Share on Facebook

Main News Page

ਸੌਦਾ ਸਾਧ ਕੋਲ਼ ਜਾਕੇ ਵੋਟਾਂ ਮੰਗਣ ਵਾਲੇ ਗੋਬਿੰਦ ਸਿੰਘ ਲੌਂਗੋਵਾਲ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ

ਅੰਮਿ੍ਤਸਰ, 29 ਨਵੰਬਰ-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਇਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਸਾਲਾਨਾ ਜਨਰਲ ਇਜਲਾਸ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ 42ਵੇਂ ਪ੍ਰਧਾਨ ਚੁਣੇ ਗਏ ।

ਉਨ੍ਹਾਂ ਨੇ ਸੁਖਦੇਵ ਸਿੰਘ ਭੌਰ ਦੀ ਅਗਵਾਈ ਵਾਲੇ ਵਿਰੋਧੀ ਗਰੁੱਪ ਵਲੋਂ ਉਨ੍ਹਾਂ ਦੇ ਮੁਕਾਬਲੇ ਖ਼ੜੇ੍ਹ ਕੀਤੇ ਗਏ ਉਮੀਦਵਾਰ ਅਮਰੀਕ ਸਿੰਘ ਸ਼ਾਹਪੁਰ ਨੂੰ 139 ਵੋਟਾਂ ਦੇ ਫ਼ਰਕ ਨਾਲ ਹਰਾਇਆ । ਭਾਈ ਲੌਂਗੋਵਾਲ ਜੋ ਅਕਾਲੀ ਵਜ਼ਾਰਤ ਸਮੇਂ ਮੰਤਰੀ ਵੀ ਰਹੇ, ਦਰਵੇਸ਼ ਸਿਆਸਤਦਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਿਆਸੀ ਵਾਰਸ ਸਮਝੇ ਜਾਂਦੇ ਹਨ ਤੇ ਉਨ੍ਹਾਂ 2011 'ਚ ਹਲਕਾ ਲੌਂਗੋਵਾਲ ਜਨਰਲ ਤੋਂ ਸ਼ੋ੍ਰਮਣੀ ਕਮੇਟੀ ਦੀ ਚੋਣ ਜਿੱਤੀ ਸੀ । ਸ਼ੋ੍ਰਮਣੀ ਕਮੇਟੀ ਦੇ ਪਹਿਲੀ ਵਾਰ ਪ੍ਰਧਾਨ ਬਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਦਕਾ ਪ੍ਰਾਪਤ ਹੋਈ ਇਸ ਸੇਵਾ ਨੂੰ ਉਹ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ।

ਉਨ੍ਹਾਂ ਕਿਹਾ ਕਿ ਸਮੁੱਚੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਨੂੰ ਰਲ-ਮਿਲ ਕੇ ਨਜਿੱਠਿਆ ਜਾਵੇਗਾ ਅਤੇ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ । ਦੁਪਹਿਰ 1 ਵਜੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜ਼ੂਰੀ ਤੇ ਚਾਰ ਸਿੰਘ ਸਾਹਿਬਾਨ ਦੀ ਮੌਜੂਦਗੀ 'ਚ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਆਰੰਭ ਹੋਏ ਜਨਰਲ ਇਜਲਾਸ ਦੌਰਾਨ ਬੀਬੀ ਜਗੀਰ ਕੌਰ ਨੇ ਸ਼ੋ੍ਰਮਣੀ ਕਮੇਟੀ ਦੇ ਨਵੇਂ ਪ੍ਰਧਾਨ ਲਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਂਅ ਪੇਸ਼ ਕੀਤਾ ਜਿਸਦੀ ਤਾਈਦ-ਮਜੀਦ ਕ੍ਰਮਵਾਰ ਗੁਰਬਚਨ ਸਿੰਘ ਕਰਮੂੰਵਾਲਾ ਤੇ ਭਾਈ ਮਨਜੀਤ ਸਿੰਘ ਨੇ ਕੀਤੀ । ਪਰ ਦੂਜੇ ਪਾਸੇ ਸੁਖਦੇਵ ਸਿੰਘ ਭੌਰ ਦੀ ਅਗਵਾਈ ਵਾਲੇ ਪੰਥਕ ਫ਼ਰੰਟ ਵਲੋਂ ਭਾਈ ਲੌਂਗੋਵਾਲ ਦੇ ਮੁਕਾਬਲੇ ਹਲਕਾ ਡੇਰਾ ਬਾਬਾ ਨਾਨਕ ਤੋਂ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਨੂੰ ਆਪਣੇ ਉਮੀਦਵਾਰ ਵਜੋਂ ਪੇਸ਼ ਕੀਤਾ । ਅਖ਼ੀਰ ਪ੍ਰਧਾਨਗੀ ਅਹੁਦੇ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ ਹੋਇਆ । ਅੱਜ ਦੇ ਇਜਲਾਸ 'ਚ ਸ਼ਾਮਿਲ 170 ਮੈਂਬਰਾਂ 'ਚੋਂ 154 ਮੈਂਬਰਾਂ ਨੇ ਆਪਣੀ ਵੋਟ ਅਕਾਲੀ ਦਲ ਬਾਦਲ ਦੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਦਿੱਤੀ ਜਦਕਿ ਸ: ਸ਼ਾਹਪੁਰ ਦੇ ਹਿੱਸੇ ਕੇਵਲ 15 ਵੋਟਾਂ ਹੀ ਆਈਆਂ । ਇਸ ਮੌਕੇ ਇਕ ਸ਼ੋਮਣੀ ਕਮੇਟੀ ਮੈਂਬਰ ਹਰਦੀਪ ਸਿੰਘ ਮੁਹਾਲੀ ਨੇ ਦੋਵਾਂ ਧਿਰਾਂ ਦਾ ਵਿਰੋਧ ਕਰਦਿਆਂ ਆਪਣੀ ਵੋਟ ਕਿਸੇ ਵੀ ਉਮੀਦਵਾਰ ਨੂੰ ਨਹੀਂ ਦਿੱਤੀ । ਇਹ ਵੀ ਜ਼ਿਕਰਯੋਗ ਹੈ ਕਿ ਪ੍ਰਧਾਨਗੀ ਦੌੜ 'ਚ ਪ੍ਰਮੁੱਖ ਦਾਅਵੇਦਾਰ ਸਮਝੇ ਜਾਂਦੇ ਮਾਝੇ ਦੇ ਸੀਨੀਅਰ ਅਕਾਲੀ ਆਗੂ ਜਥੇ: ਸੇਵਾ ਸਿੰਘ ਸੇਖਵਾਂ ਅੱਜ ਚੋਣ ਇਜਲਾਸ 'ਚ ਸ਼ਾਮਿਲ ਹੀ ਨਹੀਂ ਹੋਏ ।

ਪ੍ਰਧਾਨਗੀ ਲਈ ਵੋਟਾਂ ਪੁਆਏ ਜਾਣ ਤੋਂ ਬਾਅਦ ਬਾਕੀ ਤਿੰਨ ਅਹੁਦੇਦਾਰੀਆਂ ਲਈ ਵੋਟਿੰਗ ਨਹੀਂ ਕਰਵਾਈ ਗਈ ਅਤੇ ਸਰਬਸੰਮਤੀ ਨਾਲ ਅਕਾਲੀ ਦਲ ਬਾਦਲ ਨਾਲ ਸਬੰਧਿਤ ਮੈਂਬਰਾਂ 'ਚੋਂ ਰਘੂਜੀਤ ਸਿੰਘ ਵਿਰਕ (ਹਰਿਆਣਾ) ਨੂੰ ਸੀਨੀਅਰ ਮੀਤ ਪ੍ਰਧਾਨ, ਹਰਪਾਲ ਸਿੰਘ ਜੱਲ੍ਹਾ ਨੂੰ ਜੂਨੀਅਰ ਮੀਤ ਪ੍ਰਧਾਨ ਤੇ ਗੁਰਬਚਨ ਸਿੰਘ ਕਰਮੂੰਵਾਲਾ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ । ਜਿਸ ਨੂੰ ਹਾਊੁਸ ਵਲੋਂ ਜੈਕਾਰਿਆਂ ਦੀ ਗੂੰਜ 'ਚ ਪ੍ਰਵਾਨਗੀ ਦਿੱਤੀ ਗਈ ।

ਜਨਰਲ ਇਜਲਾਸ 'ਚ 191 ਮੈਂਬਰਾਂ 'ਚੋਂ 174 ਮੈਂਬਰ ਹਾਜ਼ਰ ਹੋਏ
ਅੱਜ ਹੋਏ ਚੋਣ ਇਜਲਾਸ 'ਚ ਸ਼ੋ੍ਰਮਣੀ ਕਮੇਟੀ ਦੇ 191 ਮੈਂਬਰੀ ਹਾਊਸ 'ਚੋਂ ਕੇਵਲ 174 ਮੈਂਬਰ ਸ਼ਾਮਿਲ ਹੋਏ । ਹਾਊਸ ਦੇ ਮੈਂਬਰ ਸਿੰਘ ਸਾਹਿਬਾਨ ਵਿਚੋਂ ਅੱਜ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੀ ਸ਼ਾਮਿਲ ਹੋਏ ਜਦਕਿ ਪੰਜਾਬ ਤੋਂ ਬਾਹਰਲੇ ਦੋਵਾਂ ਤਖ਼ਤ ਸਾਹਿਬਾਨ ਦੇ ਜਥੇਦਾਰ ਸ਼ਾਮਿਲ ਨਹੀਂ ਹੋਏ । ਜ਼ਿਕਰਯੋਗ ਹੈ ਕਿ ਸਿੰਘ ਸਾਹਿਬਾਨ ਹਾਊਸ ਦੇ ਮੈਂਬਰ ਤਾਂ ਹੁੰਦੇ ਹਨ ਪਰ ਵੋਟਿੰਗ 'ਚ ਹਿੱਸਾ ਨਹੀਂ ਲੈਂਦੇ । ਅੱਜ ਜਥੇਦਾਰ ਸੇਵਾ ਸਿੰਘ ਸੇਖਵਾਂ ਸਮੇਤ 8 ਮੈਂਬਰ .ਗੈਰ-ਹਾਜ਼ਰ ਰਹੇ ।

ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
ਚੋਣ ਉਪਰੰਤ ਨਵੇਂ ਬਣੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ ਅਹੁਦੇਦਾਰ ਸ਼ੁਕਰਾਨੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ । ਪਰ ਇਥੇ ਨਵੀਂ ਚੁਣੀ ਗਈ ਟੀਮ 'ਚ ਪਹਿਲੇ ਦਿਨ ਮਿਲਵਰਤਣ ਵਰਗੀ ਭਾਵਨਾ ਘੱਟ ਹੀ ਨਜ਼ਰ ਆਈ, ਕਿਉਂਕਿ ਨਵੇਂ ਚੁਣੇ ਗਏ ਅਹੁਦੇਦਾਰਾਂ ਦੀ ਟੀਮ ਵਲੋਂ ਪ੍ਰਧਾਨ ਨਾਲ ਮੱਥਾ ਟੇਕਣ ਜਾਣ ਦੀ ਥਾਂ ਆਪੋ ਆਪਣੇ ਹਮਾਇਤੀਆਂ ਨਾਲ ਜਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ । ਬੱਸ ਕੁਝ ਕੁ ਅੰਤ੍ਰਿੰਗ ਮੈਂਬਰ ਹੀ ਮੱਥਾ ਟੇਕਣ ਸਮੇਂ ਪ੍ਰਧਾਨ ਦੇ ਨਾਲ ਸਨ । ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੰ੍ਰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਭਾਈ ਲੌਂਗੋਵਾਲ ਨੂੰ ਸਿਰੋਪਾਓ ਅਤੇ ਫ਼ੁੱਲਾਂ ਦਾ ਸਿਹਰਾ ਭੇਟ ਕਰਕੇ ਸਨਮਾਨਿਤ ਕੀਤਾ ।

ਜਦੋਂ ਕੁਝ ਮਿੰਟਾਂ ਲਈ ਅੰਤ੍ਰਿੰਗ ਕਮੇਟੀ ਮੈਂਬਰ ਬਣੇ ਜਰਨੈਲ ਸਿੰਘ ਕਰਤਾਰਪੁਰ ਇਜਲਾਸ ਦੌਰਾਨ ਦਿਲਚਸਪ ਗੱਲ ਇਹ ਰਹੀ ਕਿ ਨਵੇਂ ਪ੍ਰਧਾਨ ਵਲੋਂ ਆਪਣੀ 11 ਮੈਂਬਰੀ ਅੰਤਿ੍ੰਗ ਕਮੇਟੀ 'ਚ 11ਵੇਂ ਮੈਂਬਰ ਵਜੋਂ ਜਰਨੈਲ ਸਿੰਘ ਕਰਤਾਰਪੁਰ ਨੂੰ ਸ਼ਾਮਿਲ ਕਰਨ ਦਾ ਐਲਾਨ ਕਰਕੇ ਜੈਕਾਰਾ ਬੁਲਾ ਦਿੱਤਾ ਗਿਆ, ਪਰ ਬਾਅਦ 'ਚ ਸ: ਭੌਰ ਵਾਲੇ ਵਿਰੋਧੀ ਧੜੇ ਵਲੋਂ ਆਪਣਾ ਇਕ ਮੈਂਬਰ ਅੰਤਿ੍ਰਗ ਕਮੇਟੀ 'ਚ ਸ਼ਾਮਿਲ ਕਰਨ ਲਈ ਜ਼ੋਰ ਪਾਉਣ 'ਤੇ ਪ੍ਰਧਾਨਗੀ ਚੋਣ ਹਾਰਨ ਵਾਲੇ ਅਮਰੀਕ ਸਿੰਘ ਸ਼ਾਹਪੁਰ ਨੂੰ ਸ਼ਾਮਿਲ ਕਰ ਲਿਆ ਗਿਆ ਤੇ ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਕਿ ਜਰਨੈਲ ਸਿੰਘ ਕਰਤਾਰਪੁਰ ਦਾ ਨਾਂਅ ਵਾਪਸ ਲਿਆ ਜਾਂਦਾ ਹੈ ।

ਕਈਆਂ ਦੇ ਚਿਹਰੇ ਖਿੜ੍ਹੇ ਤੇ ਕਈਆਂ ਦੇ ਮੁਰਝਾਏ
ਇਸ ਵਾਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਕਈ ਹਫ਼ਤਿਆਂ ਤੋਂ ਉਤਸੁਕ ਧਾਰਮਿਕ ਤੇ ਸਿਆਸੀ ਆਗੂਆਂ ਤੇ ਮੀਡੀਆ ਕਰਮੀਆਂ ਨੂੰ ਉਸ ਸਮੇਂ ਕਾਫ਼ੀ ਹੈਰਾਨੀ ਹੋਈ ਜਦੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਅਹੁਦੇਦਾਰਾਂ ਦੀ ਚੋਣ ਲਈ ਸਰਬਸੰਮਤੀ ਨਾਲ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੇਵਲ ਪ੍ਰਧਾਨ ਹੀ ਨਹੀਂ ਬਲਕਿ ਬਾਕੀ ਅਹੁਦੇਦਾਰਾਂ ਤੇ ਸਮੁੱਚੀ ਅੰਤ੍ਰਿੰਗ ਕਮੇਟੀ ਨੂੰ ਹੀ ਬਾਹਰ ਦਾ ਰਸਤਾ ਵਿਖਾ ਦਿੱਤਾ । ਇਸ ਕਾਰਨ ਜਿਥੇ ਪ੍ਰਧਾਨਗੀ, ਹੋਰ ਅਹੁਦੇਦਾਰੀਆਂ ਤੇ ਅੰਤਿ੍ੰਗ ਕਮੇਟੀ ਮੈਂਬਰੀਆਂ ਦੇ ਚਾਹਵਾਨਾਂ ਦੇ ਚਿਹਰੇ ਇਕਦਮ ਮੁਰਝਾ ਗਏ, ਉਥੇ ਨਵੇਂ ਬਣੇ ਅਹੁਦੇਦਾਰਾਂ ਤੇ ਮੈਂਬਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਚਿਹਰੇ ਖਿੜ੍ਹ ਉੱਠੇ । ਇਸੇ ਤਰ੍ਹਾਂ ਜਿਉਂ ਹੀ ਚੁਣੇ ਗਏ ਅਹੁਦੇਦਾਰ ਜਦੋਂ ਸਮੁੰਦਰੀ ਹਾਲ ਤੋਂ ਹੇਠਾਂ ਆਏ ਤਾਂ ਉਨ੍ਹਾਂ ਦੇ ਆਪੋ ਆਪਣੇ ਸਮਰਥਕ ਸਿਰੋਪਾਓ ਤੇ ਲੱਡੂ ਬਰਫ਼ੀਆਂ ਦੇ ਡੱਬੇ ਚੁੱਕੀ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਉਡੀਕ ਰਹੇ ਸਨ ।

ਬੀਬੀਆਂ ਨੂੰ ਮਿਲੀ 'ਸਵਾ ਲੱਖ' ਪ੍ਰਤੀਨਿਧਤਾ
ਸ਼ੋ੍ਰਮਣੀ ਕਮੇਟੀ ਜਿਸ ਦੇ ਕਿ ਬੀਬੀ ਜਗੀਰ ਕੌਰ ਨੂੰ ਦੋ ਵਾਰ ਪ੍ਰਧਾਨ ਹੋਣ ਦਾ ਮਾਣ ਹਾਸਲ ਹੋਇਆ ਹੈ ਤੇ ਇਸ ਦੀਆਂ 30 ਤੋਂ ਵਧੇਰੇ ਬੀਬੀਆਂ ਮੈਂਬਰ ਹਨ, ਵਿਚੋਂ ਕੇਵਲ ਇਕ ਬੀਬੀ ਗੁਰਮੀਤ ਕੌਰ ਕਪੂਰਥਲਾ ਨੂੰ ਹੀ ਅੰਤਿ੍ਗ ਕਮੇਟੀ 'ਚ ਪ੍ਰਤੀਨਿਧਤਾ ਦਿੱਤੀ ਗਈ ਹੈ ।

ਚੋਣ ਦੀ ਦੇਖ-ਰੇਖ ਲਈ ਪੁੱਜੇ ਡਾ: ਦਲਜੀਤ ਸਿੰਘ ਚੀਮਾ ਤੇ ਮਲੂਕਾ
ਅੱਜ ਹੋਈ ਸ਼ੋ੍ਰਮਣੀ ਕਮੇਟੀ ਦੀ ਚੋਣ ਦੀ ਦੇਖ-ਰੇਖ ਲਈ ਅਤੇ ਅਹੁਦੇਦਾਰਾਂ ਦੇ ਨਾਵਾਂ ਦੀ ਸੂਚੀ ਲੈ ਕੇ ਪੁੱਜੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ: ਦਲਜੀਤ ਸਿੰਘ ਚੀਮਾ ਚੋਣ ਵਾਲੇ ਸਮੁੰਦਰੀ ਹਾਲ ਤੋਂ ਬਾਹਰ ਕਮਰੇ 'ਚ ਬੈਠੇ ਰਹੇ । ਜਿਉਂ ਹੀ ਚੋਣ ਉਪਰੰਤ ਨਵੇਂ ਪ੍ਰਧਾਨ ਭਾਈ ਲੌਂਗੋਵਾਲ ਬਾਹਰ ਆਏ ਤਾਂ ਡਾ: ਚੀਮਾ ਤੇ ਸੀਨਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਤੇ ਮੂੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦਿੱਤੀ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top