Share on Facebook

Main News Page

ਅਸੀਂ ਨਾਨਕ ਸ਼ਾਹ ਫਕੀਰ ਫਿਲਮ ਦਾ ਵਿਰੋਧ ਕਰਦੇ ਹਾਂ
-: ਹਰਜਿੰਦਰ ਸਿੰਘ 'ਸਭਰਾਅ'
੮ ਅਪ੍ਰੈਲ ੨੦੧੮

ਫਿਲਮ "ਨਾਨਕ ਸ਼ਾਹ ਫਕੀਰ" ਦਾ ਸਿਖ ਜਥੇਬੰਦੀਆਂ/ਪ੍ਰਚਾਰਕਾਂ/ ਸਿਖ ਵੀਚਾਰਵਾਨਾਂ ਅਤੇ ਸੰਗਤ ਵਲੋਂ ਦੂਸਰੀ ਵਾਰ ਜੋਰਦਾਰ ਵਿਰੋਧ ਹੋ ਰਿਹਾ ਹੈ। ਪਹਿਲੀ ਵਾਰ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਜਿਸ ਤਰ੍ਹਾਂ ਫਿਲਮ ਨਿਰਮਾਤਾਵਾਂ ਨੇ ਕੁਝ ਸਮਾਂ ਚੁਪ ਧਾਰ ਲਈ ਲੱਗ ਰਿਹਾ ਸੀ ਜਿਵੇਂ ਗੱਲ ਖਤਮ ਹੋ ਗਈ ਹੈ। ਹੁਣ ਜਦੋਂ ਕਿ ਦੂਸਰੀ ਵਾਰ ਇਸ ਫਿਲਮ ਨੂੰ ਦਰਸ਼ਕਾਂ ਨੂੰ ਵਿਖਾਉਣ ਦਾ ਕੰਮ ਵੱਡੀ ਪੱਧਰ ਤੇ ਅਰੰਭਿਆ ਗਿਆ ਹੈ ਤਾਂ ਇਸ ਵਿਚ ਸ਼ੱਕ ਦੀ ਕਸਰ ਨਹੀਂ ਰਹੀ ਕਿ ਫਿਲਮ ਨਿਰਮਾਤਾਵਾਂ ਵਲੋਂ ਇੰਨਾ ਸਮਾਂ ਆਪਣੇ ਕੰਮ ਦੀ ਪੂਰਤੀ ਲਈ ਗੰਢ ਤੁੱਪ ਕੀਤਾ ਗਿਆ ਹੈ।

ਫਿਲਮ ਨਿਰਮਾਤਾ ਆਪਣੀ ਵਪਾਰਕ ਹਿਤ ਦੀ ਪੂਰਤੀ ਆਦਕ ਕਾਰਣਾਂ ਕਰਕੇ ਵੱਡਾ ਮੋਹਰਾ ਬਣਿਆ ਹੈ। ਇਸ ਫਿਲਮ ਵਿਚ ਵੱਖ ਵੱਖ ਕਿਰਦਾਰ ਨਿਭਾਉਣ ਵਾਲਿਆਂ ਦੇ ਨਾਂ ਅਤੇ ਆਮ ਜੀਵਨ ਦੀਆਂ ਤਸਵੀਰਾਂ ਲੋਕਾਂ ਸਾਹਮਣੇ ਜਨਤਕ ਸੰਚਾਰ ਸਾਧਨਾਂ (ਫੇਸਬੁਕ/ਵਟਸਐਪਅਤੇ ਵੈਬਸਾਈਟਾਂ) 'ਤੇ ਲੋਕਾਂ ਸਾਹਮਣੇ ਆ ਰਹੀਆਂ ਹਨ। ਇਨਾਂ ਅਦਾਕਾਰਾਂ ਬਾਰੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਫਿਲਮਾਂ ਵਿਚ ਕਿਰਦਾਰ ਨਿਭਾਉਣੇ ਉਨ੍ਹਾਂ ਦਾ ਪੇਸ਼ਾ ਹੈ। ਇਸ ਸਭ ਵਰਤਾਰੇ ਵਿਚ ਫਿਲਮ ਦਾ ਮੁਖ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਇਕ ਸਿੱਖ ਦਿੱਖ ਵਾਲਾ ਵਿਅਕਤੀ ਹੈ ਤੇ ਇਸ ਫਿਲਮ ਦੀ ਮਨਜੂਰੀ ਲਈ ਹਾਂ ਕਹਿਣ ਵਾਲੇ ਸ੍ਰੋਮਣੀ ਕਮੇਟੀ ਦੇ ਅਧਿਕਾਰੀ ਹਨ ਅਤੇ ਆਪਣੇ ਰੱਦੀ ਕੰਮਾਂ ਮੁਤਾਬਕ ਅਕਾਲ ਤਖਤ ਦਾ ਜਥੇਦਾਰ ਇਸ ਲਈ ਅਸੀਸਾਂ ਦੇ ਚੁਕਿਆ ਹੈ। ਹੁਣ ਭਾਵੇਂ ਸੂਚਨਾ ਮੰਤਰੀ ਅਤੇ ਗ੍ਰਹਿ ਮੰਤਰੀ ਅਾਦਕਾਂ ਨੂੰ ਚਿਠੀਆਂ ਲਿਖਣ ਦਾ ਲਕੀਰ ਕੁਟਣ ਵਾਲਾ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਸਿਖਾਂ ਵਲੋਂ ਕੀਤੇ ਜਾ ਰਹੇ ਫਿਲਮ ਦੇ ਵਿਰੋਧ ਚ ਵੀ ਥੋੜ੍ਹਾ ਹਿੱਸਾ ਪੈ ਜਾਵੇ।

ਹਾਲਾਂ ਕਿ ਸ:ਸੁਖਦੇਵ ਸਿੰਘ ਭੌਰ ਹੋਰਾਂ ਦਾ ਬਿਆਨ ਇਨ੍ਹਾਂ ਧਾਰਮਕ ਮੁਖੀਆਂ ਦੀ ਨਿਘਰੀ ਆਤਮਾ ਦਾ ਪਾਜ ਉਘੇੜ ਚੁੱਕਾ ਹੈ। ਇਸ ਸਮੁੱਚੇ ਵਰਤਾਰੇ ਵਿਚ ਸਿਖਾਂ ਦੇ ਆਗੂ ਅਖਵਾਉਣ ਵਾਲੇ ਅਤੇ ਪੰਥ ਖਤਰੇ ਦੀ ਦੁਹਾਈ ਦੇਣ ਵਾਲੇ ਬਹੁਗਿਣਤੀ ਆਗੂ ਤਮਾਸ਼ਬੀਨਾਂ ਵਾਂਗ ਵੇਖ ਰਹੇ ਹਨ। ਫਿਲਮ ਦੇ ਵਿਰੋਧ ਦਾ ਕਾਰਣ ਗੁਰੂ ਨਾਨਕ ਸਾਹਿਬ ਜੀ. ਬੇਬੇ ਨਾਨਕੀ ਜੀ ਵਰਗੇ ਅਹਿਮ ਸਤਕਾਰਯੋਗ ਕਿਰਦਾਰਾਂ ਦਾ ਪਰਦੇ ਤੇ ਫਿਲਮਾਂਕਣ ਕਲਾਕਾਰਾਂ ਵਲੋੰ ਕੀਤੇ ਜਾਣ ਬਾਰੇ ਹੈ। ਇਸ ਨਾਲ ਵੱਡੀ ਖੁੱਲ੍ਹ ਦਾ ਮਾਹੌਲ ਤਿਆਰ ਹੋ ਜਾਵੇਗਾ। ਕੋਈ ਅਤਕਥਨੀ ਨਹੀਂ ਕਿ ਨਾਟਕਾਂ ਡਰਾਮਿਆਂ ਵਿਚ ਰੰਗਮੰਚ ਤੇ ਗੁਰੂ ਸਾਹਿਬਾਂ ਦੇ ਕਿਰਦਾਰ ਕਲਾਕਾਰਾਂ ਵਲੋੰ ਪੇਸ਼ ਕਰਕੇ ਉਨ੍ਹਾਂ ਨੂੰ ਮਖੌਲ ਦਾ ਪਾਤਰ ਬਣਾਇਆ ਜਾਵੇਗਾ। ਅਜਿਹੇ ਵਿਚ ਜਰੂਰੀ ਹੈ ਕਿ ਇਸ ਦਾ ਬਾਨਣੂ ਬੰਨ੍ਹਣ ਵਾਲੇ ਲੋਕਾਂ ਦਾ ਵਿਰੋਧ ਆਪਣੇ ਆਪਣੇ ਪੱਧਰ ਤੇ ਕੀਤਾ ਜਾਵੇ। ਪਰ ਨਾਲ ਹੀ ਇਸ ਗੱਲ ਤੋਂ ਮੁਕਰਿਆ ਨਹੀਂ ਜਾ ਸਕਦਾ ਕਿ ਚਾਰ ਸਾਹਿਬਜ਼ਾਦੇ ਅਤੇ ਅਜਿਹੇ ਹੋਰ ਯਤਨਾਂ ਰਾਹੀਂ ਇਸ ਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਹੈ। ਚਾਰ ਸਾਹਿਬਜ਼ਾਦੇ ਫਿਲਮ ਵਿਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਕਿਰਦਾਰ ਐਨੀਮੇਸ਼ਨ ਤਕਨੀਕ ਨਾਲ ਵਿਖਾ ਦਿੱਤਾ ਗਿਆ ਹੈ ਤੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਵੀ ਵਿਖਾ ਦਿੱਤੇ ਗਏ ਹਨ। ਇਸ ਫਿਲਮ ਨੂੰ ਗੁਰਦੁਆਰਿਆਂ ਚ ਵਿਖਾਇਆ ਗਿਆ ਅਤੇ ਪ੍ਰਚਾਰਕਾਂ ਨੇ ਖੂਬ ਹੱਲਾਸ਼ੇਰੀ ਦੇਈ ਰੱਖੀ। ਜਦੋਂ ਕਿ ਸਿਖਾਂ ਦਾ ਸੁਚੇਤ ਵਰਗ ਪਹਿਲਾਂ ਹੀ ਇਸ ਬਾਰੇ ਕਹਿ ਰਿਹਾ ਸੀ ਕਿ ਇਹ ਰਾਹ ਠੀਕ ਸਿਧ ਨਹੀਂ ਹੋਵੇਗਾ। ਪਰ ਨਾਲ ਹੀ ਇਸ ਸਬੰਧੀ ਵੀ ਗੱਲ ਕਰ ਹੀ ਲਈਏ ਕਿ ਫਿਲਮਾਂ ਦੇ ਵਰਤਾਰੇ ਤੋਂ ਪਹਿਲਾਂ ਗੁਰੂ ਸਾਹਿਬਾਂ ਦੀ ਤਸਵੀਰ ਨੂੰ ਧਾਰਮਕ ਅਦਾਰਿਆਂ ਮਾਨਤਾ ਦਿੱਤੀ ਜਿਸਤੋਂ ਸਾਰੀ ਖੇਢ ਸ਼ੁਰੂ ਹੋ ਗਈ।

ਇਸ ਬਾਰੇ ਪ੍ਰੋ ਸਾਹਿਬ ਸਿੰਘ ਜੀ ਵਲੋਂ ਉਨ੍ਹਾਂ ਦੀ ਪੁਸਤਕ ਵਿਚ ਸ੍ਰੋਮਣੀ ਕਮੇਟੀ ਵਲੋਂ ਸੋਭਾ ਸਿੰਘ ਚਿੱਤਰਕਾਰ ਦੀ ਬਣਾਈ ਗੁਰੂ ਨਾਨਕ ਸਾਹਿਬ ਦੀ ਤਸਵੀਰ ਨੂੰ ਪ੍ਰਵਾਨ ਕਰਨ ਬਾਰੇ ਸ੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਇਸ ਖੇਢ ਦਾ ਹਿੱਸਾ ਬਣਨ ਤੋਂ ਵਰਜਣ ਬਾਰੇ ਲੇਖ ਪੜ੍ਹਿਆ ਜਾ ਸਕਦਾ ਹੈ। ਪਰ ਅਫਸੋਸ ਹੈ ਕਿ ਤਦੋਂ ਤੋਂ ਲੈ ਕੇ ਸਾਡੇ ਆਗੂ ਅਤੇ ਧਾਰਮਕ ਅਦਾਰਿਆਂ ਦੇ ਪ੍ਰਬੰਧਕ ਤਾਨਾਸ਼ਾਹੀ ਤੋਂ ਅੱਜ ਤੱਕ ਮੁਕਤ ਨਹੀਂ ਹੋਏ ਅਤੇ ਆਪਣੇ ਅੜੀਅਲ/ਅੜ੍ਹਬ ਅਤੇ ਹੈੰਕੜਬਾਜ ਸੁਭਾਅ ਕਰਕੇ ਸਿਆਣੇ ਵਿਦਵਾਨਾਂ ਅਤੇ ਸਲਾਹ ਦੇਣ ਵਾਲਿਆਂ ਦੀ ਧੇਲੇ ਦੀ ਪਰਵਾਹ ਨਹੀਂ ਕਰਦੇ। ਤਸਵੀਰਾਂ ਤੋਂ ਗੁਰੂ ਸਾਹਿਬ ਦੀਆਂ ਮੂਰਤੀਆਂ ਤੱਕ ਬਣ ਕੇ ਵਿਕ ਰਹੀਆਂ ਹਨ ਅਤੇ ਇਹ ਮੂਰਤੀਆਂ ਕਾਰਾਂ/ਘਰਾਂ/ਅਤੇ ਵਪਾਰਕ ਅਦਾਰਿਆਂ ਤੱਕ ਪਹੁੰਚ ਰਹੀਆਂ ਹਨ। ਤਖਤਾਂ ਤੇ ਬੈਠੇ ਅਧਿਕਾਰੀ ਜੋ ਆਮ ਸਿਖਾਂ ਨਾਲ ਥਾਣੇਦਾਰਾਂ ਵਾਂਗ ਸਲੂਕ ਕਰਨ ਕਰਕੇ ਪ੍ਰਸਿਧ ਹਨ ਤੇ ਆਪਣੇ ਲਏ ਗਲਤ ਫੈਸਲਿਆਂ ਕਰਕੇ ਆਪਣੀ ਪਦਵੀ ਅਤੇ ਧਾਰਮਕ ਸੰਸਥਾਵਾਂ ਦਾ ਮਾਣ ਘਟਾਉਣ ਦੇ ਦੋਸ਼ੀ ਵੀ ਹਨ ਇਸ ਖੇਢ ਦਾ ਹਿੱਸਾ ਹਨ। ਇਸਲਾਮ ਵਿਚ ਬੁਤ ਪ੍ਰਸਤੀ ਅਤੇ ਖਾਸ ਕਰ ਹਜ਼ਰਤ ਮੁਹੰਮਤ ਸਾਹਬ ਦੀ ਤਸਵੀਰ/ਬੁੱਤ ਅਤੇ ਉਨ੍ਹਾਂ ਦਾ ਕਿਰਦਾਰ ਫਿਲਮਾਂ ਚ ਕਿਸੇ ਨਹੀਂ ਨਿਭਾਇਆ।

ਅਜਿਹਾ ਨਹੀਂ ਕਿ ਹਜ਼ਰਤ ਸਾਹਬ ਬਾਰੇ ਕੋਈ ਫਿਲਮ ਨਹੀਂ ਬਣੀ ਪਰ ਨਿਰਮਾਤਾਵਾਂ ਨੇ ਇਸਲਾਮ ਦੀ ਬੁਤ ਪ੍ਰਸਤੀ ਬਾਰੇ ਖਿੱਚੀ ਲਕੀਰ ਦਾ ਧਿਆਨ ਰੱਖਦਿਆਂ ਹਜ਼ਰਤ ਸਾਹਬ ਦਾ ਕਿਰਦਾਰ ਵਿਖਾਇਆ ਹੀ ਨਹੀਂ ਪਰ ਫਿਲਮ ਵੇਖਣ ਵਾਲੇ ਦਰਸ਼ਕ ਦੇ ਮਨੋਰੰਜਨ ਪੱਖ 'ਤੇ ਵੀ ਕੋਈ ਫਰਕ ਨਹੀਂ ਪੈਂਦਾ। ਸਾਡੇ ਸਿਖ ਅਦਾਰਿਆਂ ਦੇ ਪ੍ਰਬੰਧਕ ਤੇ ਆਗੂ ਅਜੇ ਤੱਕ ਇਸ ਬਾਰੇ ਕੋਈ ਨਿਯਮਾਵਲੀ ਤਹਿ ਹੀ ਨਹੀਂ ਕਰ ਸਕੇ। ਖੈਰ! ਇਸ ਦਾ ਮਤਲਬ ਇਹ ਨਹੀਂ ਕਿ ਪਹਿਲੀਆਂ ਗਲਤੀਆਂ ਵਾਂਗ ਇਸ ਫਿਲਮ ਨੂੰ ਪ੍ਰਵਾਨ ਕਰ ਲਿਆ ਜਾਵੇ। ਇਸ ਸਾਰੇ ਵਰਤਾਰੇ ਨੂੰ ਜਿੰਨਾਂ ਹੋ ਸਕੇ ਅਤੇ ਜਿਵੇਂ ਹੋ ਸਕੇ ਵਿਰੋਧਤਾ ਕਰਕੇ ਰੋਕਣਾ ਚਾਹੀਦਾ ਹੈ। ਇਸ ਵਰਤਾਰੇ ਦੀ ਨਿਖੇਧੀ ਕਰਨ ਵਾਲੇ/ਵਿਰੋਧ ਕਰਨ ਵਾਲੇ/ਅਤੇ ਆਪਣੇ ਆਪਣੇ ਵਸੀਲਿਆਂ ਰਾਹੀਂ ਇਸ ਨੂੰ ਨਕਾਰਨ ਵਾਲੇ ਸਾਰੇ ਦਰਦੀਆਂ ਦਾ ਧੰਨਵਾਦ ਕਰਨਾ ਬਣਦਾ ਹੈ। ਆਉ ਆਪਣਾ ਫਰਜ਼ ਸਮਝਦਿਆਂ ਬਣਦਾ ਸਰਦਾ ਯੋਗਦਾਨ ਪਾਉਂਦੇ ਰਹੀਏ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top