Share on Facebook

Main News Page

ਮਨਜੀਤ ਸਿੰਘ ਕਲਕੱਤਾ ਦੀ ਕੀਤੀ ਗ਼ਲਤ ਬਿਆਨੀ ਦਾ ਜਵਾਬ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਰੋਗੀ ਕੈ ਭਾਣੈ ਸਭ ਰੋਗੀ

ਸਿਆਸੀ ਕੁਰਸੀ ਪਿਛੇ ਕਦੇ ਟੌਹੜਾ ਕਦੇ ਬਾਦਲ ਦਰ 'ਤੇ ਅਲਖ ਜਗਾਣ ਵਾਲੇ ਇੱਕ ਮਿੱਤਰ ਮਨਜੀਤ ਸਿੰਘ ਕਲਕੱਤਾ ਦਾ ਮੇਰੇ ਸਬੰਧੀ ਬਿਆਨ ਸਾਹਮਣੇ ਆਇਆ। ਜਿਸ ਵਿਚ ਵੀਰ ਦਾ ਮੇਰੇ ਗੁਰੂ ਸਿਧਾਂਤ ਲਈ ਚਲ ਰਹੇ ਸੰਘਰਸ਼ ਪ੍ਰਤੀ ਅੰਦਾਜ਼ਾ ਹੈ ਕੇ ਦਰਸ਼ਨ ਸਿੰਘ ਜਥੇਦਾਰਾਂ ਵਲੋਂ ਇਸਦੇ ਕਾਜ਼ ਤੋਂ ਖਫਾ ਹੋਕੇ ਅਕਾਲ ਤਖਤ ਵਲੋਂ ਛੇਕਿਆ ਗਿਆ, ਤਾਂ ਬੌਖਲਾ ਕੇ ਅਖੌਤੀ ਦਸਮ ਗ੍ਰੰਥ, ਨਿਤਨੇਮ, ਅਰਦਾਸ, ਅੰਮ੍ਰਿਤ ਵਿੱਚ ਪੜੀਆਂ ਜਾਂਦੀਆਂ ਕੱਚੀਆਂ ਰਚਨਾਵਾਂ ਦਾ ਵਿਰੋਧ ਕਰਕੇ ਪੰਥਕ ਨੁਕਸਾਨ ਕਰ ਰਿਹਾ ਹਾਂ।

ਭਰਾਵਾ "ਪੇਖਤ ਚਾਖਤ ਅੰਧਾ" ਨਾ ਬਣ, ਕੀ ਤੁਹਾਨੂੰ ਨਹੀਂ ਪਤਾ ਕਿ ਮੈਂ ਸੇਵਾ ਕਾਲ ਦਰਮਿਆਨ ਗੁਰੂ ਕੀ ਹਜ਼ੂਰੀ ਵਿੱਚ ਬਚਿੱਤਰ ਨਾਟਕ ਦੇ ਪ੍ਰਕਾਸ਼ ਦਾ ਫੈਸਲਾ ਕਰਨ ਲਈ ਆਪ ਹਜੂਰ ਸਾਹਿਬ ਅਤੇ ਪਟਨੇ ਗਿਆ। RSS ਦੇ ਗਲਬੇ ਹੇਠ ਪੱਲਣ ਵਾਲੇ ਜਥੇਦਾਰਾਂ ਨੇ ਕੋਈ ਪੱਲਾ ਨਾ ਫੜਾਇਆ, ਇਸ ਦਾ ਗਵਾਹ ਮਨਜੀਤ ਸਿੰਘ ਤਰਨ ਤਾਰਨ, ਸੰਤ ਈਸ਼ਰ ਸਿੰਘ ਜੀ ਹੈਦਰਾਬਾਦ ਹਨ। ਫਿਰ ਸ਼ਰੋਮਣੀ ਕਮੇਟੀ ਦੇ ਉਸ ਬੱਜਟ ਸੈਸ਼ਨ ਵਿੱਚ ਤੁਸੀਂ ਆਪ ਹਾਜ਼ਰ ਸੀ, ਜਦੋਂ ਸ਼ਰੋਮਣੀ ਕਮੇਟੀ ਵਲੋਂ ਕੀਤੀ ਜਾ ਰਹੀ ਗੁਰੂ ਕੀ ਬੇਅਦਬੀ ਨਾ ਸਹਾਰਦਿਆਂ ਤੇ ਤੁਹਾਡੇ ਰੋਕਦਿਆਂ ਮੈਂ ਅਕਾਲ ਤਖਤ ਦੇ ਮੁੱਖ ਸੇਵਾਦਰ ਦੀ ਪਦਵੀ ਤੋਂ ਅਸਤੀਫਾ ਦਿਤਾ, ਕਿ ਮੈਨੂੰ ਐਸੀ ਕਿਸੇ ਪਦਵੀ ਦੀ ਲੋੜ ਨਹੀਂ, ਜਿਥੇ ਮੈਨੂੰ ਟੌਹੜਾ ਪ੍ਰਧਾਨ ਇਹ ਆਖੇ ਕਿ ਤੁਸੀਂ ਜੋ ਕੁਛ ਹੋ ਰਿਹਾ ਹੈ ਦਰਸ਼ਕ ਬਣ ਕੇ ਦੇਖੋ ਦਖਲ ਨਾ ਦੇਵੋ। ਮੈ ਦੇਖ ਰਿਹਾ ਸਾਂ ਕਿ ਇਹ ਆਪੂ ਬਣਿਆਂ ਗੁਰੂ ਦਾ ਸ਼ਰੀਕ ਗੁਰੂ ਪੰਥ ਗੁਰੂ ਗ੍ਰੰਥ ਦੇ ਅਦਬ ਨੂੰ ਭੀ ਕੁਛ ਨਹੀਂ ਸਮਝਦਾ, ਮੈਨੂੰ ਐਸੇ ਪੰਥ ਦੀ ਗੁਲਾਮੀ ਨਹੀਂ ਚਾਹੀਦੀ। ਜਿਸ ਪਦਵੀ ਲਈ ਅੱਜ ਜੱਥੇਦਾਰ ਸਿਆਸੀ ਗ਼ੁਲਾਮੀ ਕਰ ਰਹੇ ਹਨ, ਕੀ ਮੇਰੇ ਕੋਲ ਉਹ ਪਦਵੀ ਨਹੀਂ ਸੀ? ਕੀ ੳਦੋਂ ਮੈ ਛੇਕਿਆ ਹੋਇਆ ਸਾਂ?

੨੦੦੭ ਵਿੱਚ ਹਜ਼ੂਰ ਸਾਹਿਬ ਜਦੋਂ ਭਰੇ ਦੀਵਾਨ ਵਿੱਚ ਬੋਰਡ ਦੇ ਮੈਬਰਾਂ ਅਤੇ ਦਿੱਲੀ ਦੀ ਸਰਨਾ ਕਮੇਟੀ ਦੀ ਹਾਜ਼ਰੀ ਵਿੱਚ ਮੈਂ ਅਖੌਤੀ ਦਸਮ ਗ੍ਰੰਥ ਦਾ ਮਸਲਾ ਉਠਾਇਆ ਅਤੇ ਜਵਾਬ ਮੰਗਿਆ ਕੀ ਉਦੋਂ ਮੈ ਛੇਕਿਆ ਹੋਇਆ ਸਾਂ?

ਫਿਰ ੨੦੦੯ ਦਸੰਬਰ ੪ ਨੂੰ ਅਖਬਾਰਾਂ ਵਿੱਚ ਅੱਧੇ ਸਫੇ ਦਾ ਇਸ਼ਤਿਹਾਰ ਦੇਕੇ ਇਸ ਕੱਚੀ ਬਾਣੀ ਦੇ ਪੁਲੰਦੇ ਦਾ ਫੈਸਲਾ ਕਰਣ ਲਈ ਕਿਹਾ, ਜੋ ਇਸ਼ਤਿਹਾਰ ਅੱਜ ਭੀ ਮੌਜੂਦ ਹੈ... ਕੀ ਉਦੋਂ ਮੈ ਛੇਕਿਆ ਹੋਇਆ ਸਾਂ?

ਪਰ ਸਾਰੀ ਉਮਰ ਝੂਠੀ ਸਿਆਸਤ ਦੀ ਗੋਦ ਵਿੱਚ ਪੱਲਣ ਵਾਲੇ ਤੁਸੀਂ ਝੂਠ ਬੋਲਣ ਦੇ ਆਦੀ ਹੋ ਜਾਂਦੇ ਹੋ। ਭਲਿਓ ਸਭ ਨੂੰ ਪਤਾ ਹੈ ਕਿ ਮੈਂ ਪਹਿਲੇ ਭੀ ਕਿਹਾ ਸੀ ਇਨ੍ਹਾਂ ਨੇ ਮੈਨੂੰ ਕੀ ਛੇਕਣਾ ਹੈ, ਮੈਂ ਤਾਂ ਇਸ ਕਾਲਕਾ ਪੰਥ ਦਾ ਮੈਬਰ ਹੀ ਨਹੀਂ, ਮੈ ਤਾਂ ਹਰ ਸਾਲ ੨੯ ਦਸੰਬਰ ਨੂੰ ਅਪਣਾ ਆਜ਼ਾਦੀ ਦਿਨ ਮਨਾਉਂਦਾ ਹਾਂ, ਜਿਸ ਦਿਨ ਗੁਰੂ ਗ੍ਰੰਥ ਦੇ ਸ਼ਰੀਕ ਪੰਥ ਤੋਂ ਆਜ਼ਾਦ ਹੋ ਕੇ, ਇੱਕੋ ਇੱਕ ਗੁਰੂ ਗ੍ਰੰਥ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਅਤੇ ਆਧਾਰ ਬਣਾਇਆ ਹੈ।

ਤੁਹਾਡੇ ਇਸ ਹਰਬੇ ਨੂੰ ਸਿੱਖ ਸੰਗਤਾਂ ਨੇ ਭੀ ਨਹੀਂ ਕਬੂਲਿਆ, ਮੈਨੂੰ ਅੱਗੇ ਨਾਲੋਂ ਵੱਧ ਪਿਆਰ ਮਿਲ ਰਿਹਾ ਹੈ, ਗੁਰੂ ਦਾ ਬਚਨ ਹੈ:

ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥

ਤੁਹਾਡੇ ਜੱਥੇਦਾਰ ਵਲੋਂ ਮੈਨੂੰ ਆਉਣ ਲਿਆਉਣ ਲਈ ਕਿੰਨਾ ਕਿੰਨਾ ਰਾਹੀਂ ਕਿਨੀਆਂ ਮਿਨਤਾਂ ਕੀਤੀਆਂ ਗਈਆਂ, ਇਸ ਦੇ ਸਬੂਤ ਪੇਸ਼ ਕਰ ਸਕਦਾ ਹਾਂ, ਤੁਸੀਂ ਇੱਕ ਸਬੂਤ ਦਿਓ ਕਿ ਮੈਂ ਬੁਖਲਾਹਟ ਵਿੱਚ ਕਿਸੇ ਨੂੰ ਤੁਹਾਡੇ ਜੱਥੇਦਾਰ ਅੱਗੇ ਹਾਜ਼ਰ ਹੋਣ ਵਿਚ ਮਦਦ ਕਰਨ ਲਈ ਆਖਿਆ ਹੋਵੇ। ਵੀਰੋ ਕੁਰਸੀ ਹੀ ਤੁਹਾਡੀ ਸਿੱਖੀ ਹੈ, ਜਿਸਦੀ ਪ੍ਰਾਪਤੀ ਲਈ ਤੁਸੀਂ ਰੋਜ਼ ਟੌਹੜੇ ਬਾਦਲ ਜੱਥੇਦਾਰ ਦੀ ਗੁਲਾਮੀ ਕਬੂਲਦੇ ਹੋ।

ਭਲਿਓ ਮੈਨੂੰ ਸਿੱਖੀ ਗੁਰੂ ਕੋਲੋਂ ਮਿਲੀ ਹੈ, ਤੁਹਾਡਾ ਜੱਥੇਦਾਰ ਕਿਵੇਂ ਖੋਹ ਸਕਦਾ ਹੈ, ਮੈਨੂੰ ਅਪਣੇ ਗੁਰੂ 'ਤੇ ਭਰੋਸਾ ਹੈ। ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥੨॥

ਮੇਰੇ ਕੋਲ ਲਿਖਣ ਲਈ ਬਹੁਤ ਕੁੱਛ ਹੈ, ਪਰ ਸੱਚ ਤਾਂ ਇਹ ਹੈ ਕਿ ਮੈਂ ਤੁਹਾਨੂੰ ਗੁਰੂ ਦੇ ਸ਼ਰੀਕਾਂ ਨੂੰ ਅਪਣੇ ਜੀਵਨ ਵਿਚੋਂ ਛੇਕ ਚੁਕਾ ਹਾਂ, ਇਹ ਮੇਰੀ ਕੋਈ ਹਉਮੈ ਨਾ ਸਮਝ ਲਿਉ, ਇਹ ਮੇਰਾ ਵਿਸ਼ਵਾਸ ਹੈ, ਮੈਂ ਆਪਣੇ ਬਾਪੂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਹਾਜ਼ਰ ਹਾਂ, ਇਸ ਲਈ ਇਕੋ ਗੁਰੂ ਦੀ ਚਾਕਰੀ ਕਰਦਾ ਉਸਦੇ ਅਦਬ ਵਡਿਆਈ ਲਈ ਸੰਘਰਸ਼ ਕਰ ਰਿਹਾ ਹਾਂ। ਮੈਨੂੰ ਕਿਸੇ ਹੋਰ ਸਿਆਸੀ ਗੁਲਾਮਾਂ ਅੱਗੇ ਹਾਜ਼ਰੀ ਦੀ ਲੋੜ ਨਹੀਂ, ਅਤੇ ਇਹ ਲਿਖਣ ਦੀ ਲੋੜ ਭੀ ਤਾਂ ਪਈ ਕਿਉਂਕਿ ਤੁਸਾਂ ਮੈਨੂੰ ਛੇਕੇ ਜਾਣ ਦੇ ਦੁੱਖ ਵਿੱਚ ਬੁਖਲਾਇਆ ਹੋਇਆ ਆਖਿਆ।

ਤੁਹਾਡੀ ਜਾਣਕਾਰੀ ਲਈ ੨੯ ਜਨਵਰੀ ਨੂੰ ਅਪਣੇ ਆਜ਼ਾਦੀ ਦਿਨ 'ਤੇ ਪਾਈ ਹੋਈ ਪੋਸਟ ਮੁੜ ਸਾਂਝੀ ਕਰ ਰਿਹਾ ਹਾਂ।

ਭਲੇ ਵੀਰ ਟੌਹੜੇ ਬਾਦਲ ਜੱਥੇਦਾਰ ਦੀ ਗੁਲਾਮੀ ਕਰ ਲਈ, ਹੁਣ ਗੁਰੂ ਦੀ ਗੱਲ ਸੁਣ ਅਤੇ ਇੱਕੋ ਇੱਕ ਸ਼ਬਦ ਗੁਰੂ ਗ੍ਰੰਥ ਦਾ ਸਿੱਖ ਬਣਕੇ "ਇਕਾ ਬਾਣੀ ਇਕ ਗੁਰੁ ਇਕੋ ਸਬਦ ਵੀਚਾਰ" ਕਰ।

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ ਦੇਵਨ ਕਉ ਏਕੈ ਭਗਵਾਨੁ ॥
ਜਿਸ ਕੈ ਦੀਐ ਰਹੈ ਅਘਾਇ ॥ ਬਹੁਰਿ ਨ ਤ੍ਰਿਸਨਾ ਲਾਗੈ ਆਇ ॥
ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ ਕਿਛੁ ਨਾਹੀ ਹਾਥਿ ॥
ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥ ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥
ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥ ਨਾਨਕ ਬਿਘਨੁ ਨ ਲਾਗੈ ਕੋਇ ॥੧॥
ਪੰਨਾਂ 281


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top