Share on Facebook

Main News Page

ਪੰਜਾਬੀ ਭਾਸ਼ਾ ਦੇ ਸਨਮਾਨ ਅਤੇ ਸਰਕਾਰੀ ਬੇਰੁਖੀ ਦਾ ਮਸਲਾ
-: ਭਾਈ ਹਰਜਿੰਦਰ ਸਿੰਘ 'ਸਭਰਾਅ'

ਕਈ ਸੱਜਣਾਂ ਦੀ ਆਦਤ ਇਹ ਹੁੰਦੀ ਆ ਕਿ ਜਿਹੜੀ ਗੱਲ ਮੈਂ ਕਰਦਾ ਹਾਂ ਦੂਜਾ ਉਹੀ ਕਰੇ, ਨਹੀਂ ਤਾਂ ਮੈਂ ਉਹਦੀ ਅਲੋਚਨਾ ਕਰਾਂਗਾ ਹੀ ਕਰਾਂਗਾ।

ਇਸ ਬਿਰਤੀ ਨਾਲ ਮਸਲਾ ਸਮਝਣ ਜਾਂ ਵੀਚਾਰਨ ਦੀ ਲੋੜ ਨਹੀਂ ਹੁੰਦੀ, ਬੱਸ ਭੰਨ ਤੋੜ ਵਾਲੀ ਸ਼ਬਦਾਵਲੀ ਵਿਚ ਗੱਲ ਹੋਰ ਪਾਸੇ ਲੈ ਜਾਉ ਇਹੀ ਕੋਸ਼ਿਸ ਹੁੰਦੀ ਹੈ। ਮਤਲਬ ਜੇ ਤੁਸੀਂ ਆਹ ਗੱਲ ਨਹੀਂ ਕਰਦੇ ਤਾਂ ਤੁਹਾਡੀਆਂ ਬਾਕੀ ਗੱਲਾਂ ਨੂੰ ਵੀ ਮੈਂ ਗਲਤ ਆਖਾਂਗਾ। ਖ਼ੈਰ!

ਮੇਰੇ ਲੇਖ '...ਬੋਲੀ ਅਵਰ ਤੁਮਾਰੀ॥' ਦੇ ਸੰਦਰਭ ਵਿਚ ਅਤੇ ਕੁਝ ਹੋਰ ਵੀਰਾਂ ਦੇ ਵੀਚਾਰ ਪੜ੍ਹਨ ਸੁਣਨ ਤੋਂ ਕੁਝ ਖਿਆਲ ਸਾਹਮਣੇ ਆਏ ਹਨ:

ਜਿਵੇਂ ਪੰਜਾਬੀ ਕੁਝ ਸ਼ਬਦ ਆਮ ਹੀ ਅੰਗਰੇਜ਼ੀ ਦੇ ਵਰਤਦੇ ਹਨ ਜਿਵੇਂ:-

ਹੈਲੋ. ਐਕਸੀਡੈਂਟ. ਪ੍ਰੈੱਸ. ਬੋਰਡ. ਬੁਕ. ਆਦਕ ... ਅਖੇ ਫਿਰ ਇਹ ਕਿਉਂ ਵਰਤੇ ਜਾਂਦੇ ਹਨ?

ਇਹ ਖਿਆਲ ਪ੍ਰਗਟਾਉਣ ਵਾਲੇ ਸੱਜਣ ਪੰਜਾਬੀ ਭਾਸ਼ਾ ਦੇ ਸਨਮਾਨ ਨਾਲ ਜੁੜੇ ਮਸਲੇ ਨੂੰ ਸ਼ਾਇਦ ਅੰਗਰੇਜ਼ੀ ਵਿਰੋਧੀ ਮਸਲਾ ਸਮਝ ਬੈਠੇ ਹਨ। ਇਹ ਉਨ੍ਹਾਂ ਦੀ ਮਸਲਾ ਸਮਝਣ ਦੀ ਉਕਾਈ ਹੈ। ਮਸਲਾ ਪੰਜਾਬੀ ਦੇ ਸਨਮਾਨ ਦਾ ਹੈ ਨਾ ਕਿ ਕਿਸੇ ਹੋਰ ਭਾਸ਼ਾ ਦੇ ਅਪਮਾਨ ਦਾ। ਕਿਸੇ ਵੀਰ ਦਾ ਲਿਖਿਆ

ਕਿੰਨਾਂ ਖਰਾ ਹੈ ਕਿ "ਪੰਜਾਬੀ ਤਾਂ ਦੂਜੀਆਂ ਭਾਸ਼ਾਵਾਂ ਨਾਲ ਅਜਿਹੇ ਤੇ ਇਸ ਹੱਦ ਤਕ ਘੁਲ ਮਿਲ ਜਾਂਦੇ ਹਨ ਕਿ ਪੰਜਾਬ ਵਿਚ ਬਿਹਾਰ ਜਾ ਯੂਪੀ ਤੋਂ ਆਉਣ ਵਾਲੇ ਮਜ਼ਦੂਰ ਵੀਰਾਂ ਨਾਲ ਵੀ ਉਨ੍ਹਾਂ ਦੀ ਭਾਸ਼ਾ ਵਿਚ ਹੀ ਗੱਲ ਕਰਨ ਦੀ ਕੋਸ਼ਿਸ ਕਰਨ ਲਗਦੇ ਹਨ। ਜਦੋਂ ਕਿ ਦੂਜੇ ਰਾਜਾਂ ਵਿਚ ਇਹ ਰੁਝਾਨ ਤਹਾਨੂੰ ਜਾਂ ਤਾਂ ਪੰਜਾਬੀਆਂ ਨਾਲੋਂ ਘੱਟ ਮਿਲੇਗਾ ਜਾਂ ਬਿਲਕੁਲ ਨਹੀਂ ਮਿਲੇਗਾ।"

ਇਸ ਦੀਆਂ ਪ੍ਰਤੱਖ ਉਦਾਹਰਣਾਂ ਦੱਖਣੀ ਭਾਰਤ ਦੇ ਰਾਜਾਂ 'ਚੋਂ ਮਿਲ ਜਾਣਗੀਆਂ। ਦੱਖਣੀ ਭਾਰਤ ਦੇ ਕਈ ਰਾਜਾਂ ਦੇ ਲੋਕ ਪੰਜਾਬ ਰਾਜ ਦੇ ਲੋਕਾਂ ਨਾਲੋਂ ਵਿਦਿਆ ਪੱਖੋਂ ਕਾਫੀ ਅੱਗੇ ਹਨ ਤੇ ਅੰਗਰੇਜ਼ੀ ਦੀ ਜ਼ਿਆਦਾ ਮੁਹਾਰਤ ਰੱਖਦੇ ਹਨ। ਪਰ ਫਿਰ ਵੀ ਉਹ ਆਪਣੀ ਰਾਜ ਭਾਸ਼ਾ ਨੂੰ ਪੰਜਾਬੀਆਂ ਵਾਂਗ ਦੁਰਕਾਰਦੇ ਨਹੀਂ। ਤਹਾਨੂੰ ਅਜਿਹੇ ਰਾਜਾਂ ਵਿਚ ਅਜਿਹੇ ਲੋਕ ਵੀ ਮਿਲਣਗੇ ਜਿਹੜੇ ਜਾਂ ਤਾਂ ਆਪਣੀ ਰਾਜ ਭਾਸ਼ਾ ਬੋਲਣਗੇ ਜਾਂ ਅੰਗਰੇਜ਼ੀ। ਪਰ ਨਾਲ ਹੀ ਉਹ ਜਿਥੇ ਅੰਗਰੇਜ਼ੀ ਦੇ ਰੁਤਬੇ ਬਾਰੇ ਸੁਚੇਤ ਹਨ ਉਥੇ ਆਪਣੀ ਭਾਸ਼ਾ ਦੇ ਸਨਮਾਨ ਬਾਰੇ ਵੀ ਸੁਚੇਤ ਹਨ। ਉਹ ਜਾਣਦੇ ਹਨ ਭਾਰਤ ਵਿਚ ਰਾਜਨੀਤੀਕ ਅਤੇ ਸੱਤਾਧਾਰੀ ਲੋਕਾਂ ਦਾ ਨਿਸ਼ਾਨਾ ਦੂਜੇ ਸੱਭਿਆਚਾਰਾਂ ਅਤੇ ਭਾਸ਼ਾਵਾਂ ਬਾਰੇ ਕੀ ਹੈ?

ਦੂਜੀ ਗੱਲ ਪੰਜਾਬੀ ਵਿਚ ਇਕੱਲੇ ਅੰਗਰੇਜ਼ੀ ਦੇ ਹੀ ਨਹੀਂ, ਹੋਰ ਭਾਸ਼ਾਵਾਂ ਦੇ ਸ਼ਬਦ ਵੀ ਵਰਤੇ ਜਾਂਦੇ ਹਨ ਜਿਵੇਂ ਹਿੰਦੀ/ ਫਾਰਸੀ/ ਉਰਦੂ ਆਦਕ।

ਦੂਜੀਆਂ ਭਾਸ਼ਾਵਾਂ ਦੇ ਇਹ ਸ਼ਬਦ ਪੰਜਾਬੀ ਨਾਲ ਇਨ੍ਹਾਂ ਭਾਸ਼ਾਵਾਂ ਦੇ ਤਾਲਮੇਲ ਵਿਚੋਂ ਆਏ ਹਨ। ਇਹ ਸਾਂਝ ਭਾਸ਼ਾਵਾਂ ਵਿਚ ਬਣਨੀ ਕੁਦਰਤੀ ਕਿਰਿਆ ਹੈ। ਇਸ ਨਾਲ ਭਾਸ਼ਾ ਦਾ ਸ਼ਬਦ ਭੰਡਾਰ ਵੱਡਾ ਹੁੰਦਾ ਹੈ ਤੇ ਸਮੇਂ ਦੀ ਲੋੜ ਵੀ ਪੂਰੀ ਕਰਦਾ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਆਪਣੀ ਬੋਲੀ ਨੂੰ ਇਸ ਦਲੀਲ ਦੀ ਬਲੀ ਚਾੜ੍ਹ ਦਿੱਤਾ ਜਾਵੇ।

-- ਇਕ ਖਿਆਲ ਇਹ ਵੀ ਹੈ ਕਿ ਨਿਜੀ ਸਕੂਲਾਂ ਵਿਚ ਬੱਚੇ ਕਿਉਂ ਪੜ੍ਹਾਉਂਦੇ ਹੋ? ਇਹ ਗੱਲ ਵੀ ਮਸਲੇ ਤੋਂ ਹੱਟ ਕੇ ਹੈ।

ਇਹੀ ਤਾਂ ਮਸਲਾ ਉਠ ਰਿਹਾ ਹੈ ਕਿ ਸਰਕਾਰਾਂ ਤੇ ਉਸਦੇ ਮਿਤਰ ਵਪਾਰੀ ਘਰਾਣਿਆਂ ਨੇ ਆਪਣੇ ਸਰਕਾਰੀ ਸਕੂਲਾਂ ਨੂੰ ਖੂੰਜੇ ਲਾ ਕੇ ਉਥੋਂ ਦੇ ਪ੍ਰਬੰਧ ਨੂੰ ਨਕਾਰਾ ਕਰ ਕੇ ਇਹ ਲੋੜ ਪੈਦਾ ਕਰ ਦਿਤੀ ਕਿ ਲੋਕ ਸਰਕਾਰੀ ਸਕੂਲਾਂ ਤੋਂ ਮੂੰਹ ਮੋੜ ਲੈਣ ਤੇ ਨਾਲ ਹੀ ਧੜਾ ਧੜ ਮੁਨਾਫੇ ਅਤੇ ਪੰਜਾਬੀ ਵਿਰੋਧੀ ਸਮੂਹਾਂ ਦੇ ਪ੍ਰਭਾਵ ਕਰਕੇ ਨਿਜੀ ਸਕੂਲਾ ਦਾ ਹੜ੍ਹ ਲੈ ਆਂਦਾ। ਤੁਸੀਂ ਪੁਰਾਣੇ ਪੜ੍ਹੇ ਅਤੇ ਵੱਡੇ ਅਹੁਦਿਆਂ ਤੇ ਰਹਿ ਚੁਕੇ ਲੋਕਾਂ ਨੂੰ ਪੁਛੋ ਕਿਥੋਂ ਪੜ੍ਹੇ ਸਨ। ਉਤਰ ਸਰਕਾਰੀ ਸਕੂਲ ਹੀ ਹੋਵੇਗਾ। ਸਰਕਾਰੀ ਸਕੂਲਾਂ ਦਾ ਇਹ ਮਿਆਰ ਨੇਤਾਵਾਂ ਤੇ ਉਹਨ੍ਹਾਂ ਦੀ ਵਪਾਰੀ ਯਾਰ ਜੁੰਗਲੀ ਨੇ ਸਰਕਾਰੀ ਤਾਕਤ ਨਾਲ ਹੀ ਖਤਮ ਕੀਤਾ ਹੋਇਆ ਹੈ। ਇਸ ਗੱਲ ਨੂੰ ਯੂਰਪ/ ਕੈਨੇਡਾ / ਅਮਰੀਕਾ ਦੇ ਸਕੂਲੀ ਪ੍ਰਬੰਧ ਨਾਲ ਮੇਮ ਕੇ ਸੌਖਾ ਸਮਝਿਆ ਜਾ ਸਕਦਾ ਹੈ। ਸਰਕਾਰਾਂ ਮਿਡ ਡੇ ਮੀਲ. ਸਾਈਕਲ. ਫੀਸ ਮੁਆਫੀ ਦੀਆਂ ਸਹੂਲਤਾਂ ਤਾਂ ਸਰਕਾਰੀ ਸਕੂਲਾਂ 'ਚ ਦਿੰਦੀ ਹੈ ਤੇ ਕਹਿੰਦੀ ਹੈ ਕਿ ਅਸੀਂ ਤਾਂ ਕੋਸ਼ਿਸ ਕਰ ਰਹੇ ਹਾਂ। ਪਰ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉਚਾ ਚੁਕਣ ਵਾਲੇ ਪਾਸੇ ਆਉਣਾ ਨਹੀਂ ਚਾਹੁੰਦੀ। ਸਭ ਚੀਜ਼ਾਂ ਦੇ ਨਿਜੀਕਰਣ ਵਾਂਗ ਵਿਦਿਅਕ ਅਦਾਰਿਆਂ ਤੇ ਵੀ ਨਿਜੀਕਰਨ ਹਾਵੀ ਹੈ। ਇਸੇ ਪਾਸੇ ਹੀ ਤਾਂ ਗੱਲ ਤੁਰਨੀ ਚਾਹੀਦੀ ਹੈ।

ਹੋਰ ਤਾਂ ਹੋਰ ਤੁਸੀਂ ' ਭਾਸ਼ਾ ਵਿਭਾਗ ਪੰਜਾਬ' ਦੀ ਮਾਲੀ ਤੇ ਕੰਮਕਾਜ ਦੀ ਹਾਲਤ ਵੇਖ ਲਵੋ ਤਹਨੂੰ ਸਰਕਾਰਾਂ ਤੇ ਨੇਤਾਵਾਂ ਦੀ ਮਾੜੀ ਨੀਅਤ ਦਾ ਪਤਾ ਲੱਗ ਜਾਵੇਗਾ।

ਇਹ ਕਹਿਣ ਵਿਚ ਕੋਈ ਹਰਜ਼ ਨਹੀਂ ਕਿ ਜਜ਼ਬੇ ਸਿਰ 'ਤੇ ਇਹ ਬੋਲੀ ਬਚੀ ਹੋਈ ਹੈ ਨਹੀਂ ਤਾਂ ਵਪਾਰੀਆਂ ਜਾਂ ਸਰਕਾਰਾਂ ਤਾਂ ਇਹਦਾ ਅਪਮਾਨ ਤੇ ਤਬਾਹੀ ਦਾ ਪੂਰਾ ਸਮਾਨ ਤਿਆਰ ਕੀਤਾ ਪਿਆ ਹੈ। ਆਮ ਲੋਕਾਂ 'ਚੋਂ ਕੋਈ ਨਾ ਕੋਈ ਇਸ ਪਾਸੇ ਗੱਲ ਤੋਰਦਾ ਰਹਿੰਦਾ ਹੈ। ਆਮ ਲੋਕਾਂ 'ਚੋਂ ਉਠੀਆਂ ਕੁਝ ਸ਼ਖਸੀਅਤਾਂ ਵਿਦਿਅਕ ਢਾਂਚੇ ਅਤੇ ਹੋਰ ਪਦਵੀਆਂ ਤੇ ਬਹਿ ਕੇ ਇਸ ਜਜ਼ਬਾਤ ਦੀ ਤਰਜਮਾਨੀ ਵੀ ਕਰਦੀਆਂ ਹਨ।

ਪ੍ਰੋ. ਪ੍ਰੀਤਮ ਸਿੰਘ ਵਰਗੇ ਗਿਆਨੀ ਪੁਰਖਾਂ ਦੀ ਗੱਲ ਬੋਲ਼ੇ ਪੰਜਾਬੀ ਰਾਜਸੀ ਤੰਤਰ ਤੱਕ ਕਿਵੇਂ ਤੇ ਕਦੋਂ ਪਹੁੰਚੇਗੀ? ਉਹ ਕਦੋਂ ਅਜਿਹੇ ਹੋਰ ਪੰਜਾਬੀ ਪ੍ਰੇਮੀਆਂ ਦੇ ਜਜ਼ਬਾਤਾਂ ਨੂੰ ਮਾਣ ਦੇਣਗੇ? ਇਹ ਤਾਂ ਮੀਸਣਾ ਤੰਤਰ ਹੀ ਜਾਣੇ।

ਪਰ ਸਭ ਤੋਂ ਵੱਧ ਹੈਰਾਨੀ ਤਾਂ ਅਜਿਹੇ ਪੰਜਾਬ ਦੇ ਜਾਏ ਲੋਕਾਂ 'ਤੇ ਹੁੰਦੀ ਹੈ ਜੋ ਇਸ ਮਸਲਾ ਨਹੀਂ ਸਮਝ ਰਹੇ ਕਿ ਦੂਜੇ ਮੁਲਕਾਂ ਵਿਚ ਉਥੋਂ ਦੀ ਭਾਸ਼ਾ ਦਾ ਜੋ ਸਨਮਾਨ ਹੈ, ਉਸ ਤਰਾਂ ਪੰਜਾਬੀ ਨੂੰ ਪੰਜਾਬ ਵਿਚ ਕਿਉਂ ਨਹੀਂ? ਜਿਵੇਂ ਨਾਰਵੇ/ ਜਰਮਨ/ਇਟਲੀ/ ਸਪੇਨ/ ਫਰਾਂਸ ਆਦਕ ਯੂਰਪੀ ਮੁਲਕਾਂ ਵਿਚ ਅੰਗਰੇਜ਼ੀ ਦਾ ਦਬਦਬਾ ਹੁੰਦਿਆਂ ਵੀ ਉਥੋਂ ਦੀਆਂ ਆਪਣੀਆਂ ਭਾਸ਼ਾਵਾਂ ਖੂਜੇ ਨਹੀਂ ਲਾਈਆਂ, ਸਗੋਂ ਉਸ ਦੇ ਵਾਧੇ ਅਤੇ ਸਨਮਾਨ ਹਿਤ ਸੁਹਿਰਦਤਾ ਵਿਖਾਈ ਜਾਂਦੀ ਹੈ। ਅਰਬੀ ਦੇਸ਼ਾਂ ਅਤੇ ਹੋਰ ਏਸ਼ੀਆਈ ਮੁਲਕਾਂ ਵਿਚ ਵੀ ਅਜਿਹਾ ਹੀ ਵਰਤਾਰਾ ਹੈ।

ਇਸ 'ਤੇ ਚਿੰਤਾ ਕਰਨ ਦੀ ਬਜਾਏ ਪੰਜਾਬੀ ਦੀ ਗੱਲ ਕਰਨ ਵਾਲੇ ਆਮ ਲੋਕਾਂ ਨੂੰ ਵਿਕਾਊ ਅਖਬਾਰਾਂ ਵਾਂਗ ਫਤਵੇ ਦੇਣ ਲੱਗ ਜਾਂਦੇ ਹਨ। ਖ਼ੈਰ ਇਨ੍ਹਾਂ ਲੋਕਾ ਨੂੰ ਇਹ ਨਹੀਂ ਪਤਾ ਕਿ ਪੰਜਾਬੀ ਖੋਹ ਕੇ ਅਗਲੇ ਤਹਾਨੂੰ ਕਿਹੜੀ ਲੱਤ ਥਲਿਓਂ ਲੰਘਾਉਣ ਦੀ ਤਿਆਰੀ 'ਚ ਨੇ। ਅਚੇਤ ਰੂਪ 'ਚ ਅਜਿਹੇ ਲੋਕ ਭਾਰਤ ਦੇ ਬਹੁ ਕੌਮੀ ਤੇ ਬਹੁ ਭਾਸ਼ੀ ਸੱਭਿਆਚਾਰਾਂ ਨੂੰ ਮੇਟ ਕੇ ਭਗਵਾਂਕਰਨ ਕਰਨ ਵਾਲੀ ਧਿਰ ਦੀ.ਹਿਮਾਇਤ ਹੀ ਕਰ ਰਹੇ ਹੁੰਦੇ ਹਨ।

ਮੈਂ ਫਿਰ ਕਹਿੰਦਾ ਹਾਂ ਦੂਜੀਆਂ ਭਾਸ਼ਾਵਾਂ ਦਾ ਸਨਮਾਨ ਹੋਵੇ ਇਸ ਵਿਚ ਦੋ ਰਾਏ ਨਹੀਂ, ਪਰ ਆਪਣੀ ਬੋਲੀ ਨੂੰ ਮਾਰ ਕੇ ਨਹੀਂ। ਪੰਜਾਬ ਦਾ ਕਲਚਰ/ ਸਪਿਰਟ/ ਇਤਿਹਾਸ ਅਤੇ ਅਕੀਦਾ ਇਸੇ ਸਿਰ 'ਤੇ ਖੜਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top