Share on Facebook

Main News Page

ਡਾ: ਦਿਲਗੀਰ ਵਲੋਂ ਕਚਹਿਰੀ ਦਾ ਰੁੱਖ ਕਿਉਂ ?
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

"ਇਸ ਪਰ ਭੀ ਭਾਰੀ ਖੇਦ ਹੈ ਕਿ ਸਾਡੀ ਕੌਮ ਵਿੱਚ ਪਰਮਾਰਥ ਗਯਾਤਾ, ਸਤਯ (ਸੱਚ) ਦੇ ਖੋਜੀ ਬਹੁਤ ਹੀ ਘੱਟ ਹਨ, ਸਗੋਂ ਖੋਜੀਆ ਦੇ ਵੈਰੀ ਅਤੇ ਯਥਾਰਥ (ਸੱਚਾਈ) ਲਿਖਣ ਜਾਂ ਕਹਿਣ ਵਾਲਿਆਂ ਨੂੰ ਨਾਸਤਕ ਆਖਣ ਵਾਲਿਆਂ ਦੀ ਗਿਣਤੀ ਬਹੁਤੀ ਹੈ।" ਗੁਰਮਤ ਮਾਰਤੰਡ, ਭਾਗ ਪਹਿਲਾ, ਪੰਨਾ ੳ-ਅ

“The orthodox clerics emphatically profess superstitions, myths, stigmas, taboos and prejudices as an integral part of holy gospel to garnish support of the gullible religious flocks. Because of the religious flocks’ gullibility the orthodoxy has always been in control of the seats of power of the religious institutions. In the annals of human history there have been instances of orthodox clerics of every religion persecuting rational minded people who had the spiritual awareness and gumption to challenge formers' occult dogmas and religiosity.” { Excommunication by Charnjit Singh Bal from sikhsundesh.net}

ਧਰਮ ਦੇ ਰਾਖਿਆਂ ਦਾ ਨਿਸ਼ਾਨਾਂ ਜਦੋਂ ਧਰਮ ਪ੍ਰਚਾਰ ਨਾ ਰਹਿ ਕੇ ਕੇਵਲ ਆਪਣੀ ਹਸਤੀ ਨੂੰ ਬਣਾਈ ਰੱਖਣ ਲਈ ਰਾਜਨੀਤਕ ਲੋਕਾਂ ਨੂੰ ਪ੍ਰਸੰਨ ਕਰਨਾ ਰਹਿ ਜਾਏ, ਭਾਵੇਂ ਅਜਿਹਾ ਕਰਨ ਨਾਲ਼ ਧਰਮ ਦੀ ਅਧੋਗਤੀ ਕਿਉਂ ਨਾ ਹੁੰਦੀ ਹੋਵੇ, ਤਾਂ ਧਰਮ ਨੂੰ ਮੰਨਣ ਵਾਲ਼ਿਆਂ ਦੇ ਅੰਦਰ ਕ੍ਰਾਂਤੀ ਦਾ ਜਨਮ ਹੋਣਾ ਕੁਦਰਤੀ ਪ੍ਰਕਿਰਿਆ ਹੈ।

ੳ). ਸੁਕਰਾਤ ਨਾਲ਼ ਕੀ ਬੀਤੀ!

ਯੂਨਾਨ ਦੇ ਪ੍ਰਸਿੱਧ ਦਾਰਸ਼ਨਿਕ ਸੁਕਰਾਤ ਨੇ ਉਸ ਸਮੇਂ ਸਨਾਤਨਵਾਦ ਦੀਆਂ ਸਮਾਜਿਕ ਅਤੇ ਧਾਰਮਿਕ ਕੁਰੀਤੀਆਂ ਵਿਰੁੱਧ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ ਤਾਂ ਧਰਮ ਦੇ ਠੇਕੇਦਾਰ ਸੁਕਰਾਤ ਵਿਰੁੱਧ ਲਾਮਵੰਦ ਹੋ ਗਏ। ਉਨ੍ਹਾਂ ਨੇ, ਸੱਚ ਦੀ ਆਵਾਜ਼ ਨੂੰ ਪਛਾਨਣ ਤੋਂ ਬਿਨਾਂ ਹੀ, ਦੁਨਿਆਵੀ ਕਚਹਿਰੀ ਦਾ ਸਹਾਰਾ ਲੈਂਦਿਆਂ ਸੁਕਰਾਤ ਵਿਰੁੱਧ ਮੁਕੱਦਮਾ ਕਰ ਦਿੱਤਾ। ਸੁਕਰਾਤ ਨੂੰ ਸਜ਼ਾ ਵਜੋਂ ਜ਼ਹਰ ਦਾ ਪਿਆਲਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਰ ਉਸ ਦੀ ਦਾਰਸ਼ਨਿਕ ਸੋਚ ਨੂੰ ਮੌਤ ਮਾਰ ਨਹੀਂ ਸਕੀ। ਸੁਕਰਾਤ ਦੇ ਚੇਲੇ ਅਫ਼ਲਾਤੂਨ ਨੇ 40 ਸਾਲ ਸੁਕਰਾਤ ਦੇ ਕ਼ਦਮ ਚਿਨ੍ਹਾਂ ਉੱਤੇ ਚੱਲਦਿਆਂ ਇੱਕ ਅਕੈਡਮੀ ਖੋਲ੍ਹੀ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੁਕਰਾਤ ਦੇ ਅਨੁਯਾਈ ਪੈਦਾ ਹੋ ਗਏ। ਅੱਜ ਸਾਰੀ ਦੁਨੀਆਂ ਵਿੱਚ ਸੁਕਰਾਤ ਦੀ ਦਾਰਸ਼ਨਿਕਤਾ ਦੀ ਜੈ ਜੈਕਾਰ ਹੋ ਰਹੀ ਹੈ ਅਤੇ ਸੰਸਾਰ ਦੀ ਹਰ ਵੱਡੀ ਲਾਇਬ੍ਰੇਰੀ ਵਿੱਚ ਸੁਕਰਾਤ ਦੀ ਦਾਰਸ਼ਨਿਕਤਾ ਦੀਆਂ ਪੁਸਤਕਾਂ ਮੌਜੂਦ ਹਨ ਅਤੇ ਪੜ੍ਹੀਆਂ ਜਾ ਰਹੀਆਂ ਹਨ।

ਅ). ਗਲੀਲੀਓ ਗਲੀਲੀ ਨਾਲ਼ ਕੀ ਬੀਤੀ!

ਕੈਥੋਲਿਕ ਆਰਥੋਡਕਸੀ ਨੇ ਪ੍ਰਸਿੱਧ ਸਾਇੰਸਦਾਨ ਗਲੀਲੀਓ ਗਲੀਲੀ(1564-1642 AD) {Galileo Galilei was an Italian polymath. Galileo is a central figure in the transition from natural philosophy to modern science and in the transformation of the scientific Renaissance into a scientific revolution.}  ਨੂੰ ਸੰਨ 1632 ਵਿੱਚ ਜੀਵਨ ਭਰ ਲਈ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਸੀ। ਉਸ ਨੇ ਕੋਪਰਨੀਕਨ ਥੀਉੂਰੀ ਦੀ ਹਮਾਇਤ ਕੀਤੀ ਸੀ ਜਿਸ ਅਨੁਸਾਰ ਧਰਤੀ ਆਪਣੇ ਧੁਰੇ ਦੁਆਲ਼ੇ ਘੁੰਮਦੀ ਹੈ ਅਤੇ ਗ੍ਰਹਿ ਸੂਰਜ ਦੇ ਇਰਦ ਗਿਰਦ ਘੁੰਮਦੇ ਹਨ। ਇਹ ਇੱਕ ਸੱਚਾਈ ਸੀ ਜਿਸ ਨੂੰ ਉਸ ਸਮੇਂ ਦੇ ਧਰਮ ਦੇ ਠੇਕੇਦਾਰਾਂ ਨੇ ਨਾ ਸਮਝਿਆ ਅਤੇ ਗਲੀਲੀਓ ਨੂੰ ਨਾਜਾਇਜ਼ ਸਜ਼ਾ ਦੇ ਦਿੱਤੀ।

ੲ). ਛੇਕਣ ਦੇ ਗ਼ਲਤ ਫ਼ੈਸਲੇ ਵਾਪਸ ਵੀ ਹੋ ਸਕਦੇ ਹਨ!

ਗਿਆਨੀ ਪੂਰਨ ਸਿੰਘ ਵਲੋਂ ਛੇਕੇ ਕਈ ਵਿਅੱਕਤੀਆਂ ਵਾਲ਼ੇ ਹੁਕਮ ਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ ਸੀ। ਗਿਆਨੀ ਪੂਰਨ ਸਿੰਘ ਨੇ, 25 ਜਨਵਰੀ 2000 ਨੂੰ ਪੰਜ ਸਿੰਘਾਂ ਨਾਲ਼ ਰਲ਼ ਕੇ ਪ੍ਰੋ. ਮੰਜੀਤ ਸਿੰਘ, ਗਿਆਨੀ ਕੇਵਲ ਸਿੰਘ, ਬੀਬੀ ਜਗੀਰ ਕੌਰ, ਜਸਵਿੰਦਰ ਸਿੰਘ ਵਕੀਲ , ਪ੍ਰੀਤਮ ਸਿੰਘ ਭਾਟੀਆ ਮੈਂਬਰ ਸ਼੍ਰੋ. ਕਮੇਟੀ, ਗਿਆਨੀ ਭਗਵਾਨ ਸਿੰਘ ਮੁੱਖ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਨੂੰ ਕਈ ਹੋਰ ਸਿੰਘਾਂ ਸਮੇਤ ਛੇਕ ਦਿੱਤਾ ਸੀ।

ਸ). ਪ੍ਰੋ. ਗੁਰਮੁਖ ਸਿੰਘ ਨੂੰ ਛੇਕਿਆ!

ਸੰਨ 1887 ਵਿੱਚ ਸਿੰਘ ਸਭਾ ਅੰਮ੍ਰਿਤਸਰ ਦੇ ਸਿੱਖ ਪ੍ਰਚਾਰਕ ਪ੍ਰੋ. ਗੁਰਮੁਖ ਸਿੰਘ ( ਖ਼ਾਲਸਾ ਕਾਲਿਜ ਅੰਮ੍ਰਿਤਸਰ ਬਣਾਉਣ ਦੇ ਨਿਸ਼ਾਨੇ ਵਲ ਵਧ ਰਹੇ) ਨੂੰ ਆਪਣੇ ਆਪ ਨੂੰ ਗੁਰੂ ਸਮਝ ਕੇ ਗੱਦੀ ਲਾ ਲੇ ਬੈਠਣ ਵਾਲ਼ੇ ਅਤੇ ‘ਹਮ ਹਿੰਦੂ ਹੈਂ’ ਪੁਸਤਕ ਲਿਖਣ ਵਾਲ਼ੇ ਭਾਈ ਖੇਮ ਸਿੰਘ ਬੇਦੀ ਵਲੋਂ ਛੇਕਣ ਦੀ ਕਾਰਵਾਈ ਧਰਮ ਦੇ ਠੇਕੇਦਾਰਾਂ ਵਲੋਂ ਕੀਤੀ ਵਧੀਕੀ ਦੀ ਮੂੰਹ ਬੋਲਦੀ ਤਸਵੀਰ ਹੈ। ਛੇਕਣ ਦੀ ਇਸ ਕਾਰਵਈ ਦੀਆਂ ਗਿਆਨੀ ਦਿੱਤ ਸਿੰਘ ਵਲੋਂ ਅਖ਼ਬਾਰਾਂ ਰਾਹੀਂ ਧਜੀਆਂ ਉਡਾਈਆਂ ਗਈਆਂ ਸਨ ਭਾਵੇਂ ਇਸ ਬਦਲੇ ਉਸ ਨੂੰ ਵੀ ਤੰਗ ਅਤੇ ਪ੍ਰੇਸ਼ਾਨ ਕੀਤਾ ਗਿਆ। ਪ੍ਰੋ. ਮੰਜੀਤ ਸੰਘ ਨੇ ਸੰਨ 1995 ਵਿੱਚ ਛੇਕਣ ਦੇ ਕੀਤੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਸੀ।

ਜਾਪਦਾ ਹੈ ਕਿ ਸਿੱਖ ਧਰਮ ਦੇ, ਸਿੱਖਾਂ ਵਲੋਂ ਚੁਣੇ ਹੋਏ, ਰਾਖੇ ਵੀ ਉਨ੍ਹਾਂ ਹੀ ਲੀਹਾਂ ਉੱਤੇ ਚੱਲ ਰਹੇ ਹਨ ਜਿਨ੍ਹਾਂ ਲੀਹਾਂ ਉੱਤੇ ਸੁਕਰਾਤ ਅਤੇ ਗਲੀਲੀਓ ਵਰਗੇ ਦਾਰਸ਼ਨਿਕ ਅਤੇ ਵਿਗਿਆਨੀਆਂ ਵਲੋਂ ਉਠਾਈ ਸੱਚ ਦੀ ਆਵਾਜ਼ ਨੂੰ ਪਛਾਣਨ ਤੋਂ ਬਿਨਾਂ ਹੀ ਉਨ੍ਹਾਂ ਨੂੰ ਨਾਜਾਇਜ਼ ਸਜ਼ਾਵਾਂ ਦਿੱਤੀਆਂ ਗਈਆਂ ਸਨ।

ਹ). ਗਿਆਨੀ ਭਾਗ ਸਿੰਘ ਅਬਾਲ਼ਾ ਨੂੰ ਛੇਕਿਆ ਗਿਆ:

ਗਿਆਨੀ ਭਾਗ ਸਿੰਘ ਅੰਬਾਲ਼ਾ, ਲਿਖਾਰੀ ‘ਕੇਸ਼ ਵਿਸ਼ੇਸ਼ਤਾ’ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਸ਼ਵੱਟੀ ਮੰਨ ਕੇ ਇੱਕ ਪੁਸਤਕ ‘ਦਸ਼ਮ ਗ੍ਰੰਥ ਨਿਰਣੈ’ ਲਿਖੀ। ਇਸ ਪੁਸਤਕ ਰਾਹੀਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਮਾਣ ਦੇ ਕੇ, ਲਿਖਿਆ ਗਿਆ ਕਿ ਨਿੱਤ-ਨੇਮ ਵਿੱਚ ਪਾਈਆਂ ਵਾਧੂ ਰਚਨਾਵਾਂ ਗੁਰੂ ਕ੍ਰਿਤ ਨਹੀਂ ਹਨ। ਬਿਨਾਂ ਕਿਸੇ, ਸਿੱਖ ਵਿਦਵਾਨਾਂ ਦੀ ਕਮੇਟੀ ਵਲੋਂ, ਛਾਣ-ਬੀਣ ਦੇ ਗਿਆਨੀ ਜੀ ਨੂੰ ਮੁੱਖ ਸੇਵਾਦਾਰ ਗਿਆਨੀ ਸਾਧੂ ਸਿੰਘ ਭੌਰਾ ਵਲੋਂ ਸਿੱਖ ਪੰਥੀਆਂ ਵਿੱਚੋਂ ਸੰਨ 1977 ਵਿੱਚ ਛੇਕ ਦਿੱਤਾ ਗਿਆ। ਅਜਿਹਾ ਕਰ ਕੇ ਦਸ਼ਮ ਗ੍ਰੰਥ ਵਿਵਾਦ ਦਾ ਮਸਲਾ ਹੱਲ ਨਾ ਹੋ ਸਕਿਆ ਜਦੋਂ ਕਿ ਇਸ ਮੌਕੇ ਕੋਈ ਠੋਸ ਯਤਨ ਕੀਤਾ ਜਾਂਦਾ ਤਾਂ ਅਗਾਂਹ ਸਿੱਖਾਂ ਨੂੰ ਸਹੀ ਸੇਧ ਮਿਲ਼ ਗਈ ਹੁੰਦੀ।ਗਿਆਨੀ ਭਾਗ ਸਿੰਘ ਵਲੋਂ ਬੋਲੇ ਸੱਚ ਨੂੰ ਅਣਗੌਲ਼ਿਆਂ ਕਰ ਦਿੱਤਾ ਗਿਆ। ਗਿਆਨੀ ਭਾਗ ਸਿੰਘ ਅੰਬਾਲ਼ਾ ਦੀ ਸੋਚ ਮਾਰੀ ਨਾ ਜਾ ਸਕੀ। ਗਿਆਨੀ ਸੰਤ ਸਿੰਘ ਮਸਕੀਨ ਦੀ ਗਿਆਨੀ ਭਾਗ ਸਿੰਘ ਨਾਲ਼ ਜ਼ਾਤੀ ਰੰਜਸ਼ ਵੀ ਸੀ ਜਿਸ ਕਾਰਣ ਉਸ ਨੇ ਗਿਆਨੀ ਚੇਤ ਸਿੰਘ ਨਾਲ਼ ਮਿਲ਼ ਕੇ ਗਿਆਨੀ ਸਾਧੂ ਸਿੰਘ ਭੌਰਾ ਨੂੰ ਛੇਕਣ ਦੀ ਕਾਰਵਾਈ ਲਈ ਉਕਸਾਇਆ। ਆਪਸੀ ਮਿਲ਼ ਬੈਠ ਕੇ ਫ਼ੈਸਲੇ ਕਰਨ ਦੀਆਂ ਗੱਲਾਂ ਕਰਨ ਵਾਲ਼ੇ ਸੱਜਣ ਗਿਆਨੀ ਭਾਗ ਸਿੰਘ ਨੂੰ ਛੇਕੇ ਜਾਣ ਤੋਂ ਬਚਾ ਨਹੀਂ ਸਕੇ।

ਕ). ਗਿਆਨੀ ਗੁਰਬਖ਼ਸ਼ ਸਿੰਘ ਕਾਲ਼ਾ ਅਫ਼ਗਾਨਾ ਨੂੰ ਛੇਕਿਆ!

ਸੰਨ 1895 ਵਿੱਚ ਕਾਲ਼ਾ ਅਫ਼ਗਾਨਾ ਨੂੰ ਸ਼੍ਰੀ ਦਰਬਾਰ ਸਾਹਿਬ ਦਾ ਗ੍ਰੰਥੀ ਲਾਇਆ ਗਿਆ। ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਡਾ. ਅਮਰਜੀਤ ਸਿੰਘ ਨੇ ‘ਗੁਰਬਿਲਾਸ ਪਾਤਿਸ਼ਾਹੀ 6’ ਪੁਸਤਕ ਨੂੰ ਸੰਪਾਦਿਤ ਕਰ ਕਕੇ ਸ਼੍ਰੋ. ਕਮੇਟੀ ਰਾਹੀਂ ਛਪਵਾਇਆ। ਕਾਲ਼ਾ ਅਖ਼ਗਾਨਾ ਨੇ ਇਸ ਪੁਸਤਕ ਗੁਰਬਿਲਾਸ ਦਾ ਆਲੋਚਨਾਤਕ ਅਧਿਅਨ ਕਰ ਕੇ ਛਪਵਾਇਆ ਜਿਸ ਨਾਲ਼ ਵੇਦਾਂਤੀ ਨੂੰ ਦੁੱਖ ਹੋਇਆ ਕਿਉਂਕਿ ਕਾਲ਼ਾ ਅਖ਼ਗਾਨਾ ਨੇ ਪੁਸਤਕ ਪ੍ਰਤੀ ਸੱਚ ਅਤੇ ਝੂਠ ਦਾ ਨਿਤਾਰਾ ਕੀਤਾ ਸੀ ਅਤੇ ਦੱਸਿਆ ਸੀ ਕਿ ਇਹ ਪੁਸਤਕ ਸਿੱਖੀ ਵਿਰੋਧੀ ਹੈ ਪਰ ਵੇਦਾਂਤੀ ਵਲੋਂ ਇਸ ਪੁਸਤਕ ਵਿੱਚ ਮਨਮਤਿ ਦੀਆਂ ਗੱਲਾਂ ਦਾ ਕੋਈ ਨੋਟਿਸ ਨਹੀਂ ਲਿਆ ਗਿਆ ਸੀ।

ਜਥੇਦਾਰ ਬਣ ਕੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿੜ ਕੱਢਦਿਆਂ ਕਾਲ਼ਾ ਅਖ਼ਗਾਨਾ ਨੂੰ ਵੀ ਛੇਕ ਦਿੱਤਾ । ਛੇਕਣ ਦੀ ਕਾਰਵਾਈ ਵਿੱਚ ਗੁਰਚਰਨਜੀਤ ਸਿੰਘ ਲਾਂਬਾ, ਗਿ. ਜੋਗਿੰਦਰ ਸਿੰਘ ਤਲਵਾੜਾ ਅਤੇ ਸ. ਰਤਿੰਦਰ ਸਿੰਘ ਨੇ, ਮਿਲ਼ ਬੈਠ ਕੇ ਹੱਲ ਕੱਢਣ ਦੀ ਵਜਾਏ, ਓਹੀ ਰੋਲ ਅਦਾ ਕੀਤਾ ਜੋ ਮਸਕੀਨ ਅਤੇ ਗਿਆਨੀ ਚੇਤ ਸਿੰਘ ਨੇ ਗਿਆਨੀ ਭਾਗ ਸਿੰਘ ਅੰਬਾਲ਼ਾ ਨੂੰ ਛੇਕੇ ਜਾਣ ਵਿੱਚ ਕੀਤਾ ਸੀ { ਪੜ੍ਹੋ ਸਿੱਖਸੰਦੇਸ਼ਡਾਟਨੈੱਟ ਉੱਤੇ ਪਈਆਂ ਲਿਖਤਾਂ ਵਿੱਚ excommunication by Charnjit Singh Bal} ਆਪਸੀ ਮਿਲ਼ ਬੈਠ ਕੇ ਪੰਥਕ ਮਸਲੇ ਹੱਲ ਕਰਨ ਦੀ ਰੱਟ ਲਾਉਣ ਵਾਲ਼ਿਆਂ ਵਲੋਂ ਕਾਲ਼ਾ ਅਖ਼ਗਾਨਾ ਨੂੰ ਛੇਕੇ ਜਾਣ ਤੋਂ ਬਚਾਇਆ ਨਹੀਂ ਜਾ ਸਕਿਆ। ਗੁਰ ਬਿਲਾਸ ਪਾਤਿਸ਼ਾਹ 6 ਦੀ ਅਸਲੀਅਤ ਹੁਣ ਸੱਭ ਨੂੰ ਸਮਝ ਵਿੱਚ ਆ ਚੁੱਕੀ ਹੈ ਕਿ ਇਹ ਬ੍ਰਾਹਮਣਵਾਦੀ ਪੁਸਤਕ ਹੈ ਜੋ ਸਿੱਖੀ ਦਾ ਘਾਣ ਕਰਨ ਲਈ ਹੀ ਲਿਖੀ ਗਈ ਹੈ, ਕਾਲ਼ਾ ਅਫ਼ਗਾਨਾ ਨੇ ਇਹ ਠੀਕ ਲਿਖਿਆ ਸੀ। ਇਸ ਪੁਸਤਕ ਵਿੱਚ ਹੀ ਲਿਖਿਆ ਗਿਆ ਹੈ ਦਰਬਾਰ ਸਾਹਿਬ ਸਿੱਖਾਂ ਦਾ ਗੁਰਦਵਾਰਾ ਨਹੀਂ ਸਗੋਂ ਇੱਕ ਵਿਸ਼ਣੂ ਮੰਦਰ ਹੈ, ਮਾਤਾ ਗੰਗਾ ਜੀ ਨੂੰ, ਭਾਈ ਬੁੱਢਾ ਜੀ ਤੋਂ ਵਰ ਲੈਣ ਸਮੇਂ, ਪੇਟ ਵਿੱਚ ਹਵਾ ਭਰ ਜਾਣ ਦੀ ਗੱਲ ਵੀ ਇਸੇ ਗ੍ਰੰਥ ਵਿੱਚ ਹੀ ਲਿਖੀ ਗਈ ਹੈ ਅਤੇ ਹੋਰ ਬਹੁਤ ਕੁੱਝ ਅਜਿਹਾ ਹੀ ਹੈ।

ਖ). ਸ. ਜੋਗਿੰਦਰ ਸਿੰਘ (ਸਪੋਕਸਮੈਨ) ਨੂੰ ਵੀ ਛੇਕਣ ਦੇ ਕੁਹਾੜੇ ਨਾਲ਼ ਹੀ ਨਜਿੱਠਿਆ ਗਿਆ।

ਸ. ਜੋਗਿੰਦਰ ਸਿੰਘ (ਸਪੋਕਸਮੈਨ) ਨੂੰ ਕਾਲ਼ਾ ਅਫ਼ਗਾਨਾ ਦੀ ਹਮਾਇਤ ਵਿੱਚ ਸੱਚ ਬੋਲਣ ਉਪਰੰਤ ਛੇਕ ਦਿੱਤਾ ਗਿਆ। ਅਪਸੀ ਮਿਲ਼ ਬੈਠ ਕੇ ਸਿੱਖ ਮਸਲੇ ਹੱਲ ਕਰਨ ਦੀ ਰਟ ਲਾਉਣ ਵਾਲ਼ਿਆਂ ਵਲੋਂ ਕੋਈ ਦਖ਼ਲ ਨਹੀਂ ਦਿੱਤਾ ਗਿਆ, ਭਾਵ, ਛੇਕਣ ਤੋਂ ਕਿਸੇ ਨੂੰ ਬਚਾਇਆ ਨਹੀਂ ਜਾ ਸਕਿਆ।

ਗ). ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਛੇਕਿਆ ਗਿਆ!

ਸ਼੍ਰੀ ਗੁਰੂ ਗ੍ਰੰਥ ਸਾਹਬ ਦਾ ਸੱਚ ਦਾ ਸੰਦੇਸ਼ ਦੇਣ ਵਾਲ਼ਿਆਂ ਨੂੰ ਛੇਕਣ ਦੀ ਪ੍ਰਕਿਰਿਆ ਨੂੰ ਕੋਈ ਵੀ ਧਿਰ ਨਹੀਂ ਰੋਕ ਸਕੀ, ਭਾਵੇਂ, ਆਪਸੀ ਮਿਲ਼ ਬੈਠ ਕੇ ਮਸਲੇ ਹੱਲ ਕਰਨ ਦੀਆਂ ਹਾਮੀ ਧਿਰਾਂ ਅੱਜ ਵੀ ਇਹੀ ਰਾਗ ਆਲਾਪ ਰਹੀਆਂ ਹਨ ਪਰ ਕਰ ਕੁੱਝ ਵੀ ਨਹੀਂ ਰਹੀਆਂ।

ਪ੍ਰੋ. ਦਰਸ਼ਨ ਸਿੰਘ ਨੇ ਦਸ਼ਮ ਗ੍ਰੰਥ ਦੀਆਂ ਚਰਿੱਤ੍ਰੋ ਪਾਖਿਯਨ ਦੀਆਂ ਕਹਾਣੀਆਂ ਰਾਹੀਂ ਕੀਤੀ ਜਾ ਰਹੀ ਦਸਵੇਂ ਗੁਰੂ ਜੀ ਦੀ ਬੇਅਦਵੀ ਨੂੰ ਰੋਕਣ ਲਈ ਸਿੱਖ ਸੰਗਤਾਂ ਨੂੰ ਸੁਚੇਤ ਹੋਣ ਦਾ ਸੱਦਾ ਦਿੱਤਾ ਸੀ। ਇਹ ਕੋਈ ਮਾੜੀ ਗੱਲ ਨਹੀਂ ਸੀ। ਗਿਆਨੀ ਭਾਗ ਸਿੰਘ ਨੂੰ ਛੇਕਣ ਤੋਂ ਬਾਅਦ ਇਹ ਇੱਕ ਹੋਰ ਮੌਕਾ ਸੀ ਜਦੋਂ ਸਿੱਖ ਕੌਮ ਨੂੰ ਦਸਮ ਗ੍ਰੰਥ ਦੇ ਵਾਦ-ਵਿਵਾਦ ਵਿੱਚੋਂ, ਸਿੱਖ ਵਿਦਵਾਨਾਂ ਦੀ ਕੋਈ ਕਮੇਟੀ ਬਣਾ ਕੇ ਜਾਂ ਸੈਮੀਨਾਰ ਆਯੋਜਿਤ ਕਰ ਕੇ , ਕੱਢਿਆ ਜਾ ਸਕਦਾ ਸੀ, ਪਰ ਅਜਿਹਾ ਨਹੀਂ ਕੀਤਾ ਗਿਆ। ਮਿਲ਼ ਬੈਠ ਕੇ ਮਸਲੇ ਹੱਲ ਕਰਨ ਦਾ ਹੋਕਾ ਦੇਣ ਵਾਲੀ ਕੋਈ ਵੀ ਧਿਰ ਮਸਲਾ ਹੱਲ ਕਰਵਾਉਣ ਲਈ ਸਾਮ੍ਹਣੇ ਨਹੀਂ ਆਈ। ਛੇਕਣ ਦਾ ਕੁਹਾੜਾ ਪ੍ਰੋ. ਦਰਸ਼ਨ ਸਿੰਘ ਉੱਤੇ ਵੀ 29 ਜਨਵਰੀ 2010 ਨੂੰ ਚਲਾ ਦਿੱਤਾ ਗਿਆ।

ਘ). ਡਾ. ਹਰਜਿੰਦਰ ਸਿੰਘ ਦਿਲਗੀਰ ਉੱਤੇ ਸਖ਼ਤੀ ਅਤੇ ਪਾਬੰਦੀਆਂ!

ਡਾ. ਹਰਜਿੰਦਰ ਸਿੰਘ ਦਿਲਗੀਰ , ਪ੍ਰਸਿੱਧ ਇਤਿਹਾਸਕਾਰ, ਨਾਲ਼ ਵੀ ਛੇਕਣ ਵਰਗੀ ਹੀ ਕਾਰਵਾਈ ਕੀਤੀ ਜਾ ਚੁੱਕੀ ਹੈ। ਸਿੱਖ ਕੌਮ ਲਈ ਇਹ ਕਦੇ ਵੀ ਲਾਹੇਵੰਦ ਨਹੀਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲ਼ਿਆਂ ਜਾਗਰੂਕ ਸਿੱਖ ਵਿਦਵਾਨਾਂ ਨੂੰ ਸਿੱਖੀ ਮੁੱਖ ਧਾਰਾ ਵਿੱਚੋਂ ਬਾਹਰ ਕੱਢ ਦਿਓ।

ਙ). ਮਸਲੇ!

ਮਸਲੇ ਕਿਸੇ ਨੂੰ ਛੇਕਣ ਜਾਂ ਜਾਨੋ ਮਾਰ ਦੇਣ ਨਾਲ਼ ਵੀ ਹੱਲ ਨਹੀਂ ਹੁੰਦੇ। ਦਸ਼ਮ ਗ੍ਰੰਥ ਦਾ ਵਿਵਾਦ ਓਸੇ ਤਰ੍ਹਾਂ ਜਾਰੀ ਹੈ ਅਤੇ ਸਿੱਖ ਭੰਭਲ਼ਭੂਸੇ ਵਿੱਚ ਜੀ ਰਹੇ ਹਨ, ਭਾਵੇਂ, ਗਿਆਨੀ ਭਾਗ ਸਿੰਘ ਅੰਬਾਲ਼ਾ ਅਤੇ ਪ੍ਰੋ. ਦਰਸ਼ਨ ਸਿੰਘ ਨੂੰ ਦਸ਼ਮ ਗ੍ਰੰਥ ਦੇ ਵਿਵਾਦ ਕਾਰਣ ਛੇਕਿਆ ਵੀ ਜਾ ਚੁੱਕਾ ਹੈ।

ਚ). ਸੱਚ ਦੀ ਆਵਾਜ਼ ਕਦੇ ਨਹੀਂ ਮਰਦੀ!

ਸੱਚ ਦੀ ਆਵਾਜ਼ ਸ਼ਰੀਰ ਦੇ ਮਰਨ ਨਾਲ਼ ਕਦੇ ਮਰਦੀ ਨਹੀਂ। ਪੰਜਵੇਂ ਅਤੇ ਨੌਵੇਂ ਗੁਰੂ ਪਾਤਿਸ਼ਾਹਾਂ ਨੂੰ , ਮੁਗ਼ਲ ਬਾਦਿਸ਼ਾਹਾਂ ਵਲੋਂ, ਜਾਨੋਂ ਮਾਰ ਦੇਣ ਨਾਲ਼ ਸੱਚ ਨਹੀਂ ਮਰਿਆ ਸਗੋਂ ਹੋਰ ਵਧਿਆ ਫੁੱਲਿਆ ਹੈ । ਸਿੱਖਾਂ ਨੂੰ ਚੁਣ-ਚੁਣ ਕੇ ਮਾਰਿਆ ਗਿਆ ਅਤੇ ਸਿਰਾਂ ਦੇ ਮੁੱਲ ਵੀ ਰੱਖੇ ਗਏ ਪਰ ਸਿੱਖ ਸੱਚ ਬੋਲਣ ਤੋਂ ਘਬਰਾਏ ਨਹੀਂ। ਪਰ ਅਫ਼ਸੋਸ! ਇਨ੍ਹਾਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਸਿੱਖਿਆ ਜਾ ਰਿਹਾ ਅਤੇ ਗੋਸ਼ਟੀਆਂ ਦੇ ਰੂਪ ਵਿੱਚ ਆਪਸੀ ਵਿਚਾਰ ਵਟਾਂਦਰੇ ਦਾ ਰਾਹ ਨਹੀਂ ਚੁਣਿਆਂ ਜਾ ਰਿਹਾ।

ਛ). ਹੀਰਿਆਂ ਦੀ ਪਰਖ ਜੌਹਰੀ ਹੀ ਕਰ ਸਕਦੇ ਹਨ!

ਵਿਦਵਾਨ ਕਿਸੇ ਵੀ ਕੌਮ ਦੀ ਰੀੜ੍ਹ ਦੀ ਹੱਡੀ ਹੋਇਆ ਕਰਦੇ ਹਨ। ਵਿਦਵਾਨਾਂ ਦੁਆਰਾ ਬੋਲੇ ਸੱਚ ਅਤੇ ਲਿਖੇ ਸੱਚ ਨੂੰ ਸਮਝਣ ਅਤੇ ਵਿਚਾਰਨ ਦੀ ਅਤੀ ਜ਼ਰੂਰਤ ਹੈ। ਇਹ ਵੀ ਸੱਚ ਹੈ ਕਿ ਵਿਦਵਾਨਾਂ ਦੀ ਗੱਲ ਕੇਵਲ ਵਿਦਵਾਨ ਹੀ ਸਮਝ ਸਕਦੇ ਹਨ, ਰੂੜ੍ਹੀ ਵਾਦੀ ਨਹੀਂ ਸਮਝ ਸਕਦੇ। ਇਤਿਹਾਸਕਾਰਾਂ ਦੀਆਂ ਲਿਖਤਾਂ ਵਿੱਚ ਬਿਆਨ ਕੀਤੇ ਤੱਥਾਂ ਦੀ ਸੱਚਾਈ ਨੂੰ ਕੇਵਲ ਇਤਿਹਾਸਕਾਰ ਹੀ ਪਰਖ ਸਕਦੇ ਹਨ , ਆਮ ਲੋਕ ਜਾਂ ਰੂੜ੍ਹੀ ਵਾਦੀ ਨਹੀਂ। ਤਰਕ ਕਰਨੀ ਬੜੀ ਸੌਖੀ ਹੈ ਅਤੇ ਸਹਿਮਤ ਹੋਣਾ ਬਹੁਤ ਔਖਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਖੋਜ ਦੇ ਸਕੌਲਰ ਹੀ ਦੱਸ ਸਕਦੇ ਹਨ ਕਿ ਅਮੁਕੇ ਗ੍ਰੰਥ ਵਿੱਚ ਲਿਖੀਆਂ ਗੱਲਾਂ ਗੁਰਮਤਿ ਨਾਲ਼ ਮੇਲ਼ ਖਾਂਦੀਆਂ ਹਨ ਜਾਂ ਨਹੀਂ, ਰੂੜ੍ਹੀ ਵਾਦੀ ਜਾਂ ਆਮ ਸਿੱਖ ਇਹ ਨਿਰਣਾ ਨਹੀਂ ਕਰ ਸਕਦੇ।

ਜ). ਡਾ. ਦਿਲਗੀਰ ਵਲੋਂ ਅਦਾਲਤ ਜਾਣ ਦਾ ਰਾਹ ਕਿਉਂ ਚੁਣਿਆਂ?

ਡਾ. ਦਿਲਗੀਰ ਦੁਆਰਾ ਲਿਖੇ ਇਤਿਹਾਸ ਨੂੰ ਵਾਚਣ ਲਈ ਇਤਿਹਾਸਕਾਰਾਂ ਦੀ ਕੋਈ ਕਮੇਟੀ ਨਹੀਂ ਬਣਾਈ ਗਈ ਜੋ ਇਹ ਨਿਰਣਾ ਕਰਦੀ ਕਿ ਦਿਲਗੀਰ ਵਲੋਂ ਕਿਹੜੀ ਗ਼ਲਤ ਬਿਆਨੀ ਕੀਤੀ ਗਈ ਹੈ । ਕਮੇਟੀ ਨੂੰ ਡਾ. ਦਿਲਗੀਰ ਆਪਣਾ ਪੱਖ ਦੱਸਦੇ ਅਤੇ ਜੇ ਕਿਤੇ ਕੋਈ ਤੱਥ ਅਧੂਰਾ ਹੁੰਦਾ ਤਾਂ ਉਸ ਵਿੱਚ ਸੋਧ ਕਰਨ ਲਈ ਉਹ ਵੀ ਰਾਜ਼ੀ ਹੁੰਦੇ ਅਤੇ ਸੁਣ ਵਿਚਾਰ ਕੇ ਕਮੇਟੀ ਆਪਣੀ ਰਿਪੋਰਟ ਦਿੰਦੀ। ਇਸ ਰਿਪੋਰਟ ਦੇ ਆਧਾਰ ਉੱਤੇ ਹੀ ਡਾ. ਦਿਲਗੀਰ ਸੰਬੰਧੀ ਕੀਤੀ ਕੋਈ ਕਾਰਵਾਈ ਸੱਭ ਨੂੰ ਪ੍ਰਵਾਨ ਹੋਣੀ ਸੀ। ਪਿਛਲੇ ਸਮਿਆਂ ਵਿੱਚ ਹੋਈਆਂ ਛੇਕਣ ਦੀਆਂ ਘਟਨਾਵਾਂ ਦੇ ਫ਼ੈਸਲਿਆਂ ਦੇ ਢੰਗ ਤਰੀਕੇ ਨੂੰ ਸਾਮ੍ਹਣੇ ਰੱਖ ਕੇ ਹੀ ਡਾ. ਦਿਲਗੀਰ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਪਦਾ ਹੈ ਕਿਉਂਕਿ ਨਿਆਂ ਲੈਣ ਦਾ ਸੱਭ ਨੂੰ ਹੱਕ ਹੈ। ਮੁਸਲਿਮ ਫ਼ਤਵਿਆਂ ਵਾਰੇ ਵੀ ਸੁਪਰੀਮ ਕੋਰਟ ਨੇ ਵਧੀਆ ਫ਼ੈਸਲਾ ਕੀਤਾ ਹੋਇਆ ਹੈ ਕਿ ਇਨ੍ਹਾਂ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। {"{"Whatever may be the status of fatwa during Mughal or British rule, it has no place in independent India under our constitutional scheme," a bench of Justices Chandramauli K Prasad and Pinaki C Ghose said. "Any person trying to enforce a fatwa by any method shall be illegal and has to be dealt with in accordance with law," it added.}

ਬਸੰਤੁ ਮਹਲਾ ੫ ਘਰੁ ੨ ਹਿੰਡੋਲ ॥ ੴ ਸਤਿ ਗੁਰ ਪ੍ਰਸਾਦਿ ॥ ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥ (ਗਗਸ ਪੰਨਾਂ 1186) ਵਰਗੇ ਸਿਧਾਂਤ ਦੀ, ਨਿਮਰਤਾ ਧਾਰਨ ਕਰਕੇ, ਅਮਲੀ ਵਰਤੋਂ ਦੀ ਬਹੁਤ ਲੋੜ ਹੈ ਜਿਸ ਨਾਲ਼ ਸਿੱਖ ਮਸਲੇ ਹੱਲ ਕਰਨ ਵਿੱਚ ਆਸਾਨੀ ਹੋ ਸਕਦੀ ਹੈ ।ਸਿੱਖੀ ਦੇ ਰਾਖਿਆਂ ਨੂੰ ਸ਼ੋਭਦਾ ਹੈ ਕਿ ਉਹ ਸਿੱਖ ਕੌਮ ਦੇ ਵਿਦਵਾਨਾਂ ਨੂੰ ਕੌਮ ਨਾਲ਼ੋਂ ਤੋੜਨ ਦੀ ਵਜਾਇ ਜੋੜਨ ਦੇ ਉਪਰਾਲ਼ੇ ਕਰਨ। ਵਿਦਵਾਨ ਬਣਨਾ ਕੋਈ ਸੌਖਾ ਨਹੀਂ ਅਤੇ ਹਰ ਕੋਈ ਵਿਦਵਾਨ ਨਹੀਂ ਬਣ ਸਕਦਾ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top