੇ ਹੋਏ ।

- ਅਮਰੀਕਾ ਤੇ ਇੰਗਲੈਂਡ ਵਿੱਚ ਵੀ ਗਿਆਨੀ ਜਾਚਕ ' ਤੇ ਹੋਰ ਛੋਟੇ ਮੋਟੇ ਹਮਲੇ ਹੁੰਦੇ ਰਹੇ, ਜਿਨ੍ਹਾਂ ਵਿੱਚ ਤਰਮਾਲ੍ਹਾ ਗਰੁਪ ਵੀ ਸ਼ਾਮਲ ਹੁੰਦਾ ਰਿਹਾ ।

- ਕੁਝ ਸਮਾਂ ਪਹਿਲਾਂ ਪ੍ਰੋ ਦਰਸ਼ਨ ਸਿੰਘ ਜੀ ਤੇ ਵੀਰ ਪ੍ਰਭਦੀਪ ਸਿੰਘ ਯੂ. ਕੇ ਵਾਲਿਆਂ ਨੂੰ ਇੰਡੀਆ ਵਿੱਚ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਹੋਈ । ਬਾਦਲਕਿਆਂ ਵੱਲੋਂ ਦਿੱਲੀ ਵਿੱਚ ਉਨ੍ਹਾਂ ਤੇ ਹੋਏ ਹਮਲੇ ਦਾ ਤਾਂ ਮੈਂ ਚਸ਼ਮਦੀਦ ਗਵਾਹ ਹਾਂ । ਕਿਉਂਕਿ, ਉਨ੍ਹੀ ਦਿਨੀ ਜਾਚਕ ਜੀ ਤੇ ਪ੍ਰੋ. ਸਾਹਿਬ ਦੀ ਸੁਰਖਿਆ ਪੱਖੋਂ ਮੈਂ ਸਦਾ ਨਾਲ ਹੀ ਵਿਚਰਦਾ ਸਾਂ ।

- ਪਟਨਾ ਸਾਹਿਬ ਦੇ ਪੂਜਾਰੀ ਵੱਲੋਂ ਪ੍ਰੋ. ਸਾਹਿਬ 'ਤੇ ਕਰਵਾਏ ਹਮਲੇ ਵਿੱਚ ਪ੍ਰੋ. ਧੂੰਦਾ ਜੀ ਨੇ ਵੀ ਡਾਂਗਾਂ ਝੱਲ ਕੇ ਕਿਵੇਂ ਪ੍ਰੋ. ਨੂੰ ਬਚਾਇਆ, ਇਹ ਵੀ ਚੰਗੀ ਤਰ੍ਹਾਂ ਜਾਣਦਾ ਹਾਂ ।

ਹੁਣ ਲੋੜ ਹੈ ਕਿ ਕਥਿਤ ਟਕਸਾਲੀਆਂ ਦੇ ਐਸੇ ਮਾਰੂ ਹਮਲਿਆਂ ਦੇ ਸਾਰੇ ਪੀੜਤ (ਪ੍ਰੋ. ਸਾਹਿਬ ਤੇ ਜਾਚਕ ਜੀ ਸਮੇਤ) ਨਿਡਰਤਾ ਸਹਿਤ ਆਪਣੀ ਆਪਣੀ ਕਹਾਣੀ ਨੂੰ ਸਿੱਖ ਜਗਤ ਸਾਹਮਣੇ ਲਿਆਉਣ ਤਾਂ ਕਿ ਐਸੇ ਗੁੰਡਿਆਂ ਨੂੰ ਪੰਥਕ ਹਿਤੂ ਸਮਝਣ ਵਾਲੇ ਸ਼ਰਧਾਲੂ ਭੈਣ ਭਰਾ ਜਾਣ ਲੈਣ ਕਿ ਸਚਾਈ ਕੀ ਹੈ ? ਕੌਣ ਸਰਕਾਰੀ ਹੈ ਤੇ ਕੌਣ ਪੰਥਕ ? ਕੌਣ ਗੁਰੂ ਦੋਖੀ ਹੈ ਅਤੇ ਕੌਣ ਨਹੀਂ । ਕਿਉਂਕਿ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਸਾਨੂੰ ਵਿਚਾਰਧਾਰਕ ਵਿਰੋਧੀਆਂ ਨਾਲ ਵਿਚਾਰ ਚਰਚਾ ਲਈ 'ਰੋਸ ਨ ਕੀਜੈ, ਉਤਰ ਦੀਜੈ....' (ਪੰਨਾ 938) ਦਾ ਸਬਕ ਦ੍ਰਿੜ ਕਰਵਾਉਂਦੇ ਹਨ , ਨਾ ਕਿ ਜਾਨੋ ਮਾਰਣ ਦਾ।

ਹਮਲਾ ਕਰਨਾ ਤਾਂ ਹਾਰੀ ਹੋਈ ਮਾਨਸਕਿਤਾ ਦਾ ਨਤੀਜਾ ਹੁੰਦਾ ਹੈ । ਭਾਈ ਗੁਰਦਾਸ ਜੀ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਚਾਰ ਦੌਰਿਆਂ (ਉਦਾਸੀ) ਦਾ ਜ਼ਿਕਰ ਕਰਦਿਆਂ ਲਿਖਿਆ ਹੈ 'ਸਿਧ ਨਾਥ ਅਵਤਾਰ ਸਭ, ਗੋਸਟਿ ਕਰਿ ਕਰਿ ਕੰਨ ਫੜਾਇਆ'। (ਵਾਰ 26 ਪਉੜੀ 21) ਪਰ ਕਮਾਲ ਦੇਖੋ, ਇਨ੍ਹਾਂ ਗੋਸ਼ਟਾਂ ਵੇਲੇ ਵਿਚਾਰਧਾਰਕ ਵਖਰੇਵਿਆਂ ਕਾਰਣ ਜਗਤ ਗੁਰੂ ਬਾਬੇ ਨਾਨਕ ਨੇ ਨਾ ਕਿਸੇ ਨੂੰ ਕੌੜਾ ਲਫ਼ਜ਼ ਬੋਲਿਆ ਅਤੇ ਨਾ ਹੀ ਬਾਬੇ 'ਤੇ ਕਿਸੇ ਨੇ ਸਿੱਧੇ ਰੂਪ ਵਿੱਚ ਜਾਨ-ਲੇਵਾ ਹਮਲਾ ਕੀਤਾ । ਟਕਸਾਲੀ ਸਿੰਘ ਅਖਵਾਉਣ ਵਾਲਿਆ ਨੂੰ ਵਿਚਾਰਨ ਦੀ ਲੋੜ ਹੈ ਕਿ ਕੀ ਉਹ ਬਾਬੇ ਨਾਨਕ ਵੇਲੇ ਦੇ ਬ੍ਰਾਹਮਣਾਂ, ਮੁਲਾਣਿਆਂ ਤੇ ਨਾਥ ਜੋਗੀਆਂ ਤੋਂ ਵੀ ਨਿਘਰ ਗਏ ਹਨ ਜਿਹੜੇ ਦੇਸ਼ ਵਿਦੇਸ਼ ਵਿੱਚ ਪ੍ਰੋ. ਧੰਦੇ ਵਰਗੇ ਜਾਗਰੂਕ ਪ੍ਰਚਾਰਕਾਂ ਦੀਆਂ ਪੱਗਾਂ ਲਾਹੁਣ ਲਈ ਕਾਹਲੇ ਪਏ ਰਹਿੰਦੇ ਹਨ । ਭਾਈ ਪੰਥਪ੍ਰੀਤ ਸਿੰਘ ਵਰਗੇ ਗੁਰਮੁਖ ਗੁਰਸਿੱਖ ਵੀ ਧੁੰਮੇ ਵਰਗਿਆਂ ਨੂੰ ਦੁਸ਼ਟ ਦਿਸਦੇ ਹਨ । ਜੇ ਪੰਥਪ੍ਰੀਤ ਸਿੰਘ ਦੁਸ਼ਟ ਹੈ ਤਾਂ ਫਿਰ ਦੱਸੋ ਧੁੰਮੇ ਨੂੰ ਕਿਸ ਕੋਟੀ ਵਿੱਚ ਗਿਣਿਆ ਜਾਏ ? ਕੋਈ ਭੁੱਲ ਹੋ ਗਈ ਹੋਵੇ ਤਾਂ ਮੁਆਫ਼ ਕਰਨਾ ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਪ੍ਰਚਾਰਣ ਵਾਲਿਆਂ ਦਾ ਇੱਕ ਨਿਮਾਣਾ ਸੇਵਾਦਾਰ : ਦਲਜੀਤ ਸਿੰਘ ਨਿਓਡਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top