ਵੀਰੋ ਜਰਾ ਇਧਰ ਧਿਆਨ ਦਿਓ !
ਜਦੋਂ ਗੁਰਮਤਿ ਦੇ ਸਿਧਾਂਤ ਨੂੰ ਸਮਝਣ ਵਿਚ ਕੱਚਾਪਨ ਸੀ, ਤਾਂ ਅਸੀਂ
ਅਕਸਰ ਗੁਰਬਾਣੀ ਦੀ ਵਿਆਖਿਆ ਆਲੇ-ਦਵਾਲੇ ਆਏ ਪ੍ਰਚਲਤ ਲਫ਼ਜ਼ਾਂ ਨੂੰ ਲੈ ਕੇ ਅਸਪਸ਼ਟ ਜਿਹੀ ਕਰ
ਦਿੰਦੇ ਸਾਂ, ਜਿਸ ਨੂੰ ਜਦੋਂ ਗੁਰਬਾਣੀ ਦੇ ਸਿਧਾਂਤਾਂ ਦੀ ਕਸਵੱਟੀ 'ਤੇ ਪਰਖਦੇ ਸਾਂ, ਤਾਂ
ਇਸ ਵਿਆਖਿਆ ਦੀਆਂ ਧੱਜੀਆਂ ਉਡ ਜਾਂਦੀਆਂ ਸਨ।
ਮਸਲਨ
ਆਹ ਤੁੱਕ ਹੀ ਲੈ ਲਵੋ .... ਜਿਨ ਹਰਿ ਹਿਰਦੈ ਨਾਮੁ ਨ ਬਸਿਓ
ਤਿਨ ਮਾਤ ਕੀਜੈ ਹਰਿ ਬਾਂਝਾ ॥
ਪ੍ਰਚਲਤ ਵਿਆਖਿਆ ( ਜਿੰਨਾ ਦੇ
ਹਿਰਦੇ ਪਰਮਾਤਮਾ ਦਾ ਨਾਮ ਨਹੀਂ ਵਸਿਆ , ਜਿਹੜੇ ਮਨੁੱਖ ਸਿਮਰਨ ਨਹੀਂ ਕਰਦੇ ਹਨ ਉਨ੍ਹਾਂ
ਦੀ ਮਾਤਾ ਨੂੰ ਬਾਂਝ ਕਰ ਦਿਓ ।)
ਅਸੀਂ ਕਦੇ ਗੁਰੂ 'ਤੇ ਸ਼ੱਕ ਨਹੀਂ ਕੀਤਾ, ਕਿ ਗੁਰੂ ਸਾਹਿਬ ਨੇ ਆਹ ਕੀ ਕਹਿ ਦਿੱਤਾ ਸਗੋਂ
ਸ਼ਬਦ ਨੂੰ ਸਿਧਾਂਤ ਦਰ ਸਿਧਾਂਤ ਕਸਵੱਟੀ ਲਾ ਕੇ ਦੇਖਿਆ ਤਾਂ ਇੱਕ ਨਵੀ ਵਿਆਖਿਆ ਸਾਹਮਣੇ ਆਈ
ਜੋ ਕਿ ਮੰਨਣ ਯੋਗ ਸੀ ..
ਨਵੀਂ ਵਿਆਖਿਆ .. ਗੁਰੂ ਜੀ ਉਸ ਮਾੜੀ ਮੱਤ ਨੂੰ ਖਤਮ
ਕਰਨ ਦੀ ਗੱਲ ਕਰ ਰਹੇ ਹਨ । ਕਿ ਐਸੇ ਗੁਰੂ ਦੀ ਮੱਤ ਨੂੰ ਰੱਬ ਪੈਦਾ ਹੀ ਨਾ ਕਰਦਾ ਜਿਹੜੀ
ਮਨੁੱਖਾਂ ਨੂੰ ਇਕ ਅਕਾਲ ਪੁਰਖ ਨਾਲੋਂ ਤੋੜ ਕੇ ਹੋਰ-ਹੋਰ ਨੂੰ ਪੂਜਣ ਵਾਲੇ ਪਾਸੇ ਲਾ ਰਹੀ
ਹੈ ।
ਹੁਣ ਤੁਕ ਤਾਂ ਉਹੀ ਹੈ ਬਦਲਿਆ ਕੀ ? ਸਾਡਾ ਨਜ਼ਰੀਆ !
ਹੁਣ ਆਉਣੇ ਹਾਂ ਗੁਰੂ ਸਾਹਿਬਾਨਾਂ ਵੱਲੋਂ ਲਏ ਨਿੱਜੀ ਫੈਸਲਿਆਂ
ਬਾਰੇ ..
ਬਾਬਾ ਰਾਮਰਾਇ ਨੂੰ ਦਿੱਲੀ ਭੇਜਣ ਅਤੇ ਬਾਬਾ ਪ੍ਰਿਥੀਚੰਦ ਦੇ
ਮਾਮਲੇ ਬਾਰੇ ਲਏ ਫੈਸਲਿਆਂ ਬਾਰੇ ਇਹ ਸਮਝਣਾ ਜਰੂਰੀ ਹੈ ਕਿ ਇਹ ਦੋਵੇਂ ਘਟਨਾਵਾਂ
ਤਦੋਂ ਵਾਪਰੀਆਂ ਸਨ, ਜਦ ਗੁਰੂ ਰਾਮਦਾਸ ਜੀ ਅਤੇ ਗੁਰੂ ਹਰਿਰਾਇ ਸਾਹਿਬ ਜੀ ਦੇ
ਉੱਤਰਾਧਿਕਾਰੀ ਦੀ ਤਲਾਸ਼ ਹੋ ਰਹੀ ਸੀ, ਜਿਸ ਦਾ ਭੇਤ ਕੇਵਲ ਗੁਰੂ ਜੀ ਹੀ ਜਾਣਦੇ ਸਨ ਕਿਉਂਕਿ
ਪਿਛਲੇ ਸਮੇਂ ’ਚ ਬਾਬਾ ਪ੍ਰਿਥੀਚੰਦ ਤੇ ਬਾਬਾ ਰਾਮਰਾਇ ਜੀ ਬਹੁਤ ਹੀ ਬੁਧੀਮਾਨ ਤੇ ਗੁਰੂ
ਘਰ ਵਿੱਚ ਸਤਿਕਾਰਮਈ ਸ਼ਖ਼ਸੀਅਤਾਂ ਸਨ, ਜਿਸ ਕਾਰਨ ਗੁਰੂ ਸਾਹਿਬਾਨ ਨੇ ਇਨ੍ਹਾਂ ਨੂੰ ਬੜੇ
ਅਹਿਮ ਫ਼ੈਸਲੇ ਲੈਣ ਦੇ ਅਧਿਕਾਰ ਬਖ਼ਸ਼ੇ, ਪਰ ਗੁਰੂ ਘਰ ਦੀ ਚਲਦੀ ਆਈ ਪਰੰਪਰਾ ਅਨੁਸਾਰ
ਗੁਰਗੱਦੀ ਦੀ ਜ਼ਿੰਮੇਵਾਰੀ ਸਮੇਂ ਵਿਸ਼ੇਸ਼ ਪਰਖ ਕੀਤੀ ਜਾਂਦੀ ਰਹੀ ਹੈ; ਜਿਵੇਂ ਕਿ ਗੁਰੂ
ਅਮਰਦਾਸ ਜੀ ਨੇ ਆਪਣੇ ਵੱਡੇ ਤੇ ਛੋਟੇ ਜਵਾਈ ਬਾਬਾ ਰਾਮਾ ਜੀ ਤੇ ਭਾਈ ਜੇਠਾ ਜੀ ਰਾਹੀਂ
ਮਿੱਟੀ ਦੇ ਥੜ੍ਹੇ ਵਾਰ-ਵਾਰ ਬਣਾਉਣ ਦੇ ਬਹਾਨੇ ਗੁਰੂ ਹੁਕਮ ਦਾ ਪਾਲ਼ਨ ਕਰਨ ਦੀ ਪਰਖ ਕੀਤੀ,
ਜਿਸ ਵਿੱਚ ਭਾਈ ਜੇਠਾ ਜੀ ਨੇ ਆਪਣੇ ਸੰਜਮ ਤੇ ਸਿਆਣਪ ਦੀ ਵਧੇਰੇ ਮਿਸਾਲ ਦਿੱਤੀ। ਅਗਰ
ਈਰਖਾਵਸ ਬਾਬਾ ਰਾਮਾ ਜੀ, ਗੁਰੂ ਰਾਮਦਾਸ ਜੀ ਨਾਲ਼ ਵੈਰ-ਭਾਵਨਾ ਰੱਖਣ ਲੱਗ ਜਾਂਦੇ ਤਾਂ ਕੀ
ਇਹ ਕਹਿਣਾ ਉਚਿਤ ਹੁੰਦਾ ਕਿ ਗੁਰੂ ਅਮਰਦਾਸ ਜੀ ਦੁਆਰਾ ਬਾਬਾ ਰਾਮਾ ਜੀ ਨੂੰ ਪਹਿਲਾਂ ਵੱਧ
ਤੇ ਵਿਸ਼ੇਸ਼ ਅਧਿਕਾਰ ਕਿਉਂ ਦਿੱਤੇ ਗਏ ?
ਅਜਿਹਾ ਹੀ ਕੁਝ ਬਾਬਾ ਪ੍ਰਿਥੀਚੰਦ ਸਮੇਂ ਹੋਇਆ ਹੈ,
ਜੋ ਗੁਰੂ ਰਾਮਦਾਸ ਜੀ ਦੀ ਪਰਖ ਕਸੌਟੀ ’ਚ ਗੁਰੂ ਅਰਜਨ ਸਾਹਿਬ ਜੀ ਦੇ ਮੁਕਾਬਲੇ ਪਿਛੇ ਰਹਿ
ਗਏ ਸਨ ਅਤੇ ਗੁਰੂ ਫ਼ੈਸਲੇ ਨੂੰ ਆਪਣੀ ਸ਼ਖ਼ਸੀਅਤ ਦੇ ਵਿਰੁਧ ਮੰਨ ਕੇ ਵਿਰੋਧ ਕਰਨਾ ਸ਼ੁਰੂ ਕਰ
ਦਿੱਤਾ। ਇਸ ਵਿਰੋਧ ਬਦਲੇ ਬਾਬਾ ਪ੍ਰਿਥੀਚੰਦ ਦੀ ਪਹਿਲਾਂ ਕੀਤੀ ਗਈ ਗੁਰੂ ਘਰ ਦੇ ਪ੍ਰਬੰਧ
ਲਈ ਨਿਯੁਕਤੀ ਜਾਂ ਸੇਵਾ ਨੂੰ ਗ਼ਲਤ ਠਹਿਰਾਉਣਾ, ਅਧਾਰਹੀਣ ਪ੍ਰਸ਼ਨ ਜਾਂ ਸੰਦੇਹ ਹੈ।
ਗੁਰੂ ਹਰਿਰਾਇ ਸਾਹਿਬ ਜੀ ਦੁਆਰਾ ਬਾਬਾ ਰਾਮਰਾਇ ਜੀ
ਨੂੰ ਦਿੱਲੀ ਭੇਜਣ ਦਾ ਲਿਆ ਗਿਆ ਫ਼ੈਸਲਾ ਵੀ ਗੁਰਗੱਦੀ ਦੀ ਪਰਖ ਨਾਲ਼ ਸੰਬੰਧਿਤ ਹੈ, ਜਿਸ ਦੇ
ਜਾਣ ਲੱਗਿਆਂ ਇੱਕ ਵਿਸ਼ੇਸ਼ ਤੌਰ ’ਤੇ ਹਦਾਇਤ ਵੀ ਕੀਤੀ ਗਈ ਕਿ ਗੁਰੂ ਹੁਕਮ ਦਾ ਵਿਸ਼ੇਸ਼ ਧਿਆਨ
ਰੱਖੀਂ (ਜਿਵੇਂ ਕਿ ਗੁਰੂ ਜੀ ਨੂੰ ਪਹਿਲਾਂ ਹੀ ਪਤਾ ਹੋਵੇ ਕਿ ਇਹ ਥਿੜਕ ਸਕਦੇ ਹਨ, ਨਹੀਂ
ਤਾਂ ਅਜਿਹੇ ਵਿਅਕਤੀ ਲਈ ਇਹ ਕਹਿਣ ਦੀ ਜ਼ਰੂਰਤ ਹੀ ਕੀ ਰਹਿ ਜਾਂਦੀ ਸੀ ?) ਇਸ ਪਰਖ ’ਚ ਬਾਬਾ
ਰਾਮਰਾਇ ਜੀ, ਗੁਰੂ ਹਰਿਕ੍ਰਿਸ਼ਨ ਜੀ ਦੇ ਮੁਕਾਬਲੇ ਫ਼ੇਲ੍ਹ ਹੋ ਗਏ।
ਹੁਣ ਜਦੋਂ ਅਸੀਂ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਵਿਚ ਆਏ ਸਿਧਾਂਤਾਂ ਨੂੰ ਕਸਵੱਟੀ ਮੰਨ
ਕੇ ਪ੍ਰਮਾਣਿਕ ਤਰੀਕੇ ਨਾਲ ਕਰ ਰਹੇ ਹਾਂ, ਤਾਂ ਫਿਰ ਗੁਰੂ ਦੇ ਜੀਵਨ ਕਾਲ ਵਿੱਚ ਵਾਪਰੀਆਂ
ਨਿੱਜੀ ਘਟਨਾਵਾਂ ਨੂੰ ਅਸੀਂ ਆਪਣੀ ਬੁੱਧੀ ਦੇ ਕੱਚਾਪਨ ਨੂੰ ਕਸਵੱਟੀ ਮੰਨ ਕੇ ਕਿਉਂ ਕਰ ਰਹੇ
ਹਾਂ ...........ਇਹ ਦੂਹਰੇ ਮਾਪਦੰਡ ਕਿਉਂ ?