Share on Facebook

Main News Page

ਚਰਨਜੀਤ ਸਿੰਘ ਚੱਢਾ ਨੇ ਅਕਾਲ ਤਖਤ ਦੇ ਆਦੇਸ਼ਾਂ ਦੀ ਉਲੰਘਣਾ ਕਰਕੇ ਕਾਂਗਰਸੀਆਂ ਨੂੰ ਨਾਲ ਲੈ ਕੇ ਕੀਤਾ ਸ਼ਕਤੀ ਪ੍ਰਦਰਸ਼ਨ

- ਆਸਥਾ ਤੇ ਸ਼ਰਧਾ ਦੀ ਆੜ ਹੇਠ ਚੱਢੇ ਨਾਲ ਖੜਣ ਵਾਲੇ ਮਰੀਆ ਜ਼ਮੀਰਾਂ ਵਾਲੇ ਲੋਕ- ਸਿਰਸਾ
- ਅਖੌਤੀ ਜਥੇਦਾਰਾਂ ਕੋਲੋ ਸਿੱਖ ਸੰਗਤਾਂ ਕੋਈ ਭਲਾਈ ਦੀ ਆਸ ਨਾ ਰੱਖਣ, ਸੌਦਾ ਸਾਧ ਵਾਂਗ ਦਿੱਤੀ ਜਾ ਸਕਦੀ ਹੈ ਮੁਆਫੀ

ਅੰਮ੍ਰਿਤਸਰ 14 ਜਨਵਰੀ (ਜਸਬੀਰ ਸਿੰਘ ਪੱਟੀ) ਅਸ਼ਲੀਲ ਵੀਡੀਉ ਨੂੰ ਲੈ ਕੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਘਟਨਾ ਵਾਪਰਨ ਤੋ ਬਾਅਦ ਪਹਿਲੀ ਵਾਰੀ ਚੀਫ ਖਾਲਸਾ ਦੀਵਾਨ ਨਾਲ ਸਬੰਧਿਤ ਸੰਸਥਾ ਯਤੀਮਖਾਨਾ ਵਿਖੇ ਸ਼ਰਧਾ ਦੇ ਨਾਮ ਤੇ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਇਸ ਸਮੇਂ ਉਹਨਾਂ ਦੇ ਨਾਲ ਪਰਿਵਾਰਕ ਮੈਂਬਰਾਂ ਤੇ ਇਲਾਵਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਸ੍ਰ ਧੰਨਰਾਜ ਸਿੰਘ ਸਮੇਤ ਕੁਝ ਮੈਂਬਰ ਤੇ ਹੋਰ ਆਹੁਦੇਦਾਰਾਂ ਨੇ ਚੱਢਾ ਦਾ ਸੁਆਗਤ ਕੀਤਾ। ਇਸ ਸਮੇਂ ਚੱਢਾ ਨਾਲ ਕਾਂਗਰਸੀ ਵਿਧਾਇਕ ਉਮ ਪ੍ਰਕਾਸ਼ ਸੋਨੀ , ਰਾਜ ਕੁਮਾਰ ਵੇਰਕਾ ਤੇ ਸਾਬਕਾ ਸਪੀਕਰ ਵਿਧਾਨ ਸਭਾ ਸ੍ਰੀ ਦਰਬਾਰੀ ਲਾਲ ਵੀ ਨਾਲ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ 26 ਦਸੰਬਰ 2017 ਨੂੰ ਸ਼ੋਸ਼ਲ ਮੀਡੀਏ ਤੇ ਵਾਇਰਲ ਹੋਈ ਅਸ਼ਲੀਲ ਵੀਡੀਉ ਤੋ ਬਾਅਦ ਚੱਢਾ ਪੂਰੀ ਤਰਾ ਸਕਤੇ ਵਿੱਚ ਆ ਗਏ ਸਨ ਤੇ ਅਸ਼ਲੀਲ ਵੀਡੀਉ ਵਿੱਚ ਸ਼ਾਮਲ ਇੱਕ ਕਾਲਜ ਦੀ ਪ੍ਰਿੰਸੀਪਲ ਦੀ ਸ਼ਕਾਇਤ ਤੇ ਪੁਲੀਸ ਨੇ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਚੱਢੇ ਦੇ ਪੁੱਤਰ ਵੱਲੋ ਬਾਪ ਤੇ ਅਸਤੀਫਾ ਦੇਣ ਦਾ ਦਬਾਅ ਪਾਉਣ ਦੇ ਬਾਵਜੂਦ ਵੀ ਚੱਢਾ ਆਪਣੇ ਆਪ ਨੂੰ ਨਿਰਦੋਸ਼ ਦੱਸਦੇ ਰਹੇ। ਅਸਤੀਫਾ ਦੇਣ ਦੀ ਸੂਰਤ ਵਿੱਚ ਚੱਢਾ ਦੇ ਵੱਡੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਨੇ ਖੁਦਕਸ਼ੀ ਕਰ ਲਈ ਜਿਸ ਨੂੰ ਲੈ ਕੇ ਖੁਦਕਸ਼ੀ ਨੋਟ ਦੀ ਬਜਾਏ ਚੱਢੇ ਨੇ ਆਪਣੇ ਵਿਰੋਧੀਆ ਦੇ ਖਿਲਾਫ ਪਰਚਾ ਦਰਜ ਕਰਵਾ ਦਿੱਤਾ ਜਿਸ ਦੀ ਤਫਤੀਸ਼ ਹਾਲੇ ਜਾਰੀ ਹੈ।

ਚੱਢਾ ਨੇ ਅੱਜ ਕਰੀਬ ਦੋ ਹਫਤਿਆ ਦੀ ਜਲਾਵਰਨੀ ਤੋਂ ਇੱਕ ਵਾਰੀ ਫਿਰ ਸ਼ਰਧਾ ਤੇ ਆਸਥਾ ਦੀ ਆੜ ਹੇਠ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਤੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਦੀ ਹੈਸੀਅਤ ਵਿੱਚ ਦੀਵਾਨ ਦੇ ਪ੍ਰਬੰਧ ਹੇਠ ਚੱਲਦੇ ਸੈਂਟਰਲ ਯਤੀਮਖਾਨੇ ਵਿਖੇ ਪਹੁੰਚ ਸ੍ਰੀ ਅਕਾਲ ਤਖਤ ਸਾਹਿਬ ਤੋ ਜਾਰੀ ਹੁਕਮਾਂ ਦੀ ਉਲੰਘਣਾ ਕੀਤੀ। ਜਾਣਕਾਰੀ ਮੁਤਾਬਕ ਹੀ ਦੀਵਾਨ ਦੇ ਮੈਂਬਰ ਕੁਲਜੀਤ ਸਿੰਘ ਸਾਹਨੀ ਜੋ ਕਿ ਚੱਢੇ ਦਾ ਨਜਦੀਕੀ ਰਿਸ਼ਤੇਦਾਰ ਹੈ ਵੱਲੋ ਦੀਵਾਨ ਦੇ ਬਹੁਤ ਸਾਰੇ ਮੈਂਬਰਾਂ ਨੂੰ ਫੋਨ ਕੀਤੇ ਗਏ ਕਿ ਯਤੀਮਖਾਨੇ ਦੇ ਬੱਚਿਆ ਲਈ ਵਿਸ਼ੇਸ਼ ਲੰਗਰ ਲੈ ਕੇ ਪਰਿਵਾਰ ਸਮੇਤ ਪ੍ਰਧਾਨ ਸ੍ਰ ਚਰਨਜੀਤ ਸਿੰਘ ਚੱਢਾ ਪਹੁੰਚ ਰਹੇ ਹਨ ਤੇ ਸਾਰੇ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਸਮੇਂ ਸਿਰ ਯਤੀਮਖਾਨੇ ਵਿਖੇ ਪੁੱਜਣ।

ਚੱਢਾ ਸਾਹਿਬ ਦਾ ਸਵਾਗਤ ਕਰਨ ਤੇ ਉਹਨਾਂ ਦਾ ਇਸਤਇਕਬਾਲ ਕਰਨ ਲਈ ਭਾਂਵੇ ਚੱਢੇ ਦੇ ਮੁਤਬੰਨੇ ਜਸਵਿੰਦਰ ਸਿੰਘ ਐਡਵੋਕੇਟ ਦਾ ਧੜਾ ਸ਼ਾਮਲ ਨਹੀ ਹੋਇਆ ਪਰ ਉਹਨਾਂ ਸਾਰੇ ਮੈਂਬਰਾਂ ਨੇ ਚੱਢੇ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਜਿਹਨਾਂ ਨੇ ਚੀਫ ਖਾਲਸਾ ਦੀਵਾਨ ਦੀ ਪ੍ਰਬੰਧਕੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਚੱਢੇ ਵੱਲੋ ਕੀਤੀ ਗਈ ਹਰਕਤ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਚੱਢੇ ਨੂੰ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਤੋ ਬਰਖਾਸਤ ਕਰਨ ਦਾ ਮਤਾ ਪਾਸ ਕਰਕੇ ਕਾਰਜਸਾਧਕ ਕਮੇਟੀ ਨੂੰ ਭੇਜਿਆ ਸੀ । ਕਾਰਜਸਾਧਕ ਕਮੇਟੀ ਦੀ ਮੀਟਿੰਗ 10 ਜਨਵਰੀ ਨੂੰ ਹੋਣੀ ਸੀ ਪਰ ਚੱਢੇ ਦੇ ਸਪੁੱਤਰ ਤੇ ਦੀਵਾਨ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਢਾ ਦੀ ਬੇਵਕਤੀ ਮੌਤ ਕਾਰਨ ਮੀਟਿੰਗ ਮੁਲਤਵੀ ਕਰ ਦਿੱਤੀ ਸੀ ਜਿਹੜੀ ਹੁਣ ਛੇ ਫਰਵਰੀ ਨੂੰ ਰੱਖੀ ਗਈ ਹੈ।

ਸ੍ਰੀ ਅਕਾਲ ਤਖਤ ਸਾਹਿਬ ਤੇ ਵੱਖ ਵੱਖ ਜਥੇਬੰਦੀਆ ਦੇ ਨੁੰਮਾਇਦਿਆ ਵੱਲੋ ਜਿਹਨਾਂ ਵਿੱਚ ਚੱਢੇ ਦੇ ਮੁਤਬੰਨੇ ਜਸਵਿੰਦਰ ਸਿੰਘ ਨੇ 23 ਦੇ ਕਰੀਬ ਮੈਂਬਰਾਂ ਦੇ ਦਸਤਖਤ ਕਰਵਾ ਇੱਕ ਪੱਤਰ ਦਿੱਤਾ ਕਿ ਚੱਢੇ ਨੂੰ ਲੰਗਾਹ ਵਾਂਗ ਬਿਨਾਂ ਕਿਸੇ ਦੇਰੀ ਤੋ ਪੰਥ ਵਿੱਚੋ ਛੇਕਿਆ ਜਾਵੇ ਤੇ ਚੀਫ ਖਾਲਸਾ ਦੀਵਾਨ ਦੇ ਸਾਰੇ ਆਹੁਦਿਆ ਤੇ ਮੁੱਢਲੀ ਮੈਬਰਸ਼ਿਪ ਤੋ ਬਰਖਾਸਤ ਕਰਨ ਲਈ ਦੀਵਾਨ ਦੀ ਪ੍ਰਬੰਧਕੀ ਕਮੇਟੀ ਨੂੰ ਤੁਰੰਤ ਆਦੇਸ਼ ਦਿੱਤੇ ਜਾਣ ਪਰ ਜਥੇਦਾਰ ਅਕਾਲ ਤਖਤ ਸਾਹਿਬ ਨੇ ਚੱਢੇ ਦੀਆ ਸਾਰੀਆ ਧਾਰਮਿਕ, ਸਮਾਜਿਕ ਤੇ ਸਿਆਸੀ ਸਰਗਰਮੀਆ ਤੇ ਰੋਕ ਲਗਾਉਦਿਆ ਕਿਹਾ ਕਿ ਉਹ ਦੀਵਾਨ ਦੀ ਕਿਸੇ ਵੀ ਸੰਸਥਾ ਦੇ ਪ੍ਰਬੰਧ ਵਿੱਚ ਦਖਲਅੰਦਾਜੀ ਨਹੀ ਕਰਨਗੇ ਤੇ 23 ਜਨਵਰੀ ਨੂੰ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਸਪੱਸ਼ਟੀਕਰਨ ਦੇਣ ਲਈ ਚੱਢੇ ਨੂੰ ਬੁਲਾਇਆ ਗਿਆ।

ਯਤੀਮਖਾਨੇ ਦੇ ਮੈਂਬਰ ਇੰਚਾਰਜ ਤੇ ਲੰਮਾਂ ਸਮਾਂ ਦੀਵਾਨ ਦੇ ਪ੍ਰਧਾਨ ਰਹੇ ਮਰਹੂਮ ਸਾਥੀ ਕਿਰਪਾਲ ਸਿੰਘ ਦੇ ਸਪੁੱਤਰ ਸ੍ਰ ਸਰਬਜੀਤ ਸਿੰਘ ਨੇ ਦੱਸਿਆ ਕਿ ਸ੍ਰ ਚੱਢਾ ਅੱਜ ਆਪਣੇ ਬੇਟੇ ਦੀ ਆਤਮਿਕ ਸ਼ਾਤੀ ਲਈ ਯਤੀਮਖਾਨੇ ਦੇ ਗੁਰਦੁਆਰਾ ਵਿਖੇ ਅਰਦਾਸ ਕਰਵਾਉਣ ਤੇ ਬੱਚਿਆ ਲਈ ਲੰਗਰ ਲੈ ਕੇ ਪਰਿਵਾਰ ਸਮੇਤ ਆਏ ਸਨ। ਉਹਨਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀ ਕਿ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਸ੍ਰ ਧੰਨਰਾਜ ਸਿੰਘ ਸਮੇਤ ਆਹੁਦੇਦਾਰ ਤੇ ਕਰੀਬ ਦੋ ਦਰਜਨ ਤੋ ਵਧੇਰੇ ਮੈਂਬਰ ਵੀ ਉਹਨਾਂ ਦੇ ਨਾਲ ਸਨ । ਕਾਂਗਰਸੀ ਆਗੂ ਤੇ ਵਿਧਾਇਕ ਉਮ ਪ੍ਰਕਾਸ਼ ਸੋਨੀ ਤੇ ਡਾ ਰਾਜ ਕੁਮਾਰ ਵੇਰਕਾ ਤੋ ਇਲਾਵਾ ਪ੍ਰੋ ਦਰਬਾਰੀ ਲਾਲ ਵੀ ਨਾਲ ਸਨ। ਜਦੋ ਉਹਨਾਂ ਨੂੰ ਪੁੱਛਿਆ ਕਿ ਕੀ ਉਹ ਲੰਗਰ ਲੈ ਕੇ ਸ਼ਰਧਾ ਤੇ ਆਸਥਾ ਨਾਲ ਆਏ ਸਨ ਜਾਂ ਫਿਰ ਸ਼ਕਤੀ ਪ੍ਰਦਰਸ਼ਨ ਕਰਨ ਆਏ ਸਨ? ਉਹਨਾਂ ਕੋਈ ਵੀ ਟਿੱਪਣੀ ਕਰਨ ਤੋ ਇਨਕਾਰ ਕਰਦਿਆ ਫੋਨ ਬੰਦ ਕਰਦਿਆ ਕਿਹਾ ਕਿ ਇਸ ਬਾਰੇ ਤਾਂ ਚੱਢਾ ਸਾਹਿਬ ਜਾਂ ਦੀਵਾਨ ਦੇ ਆਹੁਦੇਦਾਰ ਹੀ ਬੇਹਤਰ ਦੱਸ ਸਕਦੇ ਹਨ।

ਸ੍ਰੀ ਅਕਾਲ ਤਖਤ ਸਾਹਿਬ ਤੋ ਭਾਂਵੇ ਚੱਢਾ ਤੇ ਹਰ ਪ੍ਰਕਾਰ ਦੀਆ ਗਤੀਵਿਧੀਆ 'ਤੇ ਰੋਕ ਲੱਗੀ ਹੋਈ ਹੈ ਪਰ ਸ੍ਰ ਚੱਢੇ ਨੇ ਸ਼ਕਤੀ ਪ੍ਰਦਰਸ਼ਨ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਅੰਗੂਠਾ ਵਿਖਾਇਆ ਹੈ ਜਿਸ ਨੂੰ ਲੈ ਕੇ ਸੰਗਤਾਂ ਵਿੱਚ ਕਾਫੀ ਬੈਚੋਨੀ ਪਾਈ ਜਾ ਰਹੀ ਹੈ। ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਚੱਢਾ ਸਿੱਖ ਕੌਮ ਦਾ ਦੋਸ਼ੀ ਹੈ ਤੇ ਅਖੌਤੀ ਜਥੇਦਾਰਾਂ ਕੋਲੋ ਸਿੱਖ ਪੰਥ ਨੂੰ ਕੋਈ ਇਨਸਾਫ ਦੀ ਆਸ ਨਹੀ ਰੱਖਣੀ ਚਾਹੀਦੀ ਕਿਉਕਿ ਉਹਨਾਂ ਵੱਲੋ ਸੌਦਾ ਸਾਧ ਵਾਂਗ ਚੱਢੇ ਨੂੰ ਮੁਆਫੀ ਦੇਣ ਦਾ ਘਿਨਾਉਣਾ ਜੁਰਮ ਕਰ ਜਾਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਉਹ ਚੱਢੇ ਨੂੰ ਕਿਸੇ ਵੀ ਸੂਰਤ ਵਿੱਚ ਦੀਵਾਨ ਵਿੱਚ ਬਰਦਾਸ਼ਤ ਨਹੀ ਕਰਨਗੇ ਤੇ 6 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਸਮੇਂ ਉਹ ਆਪਣੇ ਸੈਕੜੇ ਸਾਥੀਆ ਸਮੇਤ ਦੀਵਾਨ ਦੇ ਦਫਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਕਾਲੀਆ ਝੰਡੀਆ ਤੇ ਚੱਢਾ ਮੁਰਦਾਬਾਦ ਦੇ ਨਾਅਰਿਆ ਵਾਲੀਆ ਤਖਤੀਆ ਲੈ ਕੇ ਪੁੱਜਣਗੇ ਅਤੇ ਜਿਸ ਵੀ ਮੈਂਬਰ ਨੇ ਚੱਢਾ ਦੀ ਕਾਲੀ ਕਰਤੂਤ ਦੀ ਹਮਾਇਤ ਕੀਤੀ ਉਸ ਨਾਲ ਵੀ ਸਖਤੀ ਨਾਲ ਪੇਸ਼ ਆਇਆ ਜਾਵੇਗਾ। ਉਹਨਾਂ ਕਿਹਾ ਕਿ ਚੱਢੇ ਦਾ ਸੁਆਗਤ ਕਰਨ ਵਾਲੇ ਮਰੀਆ ਜ਼ਮੀਰਾਂ ਵਾਲੇ ਲੋਕ ਹਨ ਜਿਹਨਾਂ ਨੇ ਅੱਜ ਉਸ ਦਾ ਸੁਆਗਤ ਕਰਕੇ ਸਪੱਸ਼ਟ ਕਰ ਦਿੱਤਾ ਹੈ ਕਿ ਉਹਨਾਂ ਲਈ ਸੰਸਥਾ ਨਹੀ ਸਗੋ ਚੱਢਾ ਮਹੱਤਵਪੂਰਣ ਹੈ ਜੋ ਮੰਦਭਾਗਾ ਹੈ ਕਿਉਕਿ ਉਹ ਕੁਰਸੀਆ ਤੇ ਅੱਜ ਚੱਢੇ ਕਰਕੇ ਨਹੀ ਸੰਸਥਾ ਕਰਕੇ ਹਨ ਤੇ ਸੰਸਥਾ ਦੇ ਸਰਪ੍ਰਸਤ ਹੋਣ ਦੇ ਨਾਤੇ ਉਹਨਾਂ ਨੂੰ ਚੱਢੇ ਦਾ ਮੁਕੰਮਲ ਰੂਪ ਵਿੱਚ ਬਾਈਕਾਟ ਕਰਨਾ ਚਾਹੀਦਾ ਹੈ ਪਰ ਲੱਗਦਾ ਹੈ ਸਾਰੇ ਹੀ ਹਮਾਮ ਵਿੱਚ ਨੰਗੇ ਹਨ। ਉਹਨਾਂ ਕਿਹਾ ਕਿ ਚੱਢੇ ਦੇ ਪੁੱਤਰ ਦੀ ਬੇਵਕਤੀ ਮੌਤ ਤੇ ਉਹਨਾਂ ਨੂੰ ਅਫਸੋਸ ਹੈ ਕਿਉਕਿ ਇੱਕ ਪਿਉ ਦੇ ਮੋਢਿਆ ਤੇ ਪੁੱਤਰ ਦੀ ਲਾਸ਼ ਚੁੱਕਣਾ ਬਹੁਤ ਔਖਾ ਹੈ।

ਚੱਢੇ ਦੀ ਚੁੰਗਲ ਵਿੱਚੋ ਦੀਵਾਨ ਨੂੰ ਬਚਾਇਆ ਜਾਣਾ ਬਹੁਤ ਜਰੂਰੀ - ਅਣਖੀ

ਅੰਮ੍ਰਿਤਸਰ 14 ਜਨਵਰੀ (ਜਸਬੀਰ ਸਿੰਘ ਪੱਟੀ) ਚੀਫ ਖਾਲਸਾ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਸ੍ਰ ਭਾਗ ਸਿੰਘ ਅਣਖੀ ਨੇ ਵੀ ਚੱਢੇ ਵੱਲੋ ਯਤੀਮਖਾਨਾ ਵਿਖੇ ਸ਼ਕਤੀ ਪ੍ਰਦਰਸ਼ਨ ਕਰਨ ਦਾ ਗੰਭੀਰ ਨੋਟਿਸ ਲੈਦਿਆ ਕਿਹਾ ਕਿ ਚੱਢੇ ਨੇ ਇੱਕ ਵਾਰੀ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦਿਆ ਯਤੀਮਖਾਨੇ ਵਿਖੇ ਪਹੁੰਚ ਇੱਕ ਹੋਰ ਬੱਜਰ ਗਲਤੀ ਕੀਤੀ ਹੈ ਜਿਸ ਨੂੰ ਸਿੱਖ ਪੰਥ ਬਰਦਾਸ਼ਤ ਨਹੀ ਕਰੇਗਾ।

ਸ਼ੋਸ਼ਲ ਮੀਡੀਏ ਤੇ ਪਾਈ ਇੱਕ ਵੀਡੀਉ ਰਾਹੀ ਸ੍ਰ ਭਾਗ ਸਿੰਘ ਅਣਖੀ ਨੇ ਕਿਹਾ ਕਿ ਚਰਨਜੀਤ ਸਿੰਘ ਚੱਢਾ ਦੀ ਅਸ਼ਲੀਲ ਵੀਡੀਉ ਦੇ ਬਾਹਰ ਆਉਣ ਨਾਲ ਪੰਥ ਪੂਰੀ ਤਰ੍ਵਾ ਸਕਤੇ ਵਿੱਚ ਹੈ ਤੇ ਚੱਢੇ ਨੇ ਇੱਕ ਵਾਰੀ ਫਿਰ ਪੰਥਕ ਕਦਰਾਂ ਕੀਮਤਾਂ ਦੀ ਉਲੰਘਣਾ ਕਰਦਿਆ ਯਤੀਮਖਾਨੇ ਵਿੱਚ ਬੱਚਿਆ ਨੂੰ ਲੰਗਰ ਵੰਡਣ ਦੇ ਨਾਮ ਤੇ ਸ਼ਕਤੀ ਪ੍ਰਦਰਸ਼ਨ ਕੀਤਾ ਜਿਸ ਵਿੱਚ ਦੀਵਾਨ ਦੇ ਮੈਂਬਰਾਂ ਤੇ ਕਈ ਸਿਆਸੀ ਆਗੂਆਂ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਕਿਹਾ ਕਿ ਬੱਚਿਆ ਨੂੰ ਲੰਗਰ ਤਾਂ ਭਾਂਵੇ ਪੰਗਤ ਵਿੱਚ ਬੈਠਾ ਕੇ ਛਕਾਇਆ ਗਿਆ ਪਰ ਚੱਢਾ ਤੇ ਉਸ ਦੇ ਪਰਿਵਾਰ ਲਈ ਵਿਸ਼ੇਸ਼ ਤੌਰ 'ਤੇ ਮੇਜ਼ ਕੁਰਸੀਆ ਲਗਾ ਕੇ ਸਪੈਸ਼ਲ ਪਲੇਟਾਂ ਤੇ ਖਾਣੇ ਦਾ ਬੰਦੋਬਸਤ ਕੀਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਦੀ ਚੱਢੇ ਨਾਲ ਕੋਈ ਸਿਆਸੀ, ਜਾਤੀ ਜਾਂ ਇਖਲਾਕੀ ਲੜਾਈ ਨਹੀ ਹੈ ਪਰ ਉਹ ਤਾਂ ਦੀਵਾਨ ਦੀ ਸਲਾਮਤੀ ਚਾਹੁੰਦੇ ਹਨ ਜਿਸ ਦੀਵਾਨ ਦੀ ਇਮਾਰਤ ਨੂੰ ਉਹਨਾਂ ਨੇ ਆਪ ਇੱਟਾਂ ਲਗਾਈਆ ਹਨ। ਉਹਨਾਂ ਕਿਹਾ ਕਿ ਸਮੂਹ ਸਾਧ ਸੰਗਤ ਨੂੰ ਅਪੀਲ ਹੈ ਕਿ ਉਹ ਚੱਢੇ ਦਾ ਸਾਮਰਾਜ ਖਤਮ ਕਰਕੇ ਧੀਆਂ ਭੈਣਾਂ ਦੀਆ ਇੱਜ਼ਤਾਂ ਨੂੰ ਸੁਰੱਖਿਅਤ ਕਰਨਾ ਯਕੀਨੀ ਬਣਾਉਣ ਤੇ ਤਖਤਾਂ ਦੇ ਜਥੇਦਾਰ ਵੀ ਤੁਰੰਤ ਕਾਰਵਾਈ ਕਰਕੇ ਚੱਢੇ ਦੇ ਖਿਲਾਫ ਵੀ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵਾਂਗ ਹੀ ਮਰਿਆਦਾ ਅਨੁਸਾਰ ਕਾਰਵਾਈ ਕਰਕੇ ਦੀਵਾਨ ਨੂੰ ਚੱਢੇ ਦੀਆ ਨਾਦਰਸ਼ਾਹੀਆ ਤੋਂ ਬਚਾਉਣ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top