Share on Facebook

Main News Page

ਰਣਜੀਤ ਸਿੰਘ ਢੱਡਰੀਆਂਵਾਲੇ ਵੱਲੋਂ ਰੱਦ ਕੀਤੇ ਜਾ ਰਹੇ ਸਮਾਗਮਾਂ ਪਿੱਛੇ ਕੀ ਕਾਰਣ ਹੋ ਸਕਦਾ ਹੈ ?
-: ਵਰਪਾਲ ਸਿੰਘ ਨਿਊਜ਼ੀਲੈਂਡ
26 Mar 2018
  1. ਪਿਛਲੇ ਸਾਲ 14 ਨਵੰਬਰ ਨੂੰ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਸ੍ਰੀ ਅੰਮ੍ਰਿਤਸਰ ਵਿਚ ਆਪਣਾ ਪ੍ਰੋਗਰਾਮ ਰੱਖਿਆ ਸੀ। ਟਕਸਾਲ ਅਤੇ ਹੋਰ ਜਥੇਬੰਦੀਆਂ ਵਲੋਂ ਇਸ ਪ੍ਰੋਗਰਾਮ ਦਾ ਵਿਰੋਧ ਹੋਇਆ। ਦੋਵੇਂ ਪਾਸਿਓਂ ਬਿਆਨਬਾਜੀ ਵੀ ਪੂਰੀ ਹੋਈ। ਪਰ 11 ਨਵੰਬਰ ਦੀਆਂ ਅਖਬਾਰਾਂ ਵਿਚ ਖਬਰ ਆ ਗਈ ਕਿ ਢੱਡਰੀਆਂਵਾਲੇ ਨੇ ਪ੍ਰੋਗਰਾਮ ਕੈਂਸਲ ਕਰ ਦਿਤਾ ਹੈ। ਜਿਹੜਾ ਬਿਆਨ ਅੱਜ ਵੀ ਯਾਦ ਕਰਕੇ ਮੇਰਾ ਹਾਸਾ ਨਿਕਲ ਜਾਂਦਾ ਉਹ ਸਿੱਖੀ ਭੇਖ ਵਿਚ ਵਿਚਰ ਰਹੇ ਸੱਭ ਤੋਂ ਵੱਡੇ ਤੇ ਨਿਹਾਇਤ ਘਟੀਆ ਚਾਪਲੂਸ ਵਲੋਂ ਢੱਡਰੀਆਂਵਾਲੇ ਦੇ ਹੱਕ ਵਿਚ ਦਿਤਾ ਗਿਆ ਸੀ, ਅਖੇ "ਕੁੱਤਾ ਪਾਲ ਲਿਓ, ਬਿੱਲੀ ਪਾਲ ਲਿਓ, ਪਰ ਇਹ ਭਰਮ ਨਾ ਪਾਲ ਲਿਓ ਕਿ ਅੰਮ੍ਰਿਤਸਰ ਵਾਲਾ ਪ੍ਰੋਗਰਾਮ ਕੈਂਸਲ ਹੋ ਜਊ"!

  2. ਢੱਡਰੀਆਂਵਾਲੇ ਨੇ ਨਾ ਸਿਰਫ ਅੰਮ੍ਰਿਤਸਰ ਵਾਲਾ ਪ੍ਰੋਗਰਾਮ ਕੈਂਸਲ ਕਰ ਦਿਤਾ, ਬਲਕਿ ਕੁੱਤਾ ਵੀ ਪਾਲ ਲਿਆ! ਬਿੱਲੀ ਦੀ ਅਜੇ ਕੋਈ ਖਬਰ ਨਹੀਂ।

  3. ਉਸ ਵੇਲੇ ਵੀ ਮੇਰਾ ਅਤੇ ਨਾਲ ਵਾਲੇ ਸੱਜਣਾਂ ਮਿੱਤਰਾਂ ਦਾ ਇਹੀ ਵਿਚਾਰ ਸੀ ਕਿ ਧਮਕੀਆਂ ਦੇਣ ਵਾਲੇ ਗਲਤ ਨੇ ਅਤੇ ਗੁਰੂ ਪਾਤਿਸਾਹ ਨੇ ਸਿੱਖ ਨੂੰ ਵਿਰੋਧੀ ਵਿਚਾਰ ਸੁਣਨ ਦਾ ਹੀਆ ਪਾਲਣ ਦੀ ਹਿਦਾਇਤ ਦਿਤੀ ਹੈ ਨਾ ਕਿ ਵਿਰੋਧੀ ਦਾ ਮੂੰਹ ਧੱਕੇ ਨਾਲ ਬੰਦ ਕਰਨ ਦੀ। ਹਾਂ ਉਸ ਦੀਆਂ ਹੱਦ-ਬੰਦੀਆਂ ਜਰੂਰ ਹਨ - ਜੇਕਰ ਆਮ ਭਾਖਾ ਵਿਚ ਇਹਨਾਂ ਹੱਦ-ਬੰਦੀਆਂ ਦੀ ਨਿਸਾਨਦੇਹੀ ਕਰਨੀ ਹੋਵੇ ਤਾਂ ਅੰਗ੍ਰੇਜੀ ਦੇ ਮੁਹਾਵਰੇ ਦਾ ਤਰਜਮਾ ਕਰਕੇ ਇਕ ਵਾਕ ਵਿਚ ਇਵੇਂ ਕੀਤੀ ਜਾ ਸਕਦੀ ਹੈ ਕਿ "ਤੇਰੀ ਆਜ਼ਾਦੀ ਉਥੇ ਖਤਮ ਹੋ ਜਾਂਦੀ ਹੈ ਜਿਥੇ ਮੇਰੀ ਨੱਕ ਸੁਰੂ ਹੁੰਦੀ ਹੈ।" (ਇਸਦੇ ਨਾਲ ਹੀ ਇਹ ਗੱਲ ਵੀ ਅਸੀਂ ਜਰੂਰ ਸਮਝ ਲਈਏ ਕਿ ਜਦੋਂ ਲਿੱਬੜੀ ਮੱਝ ਗੁਰੂ ਤੇ ਛਿਟੇ ਪਾਵੇ ਤਾਂ ਸਾਡਾ ਇਹ ਫਰਜ ਜਰੂਰ ਬਣਦਾ ਹੈ ਕਿ ਅਸੀਂ ਇਹ ਸਮਝੀਏ ਕਿ ਲਿੱਬੜੀ ਮੱਝ ਸਿੱਖਾਂ ਦੇ ਵਿੱਚ ਵੜ੍ਹ ਕਿਵੇਂ ਗਈ। ਉਹਨੂੰ ਸੰਗਤ ਵਿਚੋਂ ਬਾਹਰ ਕਰਨਾ ਸਿਰਫ ਅੱਧਾ ਹੱਲ ਹੈ। ਦੂਜਾ ਅੱਧ ਅਗਾਂਹ ਤੋਂ ਅਜਿਹੀ ਕੋਈ ਹੋਰ ਲਿੱਬੜੀ ਮੱਝ ਸੰਗਤ ਵਿਚ ਨਾ ਵੜ੍ਹ ਸਕੇ ਉਸਦਾ ਤਰੀਕਾ-ਕਾਰ ਲੱਭ ਕੇ ਲਾਗੂ ਕਰਨਾ ਹੈ।)

  4. ਪਰ ਕੱਲ੍ਹ ਜਦੋਂ ਖਬਰ ਸੁਣੀ ਕੇ ਢੱਡਰੀਆਂਵਾਲੇ ਨੇ ਚੋਹਲਾ ਸਾਹਿਬ ਵਾਲਾ ਪ੍ਰੋਗਰਾਮ ਬੁੱਕ ਕਰਕੇ ਮੌਕੇ ਤੇ ਫੇਰ ਰੱਦ ਕਰ ਦਿਤਾ ਹੈ ਤਾਂ ਇਸ ਵਾਰ ਮਨ ਵਿਚ ਇਹ ਖਿਆਲ ਆਇਆ ਕਿ ਕਹਾਣੀ ਕੁੱਝ ਹੋਰ ਹੈ। ਇਸ ਨੂੰ ਹੋਰ ਵਿਚਾਰਿਆ ਜਾਵੇ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਾਰ ਵੀ ਦੋਵੇਂ ਪਾਸੇ ਖਿਡਾਰੀ ਉਹੀ ਸਨ ਅਤੇ ਨਤੀਜਾ ਵੀ ਉਹੀ ਨਿਕਲਿਆ - ਜਿਸ ਬਾਰੇ ਇਕ ਵੀਰ ਨੇ ਕਮੈਂਟ ਕੀਤਾ ਸੀ ਕਿ "ਮੈਚ ਫਿਕਸ ਕਰਕੇ ਖੇਡਿਆ ਜਾ ਰਿਹਾ।"

  5. ਮੇਰੇ ਮਨ ਵਿਚ ਇਹ ਵਿਚਾਰ ਆਈ ਸੀ ਕਿ ਦੂਜੀ ਵਾਰ ਰੱਦ ਕਰਨ ਤੇ ਉਹ ਸਾਰੀਆਂ ਦਲੀਲਾਂ ਦਿਤੀਆਂ ਜਾਣਗੀਆਂ ਜਿਹੜੀਆਂ ਤੀਜੀ ਵਾਰ ਪ੍ਰੋਗਰਾਮ ਕਰਨ ਦੇ ਹੱਕ ਵਿਚ ਵਰਤੀਆਂ ਜਾਣਗੀਆਂ। ਇਹਨਾਂ ਵਿਚ ਇਕ ਦਲੀਲ ਮੇਰੀ ਇਹ ਸੀ ਕਿ "ਪ੍ਰੋ. ਸਰਬਜੀਤ ਸਿੰਘ ਧੂੰਦਾ ਅਤੇ ਭਾਈ ਪੰਥਪ੍ਰੀਤ ਸਿੰਘ ਦਾ ਵਿਰੋਧ ਕਰਨ ਵਾਲੇ ਵੀ ਇਹੀ ਸੱਜਣ ਸਨ, ਪਰ ਉਹਨਾਂ ਕੋਈ ਪ੍ਰੋਗਰਾਮ ਰੱਦ ਨਹੀਂ ਕੀਤਾ। ਇਸਦਾ ਸਿਟਾ ਇਹ ਨਿਕਲਿਆ ਕਿ ਇਲਾਕੇ ਦੀ ਸੰਗਤ ਇਹਨਾਂ ਨਿਰੋਲ ਗੁਰਮਤਿ ਦੇ ਪ੍ਰਚਾਰਕਾਂ ਨਾਲ ਖੜ੍ਹ ਗਈ ਅਤੇ ਵਿਰੋਧੀਆਂ ਨੂੰ ਆਪਣੀ ਕਮਜੋਰ ਹਾਲਤ ਦਾ ਅਹਿਸਾਸ ਹੋ ਗਿਆ ਤੇ ਆਮ ਲੋਕਾਂ ਨੂੰ ਵੀ ਪਤਾ ਲੱਗ ਗਿਆ ਕੇ ਇਹ ਬੜ੍ਹਕਾ ਹੀ ਮਾਰਦੇ ਨੇ। ਇਸਦਾ ਨਤੀਜਾ ਇਹ ਨਿਕਲਿਆ ਕਿ ਵਿਰੋਧ ਹੁਣ ਬਿਲਕੁਲ ਖਤਮ ਹੀ ਹੋ ਗਿਆ ਸੀ। ਪਰ ਢੱਡਰੀਆਂਵਾਲੇ ਨੇ ਦੂਜੀ ਵਾਰ ਪ੍ਰੋਗਰਾਮ ਕੈਂਸਲ ਕਰਕੇ ਇਹਨਾਂ ਵਿਰੋਧੀਆਂ ਵਿਚ ਮੁੜ੍ਹ ਜਾਨ ਪਾ ਦਿਤੀ ਹੈ।"

  6. ਕਿਤੇ ਪਹਿਲਾਂ ਪ੍ਰੋਗਰਾਮ ਰੱਖ ਕੇ ਮੌਕੇ 'ਤੇ ਵਿਰੋਧ ਕਾਰਣ ਕੈਂਸਲ ਕਰਨ ਦੀ ਪਿਰਤ ਤਾਂ ਨਹੀਂ ਪਾਈ ਜਾ ਰਹੀ? ਇਹ ਸੱਕ ਪੱਕਾ ਉਦੋਂ ਹੋਣ ਲੱਗਦਾ ਹੈ ਜਦੋਂ ਚੋਹਲਾ ਸਾਹਿਬ ਦੀ ਸੰਗਤ ਵਿਚੋਂ ਇਹ ਖਬਰ ਆਉਂਦੀ ਹੈ ਕਿ ਪ੍ਰੋਗਰਾਮ ਕਰਵਾਉਣ ਲਈ ਉਹਨਾਂ ਨੂੰ ਇਕੋ ਸਰੋਤ ਤੋਂ 15 ਲੱਖ ਰੁਪਏ ਮਿਲੇ ਸਨ। ਬਈ ਉਹ ਕਿਹੜੀ ਐਸੀ ਧਿਰ ਹੈ ਜਿਹੜੀ 15 ਲੱਖ ਖਰਾਬ ਇਸ ਲਈ ਕਰਦੀ ਹੈ ਕਿ ਖੌਰੂ ਪਾ ਕੇ ਪ੍ਰੋਗਰਾਮ ਰੱਦ ਕਰ ਦਿਤਾ ਜਾਵੇ? ਉਹ ਧਿਰ ਇਸ ਸਾਰੇ 'ਚੋਂ ਕੀ ਖੱਟਣਾ ਚਾਹੁੰਦੀ ਹੈ? ਆਉਣ ਵਾਲੇ ਦਿਨਾਂ ਵਿਚ ਇਹਨਾਂ ਗੱਲਾਂ ਦੇ ਜਵਾਬ ਮਿਲਣ ਦੀ ਪੂਰੀ ਉਮੀਦ ਹੈ।

  7. ਜਿਸ ਅਣਹੋਣੀ ਘਟਨਾ ਦੇ ਵਾਪਰਨ ਦੀ ਸੰਭਾਵਨਾ ਹੈ ਉਹ ਇਹ ਹੈ ਕਿ ਤੀਜਾ ਪ੍ਰੋਗਰਾਮ ਰੱਖ ਕੇ ਹੁਣ ਕੈਂਸਲ ਨਹੀਂ ਕੀਤਾ ਜਾਣਾ ਅਤੇ "2019 ਦੀਆਂ ਚੋਣਾਂ" (ਜਿਹੜੀਆਂ ਇਸੇ ਸਾਲ ਸਿਤੰਬਰ ਤੋਂ ਬਾਦ ਕਦੇ ਵੀ ਹੋਣ ਦੀਆਂ ਗੱਲਾਂ ਹੋ ਰਹੀਆਂ ਹਨ) ਲਈ ਸਿੱਖਾਂ ਦੀਆਂ ਦੋ ਧਿਰਾਂ ਲੜਾ ਕੇ "ਲੋੜੀਂਦਾ ਖੂਨ-ਖਰਾਬਾ" ਕਰਵਾ ਕੇ ਪੰਜਾਬ ਅਤੇ ਹੋਰਨਾਂ ਥਾਵਾਂ 'ਤੇ ਚੋਣਾਂ ਜਿੱਤਣ ਲਈ ਬਹਾਨਾ ਘੜਿਆ ਜਾਣਾ ਹੈ।

  8. ਇਸ ਸਾਰੀਆਂ ਸੰਭਾਵਨਾਵਾਂ ਦੇ ਮੱਦੇ ਨਜਰ "ਨਜਰੀਏ ਵਾਲੇ ਬਾਬੇ" ਨੂੰ ਬੇਨਤੀ ਹੈ ਕਿ ਛੋਟੇ ਵੀਰ ਦੋ ਵਾਰੀ ਰੱਦ ਕਰਨ ਤੋਂ ਬਾਦ ਜੇ ਕਰ ਤੀਜੇ ਪ੍ਰੋਗਰਾਮ ਵਿਚ ਖੂਨ-ਖਰਾਬਾ ਹੁੰਦਾ ਹੈ ਤਾਂ ਉਸਦਾ ਸਾਰਾ ਦੋਸ ਤੇਰੇ 'ਤੇ ਹੀ ਆਉਣਾ ਹੈ।

  9. ...ਤੇ ਜੇਕਰ ਤੀਜਾ ਪ੍ਰੋਗਰਾਮ ਵੀ ਰੱਦ ਹੁੰਦਾ ਹੈ ਤਾਂ ਉਸਦਾ ਸਿਧਾ ਮਤਲਬ ਇਹ ਨਿਕਲਣਾ ਹੈ ਕਿ ਪ੍ਰਬੰਧਕਾਂ ਅਤੇ ਸਥਾਨਕ ਸੰਗਤ ਦਾ ਹੌਸਲਾ ਪਸਤ ਕੀਤਾ ਜਾ ਰਿਹਾ ਅਤੇ ਵਿਰੋਧ ਕਰਨ ਵਾਲਿਆਂ ਦੇ ਹੌਸਲੇ ਵਧਾਏ ਜਾ ਰਹੇ ਨੇ।

ਵਾਹਿਗੁਰੂ ਹਰ ਸਿੱਖ ਨੂੰ ਵਿਰੋਧੀਆਂ ਦੀਆਂ ਚਾਲਾਂ ਸਮਝਣ ਦੀ ਮਤ ਬਖਸੇ ਜਿਸ ਨਾਲ ਸਾਡੇ ਵਿਚੋਂ ਕੋਈ ਵੀ ਵੈਰੀ ਦਾ ਹੱਥ-ਠੋਕਾ ਨਾ ਬਣੇ।

ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਿਹ ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top