Share on Facebook

Main News Page

ਰੰਗਰੇਟਾ ਕਤਲਿਆਮ ਦਿਵਸ ਮਨਾਉਣਾ ਰੰਘਰੇਟੇ ਗੁਰੂ ਕੇ ਬੇਟਿਆਂ ਨੂੰ ਖ਼ਾਲਸਾ ਪੰਥ ਨਾਲੋਂ ਤੋੜਣ ਤੇ ਦੁਸ਼ਮਣ ਬਨਾਉਣ ਦੀ ਖ਼ਤਰਨਾਕ ਸਰਕਾਰੀ ਸਾਜਿਸ਼
-: ਗਿਆਨੀ ਜਗਤਾਰ ਸਿੰਘ

ਨਿਊਯਾਰਕ, 18 ਅਗਸਤ ( ) ਖ਼ਾਲਸੇ ਦੇ ਸੁਆਮੀ ਤੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਰੰਘਰੇਟੇ ਗੁਰੂ ਕੇ ਬੇਟੇ ਕਹਿ ਕੇ ਸਨਮਾਨੇ ਅਤੇ ਖ਼ਾਲਸਾ ਪੰਥ ਦੀਆਂ ਮੋਹਰੀਆਂ ਸਫਾਂ ਵਿੱਚ ਲੜਣ ਵਾਲੇ ਤੇ ਵੱਡੀਆਂ ਮੁਹਿੰਮਾ ਸਰ ਕਰਨ ਵਾਲੇ ਰੰਘਰੇਟੇ ਵੀਰਾਂ ਦੇ ਨਾਮ ਹੇਠਾਂ 2 ਸਤੰਬਰ 2017 ਨੂੰ ਚਾਟੀਵਿੰਡ, ਸ੍ਰੀ ਅੰਮ੍ਰਿਤਸਰ ਵਿਖੇ ਰੰਘਰੇਟਾ ਕਤਲਿਆਮ ਦਿਵਸ ਮਨਾਉਣ ਬਾਰੇ ਇਸ਼ਤਿਹਾਰ ਜਾਰੀ ਕਰਨਾ ਤੇ ਸੋਸ਼ਲ ਮੀਡੀਏ ਰਾਹੀਂ ਪ੍ਰਚਾਰਨਾ ਇੱਕ ਅਤਿਅੰਤ ਖ਼ਤਰਨਾਕ ਸਰਕਾਰੀ ਸਾਜਿਸ਼ ਹੈ । ਕਿਉਂਕਿ, ਇਸ ਮੂਲੋਂ ਝੂਠੇ ਪ੍ਰਾਪੇਗੰਡੇ ਦਾ ਮੁਖ ਮਨੋਰਥ ਸਾਡੇ ਰੰਘਰੇਟੇ ਭਰਾਵਾਂ ਨੂੰ ਖ਼ਾਲਸਾ ਪੰਥ ਨਾਲੋਂ ਤੋੜਣਾ ਤੇ ਉਨ੍ਹਾਂ ਅੰਦਰ ਦੁਸ਼ਮਣੀ ਭਾਵ ਪੈਦਾ ਕਰਕੇ ਪੰਥ ਦੇ ਟਾਕਰੇ ਤੇ ਖੜਾ ਕਰਕੇ ਲੜਾਉਣਾ ਹੈ ।

ਇਸ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸਮੂਹ ਸਿੱਖ ਜਥੇਬੰਦੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ, ਤਾਂ ਕਿ ਦਲਿਤ ਵਿਰੋਧੀ ਤੇ ਪੰਥ ਵਿਰੋਧੀ ਤਾਕਤਾਂ ਆਪਣੇ ਮਨਸੂਬੇ ਵਿੱਚ ਸਫਲ ਨਾ ਹੋ ਸਕਣ । ਇਹ ਲਫ਼ਜ਼ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਜਾਰੀ ਕੀਤੇ ਪ੍ਰੈਸ-ਨੋਟ ਰਾਹੀਂ ਕਹੇ ਹਨ ।

ਉਨ੍ਹਾਂ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦੇ 64 ਸਾਲਾਂ ਵਿੱਚ ਹੁਣ ਤੱਕ ਸਿੱਖ ਇਤਿਹਾਸ ਨਾਲ ਸਬੰਧਤ ਕਿਸੇ ਵੀ ਪੁਸਤਕ ਵਿੱਚ ਪੰਥਕ ਇਤਿਹਾਸ ਨੂੰ ਕਲੰਕਤ ਕਰਨ ਵਾਲਾ ਉਹ ਝੂਠਾ ਪੱਖ ਕਿਤੇ ਨਹੀਂ ਪੜ੍ਹਿਆ, ਜਿਹੜਾ ਫੋਰਸ ਵੰਨ ਨਾਂ ਦੀ ਰੰਘਰੇਟਾ ਸਿੱਖ ਜਥੇਬੰਦੀ ਵੱਲੋਂ 17 ਅਗਸਤ 2017 ਨੂੰ ਪਿੰਡ ਰਾਜਾਂਵਾਲਾ ਵਿਖੇ ਮੀਟਿੰਗ ਕਰਕੇ ਜਾਰੀ ਕੀਤੇ ਉਪਰੋਕਤ ਇਸ਼ਤਿਹਾਰ ਵਿੱਚ ਪ੍ਰਗਟ ਕੀਤਾ ਗਿਆ ਹੈ । ਲਿਖਿਆ ਹੈ ਕਿ 2 ਸਤੰਬਰ 1764 ਨੂੰ ਤੇਰਵੀਂ ਮਿਸਲ ਦੇ ਮੁਖੀ ਰੰਘਰੇਟੇ ਬਾਬਾ ਬੀਰ ਸਿੰਘ ਬੰਗਸ਼ੀ ਜੀ ਨੂੰ 500 ਘੋੜ ਸਵਾਰ ਮਜ਼ਹਬੀ ਸਿੰਘਾਂ ਸਮੇਤ ਸਿੱਖ ਧਰਮੀ ਭਰਾਵਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪੰਜ ਪੰਜ ਸਿੰਘਾਂ ਦੇ ਰੂਪ ਵਿੱਚ ਧੋਖੇ ਨਾਲ ਬੁਲਾ ਕੇ ਕਤਲ ਕਰ ਦਿੱਤਾ ਸੀ । ਗੁਰਮਤ ਸਿਧਾਂਤਾਂ ਤੇ ਖ਼ਾਲਸਈ ਪਰੰਪਰਾ ਦੇ ਵਿਪਰੀਤ ਅਜਿਹੀ ਨਿਰਦਈ ਤੇ ਫੁੱਟ ਪਾਊ ਘਟਨਾ, ਇਸ ਲਈ ਵੀ ਨਾ ਮੰਨਣਯੋਗ ਹੈ । ਕਿਉਂਕਿ, ਉਸ ਵੇਲੇ ਤਾਂ ਅਜੇ ਦੋ ਸਾਲ ਹੋਏ ਸਨ ਅਬਦਾਲੀ ਦੀ ਕਮਾਂਡ ਹੇਠ ਵਾਪਰੇ ਵੱਡੇ ਘਲੂਘਾਰੇ ਨੂੰ, ਜਿਸ ਵਿੱਚ 30000 ਤੋਂ ਵਧ ਸਿੰਘ ਸਿੰਘਣੀਆਂ ਤੇ ਬੱਚੇ ਪਹਿਲਾਂ ਹੀ ਸ਼ਹੀਦ ਹੋ ਚੁਕੇ ਸਨ । ਪੰਥਕ ਆਗੂਆਂ ਲਈ ਉਹ ਵੇਲਾ ਤਾਂ ਸੀ ਆਪਣੇ ਛੋਟੇ-ਮੋਟੇ ਜਥੇਬੰਦਕ ਮਤਭੇਦ ਭੁਲਾ ਕੇ ਮੁੜ ਗਲਵਕੜੀਆਂ ਪਾਉਣ ਦਾ ਨਾ ਕਿ ਆਪਣੇ ਸੂਰਬੀਰ ਭਰਾਵਾਂ ਨੂੰ ਧੋਖੇ ਨਾਲ ਕਤਲ ਕਰਨ ਦਾ ਅਤੇ ਉਹ ਵੀ ਸ੍ਰੀ ਦਰਬਾਰ ਸਾਹਿਬ ਵਿੱਚ ।

ਪੰਥ ਨੂੰ ਇਹ ਵੀ ਗਿਆਤ ਹੋਵੇ ਕਿ ਉਪਰੋਕਤ ਝੂਠਾ ਪ੍ਰਾਪੇਗੰਡਾ ਕਰਨ ਵਾਲੀ ਫੋਰਸ ਵੰਨ ਜਥੇਬੰਦੀ ਦੇ ਸੰਸਥਾਪਕ ਹਨ ਸਾਬਕਾ ਆਈ.ਏ.ਐਸ. ਅਫ਼ਸਰ ਡਾ. ਸਵਰਨ ਸਿੰਘ, ਜੋ ਕਾਂਗਰਸ ਦੇ ਸਾਬਕਾ ਕੇਂਦਰੀ ਮੰਤ੍ਰੀ ਰਹੇ ਸ੍ਰ. ਬੂਟਾ ਸਿੰਘ ਦੇ ਨਿਕਟਵਰਤੀ ਸਬੰਧੀ ਹਨ । ਦੁਖਦਾਈ ਖ਼ਬਰ ਇਹ ਹੈ ਕਿ ਇਸ ਸਰਕਾਰੀ ਟੋਲੇ ਨੇ ਦਸ਼ਮੇਸ਼ ਤਰਨਾ ਦਲ ਦੇ ਮੁਖੀ ਸਤਿਕਾਰਯੋਗ ਬਾਬਾ ਮੇਜਰ ਸਿੰਘ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ । ਸਣਿਆ ਹੈ ਕਿ ਬਾਦਲ ਦਲ ਵੱਲੋਂ ਦਲਿਤ ਭਾਈਚਾਰੇ ਦੇ ਮੁਖੀਆਂ ਵਜੋਂ ਪੰਜਾਬ ਤੇ ਕੇਂਦਰ ਵਿੱਚ ਮੰਤਰੀ ਰਹਿ ਚੁੱਕੇ ਦੋ ਸਿੱਖ ਆਗੂਆਂ ਦਾ ਵੀ ਇਸ ਟੋਲੇ ਨੂੰ ਥਾਪੜਾ ਮਿਲ ਚੁੱਕਾ ਹੈ । ਇਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚਾਹੀਦਾ ਹੈ ਕਿ ਸਿੱਖ ਇਤਿਹਾਸਕਾਰਾਂ ਨੂੰ ਬੁਲਾ ਕੇ ਇਸ ਵਿਸ਼ੇ ਤੇ ਜਲਦੀ ਸੈਮੀਨਾਰ ਕਰਵਾਇਆ ਜਾਏ ਅਤੇ ਫਿਰ ਅਜਿਹਾ ਝੂਠਾ ਤੇ ਗੁੰਮਰਾਹਕੁਨ ਪ੍ਰਚਾਰ ਕਰਨ ਵਾਲਿਆਂ ਪ੍ਰਤੀ ਕਾਨੂੰਨੀ ਕਾਰਵਾਈ ਕਰਕੇ ਅਦਾਲਤ ਰਾਹੀਂ ਵੀ ਘਸੀਟਿਆ ਜਾਏ । ਆਸ ਹੈ ਕਿ ਰੰਘਰੇਟੇ ਗੁਰੂ ਕੇ ਬੇਟੇ ਤੇ ਪੰਥ-ਦਰਦੀ ਆਗੂ ਉਪਰੋਕਤ ਜਥੇਬੰਦੀ ਨੂੰ ਆਪਣੇ ਘਨਾਉਣੇ ਮਨਸੂਬਿਆਂ ਵਿਚ ਸਫਲ ਨਹੀਂ ਹੋਣ ਦੇਣਗੇ ।

ਨੋਟ : ਸੋਸ਼ਲ ਮੀਡੀਏ ਮੁਤਾਬਿਕ ਉਪਰੋਕਤ ਇਸ਼ਤਿਹਾਰ ਜਾਰੀ ਕਰਨ ਵੇਲੇ 17-8-2017 ਨੂੰ ਪਿੰਡ ਰਾਜਾਂਵਾਲੇ ਵਿਖੇ ਹੋਈ ਮੀਟਿੰਗ ਵਿੱਚ ਸ਼ਾਮਲ ਹੋਏ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ : ਡਾ. ਜੱਗਾ ਸਿੰਘ ਕਾਦਰ ਵਾਲਾ, ਲੈਕਚਰਾਰ ਸੁਖਵਿੰਦਰ ਸਿੰਘ, ਰਜਿੰਦਰ ਸਿੰਘ ਰਿਆੜ, ਬੀਬੀ ਬਲਵੀਰ ਕੌਰ, ਬੀਬੀ ਪਰਮਜੀਤ ਕੌਰ, ਸ੍ਰ. ਗੁਰਮੁਖ ਸਿੰਘ ਤੇ ਨੌਨਿਹਾਲ ਸਿੰਘ ਖ਼ਾਲਸਾ ।
ਇਸ਼ਤਿਹਾਰ ਜਾਰੀ ਕਰਨ ਦੀ ਫੋਟੋ ਵੀ ਪ੍ਰੈਸਨੋਟ ਨਾਲ ਅਟੈਚ ਕੀਤੀ ਗਈ ਹੈ ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top