ਕੀ ਸਿੱਖ ਗੁਰੂ ਸਾਹਿਬਾਨ ਨੇ ਕੁਝ ਅਜਿਹੇ
ਫ਼ੈਸਲੇ ਵੀ ਲਏ ਜੋ ਕਿ ਅਫ਼ਸੋਸਨਾਕ ਸਨ ?
ਗਿਆਨੀ ਅਵਤਾਰ ਸਿੰਘ
(ਸੰਪਾਦਕ gurparsad.com &
Missionary Sedhan)-94650-40032
ਕਿਸੇ ਕੌਮ ਜਾਂ ਕਬੀਲੇ ਦੀ ਉਤਪਤੀ, ਉਸ
ਦੇ ਰਹਿਬਰ (ਆਗੂ) ਦੀ ਵਿਚਾਰਧਾਰਾ, ਇਰਾਦੇ
ਜਾਂ ਭਾਵਨਾਵਾਂ ਰਾਹੀਂ ਹੁੰਦੀ ਹੈ। ਜੋ ਪੈਰੋਕਾਰ (ਚੇਲਾ)
ਉਨ੍ਹਾਂ ਉੱਤੇ ਪਹਿਰਾ ਨਾ ਦੇ ਸਕੇ ਉਹ ਉਸ ਕੌਮ ਦਾ ਨੁਮਾਇੰਦਾ
ਨਹੀਂ ਬਣ ਸਕਦਾ। ਅਜੋਕਾ ਤਰਕ ਸੰਗਤ ਯੁੱਗ ਹੋਣ ਕਾਰਨ ਕਈ ਚੇਲਿਆਂ
(ਸ਼ਰਧਾਲੂਆਂ) ਨੇ ਆਪਣੀ ਵਿਚਾਰਧਾਰਾ ਉੱਤੇ ਕੁਝ ਸ਼ੰਕੇ ਖੜ੍ਹੇ ਕਰ
ਕੇ ਕੌਮੀ ਸਿਧਾਂਤ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਉਲ਼ਝਣ ਤੇ
ਪਾਠਕਾਂ ਲਈ ਦੁਬਿਧਾ ਪੈਦਾ ਕਰ ਦਿੱਤੀ ਹੈ, ਜੋ
ਕਿ ਨਿਰੰਤਰ ਘੱਟਣ ਦੀ ਬਜਾਇ ਵਧ ਰਹੀ ਹੈ।
ਵੇਦ, ਪੁਰਾਣ, ਸਿਮ੍ਰਤੀਆਂ, ਸ਼ਾਸਤਰ, ਬਾਈਬਲ, ਆਦਿ
ਧਾਰਮਿਕ ਗ੍ਰੰਥਾਂ ’ਚ ਦਰਜ ਕਈ
ਕਾਲਪਨਿਕ ਹਦਾਇਤਾਂ ਤਾਂ ਤਰਕ ਸੋਚ ਨੇ ਰੱਦ ਹੀ ਕਰ ਦਿੱਤੀਆਂ ਹਨ
ਜਿਸ ਨਾਲ਼ ਉਸ ਸਮੁਦਾਇ ਦੇ ਰਹਿਨੁਮਾ ਦੀ ਯੋਗਤਾ ਨੂੰ ਹੀ ਸੰਦੇਹ
ਨਾਲ਼ ਵੇਖਿਆ ਜਾ ਰਿਹਾ ਹੈ, ਪਰ ‘ਗੁਰੂ
ਗ੍ਰੰਥ ਸਾਹਿਬ’ ਜੀ ’ਚ
ਦਰਜ ਰਚਨਾ ਦਾ ਮਿਆਰ ਹੀ ਕੁਝ ਐਸਾ ਹੈ ਕਿ ਇਸ ਨੂੰ ਕਿਆਮਤ ਤੱਕ
ਦੁਨਿਆਵੀ ਗਿਆਨ ਗ਼ਲਤ ਸਾਬਤ ਨਹੀਂ ਕਰ ਸਕਦਾ। ਇਤਨੀ ਵਿਸ਼ਾਲ ਤੇ
ਦਲੀਲ ਭਰਪੂਰ ਉਦਾਰਤਾ ਹੋਣ ਦੇ ਬਾਵਜੂਦ ਅਗਰ ਫਿਰ ਵੀ ਕਿਸੇ ਸਿੱਖ
ਦੇ ਮਨ ਵਿੱਚ ਕੋਈ ਸੰਦੇਹ ਕਾਇਮ ਹੈ ਤਾਂ ਉਸ ਦੇ ਮੰਦੇ ਭਾਗ ਹੀ
ਕਹੇ ਜਾ ਸਕਦੇ ਹਨ।
ਸਿੱਖ ਸਮਾਜ ’ਚ
ਅਜੋਕੀ ਇੱਕ ਦੁਬਿਧਾ ਨਿਊਜ਼ੀਲੈਂਡ ਵਿਖੇ ਨਿੱਜੀ ਚਲਾਏ ਜਾ ਰਹੇ
ਵਿਰਸਾ ਰੇਡੀਓ ਦੇ ਸੰਪਾਦਕ ਭਾਈ ਹਰਨੇਕ ਸਿੰਘ ਦੁਆਰਾ ਪੈਦਾ ਕੀਤੀ
ਗਈ ਹੈ, ਜਿਸ
ਨੇ ਆਪਣੇ ਇੱਕ ਲਾਇਵ ਪ੍ਰੋਗਰਾਮ ’ਚ
ਉਨ੍ਹਾਂ ਸਿੱਖ ਪ੍ਰਚਾਰਕਾਂ ਦੀ ਸੋਚ ਉੱਤੇ ਪ੍ਰਸ਼ਨਚਿੰਨ੍ਹ ਲਗਾਏ
ਹਨ, ਜੋ ਆਪਣੇ ਗੁਰੂ ਜੀ ਬਾਰੇ
ਸਮਝਦੇ ਤੇ ਪ੍ਰਚਾਰਦੇ ਹਨ ਕਿ ਗੁਰੂ ਜੀ ਨੇ ਜਿੱਦਾਂ ਦੀਆਂ ਗੱਲਾਂ
ਗੁਰਬਾਣੀ’ਚ ਦਰਜ ਕੀਤੀਆਂ ਓਦਾਂ ਦਾ
ਹੀ ਜੀਵਨ ਜੀਵਿਆ ਹੈ, ਪਰ ਹਰਨੇਕ
ਸਿੰਘ ਅਨੁਸਾਰ ਅਜਿਹਾ ਕਹਿਣਾ ਅਤਿ ਕਥਨੀ ਹੈ,ਗ਼ਲਤ
ਹੈ, ਝੂਠ ਹੈ, ਸੱਚ
ਨਹੀਂ ਕਿਉਂਕਿ ਇਸ ਦੇ ਕਹਿਣ ਮੁਤਾਬਕ ਗੁਰੂ ਨੇ ਕੁਝ ਫ਼ੈਸਲੇ (ਜੋ
ਕਿ ਗੁਰਬਾਣੀ ’ਚ ਦਰਜ ਕਰਨ ਲਾਇਕ
ਨਹੀਂ ਸਨ, ਆਮ ਮਨੁੱਖਾਂ ਵਾਙ) ਗ਼ਲਤ
ਲਏ ਹਨ।
ਆਪਣੀ ਦਲੀਲ ਦੀ ਪੁਸ਼ਟੀ ਲਈ ਉਸ ਨੇ ਕਿਹਾ ਕਿ ਜੀਵਨ ਦੀ
ਅਟੱਲ ਸਚਾਈ ਨੂੰ ਗੁਰਬਾਣੀ ’ਚ
ਦਰਜ ਕੀਤਾ ਗਿਆ ਹੈ ਤੇ ਆਮ ਮਨੁੱਖਾਂ ਵਾਙ ਕੀਤੀਆਂ ਗ਼ਲਤੀਆਂ, ਗੁਰਬਾਣੀ ’ਚ
ਦਰਜ ਨਹੀਂ ਕੀਤੀਆਂ; ਜਿਵੇਂ ਕਿ ‘ਗੁਰੂ
ਰਾਮਦਾਸ ਜੀ ਦੁਆਰਾ ਬਾਬਾ ਪ੍ਰਿਥੀਚੰਦ ਨੂੰ ਗੁਰਦੁਆਰੇ ਦਾ
ਪ੍ਰਬੰਧ ਦੇਣਾ, ਗੁਰਮਤਿ ਬਾਰੇ ਪਾਏ
ਗਏ ਸ਼ੰਕਿਆਂ ਦੀ ਨਿਵਿਰਤੀ ਨੂੰ ਦੂਰ ਕਰਨ ਲਈ ਗੁਰੂ ਹਰਿਰਾਇ
ਸਾਹਿਬ ਦੁਆਰਾ ਬਾਬਾ ਰਾਮਰਾਇ ਜੀ ਨੂੰ ਔਰੰਗਜ਼ੇਬ ਪਾਸ ਦਿੱਲੀ
ਭੇਜਣਾ, ਆਦਿ ਗ਼ਲਤ ਫ਼ੈਸਲੇ ਸਨ, ਕਿਉਂਕਿ
ਬਾਬਾ ਰਾਮਰਾਇ ਨੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚਿਤ ਤੁਕ ‘‘ਮਿਟੀ
ਮੁਸਲਮਾਨ ਕੀ; ਪੇੜੈ ਪਈ ਕੁਮਿ੍ਆਰ ॥’’
(ਮ: ੧/੪੬੬) ਨੂੰ
ਬਦਲ ਕੇ ‘ਮਿਟੀ ਬੇਈਮਾਨ ਕੀ’ ਕਹਿ
ਦਿੱਤਾ ਸੀ ਤੇ ਇਉਂ ਗੁਰੂ ਵਚਨਾਂ ਨੂੰ ਝੁਠਲਾਅ ਕੇ ਔਰੰਗਜ਼ੇਬ ਨੂੰ
ਖ਼ੁਸ਼ ਕੀਤਾ। ਹਰਨੇਕ ਸਿੰਘ ਅਨੁਸਾਰ ਬਾਲਕ ਗੁਰੂ ਹਰਿਕ੍ਰਿਸ਼ਨ ਜੀ
ਨੂੰ ਗੁਰਗੱਦੀ ਸੌਂਪਣਾ ਵੀ ਇੱਕ ਗ਼ਲਤ ਫ਼ੈਸਲਾ ਰਿਹਾ ਸੀ ਅਤੇ ਸਿੱਖ
ਪ੍ਰਚਾਰਕਾਂ ਨੇ ਇਨ੍ਹਾਂ ਗ਼ਲਤੀਆਂ ਨੂੰ ਬੇਲੋੜਾ ਵਧਾ ਚੜ੍ਹਾ ਕੇ
(ਗੁਰੂ ਵਡਿਆਈ ਨੂੰ ਸ਼ਰਧਾਵੱਸ) ਗੁਰੂ ਦੀ ਲੀਲ੍ਹਾ ਸੀ, ਜੋ
ਸਮਾਜ ਨੂੰ ਸਿਖਿਆ ਦੇਣਾ ਚਾਹੁੰਦੇ ਸਨ, ਆਦਿ
ਕਹਿ ਕੇ ਮਹਾਨਤਾ ਦੇ ਦਿੱਤੀ ਗਈ, ਜੋ
ਕਿ ਗ਼ਲਤ ਹੈ, ਝੂਠ ਹੈ।
ਵਿਚਾਰ
: ਉਕਤ
ਉੱਠਾਏ ਗਏ ਸਵਾਲਾਂ ਵਿੱਚ ਜਿੱਥੇ ਗੁਰੂ ਇਤਿਹਾਸ ’ਤੇ
ਸ਼ੱਕ ਪੈਦਾ ਕੀਤਾ ਗਿਆ ਹੈ ਉੱਥੇ ਅਭੁੱਲ ਗੁਰੂ ਦੁਆਰਾ ਨਿਯੁਕਤ
ਕੀਤੇ ਗਏ ‘ਨਾਨਕ ਜੋਤ’ ਦੇ
ਅੱਠਵੇਂ ਉੱਤਰਾਧਿਕਾਰੀ ਦੀ ਚੋਣ ਪ੍ਰਤੀ ਵੀ ਬੇਇਤਬਾਰੀ ਬਣਾਈ ਗਈ
ਹੈ, ਜਿਨ੍ਹਾਂ ਰਾਹੀਂ ਅਗਾਂਹ ਨਾਵੇਂ, ਦਸਵੇਂ
ਤੇ ਗਿਆਰਵੇਂ (ਗੁਰੂ ਗ੍ਰੰਥ ਸਾਹਿਬ) ਵਿਚ ਵਿਚਰਦੀ ‘ਨਾਨਕ
ਜੋਤ’ ਵੀ ਸ਼ੱਕ ਦੇ ਦਾਇਰੇ ਵਿੱਚ ਆ
ਜਾਂਦੀ ਹੈ। ਵੈਸੇ ਤਾਂ ਅਜਿਹੀ ਸੋਚ ਕਿਸੇ ਅਕਿਰਤਘਣ (ਅਹਿਸਾਨ
ਫ਼ਰਾਮੋਸ਼) ਬੰਦੇ ਦੀ ਹੀ ਕਹੀ ਜਾ ਸਕਦੀ ਹੈ ਕਿਉਂਕਿ ਜਿਸ ਗੁਰੂ ਨੇ
ਸਿੱਖਾਂ ਨੂੰ ਆਪਣੇ ਬਰਾਬਰ ਦਾ ਦਰਜਾ ਦਿੱਤਾ ਭਾਵ ਜਿਨ੍ਹਾਂ ਨੂੰ
ਆਪ ਅੰਮ੍ਰਿਤਪਾਨ ਤਿਆਰ ਕਰ ਕੇ ਛਕਾਇਆ ਉਨ੍ਹਾਂ ਪਾਸੋਂ ਆਪ ਵੀ
ਛਕਿਆ ਤੇ ਅਗਾਂਹ ਲਈ ਸ਼ਖ਼ਸੀ ਗੁਰੂ ਦੇ ਸਾਰੇ ਅਧਿਕਾਰ ਵੀ ਖ਼ਾਲਸੇ
ਨੂੰ ਬਖ਼ਸ਼ ਦਿੱਤੇ, ਉਨ੍ਹਾਂ ਦੇ
ਕਿਰਦਾਰ ਨੂੰ ਖੰਘਾਲ਼ਨਾ ‘‘ਪਿਤਾ ਕਾ
ਜਨਮੁ; ਕਿ ਜਾਨੈ ਪੂਤੁ ? ॥’’
(ਸੁਖਮਨੀ /ਮ: ੫/੨੮੪) ਨੂੰ ਜਾਣਨ ਦਾ ਯਤਨ
ਕੀਤਾ ਗਿਆ ਹੈ, ਜੋ ਕਿ ਇਸ ਪਾਵਨ
ਉਪਦੇਸ਼ ਦਾ ਵਿਰੁਧ ਹੈ। ਵੈਸੇ
ਤਾਂ ਅਜਿਹੇ ਬੰਦੇ ਨਾਲ਼ ਗੱਲ ਕਰਨੀ ਹੀ ਝੱਖ ਮਾਰਨਾ ਹੈ, ਪਰ
ਸਿੱਖ ਸਮਾਜ ’ਚ ਕੁਝ ਅਜਿਹੇ ਵਿਅਕਤੀ
ਵੀ ਮੌਜੂਦ ਹਨ ਜੋ ਗੁਰਬਾਣੀ ਦੇ ਲੜ ਲੱਗਣ ਦੀ ਬਜਾਇ ਭਾਵ
ਗੁਰਬਾਣੀ ਤੋਂ ਖ਼ੁਦ ਸੇਧ ਲੈਣ ਦੀ ਬਜਾਇ ਅਜਿਹੇ ਲੋਕਾਂ ਦੀ ਰਾਹੀਂ
ਹੀ ਗੁਰਮਤਿ ਨੂੰ ਸਮਝਦੇ ਹਨ, ਇਸ ਲਈ
ਉਨ੍ਹਾਂ ਨੂੰ ਮੁੱਖ ਰੱਖ ਕੇ ਇਸ ਵਿਸ਼ੇ ਨੂੰ ਵਿਚਾਰਨਾ ਜ਼ਰੂਰੀ
ਸਮਝਿਆ ਗਿਆ ਹੈ।
ਕਿਸੇ ਗੁੰਝਲ਼ਦਾਰ ਵਿਸ਼ੇ ਦੀ ਸਪਸ਼ਟਤਾ ਲਈ ਗੁਰਬਾਣੀ ’ਚ
ਗੁਰੂ ਸਾਹਿਬਾਨ ਵੱਲੋਂ ਕਈ ਸਵਾਲ ਖੜ੍ਹੇ ਕੀਤੇ ਗਏ ਤੇ ਖ਼ੁਦ ਹੀ
ਉਨ੍ਹਾਂ ਦਾ ਜਵਾਬ ਬਾਖ਼ੂਬੀ ਦੇ ਕੇ ਆਪਣੇ ਵਿਸ਼ੇ ਨੂੰ ਸਰਲਤਾ ਨਾਲ਼
ਸਮਝਾਇਆ ਗਿਆ ਹੈ, ਜੋ ਸਫਲ ਅਧਿਆਪਕੀ
ਦੀ ਮਿਸਾਲ ਹੈ, ਇਸ ਲਈ ਸਵਾਲ
ਉੱਠਾਉਣਾ ਗੁਰਮਤਿ ਨੇ ਗ਼ਲਤ ਨਹੀਂ ਮੰਨਿਆ, ਪਰ
ਜਿਸ ਯੁਕਤੀ ਨਾਲ਼ ਗੁਰੂ ਜੀ ਨੇ ਆਪਣਾ ਵਿਸ਼ਾ ਆਸਾਨ ਕਰ ਲਿਆ ਸੀ, ਕੀ
ਹਰਨੇਕ ਸਿੰਘ ਦੁਆਰਾ ਉੱਠਾਏ ਗਏ ਉਕਤ ਸਵਾਲਾਂ ਰਾਹੀਂ ਕੋਈ ਵਿਸ਼ਾ
ਸਪਸ਼ਟ ਹੋਇਆ ?ਅਗਰ ਨਹੀਂ, ਤਾਂ
ਅਜਿਹੇ ਸਵਾਲ ਉੱਠਾ ਕੇ ਸਿੱਖ ਸਮਾਜ ਵਿੱਚ ਅਸ਼ਾਂਤੀ ਕਿਉਂ ਪੈਦਾ
ਕੀਤੀ ਗਈ ? ਗੁਰੂ ਸ਼ਖ਼ਸੀਅਤ ਨੂੰ ਆਮ
ਮਨੁੱਖ ਵਾਙ ਸਮਝਣ ਵਾਲ਼ੇ ਬੰਦੇ ਲਈ ਗੁਰੂ ਫ਼ਰਮਾਨ ਹੈ ‘‘ਸਤਿਗੁਰ
ਕੀ ਰੀਸੈ, ਹੋਰਿ ਕਚੁ ਪਿਚੁ ਬੋਲਦੇ; ਸੇ
ਕੂੜਿਆਰ ਕੂੜੇ,ਝੜਿ ਪੜੀਐ ॥’’
(ਮ: ੪/੩੦੪) ਇਹ ਵਚਨ ਅਜਿਹੇ ਬੰਦਿਆਂ ਲਈ ਹੀ
ਰਚੇ ਗਏ ਹਨ ਕਿਉਂਕਿ ਗੁਰੂ ਨੂੰ ਆਮ ਮਨੁੱਖਾਂ ਵਾਙ ਵਿਚਰਦਾ
ਸਮਝਣਾ, ਇਨ੍ਹਾਂ ਪਾਵਨ ਵਚਨਾਂ ਦਾ
ਉਲੰਘਣ ਹੈ ‘‘ਦੂਜਾ (ਗੁਰੂ ਵਰਗਾ)
ਨਹੀ ਜਾਨੈ ਕੋਇ ॥ ਸਤਗੁਰੁ ਨਿਰੰਜਨੁ ਸੋਇ (ਦਾ ਰੂਪ ਹੈ, ਇਸ
ਲਈ ਗੁਰੂ ਨੂੰ)॥ ਮਾਨੁਖ ਕਾ, ਕਰਿ
ਰੂਪੁ ਨ ਜਾਨੁ ॥’’ (ਮ: ੫/੮੯੫)
ਦਰਅਸਲ, ‘ਗੁਰ’ ਸ਼ਬਦ
ਦਾ ਅਰਥ ‘ਨਾਨਕ’ ਕਰ
ਕੇ ਨਹੀਂ ਬਲਕਿ ‘ਗੁਰ’ ਸ਼ਖ਼ਸੀਅਤ
ਲਈ ‘ਨਾਨਕ ਜੀ’ ਇੱਕ
ਮਿਸਾਲ ਹਨ। ‘ਗੁਰ’ ਦਾ
ਅਰਥ ਹੈ ‘ਗੁ’ ਭਾਵ
ਗ਼ੁਬਾਰ, ਹਨ੍ਹੇਰਾ, ਮਾਇਆ, ਕੁਦਰਤ, ਆਕਾਰ, ਚਲਾਇਮਾਨ
ਅਤੇ ‘ਰ’ ਭਾਵ
ਰੌਸ਼ਨੀ,ਅਦ੍ਰਿਸ਼, ਪ੍ਰਕਾਸ਼, ਨਿਰਾਕਾਰ, ਆਦਿ; ਤਾਂ
ਤੇ ‘ਗੁਰ’ ਦਾ
ਅਰਥ ਬਣ ਗਿਆ, ‘ਨਿਰਾਕਾਰ ਅਤੇ ਆਕਾਰ’ ਬਾਰੇ
ਪੂਰਨ ਜਾਣਕਾਰੀ ਰੱਖਣ ਵਾਲ਼ੀ ਸ਼ਖ਼ਸੀਅਤ। ਕੋਸ਼ਾਂ ਵਿੱਚ ‘ਗੁਰ’ ਦਾ
ਅਰਥ ਕੀਤਾ ਗਿਆ ਹੈ ਕਿ ‘ਗ਼ੁਬਾਰ’
(ਭਾਵ ਮਨੁੱਖਾ ਜੀਵਨ) ਵਿੱਚ ਰੌਸ਼ਨੀ ਕਰਨ
ਵਾਲ਼ੀ ਸ਼ਕਤੀ ‘ਗੁਰ’ ਹੈ।
ਪਹਿਲੇ ਅਰਥਾਂ ਦਾ ਵੀ ਇਹੀ ਮਤਲਬ ਹੈ ਕਿ ‘ਨਿਰਾਕਾਰ’
(ਪ੍ਰਕਾਸ਼) ਦਾ ਬੋਧ ‘ਆਕਾਰ’
(ਹਨ੍ਹੇਰੇ) ਵਿੱਚ ਕਰਨਾ ‘ਗੁਰ’ ਸ਼ਖ਼ਸੀਅਤ
ਦੇ ਦਾਇਰੇ ਵਿੱਚ ਹੀ ਆਉਂਦਾ ਹੈ, ਪਰ
ਇਹ ਤਾਂ ਹੀ ਹੋਏਗਾ ਜੇ ਰੌਸ਼ਨੀ ਤੇ ਹਨ੍ਹੇਰੇ ਬਾਰੇ ਪੂਰਨ ਸਮਝ
ਹੋਏਗੀ, ਪਰ ਅਜਿਹੀ ਸਮਰੱਥਾ ਆਮ
ਮਨੁੱਖੀ ਗਿਆਨ ਇੰਦ੍ਰਿਆਂ ਪਾਸ ਨਹੀਂ ਹੁੰਦੀ, ਇਸ
ਕਰ ਕੇ ਆਮ ਮਨੁੱਖ; ‘ਗੁਰ’ ਸ਼ਕਤੀ
ਦੀ ਵਿਆਖਿਆ ਨਹੀਂ ਕਰ ਸਕਦਾ, ਇਹੀ
ਗੁਰੂ ਜੀ ਸਮਝਾਉਂਦੇ ਹਨ ਕਿ ‘‘ਮਾਨੁਖ
ਕਾ, ਕਰਿ ਰੂਪੁ ਨ ਜਾਨੁ ॥’’
(ਜਾਂ) ‘‘ਜਨਮ
ਮਰਣ ਦੁਹਹੂ ਮਹਿ ਨਾਹੀ; ਜਨ
ਪਰਉਪਕਾਰੀ ਆਏ ॥ ਜੀਅ ਦਾਨੁ ਦੇ (ਦੇ ਕੇ), ਭਗਤੀ
ਲਾਇਨਿ;ਹਰਿ ਸਿਉ ਲੈਨਿ ਮਿਲਾਏ ॥’’
(ਮ: ੫/੭੪੯) ਇਸ ਤੁਕ ’ਚ ‘‘ਹਰਿ
ਸਿਉ ਲੈਨਿ ਮਿਲਾਏ॥’’ ਹੈ ਭਾਵ
ਅਜਿਹੇ ਵਚਨ ਉਹੀ ਸ਼ਖ਼ਸੀਅਤ ਕਰ ਸਕਦੀ ਹੈ ਜੋ ਪਹਿਲਾਂ ਆਪ ਮਿਲੀ
ਹੋਏਗੀ।
ਜਦ ਤੱਕ ਸਿੱਖ ਦ੍ਰਿਸ਼ਟੀ, ਭੱਟ
ਕਲਸਹਾਰ ਵਾਲ਼ੀ ‘‘ਸਤਜੁਗਿ ਤੈ ਮਾਣਿਓ; ਛਲਿਓ
ਬਲਿ ਬਾਵਨ ਭਾਇਓ ॥ ਤ੍ਰੇਤੈ ਤੈ ਮਾਣਿਓ; ਰਾਮੁ
ਰਘੁਵੰਸੁ ਕਹਾਇਓ ॥ ਦੁਆਪੁਰਿ ਕ੍ਰਿਸਨ ਮੁਰਾਰਿ; ਕੰਸੁ
ਕਿਰਤਾਰਥੁ ਕੀਓ ॥ ਉਗ੍ਰਸੈਣ ਕਉ ਰਾਜੁ; ਅਭੈ
ਭਗਤਹ ਜਨ ਦੀਓ ॥ ਕਲਿਜੁਗਿ ਪ੍ਰਮਾਣੁ ਨਾਨਕ ਗੁਰੁ; ਅੰਗਦੁ
ਅਮਰੁ ਕਹਾਇਓ ॥ ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ; ਆਦਿ
ਪੁਰਖਿ (ਨੇ) ਫੁਰਮਾਇਓ ॥’’ (ਸਵਈਏ
ਮਹਲੇ ਪਹਿਲੇ ਕੇ /ਭਟ ਕਲੵ /੧੩੯੦)
ਨਹੀਂ ਬਣਦੀ ਅਸੀਂ ਗੁਰੂ ਸ਼ਖ਼ਸੀਅਤ ਬਾਰੇ ਊਲ-ਜਲੂਲ ਬੋਲ ਕੇ ਗੁਰੂ
ਨਿੰਦਕ ਹੀ ਅਖਵਾ ਸਕਦੇ ਹਾਂ।
‘‘ਭੁਲਣ ਅੰਦਰਿ ਸਭੁ ਕੋ; ਅਭੁਲੁ
ਗੁਰੂ (ਅਤੇ) ਕਰਤਾਰੁ ॥’’ (ਮ:
੧/੬੧) ਵਚਨ ਕਰਨ ਵਾਲ਼ੇ ‘ਨਾਨਕ’ ਦੀ
ਜੋਤਿ ਭਾਵ ਉੱਤਰਾਧਿਕਾਰੀ, ਜਿਨ੍ਹਾਂ
ਬਾਬਤ ਸਤਾ-ਬਲਵੰਡ ਜੀ ਦੇ ਵਚਨ ਹਨ ‘‘ਜੋਤਿ
ਓਹਾ, ਜੁਗਤਿ ਸਾਇ; ਸਹਿ
(ਨਾਨਕ ਸ਼ਾਹ ਨੇ) ਕਾਇਆ ਫੇਰਿ ਪਲਟੀਐ ॥’’ (ਬਲਵੰਡ
ਸਤਾ/੯੬੬) ਨੂੰ ਆਮ ਮਨੁੱਖ ਦੀ ਤਰ੍ਹਾਂ ਗ਼ਲਤ ਨਿਰਣਾ ਲੈਣ ਵਾਲ਼ਾ
ਕਹਿਣਾ, ਸਾਡੀ ਗੁਰੂ ਸ਼ਕਤੀ ਪ੍ਰਤੀ
ਅਸ਼ਰਧਾ ਤੇ ਨਾਸਮਝੀ ਨੂੰ ਪ੍ਰਗਟਾਉਂਦਾ ਹੈ। ਉੱਠਾਏ ਗਏ ਸ਼ੰਕਿਆਂ
ਨੂੰ ਸਪਸ਼ਟ ਨਾ ਕਰ ਸਕਣਾ ਤੇ ਸਿੱਖ ਪ੍ਰਚਾਰਕ ਸੋਚ ਨੂੰ (ਸ਼ਰਧਾਵੱਸ
ਬੇਲੋੜਾ ਕਹਿ ਕੇ) ਨਿੰਦਣਾ, ਮੂਰਖਤਾ
ਤੇ ਅਹੰਕਾਰ ਦਾ ਸਿਖਰ ਹੈ। ਹੁਣ ਸਾਡੇ ਲਈ ਵੀ ਇਸ ਪੈਦਾ ਕੀਤੇ ਗਏ
ਸੰਦੇਹ ਨੂੰ ਵਿਚਾਰਨਾ ਜ਼ਰੂਰੀ ਬਣ ਗਿਆ ਹੈ।
ਹਰਨੇਕ ਸਿੰਘ ਨੇ ਗੁਰਬਾਣੀ ਨੂੰ ਅਟੱਲ ਸਚਾਈ ਹੀ ਬਿਆਨਿਆ ਹੈ ਪਰ
ਗੁਰੂ ਇਤਿਹਾਸ ’ਚ
ਭਾਵ ਆਮ ਜੀਵਨ ਜੀਵਦਿਆਂ ਗ਼ਲਤੀਆਂ ਨੂੰ ਕਬੂਲਿਆ ਹੈ, ਇਸ
ਲਈ ਗੁਰੂ ਇਤਿਹਾਸ ’ਚੋਂ ਹੀ ਪ੍ਰਮਾਣ
ਲੈਣੇ ਉਚਿਤ ਰਹਿਣਗੇ।
(ੳ).
ਸਭ ਤੋਂ ਪਹਿਲਾ ਤੇ ਸਰਬੋਤਮ ਗੁਰੂ ਨਿਰਣਾ, ਜੋ
ਗੁਰਬਾਣੀ ’ਚ ਦਰਜ ਵੀ ਨਹੀਂ, ਉਹ
ਹੈ ਆਪਣੇ ਹੀ ਉੱਤਰਾਧਿਕਾਰੀ ਦੀ ਭਾਲ, ਨਿਯੁਕਤੀ
ਤੇ ਉਸ ਲਈ ਢੁਕਵਾਂ ਸਮਾਂ ਭਾਵ ਜਦ ਪਹਿਲਾ ਗੁਰੂ, ਦੂਸਰੇ
ਸਰੀਰਕ ਜਾਮੇ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪਦਾ ਹੈ ਤਾਂ
ਪਹਿਲਾ ਗੁਰੂ ਆਪਣੀ ਸਰੀਰਕ ਯਾਤਰਾ ਉਸੇ ਦਿਨ ਸਮਾਪਤ ਕਰਦਾ ਹੈ
ਜਾਂ ਲਗਭਗ ਹਫ਼ਤੇ ਦੇ ਅੰਦਰ-ਅੰਦਰ ਹੀ ਜੋਤੀ ਜੋਤ ਸਮਾ ਜਾਂਦਾ ਹੈ, ਜਦ
ਕਿ ਅਜੋਕੇ ਦੰਭੀ (ਪਖੰਡੀ) ਗੁਰੂ ਫ਼ਰਿੱਜ ’ਚ
ਬੈਠੇ ਜਾਂ ਅਚਾਨਕ ਮੌਤ ਹੋਣ ਉਪਰੰਤ ਇਹ ਨਿਰਣਾ ਕਰਨ ਤੋਂ ਵਾਂਝੇ
ਵੇਖੇ ਗਏ ਹਨ, ਜਿਸ ਕਾਰਨ ਉਨ੍ਹਾਂ
ਦੇ ਉੱਤਰਾਧਿਕਾਰੀ ਦੀ ਨਿਯੁਕਤੀ ਦਾ (ਗੁਰੂ) ਫ਼ਰਜ਼;ਉਨ੍ਹਾਂ
ਦੇ ਚੇਲਿਆਂ ਦੁਆਰਾ ਨਿਭਾਉਣਾ ਪਿਆ ਹੈ।
ਆਪਣੇ ਉੱਤਰਾਧਿਕਾਰੀ ਦੀ ਭਾਲ, ਨਿਯੁਕਤੀ
ਤੇ ਉਸ ਦਾ ਢੁੱਕਵਾਂ ਸਮਾ, ਜੋ ਕਿ
ਕਿਸੇ ਸਮੁਦਾਇ ਲਈ ਬੜਾ ਅਹਿਮ ਹੁੰਦਾ ਹੈ, ਬਾਰੇ
ਗੁਰੂ ਜੀ ਦੁਆਰਾ ਆਪਣਾ ਫ਼ਰਜ਼ ਬਾਖ਼ੂਬੀ ਨਿਭਾਇਆ ਗਿਆ ਹੈ, ਜਿਸ
ਵਿੱਚ ਕਿਤੇ ਵੀ ਕੁਤਾਹੀ ਨਹੀਂ ਰਹੀ। ਇਹ ਵੀ ਵਿਚਾਰਿਆ ਜਾ ਸਕਦਾ
ਹੈ ਕਿ ਇਸ ਫ਼ਰਜ਼ ਨੂੰ ਅਦਾ ਕਰਨ ਵਾਲ਼ੇ ਸਾਰੇ ਹੀ ਗੁਰੂ ਸਾਹਿਬਾਨ ’ਚੋਂ
ਕੋਈ ਇੱਕ ਵੀ ਗੁਰੂ ਸਰੀਰ,ਕਿਸੇ
ਬੇਹੋਸ਼ੀ ਵਾਲ਼ੀ ਲੰਮੀ ਬਿਮਾਰੀ ਜਾਂ ਅਚਾਨਕ ਮੌਤ ਦਾ ਸ਼ਿਕਾਰ ਨਹੀਂ
ਹੋਇਆ, ਸਗੋਂ ਪੂਰੇ ਹੋਸ਼-ਹਵਾਸ ’ਚ
ਆਪਣੇ ਉੱਤਰਾਧਿਕਾਰੀ ਦੀ ਪਰਖ ਕੀਤੀ ਤੇ ਅੰਤ ਤੱਕ ਕੁਝ ਸਮਾਜਿਕ
ਫ਼ਰਜ਼ ਵੀ ਨਿਭਾਏ; ਜਿਵੇਂ ਕਿ
(1).
95 ਸਾਲ ਦੀ ਉਮਰ ’ਚ
ਗੁਰੂ ਅਮਰਦਾਸ ਜੀ ਦੁਆਰਾ ਬੋਲੇ ਗਏ ਅੰਤਿਮ ਵਚਨ ਵੀ ਬਾਬਾ
ਸੁੰਦਰ ਜੀ ਨੇ ‘ਸਦੁ’ਬਾਣੀ
ਦੀ ਰਾਹੀਂ ਸਾਡੇ ਤੀਕ ਪਹੁੰਚਾਏ ਹਨ, ਜੋ
ਇੱਕ ਮਿਸਾਲ ਹੈ। ਇਸੇ ਸਮੇਂ ’ਚ
ਹੀ ਗੁਰੂ ਅਮਰਦਾਸ ਜੀ ਨੇ (ਗੁਰੂ) ਰਾਮਦਾਸ ਜੀ ਪਾਸੋਂ
ਜ਼ਿੰਮੇਵਾਰੀ ਦੀ ਪਰਖ ਲਈ ਵਾਰ-ਵਾਰ ਮਿੱਟੀ ਦੇ ਥੜ੍ਹੇ
ਬਣਵਾਏ। ਅਜਿਹੀ ਚੇਤੰਨ ਸ਼ਕਤੀ ਤੁਰੰਤ ਜੋਤੀ ਜੋਤ ਸਮਾ ਜਾਏਗੀ, ਇਹ
ਰਾਜ ਵੀ ਕੇਵਲ ਗੁਰੂ ਜੀ ਹੀ ਜਾਣਦੇ ਸਨ, ਜਿਨ੍ਹਾਂ
ਨੇ ਆਪਣੇ ਕਹੇ ਵਚਨ ‘‘ਗੁਰਮੁਖਿ
ਬੁਢੇ ਕਦੇ ਨਾਹੀ; ਜਿਨ੍ਾ
ਅੰਤਰਿ ਸੁਰਤਿ ਗਿਆਨੁ ॥’’ (ਮ:
੩/੧੪੧੮) ਸੱਚ ਕਰ ਵਿਖਾਏ।
(2). ਸੰਸਾਰ ’ਚ
ਅਜਿਹਾ ਕੋਈ ਵੀ ਮਨੁੱਖ ਨਹੀਂ, ਜੋ
ਆਪਣੀ ਜਾਇਦਾਦ ਆਪਣੇ ਤੋਂ ਵੱਡੇ (ਬਜ਼ੁਰਗ) ਦੇ ਨਾਂ
ਕਰਵਾਉਂਦਾ ਹੋਵੇ ਭਾਵ ਆਮ ਮਨੁੱਖ ਪਾਸ ਇਹੀ ਸਮਝ ਹੈ ਕਿ
ਪਹਿਲਾਂ ਬਜ਼ੁਰਗ ਹੀ ਮਰੇਗਾ, ਪਰ
ਗੁਰੂ ਅੰਗਦ ਸਾਹਿਬ ਜੀ ਅਤੇ ਗੁਰੂ ਹਰਿਕ੍ਰਿਸ਼ਨ ਜੀ ਨੇ ਆਪਣੇ
ਤੋਂ ਕ੍ਰਮਵਾਰ 25 ਤੇ 35 ਸਾਲ
ਵੱਡੇ ਵਿਅਕਤੀ (ਗੁਰੂ ਅਮਰਦਾਸ ਜੀ ਤੇ ਗੁਰੂ ਤੇਗ਼ ਬਹਾਦਰ
ਸਾਹਿਬ) ਨੂੰ ਨਿਯੁਕਤ ਕਰ ਕੇ ਆਪਣਾ ਰੁਤਬਾ ਆਮ ਮਨੁੱਖਾਂ
ਨਾਲ਼ੋਂ ਭਿੰਨ ਦਰਸਾਇਆ ਹੈ, ਆਦਿ।
(ਅ).
ਦੂਸਰਾ ਇਤਿਹਾਸਕ ਸਬੂਤ ਹੈ ‘ਗੁਰੂ
ਗ੍ਰੰਥ ਸਾਹਿਬ’ ਜੀ ਦੀ ਸੰਪੂਰਨਤਾ
ਅਤੇ ਇਨ੍ਹਾਂ ਨੂੰ ਗੁਰਗੱਦੀ ਸੌਂਪਣਾ, ਜਿਨ੍ਹਾਂ
ਆਸਰੇ ਸਿੱਖ ਕੌਮ ਨੇ ਕਿਆਮਤ ਤੱਕ ਦਾ ਸਫ਼ਰ ਤਹਿ ਕਰਨਾ ਹੈ, ਕਿਉਂਕਿ
ਇਸ ਵਿੱਚ ਮਿਲਾਵਟ ਦੀ ਸੰਭਾਵਨਾ ਬਣੀ ਰਹਿਣੀ ਸੀ। ਗੁਰੂ ਕਾਲ (239 ਸਾਲਾਂ)
ਵਿੱਚ ਇਤਨੇ ਸੰਘਰਸ਼ਮਈ ਜੀਵਨ ਦੌਰਾਨ ਵੀ ਇਹ ਕਾਰਜ ਮੁਕੰਮਲ ਕੀਤਾ
ਗਿਆ, ਜੋ ਕਿ ਪਹਿਲੇ ਨਾਨਕ ਜੀ ਦਾ
ਸੁਪਨਾ (ਖ਼ਾਬ) ਸੀ। ਕੀ ਅਜਿਹੇ ਮਹੱਤਵ ਪੂਰਨ ਕਾਰਜ ਨੂੰ ਅਧੂਰਾ
ਰਹਿਣ ਦਿੱਤਾ ਗਿਆ ਤਾਂ ਜੋ ਗੁਰੂ ਨਿਰਣਿਆਂ ’ਤੇ
ਸੰਦੇਹ ਪੈਦਾ ਕੀਤਾ ਜਾ ਸਕੇ ?
(ੲ). 3 ਮਈ 1705 ਤੋਂ 5-6 ਦਸੰਬਰ 1705 ਤੱਕ
(ਲਗਭਗ 7 ਮਹੀਨੇ) ਅਨੰਦਪੁਰ ਸਾਹਿਬ
ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਏ ਘੇਰੇ ਦੌਰਾਨ ਹਰਨੇਕ
ਸਿੰਘ ਵਰਗਾ ਕੋਈ ਸਿੱਖ ਇਹੀ ਸਲਾਹ ਦਿੰਦਾ ਕਿ ਸਭ ਤੋਂ ਪਹਿਲਾਂ
ਗੁਰੂ ਜੀ ਦੇ ਉੱਤਰਾਧਿਕਾਰੀ (ਗੁਰੂ ਗ੍ਰੰਥ ਸਾਹਿਬ ਜੀ) ਦੀ
ਨਿਯੁਕਤੀ ਹੋਣੀ ਜ਼ਰੂਰੀ ਹੈ ਕਿਉਂਕਿ ਹੁਣ ਸਾਡਾ ਬਚਣਾ ਨਾਮੁਮਕਿਨ
ਹੈ, ਪਰ ਕਰਤਾਰ ’ਤੇ
ਭਰੋਸਾ ਰੱਖਣ ਵਾਲ਼ੇ ਅਤੇ ਆਦਿ ਅੰਤ ਦੀ ਜਾਣਨਹਾਰ ਅਭੁੱਲ ਸਤਿਗੁਰੂ
ਜੀ ਨੇ ਅਜਿਹਾ ਨਿਰਣਾ ਲੈਣਾ ਜ਼ਰੂਰੀ ਨਾ ਸਮਝਿਆ। ਕੀ ਗੁਰੂ ਜੀ ਦਾ
ਇਹ ਨਿਰਣਾ (ਆਮ ਮਨੁੱਖ ਵਾਙ ਲਿਆ ਹੋਇਆ) ਗ਼ਲਤ ਫ਼ੈਸਲਾ ਸੀ ?
(ਸ). 1699 ਦੀ
ਵਿਸਾਖੀ ਵਾਲ਼ੀ ਘਟਨਾ, ਜਿੱਥੇ ਪੰਜ
ਸਿੰਘਾਂ ਦੇ ਸੀਸ ਮੰਗੇ ਗਏ ਅਤੇ ਉਨ੍ਹਾਂ ਪੰਜਾਂ ਵਿੱਚੋਂ 2 ਪਿਆਰਿਆਂ
ਸਮੇਤ ਕਈ ਸਿੰਘ ਨਾਦੇੜ (ਮਹਾਰਾਸਟਰਾ) ਵਿਖੇ ਗੁਰੂ ਜੀ ਪਾਸ
ਮੌਜੂਦ ਹੋਣ ਦੇ ਬਾਵਜੂਦ ਵੀ ਕੁਝ ਸਮਾਂ ਪਹਿਲਾਂ ਹੀ ਸਿੱਖੀ ਧਾਰਨ
ਕਰਨ ਵਾਲ਼ੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਿੱਖ ਕੌਮ ਦਾ
ਪਹਿਲਾ ਜਥੇਦਾਰ ਨਿਯੁਕਤ ਕੀਤਾ ਗਿਆ। ਕੀ ਇਸ ਸੋਚ ਨੂੰ ਦਿਬ
ਦ੍ਰਿਸ਼ਟੀ ਨਾ ਕਹੀਏ ? ‘ਸ਼ਬਦ ਗੁਰੂ’ ਨੂੰ
ਸਦੀਵੀ ਗੁਰਗੱਦੀ ਬਖ਼ਸ਼ਣਾ, ਕੀ ਗ਼ਲਤ
ਨਿਰਣਾ ਹੈ ? ਇਹ ਸਭ ਇਤਿਹਾਸਕ ਪੱਖ
ਹੀ ਹਨ, ਨਾ ਕਿ ਗੁਰਬਾਣੀ; ਜਿਸ
ਇਤਿਹਾਸ ’ਚ ਗੁਰੂ ਉੱਤੇ ਗ਼ਲਤ ਫ਼ੈਸਲੇ
ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ।
(ਹ).
ਮੁਗ਼ਲ ਕਾਲ ਨਾਲ਼ ਸੰਬੰਧਿਤ ਇੱਕ ਇਤਿਹਾਸਕ ਘਟਨਾ, ਜਿਸ
ਦਾ ਜ਼ਿਕਰ ਗੁਰਬਾਣੀ ਵਿੱਚ ਦਰਜ ਹੈ ਕਿ ‘‘ਆਵਨਿ
ਅਠਤਰੈ, ਜਾਨਿ ਸਤਾਨਵੈ; ਹੋਰੁ
ਭੀ ਉਠਸੀ, ਮਰਦ ਕਾ ਚੇਲਾ ॥’’
(ਮ: ੧/੭੨੩) ਭਾਵ ਮੁਗ਼ਲ ਬਾਦਸ਼ਾਹ (ਬਾਬਰ) ਦੇ
ਹਮਲੇ ਸਮੇਂ ਐਮਨਾਬਾਦ ’ਚ ਆਪਣੀ
ਤੀਸਰੀ ਉਦਾਸੀ ਦੌਰਾਨ (ਸੰਮਤ 1578 ’ਚ)
ਰੁਕੇ ਹੋਏ ਗੁਰੂ ਨਾਨਕ ਸਾਹਿਬ ਜੀ ਨੇ ਭਵਿੱਖ ’ਚ
ਭਾਰਤੀ ਇਤਿਹਾਸ ਬਣਨ ਬਾਰੇ ਸੰਕੇਤ ਕੀਤਾ ਕਿ ਇਹ ਮੁਗ਼ਲ ਸੰਮਤ 1578
(ਸੰਨ 1521) ਵਿੱਚ
ਭਾਰਤ ਆਉਣਗੇ ਤੇ ਸੰਮਤ1597 (ਸੰਨ 1540) ਵਿੱਚ
ਭਾਰਤ ’ਚੋਂ ਜੰਗ ਹਾਰ ਕੇ ਵਾਪਸ
ਆਪਣੇ ਦੇਸ਼ ਭੱਜ ਜਾਣਗੇ, ਜੋ (ਬਾਬਰ
ਦੇ ਪੁੱਤਰ) ਹਮਾਯੂ ਨੂੰ ਸ਼ੇਰ ਸ਼ਾਹ ਸੂਰੀ ਨੇ ਹਰਾ ਕੇ ਭਜਾਉਣ ਨਾਲ਼
ਇਹ ਭਵਿੱਖ ਬਾਣੀ ਸੱਚ ਸਾਬਤ ਹੋਈ। ਕੀ 19 ਸਾਲ
ਪਹਿਲਾਂ ਕੀਤੇ ਗਏ ਅਜਿਹੇ ਵਚਨ ਕਿਸੇ ਆਮ ਮਨੁੱਖ (ਹਰਨੇਕ ਸਿੰਘ
ਵਰਗੇ) ਦੇ ਕਦੇ ਪੂਰੇ ਹੋਏ ਹਨ ?, ਆਦਿ।
ਉਕਤ ਕੀਤੀ ਗਈ ਵਿਚਾਰ ਤੋਂ ਜਾਪਦਾ ਹੈ ਕਿ ਗੁਰੂ ਸਾਹਿਬਾਨ ਦੁਆਰਾ
ਕੀਤੇ ਗਏ ਕਾਰਜ ਸਧਾਰਨ ਨਹੀਂ ਸਨ, ਜਿਨ੍ਹਾਂ
ਨੂੰ ਹਰ ਕੋਈ ਮਨੁੱਖ ਹੀ ਕਰ ਸਕਦਾ, ਇਸ
ਲਈ ਗੁਰੂ ਨੂੰ ਭੁੱਲਣ ਅੰਦਰ ਸਮਝਣਾ ਬਹੁਤ ਵੱਡੀ ਗ਼ਲਤੀ ਹੈ, ਜੋ
ਇੱਕ ਅਹੰਕਾਰੀ ਬੰਦਾ ਹੀ ਕਰ ਸਕਦਾ ਹੈ, ਜਿਸ
ਨੂੰ ਕਿਸੇ (ਗੁਰੂ ਜਾਂ ਅਕਾਲ ਪੁਰਖ) ਦਾ ਡਰ-ਭੈ ਨਹੀਂ ਤੇ ਨਾ ਹੀ
ਗੁਰੂ ਦੁਆਰਾ ਕੀਤੇ ਗਏ ਮਾਨਵਤਾ ਲਈ ਉਪਕਾਰਾਂ ਦਾ ਕੋਈ ਅਹਿਸਾਸ
ਹੈ। ਗੁਰਬਾਣੀ ਨੂੰ ਅਟੱਲ ਸਚਾਈ ਕਹਿਣਾ ਵੀ ਅਜਿਹੇ ਬੰਦਿਆਂ ਦੀ
ਇੱਕ ਸਮਾਜਿਕ ਮਜਬੂਰੀ ਹੀ ਮੰਨੀ ਜਾ ਸਕਦੀ ਹੈ। ਅਗਾਂਹ ਇਤਿਹਾਸ
ਦੇ ਕੁਝ ਉਹ ਪੰਨੇ ਵੀ ਵਿਚਾਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ
ਨਾਲ਼ ਇਹ ਸਭ ਵਿਵਾਦ ਪੈਦਾ ਹੋਇਆ ਹੈ; ਜਿਵੇਂ
ਕਿ ‘ਬਾਬਾ ਪ੍ਰਿਥੀਚੰਦ ਨੂੰ
ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੌਂਪਣਾ,ਬਾਬਾ
ਰਾਮਰਾਇ ਜੀ ਨੂੰ ਔਰੰਗਜ਼ੇਬ ਪਾਸ ਦਿੱਲੀ ਭੇਜਣਾ, ਆਦਿ।
ਗੁਰੂ ਕਾਲ (ਇਤਿਹਾਸ) ਵਿੱਚ ਜ਼ਿਕਰ ਹੈ ਕਿ ਸੰਨ 1566 ਵਿੱਚ
ਹਿੰਦੂ ਪਰੋਹਿਤਾਂ ਦੁਆਰਾ ਗੁਰਮਤਿ ਵਿਰੁਧ ਸ਼ਿਕਾਇਤਾਂ ਅਕਬਰ
ਬਾਦਸ਼ਾਹ ਦੇ ਦਰਬਾਰ ਵਿੱਚ ਪੁੱਜੀਆਂ, ਜਿਨ੍ਹਾਂ
ਦੇ ਜਵਾਬ ਦੇਣ ਲਈ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ (ਰਾਮਦਾਸ)
ਜੀ ਨੂੰ ਅਕਬਰ ਦਰਬਾਰ ਵਿੱਚ ਭੇਜਿਆ ਸੀ, ਜਿਨ੍ਹਾਂ
ਪਾਸੋਂ ਗੁਰਮਤਿ (ਸਚਾਈ) ਬਾਰੇ ਸੁਣ ਕੇ ਅਕਬਰ ਇੰਨਾ ਪ੍ਰਭਾਵਤ
ਹੋਇਆ ਕਿ ਉਹ 2 ਵਾਰ ਭਾਵ ਸੰਨ 1571 ਈਸਵੀ ’ਚ
ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਲਈ ਅਤੇ 24 ਨਵੰਬਰ 1598 ਨੂੰ
ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਵਿੱਚ ਹਾਜ਼ਰੀ ਭਰਨ ਲਈ
ਗੋਇੰਦਵਾਲ ਸਾਹਿਬ ਵਿਖੇ ਆਇਆ, ਪਰ
ਬਾਬਾ ਰਾਮਰਾਇ ਜੀ ਨੂੰ ਦਿੱਲੀ ਭੇਜਣ ਅਤੇ ਬਾਬਾ ਪ੍ਰਿਥੀਚੰਦ ਜੀ
ਦੇ ਵਿਰੋਧ ਸਮੇਂ ਤੋਂ ਪਹਿਲਾਂ ਇਨ੍ਹਾਂ ਦੀ ਅਹਿਮ ਅਹੁਦਿਆਂ ’ਤੇ
ਕੀਤੀ ਗਈ ਗੁਰੂ ਸਾਹਿਬਾਨ ਵੱਲੋਂ ਨਿਯੁਕਤੀ ਨੂੰ ਗ਼ਲਤ ਦੱਸਣ
ਵਾਲਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਦੋਵੇਂ ਘਟਨਾਵਾਂ ਤਦੋਂ
ਵਾਪਰੀਆਂ ਸਨ,ਜਦ ਗੁਰੂ ਰਾਮਦਾਸ ਜੀ
ਅਤੇ ਗੁਰੂ ਹਰਿਰਾਇ ਸਾਹਿਬ ਜੀ ਦੇ ਉੱਤਰਾਧਿਕਾਰੀ ਦੀ ਤਲਾਸ਼ ਹੋ
ਰਹੀ ਸੀ, ਜਿਸ ਦਾ ਭੇਤ ਕੇਵਲ ਗੁਰੂ
ਜੀ ਹੀ ਜਾਣਦੇ ਸਨ ਕਿਉਂਕਿ ਬਾਬਾ ਪ੍ਰਿਥੀਚੰਦ ਜੀ ਤਾਂ ਗੁਰੂ
ਰਾਮਦਾਸ ਜੀ ਨੂੰ (ਹਰਨੇਕ ਸਿੰਘ ਵਾਙ) ਜ਼ਰੂਰਤ ਤੋਂ ਵਧ ਕੇ ਸੁਝਾਅ
ਦੇਣਾ ਸ਼ੁਰੂ ਕਰ ਚੁੱਕੇ ਸਨ, ਜਿਨ੍ਹਾਂ
ਬਾਬਤ ਗੁਰੂ ਰਾਮਦਾਸ ਜੀ ਦੇ ਆਪਣੇ ਹੀ ਵਚਨ ਹਨ ‘‘ਕਾਹੇ
ਪੂਤ ! ਝਗਰਤ ਹਉ;ਸੰਗਿ ਬਾਪ ॥ ਜਿਨ
ਕੇ ਜਣੇ ਬਡੀਰੇ ਤੁਮ ਹਉ; ਤਿਨ ਸਿਉ
ਝਗਰਤ ਪਾਪ ॥੧॥ ਰਹਾਉ ॥’’ (ਮ:
੪/੧੨੦੦)
ਇਸ ਤੋਂ ਪਿਛਲੇ ਸਮੇਂ ’ਚ
ਬਾਬਾ ਪ੍ਰਿਥੀਚੰਦ ਤੇ ਅਗਾਂਹ ਬਾਬਾ ਰਾਮਰਾਇ ਜੀ ਬਹੁਤ ਹੀ
ਬੁਧੀਮਾਨ ਤੇ ਗੁਰੂ ਘਰ ਵਿੱਚ ਸਤਿਕਾਰਮਈ ਸ਼ਖ਼ਸੀਅਤਾਂ ਸਨ, ਜਿਸ
ਕਾਰਨ ਗੁਰੂ ਸਾਹਿਬਾਨ ਨੇ ਇਨ੍ਹਾਂ ਨੂੰ ਬੜੇ ਅਹਿਮ ਫ਼ੈਸਲੇ ਲੈਣ
ਦੇ ਅਧਿਕਾਰ ਬਖ਼ਸ਼ੇ,
ਪਰ ਗੁਰੂ ਘਰ ਦੀ ਚਲਦੀ ਆਈ ਪਰੰਪਰਾ ਅਨੁਸਾਰ ਗੁਰਗੱਦੀ ਦੀ
ਜ਼ਿੰਮੇਵਾਰੀ ਸਮੇਂ ਵਿਸ਼ੇਸ਼ ਪਰਖ ਕੀਤੀ ਜਾਂਦੀ ਰਹੀ ਹੈ; ਜਿਵੇਂ
ਕਿ ਗੁਰੂ ਅਮਰਦਾਸ ਜੀ ਨੇ ਆਪਣੇ ਵੱਡੇ ਤੇ ਛੋਟੇ ਜਵਾਈ ਬਾਬਾ
ਰਾਮਾ ਜੀ ਤੇ ਭਾਈ ਜੇਠਾ ਜੀ ਰਾਹੀਂ ਮਿੱਟੀ ਦੇ ਥੜ੍ਹੇ ਵਾਰ-ਵਾਰ
ਬਣਾਉਣ ਦੇ ਬਹਾਨੇ ਗੁਰੂ ਹੁਕਮ ਦਾ ਪਾਲ਼ਨ ਕਰਨ ਦੀ ਪਰਖ ਕੀਤੀ, ਜਿਸ
ਵਿੱਚ ਭਾਈ ਜੇਠਾ ਜੀ ਨੇ ਆਪਣੇ ਸੰਜਮ ਤੇ ਸਿਆਣਪ ਦੀ ਵਧੇਰੇ
ਮਿਸਾਲ ਦਿੱਤੀ, ਪਰ ਕੀ ਇਸ ਵਿੱਚ
ਬਾਬਾ ਰਾਮਾ ਜੀ ਦਾ ਕੋਈ ਕੱਦ ਛੋਟਾ ਹੋ ਗਿਆ, ਨਹੀਂ।
ਹੁਣ ਅਗਰ ਈਰਖਾਵਸ ਬਾਬਾ ਰਾਮਾ ਜੀ, ਗੁਰੂ
ਰਾਮਦਾਸ ਜੀ ਨਾਲ਼ ਵੈਰ-ਭਾਵਨਾ ਰੱਖਣ ਲੱਗ ਜਾਂਦੇ ਤਾਂ ਕੀ ਇਹ
ਕਹਿਣਾ ਉਚਿਤ ਹੁੰਦਾ ਕਿ ਗੁਰੂ ਅਮਰਦਾਸ ਜੀ ਦੁਆਰਾ ਬਾਬਾ ਰਾਮਾ
ਜੀ ਨੂੰ ਪਹਿਲਾਂ ਵੱਧ ਤੇ ਵਿਸ਼ੇਸ਼ ਅਧਿਕਾਰ ਕਿਉਂ ਦਿੱਤੇ ਗਏ ? ਧਿਆਨ
ਰਹੇ ਕਿ ਗੁਰਿਆਈ ਦੀ ਪਰਖ ਲਈ ਆਏ ਨਾਮ (ਬਾਬਾ ਰਾਮਾ ਜੀ) ਨੂੰ
ਸਾਧਾਰਨ ਵਿਅਕਤੀ ਨਹੀਂ ਮੰਨਿਆ ਜਾ ਸਕਦਾ। ਅਜਿਹਾ ਹੀ ਕੁਝ ਬਾਬਾ
ਪ੍ਰਿਥੀਚੰਦ ਜੀ ਸਮੇਂ ਹੋਇਆ ਹੈ, ਜੋ
ਗੁਰੂ ਰਾਮਦਾਸ ਜੀ ਦੀ ਪਰਖ ਕਸੌਟੀ ’ਚ
ਗੁਰੂ ਅਰਜਨ ਸਾਹਿਬ ਜੀ ਦੇ ਮੁਕਾਬਲੇ ਪਿਛੇ ਰਹਿ ਗਏ ਸਨ ਅਤੇ
ਗੁਰੂ ਫ਼ੈਸਲੇ ਨੂੰ ਆਪਣੀ ਸ਼ਖ਼ਸੀਅਤ ਦੇ ਵਿਰੁਧ ਮੰਨ ਕੇ ਵਿਰੋਧ
ਕਰਨਾ ਸ਼ੁਰੂ ਕਰ ਦਿੱਤਾ,ਇਸ ਵਿਰੋਧ
ਬਦਲੇ ਬਾਬਾ ਪ੍ਰਿਥੀਚੰਦ ਜੀ ਦੀ ਪਹਿਲਾਂ ਕੀਤੀ ਗਈ ਗੁਰੂ ਘਰ ਦੇ
ਪ੍ਰਬੰਧ ਲਈ ਨਿਯੁਕਤੀ ਜਾਂ ਸੇਵਾ ਨੂੰ ਗ਼ਲਤ ਠਹਿਰਾਉਣਾ, ਅਧਾਰਹੀਣ
ਪ੍ਰਸ਼ਨ ਜਾਂ ਸੰਦੇਹ ਹੈ।
ਗੁਰੂ ਹਰਿਰਾਇ ਸਾਹਿਬ ਜੀ ਦੁਆਰਾ ਬਾਬਾ ਰਾਮਰਾਇ ਜੀ ਨੂੰ ਦਿੱਲੀ
ਭੇਜਣ ਦਾ ਲਿਆ ਗਿਆ ਫ਼ੈਸਲਾ ਵੀ ਗੁਰਗੱਦੀ ਦੀ ਪਰਖ ਨਾਲ਼ ਸੰਬੰਧਿਤ
ਹੈ, ਜਿਸ
ਦੇ ਜਾਣ ਲੱਗਿਆਂ ਇੱਕ ਵਿਸ਼ੇਸ਼ ਤੌਰ ’ਤੇ
ਹਦਾਇਤ ਵੀ ਕੀਤੀ ਗਈ ਕਿ ਗੁਰੂ ਹੁਕਮ ਦਾ ਵਿਸ਼ੇਸ਼ ਧਿਆਨ ਰੱਖੀਂ
(ਜਿਵੇਂ ਕਿ ਗੁਰੂ ਜੀ ਨੂੰ ਪਹਿਲਾਂ ਹੀ ਪਤਾ ਹੋਵੇ ਕਿ ਇਹ ਥਿੜਕ
ਸਕਦੇ ਹਨ, ਨਹੀਂ ਤਾਂ ਅਜਿਹੇ
ਵਿਅਕਤੀ ਲਈ ਇਹ ਕਹਿਣ ਦੀ ਜ਼ਰੂਰਤ ਹੀ ਕੀ ਰਹਿ ਜਾਂਦੀ ਸੀ ?)। ਇਸ
ਪਰਖ ’ਚ
ਬਾਬਾ ਰਾਮਰਾਇ ਜੀ, ਗੁਰੂ
ਹਰਿਕ੍ਰਿਸ਼ਨ ਜੀ ਦੇ ਮੁਕਾਬਲੇ ਫ਼ੇਲ੍ਹ ਹੋ ਗਏ। ਇਸ ਵਿਸ਼ੇ ਨੂੰ ਹੋਰ
ਵਧੀਕ ਸਮਝਣ ਲਈ ਥੋੜ੍ਹਾ ਇਤਿਹਾਸਕ ਪ੍ਰਮਾਣ ਲੈਣ ਦੀ ਜ਼ਰੂਰਤ ਹੈ।
ਬਾਬਾ ਰਾਮਰਾਇ ਜੀ ਦਾ ਜਨਮ 24 ਫ਼ਰਵਰੀ 1648
’ਚ ਹੋਇਆ, ਜੋ
ਦਿੱਲੀ ਵਿਖੇ ਰਾਜਾ ਔਰੰਗਜ਼ੇਬ ਨੂੰ ਅਪਰੈਲ 1661ਨੂੰ
ਮਿਲਦੇ ਹਨ ਤਦ ਇਨ੍ਹਾਂ ਦੀ ਉਮਰ ਲਗਭਗ 13 ਸਾਲ 2 ਮਹੀਨੇ
ਹੁੰਦੀ ਹੈ, ਜੋ ਉੱਥੇ ਲੰਮਾ ਸਮਾਂ
ਰੁਕੇ ਰਹੇ, ਜਿਸ ਦੌਰਾਨ ਉਨ੍ਹਾਂ ‘ਮਿਟੀ
ਮੁਸਲਮਾਨ ਕੀ’ ਤੁਕ ਨੂੰ ਬਦਲ ਕੇ ‘ਮਿਟੀ
ਬੇਈਮਾਨ ਕੀ’ ਕਿਹਾ, ਇਸ
ਘਟਨਾ ਉਪਰੰਤ ਬਾਬਾ ਰਾਮਰਾਇ ਜੀ ਵਾਪਸ ਕੀਰਤਪੁਰ ਸਾਹਿਬ ਵੱਲ
ਆਉਂਦੇ ਹਨ। ਅਗਾਂਹ ਗੁਰੂ ਹਰਿਰਾਇ ਸਾਹਿਬ ਜੀ ਨੂੰ ਮਿਲੀ ਸੂਚਨਾ
ਦੇ ਆਧਾਰ ’ਤੇ ਇਨ੍ਹਾਂ ਨੂੰ
ਕੀਰਤਪੁਰ ਆਉਣ ਤੋਂ ਮਨ੍ਹਾ ਕਰ ਦਿੱਤਾ ਜਾਂਦਾ ਹੈ, ਜੋ
ਮੁੜ ਦੇਹਰਾਦੂਨ ਚਲੇ ਗਏ ਅਤੇ ਇਨ੍ਹਾਂ ਦਿਨਾਂ ਭਾਵ 6 ਅਕਤੂਬਰ 1661ਨੂੰ
ਹੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਯੋਗ ਸਮਝ ਕੇ ਗੁਰਗੱਦੀ
ਸੌਂਪ ਦਿੱਤੀ ਜਾਂਦੀ ਹੈ। ਕੀ ਇਸ ਘਟਨਾ ਨੂੰ ਗੁਰੂ ਘਰ ’ਚ
ਚਲਦੀ ਆ ਰਹੀ ਗੁਰਿਆਈ ਪਰਖ ਕਸੌਟੀ ਨਾਲ਼ ਜੋੜ ਕੇ ਨਹੀਂ ਵੇਖਣਾ
ਚਾਹੀਦਾ ?
ਗੁਰੂ ਹਰਿਕ੍ਰਿਸ਼ਨ ਜੀ ਉੱਤੇ ਇਹ
ਆਰੋਪ ਲਗਾਉਣਾ ਬੇਬੁਨਿਆਦ ਹੈ
ਕਿ ਉਨ੍ਹਾਂ ਦੀ ਬਾਲਕ ਉਮਰ (5 ਸਾਲ 3 ਮਹੀਨੇ)
ਇਸ ਜ਼ਿੰਮੇਵਾਰ ਨੂੰ ਸੰਭਾਲਣ ਦੇ ਲਾਇਕ ਨਹੀਂ ਸੀ। ਸਿੱਖ ਇਤਿਹਾਸ
ਸਿਰਜਿਆ ਸ਼ਾਨਦਾਰ ਗਿਆ ਹੈ ਪਰ ਸੰਭਾਲ਼ਿਆ ਨਹੀਂ ਗਿਆ ਭਾਵ ਇਤਿਹਾਸ
ਲਿਖਦਿਆਂ ਗੁਰਬਾਣੀ ਵਾਙ ਸੋਧ ਨਹੀਂ ਰੱਖੀ ਜਾ ਸਕੀ। ਡਾਕਟਰ
ਹਰਜਿੰਦਰ ਸਿੰਘ ਦਿਲਗੀਰ ਸਮੇਤ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ
ਕਿ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ 7 ਜੁਲਾਈ 1656 ਨੂੰ
ਨਹੀਂ ਹੋਇਆ ਬਲਕਿ 20ਜੁਲਾਈ 1652 ਨੂੰ
ਕੀਰਤਪੁਰ ਸਾਹਿਬ ਵਿਖੇ ਹੋਇਆ ਹੈ ਅਤੇ ਗੁਰਗੱਦੀ ਦੀ ਜ਼ਿੰਮੇਵਾਰੀ
(ਭਾਵ 6 ਅਕਤੂਬਰ 1661) ਦੌਰਾਨ
ਆਪ ਦੀ ਉਮਰ 5.3 ਸਾਲ ਨਹੀਂ ਬਲਕਿ 9 ਸਾਲ 2 ਮਹੀਨੇ
ਤੇ 16 ਦਿਨ ਸੀ। ਧਿਆਨ ਰਹੇ ਕਿ
ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਵੀ ਗੁਰਗੱਦੀ ਸੰਭਾਲਣ ਸਮੇਂ 8 ਸਾਲ 10 ਮਹੀਨੇ
ਤੇ 20 ਦਿਨ ਸੀ। ਗੁਰੂ ਹਰਿਕ੍ਰਿਸ਼ਨ
ਜੀ 25 ਮਾਰਚ 1664 ਨੂੰ
ਔਰੰਗਜ਼ੇਬ ਨੂੰ ਦਿੱਲੀ ਵਿਖੇ ਮਿਲਦੇ ਹਨ, ਤਦ
ਉਨ੍ਹਾਂ ਦੀ ਉਮਰ 11 ਸਾਲ 8 ਮਹੀਨੇ
ਤੇ 5 ਦਿਨ ਸੀ, ਇਸ
ਲਈ ਇਹ ਸਵਾਲ ਉੱਠਾਉਣਾ ਕਿ ਗੁਰੂ ਹਰਿਰਾਇ ਸਾਹਿਬ ਜੀ ਨੇ ਬਾਲਕ
ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਦੇ ਕੇ ਗ਼ਲਤੀ ਕੀਤੀ, ਅਕਿਰਤਘਣ
ਤੇ ਗੁਰੂ ਨਿੰਦਕ ਦੀ ਸੋਚ ਹੈ ਕਿਉਂਕਿ ਗੁਰਬਾਣੀ ਮੁਤਾਬਕ ‘ਨਾਨਕ
ਜੋਤ’ ਰੂਹਾਨੀਅਤ ਦੀ ਕਾਬਲੀਅਤ ਵੇਖ
ਕੇ ਦਿੱਤੀ ਜਾਂਦੀ ਹੈ,ਨਾ ਕਿ ਸਰੀਰ
ਦੀ ਲੰਮੀ ਜਾਂ ਛੋਟੀ ਉਮਰ ਵੇਖ ਕੇ। ਮਿਸਾਲ ਵਜੋਂ ਗੁਰੂ ਨਾਨਕ
ਸਾਹਿਬ ਜੀ ਨੇ 9 ਸਾਲ ਦੀ ਉਮਰ ’ਚ
ਹੀ ਪਿਤਾ ਪੁਰਖੀ ਚੱਲੀ ਆ ਰਹੀ ਜਨੇਊ ਪਾਉਣ ਦੀ ਰੀਤ ਤੋਂ (ਭਰੀ
ਮਹਿਫ਼ਲ ’ਚ) ਇਨਕਾਰ ਕਰ ਦਿੱਤਾ ਸੀ
ਤੇ ਸਦਾ ਸਾਥ ਨਿਭਣ ਵਾਲ਼ੇ ਸੱਚੇ ਜਨੇਊ ਦੀ ਮੰਗ ਵੀ ਕੀਤੀ ‘‘ਦਇਆ
ਕਪਾਹ, ਸੰਤੋਖੁ ਸੂਤੁ; ਜਤੁ
ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ; ਹਈ, ਤ
ਪਾਡੇ ! ਘਤੁ ॥’’ (ਮ: ੧/੪੭੧)
ਇਤਿਹਾਸ ’ਚ ਦਰਜ ਹੈ ਕਿ ਗੁਰੂ ਨਾਨਕ
ਸਾਹਿਬ ਜੀ 3 ਸਾਲ ਦੀ ਉਮਰ ’ਚ
ਹੀ ਅਕਾਲ ਪੁਰਖ ਨਾਲ਼ ਧਿਆਨ ਦੀ ਲੰਮੀ ਇਕਾਗਰਤਾ ਲਗਾਉਂਦੇ ਵੇਖੇ
ਗਏ ਸਨ ਅਤੇ 5 ਸਾਲ ਦੀ ਉਮਰ ’ਚ
ਸਿਆਣਿਆ ’ਚ ਬੈਠ ਕੇ ਅਕਾਲ ਪੁਰਖ, ਕੁਦਰਤ, ਰੂਹਾਨੀਅਤ
ਤੇ ਜੀਵਨ-ਜਾਚ ਦੇ ਅਤਿ ਗਹਿਰੇ ਵਿਸ਼ਿਆਂ ਬਾਰੇ ਗੱਲਾਂ ਕਰਨ ਲੱਗ
ਪਏ ਸਨ।
ਦਸਮੇਸ਼ ਪਿਤਾ ਜੀ ਦੇ ਲਾਲ (ਛੋਟੇ ਸਾਹਿਬਜ਼ਾਦੇ) ਵੀ ਲਗਭਗ 7 ਤੇ 9 ਸਾਲ
ਦੇ ਹੀ ਸਨ, ਜਿਨ੍ਹਾਂ ਸੂਬਾ ਸਰਹਿੰਦ
ਦੇ ਹਰ ਸਵਾਲ ਦਾ ਜਵਾਬ ਬਾਖ਼ੂਬੀ ਨਾਲ਼ ਦਿੱਤਾ ਅਤੇ ਉਹ ਆਪਣੀ ਹਾਰ
ਨੂੰ ਨਾ ਸਵੀਕਾਰਦਿਆਂ ਬੱਚਿਆਂ ਨੂੰ ਸ਼ਹੀਦ ਕਰਵਾਉਣ ਦਾ ਹੁਕਮ
ਜਾਰੀ ਕਰਦਾ ਹੈ।
ਸੋ, ਗੁਰੂ
ਸਿਧਾਂਤ (ਸ਼ਬਦ, ਵਚਨ) ਕਿਸੇ ਮਨੁੱਖਾ
ਸਰੀਰਕ ਆਯੂ ਨੂੰ ਵੱਡਾ ਜਾਂ ਛੋਟਾ ਵੇਖ ਕੇ ਨਿਰਣਾ ਨਹੀਂ ਕਰਦਾ, ਇਸ
ਵਿਸ਼ੇ ਦੀ ਨਾ ਸਮਝੀ ਹੀ ਬਾਬਾ ਰਾਮਰਾਇ ਜੀ ਨੂੰ ਰਾਜਾ ਔਰੰਗਜ਼ੇਬ
ਪਾਸ ਇਹ ਬੋਲਣ ਲਈ ਮਜਬੂਰ ਕਰਦੀ ਹੈ ਕਿ ਮੈਂ ਵੱਡਾ ਪੁੱਤਰ ਹਾਂ
ਤੇ ਗੁਰਗੱਦੀ ਉੱਪਰ ਮੇਰਾ ਅਧਿਕਾਰ ਹੋਣਾ ਚਾਹੀਦਾ ਹੈ, ਇਸ
ਦੇ ਸਪਸ਼ਟੀਕਰਨ ਲਈ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ
ਬੁਲਾਇਆ ਗਿਆ, ਜਿਨ੍ਹਾਂ 25 ਮਾਰਚ 1664 ਨੂੰ
ਰਾਜਾ ਔਰੰਗਜ਼ੇਬ ਨੂੰ ਮਿਲ ਕੇ ਸਮਝਾਇਆ ਕਿ ਇਹ ਤਾਂ ਰੂਹਾਨੀ ਸੇਵਾ
ਹੈ। ਗੁਰੂ ਹਰਿਰਾਇ ਸਾਹਿਬ ਜੀ ਨੇ ਜਿਸ ਨੂੰ ਠੀਕ ਹੱਕਦਾਰ ਸਮਝਿਆ
ਇਹ ਸੇਵਾ ਸੌਂਪ ਦਿੱਤੀ। (ਡਾਕਟਰ ਹਰਜਿੰਦਰ ਸਿੰਘ ਦਿਲਗੀਰ)
ਇੱਥੇ ਇਹ ਵਿਚਾਰ ਵੀ ਲਾਭਕਾਰੀ ਹੋ ਸਕਦੀ ਹੈ ਕਿ ਭਾਈ ਜੇਠਾ
(ਗੁਰੂ ਰਾਮਦਾਸ) ਜੀ ਦੁਆਰਾ ਅਕਬਰ ਦਰਬਾਰ ਵਿੱਚ ਜਾਣ ਨੂੰ
ਗੁਰਿਆਈ ਪਰਖ ਨਾਲ਼ ਜੋੜ ਕੇ ਨਹੀਂ ਵੇਖਿਆ ਜਾ ਸਕਦਾ ਕਿਉਂਕਿ ਭਾਈ
ਜੇਠਾ ਜੀ ਅਕਬਰ ਦਰਬਾਰ ਵਿੱਚ ਸੰਨ1566 ਵਿੱਚ
ਪਹੁੰਚਦੇ ਹਨ ਜਦ ਕਿ ਗੁਰੂ ਅਮਰਦਾਸ ਜੀ ਦੇ ਉੱਤਰਾਧਿਕਾਰੀ ਦੀ
ਤਲਾਸ਼ 1 ਸਤੰਬਰ 1574 ਭਾਵ 8 ਸਾਲ
ਬਾਅਦ ਕੀਤੀ ਜਾਂਦੀ ਹੈ।
‘‘ਪਿਤਾ ਕਾ ਜਨਮੁ; ਕਿ
ਜਾਨੈ ਪੂਤੁ ? ॥’’ ਵਚਨਾਂ
ਨੂੰ ਅਮਲੀ ਜੀਵਨ ’ਚ ਧਾਰਨ ਕਰਨ ਦੀ
ਬਜਾਇ ਗੁਰੂ ਸ਼ਖ਼ਸੀਅਤ ਨੂੰ ਖੰਘਾਲ਼ਨ ਵਾਲ਼ੇ ਹਰਨੇਕ ਸਿੰਘ ਦੀ ਸੋਚ
ਨੂੰ ਵੀ ਸੰਖੇਪ ’ਚ ਸਮਝਣਾ ਜ਼ਰੂਰੀ
ਹੈ :
ਅਸੱਭਿਅ ਸ਼ਬਦਾਂ ਦੀ ਪਰਿਭਾਸ਼ਾ ਤੋਂ ਸੱਖਣਾ ਵਿਅਕਤੀ ਪੰਥਕ ਏਕਤਾ
ਲਈ ਕੋਈ ਰਾਏ ਦੇਵੇ, ਸਮਝਦਾਰ
ਵਿਅਕਤੀ ਲਈ ਪਾਗ਼ਲਪਣ ਦੀ ਬਕਵਾਸ ਸੁਣਨ ਬਰਾਬਰ ਹੁੰਦਾ ਹੈ ਕਿਉਂਕਿ
ਅਜਿਹਾ ਕਿਰਦਾਰ ਕੇਵਲ ਚੰਦ ਵਾਙ ਬਾਹਰੋਂ ਲਿਸ਼ਕਦਾ (ਭਾਵ ਸਿੱਖੀ
ਸਰੂਪ) ਅਤੇ ਅੰਦਰੋਂ ਚੰਦ ਵਾਙ ਹੀ ਥੋਥਾ ਹੁੰਦਾ ਹੈ। ਆਏ ਦਿਨ
ਵਿਰਸਾ ਰੇਡੀਓ ਉੱਤੇ ਅਸਹਿਮਤ ਸਿੱਖ ਪ੍ਰਚਾਰਕਾਂ ਦੇ ਕੱਪੜੇ ਫਾੜੀ
ਜਾਣਾ ਜਾਂ ਹਾ ਹਾ ਹਾ ਕਰ ਕੇ ਹੱਸਣ ਵਾਲ਼ੇ ਇਸ ਕਿਰਦਾਰ ਲਈ
ਵਾਦ-ਵਿਵਾਦ ਦੇ ਕੁਝ ਇਹ ਕਾਰਨ ਹਨ :
ਪ੍ਰੋ. ਸਰਬਜੀਤ ਸਿੰਘ (ਧੁੰਦਾ) ਨੂੰ 29 ਫ਼ਰਵਰੀ 2012
’ਚ ਅਕਾਲ ਤਖ਼ਤ ਸਾਹਿਬ (ਅੰਮ੍ਰਿਤਸਰ)
ਵਿਖੇ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਕਿਉਂਕਿ ਇਨ੍ਹਾਂ
ਦੀ ਪ੍ਰਚਾਰਕ ਸ਼ਬਦਾਵਲੀ ਕਾਰਨ ਕੁਝ ਸ਼ਿਕਾਇਤਾਂ ਉੱਥੇ ਪਹੁੰਚੀਆਂ
ਸਨ ਜਾਂ ਮੰਗਵਾਈਆਂ ਗਈਆਂ ਸਨ, ਜਿਸ
ਦਾ ਪ੍ਰੋ. ਦਰਸ਼ਨ ਸਿੰਘ ਗੁੱਟ ਨੇ ਇਹ ਕਹਿ ਕੇ ਵਿਰੋਧ ਕੀਤਾ ਕਿ
ਮੌਜੂਦਾ ਜਥੇਦਾਰ ਸ਼੍ਰੋਮਣੀ ਅਕਾਲੀ ਲੀਡਰਸ਼ਿਪ ਨੂੰ ਜਵਾਬਦੇਹ ਹੈ, ਨਾ
ਕਿ ਗੁਰੂ ਸਿਧਾਂਤ ਨੂੰ, ਇਸ ਲਈ
ਇਨ੍ਹਾਂ ਅੱਗੇ ਪੇਸ਼ ਹੋਣ ਦਾ ਮਤਲਬ ਬਾਦਲ ਅੱਗੇ ਪੇਸ਼ ਹੋਣਾ ਹੈ, ਜੋ
ਆਰ. ਐਸ. ਐਸ. ਦੀ ਸੋਚ ਨੂੰ ਸਮਰਪਿਤ ਹੈ ਕਿਉਂਕਿ ਇਸ ਘਟਨਾ ਤੋਂ
ਪਹਿਲਾਂ ਪ੍ਰੋ. ਦਰਸ਼ਨ ਸਿੰਘ ਜੀ ਨੇ ਵੀ ਦਸੰਬਰ 2009 ਨੂੰ
ਦਰਬਾਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆਪਣਾ
ਸਪਸ਼ਟੀਕਰਨ ਰੱਖਿਆ ਸੀ, ਜੋ ਇਨ੍ਹਾਂ
ਜਥੇਦਾਰਾਂ ਸਾਹਮਣੇ ਹਾਜ਼ਰ ਨਾ ਹੋਏ, ਜਿਨ੍ਹਾਂ
ਨੇ ਪ੍ਰੋ. ਦਰਸ਼ਨ ਸਿੰਘ ਨੂੰ ਬੁਲਾਇਆ ਸੀ।
ਪ੍ਰੋ. ਦਰਸ਼ਨ ਸਿੰਘ ਦੇ ਇਨ੍ਹਾਂ
ਵਿਚਾਰਾਂ ਦਾ ਹਰਨੇਕ ਸਿੰਘ ਨੇ ਵਿਰੋਧ ਕੀਤਾ
ਤੇ ਪ੍ਰੋ. ਸਰਬਜੀਤ ਸਿੰਘ ਨੂੰ ਅਕਾਲ ਤਖ਼ਤ ’ਤੇ
ਪੇਸ਼ ਹੋਣ ਲਈ ਕਿਹਾ ਤੇ ਸੁਝਾਅ ਵੀ ਦਿੱਤੇ ਕਿ ਤੁਸੀਂ ਹਾਜ਼ਰ ਹੋ
ਕੇ ਗ਼ਲਤੀ ਮੰਨ ਲਓ ਤੇ ਬਾਹਰ ਆ ਕੇ ਵੈਸਾ ਹੀ ਬੋਲਦੇ ਰਹੋ,
ਬੇਸ਼ਕ ਅਜਿਹਾ ਕਿੰਨੀ ਵਾਰ ਵੀ ਕਿਉਂ ਨਾ ਕਰਨਾ ਪਵੇ, ਕਰਦੇ
ਰਹੋ।
ਸੰਨ 2016 ਨੂੰ
ਭਾਈ ਪੰਥਪ੍ਰੀਤ ਜੀ
ਦਾ ਇਸ ਹਰਨੇਕ ਸਿੰਘ ਰਾਹੀਂ 10 ਦਿਨ
ਦਾ ਨਿਊਜ਼ੀਲੈਂਡ ਪ੍ਰੋਗਰਾਮ ਰੱਖਿਆ ਗਿਆ,
ਜਿਸ ਵਿੱਚੋਂ 5 ਦਿਨ
ਕਿਸੇ ਹੋਰ ਗੁਰੂ ਘਰ ਲਗਾਉਣੇ ਸਨ, ਜਿਨ੍ਹਾਂ
ਨੂੰ ਪਹਿਲਾਂ ਹਰਨੇਕ ਸਿੰਘ ਨੇ ਹਾਂ ਤੇ ਫਿਰ ਨਾਂ ਕਰ ਦਿੱਤੀ,
ਜਿਸ ਨਾਲ਼ ਭਾਈ ਪੰਥਪ੍ਰੀਤ ਸਿੰਘ ਅਸਹਿਮਤ ਹੋ ਗਏ ਤੇ ਫਿਰ ਇਸ ਨੇ
ਸਦਾ ਲਈ ਪੰਥਪ੍ਰੀਤ ਸਿੰਘ ਦਾ ਵਿਰੋਧ ਕਰਨਾ ਹੀ ਉਚਿਤ ਸਮਝਿਆ, ਜਿਸ
ਦਾ ਧੁੰਦਾ ਗੁੱਟ ਨੇ ਵਿਰੋਧ ਕੀਤਾ ਜਿਸ ਉਪਰੰਤ ਧੁੰਦਾ ਉੱਤੇ ਵੀ
ਆਪਣੇ ਨਿਜੀ ਰੇਡੀਓ ਰਾਹੀਂ ਸਿਧਾਂਤਹੀਣ ਹੋਣ ਦੇ ਇਲਜ਼ਾਮ ਲਾਏ ਗਏ
।
ਭਾਈ ਅਮਰੀਕ ਸਿੰਘ ਚੰਡੀਗੜ੍ਹ
ਵਾਲ਼ੇ ਉੱਤੇ ਇਹ ਆਰੋਪ ਲੱਗਾ
ਕਿ ਉਨ੍ਹਾਂ ਯੂਪੀ ਦੇ ਸਿੱਖ ਪ੍ਰਚਾਰਕਾਂ ਪ੍ਰਤੀ ‘ਭਈਆ’ ਸ਼ਬਦ
ਦੀ ਵਰਤੋਂ ਕੀਤੀ ਹੈ, ਜੋ ਕਿ ਬਾਅਦ
ਵਿੱਚ ਭਾਈ ਸਾਹਿਬ ਨੇ ਮਾਫ਼ੀ ਵੀ ਮੰਗ ਲਈ ਸੀ, ਪਰ
ਹਰਨੇਕ ਸਿੰਘ ਵਰਗਿਆਂ ਨੂੰ ਚੰਗਾ ਨਾ ਲੱਗਾ, ਇਨ੍ਹਾਂ
ਅਨੁਸਾਰ ਇੱਕ ਵਾਰ ਬੋਲ ਕੇ ਵਚਨ ਵਾਪਸ ਲੈਣਾ ਕਮਜੋਰੀ ਤੇ
ਬੁਝਦਿੱਲੀ ਦੀ ਨਿਸ਼ਾਨੀ ਹੈ। ਅੱਜ ਹਰਨੇਕ ਸਿੰਘ ਦੀ ਦੋਸਤੀ ਭਾਈ
ਰਣਜੀਤ ਸਿੰਘ ਜੀ ਢੱਡਰੀਆਂ ਵਾਲ਼ਿਆਂ ਨਾਲ਼ ਹੈ ਤੇ ਇਹ ਵੇਖਣਾ ਹੈ
ਕਿ ਕਦ ਤੱਕ ਕਾਇਮ ਰਹੇਗੀ ?ਕਿਉਂਕਿ
ਇਨ੍ਹਾਂ ਦਾ ਪਿਛਲਾ ਇਤਿਹਾਸ ਦੋਸਤੀ ਉਪਰੰਤ ਦੁਸ਼ਮਣੀ ਬਣਾਉਣ ਦਾ
ਰਿਹਾ ਹੈ।
ਉਕਤ ਸਾਰੇ ਵਾਦ-ਵਿਵਾਦ ਨੂੰ ਥੋੜ੍ਹਾ ਵਿਚਾਰੀਏ ਤਾਂ ਲੱਗਦਾ
ਹੈ ਕਿ ਇਸ ਵਿੱਚ ਗੁਰਮਤਿ ਸਿਧਾਂਤ ਨੂੰ ਸਮਝਣ ਸਮਝਾਉਣ ਦਾ ਕੋਈ
ਟੀਚਾ ਨਹੀਂ ਸਿਰਫ਼ ਆਪਣੇ ਨਿੱਜੀ ਸਮਾਜਿਕ ਰੁਤਬੇ ਨੂੰ ਪਾਉਣ ਜਾਂ
ਮਿਟਾਉਣ ਨੂੰ ਹੀ ਪ੍ਰਮੁੱਖਤਾ ਦਿੱਤੀ ਗਈ ਹੈ। ਇਹ ਲੋਕ ਆਪਣੇ
ਆਪ ਨੂੰ ਇੰਨੇ ਜਾਗਰੂਕ ਸਮਝਦੇ ਹਨ ਕਿ ਜਗਤ ਗੁਰੂ ਨਾਨਕ ਜੀ ਦੇ
ਫ਼ੈਸਲਿਆਂ ਉੱਤੇ ਉਂਗਲੀ ਚੁੱਕਣੀ ਅਤੇ ਆਪਣੀ ਚਰਚਾ ਦੌਰਾਨ
ਠੱਟਾ-ਮਖੌਲ ਕਰਨਾ ਵੀ ਇਨ੍ਹਾਂ ਨੂੰ ਸ਼ਰਮਸਾਰ ਨਹੀਂ ਕਰਦਾ ਭਾਵੇਂ
ਕਿ ਅਜਿਹੇ ਰਵੱਈਏ ਕਾਰਨ ਰੋਜ਼ਾਨਾ
‘‘ਗੁਰਾ ! ਇਕ ਦੇਹਿ ਬੁਝਾਈ ॥ ਸਭਨਾ ਜੀਆ
ਕਾ ਇਕੁ ਦਾਤਾ; ਸੋ ਮੈ ਵਿਸਰਿ ਨ
ਜਾਈ ॥’’ ਜਪਦਿਆਂ ਗੁਰੂ ਨੂੰ
ਤਨ, ਮਨ, ਧਨ
ਸਮਰਪਿਤ ਕਰੀ ਬੈਠੇ ਸਿੱਖਾਂ ਦੀਆਂ ਭਾਵਨਾਵਾਂ ਦਾ ਹਨਨ (ਮੌਤ) ਹੀ
ਕਿਉਂ ਨਾ ਹੋਵੇ।
ਪੰਥ ਦਰਦੀਆਂ ਨੂੰ ਸ਼ਾਇਦ ਇਸ ਸਵਾਲ ਦਾ ਜਵਾਬ ਮਿਲ ਗਿਆ ਹੋਏਗਾ ਕਿ
ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਸਹੀ ਢੰਗ ਨਾਲ਼ ਨਾ ਹੋਣ ਦੇ ਕੀ
ਕਾਰਨ ਹਨ ? ਉਕਤ
ਵੇਖ ਹੀ ਚੁੱਕੇ ਹਾਂ ਕਿ ਅਜੋਕੇ ਤਕਨੀਕੀ ਸਾਧਨਾਂ ਦਾ ਪ੍ਰਯੋਗ
ਅਸੀਂ ਕਿਵੇਂ ਪੰਥਕ ਹਿੱਤਾਂ ਦੇ ਨਾਂ ’ਤੇ
ਨਿੱਜੀ ਹਿੱਤਾਂ ਲਈ ਕਰ ਰਹੇ ਹਾਂ । ਮੇਰੀ ਭਾਈ ਰਣਜੀਤ ਸਿੰਘ
ਢੱਡਰੀਆਂ ਵਾਲ਼ਿਆਂ ਨੂੰ ਬੇਨਤੀ ਹੈ ਕਿ ਹਰਨੇਕ ਸਿੰਘ ਦੁਆਰਾ ਬੋਲੀ
ਗਈ ਗੁਰੂ ਸਨਮਾਨ ਬਾਰੇ ਭੱਦੀ ਸ਼ਬਦਾਵਲੀ ਦਾ ਵਿਰੋਧ ਕਰਨ। ਅਗਰ
ਕਿਸੇ ਮਜਬੂਰੀ ਕਾਰਨ ਅੱਜ ਅਜਿਹਾ ਨਹੀਂ ਕਰਦੇ ਤਾਂ ਇੱਕ ਦਿਨ ਜਦ
ਅਜਿਹੇ ਲੋਕਾਂ ਦੁਆਰਾ ਤੁਹਾਡੇ ਉੱਤੇ ਚਿੱਕੜ ਛੁੱਟਿਆ ਜਾਏਗਾ ਤਾਂ
ਤੁਹਾਡਾ ਬੋਲਿਆ ਗੁਰੂ ਸਤਿਕਾਰ ਨਾਲੋਂ ਵਧ ਕੇ ਆਪਣਾ ਨਿੱਜੀ
ਸਤਿਕਾਰ ਅਖਵਾਏਗਾ, ਜੋ ਕਿ ਅਵੱਸ਼
ਹੋਣ ਵਾਲ਼ਾ ਹੈ।
ਸਾਨੂੰ ਸਿੱਖ ਅਖਵਾਉਣ ਵਾਲ਼ਿਆਂ ਨੂੰ ਵੀ ਸਿੱਧਾ ਗੁਰੂ ਨਾਲ਼ ਹੀ
ਜੁੜਨਾ ਚਾਹੀਦਾ ਹੈ ਇਨ੍ਹਾਂ ਧੜਿਆਂ ਨੂੰ ਮਜ਼ਬੂਤ ਕੀਤਿਆਂ ਇੱਕ
ਦਿਨ ਕੌਮ ਦਾ ਵੱਡਾ ਨੁਕਸਾਨ ਹੀ ਕਰਨਗੇ । ਇਸ ਲਈ ਧੜਿਆਂ ਤੋਂ
ਉੱਪਰ ਉੱਠ ਕੇ ਆਪਣੀ ਆਵਾਜ਼ ਬੁਲੰਦ ਕਰੋ ਤਾਂ ਜੋ ਮੁੜ ਕੋਈ ਜਗਤ
ਗੁਰੂ ਉੱਤੇ ਕਿੰਤੂ-ਪਰੰਤੂ ਨਾ ਕਰ ਸਕੇ।
ਮੇਰੀ ਸਮਝ ਮੁਤਾਬਕ 239 ਸਾਲਾਂ
ਦੌਰਾਨ ਆਰੰਭਕ ਗੁਰੂ ਪਰਿਵਾਰ (ਬੱਚੇ) ਸਿੱਖੀ ਤੋਂ ਕੁਝ ਦੂਰ ਰਹੇ, ਮਧ
ਵਿੱਚ ਅੱਧੇ ਪੂਰਨ ਗੁਰਮੁਖ ਬਣੇ ਤੇ ਅੰਤ ’ਚ
ਸਾਰੇ ਹੀ ਗੁਰਸਿੱਖੀ ਲਈ ਆਪਾ ਕੁਰਬਾਨ ਕਰ ਗਏ। ਅਜਿਹੀ ਵੰਸ਼ਾਵਲੀ
ਉਪਰੰਤ ਸਰੀਰ ਗੁਰੂ ਦੀ ਲੋੜ ਸਦਾ ਲਈ ਖ਼ਤਮ ਹੋ ਗਈ। ਇਨ੍ਹਾਂ
ਸੰਕੇਤਾਂ ਨੂੰ ਸਮਝ ਕੇ ਸਾਨੂੰ ਆਪ ਤੇ ਆਪਣੇ ਪਰਿਵਾਰ ਨੂੰ ਗੁਰੂ
ਨਾਲ਼ ਜੋੜਨ ਲਈ ਇਕਜੁਟ ਹੋਣ ਦੀ ਜ਼ਰੂਰਤ ਹੈ, ਨਾ
ਕਿ ਕਿੰਤੂ ਪਰੰਤੂ ਰਾਹੀਂ ਆਪਣੀ ਮੂਰਖਤਾ ਦਾ ਪ੍ਰਗਟਾਵਾ ਕਰਨਾ
ਚਾਹੀਦਾ ਹੈ।
ਪਿਛਲੇ ਦਿਨੀਂ ਕੁਝ ਸਿੱਖਾਂ ਨੇ ਇਸ ਵਿਸ਼ੇ ਉੱਤੇ ਆਪਣੇ ਵਿਚਾਰ
ਸਾਂਝੇ ਕਰਦਿਆਂ ਕਿਹਾ ਕਿ ਬਾਬਾ ਪ੍ਰਿਥੀਚੰਦ ਅਤੇ ਬਾਬਾ ਰਾਮਰਾਇ, ਜੋ
ਕਿ ਸਿੱਖ ਸੰਗਤਾਂ ’ਚ ਆਪਣਾ ਬਹੁਤ
ਪ੍ਰਭਾਵ ਪਾ ਚੁੱਕੇ ਸਨ, ਦੇ
ਅੰਦਰੂਨੀ ਪਾਜ ਨੂੰ ਸਿੱਖ ਸੰਗਤ ’ਚ
ਉਘਾੜਨ ਲਈ ਗੁਰੂ ਜੀ ਨੇ ਇਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ
ਤਾਂ ਜੋ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਅਰਜਨ ਸਾਹਿਬ ਜੀ ਅਤੇ
ਗੁਰੂ ਹਰਿਕ੍ਰਿਸ਼ਨ ਜੀ ਨੂੰ ਸੌਂਪਦਿਆਂ ਸੰਗਤ ਨੂੰ ਕੋਈ ਸੰਦੇਹ ਨਾ
ਰਹੇ, ਅਢੁੱਕਵੀਂ ਦਲੀਲ ਜਾਪਦੀ ਹੈ
ਕਿਉਂਕਿ ਬਾਬਾ ਪ੍ਰਿਥੀਚੰਦ ਜੀ ਦਾ ਜਨਮ 1558 ਈਸਵੀ ’ਚ
ਹੁੰਦਾ ਹੈ, ਜੋ ਕਿ 16 ਸਾਲ
ਤੱਕ ਗੁਰੂ ਅਮਰਦਾਸ ਜੀ ਪਾਸ ਰਹੇ, ਤਦ
ਤੋਂ ਹੀ ਇਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਮਿਲੀ ਹੋਈ ਸੀ, ਜਦ
ਕਿ ਇਸ ਤੋਂ 7 ਸਾਲ ਬਾਅਦ ਤੱਕ ਗੁਰੂ
ਰਾਮਦਾਸ ਜੀ ਗੁਰਗੱਦੀ ’ਤੇ
ਬਿਰਾਜਮਾਨ ਰਹੇ ਸਨ। ਕੀ ਸੰਗਤ ’ਚ
ਪਾਜ ਉਘਾੜਨ ਲਈ ਇਤਨਾ ਲੰਮਾ ਸਮਾਂ ਅਹਿਮ ਸੇਵਾ ਦੇਣਾ ਮੁਨਾਸਬ ਹੈ, ਜਦ
ਕਿ ਗੁਰੂ ਸਾਹਿਬ ਨੂੰ ਪਤਾ ਵੀ ਹੋਵੇ ਕਿ ਇਨ੍ਹਾਂ ਅੰਦਰ ਖੋਟ ਹੈ।
ਦੂਸਰਾ ਬਾਬਾ ਰਾਮਰਾਇ ਜੀ ਬਾਬਤ ਵੀ ਅਜਿਹੀ ਦਲੀਲ, ਸਹੀ
ਨਹੀਂ ਜਾਪਦੀ ਕਿਉਂਕਿ ਤਦ ਗੁਰੂ ਹਰਿਰਾਇ ਸਾਹਿਬ ਜੀ ਦੀ ਉਮਰ
ਮਾਤਰ 31 ਕੁ ਸਾਲ ਦੀ ਸੀ, ਇਸ
ਉਮਰ ਦੌਰਾਨ ਗੁਰੂ ਤੋਂ ਬਿਨਾਂ ਕੌਣ ਗੁਰੂ ਜੀ ਦੇ ਉੱਤਰਾਧਿਕਾਰੀ
ਦੀਆਂ ਕਿਆਸ-ਅਰਾਈ ਲਗਾ ਸਕਦਾ ਹੈ, ਜਿਨ੍ਹਾਂ
ਸਾਹਮਣੇ ਗੁਰੂ ਜੀ ਨੂੰ ਅਜਿਹੇ ਪਾਜ ਖੋਲ੍ਹਣੇ ਪੈ ਰਹੇ ਹਨ ?
ਮੇਰਾ
ਮਤਲਬ ਇਹ ਹੈ ਕਿ ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਤੋਂ ਬਿਨਾਂ
ਥੜ੍ਹੇ ਕਿਉਂ ਬਣਾਏ ਜਾ ਰਹੇ ਹਨ, ਭਾਈ
ਜੇਠਾ ਜੀ ਅਤੇ ਭਾਈ ਰਾਮਾ ਜੀ ਸਮੇਤ ਕਿਸੇ ਨੂੰ ਵੀ ਨਹੀਂ ਪਤਾ ਸੀ
ਉਸੇ ਤਰ੍ਹਾਂ ਬਾਬਾ ਪ੍ਰਿਥੀਚੰਦ ਜੀ ਅਤੇ ਬਾਬਾ ਰਾਮਰਾਇ ਜੀ ਸਮੇਤ
ਕਿਸੇ ਸੰਗਤ ਨੂੰ ਵੀ ਨਹੀਂ ਪਤਾ ਸੀ ਕਿ ਗੁਰੂ ਜੀ ਇਨ੍ਹਾਂ ਤੋਂ
ਅੰਤਿਮ ਸਮੇਂ ਅਹਿਮ ਸੇਵਾ ਕਿਉਂ ਲੈ ਰਹੇ ਹਨ ? ਇਸ
ਲਈ ਇਨ੍ਹਾਂ ਦੀ ਪ੍ਰਸਿੱਧੀ ਦਾ ਸੰਗਤਾਂ ਉੱਤੇ ਪ੍ਰਭਾਵ ਪੈਣਾ ਜਾਂ
ਨਾ ਪੈਣਾ ਕੋਈ ਮਾਅਨਾ ਨਹੀਂ ਰੱਖਦਾ।
ਸੋ, ਸਾਨੂੰ
ਬਾਣੀ ਅਤੇ ਗੁਰੂ ’ਚ ਅੰਤਰ
ਹੋਣ ਬਾਰੇ ਸੋਚ ਕੇ ਗੁਰੂ ਜੀ ਦੀ ਕਥਨੀ ਤੇ ਕਰਨੀ ਉੱਤੇ ਸ਼ੱਕ
ਨਹੀਂ ਕਰਨਾ ਚਾਹੀਦਾ। ਪਾਵਨ ਵਚਨ ਹਨ : ‘‘ਬਾਣੀ
ਗੁਰੂ, ਗੁਰੂ ਹੈ ਬਾਣੀ.. ॥’’
(ਮ: ੪/੯੮੨)