Share on Facebook

Main News Page

ਅਕਾਲੀ ਦਲ ਦੇ ਅਕਾਲ ਚਲਾਣੇ ਤੋਂ ਇੱਕੀ ਸਾਲ ਬਾਅਦ ‘ਕਾਲੀ ਦਲ’ ਵੱਲੋਂ ਮਨਾਇਆ ਜਨਮ ਦਿਹਾੜਾ ਬਣਿਆ ਚਰਚਾ ਦਾ ਵਿਸ਼ਾ
-: ਜਸਬੀਰ ਸਿੰਘ ਪੱਟੀ
93560 24684

ਸ਼੍ਰੋਮਣੀ ਅਕਾਲੀ ਦਲ ਦੇ 1996 ਵਿੱਚ ਹੋਏ ਮੋਗਾ ਸਮਾਗਮ ਵਿੱਚ ਅਕਾਲੀ ਦਲ ਦੇ ਅਕਾਲ ਚਲਾਏ ਤੋ ਬਾਅਦ ਕਰੀਬ 21 ਸਾਲਾਂ ਪਿੱਛੇ ਪਹਿਲੀ ਵਾਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 14 ਦਸੰਬਰ 2017 ਨੂੰ ਅਕਾਲੀ ਦਲ ਦਾ ਜਨਮ ਦਿਨ ਮਨਾ ਕੇ ਜਿਥੇ ਪੰਥਕ ਹਲਕਿਆ ਵਿੱਚ ਇੱਕ ਨਵੀ ਚਰਚਾ ਛੇੜ ਦਿੱਤੀ ਹੈ ਉਥੇ ਸਿਆਸੀ ਪੰਡਤਾਂ ਦਾ ਤਰਕ ਹੈ ਕਿ ਬਾਦਲ ਦਲ ਨੂੰ ਲੱਗ ਖੋਰੇ ਤੋ ਬਚਾਉਣ ਲਈ ਇਹ ਆਖਰੀ ਹਮਲਾ ਮਾਰਿਆ ਗਿਆ, ਪਰ ਗਿਣਤੀ ਪੱਖੋ ਘੱਟ ਰਹੇ ਇਸ ਸਮਾਗਮ ਨੇ ਅਕਾਲੀ ਦਲ ਦੇ ਇੱਕ ਵਾਰੀ ਨਿਰਾਸ਼ਾ ਹੀ ਪੱਲੇ ਪਾਈ ਤੇ ਸਮਾਗਮ ਵਿੱਚੋ ਪੰਥ ਦਾ ਹਰਿਆਵਲ ਦਸਤਾ ਵੀ ਪੂਰੀ ਨਦਾਰਦ ਰਿਹਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਗੋਬਿੰਦ ਸਿੰਘ ਲੌਗੋਵਾਲ ਨੇ ਗੁਰਦੁਆਰਾ ਮੰਜੀ ਸਾਹਿਬ ਹਾਲ ਵਿਖੇ ਜਿਥੇ ਸਿਰਫ ਧਰਮ ਪ੍ਰਚਾਰ ਦੇ ਸਮਾਗਮ ਹੀ ਕੀਤੇ ਜਾ ਸਕਦੇ ਹਨ ਵਿਖੇ ਅਕਾਲੀ ਦਲ ਨੂੰ ਸਿਆਸੀ ਕਾਨਫਰੰਸ ਦੀ ਇਜਾਜਤ ਦੇ ਕੇ ਬੱਜਰ ਗਲਤੀ ਕੀਤੀ ਹੈ।

ਦੂਸਰੀ ਬੱਜਰ ਗਲਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਵਿਸ਼ੇਸ਼ ਵਿਅਕਤੀ ਦੇ ‘ਜਿੰਦਾਬਾਦ’ ਦੇ ਨਾਅਰੇ ਲਗਾ ਕੇ ਗੁਰ ਸਾਹਿਬ ਦੀ ਤੌਹੀਨ ਕੀਤੀ ਗਈ, ਪਰ ਮੌਕੇ ਤੇ ਮੌਜੂਦ ਨਾ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਨਾ ਹੀ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਸਗੋਂ ਮੂਕ ਦਰਸ਼ਕ ਬਣ ਕੇ ਸਭ ਕੁਝ ਵੇਖਦੇ ਰਹੇ ਤੇ ਚੁੱਪ ਚਾਪ ਬਰਦਾਸ਼ਤ ਕਰਦੇ ਰਹੇ। ਗੁਰੂ ਸਾਹਿਬ ਦੀ ਹਜੂਰੀ ਵਿੱਚ ਸਿਰਫ ‘ਪੰਥ ਕੀ ਜੀਤ’ ਤੇ ‘ਰਾਜ ਕਰੇਗਾ ਖਾਲਸਾ’ ਵਰਗੇ ਕੌਮੀ ਨਾਅਰੇ ਤਾਂ ਲੱਗ ਸਕਦੇ ਹਨ ਪਰ ਕਿਸੇ ਵਿਸ਼ੇਸ਼ ਵਿਅਕਤੀ ਦੇ ਨਹੀਂ।

ਗੁਰਦੁਆਰਾ ਮੰਜੀ ਸਾਹਿਬ ਹਾਲ ਵਿਖੇ ਬਹੁਤ ਪਹਿਲਾਂ ਸਿਆਸੀ ਕਾਨਫਰੰਸਾ ਹੁੰਦੀਆ ਰਹੀਆ ਸਨ, ਪਰ ਜਦੋ ਤੋ ਚੋਣ ਕਮਿਸ਼ਨ ਕੋਲ ਧਰਮ ਨਿਰਪੱਖ ਹੋਣ ਦਾ ਸੰਵਿਧਾਨ ਅਕਾਲੀ ਦਲ ਨੇ ਦਿੱਤਾ ਹੈ ਉਸ ਤੋਂ ਬਾਅਦ ਕਦੇ ਵੀ ਕੋਈ ਸਿਆਸੀ ਕਾਨਫਰੰਸ ਧਾਰਮਿਕ ਅਸਥਾਨ ਤੇ ਨਹੀਂ ਹੋਈ। ਚੋਣ ਕਮਿਸ਼ਨ ਦੀਆ ਸਖਤ ਹਦਾਇਤਾਂ ਹਨ ਕਿ ਰਾਜਸੀ ਕਾਨਫੰਰਸ ਵਿੱਚ ਕੋਈ ਵੀ ਪਾਰਟੀ ਕੋਈ ਵੀ ਧਾਰਮਿਕ ਨਾਅਰਾ ਨਹੀਂ ਲਗਾ ਸਕਦੀ ਪਰ ਅਕਾਲੀ ਦਲ ਨੇ ਧਾਰਮਿਕ ਅਸਥਾਨ ਤੇ ਸਿਆਸੀ ਕਾਨਫਰੰਸ ਕਰਕੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਵੀ ਉਲੰਘਣਾ ਕੀਤੀ ਹੈ, ਜਦ ਕਿ ਸ਼ੋਸ਼ਲਿਸ਼ਟ ਪਾਰਟੀ ਦੇ ਆਗੂ ਬਲਵੰਤ ਸਿੰਘ ਖੇੜਾ ਤਾਂ ਅਕਾਲੀ ਦਲ ਦੇ ਦੋ ਸੰਵਿਧਾਨ ਹੋਣ ਦਾ ਮਾਮਲਾ ਲੈ ਕੇ ਪਹਿਲਾਂ ਹੀ ਅਦਾਲਤ ਵਿੱਚ ਗਏ ਹੋਏ ਹਨ ਅਤੇ ਅਕਾਲੀ ਦਲ ਬਾਦਲ ਪਹਿਲਾਂ ਹੀ ਅਦਾਲਤੀ ਘੇਰੇ ਵਿੱਚ ਹੈ।

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਖੁਰ ਰਹੇ ਅਧਾਰ ਨੂੰ ਮੁੜ ਪੱਟੜੀ ‘ਤੇ ਲਿਆਉਣ ਦਾ ਇੱਕ ਆਖਰੀ ਉਪਰਾਲਾ ਕੀਤਾ ਜਿਸ ਨੂੰ ਸਫਲਤਾ ਨਹੀਂ ਮਿਲੀ ਕਿਉਕਿ ਬੀਤੇ ਦਿਨੀ ਅਕਾਲੀ ਦਲ ਵੱਲੋਂ ਲੋਕਲ ਬਾਡੀ ਚੋਣਾਂ ਵਿੱਚ ਕਾਂਗਰਸ ਸਰਕਾਰ ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਦਿਆ ਪੰਜਾਬ ਵਿੱਚ ਸਾਰੇ ਪੁੱਲਾਂ ਨੂੰ ਬੰਦ ਕਰਕੇ ਜਿਸ ਤਰੀਕੇ ਨਾਲ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ, ਵਪਾਰੀਆ ਨੂੰ ਆਪਣੇ ਕੰਮਾਂ ਕਾਰਾ ਤੇ ਜਾਣ ਤੋ ਰੋਕਣ ਤੋ ਇਲਾਵਾ ਭਾਰਤੀ ਫੌਜ ਲਈ ਆ ਰਿਹਾ ਸਾਜੋ ਸਮਾਨ ਵੀ ਰੋਕੀ ਰੱਖਿਆ ਉਸ ਨੂੰ ਲੈ ਕੇ ਲੋਕਾਂ ਵਿੱਚ ਅਕਾਲੀ ਦਲ ਪ੍ਰਤੀ ਹੋਰ ਵੀ ਰੋਸ ਪੈਦਾ ਹੋ ਗਿਆ ਜਿਸ ਕਾਰਨ ਅਕਾਲੀ ਦਲ ਨੂੰ ਸਿਰਫ ਧਰਨਾ ਹੀ ਨਹੀਂ ਚੁੱਕਣਾ ਪਿਆ ਸੀ, ਸਗੋਂ ਨਮੋਸ਼ੀ ਦਾ ਵੀ ਸਾਹਮਣਾ ਕਰਨਾ ਪਿਆ ਸੀ। ਧਰਨੇ ਨੂੰ ਲੈ ਕੇ ਹਾਈਕੋਰਟ ਨੇ ਵੀ ਕੈਪਟਨ ਸਰਕਾਰ ਨੂੰ ਝਾੜ ਪਾਈ ਸੀ ਕਿ ਉਹ ਮੂਕ ਦਰਸ਼ਕ ਬਣ ਤੇ ਬੈਠੇ ਸਗੋਂ ਰਸਤੇ ਖਾਲੀ ਕਰਵਾਏ। ਅਕਾਲੀ ਦਲ ਵੱਲੋਂ ਕੀਤੇ ਗਏ ਸਮਾਗਮ ਬਾਰੇ ਕੁਝ ਆਗੂਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸੰਗਤ ਲਿਆਉਣ ਦੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਈ ਹਦਾਇਤਾਂ ਨਹੀਂ ਕੀਤੀਆ ਸਨ ਪਰ ਅਕਾਲੀ ਦਲ ਦੇ ਇੱਕ ਸਾਬਕਾ ਆਗੂ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਨੇ ਦੱਸਿਆ ਕਿ ਅਕਾਲੀ ਆਗੂ ਝੂਠ ਬੋਲ ਰਹੇ ਹਨ ਕਿਉਕਿ ਭਾਂਵੇ ਉਹਨਾਂ ਨੇ ਦੋ ਸਾਲ ਪਹਿਲਾਂ ਅਕਾਲੀ ਦਲ ਛੱਡ ਦਿੱਤਾ ਸੀ ਪਰ ਸੁਖਬੀਰ ਸਿੰਘ ਬਾਦਲ ਦੇ ਫੋਨ ਤੇ ਉਹਨਾਂ ਨੂੰ ਵੀ ਇੱਕ ਮੋਬਾਇਲ ਫੋਨ ਕੇ ਸੁਨੇਹਾ ਆਇਆ ਸੀ ਕਿ ਸੰਗਤਾਂ ਸਮੇਂਤ 14 ਦਸੰਬਰ ਨੂੰ ਅਕਾਲੀ ਦਲ ਦ 97ਵੇ. ਜਨਮ ਦਿਨ ਦੇ ਮਨਾਏ ਜਾ ਰਹੇ ਸਮਾਗਮ ਵਿੱਚ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ।

ਸੁਖਬੀਰ ਸਿੰਘ ਬਾਦਲ ਨੇ ਆਪਣੇ ਭਾਸ਼ਨ ਵਿੱਚ ਪੰਥ ਪੰਥ ਕੂਕ ਕੂਕ ਕੇ ਆਪਣੀ ਹਾਜਰੀ ਲਵਾਉਦਿਆ ਕਾਂਗਰਸ ਨੂੰ ਪਾਣੀ ਪੀ ਪੀ ਕੇ ਕੋਸਦਿਆ ਕਿਹਾ ਕਿ ਪੰਜਾਬ ਦੀਆ ਹੱਕੀ ਮੰਗਾਂ ਲਈ ਸੰਘਰਸ਼ ਜਾਰੀ ਰਹੇਗਾ ਅਤੇ ਕਾਂਗਰਸ ਨੇ ਪੰਜਾਬੀ ਸੂਬੇ ਦੇ ਦੌਰਾਨ ਧੱਕਾ ਕੀਤਾ। ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ ਚੰਡੀਗੜ ਤੇ ਪੰਜਾਬ ਦੀ ਜੀਵਨ ਲਾਈਨ ਪਾਣੀ ਖੋਹ ਲਏ ਗਏ ਜਿਹਨਾਂ ਨੂੰ ਲੈ ਕੇ ਅਕਾਲੀ ਦਲ ਸੰਘਰਸ਼ ਕਰਦਾ ਆ ਰਿਹਾ ਹੈ ਅਤੇ ਸੰਘਰਸ਼ ਜਾਰੀ ਰਹੇਗਾ ਪਰ ਜਿਸ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿੱਚ ਬੈਠ ਕੇ ਸੁਖਬੀਰ ਬਾਦਲ ਵੱਲੋਂ ਜੋਰ ਨਾਲ ਪੰਥ ਤੇ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ ਉਸ ਗੁਰੂ ਦੀ ਅਕਾਲੀ ਸਰਕਾਰ ਸਮੇਂ ਹੋਈ ਬੇਅਦਬੀ ਦੀ ਬਾਤ ਕਿਸੇ ਵੀ ਬੁਲਾਰੇ ਨੇ ਪਾਉਣ ਦੀ ਖੇਚਲ ਨਹੀਂ ਕੀਤੀ। ਵੈਸੇ ਤਾਂ ਸਾਰੇ ਸਿਆਸਤਦਾਨ ਹੀ ਝੂਠ ਬੋਲਦੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਝੂਠ ਬੋਲਣਾ ਬੱਜਰ ਪਾਪ ਮੰਨਿਆ ਜਾਂਦਾ ਹੈ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਦੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਬਾਦਲ ਉਹਨਾਂ ਦੇ ਪਰਿਵਾਰ ਦੀ ਜਗੀਰ ਨਹੀਂ ਹੈ ਜਿਹੜਾ ਝੂਠ ਕੰਧ ਤੇ ਲਿਖਿਆ ਪੜਿਆ ਜਾ ਸਕਦਾ ਹੈ। ਆਪ ਪ੍ਰਧਾਨ, ਪਿਉ ਸਰਪ੍ਰਸਤ, ਭਵੱਈਆ ਸੀਨੀਅਰ ਮੀਤ ਪ੍ਰਧਾਨ, ਸਾਲਾ ਜਨਰਲ ਸਕੱਤਰ ਹਨ। ਅਕਾਲੀ ਸਰਕਾਰ ਸਮੇਂ ਪਿਉ ਮੁੱਖ ਮੰਤਰੀ, ਆਪ ਡਿਪਟੀ ਮੁੱਖ ਮੰਤਰੀ, ਭਵੱਈਆ ਮੰਤਰੀ, ਸਾਲਾ ਮੰਤਰੀ , ਭੈਣ ਕੇਂਦਰ ਸਰਕਾਰ ਸਾਰੇ ਟਕਸਾਲੀ ਅਕਾਲੀ ਸੰਸਦਾਂ ਨੂੰ ਪਿੱਛੇ ਛੱਡ ਕੇ ਕੈਬਨਿਟ ਮੰਤਰੀ । ਇਸ ਤੋ ਇਲਾਵਾ ਅਕਾਲੀ ਦਲ ਬਾਦਲ ਦਲ ਦੀ ਜਗੀਰ ਹੋਰ ਕਿਵੇਂ ਹੋ ਸਕਦਾ ਹੈ?

ਸੁਖਬੀਰ ਸਿੰਘ ਬਾਦਲ ਨੇ ਆਪਣੇ ਭਾਸ਼ਨ ਵਿੱਚ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸਰਮੁੱਖ ਸਿੰਘ ਝਬਾਲ, ਸਿੱਖਾਂ ਦੇ ਬੇਤਾਜ ਬਾਦਸ਼ਾਹ ਬਾਬਾ ਖੜਗ ਸਿੰਘ, ਮਾਸਟਰ ਤਾਰਾ ਸਿੰਘ ਕਰਤਾਰ ਸਿੰਘ ਝੱਬਰ, ਜਥੇਦਾਰ ਮੋਹਨ ਸਿੰਘ ਤੁੜ ਦੀ ਗੱਲ ਕੀਤੀ ਪਰ ਉਹਨਾਂ ਨੇ ਅਕਾਲੀ ਦਲ ਦੇ ਉਸ ਸੰਵਿਧਾਨ ਨੂੰ ਸ਼ਾਇਦ ਕਦੇ ਵੀ ਪੜ•ਣ ਦੀ ਖੇਚਲ ਨਹੀਂ ਕੀਤੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਪ੍ਰਵਾਨ ਕੀਤਾ ਗਿਆ ਸੀ। ਅਕਾਲੀ ਦਲ ਦੇ ਸੰਵਿਧਾਨ ਅਨੁਸਾਰ ਪ੍ਰਧਾਨ ਦਾ ਲਿਬਾਸ ਚਿੱਟਾ ਕੁੜਤਾ ਪਜਾਮਾ, ਉਪਰੋ ਦੀ ਗਾਤਰਾ ਤੇ ਹੱਥ ਵਿੱਚ ਤਿੰਨ ਫੁੱਟੀ ਕਿਰਪਾਨ ਹੋਣ ਦੇ ਨਾਲ ਨਾਲ ਦਾਹੜਾ ਪ੍ਰਕਾਸ਼ ਕੀਤਾ ਹੋਇਆ ਹੋਣਾ ਜਰੂਰੀ ਹੈ ਤੇ ਸੁਖਬੀਰ ਸਿੰਘ ਬਾਦਲ ਤਾਂ ਇਹਨਾਂ ਸ਼ਰਤਾਂ ਵਿੱਚੋ ਕਿਸੇ ਇੱਕ ਤੇ ਵੀ ਖਰਾ ਨਹੀਂ ਉਤਰਦੇ ਨਜ਼ਰ ਆ ਰਹੇ। ਅਕਾਲੀ ਦਲ ਦੇ ਕਿਸੇ ਵੀ ਪ੍ਰਧਾਨ ਦੇ ਪੰਜ ਤਾਰਾ ਜਾਂ ਸੱਤ ਤਾਰਾ ਹੋਟਲ ਨਹੀਂ ਸਨ, ਉਹਨਾਂ ਕੋਲ ਸਿਰਫ ਪੰਥ ਦੀ ਸੇਵਾ ਦਾ ਸੰਕਲਪ ਸੀ। ਉਹਨਾਂ ਦੀਆ ਜਾਇਦਾਦ ਕੁਰਕ ਕਰ ਦਿੱਤੀਆ ਜਾਂਦੀਆ ਸਨ, ਜੇਲਾਂ ਵਿੱਚ ਰੱਖਿਆ ਜਾਂਦਾ ਸੀ, ਸਰਦੀਆ ਵਿੱਚ ਬਰਫ ਦੀਆ ਸਿਲਾ ਕੇ ਲਿਟਾ ਕੇ ਤਸ਼ੱਦਦ ਕੀਤਾ ਜਾਂਦਾ ਸੀ ਤੇ ਉਹਨਾਂ ਦੀ ਵਿਰਸਾਤ ਸਿਰਫ ਸਿੱਖ ਪੰਥ ਦਾ ਸੰਘਰਸ਼ ਤੇ ‘ਪੰਥ ਜੀਵੇ ਮੈ ਮਰਾਂ’ ਵਾਲਾ ਸੰਕਲਪ ਹੁੰਦਾ ਸੀ। ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਅੰਮ੍ਰਿਤਸਰ ਵਿੱਚ ਅਕਾਲੀ ਦਲ ਦਾ ਦਫਤਰ ਮੁੜ ਸਥਾਪਤ ਕੀਤਾ ਜਾਵੇਗਾ ਪਰ ਇਸ ਬਾਰੇ ਕੋਈ ਸਪੱਸ਼ਟ ਨਹੀਂ ਕੀਤਾ ਕਿ ਕਦੋ ਕੀਤਾ ਜਾਵੇਗਾ। ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣ ਸਮੇਂ ਕਿਸੇ ਵੀ ਟਕਸਾਲੀ ਆਗੂ ਨੇ ਸਿੱਖ ਜਰਨੈਲ ਹਰੀ ਸਿੰਘ ਨਲਵਾ ਵਰਗੀ ਭੂਮਿਕਾ ਨਹੀਂ ਨਿਭਾਈ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਪੁੱਤਰ ਖੜਕ ਸਿੰਘ ਨੂੰ ਆਪਣਾ ਜਾਨਸ਼ੀਨ ਨਿਯੁਕਤ ਸਮੇਂ ਰਣਜੀਤ ਸਿੰਘ ਦੇ ਮੂੰਹ ਤੇ ਹੀ ਕਹਿ ਦਿੱਤਾ ਸੀ ਕਿ ‘‘ਸਿੱਖ ਰਾਜ ਕਿਸੇ ਇੱਕ ਵਿਅਕਤੀ ਦੀ ਮਲਕੀਅਤ ਨਹੀਂ, ਸਗੋਂ ਖਾਲਸਾ ਪੰਥ ਦੀ ਮਿਲਖ ਹੈ।’’ ਵਰਨਣਯੋਗ ਹੈ ਕਿ ਅਕਾਲੀ ਦਲ ਦਾ ਦਫਤਰ 1984 ਤੋ ਬਾਅਦ ਚੰਡੀਗੜ ਵਿਖੇ ਤਬਦੀਲ ਕਰ ਦਿੱਤਾ ਗਿਆ ਤੇ ਅੱਜ ਤੱਕ ਅਕਾਲੀ ਦਲ ਦਾ ਕੋਈ ਅਧਿਕਾਰਤ ਖਜ਼ਾਨਚੀ ਨਿਯੁਕਤ ਨਹੀਂ ਕੀਤਾ ਗਿਆ ਤੇ ਸੁਖਬੀਰ ਸਿੰਘ ਦੀ ਮਰਹੂਮ ਮਾਤਾ ਬੀਬੀ ਸੁਰਿੰਦਰ ਕੌਰ ਬਾਦਲ ਹੀ ਲੰਮਾ ਸਮਾਂ ਇਹ ਜਿੰਮੇਵਾਰੀ ਸੰਭਾਲਦੀ ਰਹੀ ਸੀ।

ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਸਾਰੇ ਅਕਾਲੀ ਦਲਾਂ ਦੇ ਦਫਤਰ ਹੁੰਦੇ ਸਨ ਤੇ ਅਕਾਲੀ ਦਲ ਮਾਨ ਦੇ ਦਫਤਰ ‘ਤੇ ਉਸ ਵੇਲੇ ਕਬਜ਼ਾ ਕਰ ਲਿਆ ਗਿਆ ਸੀ ਜਦੋ ਮਾਨ ਦਲ ਦੇ ਆਗੂਆਂ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਤੋ ਰੋਕਦਿਆ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਤੇ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਨੇ ਦਫਤਰ ਵਿੱਚ ਬੈਠੇ ਕੁਝ ਵਰਕਰਾਂ ਦੀ ਕੁੱਟਮਾਰ ਕਰਕੇ ਬਾਹਰ ਕੱਢ ਦਿੱਤਾ ਤੇ ਦਫਤਰ ਤੇ ਕਬਜਾ ਕਰਕੇ ਚੰਦ ਮਿੰਟਾਂ ਵਿੱਚ ਉਸ ਕੰਧ ਤੇ ਕੂਚੀ ਫੇਰ ਦਿੱਤੀ ਸੀ ਜਿਥੇ ਸ਼੍ਰੋਮਣੀ ਅਕਾਲੀ ਦਲ ਮਾਨ ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ। ਸ੍ਰ ਮਾਨ ਨੇ ਇਸ ਦਾ ਵਿਰੋਧ ਵੀ ਕੀਤਾ ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ ਸੀ।

ਹਾਜਰੀ ਪੱਖੋ ਇਹ ਸਮਾਗਮ ਵੀ ਅਕਾਲੀ ਦਲ ਦੇ ਅਕਾਲ ਚਲਾਣੇ ਵਾਂਗ ਹੀ ਚਲਾਣਾ ਕਰਨ ਵਰਗਾ ਫਿੱਕਾ ਤੇ ਰੁੱਖਾ ਹੀ ਨਜ਼ਾਰਾ ਪੇਸ਼ ਕਰ ਰਿਹਾ ਸੀ। ਸ਼੍ਰੋਮਣੀ ਕਮੇਟੀ ਦੇ 300 ਦੇ ਕਰੀਬ ਮੁਲਾਜ਼ਮ ਵੀ ਸਿਰਫ ਲੀਡਰਾਂ ਦੇ ਭਾਸ਼ਨ ਸੁਨਣ ਲਈ ਹੀ ਬਿਠਾਏ ਹੋਏ ਸਨ ਤੇ ਉਹ ਭਾਸ਼ਨ ਸੁਨਣ ਜਾਂ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਨਹੀਂ ਸਗੋਂ ਆਪਣੀ ਨੌਕਰੀ ਬਚਾਉਣ ਲਈ ਹੀ ਮਜਬੂਰੀ ਵੱਸ ਬੈਠੇ ਸਨ। ਸਮਾਗਮ ਵਿੱਚ ਸਿਰਫ ਬੀਬੀਆ ਦਾਹੜੀਆ ਵਾਲੇ ਟਕਸਾਲੀ ਅਕਾਲੀ ਹੀ ਦਿੱਖ ਰਹੇ ਸਨ ਜਦ ਕਿ ਬਿਕਰਮ ਸਿੰਘ ਮਜੀਠੀਆ ਦੀ ਨਵੀ ਪੀੜ•ੀ ਵਾਲੀ ਫੌਜ ਪੱਟਕਿਆ ਤੇ ਸਿਰ ਤੇ ਰੁਮਾਲ ਬੰਨ ਕੇ ਆਉਣ ਵਾਲੀ ਦੀ ਗਿਣਤੀ ਘੱਟ ਹੀ ਦਿਖਾਈ ਦੇ ਰਹੀ ਸੀ। ਇਥੋ ਤੱਕ ਕਿ ਬਿਕਰਮ ਸਿੰਘ ਮਜੀਠੀਆ ਖੁਦ ਵੀ ਸਮਾਗਮ ਦੇ ਖਤਮ ਹੋਣ ਤੋ ਕੁਝ ਸਮਾਂ ਪਹਿਲਾਂ ਹੀ ਆਪਣੀ ਡੁਰਲੀ ਫੌਜ ਨਾਲ ਗੁਰੂ ਸਾਹਿਬ ਦੇ ਹਜੂਰੀ ਵਿੱਚ ਫੁੰਕਾਰੇ ਮਾਰਦੇ ਪੁੱਜੇ ਜਿਹਨਾਂ ਵਿੱਚ ਵੀ ਦਸਤਾਰ ਤਾਂ ਬੈਟਰੀ ਮਾਰ ਕੇ ਲੱਭਣੀ ਪੈ ਰਹੀ ਸੀ ਅਤੇ ਵਧੇਰੇ ਕਰਕੇ ਘੋਨ ਮੋਨ ਦਾ ਪ੍ਰਤਾਪ ਸੀ, ਇੰਜ ਲੱਗ ਰਿਹਾ ਸੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਮੱਥਾ ਟੇਕਣ ਨਹੀਂ ਸਗੋਂ ਕੋਈ ਕਬਜ਼ਾ ਲੈਣ ਜਾ ਰਹੇ ਹੋਣ। ਟਕਸਾਲੀ ਆਗੂਆਂ ਨੂੰ ਵੇਖ ਕੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਟਿੱਪਣੀ ਵੀ ਕੀਤੀ ਸੀ ਕਿ ਟਕਸਾਲੀ ਆਗੂ ਫਿਰ ਸਾਥ ਦੇਣ ਲਈ ਆ ਗਏ ਤੇ ਮੌਕਾ ਪ੍ਰਸਤ ਤੇ ਨੌਜਵਾਨ ਪੀੜੀ ਦੇ ਕਈ ਲੋਕ ਅੱਜ ਕਲ ਅਕਾਲੀ ਦਲ ਦੀ ਸਰਕਾਰ ਦੇ ਚਲੇ ਜਾਣ ਦੇ ਬਾਅਦ ਦੂਜੀ ਹਾਕਮ ਧਿਰ ਦੀ ਛੱਤਰੀ ਤੇ ਜਾ ਬੈਠੇ ਤੇ ਅਜਿਹੇ ਮੌਕਾਪ੍ਰਸਤਾਂ ਤੋਂ ਭਵਿੱਖ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੂੰ ਸੁਚੇਤ ਰਹਿਣਾ ਪਵੇਗਾ। ਅਕਾਲੀ ਦਲ ਐਸ਼ ਪ੍ਰਸਤਾਂ ਦੀ ਨਹੀਂ ਸਗੋਂ ਸੰਘਰਸ਼ਸ਼ੀਲ ਯੋਧਿਆ ਦੀ ਜਮਾਤ ਹੈ ਜਿਸ ਦੇ ਵਜੂਦ ਨੂੰ ਮੁੜ ਕਾਇਮ ਕਰਨ ਦੀ ਸਖਥ ਲੋੜ ਹੈ।

ਸਿਆਸਤ ਦੇ ਧੁਨੰਤਰ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੇ ਜਨਮ ਦਿਨ ਦੇ ਸਮਾਗਮ ਨੂੰ ਸੰਬੋਧਨ ਕਰਦਿਆ ਸੁਖਬੀਰ ਸਿੰਘ ਬਾਦਲ ਦੇ ਮਨਸੂਬਿਆ ਤੇ ਉਸ ਵੇਲੇ ਪਾਣੀ ਫੇਰ ਦਿੱਤਾ ਜਦੋਂ ਪੰਥ ਦੀ ਗੱਲ ਕਰਨ ਦੀ ਬਜਾਏ ਉਹਨਾਂ ਨੇ ਪੰਜਾਬੀਆ ਦੀ ਹੀ ਗੱਲ ਕੀਤੀ ਤੇ ਸਿੱਖਾਂ ਵੱਲੋਂ ਅਜਾਦੀ ਤੇ ਉਸ ਤੋ ਬਾਅਦ ਦੇਸ਼ ਦਾ ਵਿਕਾਸ ਵਿੱਚ ਪਾਏ ਯੋਗਦਾਨ ਦਾ ਕੋਈ ਜ਼ਿਕਰ ਨਾ ਕੀਤਾ। ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਸਿੱਖਾਂ ਦੀ ਗੱਲ ਕਰਨ ਦੀ ਬਜਾਏ ਉਹਨਾਂ ਕਿਹਾ ਕਿ ਪੰਜਾਬੀਆ ਨੇ 70 ਫੀਸਦੀ ਕੁਰਬਾਨੀਆ ਕੀਤੀਆ। ਉਹਨਾਂ ਪੰਥ ਦੀ ਤਾਂ ਕੋਈ ਗੱਲ ਨਹੀਂ ਕੀਤੀ ਪਰ ਕਾਂਗਰਸ ਨੂੰ ਰੱਜ ਕੇ ਗਾਲਾਂ ਜਰੂਰ ਕੱਢੀਆ ਤੇ ਸਿੱਖਾਂ ਦੀ ਦੁਸ਼ਮਣ ਨੰਬਰ ਇੱਕ ਗਰਦਾਨਦਿਆ ਕਿਹਾ ਕਿ ਸਿੱਖਾਂ ਨੂੰ ਕਾਂਗਰਸ ਨਾਲ ਕੋਈ ਨਾਤਾ ਨਹੀਂ ਰੱਖਣਾ ਚਾਹੀਦਾ। ਇੰਜ ਲੱਗ ਰਿਹਾ ਸੀ ਕਿ ਉਹ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਵੱਲੋਂ ਮਨਾਏ ਅਕਾਲੀ ਦਲ ਦੇ ਜਨਮ ਦਿਨ ਦੇ ਸਮਾਗਮ ਤੋ ਸੰਤੁਸ਼ਟ ਤੇ ਖੁਸ਼ ਨਹੀਂ ਸਨ ਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਏ ਗਏ ਪੁੱਲ ਬੰਦ ਕਰਨ ਦੇ ਮੋਰਚੇ ਨੂੰ ਸਿਰਫ ਇੱਕ ‘ਮੋਰਚੀ’ ਦੱਸਦਿਆ ਕਿਹਾ ਕਿ ਅਕਾਲੀ ਦਲ ਦੀ ਮੋਰਚੀਆ ਨਹੀਂ ਮੋਰਚੇ ਲਗਾਉਣ ਦੀ ਪਿਰਤ ਹੈ।

ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਰਨ ਦਾ ਸਿੱਖ ਬੁੱਧੀਜੀਵੀਆ ਨੇ ਉਸ ਵੇਲੇ ਹੀ ਸੁਫਨਾ ਲੈਣਾ ਸ਼ੁਰੂ ਕਰ ਦਿੱਤਾ ਸੀ ਜਦੋ 19 ਵੀ ਸਦੀ ਦੇ ਅਖੀਰ ਵਿੱਚ ਪੰਜ ਸਿੱਖ ਵਿਦਿਆਰਥੀਆ ਨੇ ਇਸਾਈ ਧਰਮ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ ਸੀ। ਪੰਥਕ ਦਰਦੀਆ ਦਾ ਮੱਥਾ ਠਣਕਿਆ ਤੇ ਉਹਨਾਂ ਨੇ ਸਿੰਘ ਸਭਾ ਵਰਗੀ ਲਹਿਰ ਦਾ ਗਠਨ ਕਰਕੇ ਪ੍ਰਚਾਰ ਆਰੰਭ ਕਰ ਦਿੱਤਾ ਤੇ ਇਸ ਲਹਿਰ ਨੂੰ ਘਰ ਘਰ ਪਹੁੰਚਾਇਆ। ਇਸੇ ਸੰਘਰਸ਼ ਵਿੱਚੋ ਹੀ ਖਾਲਸਾ ਕਾਲਜ ਅੰਮ੍ਰਿਤਸਰ, ਖਾਲਸਾ ਦੀਵਾਨ ਲਾਹੌਰ, ਖਾਲਸਾ ਦੀਵਾਨ ਅੰਮ੍ਰਿਤਸਰ ਤੇ ਫਿਰ ਦੋਹਾਂ ਨੂੰ ਇਕੱਠਾ ਕਰਕੇ ਚੀਫ ਖਾਲਸਾ ਦੀਵਾਨ ਦਾ ਗਠਨ ਕੀਤਾ ਗਿਆ। ਸੰਤ ਸਿੰਘ ਸੁੱਖਾ ਸਿੰਘ ਵਰਗੇ ਪੰਥਕ ਦਰਦੀ ਵੀ ਇਸ ਤੋ ਬਾਅਦ ਪੈਦਾ ਹੋਏ ਜਿਹਨਾਂ ਨੇ ਆਪਣੀ ਸਾਰੀ ਜਾਇਦਾਦ ਵੇਚ ਵੱਟ ਕੇ ਪੰਥ ਦੇ ਨਾਮ ਲਗਵਾ ਕੇ ਚਾਰ ਬੱਚਿਆ ਤੋ ਸੰਤ ਸਿੰਘ ਸੁੱਖਾ ਸਿੰਘ ਸਕੂਲ ਸ਼ੁਰੂ ਕੀਤਾ ਜਿਹੜਾ ਅੱਜ ਇੱਕ ਯੂਨੀਵਰਸਿਟੀ ਦਾ ਰੂਪ ਧਾਰਨ ਕਰ ਚੁੱਕਾ ਹੈ। ਇਹਨਾਂ ਸੰਸਥਾਵਾਂ ਵਿੱਚੋ ਹੀ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਸੰਘਰਸ਼ਸ਼ੀਲ ਯੋਧਿਆ ਦੀ ਫੌਜ ਕਿਹਾ ਜਾਂਦਾ ਸੀ ਪੈਦਾ ਹੋਇਆ।

ਸ਼ੁਰੂ ਸ਼ੁਰੂ ਵਿੱਚ ਇਸ ਦਾ ਕਾਰਜ ਸਿਰਫ ਮਹੰਤਾਂ ਕੋਲੋ ਗੁਰਦੁਆਰੇ ਅਜ਼ਾਦ ਕਰਵਾ ਕੇ ਸਿੱਖਾਂ ਦੀ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੋਪਣਾ ਸੀ ਪਰ ਬਾਅਦ ਵਿੱਚ ਸੱਤਾ ਪ੍ਰਾਪਤ ਲਈ ਇਹ ਇੱਕ ਰਾਜਸੀ ਪਾਰਟੀ ਬਣ ਗਿਆ ਪਰ ਉਸ ਸਮੇਂ ਇਸ ਵਿੱਚ ਕੁਰਬਾਨੀ ਵਾਲੇ ਤੇ ਅੰਮ੍ਰਿਤਧਾਰੀ ਸਿੰਘਾਂ ਨੂੰ ਹੀ ਸ਼ਾਮਲ ਕੀਤਾ ਜਾਂਦਾ ਸੀ। ਸੰਘਰਸ਼ ਕਰ ਰਹੇ ਅਕਾਲੀਆ ਤੇ ਗੋਲੀਆ ਚੱਲਦੀਆ ਲਾਠੀਆ ਚੱਲਦੀਆ ਪਰ ਉਹਨਾਂ ਦਾ ਸਿਦਕ ਇੰਨਾ ਵੱਡਾ ਹੁੰਦਾ ਕਿ ਉਹ ਸ਼ਾਤ ਹੋ ਕੇ ‘ਪੰਥ ਕੀ ਜੀਤ, ਰਾਜ ਕਰੇਗਾ ਖਾਲਸਾ’ ਦੇ ਨਾਅਰੇ ਲਗਾਉਦੇ ਹੋਏ ਸ਼ਹੀਦੀਆ ਵੀ ਪਾ ਜਾਂਦੇ ਸਨ। ਸਾਕਾ ਨਨਕਾਣਾ ਸਾਹਿਬ ਨੇ ਤਾਂ ਇੱਕ ਵਾਰੀ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਤੇ ਅੰਗਰੇਜ਼ਾਂ ਨੇ ਮਹੰਤੂ ਨਰੈਣੂ ਤੇ ਸਾਥੀਆ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਅਤੇ ਨਨਕਾਣਾ ਸਾਹਿਬ ਦਾ ਪ੍ਰਬੰਧ ਸਿੱਖਾਂ ਦੇ ਹਵਾਲੇ ਕਰ ਦਿੱਤਾ। ਇਸ ਪ੍ਰਾਪਤੀ ਲਈ ਸਿੱਖਾਂ ਨੂੰ ਭਾਂਵੇ ਦੋ ਸੌ ਦੇ ਕਰੀਬ ਸ਼ਹਾਦਤਾਂ ਦੇਣੀਆ ਪਈਆ ਪਰ ਫਿਰ ਵੀ ਇਸ ਸਾਕੇ ਨੇ ਸਿੱਖਾਂ ਦਾ ਮਨੋਬਲ ਬਹੁਤ ਉੱਚਾ ਕਰ ਦਿੱਤਾ ਤੇ ਸਿੱਖਾਂ ਨੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਵਿੱਚ ਕਾਮਯਾਬ ਰਹੇ। ਬਾਅਦ ਵਿੱਚ ਮਹੰਤ ਸਮੇਂਤ ਅੱਠ ਵਿਅਕਤੀਆ ਨੂੰ ਫਾਂਸੀ ਦੀ ਸਜ਼ਾ ਹੋਈ ਜਿਹੜੀ ਹਾਈਕੋਰਟ ਦੇ ਘੱਟ ਕਰਕੇ ਕਾਲੇਪਾਣੀ ਕਰ ਦਿੱਤੀ ਪਰ ਅੰਗਰੇਜਾਂ ਨੇ ਅਖੀਰ ਮਹੰਤ ਨੂੰ ਬਰੀ ਕਰਵਾ ਦਿੱਤਾ ਤੇ ਉਹ 1947 ਦੀ ਵੰਡ ਤੋ ਬਾਅਦ ਉੱਤਰ ਪਰਦੇਸ਼ ਵਿੱਚ ਪਹੁੰਚ ਗਿਆ ਜਿਥੇ ਉਸ ਨੂੰ ਤੱਤਕਾਲੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜਿਹੜਾ ਸਿੱਖਾਂ ਨੂੰ ਜਰਾਇਮ ਪੇਸ਼ਾ ਲੋਕ ਸਮਝਦਾ ਨੇ ਮਹੰਤ ਨੂੰ ਇੱਕ ਫਾਰਮ ਦੇ ਦਿੱਤਾ ਜਿਥੇ ਉਹ ਆਪਣੀ ਕੁਦਰਤੀ ਮੌਤ 1971 ਵਿੱਚ ਮਰਿਆ ( ਇਸ ਬਾਰੇ ਸੁਖਪ੍ਰੀਤ ਸਿੰਘ ਉਦੋਕੇ ਨੇ ਆਪਣੀ ਇੱਕ ਵੀਡੀਉ ਵਿੱਚ ਵਰਨਣ ਕੀਤਾ ਹੈ)।

ਅੰਗਰੇਜ਼ ਸਰਕਾਰ ਨੇ ਨਨਕਾਣਾ ਸਾਹਿਬ ਦੇ ਭਿਅੰਕਰ ਕਾਂਡ ਨੂੰ ਅੰਜ਼ਾਮ ਦੇਣ ਵਾਲੇ ਮਹੰਤ ਨਰੈਣੂ ਤੇ ਉਸ ਦੇ ਸਾਥੀਆ ਨੂੰ ਸਜਾਵਾਂ ਦੇ ਦਿੱਤੀਆ, ਪਰ ਜਿਸ ਕੁਰਬਾਨੀਆ ਨਾਲ ਜਰਖੇਜ ਅਕਾਲੀ ਦਲ ਦੀ ਆੜ ਹੇਠ ਸੁਖਬੀਰ ਸਿੰਘ ਬਾਦਲ ਆਪਣੀ ਜਗੀਰ ਸਮਝੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜੋੜ ਕੇ ਵੇਖ ਰਿਹਾ ਹੈ ਅਤੇ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸ੍ਰ ਸਰਮੁੱਖ ਸਿੰਘ ਵਰਗੇ ਯੋਧਿਆ ਦਾ ਨਾਮ ਲੈਣ ਤੋ ਪਹਿਲਾਂ ਸਿੱਖ ਪੰਥ ਨੂੰ ਅਜੋਕੇ ਮਹੰਤ ਨਰੈਣੂ ਵਰਗੀ ਕਰਤੂਤ ਘੋਲਣ ਵਾਲੇ ਸੌਦਾ ਸਾਧ ਨੂੰ ਮੁਆਫੀ ਦਿਵਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਸ਼ਾਤਮਈ ਧਰਨੇ ਤੇ ਬੈਠੇ ਸੰਤਾਂ ਮਹਾਂਪੁਰਸ਼ਾਂ ਤੇ ਪੰਥ ਦਰਦੀਆ ‘ਤੇ ਕੀਤੇ ਲਾਠੀਚਾਰਜ, ਗੰਦੇ ਪਾਣੀ ਦੀਆ ਬੁਛਾੜਾਂ ਮਾਰ ਕੇ ਫੱਟੜ ਕਰਨ ਅਤੇ ਗੋਲੀਆ ਨਾਲ ਭੁੰਨ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਦਾ ਨਿਰਾਲਾ ਕਾਰਜ ਕੀਤਾ ਉਸ ਬਾਰੇ ਤਾਂ ਸੁਖਬੀਰ ਨੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਕਿ ਉਹਨਾਂ ਪੰਥ ਦਰਦੀਆ ਦਾ ਕਸੂਰ ਕੀ ਸੀ? ਅਕਾਲੀ ਦਲ ਦਾ 97 ਵਾਂ ਜਨਮ ਦਿਨ ਮਨਾਉਣਾ ਵੀ ਉਸ ਲਈ ਸਵਾਲਾਂ ਦੇ ਘੇਰੇ ਵਿੱਚ ਹੈ ਤੇ ਪੰਥਕ ਕਦਰਾਂ ਕੀਮਤਾਂ ਨਾਲ ਖਿਲਵਾੜ ਹੈ। ਪੰਥਕ ਮਰਿਆਦਾ ਅਨੁਸਾਰ ਸੁਖਬੀਰ ਸਿੰਘ ਬਾਦਲ ਨੂੰ ਪੰਥਕ ਰਵਾਇਤ ਮੁਤਾਬਕ ਅਕਾਲੀ ਸਰਕਾਰ ਸਮੇਂ ਹੋਈਆ ਕੁਤਾਹੀਆ ਤੇ ਵਧੀਕੀਆ ਦਾ ਸਪੱਸ਼ਟਕਰਨ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਦੇਣਾ ਪਵੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਸਿੱਖ ਵਿਰੋਧੀ ਜਮਾਤ ਮੰਨੀ ਜਾਂਦੀ ਹੈ ਪਰ ਜਿਹੜਾ ਅਕਾਲੀ ਸਰਕਾਰ ਦੇ ਰਾਜ ਵਿੱਚ ਹੀ ਸਿੱਖ ਪੰਥ ਦਾ ਨਰਸ਼ਿੰਘਾਰ ਕੀਤਾ ਗਿਆ ਉਸ ਲਈ ਜਿੰਮੇਵਾਰ ਕੌਣ ਹੈ? ਮਹੰਤ ਨਰੈਣੂ ਦੇ ਕਾਰਨਾਮਿਆ ਵਾਂਗ ਹੀ ਅਕਾਲੀ ਦਲ ਬਾਦਲ ਦੀ ਜਨਮ ਪੱਤਰੀ ਵਿੱਚ ਵੀ ਇਹ ਭਿਅੰਕਰ ਮੰਜ਼ਰ ਲਿਖਿਆ ਗਿਆ ਹੈ ਜਿਸ ਨੂੰ ਸਿੱਖ ਪੰਥ ਕਦੇ ਭੁੱਲ ਨਹੀਂ ਸਕਦਾ। ਅੰਗਰੇਜ਼ ਸਰਕਾਰ ਨੇ ਮਹੰਤ ਨਰੈਣੂ ਨੂੰ ਸਜ਼ਾ ਦੇ ਕੇ ਆਪਣਾ ਫਰਜ ਨਿਭਾਇਆ ਪਰ ਬਰਗਾੜੀ ਕਾਂਡ ਨੂੰ ਅੰਜ਼ਾਮ ਦੇਣ ਵਾਲਿਆ ਨੂੰ ਸਜਾਵਾਂ ਕੌਣ ਦੇਵੇਗਾ?

ਸ਼੍ਰੋਮਣੀ ਕਮੇਟੀ ਦੀ 29 ਨਵੰਬਰ 2017 ਨੂੰ ਹੋਈ ਪ੍ਰਧਾਨ ਦੀ ਚੋਣ ਸਮੇਂ ਮਰੀ ਹੋਈ ਜ਼ਮੀਰ ਵਾਲੇ ਬਾਦਲ ਦਲ ਦੇ ਮੈਂਬਰਾਂ ਨੇ ਇੱਕ ਵਾਰੀ ਫਿਰ ਸਿਰਸੇ ਵਾਲੇ ਸੌਦਾ ਸਾਧ ਕੋਲੋ ਹੱਥ ਬੰਨ ਕੇ ਵੋਟਾਂ ਦੀ ਭੀਖ ਮੰਗਣ ਵਾਲੇ ਇੱਕ ਪ੍ਰੇਮੀ ਨੂੰ ਪ੍ਰਧਾਨ ਬਣਾ ਦਿੱਤਾ ਜਿਸ ਨੂੰ ਲੈ ਕੇ ਪੰਥ ਸਕਤੇ ਵਿੱਚ ਹੈ ਤੇ ਪੰਥ ਦਰਦੀਆ ਲਈ ਆਉਣ ਵਾਲਾ ਰਾਹ ਵੀ ਬਿਖੜੇ ਪੈਂਡਿਆ ਵਾਲਾ ਹੀ ਹੋਵੇਗਾ। ਅਕਾਲੀ ਦਲ ਦੀਆ ਨੀਤੀਆ ਤੇ ਸ਼੍ਰੋਮਣੀ ਕਮੇਟੀ ਦੀ ਕਾਰਗੁਜਾਰੀ ਕਾਰਨ ਸਿੱਖਾਂ ਕੋਲੋ ਅੱਜ ਗੁਰੂ ਗ੍ਰੰਥ ਤੇ ਗੁਰੂ ਪੰਥ ਦੂਰ ਹੁੰਦਾ ਜਾਂਦਾ ਜਾਪਦਾ ਹੈ ਜਿਹੜੀ ਸਿੱਖ ਤੇ ਸਿੱਖੀ ਦੇ ਸਰੋਤ ਮੰਨੇ ਜਾਂਦੇ ਹਨ। ਸੁਖਬੀਰ ਸਿੰਘ ਬਾਦਲ ਦੇ ਇੱਕ ਹੋਰ ਰਾਹਗੀਰ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ 1996 ਵਿੱਚ ਚਲਾਣਾ ਕਰ ਚੁੱਕੇ ਅਕਾਲੀ ਦਲ ਦਾ 98ਵਾਂ ਜਨਮ ਦਿਨ ਮਨਾਉਣ ਦੀ ਮੇਜਬਾਨੀ ਕਰਨ ਦੀ ਆਗਿਆ ਮੰਗੀ ਹੈ। ਕੀ ਅਗਲਾ ਸਮਾਗਮ ਠੀਕ ਅਗਲੇ ਸਾਲ 14 ਦਸੰਬਰ 2018 ਨੂੰ ਫਿਰ ਹੋਵੇਗਾ ਜਾਂ ਫਿਰ 20 ਸਾਲ ਫਿਰ ਉਡੀਕ ਕਰਨੀ ਪਵੇਗੀ। ਰੱਬ ਖੈਰ ਕਰੇ!


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top