Share on Facebook

Main News Page

ਗਾਥਾ : ਭਾਖਾ ਅਤੇ ਸ਼ੈਲੀ
-:
ਹਰਜਿੰਦਰ ਸਿੰਘ ‘ਘੜਸਾਣਾ’ 07 May 2018

👉 ਲੜੀ ਜੋੜਨ ਲਈ,  ‘ਸਹਸਕ੍ਰਿਤੀ: ਭਾਖਾ ਅਤੇ ਸ਼ੈਲੀ’ ਲੇਖ ਨੂੰ ਵਾਚਿਆ ਜਾਏ।

ਤਰਤੀਬ : ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾਂ ੧੩੬0 ‘ਤੇ ਸਿਰਲੇਖ ‘ਮਹਲਾ ੫ ਗਾਥਾ’ ਨਾਮਕ ਬਾਣੀ ਦਾ ਪ੍ਰਾਰੰਭ ਹੁੰਦਾ ਹੈ। ਉਪਰੋਕਤ ਬਾਣੀ ੨੪ ਸਲੋਕਾਂ ਵਿੱਚ ਅੰਕਿਤ ਹੈ।

ਭਾਖਾ ਅਤੇ ਸ਼ੈਲੀ :

ਭਾਸ਼ਾਈ ਪੜਾਵ ‘ਪ੍ਰਾਕ੍ਰਿਤ’ ਤੋਂ ਗੁਜ਼ਰਦਾ ਹੋਇਆ ਈਸਵੀ 600 ਵਿੱਚ ਕਰਵਟ ਲੈਂਦਾ ਹੈ। ਭਾਖਾ ਕਈ ਰੂਪਾਂ ਵਿੱਚ ਪਰਗਟ ਹੋਣ ਲੱਗ ਪਈ। ਜਿਸ ਤੋਂ ‘ਸ਼ੌਰਸੈਨੀ, ਮਾਗਧੀ, ਮਹਾਂਰਾਸ਼ਟਰੀ’ ਆਦਿ ਸ਼ਾਖਾਵਾਂ ਹੋਂਦ ਵਿੱਚ ਆਉਣ ਲਗ ਗਈਆਂ। ਇਸ ਭਾਖਾਈ ਪੜਾਵ ਨੂੰ ‘ਅਪਭ੍ਰੰਸ਼’ ਨਾਮ ਦਿੱਤਾ ਜਾਂਦਾ ਹੈ। ਨਾਮ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਸਾਹਿਤਕ ‘ਭਾਖਾ ਦਾ ਅੱਡਰਾ ਅਤੇ ਵਿਗੜਿਆ ਹੋਇਆ ਰੂਪ’। ਇਸ ਪੜਾਅ ਵਿੱਚੋਂ ਹੀ ਆਧੁਨਿਕ ਭਾਸ਼ਾਵਾਂ ਦਾ ਵਿਕਾਸ ਹੋਇਆ ਹੈ।

ਬਾਣੀ ‘ਗਾਥਾ’ ਵਿੱਚ ਭੀ ਜਿਹੜੀ ਭਾਖਾ ਅਤੇ ਸ਼ੈਲੀ ਵਰਤੀ ਗਈ ਹੈ, ਇਸ ਦੇ ਨਮੁਨੇ ਸਾਨੂੰ ਅਪਭ੍ਰੰਸ਼ ਵਿੱਚੋਂ ਮਿਲਦੇ ਹਨ। ਬਾਣੀ ‘ਸਹਸਕ੍ਰਿਤੀ’ ਨੂੰ ਅਸੀਂ ਪਾਲੀ ਪ੍ਰਾਕ੍ਰਿਤਾਂ ਦੀ ਭਾਖਾ ਵਿੱਚ ਰੱਖਿਆ ਸੀ ਅਤੇ ‘ਗਾਥਾ’ ਨੂੰ ਅਪਭ੍ਰੰਸ਼ ਭਾਖਾ ਵਿੱਚ ਰਖਾਂਗੇ। ਚੂੰਕਿ ਗਾਥਾ ਬਾਣੀ ਵਿੱਚ ਵਰਤੇ ਗਏ ਲਫ਼ਜ਼ ‘ਓ-ਅੰਤਿਕ’(ਅੰਤ ਵਿੱਚ ਓ ) ਆਉਂਦੇ ਹਨ। ਇਹ ਸ਼ੈਲੀ ਕੇਵਲ ਅਪਭ੍ਰੰਸ਼ਾਂ ਦੀ ਹੈ। ਪ੍ਰਾਕ੍ਰਿਤਾਂ ਵਿੱਚ ‘ਅਹ’ ਅੰਤਿਕ ਜਿਆਦਾਤਰ ਪ੍ਰਯੋਗ ਹੁੰਦਾ ਹੈ। ਗਾਥਾ ਬਾਣੀ ਵਿੱਚ ਆਏ ਲਫ਼ਜ਼ ‘ਜਾਣੋ, ਹੋਵੰਤੋ, ਮਰਣੋ, ਚਿਤੋ, ਅਮਿਤੋ’ ਆਦਿ ਸਾਡੀ ਖੋਜ਼ ਵਿੱਚ ਵਾਧਾ ਕਰਦੇ ਹੋਏ ਇਸ ਵੀਚਾਰ ‘ਤੇ ਮੋਹਰ ਲਾਉਂਦੇ ਹਨ ਕਿ ਇਹ ਸ਼ੈਲੀ ਅਪਭ੍ਰੰਸ਼ਾਂ ਦੀ ਹੈ। ਮਧਕਾਲੀਨ ਕਾਲ ਵਿੱਚ ਜਿਹੜੇ ਭੀ ਧਾਰਮਿਕ ਗ੍ਰੰਥ ਲਿਖੇ ਗਏ ਹਨ, ਉਹ ਸਾਰੇ ਹੀ ਅਪਭ੍ਰੰਸ਼ ਭਾਖਾ ਤੋਂ ਪ੍ਰਭਾਵਿਤ ਹਨ। ਚੂੰਕਿ ਆਰੰਭ ਵਿੱਚ ਸਾਹਿਤਕ ਭਾਖਾ ਤੋਂ ਹਟ ਕੇ ਜਨ –ਸਧਾਰਨ ਦੀ ਬੋਲੀ ਨੂੰ ਕਾਵਿ ਰੂਪ ਵਿੱਚ ਲਿਖਣ ਦਾ ਵਿਧਾਨ ਅਪਭ੍ਰੰਸ਼ਾਂ ਨੇ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਕਾਲ ਸਮੇਂ ਜੋ ਹੋਰ ਅਨਮਤਾਂ ਦੇ ਗ੍ਰੰਥ ਲਿਖੇ ਗਏ ਹਨ, ਉਹਨਾਂ ਦੀ ਸ਼ੈਲੀ ਗਾਥਾ ਬਾਣੀ ਨਾਲ ਮਿਲਦੀ ਹੈ। ਮਸਲਨ ਬ੍ਰਜ ਵਿੱਚ ‘ਸੂਰਸਾਗਰ’(ਕਵੀ ਸੂਰਦਾਸ) ਅਤੇ ‘ਰਾਮ ਚੰਦ੍ਰ ਚੰਦ੍ਰਿਕਾ’(ਕਵੀ ਕੇਸਵ ) ਆਦਿ ਦੀ ਰਚਨਾ ਵਿੱਚ ਗਾਥਾ ਬਾਣੀ ਦੇ ਲਫ਼ਜ਼, ਸ਼ੈਲੀ ਆਦਿ ਪ੍ਰਯੋਗ ਕੀਤੇ ਮਿਲਦੇ ਹਨ। ਨਾਟਕਾਂ,ਰਾਸਲੀਲਾਵਾਂ ਆਦਿ ਵਿੱਚ ਜੋ ਜਨ-ਸਧਾਰਨ ਲੋਕ ਬੋਲੀ ਬੋਲ-ਚਾਲ ਰੂਪ ਵਿੱਚ ਬੋਲਦੇ ਸਨ। ਜਿਸ ਵਿੱਚ ਸੰਸਕ੍ਰਿਤ ਦੇ ਨੇਮਾਂ ਦਾ ਅਭਾਵ ਸੀ। ਆਮ ਲੋਕਾਂ ਦੀ ਜ਼ੁਬਾਨ ‘ਤੇ ਜਿਸ ਤਰ੍ਹਾਂ ਵੀ ਕੋਈ ਲਫ਼ਜ਼ ਦਾ ਉਚਾਰਨ ਪ੍ਰਚਲਤ ਸੀ। ਉਸ ਨੂੰ ਹੀ ਸਾਧ ਭਾਖਾ ਰਾਹੀਂ ਧਾਰਮਿਕ ਪੁਸਤਕਾਂ ਵਿੱਚ ਸਥਾਨ ਪ੍ਰਾਪਤ ਹੋਇਆ।‘ਪ੍ਰਿਥਵੀਰਾਜ-ਰਾਸੋ’ ਅਤੇ ‘ਰਾਮਚਰਿਤਮਾਨਸ’(ਤੁਲਸੀ ਰਾਮਾਇਣ) ਆਦਿ ਦੀ ਭਾਖਾ ਸ਼ੈਲੀ ਨੂੰ ਪੜਚੋਲਿਆਂ ਨਿਸ਼ਾ ਹੋ ਜਾਂਦੀ ਹੈ ਕਿ ਗਾਥਾ ਬਾਣੀ ਵਿੱਚ ਵਰਤੀ ਗਈ ਭਾਖਾ ਅਤੇ ਸ਼ੈਲੀ ਅਪਭ੍ਰੰਸ਼ੀ ਹੈ।

ਗਾਥਾ ਨਾਮ ਸੰਬੰਧੀ :

‘ਗਾਥਾ’ ਲਫ਼ਜ਼ ‘ਗਾ’(गा) ਧਾਤੂ ਤੋਂ ਪੈਦਾ ਹੋਇਆ ਹੈ ਜਿਸ ਦਾ ਅਰਥ ਹੈ ‘ਜਿਸ ਨੂੰ ਗਾਇਆ ਜਾ ਸਕੇ’। ਵੈਦਿਕ ਜੁੱਗ ਵਿੱਚ ਗਾਥਾ ਲਫ਼ਜ਼ ‘ਛੰਦਾਂ’ ਲਈ ਪ੍ਰਯੋਗ ਹੁੰਦਾ ਸੀ। ਐਸੇ ਛੰਦ ਲਈ ਇਹ ਲਫ਼ਜ਼ ਵਰਤਿਆ ਜਾਂਦਾ ਸੀ ਜਿਸ ਦਾ ਸੰਬੰਧ ਰਾਜੇ-ਮਹਾਰਾਜਿਆਂ ਵੱਲੋਂ ਪ੍ਰਾਪਤ ਦਾਨ ਦੀ ਪ੍ਰਸੰਸਾ ਲਈ ਹੁੰਦਾ ਸੀ। ਸਮੇਂ ਦੇ ਵੇਗ ਨਾਲ ਉਕਤ ਲਫ਼ਜ਼ ਦਾ ਅਰਥ-ਪਰਿਵਰਤਨ ਹੋ ਕੇ ਵਿਸਤਾਰ ਹੋਇਆ ਅਤੇ ਅਰਥ ‘ਇਕ ਪ੍ਰਾਕ੍ਰਿਤ-ਅਪਭ੍ਰੰਸ਼ ਬੋਲੀ’ ਲਈ ਹੋਂਦ ਵਿੱਚ ਆ ਗਿਆ। ਅਕਾਲ ਪੁਰਖ ਜੀ ਦੀ ਉਸਤਤਿ ਸੰਬੰਧੀ ਜੋ ਲੋਕ, ਕੋਈ ਵੀ ਲਫ਼ਜ਼ ਬੋਲਦੇ-ਸੁਣਦੇ ਸਨ,ਉਹਨਾਂ ਲਫ਼ਜ਼ਾਂ ਨੂੰ ‘ਗਾਥਾ, ਛੰਦ’ ਆਦਿ ਨਾਮ ਦਿੰਦੇ ਸਨ।ਚੂੰਕਿ ਵੇਦਾਂ ਦੇ ਸਲੋਕ ਵੈਦਿਕ-ਸੰਸਕ੍ਰਿਤ ਭਾਖਾਈ-ਸੂਝ ਦਾ ਅਭਾਵ ਕਰਕੇ ਆਮਮੂਨ ਉਚਾਰਨੇ ਬਿਖਮ ਸਨ। ਇਸ ਕਰਕੇ ਹੀ ਭਾਖਾ ਦੀ ਕਰਵਟ ਨੇ ਲੋਕ-ਬੋਲੀ ਦੀ ਘਾੜਤ ਸਰਲ ਅਤੇ ਸਿੱਧੇ ਰੂਪ ਵਿੱਚ ਕੀਤੀ। ਬੋਲਚਾਲ ਦੀ ਬੋਲੀ ਹੀ ਹਰ ਕਾਰਜ਼ ਲਈ ਪ੍ਰਯੋਗ ਹੋਣ ਲੱਗ ਗਈ। ਪ੍ਰਾਚੀਨ ਸੰਸਕ੍ਰਿਤ ਅਤੇ ਹਿੰਦੀ ਕੋਸ਼ ਇਸ ਕਰਕੇ ਹੀ ਗਾਥਾ ਦਾ ਅਰਥ ‘ਉਹ ਸਲੋਕ(ਛੰਦ) ਕਰਦੇ ਹਨ,ਜੋ ਵੇਦਾਂ ਦੇ ਸਲੋਕਾਂ ਦੀ ਸ਼ੈਲੀ ਤੋਂ ਬਿਲਕੁਲ ਭਿੰਨ ਹੋਵਨ। ਕਈ ਕੋਸ਼ ‘ਇਕ ਪ੍ਰਾਚੀਨ ਭਾਸ਼ਾ’ ਜੋ ਸੰਸਕ੍ਰਿਤ ਦੇ ਨੇਮਾਂ ਤੋਂ ਬਿਲਕੁਲ ਵਿਪਰੀਤ ਆਦਿ ਭੀ ਕਰਦੇ ਹਨ। ਗਾਥਾ-ਛੰਦ ਦੀਆਂ ਕੋਈ ਵਿਸ਼ੇਸ਼ ਮਾਤ੍ਰਾਵਾਂ ਨਹੀਂ ਹਨ, ਐਪਰ ਧਾਰਮਿਕ ਪੁਸਤਕਾਂ ਵਿੱਚ ਇਸ ਛੰਦ ਦੀ ਵਰਤੋਂ ਬਹੁਤਾਤ ‘ਚ ਹੈ। ਗਾਥਾ ਛੰਦ ਨੂੰ ‘ਗਾਹੂ-ਛੰਦ’ ਭੀ ਕਿਹਾ ਜਾਂਦਾ ਹੈ। ਜਿਸ ਦੀਆਂ ੨੭-੨੮-੨੯ ਆਦਿ ਮਾਤ੍ਰਾਵਾਂ ਹੁੰਦੀਆਂ ਹਨ। ਗਾਥਾ ਬਾਣੀ ਵਿੱਚ ਭੀ ਕਿਤੇ-ਕਿਤੇ ਗਾਹੂ-ਛੰਦ ਪ੍ਰਯੋਗ ਕੀਤਾ ਜਾਪਦਾ ਹੈ। ਸੋ, ਜੋ ਲੋਕ ਬੋਲੀ ਵਿੱਚ ਉਕਤ ਲਫ਼ਜ਼ ਦੇ ਅਰਥ ਨੂੰ ਵਰਤਿਆ ਜਾਂਦਾਂ ਸੀ,ਗੁਰੂ ਅਰਜਨ ਸਾਹਿਬ ਨੇ ਭੀ ਇਹੋ ਅਰਥ-ਪ੍ਰਣਾਲੀ ਵਿੱਚ ਗਾਥਾ ਲਫ਼ਜ਼ ਨੂੰ ਪ੍ਰਯੋਗ ਕੀਤਾ। ‘ਪਰਮਾਤਮਾ ਦੇ ਗੀਤ’ ਸ਼ਾਬਦਿਕ ਤੌਰ ‘ਤੇ ਅਰਥ ਪ੍ਰਸੰਗਗਕ ਹਨ।

ਨਿਸ਼ਕਰਸ਼ :

ਬਾਣੀ ‘ਸਹਸਕ੍ਰਿਤੀ’ ਅਰਧ-ਮਾਗਧੀ ਪ੍ਰਾਕ੍ਰਿਤ ਵਿੱਚ ਹੈ ਅਤੇ ਬਾਣੀ ‘ਗਾਥਾ’ ਅਪਭ੍ਰੰਸ਼ ਵਿੱਚ ਹੈ। ਗਾਥਾ ਬਾਣੀ ਦਾ ਸਿੱਧਾ ਸੰਬੰਧ ਸੰਸਕ੍ਰਿਤ ਨਾਲ ਬਿਲਕੁਲ ਨਹੀਂ ਜੁੜਦਾ। ਤਿਰਛੇ ਰੂਪ ਵਿੱਚ ਲਫ਼ਜ਼ ,ਬਨਾਵਟ ਪੱਖੋਂ ਸੰਸਕ੍ਰਿਤ ਤੋਂ ਪ੍ਰਭਾਵਿਤ ਹਨ। ਅਪਭ੍ਰੰਸ਼ ਦੀ ਸ਼ੈਲੀ(ਪਿੰਡਾ) ਅਤੇ ਨਿਯਮਾਂਵਲੀ ਇਸ ਬਾਣੀ ਤੇ ਭਾਰੂ ਹੈ। ਜੋ ਤਬਦੀਲੀ ਅਪਭ੍ਰੰਸ਼ ਤਕ ਲਫ਼ਜ਼ਾ ਦੀ ਹੋਈ,ਉਹ ਗਾਥਾ ਬਾਣੀ ਵਿੱਚ ਨਜ਼ਰੀਂ ਪੈਂਦੀ ਹੈ। ਅਪਭ੍ਰੰਸ਼ ਵਿੱਚ ਅੰਤਲੇ ਹ੍ਰਸਵ-ਸਵਰ ਦੀ ਘਾਟ ਅਤੇ ਬਹੁਤਾਤ ਅੰਤ ਦੀਰਘ-ਸਵਰ ਪ੍ਰਯੋਗ ਹੁੰਦੇ ਸਨ। ਗਾਥਾ ਬਾਣੀ ਵਿੱਚ ਭੀ ਉਪਰੋਕਤ ਵਿਧੀ ਹੀ ਹੈ। ਵਿਸਰਗਾਂ ਅੰਤ ‘ਹ’ ਵਿੱਚ ਤਬਦੀਲ ਹੋ ਗਈਆਂ ਸਨ।ਗਾਥਾ ਬਾਣੀ ਵਿੱਚ ਲਫ਼ਜ਼ਾਂ ਦੇ ਅੰਤ ‘ਹ’ ਦਾ ਪ੍ਰਯੋਗ ਭੀ ਉਕਤ ਸੰਦਰਭ ਵਿੱਚ ਹੈ। ਸੋ, ਭਾਖਾਈ ਪੱਖ ਤੋਂ ਬਾਣੀ ਸਹਸਕ੍ਰਿਤੀ ਅਤੇ ਗਾਥਾ ਨੂੰ ਵੱਖ-ਵੱਖ ਵੇਖਣਾ ਚਾਹੀਦਾ ਹੈ।

ਵਿਸ਼ੇਸ਼ ਵੀਚਾਰ :
ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਾ ਬੀੜ ਵਿੱਚ ਗਾਥਾ ਬਾਣੀ ਦੇ ਅੰਤ ਵਿੱਚ ੪ ਕੁ ਵਾਰ ਕੁਝ ਲਫ਼ਜ਼ਾਂ ਦੇ ਅੰਤ ਵਿਸਰਗਾਂ (:) ਦਾ ਪ੍ਰਯੋਗ ਕੀਤਾ ਮਿਲਦਾ ਹੈ।
‘ਵਿਸਰਗ ’ ਸੰਸਕ੍ਰਿਤ ਵਿੱਚ ਇਕ ਪ੍ਰਤੀਕ ਚਿੰਨ੍ਹ ਹੈ।ਇਹ ਚਿੰਨ੍ਹ ਸੰਸਕ੍ਰਿਤ ਵਿੱਚ ਇਕ ਸ਼ੈਲੀ ਤੌਰ ‘ਤੇ ਪੁਲਿੰਗ ਲਫ਼ਜ਼ਾਂ ਦੇ ਅੰਤ ਪ੍ਰਯੋਗ ਹੁੰਦਾ ਹੈ। ਸੰਸਕ੍ਰਿਤ ਤੋਂ ਬਾਅਦ ਅਗਲੇਰੇ ਭਾਖਾਈ ਪੜਾ ਵਿੱਚ ਇਸ ਦੀ ਵਰਤੋਂ ਬੰਦ ਹੋ ਗਈ ਸੀ। ਪਾਲੀ, ਪ੍ਰਾਕ੍ਰਿਤ, ਅਪਭ੍ਰੰਸ ਆਦਿਕ ਭਾਖਾਵਾਂ ਵਿੱਚ ਵਿਸਰਗ ਦੀ ਥਾਂ ‘ਹ’(ह) ਨੇ ਲੈ ਲਈ ਸੀ। ਹਿੰਦੀ ਭਾਖਾ ਦੀ ਦੇਵਨਾਗਰੀ ਲਿਪੀ ਵਿੱਚ ਕੁੱਝ ਲਫ਼ਜ਼ਾਂ, (ਜੋ ਸੰਸਕ੍ਰਿਤ ਤੋਂ ਆਏ ਹਨ) ਨੂੰ ਤਤਸਮ ਰੂਪ ਵਿੱਚ ਰਖਿਆ ਗਿਆ ਹੈ, ਕੇਵਲ ਉਹੀ ਲਫ਼ਜ਼ ਵਿਸਰਗ ਸਹਿਤ ਮਿਲਦੇ ਹਨ। ਹੋਰ ਕਿਸੇ ਭੀ ਭਾਖਾ ਵਿੱਚ (ਸੰਸਕ੍ਰਿਤ ਬਗ਼ੈਰ ) ਵਿਸਰਗ ਦੀ ਵਰਤੋਂ ਨਹੀਂ ਹੈ। ਦੇਵਨਾਗਰੀ ਦੇ ਅਜੋਕੇ ਵਿਦਵਾਨਾਂ ਨੇ ਹਿੰਦੀ ਦਾ ਮਾਨਕ ਸਰੂਪ (ਸਟੈਂਡਰਡ ਰੂਪ) ਨਿਰਧਾਰਿਤ ਕਰਕੇ ਤਕਰੀਬਨ ਵਿਸਰਗਾਂ ਹਟਾ ਦਿਤੀਆਂ ਹਨ। ਚੂੰਕਿ ਵਿਜੋਗਾਤਮਿਕ ਭਾਖਾਵਾਂ ਵਿੱਚ ਇਹ ਚਿੰਨ੍ਹ ਬੇਲੋੜਾ ਹੈ। ਬਾਣੀ ਸਹਸਕ੍ਰਿਤੀ,ਗਾਥਾ ਅਤੇ ਜੈਤਸਰੀ ਕੀ ਵਾਰ ਦੀ ਹਰ ਪਉੜੀ ਨਾਲ ਲੱਗੇ ਹੋਏ ਪਹਿਲੇ ਸਲੋਕਾਂ ਵਿੱਚ ਸਮਗਰ ਲਫ਼ਜ਼ਾਂ ਦੇ ਅੰਤ ਆਇਆ ‘ਹ’ ਵਿਸਰਗ ਦਾ ਹੀ ਰੂਪਾਂਤਰ ਹੈ, ਜੋ ਪ੍ਰਾਕ੍ਰਿਤ ਭਾਖਾ ਕਾਲ ਵਿੱਚ ਹੋਇਆ ਸੀ। ਸੋ, ਗਾਥਾ ਬਾਣੀ ਦੇ ਅੰਤ ਪੁਰ ਵਰਤੀਆਂ ਵਿਸਰਗਾਂ ਦੀ ਸੇਧ ਹੱਥ ਲਿਖਤ ਬੀੜਾਂ ਤੋਂ ਲੈਣੀ ਬਣਦੀ ਹੈ। ਲਿਖਤੀ ਬੀੜਾਂ ਵਿੱਚ ਇਹ ਵਿਸਰਗਾਂ ਨਹੀਂ ਹਨ, ਇਹਨਾਂ ਦੀ ਥਾਂਵੇਂ ’ਹ’ ਦੇ ਦਰਸ਼ਨ ਹੁੰਦੇ ਹਨ। ਪਾਠ ਭੇਦਾਂ ਦੀ ਸੂਚੀ ਵਿੱਚ ਵਿਸਰਗਾਂ ਦੀ ਥਾਂਵੇਂ ‘ਹ’ ਮੰਨਿਆ ਗਿਆ ਹੈ। ਪੱਥਰ ਛਾਪ ਸਮੇਂ ਪ੍ਰਾਈਵੇਟ ਪ੍ਰਕਾਸ਼ਕਾਂ ਵੱਲੋਂ ਪ੍ਰਕਾਸ਼ਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿੱਚ ਭੀ ਵਿਸਰਗਾਂ ਦਾ ਅਭਾਵ ਹੈ। ਦਾਸ ਪਾਸ ਉਪਲਬਧ ਲਿਖਤੀ ਬੀੜਾਂ ਦੀਆਂ ਦੋ ਤਸਵੀਰਾਂ ਲੇਖ ਨਾਲ ਨੱਥੀ ਕੀਤੀਆਂ ਹਨ।ਅਭਿਲਾਸ਼ੀ ਦਰਸ਼ਨ ਕਰ ਸਕਦੇ ਹਨ।

ਅੰਤਲੇ ‘ਹ’ ਦਾ ਉਚਾਰਨ :

ਬਾਣੀ ਸਹਸਕ੍ਰਿਤੀ ਅਤੇ ਗਾਥਾ ਵਿੱਚ ਲਫ਼ਜ਼ ਦੇ ਅੰਤ ‘ਹ’ ਦਾ ਉਚਾਰਨ ‘ਹਿ’(ਹੈ) ਵਾਂਗ ਕੀਤਾ ਜਾਂਦਾ ਹੈ। ‘ਹ’ ਦੋਲਾਵਾਂ ਵਲ ਜਾਂ ਸਿਹਾਰੀ ਵਲ ਉਲ੍ਹਾਰ ਹੋ ਕੇ ਉਚਾਰਿਆ ਜਾਂਦਾ ਹੈ। ਉਪਰੋਕਤ ਉਚਾਰਨ ਦਰੁਸਤ ਨਹੀਂ ਹੈ। ਵਿਸਰਗ ਅਘੋਸ਼ ਮਹਾਂਪ੍ਰਾਣ ਹੈ,ਇਸਦਾ ਉਚਾਰਨ ਕੰਠਅਸਤ ਵਿੱਚ ਹੁੰਦਾ ਹੈ। ਪ੍ਰਾਕ੍ਰਿਤ,ਅਪਭ੍ਰੰਸ਼ ਆਦਿਕ ਭਾਖਾਵਾਂ ਵਿੱਚ ਉਕਤ ਵਿਸਰਗ ‘ਹ’ ਵਿੱਚ ਤਬਦੀਲ ਹੋ ਗਈ,ਐਪਰ ਉਚਾਰਨ ਵਿਸਰਗ ਵਾਂਗ ਹੀ ਰਿਹਾ। ਤਸਦੀਕ ਲਈ ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਦੇ ਕੋਸ਼ ਪੜਚੋਲਿਆਂ ਉਚਾਰਨ ਸੰਬੰਧੀ ਵੀਚਾਰ ਸਪਸ਼ਟ ਹੁੰਦੀ ਹੈ:

”शब्दों के अंत ‘ह’ उष्म वर्ण है तथा इसका उच्चारण स्थान ‘कंठ’ है।” (ਪ੍ਰਾਕ੍ਰਿਤ, ਪਾਲੀ ਅਤੇ ਅਪਭ੍ਰੰਸ਼ ਕੋਸ਼)
ਸੋ, ਅੰਤਕ ‘ਹ’ ਦਾ ਉਚਾਰਨ ਖੜੀ-ਤੜੀ ਧੁਨੀ ਵਾਂਗ ਕਰਨਾ ਚਾਹੀਦਾ ਹੈ।
ਕੰਨੇ ਦੀ ਧੁਨ ਤੋਂ ਅੱਧੀ ਧੁਨ ਮੁਕਤੇ ਅੱਖਰ ਦੀ ਹੁੰਦੀ ਹੈ।

ਸਹਾਇਕ ਪੁਸਤਕਾਂ :
੧. ਪ੍ਰਾਕ੍ਰਿਤ ਕੋਸ਼ 2. ਅਪਭ੍ਰੰਸ਼ ਕੋਸ਼ 3. ਪਾਲੀ ਕੋਸ਼ 4. ਪ੍ਰਾਕ੍ਰਿਤ ਵਿਆਕਰਨ 5.ਬ੍ਰਜ ਕੋਸ਼ ਆਦਿ ਅਤੇ ਜਿੰਨ੍ਹਾਂ ਪੁਸਤਕਾਂ ਦਾ ਲੇਖ ਵਿੱਚ ਜਿਕਰ ਕੀਤਾ ਗਿਆ ਹੈ।

ਭੁੱਲ-ਚੁਕ ਦੀ ਖਿਮਾਂ
ਹਰਜਿੰਦਰ ਸਿੰਘ ‘ਘੜਸਾਣਾ’


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top