Share on Facebook

Main News Page

ਦਿਲ ਕੇ ਫਫੋਲੇ ਜਲ ਉਠੇ ਸੀਨੇ ਕੇ ਦਾਗ ਸੇ, ਇਸ ਘਰ ਕੋ ਲਗੀ ਆਗ ਘਰ ਕੇ ਚਿਰਾਗ ਸੇ
ਭਾਈ ਅਮਰੀਕ ਸਿੰਘ ਚੰਡੀਗੜ੍ਹ ਤੇ ਹੋਏ ਹਮਲੇ ਦਾ ਮੁੱਦਾ ਭਖਿਆ
-: ਕੁਲਵੰਤ ਸਿੰਘ ਢੇਸੀ
14 May 2018

ਸਿੰਘ ਸਭ ਗੁਰਦਵਾਰਾ ਸਾਊਥਾਲ ਵਿਖੇ ਕਥਾ ਕਰਨ ਗਏ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਤੇ ਹੋਏ ਹਮਲੇ ਤੇ ਦੁਨੀਆਂ ਭਰ ਦੇ ਸਿੱਖਾਂ ਵਿਚ ਤਿੱਖਾ ਪ੍ਰਤੀਕਰਮ ਹੋਇਆ ਹੈ ਅਤੇ ਹਰ ਪਾਸਿਓਂ ਇਸ ਘਟਨਾ ਨੂੰ ਸਰਅੰਜਾਮ ਦੇਣ ਵਾਲਿਆਂ ਦੀ ਨਿੰਦਾ ਹੋ ਰਹੀ ਹੈ। ਇਹ ਹਮਲਾ ਜਿਸ ਤਰੀਕੇ ਨਾਲ ਹੋਇਆ ਉਸ ਸਬੰਧੀ ਭਾਈ ਅਮਰੀਕ ਸਿੰਘ ਚੰਡੀਗੜ੍ਹ ਦੀ ਜੋ ਆਡੀਓ ਵਾਇਰਲ ਹੋਈ ਹੈ ਉਸ ਵਿਚ ਉਹਨਾ ਦੇ ਬਿਆਨ ਇਸ ਪ੍ਰਕਾਰ ਹਨ--

.......ਉਹਨਾ ਨੇ ਹੁਕਮਨਾਮੇ ਦੀ ਵੀ ਉਡੀਕ ਨਹੀਂ ਕੀਤੀ ਅਤੇ ਉੱਠ ਉੱਠ ਕੇ ਆਉਣ ਲੱਗ ਪਏ ਕਿ ਤੂੰ ਕਥਾ ਨਹੀਂ ਕਰਨੀ----- ਹੁਕਮਨਾਮੇ ਤੋਂ ਉਪਰੰਤ ਜਿਸ ਵੇਲੇ ਸਟੇਜ ਸਕੱਤਰ ਮੰਡ ਨੇ ਸਟੇਜ ਤੋਂ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਤਾਂ ਉਹ ਬਜੁਰਗ ਵਾਰ ਵਾਰ ਮੈਨੂੰ ਵੀਡੀਓ ਵਿਖਾ ਕੇ ਟੋਕਦੇ ਰਹੇ ਕਿ ਕੀ ਇਸ ਦਾ ਤੇਰੇ ਕੋਲ ਜਵਾਬ ਹੈ?.....ਇਸ ਦੇ ਜਵਾਬ ਵਿਚ ਮੈਂ ਹੁਣ ਤਕ ਕੁਝ ਵੀ ਨਹੀਂ ਸੀ ਬੋਲਿਆ..... ਇਹ ਮਹੌਲ ਦੇਖ ਕੇ ਮੇਰੀ ਦਿਲ ਦੀ ਭਾਵਨਾ ਵੈਸੇ ਇਹ ਸੀ ਕਿ ਮੈਂ ਫਤਹਿ ਬੁਲਾ ਕੇ ਇਹ ਗੱਲ ਕਹਿਣੀ ਹੈ ਕਿ ਆਪਣੇ ਵਿਚ ਤਾਂ ਪਹਿਲਾਂ ਹੀ ਪਾੜੇ ਬਹੁਤ ਨੇ ਅਤੇ ਆਪਾਂ ਹੋਰ ਗੱਲ ਨਾ ਵਧਾਈਏ......ਪਰ ਜਿਸ ਵੇਲੇ ਗੁਰਸ਼ਰਨ ਸਿੰਘ ਜੀ ਮੰਡ ਬੋਲ ਰਹੇ ਸਨ ਤਾਂ ਉਹਨਾ ਨੇ ਰੌਲਾ ਪਾ ਦਿੱਤਾ ਕਿ ਤੁਸੀਂ ਬੋਲਣਾ ਬੰਦ ਕਰੋ ਅਸੀਂ ਆਪਣੀ ਗੱਲ ਕਰਨੀ ਹੈ....... ਉਹਨਾ ਕਿਹਾ (ਮੰਡ ਸਾਹਬ ਨੇ) ਕਿ ਜੇਕਰ ਗੱਲ ਕਰਨੀ ਹੈ ਤਾਂ ਇਸ ਤਰਾਂ ਹੁੱਲੜਬਾਜੀ ਕਰਨ ਦੀ ਬਜਾਏ ਤੁਸੀਂ ਕੁਝ ਸਿੰਘ ਆ ਜਾਓ ਆਪਾਂ ਗੱਲ ਕਰ ਲੈਂਦੇ ਹਾਂ......ਉਹਨਾ ਵਿਚੋਂ ਚਰਨ ਸਿੰਘ ਉੱਠ ਕੇ ਬਹੁਤ ਹੀ ਜਿਆਦਾ ਗੁੱਸੇ ਵਿਚ ਅੱਗੇ ਆਏ.....ਪ੍ਰਮਜੀਤ ਸਿੰਘ ਢਾਡੀ ਪਹਿਲਾਂ ਹੀ ਸਟੇਜ ਤੇ ਪਹੁੰਚ ਗਿਆ ਸੀ......ਮੈਨੂੰ ਤਾਂ ਇੰਝ ਲੱਗਦਾ ਸੀ ਕਿ ਉਹ ਸਟੇਜ ਸਕੱਤਰ ਨੂੰ ਫੜਨਗੇ ਨਾ ਕਿ ਮੈਨੂੰ ਕਿਓਂਕਿ ਉਹਨਾ ਵਲ (ਮੰਡ ਵਲ) ਉਹ ਏਨੇ ਗੁੱਸੇ ਵਿਚ ਆਏ .....ਮੰਡ ਸਾਹਬ ਨੇ ਕਿਹਾ ਕਿ ਤੁਸੀਂ ਪੰਜ ਸਿੰਘ ਆਓ ਅਤੇ ਆਪਾਂ ਉੱਪਰ ਬੈਠ ਕੇ ਗੱਲ ਕਰ ਲੈਂਦੇ ਹਾਂ ਅਤੇ ਇਹ ਗੱਲ ਮੈਨੂੰ ਬੜੀ ਪਿਆਰੀ ਲੱਗੀ ਕਿਓਂਕਿ ਇਹ ਸਾਡਾ ਗੁਰਮਤ ਦਾ ਵਿਰਸਾ ਹੈ ਤੇ ਸਾਨੂੰ ਪੰਜ ਪਿਆਰਿਆਂ ਦਾ ਸਤਕਾਰ ਕਰਨਾ ਚਾਹੀਦਾ ਹੈ। ਮੈਂ ਵੀ ਉੱਧਰ ਚਲਾ ਗਿਆ ਅਤੇ ਇਹ ਵੀ ਆ ਗਏ। ਇਹਨਾ ਨੇ ਅੱਗੇ ਆਪਣੇ ਬੰਦੇ ਖੜ੍ਹੇ ਕੀਤੇ ਹੋਏ ਸਨ ਅਤੇ ਇਹਨਾ ਨੇ ਮੇਰੇ ਧੱਫਾ ਮਾਰਿਆ ਜਿਸ ਨਾਲ ਮੇਰੀ ਦਸਤਾਰ ਅੱਗੇ ਵਲ ਨੂੰ ਡਿੱਗ ਪਈ, ਤੇ ਇਹਨਾ ਨੇ ਮੇਰੇ ਵਾਲ ਫੜ ਕੇ ਮੈਨੂੰ ਪਿਛਾਂਹ ਨੂੰ ਸੁੱਟ ਲਿਆ ਅਤੇ ਚਰਨ ਸਿੰਘ ਨੇ ਖੁਦ ਨੇ ਮੇਰੇ ਮੁੱਕੀਆਂ ਮਾਰੀਆਂ.....ਰਘਬੀਰ ਸਿੰਘ ਅਵਾਜੇ ਕੌਮ ਵੀ ਵਿਚ ਸੀ ਉਸ ਵੇਲੇ......ਇਹਨਾ ਲੋਕਾਂ ਨੇ ਜਿਹਨਾ ਨੇ ਅੱਜ ਤਕ ਸ਼ਹੀਦਾਂ ਦੇ ਨਾਮ ਤੇ ਫੰਡ ਇਕੱਠੇ ਕਰਕੇ ਖਾਧੇ ਹਨ, ਮੈਂ ਬੇਨਤੀ ਕਰਨਾ ਚਹੁੰਨਾ ਕਿ ਇਹਨਾ ਲੋਕਾਂ ਦੀ ਕਮਾਈ ਆਹ ਹੈ। ਅੱਜ ਸਾਡੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਪਰ ਇਹਨਾ ਨੇ ਆਹ ਕਮਾਈ ਕੀਤੀ ਆ-----ਇਹਨਾ ਨੇ ਮੇਰੇ ਕੇਸ ਖਿੱਚੇ ਦਾੜ੍ਹੀ ਪੁੱਟੀ ਅਤੇ ਅੱਖਾਂ ਵਿਚ ਸ਼ਾਇਦ ਉਂਗਲਾਂ ਮਾਰੀਆਂ ਤੇ ਲੱਤਾਂ ਨਾਲ ਕੁੱਟਿਆ......

ਜਦੋਂ ਪੁੱਛਿਆ ਗਿਆ ਕਿ ਤੁਹਾਡੇ ਸ਼ਰੀਰ 'ਤੇ ਜ਼ਖਮ ਵੀ ਹੋਏ ਹੋਣਗੇ? ਭਾਈ ਅਮਰੀਕ ਸਿੰਘ ਹਾਂ ਵਿਚ ਜਵਾਬ ਦਿੰਦੇ ਹਨ ਅਤੇ ਜਦੋਂ ਪੁੱਛਿਆ ਜਾਂਦਾ ਹੈ ਕਿ ਕੀ ਪ੍ਰਬੰਧਕ ਕਮੇਟੀ ਨੇ ਇਸ ਹਮਲੇ ਸਬੰਧੀ ਪੁਲਿਸ ਕੋਲ ਰਿਪੋਰਟ ਕੀਤੀ ਤਾਂ ਉਹਨਾ ਦਾ ਜਵਾਬ ਸੀ ਕਿ ਪ੍ਰਬੰਧਕਾਂ ਨੇ ਨਾ ਤਾਂ ਪੁਲਿਸ ਬੁਲਾਈ ਅਤੇ ਨਾ ਹੀ ਮੈਨੂੰ ਪੁੱਛਿਆ ਸਗੋਂ ਮੈਨੂੰ ਇਹ ਹੀ ਕਿਹਾ ਜਾਂਦਾ ਰਿਹਾ ਕਿ ਗਲਤੀਆਂ ਦੀ ਮੁਆਫੀ ਮੰਗੋ ਅਤੇ ਵੀਡੀਓ ਬਣਾ ਕੇ ਪਾਓ। ਦੇਖੋ ਮੇਰੇ ਤੇ ਉਹਨਾ ਨੇ ਹਮਲਾ ਕੀਤਾ, ਮੇਰੀ ਦਸਤਾਰ ਲਾਹੀ, ਮੇਰੀ ਦਾਹੜੀ ਪੁੱਟੀ ਅਤੇ ਮੈਨੂੰ ਹੀ ਮੁਆਫੀ ਮੰਗਣ ਲਈ ਮਜ਼ਬੂਰ ਕਰਦੇ ਰਹੇ ਅਤੇ ਕਹਿੰਦੇ ਰਹੇ ਕਿ ਅਗਰ ਤੂੰ ਮੁਆਫੀ ਨਾ ਮੰਗੀ ਤਾਂ ਫਿਰ ਤੇਰੀ ਕਥਾ ਨਹੀਂ ਹੋ ਸਕਦੀ। ਮੈਂ ਕਿਹਾ ਕਿ ਜੇਕਰ ਕਥਾ ਨਹੀਂ ਹੋ ਸਕਦੀ ਤਾਂ ਮੈਂ ਚਲੇ ਜਾਂਦਾ ਹਾਂ।

ਇਸ ਤੋਂ ਬਾਅਦ ਭਾਈ ਅਮਰੀਕ ਸਿੰਘ ਨੂੰ ਸਿੰਘ ਸਭਾ ਸਲੋਅ ਦੀ ਪ੍ਰਬੰਧਕ ਕਮੇਟੀ ਹਸਪਤਾਲ ਲੈ ਕੇ ਗਈ ਅਤੇ ਉਹਨਾ ਨੂੰ ਵੱਜੀਆਂ ਸੱਟਾਂ ਅਤੇ ਅੱਖ ਦੇ ਇਲਾਜ ਲਈ ਦਵਾਈ ਦਿੱਤੀ ਗਈ।

ਸਿੱਖ ਕੌਂਸਲ ਯੂ ਕੇ ਵਲੋਂ ਨਿੰਦਾ
ਸਿੱਖ ਕੌਂਸਲ ਯੂ ਕੇ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਸਿੱਖ ਕੌਂਸਲ ਵਿਚ ਯੂ ਕੇ ਵਿਚ ਪ੍ਰਮੁਖ ਗੁਰਦੁਆਰੇ ਅਤੇ ਜਥੇਬੰਦੀਆਂ ਸ਼ਾਮਲ ਹਨ ਅਤੇ ਇਸ ਦੇ ਸਕੱਤਰ ਜਨਰਲ ਸ: ਜਗਤਾਰ ਸਿੰਘ ਗਿੱਲ ਹਨ। ਅੱਠ ਸਾਲ ਕੌਂਸਲ ਦੇ ਬਤੌਰ ਸਕੱਤਰ ਜਨਰਲ ਅਗਵਾਈ ਕਰਨ ਵਾਲੇ ਸ: ਗੁਰਮੇਲ ਸਿੰਘ ਕੰਦੋਲਾਂ ਨੇ ਡਰਬੀ ਮੀਟਿੰਗ ਵਿਚ ਕਿਹਾ ਕਿ ਹੁਣ ਹਾਲਾਤ ਏਨੇ ਵਿਗੜ ਗਏ ਹਨ ਕਿ ਇਹਨਾ ਨੂੰ ਸ਼ਾਤ (defuse) ਕਰਨ ਦੀ ਲੋੜ ਹੈ। ਜਿਸ ਵੇਲੇ ਸ: ਕੰਦੋਲਾ ਨੇ ਇਹ ਕਿਹਾ ਕਿ ਭਾਈ ਅਮਰੀਕ ਸਿੰਘ ਚੰਡੀਗੜ੍ਹ ਤੇ ਹੋਏ ਹਮਲੇ ਨੂੰ ਸਭ ਨੇ ਮਾੜਾ ਕਿਹਾ ਹੈ ਤਾਂ ਉਹਨਾ ਦੀ ਗਿਆਤ ਲਈ ਸਟੇਜ ਤੋਂ ਇਹ ਸਪੱਸ਼ਟ ਕੀਤਾ ਗਿਆ ਕਿ ਹਮਲਾਵਰ ਧਿਰ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਸਤਾਰ ਹੀ ਨਹੀਂ ਸਗੋਂ ਸਿਰ ਲਹੁਣਾ ਚਾਹੀਦਾ ਹੈ ਅਤੇ ਭਾਈ ਅਮਰੀਕ ਸਿੰਘ ਚੰਡੀਗੜ੍ਹ ਦੇ ਹੱਕ ਵਿਚ ਖੜ੍ਹਨ ਵਾਲਿਆਂ ਦੇ ਜੁੱਤੀਆਂ ਮਾਰਨ ਦੀ ਗੱਲ ਵੀ ਹੋਈ ਹੈ।

ਬ੍ਰਮਿੰਘਮ ਵਿਖੇ ਹੋਏ ਇਕੱਠ ਦੀ ਵੀਡੀਓ ਜਾਰੀ
ਇਹ ਵੀਡੀਓ ਸਿੱਖ ਫੈਡਰੇਸ਼ਨ ਦੇ ਮੁਖੀ ਅਮਰੀਕ ਸਿੰਘ ਗਿੱਲ ਵਲੋਂ ਜਾਰੀ ਕੀਤੀ ਗਈ ਹੈ ਅਤੇ ਇਸ ਵੀਡੀਓ ਵਿਚ ਉਸ ਦੇ ਸੱਜੇ ਖੱਬੇ ਉਹ ਲੋਕ ਖੜ੍ਹੇ ਹਨ ਜੋ ਕਿ ਭਾਈ ਅਮਰੀਕ ਸਿੰਘ ਚੰਡੀਗੜ੍ਹ ਦੇ ਬਿਆਨਾਂ ਮੁਤਾਬਕ ਉਹਨਾ ਤੇ ਹੋਏ ਹਮਲੇ ਲਈ ਜਿੰਮੇਵਾਰ ਹਨ। ਇਸ ਵੀਡੀਓ ਵਿਚ ਅਮਰੀਕ ਸਿੰਘ ਗਿੱਲ ਨੇ ਪ੍ਰਚਾਰਕ ਜਾਂ ਪ੍ਰਚਾਰਕਾਂ ਨੂੰ ਹੀ ਦੋਸ਼ੀ ਘੋਸ਼ਤ ਕੀਤਾ ਹੈ। ਉਸ ਨੇ ਪੀੜਤ ਵਿਦਵਾਨ ਨਾਲ ਹਮਦਰਦੀ ਜਾਹਰ ਕਰਨ ਦੀ ਬਜਾਏ ਹਮਲਾਵਰਾਂ ਦੇ ਵਿਗੜ ਰਹੇ ਅਕਸ ਨੂੰ ਮੁੜ ਸਥਾਪਤ ਕਰਨ ਲਈ ਚਿੰਤਾ ਜਾਹਰ ਕੀਤੀ ਹੈ ਅਤੇ ਇੱਕ ਕਮੇਟੀ ਦਾ ਗਠਨ ਕਰਨ ਦਾ ਜਿਕਰ ਕੀਤਾ ਹੈ ਜੋ ਪੰਥਕ ਵਿਦਵਾਨਾਂ ਪ੍ਰਤੀ ਫੈਸਲੇ ਕਰੇਗੀ।
ਡਰਬੀ ਵਿਖੇ ਹੋਏ ਇਕੱਠ ਦੀ ਪ੍ਰੈਸ ਰਲੀਜ
ਭਾਈ ਅਮਰੀਕ ਸਿੰਘ ਚੰਡੀਗੜ੍ਹ ਤੇ ਹੋਏ ਹਮਲੇ ਅਤੇ ਉਤਾਰੀ ਗਈ ਦਸਤਾਰ ਦੇ ਖਿਲਾਫ ਇੱਕ ਇਕੱਠ ਐਤਵਾਰ 13 ਮਈ ਨੂੰ ਸਿੰਘ ਸਭਾ ਗੁਰਦਵਾਰਾ ਡਰਬੀ ਵਿਖੇ ਹੋਇਆ ਜਿਸ ਦੀ ਸਟੇਜ ਪੰਥਕ ਆਗੂ ਭਾਈ ਜੋਗਾ ਸਿੰਘ ਨੇ ਕੀਤੀ ਜਿਸ ਵਿਚ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਸਿੱਖ ਕੌਂਸਲ ਯੂ ਕੇ ਵਲੋਂ ਧਰਮ ਪ੍ਰਚਾਰ ਵਾਸਤੇ ਸ਼ਕਾਇਤਾਂ ਸੁਣਨ ਲਈ ਇੱਕ ਕਮੇਟੀ ਤਿੰਨ ਮਹੀਨਿਆਂ ਵਿਚ ਬਨਾਉਣ ਦਾ ਜਿਕਰ ਕੀਤਾ ਗਿਆ। ਇਹ ਵੀ ਕਿਹਾ ਗਿਆ ਕਿ ਉਹਨਾ ਪੁਰਾਤਨ ਇਤਹਾਸਕ ਸ੍ਰੋਤਾਂ ਦਾ ਸ਼੍ਰੋਮਣੀ ਕਮੇਟੀ ਸੁਧਾਰ ਕਰੇ ਜਿਹਨਾ ਕਾਰਨ ਵਿਦਵਾਨਾਂ ਵਿਚ ਮਤਭੇਦ ਹੁੰਦੇ ਹਨ।

ਭਾਈ ਜੋਗਾ ਸਿੰਘ ਨੇ ਆਪਣੀ ਤਕਰੀਰ ਵਿਚ ਇਸ ਗੱਲ ਤੇ ਜੋਰ ਦਿੱਤਾ ਕਿ ਜਿੰਮੇਵਾਰ ਸ਼ਖਸ਼ੀਅਤਾਂ ਇਸ ਮਸਲੇ ਨੂੰ ਸੁਲਝਾਉਣ ਲਈ ਅੱਗੇ ਆਉਣ ਨਾ ਕਿ ਲੱਗੀ ਹੋਈ ਤੇ ਹੋਰ ਤੇਲ ਪਾਇਆ ਜਾਵੇ। ਇਸ ਇਕੱਠ ਵਿਚ ਭਾਈ ਅਮਰੀਕ ਸਿੰਘ ਚੰਡੀਗੜ੍ਹ ਦੀ ਪੁਸਤਕ ਦਸਤਾਰ ਵੀ ਰਲੀਜ਼ ਕੀਤੀ ਗਈ। ਭਾਈ ਅਮਰੀਕ ਸਿੰਘ ਚੰਡੀਗੜ੍ਹ 13 ਪੁਸਤਕਾਂ ਦੇ ਲਿਖਾਰੀ ਹਨ।

ਇਹ ਪੱਗ ਗੁਰੂ ਗੋਬਿੰਦ ਸਿੰਘ ਦੀ ਹੈ - ਸੰਤ ਭਿੰਡਰਾਂਵਾਲੇ
ਜਿਸ ਵੇਲੇ ਸੰਤਾਂ ਸਾਹਮਣੇ ਕਿਸੇ ਨੇ ਅਕਾਲੀਆਂ ਦੀਆਂ ਪੱਗਾਂ ਲਹੁਣ ਦੀ ਗੱਲ ਕੀਤੀ ਸੀ ਤਾਂ ਸੰਤਾਂ ਦਾ ਵਿਚਾਰ ਸੀ---

-------ਇਹ ਗੱਲ (ਦਸਤਾਰਾਂ ਲਹੁਣ ਦੀ) ਜੇ ਤੂੰ ਫੇਰ ਕੀਤੀ ਤਾਂ ਮੇਰੇ ਹੱਥ ਦਾ ਤੀਰ ਤੇਰੇ ਤੇ ਟੁੱਟ ਜਾਏਗਾ----ਮੈਂ ਤੈਨੂੰ ਅੱਗੇ ਵੀ ਕਿਹਾ ਕਿ ਇਹ ਪ੍ਰੋਗ੍ਰਾਮ ਆਪਣਾ ਅਕਾਲੀਆਂ ਵਾਲਾ ਨਹੀਂ ਹੈ.........ਆਪਾਂ ਇੱਕਲੇ ਅਕਾਲੀ ਦਲ ਦੇ ਨਾਂ ਤੇ ਨਹੀਂ ਲੜ ਰਹੇ ਸਗੋਂ ਆਪਾਂ ਪੰਥ ਦੇ ਨਾਂ ਤੇ ਲੜ ਰਹੇ ਹਾਂ, ਆਪਾਂ ਲੜ ਰਹੇ ਹਾਂ ਕੌਮ ਦੇ ਨਾਂ ਤੇ.........ਇਹ (ਪੱਗਾਂ) ਮੈਂ ਲਹੁਣੀਆਂ ਨਹੀਂ........ਇਹ ਪੱਗ ਮੇਰੀ ਨਹੀਂ ਤੇ ਨਾ ਤੁਹਾਡੀ ਹੈ----ਇਹ ਤਾਂ ਬੁੱਲ੍ਹੇ ਸ਼ਾਹ ਨੇ ਫੈਸਲਾ ਕੀਤਾ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ , ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਂਨਤ ਹੋਤੀ ਸਭ ਕੀ......ਇਹ ਦਸਵੇਂ ਪਾਤਸ਼ਾਹ ਦੀ ਦਸਤਾਰ ਹੈ... ਦਸਤਾਰ ਲਹੁਣ ਵਾਸਤੇ ਗੱਲ ਨਾ ਕਰਿਆ ਕਰੋ ਟਿਕਾਉਣ ਵਾਸਤੇ ਗੱਲ ਕਰਿਆ ਕਰੋ...

ਯੂ ਕੇ ਦੀ ਖਾਲਿਸਤਾਨੀ ਰਾਜਨੀਤੀ ਡਾਵਾਂ ਡੋਲ
ਸੰਨ ਚੁਰਾਸੀ ਤੋਂ ਬਾਅਦ ਯੂ ਕੇ ਵਿਚ ਖਾਲਿਸਤਾਨੀ ਆਗੂਆਂ ਵਲੋਂ ਮੁਜਾਹਰਿਆਂ ਤੇ ਕਰੋੜਾਂ ਪੌਂਡ ਖਰਚ ਕਰਕੇ ਸੰਗਤਾਂ ਨੂੰ ਭਾਰਤੀ ਸਰਕਾਰ ਦੇ ਜੁਲਮਾਂ ਖਿਲਾਫ ਲੜਨ ਦਾ ਵਿਸ਼ਵਾਸ ਦਿਵਾਇਆ ਜਾਂਦਾ ਰਿਹਾ ਹੈ ਪਰ ਹੁਣ ਪ੍ਰਚਾਰਕਾਂ ਤੇ ਖਾਲਿਸਤਾਨੀ ਸਫਾਂ ਵਲੋਂ ਹੋ ਰਹੇ ਹਮਲਿਆਂ ਮਗਰੋਂ ਖਾਲਿਸਤਾਨ ਜਾਂ ਹਲੇਮੀ ਰਾਜ ਦੀ ਦਾਅਵੇਦਾਰੀ ਅੱਗੇ ਨਵੇਂ ਸਵਾਲ ਖੜ੍ਹੇ ਹੋ ਗਏ ਹਨ। ਸਿੱਖ ਫੈਡਰੇਸ਼ਨ ਦੇ ਆਗੂ ਤੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਉਹ ਆਪਣੇ ਪੰਥਕ ਫਰਜ ਨੂੰ ਸਮਝਦੇ ਹੋਏ ਪੀੜਤ ਵਿਦਵਾਨ ਨਾਲ ਹਮਦਰਦੀ ਵਜੋਂ ਪੇਸ਼ ਆਏਗਾ ਅਤੇ ਉੱਬਲ ਰਹੇ ਹਾਲਾਤਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੇਗਾ ਪਰ ਉਸ ਦੇ ਉਲਾਰ (Biased) ਅਤੇ ਸੰਵੇਦਨਹੀਨ (remorseless) ਬਿਆਨਾ ਨਾਲ ਦੁਨੀਆਂ ਭਰ ਦੇ ਸਿੱਖਾਂ ਵਿਚ ਨਿਰਾਸ਼ਾ ਅਤੇ ਗੁੱਸੇ ਦਾ ਆਲਮ ਹੈ। ਇਹਨਾ ਹਾਲਾਤਾਂ ਦੇ ਕਾਲੇ ਪ੍ਰਛਾਵੇਂ ਖਾਲਿਸਤਾਨੀ ਰਾਜਨੀਤੀ ਨੂੰ ਵੀ ਪ੍ਰਭਾਵਤ ਕਰਨਗੇ।

ਇਸ ਘਰ ਨੂੰ ਅੱਗ ਲੱਗੀ ਘਰ ਦੇ ਚਿਰਾਗ ਨਾਲ
ਸਾਡੀ ਸਮਝ ਅਨੁਸਾਰ ਵੱਖ ਵੱਖ ਧਿਰਾਂ ਵਲੋਂ ਦੂਰ ਅੰਦੇਸ਼ੀ ਦੀ ਘਾਟ ਕਾਰਨ ਬੇਲੋੜੀ ਤਲਖੀ ਵਧਦੀ ਜਾ ਰਹੀ ਹੈ। ਪੰਥਕ ਵਿਦਵਾਨਾਂ ਦਾ ਫਰਜ਼ ਹੈ ਕਿ ਉਹ ਗੁਰਮਤ ਦਾ ਪ੍ਰਚਾਰ ਕਰਦਿਆਂ ਸਰੋਵਰਾਂ, ਬੇਰੀਆਂ ਜਾਂ ਸਾਖੀਆਂ ਸਬੰਧੀ ਸ਼ਿਕਾਇਤ ਦਾ ਮੌਕਾ ਨਾ ਦੇਣ।

ਜਿਹੜੀ ਧਿਰ ਇਹਨਾ ਗੱਲਾਂ ਤੋਂ ਤਲਖ ਹੁੰਦੀ ਹੈ ਉਹਨਾ ਤੋਂ ਵਾਰ ਵਾਰ ਪੁੱਛਿਆ ਜਾਂਦਾ ਹੈ ਕਿ ਜਦੋਂ ਗਿ: ਇਕਬਾਲ ਸਿੰਘ ਵਰਗੇ ਜੋ ਲੋਕ ਸਾਹਿਬਜਾਦਿਆਂ ਨੂੰ ਹਿੰਦੂ ਅਵਤਾਰਵਾਦ ਨਾਲ ਜੋੜਦੇ ਹਨ , ਜੋ ਲੋਕ ਮਾਤਾ ਗੁਜਰ ਕੌਰ ਜੀ ਨੂੰ ਗੁਜਰੀ ਉਜੜੀ ਕਹਿੰਦੇ ਹਨਾ ਜਾਂ ਜੋ ਲੋਕ ਸੰਤਾਂ ਦੀ ਸ਼ਹਾਦਤ ਨੂੰ ਹੀ ਇਨਕਾਰ ਰਹੇ ਹਨ ਉਹਨਾ ਦੇ ਇਤਹਾਸਕ ਵਿਗਾੜ ਦਾ ਉਹ ਕਿਓਂ ਨਹੀਂ ਜਿਕਰ ਕਰਦੇ। ਪਰ ਇਸ ਸਬੰਧੀ ਉਹ ਚੁੱਪ ਰਹਿੰਦੇ ਹਨ।

ਅਸਲ ਮੁੱਦਾ ਬਦਲਾਖੋਰੀ ਦਾ ਹੈ ਅਤੇ ਦੂਜਾ ਆਪਣੀ ਸੰਸਥਾ ਦੀ ਮਰਿਯਾਦਾ ਨੂੰ ਪੰਥ ਤੇ ਹਾਵੀ ਕਰਨ ਦਾ ਹੈ। ਜੇਕਰ ਦੋਵੇਂ ਧਿਰਾਂ ਸਮਝਦਾਰੀ ਤੋਂ ਕੰਮ ਲੈਣ ਤਾਂ ਇਹ ਮਸਲਾ ਅੱਜ ਹੀ ਹੱਲ ਹੋ ਸਕਦਾ ਹੈ। ਜਿਹੜੇ ਲੋਕ ਸ਼ਰਧਾ ਨੂੰ ਠੇਸ ਲੱਗਣ ਦੀ ਗੱਲ ਕਰਦੇ ਹਨ ਉਹਨਾ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਸ਼ਰਧਾਵਾਨ ਹਿਰਦੇ ਤਾਂ ਕਿਸੇ ਨੂੰ ਦੁੱਖ ਨਹੀਂ ਦੇ ਸਕਦੇ ਅਤੇ ਕਿਸੇ ਤੇ ਸ਼ਰੀਰਕ ਹਮਲੇ ਕਰਨੇ ਜਾਂ ਦਸਤਾਰਾਂ ਲਹੁਣੀਆਂ ਤਾਂ ਬਹੁਤ ਦੂਰ ਦੀ ਗੱਲ ਹੈ। ਸਾਡੀ ਅੱਜ ਦੀ ਇਹ ਹਾਲਤ ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ਵਾਲੀ ਹੋ ਗਈ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top