Share on Facebook

Main News Page

ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਦੀ ਹਨ੍ਹੇਰੀ ਦੀ ਖੁੱਲੀ ਪੋਲ
-: ਨਿਰਮਲ  ਸਿੰਘ ਕੰਧਾਲਵੀ

ਪਿਆਰੇ ਪਾਠਕੋ,

ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਲੌਂਗੋਵਾਲ ਨੇ ਕੁਰਸੀ ਸੰਭਾਲਦਿਆਂ ਹੀ ਧਰਮ ਪ੍ਰਚਾਰ ਦੀ ਹਨ੍ਹੇਰੀ ਲਿਆਉਣ ਦੇ ਦਮਗਜੇ ਮਾਰੇ ਹਨ। ਇਹ ਦਮਗਜੇ ਹਰੇਕ ਨਵਾਂ ਪ੍ਰਧਾਨ ਮਾਰਦਾ ਹੈ। ਬਡੂੰਗਰ ਸਾਹਿਬ ਨੇ ਵੀ ਕੁਰਸੀ ਸੰਭਾਲਦਿਆਂ ਅਜਿਹੇ ਵਾਅਦੇ ਕੀਤੇ ਸਨ। ਇਹਨਾਂ ਦੇ ਧਰਮ ਪ੍ਰਚਾਰ ਨੇ ਜੋ ਮੱਲਾਂ ਮਾਰੀਆਂ ਹਨ ਉਸਦਾ ਖ਼ੁਲਾਸਾ 8 ਜਨਵਰੀ 2018 ਦੀ ਅਜੀਤ ਅਖ਼ਬਾਰ ਵਿਚ ਲੱਗੀ ਹੋਈ ਖ਼ਬਰ ਹੀ ਉੱਚੀ ਉੱਚੀ ਕੂਕ ਕੇ ਦੱਸ ਰਹੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਨਗਰ ਕੀਰਤਨਾਂ ਦੇ ਸਮੇਂ ਪੰਜਾਬ ਦੇ ਪਿੰਡਾਂ ਚੋਂ ਪੰਜ ਪਿਆਰੇ ਅਤੇ ਨਿਸ਼ਾਨਚੀ ਸਿੰਘਾਂ ਵਾਸਤੇ ਅੰਮ੍ਰਿਤਧਾਰੀ ਨੌਜੁਆਨ ਮਿਲਣੇ ਮੁਸ਼ਕਿਲ ਹੋ ਗਏ ਹਨ। ਸ਼੍ਰੋਮਣੀ ਕਮੇਟੀ ਦਾ ਕਰੋੜਾਂ ਰੁਪਏ ਦਾ ਬਜਟ ਧਰਮ ਪ੍ਰਚਾਰ ਲਈ ਰੱਖਿਆ ਜਾਂਦਾ ਹੈ।

ਤੇ ਇਹਨਾਂ ਦੇ ਪ੍ਰਚਾਰ ਦਾ ਨਮੂਨਾ ਵੀ ਭਾਈ ਸੁਖਵਿੰਦਰ ਸਿੰਘ ਸਭਰਾ (ਸੰਤਾਂ ਦੇ ਕੌਤਕ) ਜੀ ਨੇ ਆਪਣੀ ਕਿਤਾਬ ਵਿਚ ਦਰਜ ਕੀਤਾ ਹੋਇਆ ਹੈ। ਅੱਜ ਤੋਂ ਕੁਝ ਸਾਲ ਪਹਿਲਾਂ ਉਹਨਾਂ ਨੇ ਧਰਮ ਪ੍ਰਚਾਰ ਕਮੇਟੀ ਤੋਂ ਗੁਰਮਤਿ ਸਬੰਧੀ ਕੁਝ ਸਵਾਲਾਂ ਦੇ ਉੱਤਰ ਪੁੱਛੇ ਸਨ ਤੇ ਧਰਮ ਪ੍ਰਚਾਰ ਕਮੇਟੀ ਨੇ ਆਪਣੇ ਲੈਟਰ ਪੈਡ ਤੇ ਜੋ ਜਵਾਬ ਦਿੱਤੇ ਸਨ ਉਹ ਅਸੀਂ ਸਭਰਾ ਜੀ ਦੀ ਕਿਤਾਬ ਚੋਂ ਹੂਬਹੂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।ਅਸੀਂ ਸਿਰਫ਼ ਫਾਰਮੈਟ ਬਦਲ ਰਹੇ ਹਾਂ।

ਸਭਰਾ ਜੀ ਦੀ ਕਿਤਾਬ ਵਿਚ ਪਹਿਲਾਂ ਸਾਰੇ ਸਵਾਲ ਹਨ ਫੇਰ ਧਰਮ ਪ੍ਰਚਾਰ ਕਮੇਟੀ ਵਲੋਂ ਦਿੱਤੇ ਹੋਏ ਜਵਾਬ ਪਰ ਅਸੀਂ ਨਾਲ਼ੋ ਨਾਲ਼ ਇਕੱਲੇ ਇਕੱਲੇ ਸਵਾਲ ਦਾ ਜਵਾਬ ਲਿਖਿਆ ਹੈ। ਏਥੇ ਇਹ ਵੀ ਦੱਸ ਦੇਈਏ ਕਿ ਕਮੇਟੀ ਵਲੋਂ ਦਸਾਂ ਵਿਚੋਂ ਅੱਠ ਸਵਾਲਾਂ ਦੇ ਜਵਾਬ ਹੀ ਦਿੱਤੇ ਗਏ ਹਨ।

ਸਵਾਲ: ਮੂਲ ਮੰਤਰ ਕਿੱਥੋਂ ਤੀਕ ਹੈ-ਗੁਰਪ੍ਰਸਾਦਿ ਤਕ ਜਾਂ ਨਾਨਕ ਹੋਸੀ ਵੀ ਸਚੁ ਤਕ?
ਜਵਾਬ: ਮੂਲ ਮੰਤਰ ਜੇ ਕਰ ਨਾਨਕ ਹੋਸੀ ਵੀ ਸੱਚੁ ਤਕ ਪੜ੍ਹ ਲਿਆ ਜਾਏ ਤਾਂ ਕੀ ਹਰਜ਼ ਹੈ? ਇਹ ਸਾਰੀ ਗੁਰਬਾਣੀ ਹੀ ਤਾਂ ਹੈ ਜੋ ਸਤਿਗੁਰਾਂ ਦੀ ਉਚਾਰੀ ਹੋਈ ਹੈ।

ਸਵਾਲ: ਅਰਦਾਸ ਵਿਚ ਦਾਨਾ ਸਿਰ ਦਾਨ ਨਾਮ ਦਾਨ ਹੀ ਹੈ, ਜਾਂ ਫਿਰ ਕੇਸ ਦਾਨ ਜਾਂ ਰਹਿਤ ਦਾਨ ਵੀ ਹੋ ਸਕਦਾ ਹੈ ਜਿਹਾ ਕਿ ਬਹੁਤ ਸਾਰੇ ਅਰਦਾਸੀਏ ਕਹਿੰਦੇ ਸੁਣੇ ਗਏ ਹਨ।
ਜਵਾਬ: ਜਵਾਬ ਨਹੀਂ ਦਿੱਤਾ ਗਿਆ।

ਸਵਾਲ: ਕੀ ਭਗਤ ਧੰਨਾ ਜੀ ਨੇ ਠਾਕਰ ਵਿਚੋਂ ਭਗਵਾਨ (ਵਾਹਿਗੁਰੂ) ਨੂੰ ਪਾਇਆ ਸੀ ਜਾਂ ਨਾਮ ਦੇ ਲੜ ਲੱਗ ਕੇ?
ਜਵਾਬ: ਭਗਤ ਧੰਨਾ ਜੀ ਨੇ ਠਾਕਰ (ਪੱਥਰ) ਵਿਚੋਂ ਅਕਾਲ ਪੁਰਖ ਦੀ ਪ੍ਰਾਪਤੀ ਕੀਤੀ। ਇਸ ਸਬੰਧ ਵਿਚ ਭਾਈ ਗੁਰਦਾਸ ਜੀ ਆਪਣੀ ਵਾਰ ਨੰਬਰ 10 ਪਉੜੀ ਨੰਬਰ 13 ਵਿਚ ਗਵਾਹੀ ਦਿੰਦੇ ਹਨ। ਕੀ ਉਹ ਝੂਠ ਬੋਲਦੇ ਹਨ?

ਸਵਾਲ: ਗੁਰ-ਸ਼ਬਦ ਦੀ ਵਿਚਾਰ ਜਾਂ ਕਥਾ ਕਰਦਿਆਂ, ਮਿਥਿਹਾਸਕ ਕਥਾਵਾਂ ਜਾਂ ਮਨ-ਘੜਤ ਕਹਾਣੀਆਂ ਸੁਣਾਉਣੀਆਂ ਕਿੱਥੋਂ ਤਕ ਉਚਿਤ ਹਨ?
ਜਵਾਬ: ਗੁਰੂ ਸ਼ਬਦ ਦੀ ਵਿਆਖਿਆ ਕਰਦੇ ਹੋਏ ਮਿਥਿਹਾਸਕ ਕਥਾ ਕਹਾਣੀਆਂ ਦਾ ਸਹਾਰਾ ਲੈਣਾ ਕੋਈ ਗਲਤ ਗੱਲ ਨਹੀਂ।

ਸਵਾਲ: ਕੀ ਗੁਰਮਤਿ ਅਨੁਸਾਰ ਸੰਗਰਾਂਦ, ਮਸਾਂਤ, ਪੂਰਨਮਾਸ਼ੀ, ਇਕਾਦਸ਼ੀ, ਦੁਆਦਸ਼ੀ ਆਦਿ ਪੁਰਬ ਮਨਾਉਣੇ ਉਚਿਤ ਹਨ?
ਜਵਾਬ: ਸੰਗਰਾਂਦ ਅਤੇ ਪੂਰਮਮਾਸ਼ੀ, ਮੱਸਿਆ ਆਦਿ ਇਤਿਹਾਸਕ ਗੁਰੂ ਘਰਾਂ ਵਿਚ ਸਦੀਆਂ ਤੋਂ ਗੁਰਸਿੱਖ ਮਨਾਉਂਦੇ ਆਏ ਹਨ। ਗੁਰਬਾਣੀ ਦਾ ਆਸਰਾ ਲੈਣਾ ਕੋਈ ਗਲਤ ਨਹੀਂ।

ਸਵਾਲ: ਕੜਾਹ ਪ੍ਰਸ਼ਾਦ ਵਿਚ ਕਿਰਪਾਨ ਭੇਟ ਕਰ ਕੇ ਪ੍ਰਵਾਨਗੀ ਲਈ ਜਾਂਦੀ ਹੈ ਜਾਂ ਭੋਗ ਲੁਆਇਆ ਜਾਂਦਾ ਹੈ?
ਜਵਾਬ: ਕ੍ਰਿਪਾਨ ਭੇਟ ਕਰਨ ਸਮੇਂ ਭੋਗ ਲਵਾਉਣ ਸਬੰਧੀ ਗੁਰਬਾਣੀ ਦੀ ਤੁਕ ਹੈ। ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਇ॥

ਸਵਾਲ: ਕੀ ਗੁਰਸਿੱਖ ਨਰਕ, ਸੁਰਗ ਵਿਚ ਵਿਸ਼ਵਾਸ ਰੱਖਦਾ ਹੈ? ਸਰੀਰ ਤਿਆਗ ਕੇ ਕੀ ਗੁਰਸਿੱਖ ਵਾਹਿਗੁਰੂ ਦੇ ਚਰਨਾਂ ਵਿਚ ਨਿਵਾਸ ਪਾਉਂਦਾ ਹੈ ਜਾਂ ਸਵਰਗ ਵਿਚ।
ਜਵਾਬ: ਕੋਈ ਜਵਾਬ ਨਹੀਂ।

ਸਵਾਲ: ਅਖੰਡ ਪਾਠ ਦੇ ਨਾਲ਼ ਪੋਥੀ ਪਾਠ ਕਰਨਾ ਕਿੱਥੋਂ ਤੀਕ ਉਚਿਤ ਹੈ?
ਜਵਾਬ: ਪੋਥੀ ਪਾਠ ਵੀ ਤਾਂ ਗੁਰਬਾਣੀ ਦਾ ਪਾਠ ਹੀ ਹੈ।ਗੁਰਬਾਣੀ ਪੜ੍ਹਨ ਵਿਚ ਕੀ ਹਰਜ਼ ਹੈ?

ਸਵਾਲ: ਕੀ ਪਾਠ ਦੇ ਲਾਗੇ ਰੱਖਿਆ ਹੋਇਆ ਜਲ ਅੰਮ੍ਰਿਤ ਬਣ ਜਾਂਦਾ ਹੈ?
ਜਵਾਬ: ਜੇਕਰ ਤੁਸੀਂ ਬਾਣੀ ਦੀ ਸ਼ਕਤੀ ਵਿਚ ਵਿਸ਼ਵਾਸ ਰੱਖਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਪਸ਼ੂ, ਪੰਛੀ ਚਰਿੰਦ ਪਰਿੰਦ, ਇਥੋਂ ਤਕ ਕਿ ਪੱਥਰਾਂ ਤੇ ਵੀ ਅਸਰ ਕਰਦੀ ਹੈ। ਸੋ ਜਲ ਵੀ ਪ੍ਰਭਾਵਤ ਹੁੰਦਾ ਹੈ।

ਸਵਾਲ: ਅਖੰਡ ਪਾਠ ਸਮੇਂ ਮਧ ਦੇ ਭੋਗ ਦੀ ਕੀ ਮਹਾਨਤਾ ਹੈ?
ਜਵਾਬ: ਇਸ ਸਵਾਲ ਦੇ ਜਵਾਬ ਵਿਚ ਉਹਨਾਂ ਨੇ ਇਹ ਤੁਕ ਲਿਖ ਭੇਜੀ ਆਦਿ ਪੂਰਨ ਮਧਿ ਪੂਰਨ ਅੰਤ ਪੂਰਨ ਪਰਮੇਸਰਹਿ

ਪਾਠਕ ਜਨ ਖ਼ੁਦ ਹੀ ਧਰਮ ਪ੍ਰਚਾਰ ਕਮੇਟੀ ਦੇ ਸਿਧਾਂਤਕ ਮਿਆਰ ਦਾ ਅੰਦਾਜ਼ਾ ਲਗਾ ਸਕਦੇ ਹਨ। ਇਹੋ ਹੀ ਨਹੀਂ ਸ਼੍ਰੋਮਣੀ ਕਮੇਟੀ ਸਮੇਂ ਸਮੇਂ ਤੇ ਸਿੱਖਾਂ ਦੇ ਹਿਰਦੇ ਵਧੂੰਧਰਨ ਵਾਲ਼ੀਆਂ ਹਰਕਤਾਂ ਵੀ ਕਰਦੇ ਰਹਿੰਦੇ ਹਨ ਜਿਵੇਂ ਕਿ ਹਿੰਦੀ ਭਾਸ਼ਾ ਚ ਸਿੱਖ ਇਤਿਹਾਸ ਦੀ ਕਿਤਾਬ ਛਪਵਾਉਣੀ ਅਤੇ ਸ਼੍ਰੋਮਣੀ ਕਮੇਟੀ ਦੇ ਰਿਸਾਲੇ ਤੇ ਸਾਹਿਬਜ਼ਾਦਿਆਂ ਦੀਆਂ ਟੋਪੀਆਂ ਵਾਲ਼ੀਆਂ ਤਸਵੀਰਾਂ ਛਾਪਣੀਆਂ ਆਦਿ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top