10 Dec 2017
ਅੱਜ ਸਿੱਖੀ ਦੇ ਭਵਿੱਖ ਲਈ ਫਿਕਰਮੰਦ ਲੋਕਾਂ ਦੀਆਂ ਹਰ ਪਾਸਿਓਂ ਤਰ੍ਹਾਂ ਤਰ੍ਹਾਂ ਦੀਆਂ
ਆਵਾਜ਼ਾਂ ਆ ਰਹੀਆਂ ਹਨ। ਆਰ.ਐਸ.ਐਸ., ਬਾਦਲ, ਬੀ.ਜੇ.ਪੀ., ਕਾਂਗਰਸ ਵਾਲਾ ਕੰਡਾ ਕੱਢ ਕੇ
ਰਾਹ ਸਾਫ ਕਰੋ, ਪੰਥ ਪ੍ਰਸਤ ਲੋਕ ਆਪਸੀ ਏਕਤਾ ਕਰਕੇ, ਇੱਕ ਝੰਡੇ ਥੱਲੇ ਇਕੱਠੇ ਹੋਣ... ਆਦਿ।
ਕੋਈ ਸ਼ੱਕ ਨਹੀਂ ਇਹ ਸੋਚ ਪੰਥ ਦਰਦੀ ਹੋਣ ਦਾ ਸਬੂਤ ਹੈ।
ਪਰ ਸੋਚੋ, ਰਾਹਾਂ ਦੇ ਕੰਡੇ ਕਦੀ ਅੰਧੇਰੇ
ਵਿੱਚ ਨਹੀਂ ਚੁਣੇ ਜਾਂਦੇ, ਹਾਂ ਚੁੱਭਦੇ ਜ਼ਰੂਰ ਹਨ।
ਏਕਤਾ ਕਦੀ ਅੰਧੇਰੇ ਦੀ ਬੇ-ਪਛਾਣਗੀ ਵਿੱਚ ਨਹੀਂ ਹੋਂਦੀ, ਅੰਧੇਰੇ ਵਿੱਚ ਕਾਫਲੇ ਵਿਛੜਦੇ
ਹਨ, ਕਾਫਲੇ ਬਣਦੇ ਨਹੀਂ। ਪਰ ਅਸੀਂ "ਗੁਰਬਾਣੀ ਇਸੁ ਜਗ ਮਹਿ ਚਾਨਣੁ" ਤੋਂ ਮੂੰਹ ਮੋੜ ਕੇ
ਬੁੱਝੀਆਂ ਹੋਈਆਂ ਲੈਂਪਾਂ ਦੇ ਸਹਾਰੇ ਕੰਡੇ ਚੁਗਣੇ ਅਤੇ ਏਕਤਾ ਦੇ ਸੁਪਨੇ ਲੈ ਰਹੇ ਹਾਂ
ਜੋ ਬਹੁਤ ਪਿਆਰੇ ਲਗਦੇ ਹਨ। ਅੰਧੇਰੇ ਦੀ ਬੇਪਛਾਣ ਏਕਤਾ ਦੇ ਕਾਫਲੇ ਵਿੱਚ ਤਾਂ
ਗੰਗੂ ਵਰਗੇ ਸਾਥੀ ਭੀ ਸ਼ਾਮਿਲ ਹੋ ਜਾਂਦੇ ਹਨ, ਜਿਹੜੇ ਸਮੇਂ ਨਾਲ ਪ੍ਰਵਾਰ ਵਿਛੋੜੇ ਅਤੇ
ਸ਼ਹੀਦੀਆਂ ਦਾ ਕਰਣ ਬਣਦੇ ਹਨ।
ਇਸ ਲਈ ਵੀਰੋ! ਮੈਂ ਇਹ ਨਹੀਂ
ਕਹਿੰਦਾ ਕਿ ਮੇਰੇ ਮਗਰ ਲੱਗੋ, ਕਹਿੰਦਾ ਹਾਂ ਆਓ
ਗੁਰਬਾਣੀ ਦੇ ਚਾਨਣ ਵਿੱਚ ਹੀ ਕੰਡੇ ਚੁਗੋ, ਅਤੇ ਗੁਰਬਾਣੀ ਸਿਧਾਂਤ ਦੀ ਰੌਸ਼ਨੀ ਵਿੱਚ ਸ਼੍ਰੀ
ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਚਿਹਰੇ ਪਛਾਣ ਕੇ ਹੀ ਏਕਤਾ ਕਰੋ, ਤਾਂਕਿ ਰੋਜ਼ ਰੋਜ਼ ਨਵੇਂ
ਸਿਆਸੀ ਅਤੇ ਦੌਲਤ, ਸ਼ੋਹਰਤ ਦੇ ਲਾਲਚੀ ਗੰਗੂਆਂ ਕੋਲੋਂ ਧੋਖੇ ਨਾ ਖਾਓ।
ਅੱਜ ਦੀ ਹਾਲਤ "ਬਾਝੁ ਗੁਰੂ ਅੰਧੇਰੁ ਹੈ ਖਹਿ ਖਹਿ ਮਰਦੇ ਬਹੁ
ਬਿਧਿ ਲੋਆ॥"