ਮੈਨੂੰ ਅੱਜ ਇਹ
ਲਿਖਣ ਵਿੱਚ ਬਹੁਤ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਚਾਣਕੀਆ ਨੀਤੀ ਦੇ ਪਿੰਜਰੇ ਵਿੱਚ ਇੱਕ
ਹੋਰ ਤੋਤਾ ਫਸ ਚੁੱਕਾ ਹੈ।
ਹਰ ਕੋਈ ਚਾਣਕਿਆ ਨੀਤੀ ਦੇ ਪਿੰਜਰੇ ਅਤੇ ਉਸ ਵਿੱਚ ਫਸੇ ਤੋਤੇ ਸਬੰਧੀ
ਜਾਣਕਾਰੀ ਲੈਣਾ ਚਾਹੁੰਦਾ ਹੋਵੇਗਾ ਕਿ ਉਹ ਕਿਹੜਾ ਪਿੰਜਰਾ ਹੈ ਜਿਸ ਵਿੱਚ ਤੋਤੇ ਅਨਭੋਲ ਹੀ
ਫਸ ਜਾਂਦੇ ਹਨ।
ਵੀਰੋ ! ਸ਼ਾਇਦ ਤੁਹਾਨੂੰ ਚੇਤਾ ਹੋਵੇਗਾ ਕਿ ਗੁਰਮਤਿ ਅਨੁਸਾਰੀ
ਜਾਗਰੂਕ ਲਹਿਰ ਦੇ ਪ੍ਰਮੁੱਖ ਪ੍ਰਚਾਰਕਾਂ ਵਿੱਚ ਫੁੱਟ ਦਾ ਬੀ ਬੀਜ਼ ਰਹੇ ਵਿਰਸਾ ਰੇਡੀਓ
ਨਿਊਜ਼ੀਲੈਂਡ ਵਾਲੇ ਹਰਨੇਕ ਸਿੰਘ ਤੋਂ ਸੁਚੇਤ ਕਰਨ ਲਈ 22 ਅਗਸਤ
2017 ਨੂੰ ਮੈਂ ਇੱਕ ਲੇਖ “ਕੌਮੀ
ਦਰਦ ਨੂੰ ਸਮਝਣ ਵਾਲੇ ਗੁਰਸਿੱਖ ਇਤਿਹਾਸ ਤੋਂ ਕੁਝ ਸਿੱਖਣ” ਸਿਰਲੇਖ ਹੇਠ ਲਿਖਿਆ ਸੀ
ਜੋ ਕਿ ਅੱਜ ਵੀ ਕਈ ਪੰਥਕ ਵੈੱਬਸਾਈਟਾਂ ’ਤੇ ਪੜ੍ਹਿਆ ਜਾ ਸਕਦਾ ਹੈ।
ਅਗਲੇ ਦਿਨ 23 ਅਗਸਤ ਨੂੰ ਹਰਨੇਕ ਸਿੰਘ
ਨੇ ਆਪਣੇ ਰੇਡੀਓ ’ਤੇ ਵੀ ਇਸ ਲੇਖ ਦੀ ਤਿੰਨ ਘੰਟੇ ਤੱਕ ਵੀਚਾਰ ਚਰਚਾ ਕੀਤੀ ਸੀ
ਜਿਸ ਦੌਰਾਨ ਇੱਕ ਘੰਟੇ ਲਈ ਮੈਨੂੰ ਵੀ ਔਨ ਲਾਈਨ ਲੈ ਕੇ ਸਵਾਲ ਜਵਾਬ ਕੀਤੇ ਸਨ। ਉਸ
ਉਪ੍ਰੰਤ ਵੀ ਮੈਂ ਤਕਰੀਬਨ ਹਰ ਹਫਤੇ ਲਗਾਤਾਰ 3-4 ਲੇਖ ਇਸੇ ਸਬੰਧ ’ਚ ਲਿਖੇ ਜਿਨ੍ਹਾਂ
ਸਾਰਿਆਂ ਦਾ ਕੇਂਦਰੀ ਭਾਵ ਇਹੀ ਸੀ ਕਿ ਬਿੱਪਰਵਾਦ ਵੱਲੋਂ ਗੁਰਮਤਿ ਨੂੰ ਢਾਹ ਲਾਉਣ ਲਈ ਉਹ
ਮਹਾਨ ਕੂਟਨੀਤਕ ਆਚਾਰੀਆ ਚਾਣੱਕਯ ਦੇ 4 ਅਸਤਰ -
ਸਾਮ, ਦਾਮ, ਦੰਡ ਤੇ ਭੇਦ; ਵਿੱਚੋਂ ‘ਭੇਦ’
ਭਾਵ ਪ੍ਰਚਾਰਕਾਂ ਵਿੱਚ ਦੁਫੇੜ ਪਾਉਣ ਦੀ ਨੀਤੀ ਵਰਤ ਕਰ ਕੇ ਗੁਰਮਤਿ ਅਤੇ ਪੰਥ ਦਾ ਵੱਡਾ
ਨੁਕਸਾਨ ਕਰ ਰਹੇ ਹਨ। ਮੈਂ ਸੁਚੇਤ ਕਰਦਾ ਰਿਹਾਂ ਹਾਂ ਕਿ ਨਿਊਜ਼ੀਲੈਂਡ ਵਾਲੇ ਹਰਨੇਕ ਸਿੰਘ
ਇਸ ਸਮੇਂ ਦੇ ਗੁਰਮਤਿ ਦੇ ਚੋਟੀ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ
ਪੰਥਪ੍ਰੀਤ ਸਿੰਘ ਅਤੇ ਭਾਈ ਸਰਬਜੀਤ ਸਿੰਘ ਧੂੰਦਾ ਵਿਚਕਾਰ ‘ਭੇਦ’ ਅਸਤਰ ਬੜੀ ਤੇਜੀ ਨਾਲ
ਚਲਾ ਰਿਹਾ ਹੈ ਜਿਸ ਤੋਂ ਬਚਣ ਦੀ ਸਖਤ ਜਰੂਰਤ ਹੈ। ਹਰਨੇਕ ਸਿੰਘ ਭਾਵੇਂ ਮੇਰੇ ਲੇਖਾਂ ਤੋਂ
ਬਹੁਤ ਪ੍ਰੇਸ਼ਾਨ ਸੀ, ਪਰ ਮੇਰੇ ਕਿਸੇ ਵੀ ਸਵਾਲ ਦਾ ਢੁੱਕਵਾਂ ਜਵਾਬ ਨਾ ਦੇ ਸਕਿਆ।
ਇਸੇ ਦੌਰਾਨ ਚਾਰ
ਹੋਰ ਸਾਥੀਆਂ ਸਮੇਤ ਸਾਡੀ ਟੀਮ ਨੇ ਪਹਿਲਾਂ ਭਾਈ ਪੰਥਪ੍ਰੀਤ ਸਿੰਘ ਜੀ ਨੂੰ ਮਿਲ ਕੇ ਬੇਨਤੀ
ਕੀਤੀ ਕਿ ਇਹ ਹਰਨੇਕ ਸਿੰਘ ਤੁਹਾਡੇ ਵਿੱਚ ਦੂਰੀਆਂ ਵਧਾਉਣ ਦੀ ਪੂਰੀ ਵਾਹ ਲਾ ਰਿਹਾ
ਹੈ ਪਰ ਤੁਸੀਂ ਸਾਰੇ ਮਿਲ ਕੇ ਸਮੁੱਚੇ ਪੰਥ ਨੂੰ ਇਹ ਯਕੀਨ ਦਿਵਾਓ ਕਿ ਤੁਹਾਡੇ ਵਿੱਚ ਕੋਈ
ਵੀਚਾਰ ਧਾਰਕ ਮਤਭੇਦ ਜਾਂ ਨਿੱਜੀ ਵਿਰੋਧ ਨਹੀਂ ਹੈ ਅਤੇ ਸਾਰੇ ਮਿਲ ਕੇ ਗੁਰਮਤਿ ਦੇ ਗਾਡੀ
ਰਾਹ ’ਤੇ ਤੁਰ ਰਹੇ ਹੋ; ਤਾਂ ਕਿ ਹਰਨੇਕ ਸਿੰਘ ਦਾ ਹਥਿਆਰ ਖੁੰਡਾ ਹੋ ਜਾਵੇ।
ਭਾਈ ਪੰਥਪ੍ਰੀਤ ਸਿੰਘ ਜੀ ਨੇ ਬੜੇ ਹੀ ਸਪਸ਼ਟ
ਸ਼ਬਦਾਂ ਵਿੱਚ ਦੱਸ ਦਿੱਤਾ ਸੀ ਕਿ
“ਮੈਂ ਤੁਹਾਡੀਆਂ ਭਾਵਨਾਵਾਂ ਦੀ
ਪੂਰੀ ਕਦਰ ਕਰਦਾ ਹਾਂ ਤੇ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅੱਜ ਤੱਕ ਮੈਂ ਭਾਈ
ਢੱਡਰੀਆਂ ਵਾਲੇ ਦੇ ਵਿਰੋਧ ਵਿੱਚ ਕੋਈ ਵੀ ਸ਼ਬਦ ਨਹੀਂ ਬੋਲਿਆ, ਛਬੀਲ ਬ੍ਰਿਗੇਡ ਵੱਲੋਂ
ਭਾਈ ਸਾਹਿਬ ਜੀ ’ਤੇ ਕੀਤੇ ਹਮਲੇ ਪਿੱਛੋਂ ਪੂਰੀ ਤਰ੍ਹਾਂ ਡਟ ਕੇ ਉਨ੍ਹਾਂ ਦੇ ਨਾਲ
ਖੜ੍ਹੇ ਸੀ ਤੇ ਕਈ ਵਾਰ ਪ੍ਰਮੇਸ਼ਰਦੁਆਰ ਜਾ ਕੇ ਤਿੰਨ ਤਿੰਨ ਘੰਟੇ ਉਨ੍ਹਾਂ ਕੋਲ ਬੈਠ
ਕੇ ਸਲਾਹ ਮਸ਼ਵਰਾ ਵੀ ਕਰਦੇ ਰਹੇ ਹਾਂ, ਭਾਈ ਭੂਪਿੰਦਰ ਸਿੰਘ ਜੀ ਦੇ ਭੋਗ ਸਮਾਗਮ ’ਤੇ
ਸੰਗਤ ਸਮੇਤ ਪਹੁੰਚੇ ਸੀ, ਕਾਤਲਾਂ ’ਤੇ ਸਖਤ ਕਾਰਵਾਈ ਕਰਨ ਦੀ ਮੰਗ ਦਾ ਮੈਮੋਰੰਡਮ
ਦੇਣ ਲਈ ਉਹ ਖ਼ੁਦ ਡੀਸੀ ਬਠਿੰਡਾ ਦੇ ਦਫਤਰ ਪਹੁੰਚਿਆ ਸੀ ਅਤੇ ਆਪਣੀ ਸਟੇਜ਼ ’ਤੇ ਕਈ
ਵਾਰ ਭਾਈ ਰਣਜੀਤ ਸਿੰਘ ਨੂੰ ਆਪਣਾ ਭਾਈ ਕਹਿ ਕੇ ਸੰਬੋਧਨ ਕਰਦਾ ਰਿਹਾ ਹਾਂ, ਪਰ ਭਾਈ
ਰਣਜੀਤ ਸਿੰਘ ਨੇ ਆਪਣੀ ਕਿਸੇ ਇੱਕ ਵੀ ਸਟੇਜ਼ ’ਤੇ ਮੇਰਾ ਨਾਮ ਤੱਕ ਨਹੀਂ ਲਿਆ, ਮੇਰੇ
’ਤੇ ਜਰਮਨ ਵਿਖੇ ਹਮਲਾ ਹੋਇਆ ਤਾਂ ਭਾਈ ਸਾਹਿਬ ਜੀ ਨੇ ਨਾ ਕੋਈ ਹਮਲੇ ਦੀ ਨਿਖੇਧੀ
ਆਪਣੇ ਕਿਸੇ ਬਿਆਨ ਰਾਹੀਂ ਕੀਤੀ ਅਤੇ ਨਾ ਹੀ ਮੈਨੂੰ ਕਦੀ ਫ਼ੋਨ ਕੀਤਾ, ਸਾਡੇ ਲਈ
ਹਰਨੇਕ ਸਿੰਘ ਹਰ ਰੋਜ ਆਪਣੇ ਰੇਡੀਓ ਤੋਂ ਬੇਈਮਾਨ, ਮੰਗਖਾਣੇ, ਹਰਾਮਜ਼ਾਦੇ ਵਰਗੇ ਘਟੀਆ
ਸ਼ਬਦ ਵਰਤ ਰਿਹਾ ਹੈ ਅਤੇ ਭਾਈ ਢੱਡਰੀਆਂ ਵਾਲੇ ਦੇ ਜਥੇ ਦੇ ਖਾਸ ਬੰਦੇ ਹਰਨੇਕ ਸਿੰਘ
ਦੀਆਂ ਉਹ ਸਾਰੀਆਂ ਆਡੀਓ ਕਲਿੱਪਾਂ ਸੋਸ਼ਲ ਮੀਡੀਆ ’ਤੇ ਬੜੇ ਜੋਰ ਸ਼ੋਰ ਨਾਲ ਸ਼ੇਅਰ ਕਰ
ਰਹੇ ਹਨ, ਜਿਸ ਤੋਂ ਸਿੱਧਾ ਭਾਵ ਇਹੀ ਨਿਕਲਦਾ ਹੈ ਕਿ ਹਰਨੇਕ ਸਿੰਘ ਦੇ ਮੂੰਹੋਂ ਇਹ
ਸ਼ਬਦ ਢੱਡਰੀਆਂ ਵਾਲਾ ਹੀ ਕਢਵਾ ਰਿਹਾ ਹੈ।”
ਇੱਕ ਗੱਲ ਉਨ੍ਹਾਂ ਹੋਰ ਕਹੀ ਕਿ
:
“ਆਪਣੇ ਜਣੇ ਨਵਾਂ ਨਜ਼ਰੀਆ ਜਿਹੜਾ
ਕਿ ਅਸਲ ਵਿੱਚ ਪਹਿਲਾਂ ਹੀ ਕਈ ਪ੍ਰਚਾਰਕ ਅਤੇ ਲੇਖਕ ਆਪਣੇ ਢੰਗ ਨਾਲ ਕਰ ਚੁੱਕੇ ਹੁੰਦੇ
ਹਨ ; ਉਹੀ ਗੱਲ ਹਰਨੇਕ ਸਿੰਘ ਆਪਣੇ ਰੇਡੀਓ ਤੋਂ ਆਪਣੇ ਢੰਗ ਨਾਲ ਕਹਿੰਦਾ ਹੈ ਤੇ ਉਸ
ਤੋਂ ਅਗਲੇ ਦਿਨ ਹੀ ਭਾਈ ਰਣਜੀਤ ਸਿੰਘ ਜੀ ਉਹੀ ਗੱਲਾਂ ਆਪਣੇ ਦੀਬਾਨ ਵਿੱਚ ਸੁਣਾ
ਦਿੰਦਾ ਹੈ। ਜਿਸ ਦਾ ਭਾਵ ਇਹੋ ਨਿਕਲਦਾ ਹੈ ਕਿ ਹਰਨੇਕ ਸਿੰਘ ਅਤੇ ਭਾਈ ਢੱਡਰੀਆਂ ਵਾਲੇ,
ਅੰਦਰੋਂ ਘਿਉ ਖਿਚੜੀ ਹਨ ਇਸ ਲਈ ਇਸ ਅਵਸਥਾ ਵਿੱਚ ਉਨ੍ਹਾਂ ਨਾਲ ਮਿਲ ਕੇ ਚੱਲਣਾ ਸੰਭਵ
ਨਹੀਂ ਹੈ।”
ਭਾਈ ਪੰਥਪ੍ਰੀਤ ਸਿੰਘ ਜੀ ਦੀਆਂ ਇਨ੍ਹਾਂ
ਗੱਲਾਂ ਦੇ ਕੋਈ ਸਬੂਤ ਮੰਗਣ ਦੀ ਲੋੜ ਹੀ ਨਾ ਰਹੀ ਕਿਉਂਕਿ ਬਠਿੰਡਾ ਦਾ ਵਾਸੀ ਹੋਣ
ਦੇ ਨਾਤੇ ਮੈਂ ਖ਼ੁਦ ਵੀ ਡੀਸੀ ਬਠਿੰਡਾ ਨੂੰ ਮੈਮੋਰੰਡਮ ਦੇਣ ਸਮੇਂ ਭਾਈ ਪੰਥਪ੍ਰੀਤ ਸਿੰਘ
ਜੀ ਅਤੇ ਉਨ੍ਹਾਂ ਦੀ ਗੁਰਮਤਿ ਸੇਵਾ ਲਹਿਰ ਦੇ ਹੋਰ ਪ੍ਰਚਾਰਕਾਂ ਨਾਲ ਹੀ ਸ਼ਾਮਲ ਸੀ, ਭਾਈ
ਭੂਪਿੰਦਰ ਸਿੰਘ ਜੀ ਦੇ ਭੋਗ ਸਮਾਗਮ ਮੌਕੇ ਵੀ ਉਨ੍ਹਾਂ ਨੂੰ ਸਟੇਜ਼ ’ਤੇ ਬੈਠਿਆ ਆਪਣੇ ਅੱਖੀਂ
ਵੇਖਿਆ ਸੀ ਅਤੇ ਭਾਈ ਰਣਜੀਤ ਸਿੰਘ ਤੇ ਭਾਈ ਪੰਥਪ੍ਰੀਤ ਸਿੰਘ ਜੀ ਦੀਆਂ ਮਿਲਣੀਆਂ ਦੀਆਂ
ਖ਼ਬਰਾਂ ਅਤੇ ਉਨ੍ਹਾਂ ਵੱਲੋਂ ਆਪਣੇ ਦੀਵਾਨਾਂ ਵਿੱਚ ਪ੍ਰਗਟ ਕੀਤੇ ਜਾਂਦੇ ਵੀਚਾਰਾਂ ਦੀਆਂ
ਲਗਪਗ ਸਾਰੀਆਂ ਹੀਆਡੀਓ ਵੀਡੀਓ ਕਲਿਪਾਂ ਅਕਸਰ ਹੀ ਸੁਣਦੇ ਰਹਿੰਦੇ ਸੀ। ਇਸ ਦੇ ਬਾਵਜੂਦ ਅਸੀਂ
ਉਨ੍ਹਾਂ ਨੂੰ ਬੇਨਤੀ ਕੀਤੀ ਕਿ ਕਈ ਵਾਰ ਅਸੀਂ ਸ਼ੱਕ ਦੇ ਅਧਾਰ ’ਤੇ ਹੀ ਆਪਸੀ ਦੂਰੀਆਂ ਵਧਾ
ਬੈਠਦੇ ਹਾਂ ਇਸ ਲਈ ਕਿਉਂ ਨਹੀਂ ਤੁਸੀਂ ਮਿਲ ਬੈਠ ਕੇ ਆਪਣੇ ਸ਼ੱਕ ਦੂਰ ਕਰ ਲੈਂਦੇ।
ਭਾਈ ਪੰਥਪ੍ਰੀਤ ਸਿੰਘ ਜੀ ਨੇ ਤੁਰੰਤ ਜਵਾਬ ਦਿੱਤਾ ਕਿ
“ਚਲੋ ਇਹ ਗੱਲਾਂ ਮੈਂ ਸਾਰੀਆਂ ਹੀ ਛੱਡੀਆਂ, ਤੁਹਾਡੇ ਕੋਲ ਕਰ
ਦਿੱਤੀਆਂ ਉਨ੍ਹਾਂ ਕੋਲ ਇਨ੍ਹਾਂ ਦਾ ਜ਼ਿਕਰ ਵੀ ਨਹੀਂ ਕਰਾਂਗਾ; ਜੇ ਭਾਈ ਢੱਡਰੀਆਂ ਵਾਲੇ
ਮੈਨੂੰ ਫੋਨ ਕਰ ਕੇ ਮੀਟਿੰਗ ਕਰਨ ਨੂੰ ਕਹਿਣਗੇ ਤਾਂ ਮੈਂ ਤਿਆਰ ਹਾਂ।”
ਭਾਈ ਪੰਥਪ੍ਰੀਤ
ਸਿੰਘ ਜੀ ਤੋਂ ਇਹ ਵਾਅਦਾ ਲੈ ਕੇ ਅਸੀਂ ਸਿੱਧੇ ਭਾਈ ਰਣਜੀਤ ਸਿੰਘ ਜੀ ਕੋਲ ਪਹੁੰਚੇ
ਕਿਉਂਕਿ ਉਨ੍ਹਾਂ ਨੂੰ ਮਿਲਣ ਦਾ ਸਮਾਂ ਪਹਿਲਾਂ ਹੀ ਤੈਅ ਸੀ। ਉਨਾਂ ਨੂੰ ਸਾਰੇ
ਹਾਲਾਤਾਂ ਤੋਂ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਇਸ ਸਮੇਂ ਗੁਰਮਤਿ ਪੱਖੋਂ ਜਾਗਰੂਕ
ਪ੍ਰਚਾਰਕਾਂ ਦੀ ਏਕਤਾ ਦਾ ਸਬੱਬ ਬਣਿਆ ਹੈ ਜਿਸ ਸਦਕਾ ਪ੍ਰਚੰਡ ਗੁਰਮਤਿ ਦੀ ਲਹਿਰ ਹਰ ਥਾਂ
ਝੁਲ ਰਹੀ ਹੈ ਤੇ ਮਨਮਤੀ ਡੇਰਾਦਾਰਾਂ ਨੂੰ ਭੱਜਣ ਦਾ ਕੋਈ ਰਾਹ ਨਹੀਂ ਮਿਲ ਰਿਹਾ। ਇਸ ਲਈ
ਤੁਹਾਡੇ ਵਿੱਚ ਹਰਨੇਕ ਸਿੰਘ ਵੱਲੋਂ ਪਾਏ ਜਾ ਰਹੇ ਫੁੱਟ ਦੇ ਬੀਜ਼ ਨੂੰ ਪੁੰਗਰਣ ਤੋਂ ਪਹਿਲਾਂ
ਹੀ ਇਸ ਦੀ ਖੁੰਭ ਠੱਪ ਕੇ ਏਕਤਾ ਦੀ ਲੜੀ ਵਿੱਚ ਬੱਝੇ ਰਹਿਣਾ ਚਾਹੀਦਾ ਹੈ।
ਇਸ ਸਬੰਧੀ ਉਨ੍ਹਾਂ ਨੂੰ ਤਿੰਨ ਸੁਝਾਉ ਦਿੱਤੇ ਗਏ –
ਪਹਿਲਾ ਇਹ ਸੀ ਕਿ ਤੁਸੀਂ ਤਿੰਨੇ ਮੁੱਖ ਪ੍ਰਚਾਰਕ ਇੱਕ ਥਾਂ ਬੈਠ ਕੇ
ਸਾਂਝਾ ਵੀਡੀਓ ਬਿਆਨ ਜਾਰੀ ਕਰੋ ਕਿ ਸਾਡੇ ਆਪਸੀ ਕੋਈ ਮਤਭੇਦ ਨਹੀਂ ਹਨ ਇਸ ਲਈ ਜਿਹੜਾ ਵੀ
ਵਿਅਕਤੀ ਸਾਡੇ ਇੱਕ ਦੀ ਸਿਫਤ ਕਰਦਾ ਹੈ ਅਤੇ ਦੂਸਰੇ ਨੂੰ ਸਿੱਧੇ ਰੂਪ ਵਿੱਚ ਗਾਲ੍ਹਾਂ ਕਢਦਾ
ਹੈ ਉਹ ਪੰਥਕ ਹਿਤਾਂ ਵਿੱਚ ਨਹੀਂ ਹੈ ਇਸ ਲਈ ਉਸ ਨੂੰ ਇਸ ਕੋਝੀ ਹਰਕਤ ਤੋਂ ਬਾਜ਼ ਆ ਜਾਣਾ
ਚਾਹੀਦਾ ਹੈ।
ਦੂਸਰਾ ਸੁਝਾਉ ਸੀ ਕਿ ਤੁਹਾਡੇ ਸਮਰਥਕ ਹਰਨੇਕ ਸਿੰਘ ਦੀਆਂ ਉਹ
ਸਾਰੀਆਂ ਵੀਡੀਓ ਕਲਿਪਾਂ ਵੱਡੀ ਪੱਧਰ ’ਤੇ ਸ਼ੇਅਰ ਕਰ ਰਹੇ ਹਨ ਜਿਨ੍ਹਾਂ ਵਿੱਚ ਤੁਹਾਡੀ ਰੱਜ
ਕੇ ਤਰੀਫ਼ ਕੀਤੀ ਗਈ ਹੁੰਦੀ ਹੈ ਅਤੇ ਬਾਕੀ ਪ੍ਰਚਾਰਕਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ
ਹੁੰਦੀਆਂ ਗਨ। ਤੁਹਾਡੇ ਸਮਰਥਕਾਂ ਦੀਆਂ ਇਨ੍ਹਾਂ ਗਤੀਵਿਧੀਆਂ ਤੋਂ ਆਮ ਲੋਕਾਂ ਨੂੰ ਇਹ
ਜਾਪਦਾ ਹੈ ਕਿ ਤੁਹਾਡੇ ਤਿੰਨਾਂ ਵਿਚਕਾਰ ਮਤਭੇਦ ਵਧ ਚੁੱਕੇ ਹਨ। ਹਰਨੇਕ ਸਿੰਘ ਵੱਲੋਂ ਬਿਨਾਂ
ਕਿਸੇ ਸਬੂਤਾਂ ਤੋਂ ਹਰ ਰੋਜ ਹੀ ਇਹ ਤੋਤਾ ਰਟਨੀ, ਰੱਟੀ ਜਾਂਦੀ ਹੈ ਕਿ ਗੁਰਮਤਿ ਸੇਵਾ
ਲਹਿਰ ਦੇ ਪ੍ਰਚਾਰਕਾਂ ਦੀ ਮੀਟਿੰਗ ਵਿੱਚ ਪੰਥਪ੍ਰੀਤ ਸਿੰਘ ਨੇ ਕਿਹਾ ਹੈ ਕਿ ਢੱਡਰੀਆਂ ਵਾਲਾ
ਤਾਂ ਹੀ ਸਾਡਾ ਭਾਈ ਹੈ ਜੇ ਉਹ ਡੇਰਾ ਛੱਡ ਕੇ ਅਪਣੇ ਘਰ ਆ ਕੇ ਗ੍ਰਹਿਸਤੀ ਜੀਵਨ ਧਾਰਨ ਕਰਦਾ
ਹੈ; ਕਿਉਂਕਿ ਕੋਈ ਵੀ ਡੇਰੇਦਾਰ ਸਾਡਾ ਭਾਈ ਨਹੀਂ ਹੋ ਸਕਦਾ।
ਰੇਡੀਓ ’ਤੇ ਬੈਠੀ ਮਰਾਸੀਪੁਣਾ
ਕਰ ਰਹੀ ਉਸ ਦੀ ਟੀਮ ਦੇ ਸਾਰੇ ਮੈਂਬਰ ਵੀ ਵਾਰ-ਵਾਰ ਇਹੋ ਦੁਹਰਾਉਂਦੇ ਰਹਿੰਦੇ ਹਨ ਕਿ
ਜਿਹੜਾ ਪੰਥਪ੍ਰੀਤ, ਢੱਡਰੀਆਂ ਵਾਲੇ ਨੂੰ ਕਿਸੇ ਸਮੇਂ ਭਾਈ ਕਹਿੰਦਾ ਸੀ ਉਹ ਅੱਜ ਉਸ ਦੇ
ਨਾਲ ਨਹੀਂ ਚੱਲ ਸਕਦਾ ਤਾਂ ਘੱਟ ਤੋਂ ਘੱਟ ਵਿਰੋਧ ਤਾਂ ਨਾ ਕਰੇ। ਉਨ੍ਹਾਂ ਦੀਆਂ ਇਹ
ਸਟੇਟਮੈਂਟਾਂ ਕੋਈ ਕਸਰ ਬਾਕੀ ਨਹੀਂ ਰਹਿਣ ਦਿੰਦੀਆਂ ਕਿ ਤੁਸੀਂ ਆਪਸ ’ਚ ਵਿਰੋਧੀ ਬਣ ਚੁੱਕੇ
ਹੋ। ਇਸ ਲਈ ਤੁਹਾਡਾ ਇਹ ਫਰਜ ਬਣਦਾ ਹੈ ਕਿ ਹਰਨੇਕ ਸਿੰਘ ਨੂੰ ਇਸ ਕੋਝੀ ਹਰਕਤ ਤੋਂ ਰੋਕਿਆ
ਜਾਵੇ ਜਾਂ ਆਪਣੇ ਸਮਰਥਕਾਂ ਨੂੰ ਹਦਾਇਤ ਕੀਤੀ ਜਾਵੇ ਕਿ ਹਰਨੇਕ ਸਿੰਘ ਦੀ ਕੋਈ ਵੀ ਵੀਡੀਓ
ਜਿਸ ਵਿੱਚ ਬਾਕੀ ਦੇ ਪ੍ਰਚਾਰਕਾਂ ਸਬੰਧੀ ਅਪਸ਼ਬਦ ਵਰਤੇ ਗਏ ਹੋਣ, ਉਹ ਸ਼ੇਅਰ ਨਾ ਕੀਤੀ ਜਾਵੇ।
ਭਾਈ ਢੱਡਰੀਆਂ ਵਾਲੇ ਨੇ ਕਿਹਾ ਕਿ ਉਨ੍ਹਾਂ ਕੱਲ੍ਹ ਜਾਂ ਪਰਸੋਂ ਹੀ ਅਮਰੀਕਾ ਚਲੇ ਜਾਣਾ
ਹੈ। ਜੇ ਕਰ ਵੀਜ਼ੇ ਵਿੱਚ ਕੋਈ ਅੜਚਨ ਪੈਣ ਸਦਕਾ ਨਾ ਗਏ ਤਾਂ ਉਹ ਛੇਤੀ ਹੀ ਭਾਈ ਪੰਥਪ੍ਰੀਤ
ਸਿੰਘ ਜੀ ਨੂੰ ਫੋਨ ਕਰ ਕੇ ਮੀਟਿੰਗ ਤੈਅ ਕਰ ਲੈਣਗੇ ਪਰ ਜੇ ਚਲੇ ਗਏ ਤਾਂ ਆ ਕੇ ਮੀਟਿੰਗ
ਰੱਖ ਲਈ ਜਾਵੇਗੀ, ਨਾਲੇ ਉਸ ਸਮੇਂ ਤੱਕ ਭਾਈ ਧੂੰਦਾ ਜੀ ਵਿਦੇਸ਼ ਤੋਂ ਵਾਪਸ ਆ ਜਾਣਗੇ।
ਦੂਸਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ
ਕਿ ਵੇਖੋ ਜੀ, ਅਸੀਂ
ਆਪਣੇ ਸਮਰਥਕਾਂ ਨੂੰ ਕੋਈ ਅਪੀਲ ਤਾਂ ਕੀਤੀ ਨਹੀਂ ਕਿ ਉਸ ਦੀਆਂ ਵੀਡੀਓ ਸ਼ੇਅਰ ਕੀਤੀਆਂ ਜਾਣ,
ਬਾਕੀ ਸਮਰਥਕਾਂ ਦਾ ਦਾਇਰਾ ਬੜਾ ਲੰਬਾ ਹੈ, ਕਿਸ ਕਿਸ ਨੂੰ ਜਾ ਕੇ ਰੋਕੀਏ ਕਿ ਭਾਈ ਇਹ
ਸ਼ੇਅਰ ਨਾ ਕਰੋ। ਹਰਨੇਕ ਸਿੰਘ ਸਬੰਧੀ ਉਨ੍ਹਾਂ ਕਿਹਾ ਕਿ ਮੈਂ ਤਾਂ ਨਾ ਅੱਜ ਤੱਕ
ਨਿਊਜ਼ੀਲੈਂਡ ਗਿਆ ਹਾਂ, ਨਾ ਉਨ੍ਹਾਂ ਨੂੰ ਅੱਜ ਤੱਕ ਮਿਲਿਆ ਹਾਂ ਅਤੇ ਨਾ ਹੀ ਕਦੀ ਫ਼ੋਨ ’ਤੇ
ਗੱਲ ਹੋਈ ਹੈ, ਨਾ ਮੇਰੇ ਕੋਲ ਉਸ ਦਾ ਕੋਈ ਫ਼ੋਨ ਨੰਬਰ ਹੈ, ਇਸ ਲਈ ਜੇ ਉਹ ਮੇਰੀ ਸਿਫਤ ਕਰ
ਰਿਹਾ ਹੈ, ਤਾਂ ਮੈਂ ਉਸ ਨੂੰ ਕਿਸ ਤਰ੍ਹਾਂ ਰੋਕ ਸਕਦਾ ਹਾਂ ? ਭਾਈ ਪੰਥਪ੍ਰੀਤ ਸਿੰਘ ਤੇ
ਧੂੰਦਾ ਜੀ (ਦੋਵੇਂ ਹੀ) ਉਸ ਦੇ ਗੁਰਦੁਆਰੇ ਵਿੱਚ ਪ੍ਰਚਾਰ ਵੀ ਕਰ ਕੇ ਆਉਂਦੇ ਰਹੇ ਹਨ,
ਫ਼ੋਨ ’ਤੇ ਗੱਲਾਂ ਵੀ ਕਰਦੇ ਰਹੇ ਹਨ, ਇਸ ਲਈ ਉਹ ਖ਼ੁਦ ਉਸ ਨੂੰ ਫ਼ੋਨ ਕਰ ਕੇ ਕਹਿਣ ਵੀ ਸਾਡੇ
ਸਬੰਧੀ ਅਪਸ਼ਬਦ ਨਾ ਬੋਲੇ ਜਾਣ।”
ਭਾਵੇਂ ਭਾਈ ਢੱਡਰੀਆਂ ਵਾਲੇ ਦੇ ਜਵਾਬ ਸਪਸ਼ਟ ਨਹੀਂ ਸਨ, ਪਰ ਫਿਰ ਵੀ
ਅਸੀਂ ਬੜੇ ਖੁਸ਼ ਸੀ ਕਿ ਇਹ ਮਾਮੂਲੀ ਗੱਲਾਂ ਹਨ ਜਦੋਂ ਤਿੰਨੇ ਪ੍ਰਚਾਰਕ ਮਿਲ ਬੈਠਣਗੇ ਤਾਂ
ਇਹ ਮਸਲੇ ਆਪਣੇ ਆਪ ਹੱਲ ਹੋ ਜਾਣਗੇ। ਸਾਡੀ ਮੁਲਾਕਾਤ ਤੋਂ ਅਗਲੇ ਜਾਂ ਤੀਸਰੇ ਦਿਨ ਹੀ ਭਾਈ
ਰਣਜੀਤ ਸਿੰਘ ਜੀ ਇਕ ਮਹੀਨੇ ਦੀ ਅਮਰੀਕਾ ਫੇਰੀ ਕਰ ਕੇ, ਜਿਸ ਦੌਰਾਨ ਉਨ੍ਹਾਂ ਨੇ ਉਥੇ ਕੋਈ
ਦੀਵਾਨ ਨਹੀਂ ਲਾਇਆ; ਵਾਪਸ ਆ ਗਏ ਤੇ ਇੱਕ ਹਫਤੇ ਉਪ੍ਰੰਤ ਫਿਰ ਦੁਬਾਰਾ ਚਲੇ ਗਏ ਤੇ ਕੁਝ
ਦੀਵਾਨ ਲਾ ਕੇ ਵਾਪਸ ਮੁੜ ਆਏ ਪਰ ਅੱਜ ਤੱਕ ਨਾ ਕਦੀ ਪੰਥਪ੍ਰੀਤ ਸਿੰਘ ਅਤੇ ਨਾ ਹੀ ਧੂੰਦਾ
ਜੀ ਨੂੰ ਕੋਈ ਫੋਨ ਕਰ ਕੇ ਕਿਸੇ ਮੀਟਿੰਗ ਸਬੰਧੀ ਕਿਹਾ ਜਾਂ ਸਲਾਹ ਹੀ ਕੀਤੀ ਹੈ। ਮੀਟਿੰਗ
ਲਈ ਚੇਤਾ ਕਰਵਾਉਣ ਲਈ ਮੇਰੇ ਵੱਲੋਂ ਕੀਤੇ ਫੋਨ ਸੁਣਨੇ ਵੀ ਬੰਦ ਕਰ ਦਿੱਤੇ, ਆਖਰ ਇਨ੍ਹਾਂ
ਦਾ ਇੱਕ ਨਿਕਟਵਰਤੀ ਸ਼ਾਇਦ ਉਸ ਦਾ ਨਾਮ ਗੁਰਪ੍ਰੀਤ ਸਿੰਘ ਹੈ; ਦੇ ਰਾਹੀਂ ਮੈਨੂੰ ਸੁਨੇਹਾ
ਮਿਲ ਗਿਆ ਕਿ ਭਾਈ ਸਾਹਿਬ ਜੀ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਉਪ੍ਰੰਤ ਸਾਡੇ
ਵੱਲੋਂ ਮੁਹਿੰਮ ਤਾਂ ਠੱਪ ਹੋਣੀ ਹੀ ਸੀ, ਪਰ ਇਸੇ ਦੌਰਾਨ ਮੋਗੇ ਵਾਲੀ ਟੀਮ ਸਰਗਰਮ ਹੋ ਗਈ
ਸੀ ਤੇ ਉਨ੍ਹਾਂ ਨਾਲ ਜੋ ਬੀਤਿਆ ਉਹ ਉਨ੍ਹਾਂ ਜਨਤਕ ਕਰ ਹੀ ਦਿੱਤਾ ਹੈ।
ਅਮਰੀਕਾ ਦੇ ਇੱਕ ਗੁਰਦੁਆਰੇ ਵਿੱਚ ਗੁਰੂ ਹਰਿਰਾਇ ਸਾਹਿਬ ਜੀ ਵੱਲੋਂ
ਬਾਬਾ ਰਾਮ ਰਾਇ ਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰੂ ਘਰ ਦਾ ਪੱਖ ਪੇਸ਼ ਕਰਨ ਲਈ ਭੇਜੇ
ਜਾਣ ਸਬੰਧੀ ਭਾਈ ਰਣਜੀਤ ਸਿੰਘ ਵੱਲੋਂ ਬਹੁਤ ਹੀ ਅਸਪਸ਼ਟ ਰੂਪ ਵਿੱਚ ਦਿੱਤੇ ਬਿਆਨ ਨੂੰ
ਹਰਨੇਕ ਸਿੰਘ ਨੇ ਆਪਣੇ ਵੱਲੋਂ ਗੁਰੂ ਰਾਮਦਾਸ ਜੀ ਅਤੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਗਲਤ
ਫੈਸਲੇ ਲੈਣ ਵਾਲੇ ਦੱਸਣ ਵਾਲੀ ਸਟੇਟਮੈਂਟ ਦੇ ਹੱਕ ਵਿੱਚ ਵਰਤੇ ਜਾਣ ਪਿੱਛੋਂ ਦੇਸ਼ ਵਿਦੇਸ਼
ਵਿੱਚ ਵਸ ਰਹੇ ਸੈਂਕੜੇ ਗੁਰਸਿੱਖਾਂ ਵੱਲੋਂ ਨਿਜੀ ਰੂਪ ਵਿੱਚ ਮਿਲ ਕੇ ਅਤੇ ਕਈਆਂ ਨੇ
ਆਪਣੀਆਂ ਲਿਖਤਾਂ ਰਾਹੀਂ ਭਾਈ ਰਾਣਜੀਤ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਜਾਂ ਤਾਂ ਤੁਹਾਡੇ
ਵੱਲੋਂ ਸਧਾਰਨ ਤੌਰ ’ਤੇ ਬੋਲੇ ਗਏ ਸ਼ਬਦਾਂ ਨੂੰ ਹਰਨੇਕ ਸਿੰਘ ਵੱਲੋਂ ਗੁਰੂ ਸਾਹਿਬਾਨ ਨੂੰ
ਆਮ ਵਿਅਕਤੀਆਂ
ਵਾਂਗ ਗਲਤੀਆਂ ਕਰਨ ਵਾਲੇ ਦੱਸਣ ਵਾਲੀ ਸਟੇਟਮੈਂਟ ਦਾ ਸਪਸ਼ਟ ਰੂਪ ਵਿੱਚ ਖੰਡਨ
ਕਰਨਾ ਚਾਹੀਦਾ ਹੈ, ਕਿਉਂਕਿ ਉਹ ਸਹਿਜ ਸੁਭਾਅ ਤੁਹਾਡੇ ਵੱਲੋਂ ਕਹੇ ਸ਼ਬਦਾਂ ਨੂੰ ਆਪਣੀ
ਸਟੇਟਮੈਂਟ ਦੇ ਹੱਕ ਵਿੱਚ ਭੁਗਤਾ ਰਿਹਾ ਹੈ ਜਾਂ ਤੁਸੀਂ ਕਬੂਲ ਕਰ ਲਵੋ ਕਿ ਤੁਸੀਂ ਵੀ
ਮੰਨਦੇ ਹੋ ਕਿ ਗੁਰੂ ਸਾਹਿਬਾਨ ਵੀ ਆਪਣੇ ਜੀਵਨ ਵਿੱਚ ਆਮ ਮਨੁੱਖਾਂ
ਵਾਂਗ ਗਲਤੀਆਂ ਕਰਦੇ ਰਹੇ
ਹਨ।
ਭਾਈ ਢੱਡਰੀਆਂ ਵਾਲੇ ਨੂੰ ਮਿਲਣ ਗਏ ਹਰ ਵਿਅਕਤੀ ਪਾਸ ਉਹ ਸਪਸ਼ਟ ਰੂਪ
ਵਿੱਚ ਕਹਿੰਦੇ ਰਹੇ ਹਨ ਕਿ ਹਰਨੇਕ ਸਿੰਘ ਦੀ ਸਟੇਟਮੈਂਟ ਨਾਲ ਉਹ ਸਹਿਮਤ ਨਹੀਂ ਹਨ ਅਤੇ
ਅਗਲੇ ਦੀਵਾਨ ਵਿੱਚ ਇਸ ਸਬੰਧੀ ਸਪਸ਼ਟ ਕਰ ਦੇਣਗੇ, ਪਰ ਅੱਜ ਤੱਕ ਸਪਸ਼ਟ ਨਹੀਂ ਕੀਤਾ ਭਾਵੇਂ
ਕਿ ਭਾਈ ਰਣਜੀਤ ਸਿੰਘ ਜੀ ਵੱਲੋਂ ਧਾਰੀ ਚੁੱਪ ਵੀ ਮਨ ਵਿੱਚ ਸ਼ੰਕੇ ਖੜ੍ਹੇ ਕਰਦੀ ਰਹੀ ਸੀ,
ਪਰ ਸਿੰਘ ਨਾਦ ਰੇਡੀਓ ’ਤੇ ਇੱਕ ਪ੍ਰੋਗਰਾਮ ਵਿੱਚ ਭਾਈ ਪ੍ਰਭਦੀਪ ਸਿੰਘ ਵੱਲੋਂ ਭਾਈ
ਪੰਥਪ੍ਰੀਤ ਸਿੰਘ ਨੂੰ ਹਰਨੇਕ ਸਿੰਘ ਸਬੰਧੀ ਆਪਣਾ ਨਜ਼ਰੀਆ ਦੱਸੇ ਜਾਣ ਦੇ ਜਵਾਬ ਵਿੱਚ ਉਨ੍ਹਾਂ
ਹਰਨੇਕ ਸਿੰਘ ਬਾਬਤ ਫੰਡਰ ਗਾਂ ਸ਼ਬਦ ਵਰਤੇ ਸਨ, ਪਰ ਜਿਸ ਤਰ੍ਹਾਂ ਆਪਣੇ ਇੱਕ ਦੀਵਾਨ ਵਿੱਚ
ਭਾਈ ਰਣਜੀਤ ਸਿੰਘ ਨੇ ਭਾਈ ਪੰਥਪ੍ਰੀਤ ਸਿੰਘ ਦੁਆਰਾ ਕਹੇ ਹੋਏ (ਫੰਡਰ ਗਾਂ) ਸ਼ਬਦਾਂ ਨੂੰ
ਆਪਣੇ ਲਈ ਵਰਤੇ ਹੋਏ ਪੇਸ਼ ਕੀਤਾ ਇਸ ਨੇ ਸ਼ੱਕ ਹੋਰ ਵਧਾ ਦਿੱਤਾ ਸੀ ਕਿ ਹਰਨੇਕ ਸਿੰਘ ਅਤੇ
ਭਾਈ ਢੱਡਰੀਆਂ ਵਾਲੇ ਅੰਦਰੋਂ ਇੱਕ-ਮਿੱਕ ਹੀ ਹਨ, ਇਸੇ ਲਈ ਇਨ੍ਹਾਂ ਵਿੱਚੋਂ ਇੱਕ ਨੂੰ ਕਹੇ
ਹੋਏ ਸ਼ਬਦ, ਦੂਸਰਾ ਆਪਣੇ ਲਈ ਢੁਕਾ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦਾ ।
ਭਾਈ ਅਜੈਬ ਸਿੰਘ ਤੇ ਭਾਈ ਗੁਲਜ਼ਾਰ ਸਿੰਘ ਸ਼ਿਆਟਲ ਵੱਲੋਂ ਆਡੀਓ ਰਾਹੀਂ
ਕੀਤੇ ਇਸ ਖੁਲਾਸਾ
ਕਿ ਉਨ੍ਹਾਂ ਕੋਲ ਭਾਈ ਰਣਜੀਤ ਸਿੰਘ ਸਾਫ ਮੁਕਰਦਾ ਰਿਹਾ ਹੈ ਕਿ ਉਸ ਦੇ
ਹਰਨੇਕ ਸਿੰਘ ਜਾਂ ਉਸ ਦੀਆਂ ਸਟੇਟਮੈਂਟਾਂ ਨਾਲ ਕੋਈ ਸਬੰਧ ਨਹੀਂ ਹਨ, ਨੇ ਇਹ ਵੀ ਸਿੱਧ ਕਰ
ਦਿੱਤਾ ਹੈ ਕਿ ਭਾਈ ਢੱਡਰੀਆਂ ਵਾਲਾ ਝੂਠ ਵੀ ਬੋਲਦਾ ਰਿਹਾ ਹੈ ਅਤੇ ਅੰਦਰੋਂ ਬੇਈਮਾਨ ਵੀ
ਹੈ, ਨਹੀਂ ਤਾਂ ਸੱਚ ਦਾ ਪ੍ਰਚਾਰ ਕਰਨ ਵਾਲੇ ਨੂੰ ਕੀ ਲੋੜ ਪਈ ਹੈ ਕਿ ਹਰਨੇਕ ਸਿੰਘ ਨਾਲ
ਆਪਣੇ ਸਬੰਧਾਂ ਨੂੰ ਗੁਪਤ ਰੱਖੇ।
ਬਾਬਾ ਪ੍ਰਿਥੀ ਚੰਦ, ਬਾਬਾ ਰਾਮ ਰਾਇ, ਧੀਰ ਮੱਲੀਏ, ਨਿਰੰਕਾਰੀ, ਨਾਮਧਾਰੀ, ਰਾਧਾ ਸਵਾਮੀ
ਅਤੇ ਹੋਰ ਅਨੇਕਾਂ ਡੇਰੇਦਾਰ ਸ਼ਬਦ ਗੁਰੂ ਦਾ ਵਿਰੋਧ ਕਰਦੇ ਆਏ ਹਨ ਅਤੇ ਕਰਦੇ ਰਹਿਣਗੇ।
ਸਿੱਖੀ ਭੇਖ ’ਚ ਡੋਗਰਿਆਂ ਦਾ ਰੋਲ ਵੀ ਬਹੁਤੇਰਿਆਂ ਨੇ ਨਿਭਾਇਆ ਹੈ ਉਸੇ ਤਰ੍ਹਾਂ ਢੱਡਰੀਆਂ
ਵਾਲਾ ਅਤੇ ਹਰਨੇਕ ਸਿੰਘ ਵੀ ਨਿਭਾਉਂਦੇ ਆ ਰਹੇ ਹਨ, ਇਸ ਨਾਲ਼ ਕੋਈ ਫਰਕ ਨਹੀਂ ਪੈਂਦਾ ਪਰ
ਢੱਡਰੀਆਂ ਵਾਲੇ ਵੱਲੋਂ ਝੂਠ ਬੋਲਣ ਦਾ ਕਲੰਕ ਲਵਾ ਕੇ ਪ੍ਰਚਾਰਕ ਸ਼੍ਰੇਣੀ ਨੂੰ ਨੀਵਾਂ
ਵਿਖਾਉਣ ਦਾ ਯਤਨ ਕਰਨਾ, ਅਤਿ ਨਿੰਦਣਯੋਗ ਹੈ ।
ਮੇਰੇ ਇਸ ਲੇਖ ਨੂੰ ਭਾਈ ਢੱਡਰੀਆਂ ਵਾਲੇ ਅਤੇ ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਸਮੇਤ ਉਨ੍ਹਾਂ
ਦੇ ਸਮਰਥਕ ਭਾਈ ਪੰਥਪ੍ਰੀਤ ਸਿੰਘ ਦੇ ਹੱਕ ਵਿੱਚ ਅਤੇ ਭਾਈ ਢੱਡਰੀਆਂ ਵਾਲੇ ਦੇ ਵਿਰੋਧ
ਵਿੱਚ ਇੱਕ ਪਾਸੜ ਕਹਿ ਸਕਦੇ ਹਨ ਅਤੇ ਕਹਿਣਗੇ ਵੀ,
ਪਰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ
ਕਿ ਜਾਤੀ ਤੌਰ ’ਤੇ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਅੰਨ੍ਹਾਂ ਸਮਰਥਕ ਜਾਂ ਅੰਨ੍ਹਾਂ ਵਿਰੋਧੀ
ਨਹੀਂ ਕਰਦਾ ਹਾਂ। ਜਿਹੜਾ ਵੀ ਵਿਅਕਤੀ ਸਿਧਾਂਤਕ ਤੌਰ ’ਤੇ ਸ਼ਬਦ ਗੁਰੂ ਦੇ ਸਿਧਾਂਤ ਦਾ ਲਿਖ
ਕੇ ਜਾਂ ਬੋਲ ਕੇ ਪ੍ਰਚਾਰ ਕਰਦਾ ਹੈ, ਮੈਂ ਉਸ ਦਾ ਹਮੇਸ਼ਾਂ ਸਮਰਥਕ ਰਿਹਾ ਹਾਂ ਅਤੇ ਸਮਰਥਣ
ਕਰਦਾ ਰਹਾਂਗਾ ਪਰ ਮਨਮਤ ਦਾ ਪ੍ਰਚਾਰ ਕਰਨ ਵਾਲੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲੇ
ਕਿਸੇ ਹੋਰ ਗ੍ਰੰਥ ਜਾਂ ਵਿਅਕਤੀ ਵਿਸ਼ੇਸ਼ ਨੂੰ ਮਹੱਤਤਾ ਦੇਣ ਵਾਲੇ, ਦੇ ਵਿਰੋਧ ਵਿੱਚ ਖੜ੍ਹਨਾ
ਮੇਰਾ ਸਿਧਾਂਤਿਕ ਫ਼ਰਜ਼ ਬਣਦਾ ਹੈ ।
ਭਾਈ ਰਣਜੀਤ ਸਿੰਘ ਤੇ ਹਰਨੇਕ ਸਿੰਘ ਸਮੇਤ ਅਨੇਕਾਂ ਹੋਰ ਵਿਅਕਤੀ ਇਸ ਗੱਲ ਤੋਂ ਭਲੀ ਭਾਂਤ
ਜਾਣੂ ਹਨ ਕਿ ਜਿਸ ਸਮੇਂ ਭਾਈ ਰਣਜੀਤ ਸਿੰਘ ਜੀ, ਪੰਜ ਪਿਆਰਿਆਂ ਦੇ ਰੂਪ ਵਿੱਚ ਸਜੇ ਸਿੰਘਾਂ
ਤੋਂ ਪੈਰੀਂ ਹੱਥ ਲਵਾਉਣ ਦਾ ਪਾਖੰਡ ਕਰਦਾ ਸੀ ਤੇ ਗੁਰਮਤਿ ਦੀ ਥਾਂ ਮਨਮਤਿ ਦਾ ਪ੍ਰਚਾਰ
ਕਰਦਾ ਸੀ, ਉਸ ਸਮੇਂ ਮੈਂ ਇਨ੍ਹਾਂ ਦੇ ਵਿਰੋਧ ਵਿੱਚ ਵੀ ਲਿਖਦਾ ਰਿਹਾ ਹਾਂ ਅਤੇ ਗੁਰਮਤਿ
ਵੱਲ ਮੁੜਨ ਉਪਰੰਤ ਇਨ੍ਹਾਂ ਦੀ ਪ੍ਰਸੰਸਾ ਵਿੱਚ ਵੀ ਮੈ ਲਿਖਿਆ ਹੈ,
ਪਰ ਹੁਣ ਗੁਰਮਤਿ ਦੇ
ਪ੍ਰਚਾਰਕਾਂ ਦਾ ਚਰਿੱਤਰ ਘਾਤ ਕਰਵਾਉਣ ਲਈ ਅਤੇ ਗੁਰੂ ਸਾਹਿਬਾਨਾਂ ਨੂੰ ਆਮ ਵਿਅਕਤੀ
ਵਾਂਗ
ਭੁੱਲੜ ਦੱਸਣ ਦੇ ਬਾਵਜੂਦ ਵੀ ਹਰਨੇਕ ਸਿੰਘ ਦਾ ਸਾਥ ਦੇਣ ਵਾਲੇ ਵਿਅਕਤੀ, ਦੇ ਕਿਰਦਾਰ ਦੀ
ਅਸਲੀਅਤ ਦੱਸਣ ਲਈ ਵੀ ਮੈ ਮਜ਼ਬੂਰ ਹੋ ਗਿਆ ਹਾਂ।
ਮੈਨੂੰ ਕੰਵਰ ਗਰੇਵਾਲ ਵੱਲੋਂ ਸਿਰਸੇ ਵਾਲੇ ਸਾਧ ਦੇ ਜਨਮ ਦਿਨ ਮੌਕੇ ਜਾ ਕੇ ਪ੍ਰੋਗਰਾਮ
ਦੇਣ ’ਤੇ ਭਾਈ ਢੱਡਰੀਆਂ ਵਾਲੇ ਵੱਲੋਂ ਕੀਤੀ ਗਈ ਟਿੱਪਣੀ ਪੂਰੀ ਤਰ੍ਹਾਂ ਯਾਦ ਹੈ, ਜਿਸ
ਵਿੱਚ ਉਨ੍ਹਾਂ ਨੇ ਸਿੱਖਾਂ ਨੂੰ ਸਲਾਹ ਦਿੱਤੀ ਸੀ ਕਿ ਕਿਸੇ ਗਾਇਕ ਵੱਲੋਂ ਇੱਕ ਦੋ ਕਵਿਤਾਵਾਂ
ਸਿੱਖੀ ਦੇ ਪੱਖ ਵਿੱਚ ਸੁਣ ਕੇ ਯਕੀਨ ਨਾ ਕਰ ਲਿਆ ਕਰੋ ਕਿ ਇਹ ਸਿੱਖ ਬਣ ਗਿਆ ਹੈ; ਐਸਾ
ਕਰਨ ਤੋਂ ਪਹਿਲਾਂ ਉਸ ਦੀ ਪਰਖ ਕਰ ਲੈਣੀ ਜਰੂਰੀ ਹੈ। ਹੁਣ ਭਾਈ ਢੱਡਰੀਆਂ ਵਾਲਿਆਂ ਦੀ ਆਪਣੀ
ਹੀ ਟਿੱਪਣੀ ਉਨ੍ਹਾਂ ਆਪਣੇ ਉੱਤੇ ਵੀ ਪੂਰੀ ਢੁਕਦੀ ਹੈ ਕਿ ਇੱਕ ਦੋ ਸਾਲ ਗੁਰਮਤਿ ਦੇ ਪੱਖ
ਵਿੱਚ ਅਤੇ ਮਨਮਤ ਦੇ ਵਿਰੋਧ ਵਿੱਚ ਕੀਤੇ ਗਏ ਪ੍ਰਚਾਰ ਨਾਲ ਸਿੱਖੋ ! ਇਹ ਨਾ ਸਮਝ ਲਇਓ, ਕਿ
ਇਹ ਡੇਰੇਦਾਰਾਂ ਦਾ ਪ੍ਰਭਾਵ ਉਤਾਰ ਕੇ ਗੁਰਮਤਿ ਦਾ ਜਾਗਰੂਕ ਪ੍ਰਚਾਰਕ ਬਣ ਗਿਆ ਹੈ। ਇਸ ਲਈ
ਯਕੀਨ ਕਰਨ ਤੋਂ ਪਹਿਲਾਂ ਪਰਖ ਲਿਆ ਕਰਿਓ ਕਿ ਕੇਵਲ ਭਾਈ ਅਖਵਾਉਣ ਨਾਲ ਕਿਸੇ ਸੰਤ ਅਖਵਾਉਣ
ਵਾਲੇ ਵਿਚੋਂ ਸਾਧਪੁਣਾ ਨਿਕਲ ਸਕਦਾ ਹੈ ਜਾਂ ਆਪਣੀ ਸੱਚੀ ਝੂਠੀ ਜੈ ਜੈਕਾਰ ਕਰਵਾਉਣ ਦਾ
ਭੁੱਸ ਪਹਿਲਾਂ ਦੀ ਤਰ੍ਹਾਂ ਹੀ ਕਾਇਮ ਰਹਿੰਦਾ ਹੈ। ਮੇਰੇ ਅਨੁਸਾਰ ਤਾਂ ਇਹ ਭੁੱਸ ਪੂਰਾ
ਕਰਨ ਲਈ ਹੀ ਭਾਵ ਢੱਡਰੀਆਂ ਵਾਲੇ ਨੂੰ ਸੁਚੇਤ ਕੀਤੇ ਜਾਣ ਦੇ ਬਾਵਜੂਦ ਵੀ ਤੋਤਾ ਬਣ ਕੇ
ਨਿਊਜ਼ੀਲੈਂਡ ਵਾਲੇ ਦੇ ਪਿੰਜਰੇ ਵਿੱਚ ਕੈਦ ਹੋਣਾ ਪਸੰਦ ਹੈ।
ਜਦੋਂ ਮੈਂ ਭਾਈ ਸਰਬਜੀਤ ਸਿੰਘ ਜੀ ਧੂੰਦਾ ਨੂੰ ਇੱਕ ਲੇਖ ਰਾਹੀਂ ਨਿਊਜ਼ੀਲੈਂਡ ਵਾਲੇ ਪਿੰਜਰੇ
ਵਿੱਚੋਂ ਅਜਾਦ ਹੋ ਜਾਣ ਦੀ ਸਲਾਹ ਦਿੱਤੀ ਸੀ ਉਸ ਸਮੇਂ ਵੀ ਹਰਨੇਕ ਸਿੰਘ ਨੇ ਮੇਰੇ ’ਤੇ
ਧੂੰਦਾ ਵਿਰੋਧੀ ਅਤੇ ਪ੍ਰੋ: ਦਰਸ਼ਨ ਸਿੰਘ ਪੱਖੀ ਹੋਣ ਦਾ ਦੋਸ਼ ਲਾਇਆ ਸੀ, ਪਰ ਧੂੰਦਾ ਜੀ ਅਤੇ
ਉਨ੍ਹਾਂ ਦਾ ਸਮੁੱਚਾ ਕਾਲਜ ਸਟਾਫ ਇਸ ਗੱਲ ਦਾ ਗਵਾਹ ਹੈ ਕਿ ਉਨ੍ਹਾਂ ਨਾਲ ਮੇਰੇ ਉਸ ਸਮੇਂ
ਵੀ ਨਿੱਘੇ ਸਬੰਧ ਰਹੇ ਸਨ ਅਤੇ ਅੱਜ ਵੀ ਹਨ; ਅਸੀਂ ਇੱਕ ਦੂਜੇ ਦਾ ਦਿਲੋਂ ਸਤਿਕਾਰ ਵੀ ਕਰਦੇ
ਹਾਂ। ਅੱਜ ਮੈਂ ਧੂੰਦਾ ਜੀ ਨੂੰ ਦਾਦ ਦਿੰਦਾ ਹਾਂ ਕਿ ਭਾਵੇਂ ਉਹ ਵੀ ਕੁਝ ਸਮਾਂ
ਨਿਊਜ਼ੀਲੈਂਡ ਵਾਲਿਆਂ ਦੇ ਪਿੰਜਰੇ ਵਿੱਚ ਬੰਦ ਰਿਹਾ
ਪਰ ਹਰਨੇਕ ਸਿੰਘ ਦੀ ਬੋਲੀ ਬੋਲਣ ਤੋਂ
ਦੂਰ ਹੀ ਰਿਹਾ ਅਤੇ ਜਦੋਂ ਪਾਣੀ ਸਿਰ ਉਪਰੋਂ ਲੰਘਦਾ ਵੇਖਿਆ ਤਾਂ ਝੱਟ ਉਡਾਰੀ ਮਾਰ ਕੇ
ਪਿੰਜਰੇ ’ਚੋਂ ਅਜਾਦ ਹੋ ਗਿਆ, ਪਰ ਇਹ ਨਵਾਂ ਤੋਤਾ ਤਾਂ ਆਪਣੀ ਹੀ ਵਾਹ-ਵਾਹ ਕਰਾਉਣ ਵਿਚ
ਮਸਤ ਹੈ ਭਾਵੇਂ ਗੁਰੂ ਸਾਹਿਬ ਨੂੰ ਵੀ ਕੋਈ ਭੁੱਲੜ ਕਹਿ ਰਿਹਾ ਹੋਵੇ।
ਭਾਈ ਗੁਰਮੀਤ ਸਿੰਘ ਕਪੂਰਥਲਾ ਨੇ ਫੇਸ ਬੁੱਕ ’ਤੇ ਇੱਕ ਕੁਮੈਂਟ ਦੇ ਕੇ ਦਾਅਵਾ ਕੀਤਾ ਹੈ
ਕਿ ਮੋਗੇ ਵਾਲੀ ਟੀਮ ਦੇ ਇੱਕ ਮੈਂਬਰ ਨੂੰ ਫ਼ੋਨ ਕਰ ਕੇ ਪੁੱਛਿਆ ਗਿਆ ਤਾਂ ਉਸ ਮੈਂਬਰ ਨੇ
ਦੱਸਿਆ ਕਿ ਭਾਈ ਢੱਡਰੀਆਂ ਵਾਲੇ ਨੇ ਏਕਤਾ ਕਰਨ ਤੋਂ ਨਾਂਹ ਨਹੀਂ ਕੀਤੀ ਇਸ ਲਈ ਭਾਈ ਸਾਹਿਬ
ਨੂੰ ਬਦਨਾਮ ਕਰਨ ਦੀ ਵਿੱਢੀ ਮੁਹਿੰਮ ਗਲਤ ਹੈ। ਮੈਂ ਭਾਈ ਗੁਰਮੀਤ ਸਿੰਘ ਜੀ ਨੂੰ ਪੁੱਛਣਾ
ਚਾਹੁੰਦਾ ਹਾਂ ਕਿ ਪ੍ਰਚਾਰਕਾਂ ਨਾਲ ਬੈਠਣ ਤੋਂ ਪਹਿਲਾਂ ਹੀ ਇਹ ਸ਼ਰਤ ਰੱਖ ਦੇਣੀ ਅਸਿੱਧੇ
ਰੂਪ ਵਿੱਚ ਏਕਤਾ ਕਰਨ ਤੋਂ ਨਾਂਹ ਨਹੀਂ ਹੈ ਕਿ
“ਜੇ ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਧੂੰਦਾ
ਜੀ ਪਹਿਲਾਂ ਹਰਨੇਕ ਸਿੰਘ ਨੂੰ ਫੋਨ ਕਰ ਕੇ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਮਨਾਉਣਗੇ ਤਾਂ
ਹੀ ਉਹ (ਢੱਡਰੀਆਂ ਵਾਲੇ) ਉਨ੍ਹਾਂ ਨਾਲ ਏਕਤਾ ਨਾਲ ਕਿਸੇ ਮੀਟਿੰਗ ਵਿੱਚ ਬੈਠਣ ਲਈ ਹਾਮੀ
ਭਰਨਗੇ”। ਉਸ ਨੂੰ ਭਲੀ ਭਾਂਤ ਪਤਾ ਹੈ ਕਿ ਜਿਸ ਹਰਨੇਕ ਸਿੰਘ ਨੂੰ ਬੋਲਣ ਦੀ ਵੀ ਅਕਲ ਨਹੀਂ
ਅਤੇ ਜੋ ਗੁਰੂ ਸਹਿਬਾਨਾਂ ਨੂੰ ਭੁੱਲੜ ਦੱਸ ਕੇ ਆਪਣੇ ਆਪ ਨੂੰ ਗੁਰੂਆਂ ਤੋਂ ਵੀ ਵੱਧ ਸਿਆਣਾ
ਦੱਸਣ ਦੀ ਬੱਜਰ ਗਲਤੀ ਕਰ ਰਿਹਾ ਹੋਵੇ ਉਸ ਨਾਲ ਗੁਰੂ ਦੇ ਸਿੱਖ ਕਦੀ ਵੀ ਬੈਠਣ ਨੂੰ ਤਿਆਰ
ਨਹੀਂ ਹੋਣਗੇ। ਇਸੇ ਲਈ ਸਿੱਧੇ ਰੂਪ ਵਿੱਚ ਨਾਂਹ ਕਰਨ ਨਾਲੋਂ ਅਸਿੱਧੇ ਰੂਪ ਵਿੱਚ ਨਾਂਹ
ਕਰਨੀ ਹੀ ਇੱਕ ਹੋਰ ਬੇਈਮਾਨੀ ਹੁੰਦੀ ਹੈ। ਮੈਂ ਭਾਈ ਗੁਰਮੀਤ ਸਿੰਘ ਕਪੂਰਥਲਾ ਤੋਂ ਆਸ ਕਰਦਾ
ਹਾਂ ਕਿ ਜੇ ਉਨ੍ਹਾਂ ਮੁਤਾਬਿਕ ਭਾਈ ਢੱਡਰੀਆਂ ਵਾਲੇ ਸੱਚਮੁਚ ਹੀ ਦਿਲੋਂ ਏਕਤਾ ਲਈ ਤਿਆਰ
ਹਨ ਤਾਂ ਗੁਰੂ ਸਹਿਬਾਨਾਂ ਨੂੰ ਭੁੱਲੜ ਦੱਸ ਕੇ ਆਪਣੇ ਆਪ ਨੂੰ ਗੁਰੂਆਂ ਤੋਂ ਵੀ ਵੱਧ ਸਿਆਣਾ
ਦੱਸਣ ਵਾਲੇ ਹਰਨੇਕ ਸਿੰਘ, ਜਿਸ ਨੂੰ ਆਪਣੀਆਂ ਮਾਵਾਂ, ਭੈਣਾਂ ਅਤੇ ਧੀਆਂ ਸਮਾਨ ਬੀਬੀਆਂ
ਨਾਲ ਬੋਲਣ ਦੀ ਵੀ ਅਕਲ ਨਹੀਂ ਹੈ; ਉਸ ਨਾਲੋਂ ਨਾਤਾ ਤੋੜਨ ਦਾ ਐਲਾਨ ਕਰ ਕੇ ਗੁਰੂ ਗ੍ਰੰਥ
ਸਾਹਿਬ ਜੀ ਅੱਗੇ “ਜੈਸਾ, ਬਾਲਕੁ ਭਾਇ ਸੁਭਾਈ ; ਲਖ ਅਪਰਾਧ ਕਮਾਵੈ ॥ ਕਰਿ ਉਪਦੇਸੁ, ਝਿੜਕੇ
ਬਹੁ ਭਾਤੀ ; ਬਹੁੜਿ, ਪਿਤਾ ਗਲਿ ਲਾਵੈ ॥ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ; ਆਗੈ ਮਾਰਗਿ
ਪਾਵੈ ॥੨॥” (ਮਃ ੫/ ੬੨੪) ਦੀ ਅਰਦਾਸ ਕਰਦਾ ਹੈ ਤਾਂ ਪੰਥਕ ਹਿੱਤਾਂ ਵਿੱਚ ਏਕਤਾ ਦੀ ਗੱਲ
ਦੁਬਾਰਾ ਵੀ ਤੁਰ ਸਕਦੀ ਹੈ, ਨਹੀਂ ਤਾਂ ਹੁਣ ਏਕਤਾ ਮੁਹਿੰਮ ਦਾ ਭੋਗ ਹੀ ਪੈ ਚੁੱਕਾ ਸਮਝਣਾ
ਚਾਹੀਦਾ ਹੈ।