ਕਈ ਸੱਜਣਾਂ ਦੀ ਮਾਨਸਕ ਉਲਝਣ ਇਹ ਆ
ਕਿ ਉਹ ਖੁਦ ਅਜਿਹਾ ਨਿਰਣਾ ਨਹੀਂ ਕਰ ਪਾ ਰਹੇ ਕਿ
ਜੋ ਉਦਾਹਰਣਾਂ ਇਤਿਹਾਸ ਸਬੰਧੀ ਉਹ ਵਰਤ ਰਹੇ ਆ, ਉਹ ਇੰਨਾਂ
ਕਿਤਾਬਾਂ ਰਾਹੀਂ ਹੀ ਆਈਆਂ ਹਨ, ਜਿਨ੍ਹਾਂ ਵਿੱਚ ਗੁਰਮਤਿ ਵਿਰੋਧੀ
ਵੀਚਾਰ ਵੀ ਭਰੇ ਪਏ ਹਨ, ਨਾ ਕਿ ਕਿਸੇ ਵਖਰੇ ਇਤਿਹਾਸਕ ਪੁਸਤਕ
ਚੋਂ।
ਕੀ
ਇਨ੍ਹਾਂ ਸੱਜਣਾਂ ਕੋਲ ਕੋਈ ਵੱਖਰੀ ਪ੍ਰਮਾਣੀਕ ਇਤਿਹਾਸਕ ਪੋਥੀ
ਹੈ, ਜਿਸ ਤੋਂ ਇਹ ਇਤਿਹਾਸ ਦੀਆਂ ਉਦਾਹਰਣਾਂ ਦੇ ਕੇ ਗੱਲ ਕਰਦੇ
ਹਨ? ਇਹ ਮੌਜੂਦਾ ਇਤਿਹਾਸਕਾਰਾਂ ਦੀਆਂ ਲਿਖੀਆਂ ਲਿਖਤਾਂ
ਨੂੰ ਆਸਾਨੀ ਨਾਲ ਪੜ ਕੇ ਇਹ ਸੋਚ ਰਹੇ ਹਨ, ਕਿ ਸ਼ਾਇਦ ਪਹਿਲੀਆਂ
ਕਿਤਾਬਾਂ 'ਚ ਵੀ ਇਵੇਂ ਹੀ ਲਿਖਿਆ ਹੋਵੇਗਾ। ਪਰ ਇਨ੍ਹਾਂ
ਇਤਿਹਸਕਾਰਾਂ ਨੇ ਇਤਿਹਾਸ ਕਿਥੋਂ ਕਿਥੋਂ ਛਾਣ ਕੇ ਲਿਆਂਦਾ ਕਦੇ
ਇਨ੍ਹਾਂ ਕਿਤਾਬਾਂ ਵਿੱਚ ਦਿਤੀਆਂ ਹਵਾਲਾ ਪੁਸਤਕਾਂ ਬਾਰੇ ਵੀ
ਪੜ੍ਹਨ ਦੀ ਖੇਚਲ ਕਰ ਲੈਣ। ਘੱਟੋ ਘੱਟ ਇਨ੍ਹਾਂ ਪੁਸਤਕਾਂ ਬਾਰੇ
ਸੰਪਾਦਕਾਂ ਅਤੇ ਇਤਿਹਾਸਕਾਰਾਂ ਦੇ ਲਿਖੇ ਵੀਚਾਰ ਹੀ ਪੜ੍ਹ ਲੈਣ
ਦੀ ਖੇਚਲ ਕਰ ਲੈਣ। ਇਸ ਬਾਰੇ ਅਨੇਕ ਉਦਾਹਰਣਾਂ ਮੌਜੂਦ ਹਨ।
ਬਾਕੀ ਸਭ ਤੋਂ ਉਤਮ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬਾਂ ਦੀ
ਸ਼ਖਸੀਅਤ ਦੀ ਬੁਲੰਦੀ ਕੋਈ ਲੇਖਕ ਜਾਂ ਬੁਲਾਰਾ ਬਿਆਨ ਨਹੀਂ ਕਰ
ਸਕਦਾ। ਫਿਰ ਵੀ ਇਤਿਹਾਸ ਸਬੰਧੀ ਸਦਾ ਇਹ ਵਿਡੰਬਨਾ ਬਣੀ ਹੋਈ
ਹੈ ਕਿ ਉਨ੍ਹਾਂ ਦੇ ਜੀਵਨ ਦੀਆਂ ਘਟਨਾਵਾਂ ਗੁਰੂ ਸਾਹਿਬਾਂ ਆਪ ਨਹੀਂ
ਲਿਖਵਾਈਆਂ ਤੇ ਸਭ ਕੁਝ ਸਾਨੂੰ ਇਵੇਂ ਹੀ ਇਕੱਠਾ ਕਰਨਾ ਪਿਆ, ਉਤੋਂ
ਸਿੱਖ ਪੰਥ ਉਪਰ ਗੁਰੂ ਸਾਹਿਬਾਂ ਦੇ ਸਮੇਂ ਤੋਂ ਬਾਅਦ ਮੁਸੀਬਤਾਂ/
ਘੱਲੂਘਾਰਿਆਂ ਨੇ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਸਿੱਖ ਸਾਹਿਤ
ਨੂੰ ਪਾਇਆ।
ਗੱਲ ਤਾਂ ਸਿੱਧੀ ਜਿਹੀ ਆ ਕਿ ਜੇਕਰ ਕੋਈ ਗੁਰਮਤਿ ਅਤੇ ਗੁਰੂ
ਸਾਹਿਬਾਂ ਵਿਰੋਧੀ ਕਿਸੇ ਗੱਲ ਨੂੰ ਕੋਈ ਪ੍ਰਚਾਰਦਾ ਹੈ ਤਾਂ ਉਸ
ਨਾਲ ਸੰਵਾਦ ਰਚਾਉ। ਗੁਰਮਤਿ ਵਿਰੋਧੀ ਹਰ ਗੱਲ ਦੀ ਨਿਸ਼ਾਨਦੇਹੀ
ਹੋਣੀ ਚਾਹੀਦੀ ਹੈ ਤੇ ਉਸ ਨੂੰ ਨਕਾਰਨਾ ਵੀ ਚਾਹੀਦਾ ਹੈ, ਭਾਵੇਂ
ਉਹ ਕਿਤੇ ਵੀ ਲਿਖੀ ਹੋਵੇ, ਜਾਂ ਕਿਸੇ ਦੀ ਵੀ ਲਿਖੀ ਹੋਵੇ।
ਪਰ ਇਥੇ ਤਾਂ ਜਿਵੇਂ ਨੰਬਰ ਬਣਾਉਣ ਦੀ
ਹੋੜ ਲੱਗੀ ਹੈ ਕਿ ਮੈਂ ਸਾਬਤ ਕਰ ਦਿਆਂ ਕਿ ਮੈਨੂੰ ਸ਼ੁੱਧ ਗੁਰਮਤਿ
ਪਤਾ ਹੈ ਤੇ ਮੇਰੇ ਤੋਂ ਬਿਨਾਂ ਬਾਕੀ ਗੁਰਮਤਿ ਦਾ ਨੁਕਸਾਨ ਕਰ ਰਹੇ
ਹਨ। ਬਾਕੀਆਂ ਨੂੰ ਆਪੇ ਹੀ ਸ਼ੱਕ ਦੇ ਘੇਰੇ 'ਚ ਖੜਾ ਕਰਕੇ,
ਆਪੇ ਉਸ ਵਿਰੁਧ ਦੋਸ਼ ਲਾ ਕੇ ਆਪੇ ਹੀ ਫੈਸਲਾ ਸੁਣਾ ਲਿਆ ਜਾਂਦਾ
ਹੈ।
ਵੁਹੀ ਕਾਤਲ ਵੁਹੀ ਸ਼ਾਹਿਦ ਵੁਹੀ
ਮੁਨਸਫ਼ ਠਹਿਰੇ।
ਅਕਰਬਾਂ ਮੇਰੇ ਕਰੇਂ ਖੂਨ ਕਾ ਦਾਅਵਾ ਕਿਸ ਪਰ?
(ਅਕਰਬਾਂ - ਕਰੀਬੀ ਰਿਸ਼ਤੇਦਾਰ)
ਗੱਲ ਨੂੰ ਨਿੱਠ ਕੇ ਵੀਚਾਰਨ ਦੀ ਬਜਾਏ
ਦੂਜਿਆਂ ਨੂੰ ਪਛਾੜਨ ਅਤੇ ਭੰਡਣ ਲਈ ਇਨ੍ਹਾਂ ਕਿਤਾਬਾਂ ਵਿੱਚਲੇ
ਗੁਰਮਤਿ ਵਿਰੋਧੀ ਵੀਚਾਰਾਂ ਦੀ ਜ਼ਿੰਮੇਵਾਰੀ ਪ੍ਰਚਾਰਕਾਂ ਮੱਥੇ
ਮੜ੍ਹ ਕੇ ਆਪ ਇਨਕਲਾਬੀ ਅਖਵਾਉਣ ਦੀ ਹੋੜ੍ਹ ਲਗੀ ਹੋਈ ਹੈ।
ਜਦੋਂ ਕਿ ਇਨ੍ਹਾਂ
ਗੁਰਮਤਿ ਵਿਰੋਧੀ ਪ੍ਰਸੰਗਾਂ/ ਕਥਾਵਾਂ/ ਨੂੰ ਕੋਈ ਗੁਰਬਾਣੀ
ਅਧਾਰਤ ਪ੍ਰਚਾਰ ਕਰਨ ਵਾਲਾ ਪ੍ਰਚਾਰਕ ਨਾ ਮੰਨਦਾ ਹੈ ਨਾ ਹੀ
ਪ੍ਰਚਾਰਦਾ ਹੈ। ਪਰ ਜੇ ਕਿਸੇ
ਸ਼ਰਾਰਤ ਜਾਂ ਪ੍ਰਾਪੇਗੰਡਾ ਕਰਨ ਦਾ ਮਨ ਬਣਾ ਹੀ ਰਖਿਆ ਹੋਵੇ ਅਤੇ
ਈਮਾਨਦਾਰੀ ਛਿੱਕੇ ਹੀ ਟੰਗ ਰੱਖੀ ਹੋਵੇ, ਤਾਂ ਕੀ ਕੀਤਾ ਜਾ ਸਕਦਾ
ਹੈ?