Share on Facebook

Main News Page

ਜੰਮੂ ਕਸ਼ਮੀਰ ਦੀਆਂ ਲੋਕਲ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਆਪਣੇ ਪੱਧਰ ਤੇ ਹੀ ਨਾਨਕਸ਼ਾਹੀ ਕੈਲੰਡਰ ਛਪਵਾ ਕੇ ਦਸੰਬਰ ਮਹੀਨੇ ਚ ਹੀ ਕਰ ਰਹੀਆਂ ਹਨ ਰੀਲੀਜ਼

ਬਠਿੰਡਾ, 12 ਦਸੰਬਰ (ਕਿਰਪਾਲ ਸਿੰਘ) : ਭਾਈ ਮੱਖਣ ਸਿੰਘ ਪ੍ਰਧਾਨ ਵਿਸ਼ਵ ਚੇਤਨਾ ਲਹਿਰ, ਗੁਰੂ ਗ੍ਰੰਥ ਦਾ ਖ਼ਾਲਸਾ ਪੰਥ; ਭਾਈ ਨਵਦੀਪ ਪਾਲ ਸਿੰਘ ਤੇ ਭਾਈ ਦਪਿੰਦਰ ਸਿੰਘ ਸਿੱਖ ਨੌਜਵਾਨ ਸਭਾ ਸੈਨਿਕ ਕਲੋਨੀ ਜੰਮੂ; ਅਤੇ ਭਾਈ ਭੂਪਿੰਦਰ ਸਿੰਘ ਗੜ੍ਹੀ (ਊਧਮਪੁਰ) ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਿਕ੍ਰਮੀ ਕੈਲੰਡਰ ਦੇ ਅਧਾਰ ਤੇ ਜਾਰੀ ਕੀਤੇ ਜਾ ਰਹੇ ਕੈਲੰਡਰਾਂ ਵਿੱਚ ਹਰ ਸਾਲ ਹੀ ਗੁਰਪੁਰਬਾਂ ਦੀਆਂ ਤਰੀਖਾਂ 11 ਤੋਂ 19 ਦਿਨ ਅੱਗੇ ਪਿੱਛੇ ਹੋ ਜਾਣ ਕਾਰਨ ਸੰਗਤਾਂ ਵਿੱਚ ਭੰਬਲਭੂਸਾ ਪਿਆ ਰਹਿੰਦਾ ਹੈ; ਇਸ ਲਈ ਜੰਮੂ ਕਸ਼ਮੀਰ ਦੀਆਂ ਮੁੱਖ ਲੋਕਲ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਉਹ ਬਿਕ੍ਰਮੀ ਕੈਲੰਡਰ ਨੂੰ ਮੁੱਢੋਂ ਰੱਦ ਕਰ ਕੇ 2003 ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਸਾਰੇ ਗੁਰਪੁਰਬ ਅਤੇ ਹੋਰ ਇਤਿਹਾਸ ਦਿਹਾੜੇ ਮਨਾਇਆ ਕਰਨਗੇ।

ਉਨ੍ਹਾਂ ਦੱਸਿਆ ਕਿ ਜੰਮੂ ਕਸ਼ਮੀਰ ਦੇ 90% ਤੋਂ ਵੱਧ ਗੁਰੁਆਰਿਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਨੂੰ ਮਨਾਇਆ ਜਾ ਰਿਹਾ ਅਤੇ ਬਾਕੀ ਦੇ ਪ੍ਰਬੰਧਕਾਂ ਨੂੰ ਸੰਗਤਾਂ ਆਪਣੇ ਪੱਧਰ ਤੇ ਹੀ ਸਮਝਾ ਕੇ ਇਸੇ ਦਿਨ ਮਨਾਉਣ ਲਈ ਤਿਆਰ ਕਰਨ ਦੇ ਆਹਰੇ ਲੱਗੀਆਂ ਹੋਈਆਂ ਹਨ। ਪੋਹ ਸੁਦੀ 7 ਨੂੰ ਗੁਰਪੁਰਬ ਮਨਾਉਣ ਵਾਲੇ ਪ੍ਰਬੰਧਕਾਂ ਤੋਂ ਸੰਗਤਾਂ ਪੁੱਛਦੀਆਂ ਹਨ ਕਿ ਜੇ ਹਰ ਸਾਲ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਕਰਮਵਾਰ ਸੂਰਜੀ ਮਹੀਨੇ ਦੀ 8 ਪੋਹ ਅਤੇ 13 ਪੋਹ ਨੂੰ ਮਨਾਏ ਜਾਂਦੇ ਹਨ ਤਾਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਨੂੰ ਕਿਉਂ ਨਹੀਂ ਮਨਾਇਆ ਜਾ ਸਕਦਾ ! ਜੋ ਕਿ ਹਰ ਸਾਲ ਹੀ ਸਾਂਝੇ ਕੈਲੰਡਰ ਦੀ 5 ਜਨਵਰੀ ਨੂੰ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ ਪਾਵਨ ਅੰਗ ਤੇ ਲਿਖਿਆ ਹੈ ਕਿ ਗੁਰਪੁਰਬ ਚੰਦਰਮਾਂ ਦੀਆਂ ਤਰੀਖਾਂ ਅਤੇ ਬਾਕੀ ਇਤਿਹਾਸਕ ਦਿਹਾੜੇ ਸੂਰਜੀ ਤਰੀਖਾਂ ਨਾਲ ਮਨਾਏ ਜਾਣ? ਕਿਸੇ ਵੀ ਪ੍ਰਬੰਧਕ ਜਾਂ ਜਥੇਦਾਰ ਕੋਲ ਸੰਗਤਾਂ ਦੇ ਇਸ ਸਵਾਲ ਦਾ ਜਵਾਬ ਨਹੀਂ ਹੁੰਦਾ ਤਾਂ ਉਹ ਬੇਵੱਸ ਜਾਪਦੇ ਹਨ ਪਰ ਫਿਰ ਵੀ ਕੁਝ ਕੁ ਹਾਲੀ ਵੀ ਦੁਚਿਤੀ ਵਿੱਚ ਪਏ ਹੋਏ ਹਨ। ਉਮੀਦ ਹੈ ਕਿ ਬਾਕੀ ਬਚੇ 10% ਗੁਰੁਆਰਿਆਂ ਵਿੱਚੋਂ ਵੀ ਕੁਝ ਆਪਣਾ ਪ੍ਰੋਗਰਾਮ ਬਦਲ ਕੇ 23 ਪੋਹ / 5 ਜਨਵਰੀ ਨੂੰ ਗੁਰਪੁਰਬ ਮਨਾਉਣ ਦਾ ਫੈਸਲਾ ਕਰ ਲੈਣ।

ਸੰਗਤਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ 11 ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੇ ਆਪਣੇ ਪੱਧਰ ਤੇ ਹੀ ਨਾਨਕਸ਼ਾਹੀ ਕੈਲੰਡਰ ਛਪਵਾ ਕੇ ਦਸੰਬਰ ਮਹੀਨੇ ਚ ਹੀ ਰੀਲੀਜ਼ ਕਰਨ ਦਾ ਫੈਸਲਾ ਕਰ ਲਿਆ ਹੈ, ਤਾ ਕਿ ਕਿਸੇ ਵੀ ਪ੍ਰਬੰਧਕ ਅਤੇ ਸੰਗਤ ਨੂੰ ਗੁਰਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਸਬੰਧੀ ਸਮਾਗਮਾਂ ਦਾ ਪ੍ਰੋਗਰਾਮ ਉਲੀਕਣ ਵਿੱਚ ਕੋਈ ਮੁਸ਼ਕਲ ਪੇਸ਼ ਨੇ ਆਵੇ। ਉਨ੍ਹਾਂ ਦੱਸਿਆ ਕਿ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਕੈਲੰਡਰਾਂ ਸਬੰਧੀ ਸੰਖੇਪ ਜਾਣਕਾਰੀ ਦੇਣ ਲਈ ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਵੱਧ ਢੁਕਵਾਂ ਹੈ ਨਾਮ ਦਾ ਟ੍ਰੈਕਟ ਛਪਵਾ ਕੇ ਮੁਫਤ ਵੰਡਣ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ; ਨਾਨਕਸ਼ਾਹੀ ਸੰਮਤ 550 (2018-19) ਦੇ ਕੈਲੰਡਰ ਦਾ ਡਿਜ਼ਾਈਨ ਤਿਆਰ ਕਰ ਕੇ ਛਪਣ ਲਈ ਪ੍ਰਿੰਟਿੰਗ ਪ੍ਰੈੱਸ ਨੂੰ ਦੇ ਦਿੱਤਾ ਹੈ ਅਤੇ ਕੈਲੰਡਰ ਛਪਦੇ ਸਾਰ ਹੀ 25 ਦਸੰਬਰ ਤੋਂ ਪਹਿਲਾਂ ਪਹਿਲਾਂ ਹੀ ਰੀਲੀਜ਼ ਕਰ ਦਿੱਤਾ ਜਾਵੇਗਾ ਤਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਪੋਹ ਸੁਦੀ 7 ਨੂੰ ਮਨਾਉਣ ਦੀ ਥਾਂ 23 ਪੋਹ ਜਿਹੜੀ ਕਿ ਹਰ ਸਾਲ ਹੀ 5 ਜਨਵਰੀ ਨੂੰ ਆਉਂਦੀ ਹੈ; ਨੂੰ ਮਨਾਉਣ ਸਬੰਧੀ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵਿੱਚ ਹੋਰ ਚੇਤੰਨਤਾ ਅਤੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

ਇਹ ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਆ ਰਹੇ ਗੁਰਦੁਆਰਿਆਂ ਨੂੰ ਛੱਡ ਕੇ ਬਠਿੰਡਾ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਵੀ 90% ਤੋਂ ਵੱਧ ਗੁਰਦੁਆਰਿਆਂ ਵਿੱਚ ਗੁਰਪੁਰਬ ਪੋਹ ਸੁਦੀ 7 ਦੀ ਥਾਂ 23 ਪੋਹ/ 5 ਜਨਵਰੀ ਜਾਂ ਛੁੱਟੀ ਵਾਲਾ ਦਿਨ ਜਾਣ ਕੇ ਇਸ ਦੇ ਅੱਗੇ ਪਿੱਛੇ ਆ ਰਹੇ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top