Share on Facebook

Main News Page

ਕਾਂਗਰਸ ਦੀ ਪੋਲ ਖੋਲਣ ਆਏ ਸੁਖਬੀਰ ਸਿੰਘ ਬਾਦਲ ਆਪਣੀਆਂ ਅੰਦਰੂਨੀ ਪੋਲਾਂ ਹੀ ਖੋਲ ਗਏ

- ਸੌਦਾ ਸਾਧ ਦੇ ਪ੍ਰੇਮੀ ਦੇ ਘਰ ਉੱਚੇਚੇ ਤੌਰ ’ਤੇ ਪੁੱਜੇ ਸੁਖਬੀਰ ਸਿੰਘ ਬਾਦਲ ਤੇ ਸਾਥੀ
- ਲੱਚਰਤਾ ਵਾਲੇ ਪ੍ਰੋਗਰਾਮਾਂ ਤੇ ਕਰਮ-ਕਾਂਡ ਵਾਲੇ ਜੋੜ ਮੇਲੇ ਦਾ ਕੀਤਾ ਉਦਘਾਟਨ
- ਨੁਕਰਾ ਘੋੜਾ ਤਾਂ ਦੇਖਿਆ, ਪਰ ਬੇਅਦਬੀ ਕਾਂਡ ਦੇ ਪੀੜਤ ਦੇ ਘਰ ਨਹੀਂ ਗਏ

ਕੋਟਕਪੂਰਾ, 11 ਮਾਰਚ (ਗੁਰਿੰਦਰ ਸਿੰਘ) :- ਅਕਾਲੀ ਦਲ ਬਾਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਖਿਲਾਫ ਸ਼ੁਰੂ ਕੀਤੀਆਂ ਗਈਆਂ ਪੋਲ ਖੋਲ ਰੈਲੀਆਂ ਦੀ ਲੜੀ ਤਹਿਤ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਪੁੱਜੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੱਤਰਕਾਰਾਂ ਦੇ ਸਨਮੁੱਖ ਹੋਣ ਦੀ ਜੁਰਅੱਤ ਨਾ ਕਰ ਸਕੇ ਪਰ ਵਿਰੋਧੀਆਂ ਦੀ ਪੋਲ ਖੋਲ ਦੇ ਖੋਲ ਦੇ ਆਪਣੀਆਂ ਹੀ ਪੋਲਾਂ ਖੋਲਣ ਦੀਆਂ ਗਲਤੀਆਂ ਕਰ ਬੈਠੇ, ਕਿਉਂਕਿ ਰੈਲੀ ਦੀ ਸਮਾਪਤੀ ਤੋਂ ਬਾਅਦ ਉਹ ਤਿੰਨ ਅਜਿਹੀਆਂ ਥਾਵਾਂ ’ਤੇ ਗਏ, ਜੋ ਭਵਿੱਖ ’ਚ ਜਿੱਥੇ ਅਕਾਲੀ ਦਲ ਬਾਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਜਵਾਬਦੇਹ ਬਣਾ ਸਕਦੀਆਂ ਹਨ ਉੱਥੇ ਉਨਾਂ ਗੱਲਾਂ ਦਾ ਪਾਰਟੀ ਲਈ ਪ੍ਰੇਸ਼ਾਨੀ ਦਾ ਸਬੱਬ ਬਣਨਾ ਵੀ ਸੁਭਾਵਿਕ ਹੈ।

ਪ੍ਰੈਸ ਕਾਨਫਰੰਸ ਤੋਂ ਟਾਲਾ ਵਟਣ ਕਾਰਨ ਸੁਖਬੀਰ ਸਿੰਘ ਬਾਦਲ ਤੋਂ ਪੱਤਰਕਾਰ ਕੋਈ ਸਵਾਲ ਨਾ ਪੁੱਛ ਸਕੇ ਪਰ ਬੇਅਦਬੀ ਕਾਂਡ ਤੋਂ ਦੁਖੀ ਸ਼ਰਧਾਲੂਆਂ ਜਾਂ ਪੰਥਦਰਦੀਆਂ ਨੂੰ ਵੀ ਬਾਦਲ ਦੇ ਨੇੜੇ ਤੱਕ ਨਾ ਜਾਣ ਦਿੱਤਾ ਗਿਆ। ਕੁਝ ਪੰਥਦਰਦੀਆਂ ਨੇ ਹੈਰਾਨੀ ਜਾਹਰ ਕੀਤੀ ਕਿ ਸੌਦਾ ਸਾਧ ਦੇ ਪ੍ਰੇਮੀ ਕੇਵਲ ਸਿੰਘ ਦੇ ਘਰ ਜਾਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਇਹ ਤਸੱਲੀ ਕਰਨ ਦੀ ਜਰੂਰਤ ਹੀ ਕਿਉਂ ਨਾ ਸਮਝੀ ਕਿ ਕੀ ਕੇਵਲ ਸਿੰਘ ਪ੍ਰੇਮੀ ਨੇ ਸੌਦਾ ਸਾਧ ਦਾ ਖਹਿੜਾ ਛੱਡ ਦਿੱਤਾ ਹੈ? ਕੀ ਕੇਵਲ ਸਿੰਘ ਪ੍ਰੇਮੀ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਲੱਗ ਪਿਆ ਹੈ?

ਦੂਜੀ ਘਟਨਾ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵੱਲੋਂ ਨੇੜਲੇ ਪਿੰਡ ਹਰੀਨੋਂ ਵਿਖੇ ਖਲੀਫਾ ਬਾਬਾ ਮੋਹਨ ਚਿਸ਼ਤੀ ਦੇ ਸਲਾਨਾ ਜੋੜ ਮੇਲੇ ਦਾ ਉਦਘਾਟਨ ਕਰਨ ਦੀ ਵਾਪਰੀ, ਕਿਉਂਕਿ ਮਹਿਜ ਇਕ ਦਿਨ ਪਹਿਲਾਂ ਕੁਝ ਪੰਥਦਰਦੀਆਂ, ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਹਰੀਨੌਂ ਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੁਝ ਮੋਹਤਬਰਾਂ ਨੇ ਵਿਰੋਧ ਕਰਨ ਦਾ ਕਹਿ ਕੇ ਦੋਸ਼ ਲਾਇਆ ਸੀ ਕਿ ਸਲਾਨਾ ਜੋੜ ਮੇਲੇ ਮੌਕੇ ਲੱਚਰਤਾ ਦਾ ਪਸਾਰਾ ਹੋਣ ਕਰਕੇ ਸੁਖਬੀਰ ਸਿੰਘ ਬਾਦਲ ਅਤੇ ਮਨਤਾਰ ਸਿੰਘ ਬਰਾੜ ਵੱਲੋਂ ਅਜਿਹੇ ਮੇਲਿਆਂ ਦਾ ਉਦਘਾਟਨ ਕਰਨਾ ਅਫਸੋਸਨਾਕ ਹੈ। ਉਨਾ ਰੋਸ ਪ੍ਰਗਟਾਇਆ ਕਿ ਇਸ ਬਾਬੇ ਵੱਲੋਂ ਕਥਿੱਤ ਤੌਰ ’ਤੇ ਜਾਦੂ-ਟੂਣਾ, ਧਾਗੇ-ਤਵੀਤ, ਅਨੇਕਾਂ ਤਰਾਂ ਦੇ ਕਰਮਕਾਂਡ ਅਰਥਾਤ ਗੁਰਬਾਣੀ ਦੇ ਫਲਸਫੇ ਅਰਥਾਤ ਸਿਧਾਂਤਾਂ ਦੇ ਉਲਟ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ, ਫਿਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਟੀਮ ਦਾ ਉੱਥੇ ਪੁੱਜਣਾ ਸਮਝ ਤੋਂ ਬਾਹਰ ਹੈ। ਜਦੋਂ ਉਕਤ ਬਾਬੇ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਲੱਚਰਤਾ ਵਾਲਾ ਕੋਈ ਵੀ ਗਾਇਕ ਨਹੀਂ ਬੁਲਾਵੇਗਾ ਤਾਂ ਵਿਰੋਧ ਕਰਨ ਦਾ ਫੈਸਲਾ ਵਾਪਸ ਲੈ ਲਿਆ ਗਿਆ।

ਤੀਜੀ ਘਟਨਾ ਨੇੜਲੇ ਪਿੰਡ ਵਾੜਾ ਦਰਾਕਾ ਵਿਖੇ ਜਸਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਦੇ ਘਰ ਇਕ ਉਤਮ ਕਿਸਮ ਦਾ ਨੁਕਰਾ ਘੋੜਾ ਦੇਖਣ ਦੀ ਵਾਪਰੀ, ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਘੋੜਾ ਦੇਖਣ ਦਾ ਸ਼ੌਂਕ ਤਾਂ ਪੈਦਾ ਹੋ ਗਿਆ, ਪਰ ਮਹਿਜ ਕੁਝ ਕੁ ਗਜਾਂ ਦੀ ਦੂਰੀ ’ਤੇ ਸਥਿੱਤ ਬੇਅਦਬੀ ਕਾਂਡ ਮੌਕੇ ਪੁਲਸੀਆ ਅੱਤਿਆਚਾਰ ਦਾ ਸ਼ਿਕਾਰ ਹੋਏ ਭਾਈ ਰਣਜੀਤ ਸਿੰਘ ਟੋਨੀ ਦੇ ਘਰ ਜਾਣ ਦੀ ਖੇਚਲ ਨਾ ਕੀਤੀ ਗਈ। ਜਿਕਰਯੋਗ ਹੈ ਕਿ ਭਾਈ ਰਣਜੀਤ ਸਿੰਘ 14 ਅਕਤੂਬਰ 2015 ਨੂੰ ਸਥਾਨਕ ਬੱਤੀਆਂ ਵਾਲੇ ਚੋਂਕ ’ਚ ਉਸ ਵੇਲੇ ਪੁਲਸੀਆ ਅੱਤਿਆਚਾਰ ਦਾ ਸ਼ਿਕਾਰ ਹੋ ਗਏ ਸਨ, ਜਦ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਵੱਲੋਂ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਸੀ। ਉਕਤ ਮਾਮਲੇ ਦਾ ਦੁਖਦਾਇਕ ਪਹਿਲੂ ਇਹ ਵੀ ਹੈ ਕਿ ਭਾਈ ਰਣਜੀਤ ਸਿੰਘ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਮੁਲਾਜਮ ਹੋਣ ਕਾਰਨ ਇਤਿਹਾਸਿਕ ਗੁਰਦਵਾਰਾ ਗੰਗਸਰ ਜੈਤੋ ਦੇ ਮੁੱਖ ਗ੍ਰੰਥੀ ਸਨ ਤੇ ਪੁਲਿਸ ਦੇ ਅੰਨੇ ਤਸ਼ੱਦਦ ਕਾਰਨ ਦੋ ਮਹੀਨੇ ਮੰਜੇ ਜੋਗੇ ਹੀ ਰਹਿ ਗਏ, ਨੌਕਰੀ ਛੱਡਣੀ ਪਈ, ਕੋਈ ਅਕਾਲੀ ਆਗੂ ਜਾਂ ਸ਼੍ਰ੍ਰੋਮਣੀ ਕਮੇਟੀ ਦਾ ਅਹੁਦੇਦਾਰ ਸਾਰ ਲੈਣ ਨਾ ਆਇਆ ਅਤੇ ਅੱਜ ਕਰੀਬ ਢਾਈ ਸਾਲਾਂ ਬਾਅਦ ਅਕਾਲੀ ਦਲ ਬਾਦਲ ਦੇ ਪ੍ਰਧਾਨ ਦੀ ਆਮਦ ਮੌਕੇ ਨੁਕਰਾ ਘੋੜਾ ਤਾਂ ਦੇਖਣਾ ਪਰ ਇਕ ਪੰਥਦਰਦੀ ਪੀੜਤ ਦੀ ਸਾਰ ਨਾ ਲੈਣ ਵਾਲੀਆਂ ਗੱਲਾਂ ਪੰਥਕ ਹਲਕਿਆਂ ’ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top