Share on Facebook

Main News Page

ਸ਼੍ਰੋਮਣੀ ਕਮੇਟੀ ਦੀ ਹੋਣ ਵਾਲੀ ਅੰਤਰਿੰਗ ਕਮੇਟੀ ਦੀ ਮੀਟਿੰਗ ਜਥੇਦਾਰ ਦੀ ਬਲੀ ਦਾ ਬੰਨ੍ਹ ਸਕਦੀ ਹੈ ਮੁੱਢ

ਅੰਮ੍ਰਿਤਸਰ 15 ਜਨਵਰੀ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਵਿਰੋਧੀ ਧਿਰ ਦੇ ਮੈਂਬਰ ਦੇ ਨਾਲ ਨਾਲ ਕਈ ਹਾਕਮ ਧਿਰ ਦੇ ਮੈਂਬਰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੱਖ ਵੱਖ ਮੁੱਦਿਆਂ 'ਤੇ ਘੇਰ ਸਕਦੇ ਹਨ ਤੇ ਜਥੇਦਾਰ ਲਈ ਕਈ ਗੰਭੀਰ ਮੁਸ਼ਕਲਾਂ ਵੀ ਖੜੀਆਂ ਕਰ ਸਕਦੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਰੋਜਮਰਾ ਦੇ ਕੰਮਾਂ ਤੋ ਇਲਾਵਾ ਨਾਨਕਸ਼ਾਹੀ ਕੈਲੰਡਰ, ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਅਸ਼ਲੀਲ ਵੀਡਉ 'ਤੇ ਮੁੰਬਈ ਸਥਿਤ ਕਰਵਾਏ ਸਮਾਗਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਰਹਿਤ ਮਰਿਆਦਾ ਦੀ ਉਲੰਘਣਾ ਇੱਕ ਪਤਿਤ ਕੋਲੋ ਕੀਰਤਨ ਕਰਾਉਣ ਅਤੇ ਸਿਰੋਪੇ ਦੇਣ ਤੋ ਇਲਾਵਾ ਬੀਬੀਆਂ ਕੋਲੋ ਮੱਥੇ ਟਿਕਵਾਉਣ ਦੇ ਮਸਲਿਆਂ ਨੂੰ ਲੈ ਕੇ ਕਾਫੀ ਹੰਗਾਮਾ ਹੋ ਸਕਦਾ ਹੈ।

ਅੰਤਰਿੰਗ ਕਮੇਟੀ ਮੈਂਬਰ ਸ੍ਰ ਅਮਰੀਕ ਸਿੰਘ ਸ਼ਾਹਪੁਰ ਤੇ ਕੁਝ ਬਾਦਲ ਦਲ ਨਾਲ ਸਬੰਧਿਤ ਮੈਂਬਰ ਵੀ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਗਰਿਲ ਕਰਨਗੇ ਕਿ ਪਹਿਲਾਂ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਕੋਲੋ ਰਾਇ ਮੰਗੀ ਸੀ ਕਿ ਦਸਮ ਪਿਤਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 25 ਦਸੰਬਰ ਨੂੰ ਸ਼ਹੀਦੀ ਸਪਤਾਹ ਵਿੱਚ ਆ ਰਿਹਾ ਹੈ ਇਸ ਲਈ ਕਿਸੇ ਹੋਰ ਤਰੀਕ ਬਾਰੇ ਰਾਇ ਦਿੱਤੀ ਜਾਵੇ।

ਅਤੰਰਿੰਗ ਕਮੇਟੀ ਨੇ ਬਕਾਇਦਾ ਮਤਾ ਕਰਕੇ ਜਥੇਦਾਰ ਨੂੰ ਭੇਜਿਆ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਪੰਜ ਜਨਵਰੀ 2018 ਨੂੰ ਮਨਾਇਆ ਜਾਵੇ ਪਰ ਜਥੇਦਾਰ ਨੇ ਅੰਤਰਿੰਗ ਕਮੇਟੀ ਦੀ ਰਾਇ ਨੂੰ ਜੇਕਰ ਦਰਕਿਨਾਰ ਹੀ ਕਰਨਾ ਸੀ ਤਾਂ ਫਿਰ ਰਾਇ ਮੰਗੀ ਹੀ ਕਿਉ ਗਈ ਜਦ ਕਿ 90 ਫੀਸਦੀ ਤੋ ਵਧੇਰੇ ਦੇਸ਼ ਵਿਦੇਸ਼ ਦੀਆ ਸੰਗਤਾਂ ਨੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਨੂੰ ਮਨਾ ਕੇ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਫੈਸਲੇ ਤੇ ਮੋਹਰ ਲਗਾਈ ਪਰ ਜਥੇਦਾਰ ਵੱਲੋ ਦਿੱਤੀ ਗਈ 25 ਦਸੰਬਰ ਦੀ ਤਰੀਕ ਨੂੰ ਦਰਕਿਨਾਰ ਕਰ ਦਿੱਤਾ। ਭਾਂਵੇ ਇਹ ਤਰੀਕ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸੀ ਪਰ ਇਹ ਵੀ ਤਾਂ ਸਪੱਸ਼ਟ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਵੀ ਸ੍ਰੀ ਅਕਾਲ ਤਖਤ ਸਾਹਿਬ ਤੋ ਪ੍ਰਵਾਨਿਤ ਕੈਲੰਡਰ ਹੈ।

ਇਸੇ ਤਰ੍ਹਾਂ ਜਥੇਦਾਰ ਦੀ ਹਾਜਰੀ ਵਿੱਚ ਮੁੰਬਈ ਦੇ ਸ਼੍ਰੋਮਣੀ ਕਮੇਟੀ ਮੈਂਬਰ ਬਾਵਾ ਵੱਲੋ 5 ਤੋ 7 ਜਨਵਰੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮੱਰਪਿੱਤ ਸਮਾਗਮ ਵਿੱਚ ਪਤਿਤ ਮੀਕਾ ਸਿੰਘ ਗਾਇਕ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕੀਤਰਨ ਕੀਤਾ ਗਿਆ ਤੇ ਜਥੇਦਾਰ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ ਜਦ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਮਰਿਆਦਾ ਦੀ ਉਲੰਘਣਾ ਹੁੰਦੀ ਵੇਖ ਕੇ ਉਸ ਤੋ ਸਟੇਜ ਛੱਡ ਕੇ ਚੱਲੇ ਗਏ। ਜਥੇਦਾਰ ਵੱਲੋ ਉਸ ਨੂੰ ਫਿਰ ਸਿਰੋਪਾ ਦੇਣਾ ਤੇ ਇੱਕ ਬੀਬੀ ਕੋਲੋ ਆਪਣੇ ਪੈਰਾਂ 'ਤੇ ਮੱਥਾ ਟਿਕਾਉਣਾ ਵੀ ਮੀਟਿੰਗ ਵਿੱਚ ਸ਼ੋਰ ਸ਼ਰਾਬੇ ਦਾ ਹਿੱਸਾ ਬਣ ਸਕਦਾ ਹੈ ਤੇ ਇਹ ਉਲੰਘਣਾ ਜਥੇਦਾਰ ਲਈ ਕਈ ਮੁਸ਼ਕਲਾਂ ਖੜੀਆ ਕਰ ਸਕਦੀ ਹੈ।

ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ੍ਰ ਚਰਨਜੀਤ ਸਿੰਘ ਚੱਢਾ ਵੱਲੋ ਅਦਾਰੇ ਦੇ ਇੱਕ ਸਕੂਲ ਦੀ ਪ੍ਰਿੰਸੀਪਲ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਵਾਇਰਿਲ ਹੋਈ ਵੀਡੀਉ ਪ੍ਰਤੀ ਜਥੇਦਾਰ ਵੱਲੋ ਢਿੱਲੀ ਕਾਰਗੁਜਾਰੀ ਦਾ ਮਾਮਲਾ ਵੀ ਇੱਕ ਮੁੱਦਾ ਬਣਨ ਜਾ ਰਿਹਾ ਹੈ ਤੇ ਅੰਤਰਿੰਗ ਕਮੇਟੀ ਵਿੱਚ ਕੁਝ ਮੈਂਬਰ ਚੱਢੇ ਨੂੰ ਮੁੱਢਲੀ ਮੈਂਬਰਸ਼ਿਪ ਤੋ ਖਾਰਜ ਕਰਨ ਦੇ ਨਾਲ ਨਾਲ ਸੁੱਚਾ ਸਿੰਘ ਲੰਗਾਹ ਵਾਂਗ ਪੰਥ ਵਿੱਚੋ ਛੇਕਣ ਦੀ ਮੰਗ ਕਰਨਗੇ। ਜਥੇਦਾਰ ਦਾ ਚੱਢੇ ਪ੍ਰਤੀ ਅਪਨਾਇਆ ਗਿਆ ਹਮਾਇਤੀ ਪੈਤੜਾ ਵੀ ਜਥੇਦਾਰ ਲਈ ਹਾਨੀਕਾਰਕ ਸਿੱਧ ਹੋ ਸਕਦਾ ਹੈ ਕਿਉਕਿ ਚੱਢੇ ਨੇ ਅਕਾਲ ਤਖਤ ਸਾਹਿਬ ਵੱਲੋ ਚੱਢੇ ਦੀਆ ਗਤੀਵਿਧੀਆ ਤੇ ਲਗਾਈ ਗਈ ਧਾਰਮਿਕ, ਸਮਾਜਿਕ ਤੇ ਰਾਜਨੀਤਕ ਰੋਕ ਦੇ ਬਾਵਜੂਦ ਵੀ ਕੁਝ ਕਾਂਗਰਸੀਆ ਤੇ ਕਾਂਗਰਸ ਸਮੱਰਥਕ ਮੈਂਬਰਾਂ ਨਾਲ ਮੀਟਿੰਗ ਕਰਨ ਦਾ ਮੁੱਦਾ ਵੀ ਉਭਾਰਿਆ ਜਾ ਸਕਦਾ ਹੈ ਪਰ ਜਥੇਦਾਰ ਦੀ ਚੁੱਪ ਜਥੇਦਾਰ ਦੇ ਗਲੇ ਦੀ ਹੱਡੀ ਵੀ ਬਣ ਸਕਦੀ ਹੈ।

ਇਹ ਵੀ ਵਰਨਣਯੋਗ ਹੈ ਕਿ ਜਦੋਂ ਗੁਰਦੁਆਰਾ ਘੱਲੂਘਾਰਾ ਵਿਖੇ ਘਟਨਾ ਵਾਪਰੀ ਸੀ ਤਾਂ ਜਥੇਦਾਰ 100 ਕਿਲੋਮੀਟਰ ਚੱਲ ਕੇ ਜਾਇਜਾ ਲੈਣ ਲਈ ਗਿਆ ਸੀ ਪਰ ਅੰਮ੍ਰਿਤਸਰ ਸ਼ਹਿਰ ਵਿੱਚ ਵੀ ਵਾਪਰੇ ਵੱਡੇ ਕਾਂਡ ਦੀ ਜਾਣਕਾਰੀ ਜਾ ਕੇ ਹਾਸਲ ਕਰਨ ਦੀ ਜਥੇਦਾਰ ਨੇ ਲੋੜ ਹੀ ਨਹੀ ਸਮਝੀ ਸੀ ਜੋ ਸਾਬਤ ਕਰਦਾ ਹੈ ਕਿ ਅਕਾਲ ਤਖਤ ਤੋ ਚੱਢੇ ਨੂੰ ਧਾਰਮਿਕ ਪਨਾਹ ਮਿਲੀ ਹੋਈ ਹੈ।

ਇਸੇ ਤਰਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ ਕਿਰਪਾਲ ਸਿੰਘ ਬਡੂੰਗਰ ਦੇ ਸਮੇਂ ਕੀਤੀ ਗਈ ਸਾਰੀ ਭਰਤੀ ਭਲਕ ਦੀ ਮੀਟਿੰਗ ਵਿੱਚ ਰੱਦ ਕੀਤੇ ਜਾਣ ਦੀ ਸੰਭਾਵਨਾ ਹੈ ਤੇ ਜੇਕਰ ਸ੍ਰ ਲੌਗੋਵਾਲ ਅਜਿਹਾ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਉਹਨਾਂ ਤੇ ਸੌਦਾ ਸਾਧ ਦੇ ਪ੍ਰੇਮੀ ਹੋਣ ਦਾ ਲੱਗਾ ਦਾਗ ਕੁਝ ਹੱਦ ਤੱਕ ਸਾਫ ਹੋ ਸਕਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top