Share on Facebook

Main News Page

ਪ੍ਰਬੰਧਕ, ਸੰਗਤ, ਗੁਰਦੁਆਰੇ ਆਉਣ ਵਾਲੇ ਪ੍ਰਚਾਰਕ / ਬਾਬੇ ਅਤੇ ਗਾਹਲ਼ਾਂ ਕੱਢਣ ਵਾਲੀ ਧਿਰ
-: ਵਰਪਾਲ ਸਿੰਘ ਨਿਊਜ਼ੀਲੈਂਡ

ਆਹ ਨਾਲ ਲੱਗਾ ਪੋਸਟਰ ਵੇਖੋ। ਇਸ ਬਾਬਤ ਕੁੱਝ ਧਿਰਾਂ ਇਹ ਗੱਲਾਂ ਕਰ ਰਹੀਆਂ ਨੇ ਕਿ:

 1. ਇਹਨਾਂ ਗੁਰਦੁਆਰਿਆਂ ਵਿਚ ਧੂੰਦਾਂ ਜੀ ਹੋ ਕੇ ਗਏ ਨੇ ਤੇ ਹੁਣ ਨਾਨਕਸਰੀਏ ਇਹਨਾਂ ਹੀ ਗੁਰਦੁਆਰਿਆਂ ਵਿਚ ਆ ਰਹੇ ਨੇ, "ਇਸਦਾ ਮਤਲਬ ਕਿ ਧੂੰਦਾ ਜੀ ਦੇ ਪ੍ਰਚਾਰ ਦਾ ਕੋਈ ਅਸਰ ਨਹੀਂ ਹੋਇਆ"।

 2. ਕਿਉਂਕਿ ਇਹਨਾਂ ਗੁਰਦੁਆਰਿਆਂ ਵਿਚ ਨਾਨਕਸਰੀਏ ਆ ਰਹੇ ਨੇ ਇਸ ਲਈ ਇਹ ਗੁਰਦੁਆਰੇ ਹੀ ਨਾਨਕਸਰੀਆਂ ਦੇ ਨੇ।

ਇਹਨਾਂ ਦਲੀਲਾਂ ਬਾਬਤ ਹੇਠਲੀਆਂ ਕੁੱਝ ਗੱਲਾਂ ਵਿਚਾਰਿਓ ਅਤੇ ਨਾਲ ਹੀ ਇਹ ਵੀ ਦਿਮਾਗ ਵਿਚ ਰਖਿਓ ਕਿ ਨਾਨਕਸਰ ਠਾਠ ਅਤੇ ਗੁਰਦੁਆਰਾ ਮਾਤਾ ਸਾਹਿਬ ਕੌਰ (ਜਿਸਨੂੰ ਬਣਿਆਂ ਅਜੇ ਦੋ ਕੁ ਸਾਲ ਹੀ ਹੋਏ ਨੇ) ਨੂੰ ਛੱਡ ਕੇ ਬਾਕੀ ਜਿੰਨੇ ਗੁਰਦੁਆਰੇ ਇਸ ਪੋਸਟਰ ਵਿਚ ਲਿਖੇ ਹੋਏ ਨੇ ਉਹਨਾਂ ਸਾਰਿਆਂ ਦੇ ਸਮੇਂ ਦੇ ਪ੍ਰਬੰਧਕ ਸ਼ਰਲੀ ਰੋਡ ਵਾਲੇ ਹਰਨੇਕ ਸਿੰਘ ਨਾਲ ਗੱਲ ਕਰਕੇ ਧੂੰਦਾ ਜੀ ਦੇ ਦਿਵਾਨ ਆਪਣੇ ਗੁਰਦੁਆਰਿਆਂ ਵਿਚ 2009 ਤੋਂ ਲਵਾਉਂਦੇ ਰਹੇ ਨੇ:

 1. ਗੁਰਦੁਆਰੇ ਦਾ ਮਕਸਦ ਕੀ ਇਹ ਹੈ ਕਿ ਉਥੇ ਸਿਰਫ ਗੁਰਮਤਿ ਨੂੰ ਇਕੋ ਨਜਰੀਏ ਨਾਲ ਵੇਖਣ ਵਾਲੀ ਹੀ ਗੱਲ ਹੋਵੇ? ਜੇਕਰ ਅਸੀਂ ਇਹੀ ਚਾਹੁੰਦੇ ਹਾਂ ਤਾਂ ਫਿਰ ਅਸੀਂ ਨਾਨਕਸਰੀਆਂ ਜਾਂ ਟਕਸਾਲੀਆਂ ਜਾਂ ਰਵਿਦਾਸੀਆਂ ਅਤੇ ਹੋਰਨਾਂ ਵਲੋਂ ਆਪਣੇ ਆਪਣੇ ਗੁਰਦੁਆਰੇ ਬਣਾਉਣ ਉਤੇ ਸਵਾਲ ਕਿਉਂ ਕਰਦੇ ਹਾਂ?

 2. ਕੀ 1990ਵਿਆਂ ਤੋਂ ਟਕਸਾਲੀਆਂ ਵਲੋਂ ਕਬਜੇ ਵਿਚ ਕੀਤੇ ਗੁਰਦੁਆਰਿਆਂ ਵਿਚ ਕੇਵਲ ਟਕਸਾਲੀ ਵਿਚਾਰਧਾਰਾ ਵਾਲੇ ਪ੍ਰਚਾਰਕਾਂ/ਗੰ੍ਰਥੀਆਂ ਨੂੰ ਲਾਉਣ ਅਤੇ ਹੋਰਨਾਂ ਨੂੰ ਨਾ ਬੋਲਣ ਦੇਣ ਉੱਤੇ ਸਾਨੂੰ ਰੋਸਾ ਨਹੀਂ? ਫਿਰ ਅਸੀਂ ਹੁਣ ਇਹ ਕਿਉਂ ਚਾਹੁੰਦੇ ਹਾਂ ਕਿ ਜਦੋਂ ਕਿਸੇ ਗੁਰਦੁਆਰੇ ਤੇ ਸਾਡਾ "ਕਬਜਾ" ਹੋ ਜਾਵੇ ਤਾਂ ਅਸੀਂ ਵੀ ਉਹੀ ਕਰੀਏ ਜਿਸਨੂੰ ਅਸੀਂ ਗਲਤ ਕਹਿੰਦੇ ਸੀ ਜਦੋਂ ਟਕਸਾਲੀ ਕਰਦੇ ਸੀ ਜਾਂ ਕਰਦੇ ਹਨ? 

 3. ਕੀ ਇਸਦਾ ਇਹ ਮਤਲਬ ਨਹੀਂ ਕਿ ਅਸੀਂ ਸਿੱਖਾਂ ਵਿਚ ਵੀ ਸ਼ੀਏ/ਸੁੰਨੀ ਜਾਂ ਪ੍ਰੋਟੈਸਟੈਂਟ/ਕੈਥਲਿਕ ਵਾਲਾ ਪਾੜਾ ਚਾਹੁੰਦੇ ਹਾਂ ਜਿਹਨਾਂ ਦੀਆਂ ਆਪਣੀਆਂ ਆਪਣੀਆਂ ਮਸੀਤਾਂ/ਗਿਰਜੇ ਹਨ ਅਤੇ ਉਹ ਇਕ ਦੂਜੇ ਦੇ ਗਿਰਜੇ/ਮਸੀਤ ਵਿਚ ਵੜ੍ਹਦੇ ਵੀ ਨਹੀਂ?

ਹੁਣ ਸਵਾਲ ਇਹ ਉਠਦਾ ਹੈ ਕਿ ਫਿਰ ਗੁਰਦੁਆਰੇ ਦਾ ਮਕਸਦ ਕੀ ਹੈ ਅਤੇ ਇਹ ਕਿਵੇਂ ਪੂਰਾ ਹੋਵੇ? ਗੁਰਦੁਆਰੇ ਦਾ ਮਕਸਦ ਸਮਝਣ ਲਈ ਸਾਨੂੰ ਗੁਰਦੁਆਰੇ ਦੀ ਬਣਤਰ ਵੱਲ ਧਿਆਨ ਦੇਣਾ ਪਵੇਗਾ।

 1. ਸੰਗਤ ਆਪਣੇ ਵਿਚੋਂ ਕੁੱਝ ਬੰਦੇ ਚੁਣ ਕੇ ਉਹਨਾਂ ਨੂੰ ਗੁਰਦੁਆਰੇ ਦਾ ਪ੍ਰਬੰਧ ਕਰਣ ਦਾ ਜਿੰਮਾਂ ਦੇ ਦਿੰਦੀ ਹੈ। ਮਸਲਾ ਉਦੋਂ ਖੜਾ ਹੋ ਜਾਂਦਾ ਹੈ ਜਦੋਂ ਪ੍ਰਬੰਧਕ ਇਹ ਸਮਝਣ ਲੱਗ ਜਾਂਦੇ ਹਨ ਕਿ ਕਿਉਂਕਿ ਉਹ ਪ੍ਰਬੰਧਕ ਹਨ ਇਸ ਲਈ ਉਹਨਾਂ ਨੂੰ ਗੁਰਮਤਿ ਦੀ ਸੋਝੀ ਜਿਆਦਾ ਹੈ! ਇਹ ਗੱਲ ਨਿਉਜੀਲੈਂਡ ਦੇ ਸਾਰੇ ਪ੍ਰਬੰਧਕਾਂ ਉਤੇ ਪੂਰੀ ਢੁੱਕਦੀ ਹੈ ਸਿਵਾਏ ਕੁੱਝ ਕੁ ਬੰਦਿਆਂ ਨੂੰ ਛੱਡ ਕੇ - ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਈ ਰਾਮ ਸਿੰਘ ਅਤੇ ਗੁਰਦੁਆਰਾ ਮਾਤਾ ਸਾਹਿਬ ਕੌਰ ਦੇ ਭਾਈ ਚਰਨਜੀਤ ਸਿੰਘ। ਇਹਨਾਂ ਕਦੇ ਆਪਣੀ ਗੱਲ-ਬਾਤ ਵਿਚ ਇਹ ਨਹੀਂ ਜਤਾਇਆ ਕਿ ਗੁਰਮਤਿ ਦੀ ਸੋਝੀ ਇਹਨਾਂ ਨੂੰ ਗੁਰਦੁਆਰੇ ਦੀ ਬਾਕੀ ਸੰਗਤ ਤੋਂ ਜਿਆਦਾ ਹੈ।

 2. ਅਜਿਹੀ ਹਾਲਤ ਵਿਚ ਜਦੋਂ ਕੋਈ ਟਕਸਾਲੀ ਨਜਰੀਏ ਵਾਲਾ ਜਾਂ ਡੇਰੇਦਾਰੀ ਵਾਲਾ ਤੇ ਜਾਂ ਫਿਰ ਜਾਗਰੂਕ ਪ੍ਰਬੰਧਕ ਗੁਰਦੁਆਰੇ ਦੇ ਨਿਜਾਮ ਵਿਚ ਸ਼ਾਮਲ ਹੁੰਦਾ ਹੈ ਤਾਂ ਉਹ ਕੋਈ ਮੌਕਾ ਜਾਣ ਨਹੀਂ ਦਿੰਦਾ ਜਿਥੇ ਉਹ ਬਾਕੀਆਂ ਨੂੰ ਇਹ ਨਾ ਜਤਾਵੇ ਕਿ "ਸਿੱਖੀ ਵਿਚ ਇਹ ਗੱਲ ਇਦਾਂ ਨਹੀਂ ਇਦਾਂ ਹੁੰਦੀ ਹੈ" ਭਾਵੇਂ ਗੱਲ ਗੁਰਮਤਿ ਦੇ ਅਸੂਲਾਂ ਤੋਂ ਕੋਹਾਂ ਦੂਰ ਹੋਵੇ। ਮਸਲਨ ਮਾਸ ਖਾਣ ਦੀ ਗੱਲ ਲੈ ਲਵੋ। ਇਸਦੀ ਸੱਭ ਤੋਂ ਵੱਡੀ ਉਧਾਰਣ ਉਹਨਾਂ ਵੀਰਾਂ ਦੀ ਹੈ ਜਿਹੜੇ ਦਾਅਵਾ ਤਾਂ "ਅਪਗ੍ਰੇਡ" ਹੋਣ ਦਾ ਕਰਦੇ ਹਨ ਪਰ ਅਜੇ ਤੀਕ ਇੰਨੀ ਹਿੰਮਤ ਨਹੀਂ ਜੁਟਾ ਸਕੇ ਕਿ ਖੁੱਲ ਕੇ ਕਹਿ ਸਕਣ ਕਿ ਉਹ ਮਾਸ ਖਾ ਲੈਂਦੇ ਹਨ ਅਤੇ ਕਈ ਦਹਾਕਿਆਂ ਤੋਂ ਖਾ ਰਹੇ ਹਨ। 

 3. ਗੁਰਦੁਆਰੇ ਦੀ ਸੰਗਤ ਗੁਰਮਤਿ ਦੇ ਹਰੇਕ ਪੱਧਰ ਵਾਲੀ ਹੈ - ਗੁਰੂ ਸਾਹਿਬਾਨ ਦੇ ਨਾਮ ਨਾ ਜਾਨਣ ਵਾਲਿਆਂ ਤੋਂ ਲੈ ਕੇ ਗੁਰਬਾਣੀ ਦੀ ਡੂੰਘੀ ਵਿਚਾਰ ਕਰਨ ਵਾਲਿਆਂ ਤੱਕ। ਸੰਗਤ ਵਿਚ ਟਕਸਾਲੀ, ਡੇਰੇਦਾਰ, ਸੰਪਰਦਾਈ ਅਤੇ ਜਾਗਰੂਕ ਸਾਰੀਆਂ ਸੋਚਾਂ ਵਾਲੇ ਬੰਦੇ ਹਨ।

 4. ਸਾਡਾ ਟੀਚਾ ਇਹ ਹੋਣਾ ਚਾਹੀਦਾ ਹੈ ਕਿ ਸੰਗਤ ਹਰੇਕ ਸੋਚ ਵਾਲੇ ਬੰਦੇ ਦੇ ਵਿਚਾਰ ਸੁਣੇ ਅਤੇ ਹੌਲੀ-ਹੌਲੀ ਹਰ ਬੰਦਾ ਆਪੇ ਹੀ ਫੈਸਲਾ ਕਰੇ ਕਿ ਉਹਨੂੰ ਕਿਹੜਾ ਨਜਰੀਆ ਟੁੰਬਦਾ ਹੈ। ਇਹ ਕੰਮ ਇਕ ਲੈਕਚਰ ਨਾਲ ਜਾਂ ਗੁਰਬਾਣੀ ਦੀ ਇਕ ਤੁਕ ਨਾਲ ਵੀ ਹੋ ਸਕਦਾ ਹੈ ਅਤੇ ਇਸ ਨੂੰ ਕਈ ਸਾਲ ਵੀ ਲੱਗ ਸਕਦੇ ਹਨ - ਇਹ ਨਿਰਭਰ ਹੈ ਹਰੇਕ ਬੰਦੇ ਦੀ ਆਪਣੀ ਸੋਚ-ਬਣਤਰ ਤੇ।

 5. ਮਸਲਨ ਠਾਕੁਰ ਸਿੰਘ ਪਟਿਆਲੇ ਵਾਲਾ ਜੇਕਰ ਅੱਜ ਮਖੌਲ ਦਾ ਸਬੱਬ ਬਣਿਆ ਹੈ ਤਾਂ ਇਸ ਕਰਕੇ ਨਹੀਂ ਕਿ ਲੋਕੀ ਉਸਦਾ ਮਜਾਕ ਉਡਾ ਰਹੇ ਨੇ ਬਲਕਿ ਇਸ ਕਰਕੇ ਕਿ ਲੋਕਾਂ ਵਿਚ ਗੁਰਮਤਿ ਦੀ ਸੋਝੀ ਵੱਧੀ ਹੈ ਜਿਸ ਕਰਕੇ ਉਹਦੀਆਂ ਗੱਲਾਂ "ਗੱਪਾਂ" ਵਜੋਂ ਵੇਖੀਆਂ ਜਾ ਰਹੀਆਂ ਹਨ। 

 6. ਕੁੱਝ ਧਿਰਾਂ ਵਲੋਂ ਘਟੀਆ ਕਿਸਮ ਦੇ ਹੱਥਕੰਡੇ ਵਰਤ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਹਲਕੇ ਵਿਚ ਸਤਿਕਾਰੀ ਜਾਂਦੀ ਹਸਤੀ ਦਾ ਅਜਿਹਾ ਮਜਾਕ ਉਡਾਇਆ ਜਾਵੇ ਕਿ ਉਸ ਹਸਤੀ ਨੂੰ ਸਤਿਕਾਰਤ ਮੰਨਣ ਵਾਲੇ ਉਸਦੇ ਬਚਾਅ ਵਿਚ ਦਲੀਲਾਂ ਦੇਣ ਲਈ ਮਜਬੂਰ ਹੋ ਜਾਣ ਅਤੇ ਇਸ ਤਰਾਂ੍ਹ ਉਸ ਹਸਤੀ ਨੂੰ ਆਪਸੀ ਖਿੱਚ-ਧੂਹ ਦਾ ਕੇਂਦਰ ਬਣਾ ਲਿਆ ਜਾਵੇ। ਮਿਸਾਲ ਵਜੋਂ, ਟਕਸਾਲ ਦੇ ਮੁੱਖੀ ਬਾਰੇ, ਭਾਈ ਪੰਥਪ੍ਰੀਤ ਸਿੰਘ ਬਾਰੇ, ਢੱਡਰੀਆਂਵਾਲੇ ਬਾਰੇ, ਧੂੰਦਾ ਜੀ ਬਾਰੇ ਘਟੀਆ ਤੋਂ ਘਟੀਆ ਕਿਸਮ ਦੀ ਸ਼ਬਦਾਵਲੀ ਵਰਤਣੀ, ਜਿਸਦਾ ਨਾ ਤਾਂ ਵਿਚਾਰੀ ਜਾ ਰਹੀ ਗੱਲ ਨਾਲ ਕੋਈ ਸਬੰਧ ਹੈ ਤੇ ਨਾ ਹੀ ਉਹ ਕਿਸੇ ਦਲੀਲ ਦਾ ਹਿੱਸਾ ਮੰਨੀ ਜਾ ਸਕਦੀ ਹੈ।

 7. ਸੱਭ ਤੋਂ ਵੱਧ ਹੈਰਾਨ ਅਤੇ ਉਦਾਸ ਕਰਨ ਵਾਲੀ ਗੱਲ ਇਹ ਹੈ ਕਿ ਅਜਿਹੀ ਭੱਦੀ ਸ਼ਬਦਾਵਲੀ ਵਰਤਣ ਵਾਲੇ ਇਸਨੂੰ ਆਪਣੀ "ਬਹਾਦਰੀ" ਵਜੋਂ ਪੇਸ਼ ਕਰਦੇ ਹਨ! ਇਹੀ ਨਹੀਂ, ਸਗੋਂ ਅਜਿਹੀ ਘਟੀਆ ਸ਼ਬਦਾਵਲੀ ਵਰਤਣ ਵਾਲੇ ਹੋਰਨਾਂ ਨੂੰ ਚੁਣੌਤੀ ਵੀ ਦਿੰਦੇ ਹਨ ਕਿ ਉਹ ਵੀ ਅਜਿਹੀ ਹੀ ਘਟੀਆ ਸ਼ਬਦਾਵਲੀ ਵਰਤਣ ਨਹੀਂ ਤਾਂ ਉਹਨਾਂ ਨੂੰ "ਡਰਪੋਕ" ਅਤੇ ਹੋਰ ਪਤਾ ਨਹੀਂ ਕੀ ਕੀ ਗਰਦਾਨਦੇ ਹਨ।

 8. ਜੇਕਰ ਉਹਨਾਂ ਨੂੰ ਪੁੱਛਿਆ ਜਾਵੇ ਕਿ ਕਿਸੇ ਵੀ ਮਸਲੇ ਉਤੇ ਉਹਨਾਂ ਦੀ ਦਲੀਲ ਕੀ ਹੈ ਤਾਂ ਝੱਟ ਫੂਕ ਨਿਕਲ ਜਾਂਦੀ ਹੈ ਅਤੇ ਗਾਲ੍ਹਾਂ ਤੇ ਉਤਰ ਆਉਂਦੇ ਹਨ।

ਇਹ ਗਾਲ੍ਹਾਂ ਕੱਢਣ ਵਾਲੀ ਧਿਰ ਹੀ ਹੈ ਜਿਹੜੀ ਆਪਣੇ ਸਵਾਰਥ ਪੂਰਣ ਲਈ ਸਿੱਖ ਅਦਾਰਿਆਂ ਉਤੇ ਲੁਕਵੇਂ ਅਤੇ ਕੋਝੇ ਹਮਲੇ ਕਰ ਰਹੀ ਹੈ। ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ "ਬਿਬੇਕ" ਅਤੇ "ਚਲਾਕੀ" ਦਾ ਫਰਕ ਸਮਝ ਕੇ ਹਰ ਦਲੀਲ ਨੂੰ ਵਾਚੀਏ ਅਤੇ ਫਿਰ ਫੈਸਲਾ ਕਰੀਏ ਕਿ "ਮੈਂ ਇਸ ਦਲੀਲ ਨੂੰ ਠੀਕ ਮੰਨਦਾ ਹਾਂ ਅਤੇ ਇਸਨੂੰ ਗਲਤ" - ਖਾਸ ਕਰਕੇ ਇਹ ਜਰੂਰ ਵਿਚਾਰੀਏ ਕਿ "ਜੇਕਰ ਅਜਿਹਾ ਹੁੰਦਾ ਹੈ ਤਾਂ ਇਸਦਾ ਨਤੀਜਾ ਕੌਮ ਲਈ ਕੀ ਨਿਕਲੇਗਾ"

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top