Share on Facebook

Main News Page

ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ ਪੰਥਕ ਇਕੱਠ ਵੱਲੋਂ ਅਹਿਮ ਫ਼ੈਸਲੇ
ਵਿਚਾਰਾਂ ਦੇ ਮਤ ਭੇਦ ਕਾਰਨ ਗੁਰੂ ਘਰਾਂ ਅੰਦਰ ਪ੍ਰਚਾਰਕਾਂ ਉਤੇ ਹਮਲੇ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਚੜ੍ਹਦੀ ਕਲਾ ਵਿੱਚ ਮਨਾਉਣ ਵੱਲ ਧਿਆਨ ਦਿੱਤਾ ਜਾਵੇ

ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।।

ਮਿਤੀ 13 ਮਈ 2018 ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡਰਬੀ ਵਿਖੇ ਯੂ ਕੇ ਅਤੇ ਦੇਸ਼ ਵਿਦੇਸ਼ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਸੇਵਾਦਾਰਾਂ ਅਤੇ ਪੰਥਕ ਜਥੇਬੰਦੀਆਂ ਦੀ ਇਸ ਵਿਸ਼ੇਸ਼ ਇਕੱਤਰਤਾ ਵਿੱਚ ਪਹੁੰਚਣ ਵਾਲੇ ਸਾਰੇ ਗੁਰਸਿੱਖਾਂ ਨੂੰ ਜੀ ਆਇਆਂ ਆਖਦੇ ਹਾਂ । 7 ਮਈ ਨੂੰ ਸਾਊਥਾਲ ਵਿਖੇ ਇੰਗਲੈਂਡ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਧਰਮ ਦੇ ਪ੍ਰਚਾਰਕ ਗਿਆਨੀ ਅਮਰੀਕ ਸਿੰਘ ਜੀ ਨਾਲ ਕੁੱਟਮਾਰ ਕਰਨ ਅਤੇ ਦਸਤਾਰ ਉਤਾਰਨ ਦੀ ਵਾਪਰੀ ਘਟਨਾ ਦੀ ਸਖਤ ਨਿਖੇਧੀ ਕਰਦੇ ਹਾਂ। ਅਜਿਹਾ ਵਾਪਰਨ ਨਾਲ ਜਿੱਥੇ ਅਗਲੀ ਨੋਜਵਾਨ ਪੀੜੀ ਸਿੱਖੀ ਤੋਂ ਦੂਰ ਹੁੰਦੀ ਹੈ ਉਥੇ ਦੂਜੇ ਭਾਈਚਾਰਿਆਂ ਵਿੱਚ ਵੀ ਸਿੱਖਾਂ ਦਾ ਗਲਤ ਅਕਸ ਜਾਂਦਾ ਹੈ । ਇਸ ਲਈ ਅਜਿਹੀਆਂ ਘਟਨਾਵਾਂ ਨੂੰ ਗੁਰੂ ਮਤਿ ਤੇ ਚੱਲਦਿਆਂ ਰੋਕਿਆ ਜਾਣਾ ਬਹੁਤ ਜ਼ਰੂਰ ਹੈ । ਅੱਗੇ ਤੋਂ ਅਜਿਹਾ ਵਾਪਰਨ ਤੋਂ ਬਚਣ ਲਈ ਹੀ ਅੱਜ ਦਾ ਇਕੱਠ ਬੁਲਾਇਆ ਗਿਆ ਹੈ ।

ਇਕ ਵਿਸ਼ੇਸ਼ ਜਥੇਬੰਦੀ ਅਤੇ ਧਰਮ ਪ੍ਰਚਾਰਕਾਂ ਦੇ ਛਿੜੇ ਵਾਦ ਵਿਵਾਦ ਬਾਰੇ ਇਹੀ ਸੁਝਾਅ ਆਏ ਹਨ ਕਿ ਯੂ ਕੇ ਵਿੱਚ ਜੇ ਕਿਸੇ ਜਥੇਬੰਦੀ ਜਾਂ ਵਿਅਕਤੀ ਵਿਸ਼ੇਸ਼ ਨੂੰ ਕਿਸੇ ਧਰਮ ਪ੍ਰਚਾਰਕ ਦੀ ਸ਼ਬਦਾਵਲੀ ਜਾਂ ਵਿਸ਼ੇ ਵਸਤੂ ਉਤੇ ਕੋਈ ਇਤਰਾਜ਼ ਹੈ ਤਾਂ ਇਤਰਾਜ਼ ਕਰਨ ਵਾਲਿਆਂ ਨੂੰ ਆਪਣਾ ਇਤਰਾਜ਼ ਲਿਖਤੀ ਰੂਪ ਵਿੱਚ ਤੱਥਾਂ ਦੇ ਆਧਾਰ ਤੇ ਸਿੱਖ ਕੌਂਸਲ ਯੂ ਕੇ ਨੂੰ ਭੇਜਣਾ ਚਾਹੀਦਾ ਹੈ ਤੇ ਉਸ ਦੀ ਇਕ ਕਾਪੀ ਸਬੰਧਿਤ ਪ੍ਰਚਾਰਕ ਨੂੰ ਭੇਜਣੀ ਚਾਹੀਦੀ ਹੈ। ਸਬੰਧਿਤ ਪ੍ਰਚਾਰਕ ਨੂੰ ਵੀ ਚਾਹੀਦਾ ਹੈ ਕਿ ਉਹ ਆਪਣਾ ਪੱਖ ਲਿਖਤੀ ਰੂਪ ਵਿੱਚ ਸਿੱਖ ਕੌਂਸਲ ਯੂ ਕੇ ਨੂੰ ਭੇਜੇ । ਨਾਲ ਹੀ ਸਿੱਖ ਕੌਂਸਲ ਯੂ ਕੇ ਨੂੰ ਬੇਨਤੀ ਕਰਦੇ ਹਾਂ ਕਿ ਧਰਮ ਪ੍ਰਚਾਰ ਸਬੰਧੀ ਸ਼ਿਕਾਇਤਾਂ ਸੁਣਨ ਵਾਸਤੇ ਸਭ ਜਥੇਬੰਦੀਆਂ ਨੂੰ ਪ੍ਰਵਾਣਿਤ ਪੰਜ ਮੈਂਬਰੀ ਕਮੇਟੀ ਛੇਤੀ ਤੋਂ ਛੇਤੀ (ਤਿੰਨ ਮਹੀਨਿਆਂ ਵਿੱਚ) ਬਣਾਈ ਜਾਵੇ । ਫ਼ੈਸਲਾ ਉਹ ਪੰਜ ਮੈਂਬਰੀ ਕਮੇਟੀ ਕਰੇ ਕਿ ਕੌਣ ਸਹੀ ਹੈ ਕੌਣ ਗਲਤ ਹੈ । ਕਿਸੇ ਵੀ ਗੁਰੂ ਘਰ ਦੀ ਸਟੇਜ ਤੋਂ ਬੋਲਣ ਸਮੇਂ ਸਿੱਧਾ ਜਾ ਕੇ ਪ੍ਰਚਾਰਕ ਨਾਲ ਜੁਆਬ ਤਲਬੀ ਨਾ ਕੀਤੀ ਜਾਵੇ ।

ਜੁਆਬ ਤਲਬੀ ਦੇ ਬਹਾਨੇ ਗੁਰਦੁਆਰੇ ਦੇ ਅੰਦਰ ਹੀ ਕਿਸੇ ਗੁਰਸਿੱਖ ਪ੍ਰਚਾਰਕ ਨਾਲ ਧੱਕਾ ਮੁੱਕੀ ਕਰਕੇ ਉਸ ਦੀ ਦਸਤਾਰ ਲਾਹ ਦੇਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਦੇ ਬਰਾਬਰ ਹੈ । ਜਿਸ ਦੀ ਅੱਜ ਦਾ ਇਕੱਠ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ । ਪ੍ਰਚਾਰਕਾਂ ਨੂੰ ਵੀ ਬੇਨਤੀ ਹੈ ਕਿ ਸਿੱਖ ਪੰਥ ਦੇ ਇਤਿਹਾਸਕ ਸਥਾਨਾਂ/ਨਾਮ ਜਪਣ/ਗੁਰਬਾਣੀ ਅਤੇ ਇਤਿਹਾਸਕ ਘਟਨਾਵਾਂ ਪ੍ਰਤੀ ਜੋ ਸੰਗਤਾਂ ਦੀ ਸ਼ਰਧਾ ਹੈ, ਉਸ ਬਾਰੇ ਉਹ ਬੇਲੋੜਾ ਕਿੰਤੂ ਪ੍ਰੰਤੂ ਕਰਨ ਦੀ ਬਜਾਏ ਸਗੋਂ ਹੋਰ ਗੁਰਬਾਣੀ ਤੇ ਸਿੱਖ ਇਤਿਹਾਸ ਆਪ ਪੜ੍ਹਨ ਤੇ ਵਿਚਾਰਨ ਲਈ ਸੰਗਤਾਂ ਨੂੰ ਆਖਣ ।

ਅਸੀਂ ਸਾਰੀਆਂ ਸੰਸਥਾਵਾਂ ਦਾ ਸਤਿਕਾਰ ਕਰਦੇ ਹਾਂ, ਇਕ ਦੋ ਬੰਦੇ ਕਿਸੇ ਸੰਸਥਾ ਵਿੱਚ ਵੀ ਸ਼ਰਾਰਤੀ ਬਿਰਤੀ ਵਾਲੇ ਹੋ ਸਕਦੇ ਹਨ, ਉਹਨਾਂ ਦੀ ਬਿਨਾ ਤੇ ਕਿਸੇ ਵੀ ਸਮੁੱਚੀ ਸੰਸਥਾ ਨੂੰ ਜਾਂ ਸਾਰੇ ਸੇਵਾਦਾਰਾਂ ਨੂੰ ਬਦਨਾਮ ਨਾ ਕੀਤਾ ਜਾਵੇ । ਕੇਵਲ ਉਸ ਸਬੰਧਿਤ ਵਿਅਕਤੀ ਨਾਲ ਹੀ ਗੱਲਬਾਤ ਕੀਤੀ ਜਾਵੇ । ਟੀਵੀ ਪ੍ਰਜ਼ੈਂਟਰਾਂ/ਇਲੈਕਟ੍ਰੋਨਿਕ ਮੀਡੀਆ ਨੂੰ ਵੀ ਚਾਹੀਦਾ ਹੈ ਕਿ ਜਿਹੜਾ ਵਿਅਕਤੀ ਇਤਿਹਾਸ ਵਿਗਾੜਦਾ ਹੈ, ਉਸ ਦਾ ਹੀ ਨਾਂ ਲੈਣਾ ਚਾਹੀਦਾ ਹੈ ਨਾ ਕਿ "ਇਤਿਹਾਸ ਵਿਗਾੜਿਆ ਜਾ ਰਿਹਾ ਹੈ ਦਾ" ਬਹਾਨਾ ਲਾ ਕੇ ਕਿਸੇ ਹੋਰ ਪ੍ਰਚਾਰਕ ਨੂੰ ਬਦਨਾਮ ਕੀਤਾ ਜਾਵੇ । ਇਸ ਤਰਾਂ ਸੰਗਤਾਂ ਵਿੱਚ ਬਹੁਤ ਗਲਤ ਸੁਨੇਹਾ ਜਾਂਦਾ ਹੈ।

ਅੱਜ ਜਦੋਂ ਆਰ ਐਸ ਐਸ ਸਿੱਖ ਧਰਮ ਉਤੇ ਬੌਧਿਕ ਹਮਲੇ ਕਰ ਰਹੀ ਹੈ ਤੇ ਰਾਸ਼ਟਰੀ ਸਿੱਖ ਸੰਗਤ ਦੇ ਨਾਂ ਤੇ ਸਿੱਖ ਪੰਥ ਵਿੱਚ ਘੁਸਪੈਠ ਕਰਕੇ ਸਿੱਖ ਪੰਥ ਦਾ ਇਤਿਹਾਸ ਵਿਗਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਸਮੂਹ ਪੰਥਕ ਜਥੇਬੰਦੀਆਂ ਅਤੇ ਪ੍ਰਚਾਰਕਾਂ ਨੂੰ ਉਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਇਲਾਵਾ ਹੋਰ ਬੜੇ ਮਸਲੇ ਤੇ ਮੁੱਦੇ ਹਨ, ਜਿਹਨਾਂ ਬਾਰੇ ਕੁਝ ਕਰਨ ਦੀ ਲੋੜ ਹੈ ਜਿਵੇਂ ਗੁਰੂ ਡੰਮ੍ਹ, ਨਸ਼ਿਆਂ ਅਤੇ ਮਨੁੱਖੀ ਅਧਿਕਾਰਾਂ ਅਤੇ ਪੰਜਾਬ ਵਿੱਚ ਗਰੀਬ ਸਿੱਖ ਪਰਿਵਾਰਾਂ ਨੂੰ ਝੂਠ ਬੋਲ ਕੇ ਇਲਾਜ ਦੇ ਬਹਾਨੇ ਇਸਾਈ ਬਣਾਇਆ ਜਾ ਰਿਹਾ ਹੈ । ਸਿੱਖਾਂ ਨੂੰ ਅੱਜ ਇਹਨਾਂ ਮਸਲਿਆਂ ਬਾਰੇ ਕੁਝ ਕਰਨ ਦੀ ਲੋੜ ਹੈ । ਆਪਣੇ ਹੀ ਘਰ ਵਿੱਚ ਲੜ ਕੇ ਪੰਥ ਦਾ ਸਮਾਂ ਅਤੇ ਤਾਕਤ ਬਰਬਾਦ ਨਾ ਕੀਤੀ ਜਾਵੇ ।

ਅੱਜ ਸਭ ਤੋਂ ਵੱਡੀ ਗੱਲ ਸਿੱਖ ਕੌਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਅਗਲੇ ਸਾਲ ਆ ਰਿਹਾ ਹੈ। ਸਾਨੂੰ ਵਿਚਾਰਨ ਦੀ ਲੋੜ ਹੈ ਕਿ ਉਸ ਬਾਰੇ ਅਸੀਂ ਕੀ ਤਿਆਰੀ ਕਰ ਰਹੇ ਹਾਂ । ਪੰਥ ਦੇ ਸਾਰੇ ਪ੍ਰਚਾਰਕਾਂ, ਸਮੂਹ ਜਥੇਬੰਦੀਆਂ ਅਤੇ ਗੁਰਦੁਆਰਾ ਸਾਹਿਬਾਨ ਨੂੰ ਸਨਿਮਰ ਬੇਨਤੀ ਹੈ ਕਿ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸਾਰੇ ਸਿੱਖਾਂ ਵੱਲੋਂ ਸਿਰ ਜੋੜ ਕੇ ਵੱਡੇ ਪੱਧਰ ਨੂੰਤੇ ਪ੍ਰੋਗਰਾਮ ਉਲੀਕੇ ਜਾਣ, ਗੁਰੂ ਸਾਹਿਬ ਦਾ ਸਰਬ ਸਾਂਝਾ ਉਪਦੇਸ਼ ਦੁਨੀਆ ਤੱਕ ਪਹੁੰਚਾਇਆ ਜਾਵੇ । ਪਰ ਸਾਡੇ ਹੀ ਕੁਝ ਭਰਾ ਜਾਣੇ ਅਨਜਾਣੇ ਵਿੱਚ ਸਿੱਖ ਸੰਗਤਾਂ ਦਾ ਧਿਆਨ ਸਹੀ ਪਾਸੇ ਤੋਂ ਉਲਾਂਭੇ ਲਿਜਾਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ, ਉਹ ਹੀ ਜਾਨਣ । ਪਰ ਉਹਨਾਂ ਦੀਆਂ ਹਰਕਤਾਂ ਨਾਲ ਪੰਥ ਦਾ ਕੋਈ ਭਲਾ ਨਹੀਂ ਹੋਣ ਵਾਲਾ ।

ਅੱਜ ਦੇ ਇਕੱਠ ਵਿੱਚ ਇਹ ਫ਼ੈਸਲਾ ਕੀਤਾ ਜਾਂਦਾ ਹੈ ਕਿ ਪਹਿਲਾਂ ਤਾਂ ਗੁਰੂ ਘਰਾਂ ਅੰਦਰ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਗੁਰੇਜ਼ ਕਰਨ ਲਈ ਸਨਿਮਰ ਬੇਨਤੀ ਕੀਤੀ ਜਾਂਦੀ ਹੈ । ਪਰ ਜੇ ਉਹ ਫਿਰ ਵੀ ਨਹੀਂ ਰੁਕਦੇ ਤਾਂ ਸਬੰਧਿਤ ਗੁਰਦੁਆਰਾ ਸਾਹਿਬ ਉਹਨਾਂ ਦੇ ਦਾਖਲੇ ਤੇ ਕਾਨੂੰਨੀ ਤੌਰ ਪਾਬੰਦੀ ਲਾਉਣ ਲਈ ਸੋਚ ਸਕਦੇ ਹਨ । ਕਿਸੇ ਵੀ ਗੁਰੂ ਘਰ ਦਾ ਮਾਹੌਲ ਵਿਗਾੜਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦੇਣੀ ਚਾਹੀਦੀ ।

ਸਾਡੇ ਸਾਰੇ ਧਾਰਮਿਕ ਗ੍ਰੰਥਾਂ ਜਾਂ ਇਤਿਹਾਸਕ ਸਰੋਤਾਂ ਬਾਰੇ ਸਮੁੱਚਾ ਪੰਥ ਇਕ ਮੱਤ ਨਹੀਂ ਹੈ, ਅੱਜ ਦੇ ਵਾਦ ਵਿਵਾਦ ਦਾ ਇਹ ਵੀ ਇਕ ਕਾਰਨ ਹੈ ਕਿ ਸਾਡੇ ਕੁਝ ਵਿਦਵਾਨ ਤੇ ਪ੍ਰਚਾਰਕ ਇਹਨਾਂ ਸਰੋਤਾਂ ਦੇ ਆਧਾਰ ਤੇ ਦੂਜੀਆਂ ਸੰਸਥਾਵਾਂ ਜਾਂ ਪ੍ਰਚਾਰਕਾਂ ਲਈ ਜਾਣੇ ਅਨਜਾਣੇ ਵਿੱਚ ਗਲਤ ਲਫ਼ਜ਼ ਵਰਤ ਕੇ ਟਿੱਪਣੀਆਂ ਕਰਦੇ ਹਨ । ਜਿਸ ਨਾਲ ਸਬੰਧਿਤ ਧਿਰ ਅਤੇ ਸੰਗਤਾਂ ਵਿੱਚ ਕੜਵਾਹਟ ਪੈਦਾ ਹੁੰਦੀ ਹੈ । ਇਸ ਲਈ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ (ਧਰਮ ਪ੍ਰਚਾਰ ਕਮੇਟੀ) ਨੂੰ ਬੇਨਤੀ ਕਰਦੇ ਹਾਂ ਕਿ ਪੰਥਕ ਵਿਦਵਾਨਾਂ ਦਾ ਇਕ ਵਿਸ਼ੇਸ਼ ਪੈਨਲ ਬਣਾ ਕੇ ਇਹਨਾਂ ਨੂੰ ਗੁਰਬਾਣੀ ਦੀ ਕਸੌਟੀ ਦੇ ਆਧਾਰ ਤੇ ਸੋਧ ਕੇ ਸਰਵ ਪ੍ਰਵਾਣਿਤ ਇਤਿਹਾਸ ਮੁੜ ਤੋਂ ਲਿਖਵਾਇਆ ਜਾਵੇ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top