Share on Facebook

Main News Page

ਪੰਥਕ ਪਰਚਾਰਕਾਂ ਨੂੰ ਕਤਲ ਕਰਨ ਦੀਆਂ ਧਮਕੀਆਂ ਦੇਣ ਵਾਲੇ ਗੁੰਡਾ ਅੰਸਰਾਂ ਨੂੰ ਪੰਜਾਬ ਸਰਕਾਰ ਗ੍ਰਿਫ਼ਤਾਰ ਕਰੇ
-: ਡਾ. ਹਰਜਿੰਦਰ ਸਿੰਘ ਦਿਲਗੀਰ
22 May 2018

ਕੈਪਟਨ ਅਮਰਿੰਦਰ ਸਿੰਘ ਦਾ ਫ਼ਰਜ਼ ਹੈ ਕਿ ਸਿੱਖ ਪਰਚਾਰਕਾਂ ਨੂੰ ਕਤਲ ਕਰਨ ਦੀਆਂ ਧਮਕੀਆਂ ਦੇਣ ਵਾਲੇ ਗੁੰਡਾ ਅੰਸਰਾਂ ਨੂੰ ਗ੍ਰਿਫ਼ਤਾਰ ਕਰੇ।

20 ਮਈ 2018 ਦੇ ਦਿਨ ਚਰਨਜੀਤ ਸਿੰਘ ਜੱਸੋਵਾਲ ਨਾਂ ਦੇ ਇਕ ਬੰਦੇ ਨੇ ਇਕ ਲੈਕਚਰ ਕਰ ਕੇ ਪਰਚਾਰਕਾਂ ਨੂੰ ਕਤਲੇਆਮ ਦੀਆਂ ਸ਼ਰੇਆਮ ਧਮਕੀਆਂ ਦਿੱਤੀਆਂ ਹਨ। ਉਸ ਦੇ ਲੈਕਚਰ ਵੇਲੇ ਚੌਕ ਮਹਿਤਾ ਡੇਰੇ ਵਾਲੇ (ਜੋ 1977 ਤੋਂ ਖ਼ੁਦ ਨੂੰ ਅਖੌਤੀ ਟਕਸਾਲ ਕਹਿਣ ਲਗ ਪਏ ਹਨ) ਦੇ ਚੌਧਰੀ ਹੀ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਵੀ ਹਾਜ਼ਰ ਸਨ। ਇਸ ਦੇ ਨਾਲ ਹੀ ਇਸ ਦੀ ਵੀਡੀਓ ਵੀ ਜਾਰੀ ਕਰ ਦਿੱਤੀ ਗਈ ਹੈ। ਇਸ ਵਿਚ ਉਹ ਸ਼ਰੇਆਮ ਧਮਕੀਆਂ ਦੇ ਰਿਹਾ ਹੈ ਕਿ ਜੋ ਉਨ੍ਹਾ ਦੀ ਸੋਚ ਦੇ ਖ਼ਿਲਾਫ਼ ਗੱਲ ਕਰੇਗਾ ਉਸ ਦੀ ਛਾਤੀ ਵਿਚੋਂ ਛੇ ਗੋਲੀਆਂ ਕੱਢ ਦਿੱਤੀਆਂ ਜਾਣਗੀਆਂ ਜਾਂ ਉੇਸ ਨੂੰ ਜਿਊਂਦਾ ਜ਼ਮੀਨ ਵਿਚ ਗੱਡ ਦਿੱਤਾ ਜਾਵੇਗਾ।

ਮੈਨੂੰ ਇਹ ਸੁਣ ਕੇ ਹੈਰਾਨੀ ਨਹੀਂ ਹੋਈ ਕਿਉਂਕਿ ਇਹ ਟੋਲਾ ਸਿਰਫ਼ ਮੈਨੂੰ ਹੀ ਨਹੀਂ ਪ੍ਰੋ ਦਰਸ਼ਨ ਸਿੰਘ, ਭਾਈ ਰਣਜੀਤ ਸਿੰਘ ਢਡਰੀਆਂਵਾਲਾ, ਭਾਈ ਪੰਥਪ੍ਰੀਤ ਸਿੰਘ ਤੇ ਭਾਈ ਅਮਰੀਕ ਸਿੰਘ ਨੂੰ ਕਤਲ ਕਰਨ ਦੀਆਂ ਸਿਰਫ਼ ਧਮਕੀਆਂ ਹੀ ਨਹੀਂ ਦੇ ਰਿਹਾ ਬਲਕਿ ਸਾਡੇ ‘ਤੇ ਹਮਲੇ ਵੀ ਕਰ ਚੁਕਾ ਹੈ। ਇਹ ਵਖਰੀ ਗੱਲ ਹੈ ਕਿ ਅਜ ਤਕ ਅਸੀਂ ਬਚੇ ਆ ਰਹੇ ਹਾਂ।

ਇਹ ਮਾਹੌਲ ਬਹੁਤ ਖ਼ਤਰਨਾਕ ਹੈ। ਇਹੋ ਜਿਹਾ ਗੁੰਡਾ ਸਲੂਕ ਤਾਂ ਗੁਰੁ ਨਾਨਕ ਸਾਹਿਬ ਵੱਲੋਂ ਕੁਰੂਕਸ਼ੇਤਰ ਤੇ ਹਰਦੁਆਰ ਵਿਚ ਹਿੰਦੂਆਂ ਦੇ ਧਰਮ ਦੇ ਬਿਲਕੁਲ ਉਲਟ ਵਰਤਾਰਾ ਕਰਨ ਵੇਲੇ ਵੀ ਨਹੀਂ ਹੋਇਆ ਸੀ। ਇਹੋ ਜਿਹਾ ਤਾਂ ਸ਼ੀਆ ਵੀ ਸੁੰਨੀਆਂ (ਜੋ ਅਲੀ ਨੂੰ ਪਹਿਲਾ ਖ਼ਲੀਫ਼ਾ ਨਹੀਂ ਮੰਨਦੇ) ਨਾਲ ਨਹੀਂ ਕਰਦੇ। ਇਹੋ ਜਿਹਾ ਤਾਂ ਮੁਸਲਮਾਨਾਂ ਵਿਚ ਵਹਾਬੀਆਂ ਨਾਲ ਵੀ ਨਹੀਂ ਹੁੰਦਾ। ਵਹਾਬੀ ਸਾਊਦੀ ਅਰਬ ਦੇ ਹਾਕਮ ਹਨ, ਉਹ ਹਜ਼ਰਤ ਮੁਹੰਮਦ ਦੀ ਕਬਰ ਨੂੰ ਮੱਥਾ ਨਹੀਂ ਟੇਕਦੇ। ਇਹ ਸੋਚ ਤਾਲਿਬਾਨਾਂ ਤੋਂ ਵੀ ਖ਼ਤਰਨਾਕ ਹੈ। ਇਹੋ ਜਿਹਾ ਕਾਤਲ ਮਾਫ਼ੀਆ ਗੁਰਮੀਤ ਰਾਮ ਰਹੀਮ, ਆਸਾ ਰਾਮ ਅਤੇ ਰਾਮ ਪਾਲ ਦਾ ਵੀ ਨਹੀਂ ਸੀ। ਜੋ ਕੁਝ ਚੌਕ ਮਹਿਤਾ ਡੇਰੇ ਦੇ ਬੰਦਿਆਂ ਨੇ ਭਾਈ ਰਣਜੀਤ ਸਿੰਘ ਤੇ ਕਾਤਲਾਨਾ ਹਮਲਾ ਕਰ ਕੇ ਭਾਈ ਭੂਪਿੰਦਰ ਸਿੰਘ ਨੂੰ ਮਾਰ ਕੇ ਕੀਤਾ ਸੀ, ਹੁਣ ਦਾ ਮਾਹੌਲ ਉਸ ਤੋਂ ਵਧ ਖ਼ਤਰਨਾਕ ਬਣ ਰਿਹਾ ਹੈ ਤੇ ਇਸ ਮਾਹੌਲ ਦੇ ਪੈਦਾ ਹੋਣ ਦਾ ਕਾਰਨ ਹਰਨਾਮ ਸਿੰਘ ਧੁੰਮਾ ਨੂੰ ਗ੍ਰਿਫ਼ਤਾਰ ਨਾ ਕਰਨਾ ਹੈ। ਉਸ ਵਿਚ ਹਰਨਾਮ ਸਿੰਘ ਧੁੰਮਾ ਨੇ ਅਸਿੱਧੇ ਤੌਰ ਤੇ ਉਸ ਕਤਲ ਦੀ ਜ਼ਿੰਮੇਦਾਰੀ ਹੀਂ ਨਹੀਂ ਲਈ ਸੀ ਬਲਕਿ ਅੱਗੋਂ ਦੁਹਰਾਏ ਜਾਣ ਦਾ ਐਲਾਨ ਵੀ ਕੀਤਾ ਸੀ। ਉਸ ਐਲਾਨ ਨੂੰ ਹੁਣ ਅਮਰੀਕ ਸਿੰਘ ਅਜਨਾਲਾ, ਬਲਜੀਤ ਸਿੰਘ ਦਾਦੂਵਾਲ ਤੇ ਹੁਣ ਇਸ ਚਰਨਜੀਤ ਜੱਸੋਵਾਲ ਨੇ ਸ਼ਰੇਆਮ ਦੁਹਰਾਉਣਾ ਸ਼ੁਰੂ ਕਰ ਦਿੱਤਾ ਹੈ। ਅਕਾਲ ਤਖ਼ਤ ਦਾ ਪੁਜਾਰੀ ਗੁਰਬਚਨ ਸਿੰਘ, ਜੋ ਇਸ ਗੁੰਡਾ ਟੋਲੇ ਦਾ ਇਕ ਹਿੱਸਾ ਹੀ ਹੈ, ਇਨ੍ਹਾਂ ਨੂੰ ਪੂਰੀ ਹੱਲਾਸ਼ੇਰੀ ਦੇ ਰਿਹਾ ਹੈ।

ਇਹ ਬਹੁਤ ਡਰਾਉਣੀ ਤੇ ਮਾਫ਼ੀਆ ਤੋਂ ਵੀ ਵਧ ਖ਼ਤਰਨਾਕ ਹਰਕਤ ਹੈ। ਇਹ ਗੱਬਰ ਸਿੰਘ ਵਾਲੀ ਗੁੰਡਾਗਰਦੀ ਤੋਂ ਵੀ ਵਧ ਹੈ। ਇਹ ਦਹਿਸ਼ਤਗਰਦੀ ਦਾ ਸਿਖਰ ਹੈ। ਭਲਕੇ ਜੇ ਕਰ ਕੁਝ ਕਤਲ ਹੋ ਗਏ ਜਾਂ ਕੋਈ ਹੋਰ ਗੜਬੜ ਹੋਈ ਤਾਂ ਇਸ ਦੀ ਜ਼ਿੰਮੇਦਾਰ ਪੰਜਾਬ ਸਰਕਾਰ ਹੋਵੇਗੀ ਕਿਉਂਕਿ ਅਸੀਂ ਚੇਤਾਵਨੀ ਦੇ ਰਹੇ ਹਾਂ ਪਰ ਸ਼ਰੇਆਮ ਧਮਕੀਆਂ ਦੇ ਬਾਵਜੂਦ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ।

ਹੁਣ ਚਾਹੀਦਾ ਇਹ ਹੈ ਕਿ ਇਕ ਵਾਰ ਗੁੰਡਾ ਅੰਸਰ ਦੇ ਖ਼ਿਲਾਫ਼ ਮੁਹਾਜ਼ ਬਣਾ ਕੇ ਅੰਮ੍ਰਿਤਸਰ, ਤਰਨਤਾਰ ਜਾਂ ਜਲੰਧਰ ਵਿਚ ਸਮੁੱਚੇ ਪੰਥ ਦਾ ਇਕ ਸਾਂਝਾ ਧਾਰਮਿਕ ਸਮਾਗਮ ਕੀਤਾ ਜਾਵੇ ਜਿਸ ਵਿਚ ਪ੍ਰੋ ਦਰਸ਼ਨ ਸਿੰਘ, ਭਾਈ ਰਣਜੀਤ ਸਿੰਘ ਢਡਰੀਆਂਵਾਲਾ, ਭਾਈ ਪੰਥਪ੍ਰੀਤ ਸਿੰਘ ਤੇ ਭਾਈ ਅਮਰੀਕ ਸਿੰਘ ਅਤੇ ਹੋਰ ਕਥਾਕਾਰ ਵੀ ਜਾਣ। ਜੋ ਨਹੀਂ ਪਹੁੰਚ ਸਕਦੇ ਉਨ੍ਹਾਂ ਦੇ ਸੰਦੇਸ਼ ਦੀਆਂ ਵੀਡੀਓ ਵੀ ਦਿਖਾਈਆਂ ਜਾ ਸਕਦੀਆਂ ਹਨ। ਦੇਸ਼ ਵਿਦੇਸ਼ ਵਿਚੋਂ ਪ੍ਰਮੁਖ ਪੰਥਕ ਆਗੂ ਇਸ ਵਿਚ ਯਕੀਨਨ ਸ਼ਾਮਿਲ ਹੋਣਗੇ। ਇਸ ਇਕੱਠ ਵਿਚ ਇਨ੍ਹਾਂ ਕਾਤਲ ਗੁੰਡਿਆਂ ਨੂੰ ਗੜਬੜ ਕਰਨ ਤੋਂ ਰੋਕਣ ਵਾਸਤੇ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਜਾਵੇ ਜੇ ਉਹ ਨਾ ਮੰਨੇ ਤਾਂ ਹਾਈ ਕੋਰਟ ਤਕ ਪਹੁੰਚ ਕੀਤੀ ਜਾਵੇ ਜਿਵੇਂ ਅਕਤੂਬਰ 2003 ਵਿਚ ਮੋਹਾਲੀ ਵਿਚ ਸਰਬਤ ਖਾਲਸਾ ਕਨਵੈਨਸ਼ਨ ਵਾਸਤੇ ਕੀਤਾ ਗਿਆ ਸੀ। ਉਦੋਂ ਵੀ ਕੈਪਟਨ ਦੀ ਸਰਕਾਰ ਸੀ ਤੇ ਉਸ ਨੇ ਚੁਪ ਵੱਟ ਲਈ ਸੀ ਪਰ ਹਾਈ ਕੋਰਟ ਦੇ ਹੁਕਮ ਮਗਰੋਂ ਪੰਜਾਬ ਸਰਕਾਰ ਨੂੰ ਪੂਰੀ ਸਕਿਉਰਿਟੀ ਦੇਣੀ ਪਈ ਸੀ। ਇਹ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਪਰਚਾਰਕਾਂ ਦਾ ਸਾਂਝਾ ਇਕੱਠ ਹੀ ਗੁੰਡਾਗਰਦੀ ਨੂੰ ਨੱਥ ਪਾਉਣ ਦੀ ਸ਼ੁਰੂਆਤ ਬਣੇਗਾ।

ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਇਨ੍ਹਾਂ ਪੱਗਾਂ ਵਾਲੇ ਤਾਲਿਬਾਨ ਗੁੰਡਿਆਂ ਨੂੰ (ਖ਼ਾਸ ਕਰ ਕੇ ਹਰਨਾਮ ਸਿੰਘ ਧੁੰਮਾ, ਅਮਰੀਕ ਸਿੰਘ ਅਜਨਾਲਾ, ਬਲਜੀਤ ਸਿੰਘ ਦਾਦੂਵਾਲ, ਚਰਨਜੀਤ ਜੱਸੋਵਾਲ ਹੀ ਨਹੀਂ ਪੁਜਾਰੀ ਗੁਰਬਚਨ ਸਿੰਘ ਨੂੰ ਵੀ) ਮੁਨਾਸਿਬ ਧਾਰਾਵਾਂ ਹੇਠ ਗ੍ਰਿਫ਼ਤਾਰ ਕਰੇ ਅਤੇ ਪੰਜਾਬ ਵਿਚ ਅਮਨ ਕਾਇਮ ਰੱਖੇ, ਵਰਨਾ, ਬਹੁਤ ਦੇਰ ਹੋ ਜਾਵੇਗੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top