Share on Facebook

Main News Page

ਮਲੇਸ਼ੀਆ ਦੇ ਕੁਆਲਾਲੰਪੁਰ ਸ਼ਹਿਰ ਵਿੱਚ ਗੁਰਦੁਆਰਾ ਪੂਚੋਂਗ 'ਚ ਵੱਡਆਕਾਰੀ ਬੀੜ ਦੀ ਮੂਰਤੀ ਵਾਂਙ ਹੋ ਰਹੀ ਪੂਜਾ ਬਹੁਤ ਹੀ ਚਿੰਤਾਜ਼ਨਕ
-: ਪ੍ਰੋ. ਰਜਿੰਦਰ ਸਿੰਘ ਰਾਜਨ ਸਿੱਖ ਪ੍ਰਚਾਰਕ

ਸ਼੍ਰੋਮਣੀ ਕਮੇਟੀ ਤੇ ਜੱਥੇਦਾਰ ਸਿੱਖ ਕੌਮ ਨੂੰ ਜਵਾਬ ਦੇਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸੱਚੇ ਸੁੱਚੇ ਗਿਆਨ ਨਾਲ ਭਰਪੂਰ ਹੈ। ਬਾਣੀਕਾਰ 35 ਮਹਾਂਪੁਰਖਾਂ ਵੱਲੋਂ ਰਚੀ ਸਮੁੱਚੀ ਬਾਣੀ ਮਾਨਵਤਾ ਨੂੰ ਵਹਿਮਾਂ, ਭਰਮਾਂ, ਪਖੰਡਾਂ, ਧਰਮ ਦੇ ਨਾਮ ਤੇ ਕੀਤੇ ਜਾਣ ਵਾਲੇ ਕਰਮਕਾਂਡਾਂ ਤੇ ਮੂਰਤੀ ਪੂਜਾ ਵੱਲੋਂ ਹੋੜ ਕੇ ਇੱਕ ਅਕਾਲ ਪੁਰਖ ਨਾਲ ਜੋੜਦੀ ਹੈ। ਅਫ਼ਸੋਸ ਕਿ ਅੱਜ ਉਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਬਹੁਤੀ ਮਾਇਆ ਇਕੱਠੀ ਕਰਨ ਲਈ ਮੂਰਤੀਆਂ ਵਾਂਙ ਧੜੱਲੇ ਨਾਲ ਪੂਜਾ ਕੀਤੀ/ ਕਰਵਾਈ ਜਾ ਰਹੀ ਹੈ।

ਤਾਜ਼ਾ ਘਟਨਾ ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਦੀ ਹੈ ਜਿੱਥੋਂ ਦੇ ਗੁਰਦੁਆਰਾ ਪੂਚੋਂਗ ਵਿੱਚ ਇੱਕ ਤੀਜੇ ਪ੍ਰਕਾਰ ਦੀ ਵੱਡਆਕਾਰੀ ਬੀੜ ਜਿਸ ਦਾ ਸਾਈਜ਼ ਚਾਰ- ਸਾਢੇ ਚਾਰ ਫੁੱਟ ਹੈ ਪਿੱਛਲੇ ਲੰਬੇ ਸਮੇਂ ਤੋਂ ਸ਼ੀਸ਼ੇ ਦੇ ਇੱਕ ਕੈਬਿਨ ਵਿੱਚ ਰੱਖ ਕੇ ਮੂਰਤੀ ਵਾਂਙ ਉਸ ਦੀ ਪੂਜਾ ਕੀਤੀ/ ਕਰਵਾਈ ਜਾ ਰਹੀ ਹੈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬੀ ਅਵਤਾਰ ਸਿੰਘ ਦੀ ਦੇਖ ਰੇਖ ਵਿੱਚ ਇਹ ਬੀੜ ਤਿਆਰ ਕਰਵਾਈ ਗਈ ਹੈ ਉਸ ਪ੍ਰਧਾਨ ਨੂੰ ਗੁਰਮਤਿ ਦਾ ਇੱਕ ਅੱਖਰ ਵੀ ਨਹੀਂ ਆਉਂਦਾ। ਹੈਰਾਨਗੀ ਦੀ ਗੱਲ ਇਹ ਹੈ ਕੇ ਉਹ ਬੀੜ ਕਦੇ ਵੀ ਪ੍ਰਕਾਸ਼ ਨਹੀਂ ਕੀਤੀ ਜਾਂਦੀ ਤੇ ਉਸੇ ਥੜੇ ਤੇ ਸ੍ਰੀ ਅਖੰਡ ਪਾਠ ਵੀ ਅਕਸਰ ਹੀ ਚਲਦਾ ਰਹਿੰਦਾ ਹੈ।

ਭਰੋਸੇਯੋਗ ਸੂਤਰਾਂ ਅਨੁਸਾਰ ਇਹ ਸਾਰਾ ਮਾਮਲਾ ਸੁਚੇਤ ਸੰਗਤਾਂ ਵੱਲੋਂ ਰੱਦ ਕੀਤੇ ਸ੍ਰੀ ਅਕਾਲ ਤਖ਼ਤ ਤੇ ਕਾਬਜ਼ ਜੱਥੇਦਾਰ ਦੇ ਧਿਆਨ ਵਿੱਚ ਪਹਿਲਾਂ ਤੋਂ ਹੀ ਹੈ। ਮੈਂ 29-7-2017 ਨੂੰ ਇਸ ਮਾਮਲੇ ਤੇ ਗੱਲਬਾਤ ਕਰਨ ਲਈ ਜੱਥੇਦਾਰ ਦੇ ਪੀ ਏ ਦੇ ਮੋਬਾਈਲ ਤੇ ਕਾਲ ਕਰਕੇ ਗੱਲ ਕਰਵਾਉਣ ਲਈ ਕਿਹਾ, ਪਰ ਉਸਨੇ ਮੇਰੀ ਗੱਲ ਨਹੀਂ ਕਰਾਈ ਫੇਰ ਮੈਂ ਜੱਥੇਦਾਰ ਦੇ ਮੋਬਾਈਲ ਤੇ ਕਾਲ ਕੀਤੀ, ਪਰ ਪੀ ਏ ਨੇ ਫੇਰ ਮੇਰੀ ਗੱਲਬਾਤ ਨਹੀਂ ਕਰਵਾਈ ਸਗੋਂ ਮੈਨੂੰ ਕਹਿੰਦਾ ਕੇ ਏਥੇ ਕੋਈ ਗੁਰਬਚਨ ਸਿੰਘ ਨਹੀਂ ਹੈ। ਮੈਂ ਪੀ ਏ ਨਾਲ ਕੀਤੀ ਸਾਰੀ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਸੀ ਜੋ ਹੁਣ ਵੀ ਮੇਰੇ ਕੋਲ ਮੌਜ਼ੂਦ ਹੈ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ। ਪਤਾ ਨਹੀਂ ਜੱਥੇਦਾਰ ਨੇ ਇਸ ਮਾਮਲੇ ਤੇ ਕਿਉਂ ਚੁੱਪ ਵੱਟੀ ਹੈ।

੧. ਹੁਣ ਸਵਾਲ ਇਹ ਹਨ ਕੇ ਉਹ ਬੀੜ ਕਿਸ ਤਰੀਕੇ ਨਾਲ ਤਿਆਰ ਕਰਵਾਈ ਗਈ?

੨. ਕੀ ਉਸ ਨੂੰ ਤਿਆਰ ਕਰਵਾਉਣ ਲਈ ਕਿਸੇ ਸਿੱਖ ਸੰਸਥਾ ਨੂੰ ਅਗਾਊਂ ਸੂਚਿਤ ਕਰਕੇ ਪ੍ਰਵਾਨਗੀ ਲਈ ਗਈ?

੩. ਉਸ ਬੀੜ ਨੂੰ ਤਿਆਰ ਕਰਵਾਉਣ ਲਈ ਕਿਹੜੇ ਭਰੋਸੇਯੋਗ ਸਰੋਤ ਵਰਤੇ ਗਏ?

੪. ਉਹ ਬੀੜ ਕਿੱਥੋਂ ਤਿਆਰ ਕਰਵਾਈ ਗਈ ਤੇ ਤਿਆਰ ਕਰਨ ਵਾਲਿਆਂ ਦਾ ਇਸ ਪ੍ਰਤੀ ਕਿੰਨਾ ਕੁ ਤਜ਼ੱਰਬਾ ਹੈ?

੫. ਕੀ ਬੀੜ ਤਿਆਰ ਹੋਣ ਤੋਂ ਪਹਿਲਾਂ ਕੋਈ ਪਰੂਫ਼ ਰੀਡਿੰਗ ਹੋਈ, ਤੇ ਪਰੂਫ਼ ਰੀਡਿੰਗ ਕਰਨ ਵਾਲਿਆਂ ਦਾ ਬਾਣੀ ਪ੍ਰਤੀ ਕੀ ਤਜ਼ੱਰਬਾ ਹੈ?

੬. ਕੀ ਕਿਸੇ ਪ੍ਰਵਾਨਿਤ ਬੀੜ ਨਾਲ ਕੋਈ ਮਿਲਾਨ ਕੀਤਾ ਗਿਆ?

੭. ਏਨੇ ਵੱਡੇ ਆਕਾਰ ਵਿੱਚ ਬੀੜ ਤਿਆਰ ਕਰਵਾਉਣ ਦਾ ਕੀ ਮੁੱਖ ਕਾਰਨ ਹੈ?

ਗੰਭੀਰ ਚਿੰਤਾ ਤਾਂ ਇਸ ਗੱਲ ਦੀ ਹੈ ਕਿ ਸਿੱਖ ਧਰਮ ਤੇ ਗੁਰਬਾਣੀ ਵਿਰੋਧੀ ਤਾਕਤਾਂ ਨੇ, ਸਿੱਖੀ ਸਰੂਪ ਧਾਰਨ ਕਰਕੇ ਸਿੱਖ ਕੌਮ ਅੰਦਰ ਘੁੱਸਪੈਠ ਕਰ ਚੁੱਕੇ ਏਜੰਸੀਆਂ ਦੇ ਜ਼ਰ-ਖ਼ਰੀਦ ਲੋਕਾਂ ਨਾਲ ਮਿਲ ਕੇ ਸਮੇਂ- ਸਮੇਂ ਬਹੁਤ ਹੀ ਕੋਝੀਆਂ ਹਰਕਤਾਂ ਕਰਕੇ ਗੁਰਬਾਣੀ ਅਤੇ ਸਿੱਖ ਇਤਿਹਾਸ ਵਿੱਚ ਬਹੁਤ ਵੱਡੀ ਪੱਧਰ 'ਤੇ ਮਿਲਾਵਟ ਕੀਤੀ ਗਈ ਤੇ ਅੱਜ ਵੀ ਹੋ ਰਹੀ ਹੈ। ਸਕੱਤਰ, ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਅਨੁਸਾਰ ਪੰਜਾਬ ਸਰਕਾਰ ਅਤੇ ਸ਼੍ਰੋ. ਗੁ. ਪ੍ਰਬੰਧਕ ਕਮੇਟੀ ਵੱਲੋਂ ਵੱਖਰੇ ਵੱਖਰੇ ਤੌਰ ਤੇ ਮਤੇ ਪਾਸ ਕੀਤੇ ਗਏ ਹਨ ਕੇ ਬੀੜਾਂ ਛਾਪਣ ਦਾ ਅਧਿਕਾਰ ਸਿਰਫ਼ ਤੇ ਸਿਰਫ ਐੱਸ.ਜੀ.ਪੀ.ਸੀ. ਨੂੰ ਹੀ ਹੈ ਹੋਰ ਕਿਸੇ ਨੂੰ ਨਹੀਂ। ਫੇਰ ਕੀ ਇੰਨ੍ਹਾਂ ਮਤਿਆਂ ਦੀ ਜਾਣਕਾਰੀ ਜੱਥੇਦਾਰ ਨੂੰ ਨਹੀਂ? ਮਲੇਸ਼ੀਆ ਨਿਵਾਸੀ ਜਸਵੰਤ ਸਿੰਘ ਖੋਸੇ ਵਾਲੀ ਬੀੜ ਦੀ ਸਚਾਈ ਪਹਿਲਾਂ ਹੀ ਜੱਗ ਜ਼ਾਹਰ ਹੋ ਚੁੱਕੀ ਹੈ। ਸ਼੍ਰੋਮਣੀ ਕਮੇਟੀ ਇਸ ਫਰੰਟ 'ਤੇ ਬੁਰੀ ਤਰ੍ਹਾਂ ਪਛੜ ਚੁੱਕੀ ਹੈ।

ਸੋ ਉਪਰੋਕਤ ਬੀੜ ਕਿੰਨੀ ਕੁ ਸਹੀ ਹੈ ਇਹ ਆਉਣ ਵਾਲੇ ਸਮੇਂ ਵਿੱਚ ਪੜਤਾਲ ਕਰਵਾਉਣ 'ਤੇ ਹੀ ਪਤਾ ਲੱਗੇਗਾ। ਇਹ ਬੀੜ ਛੇਤੀ ਤੋਂ ਛੇਤੀ ਜ਼ਬਤ ਕਰਨੀ ਚਾਹੀਦੀ ਹੈ ਤੇ ਬਿਨਾਂ ਦੇਰੀ ਕੀਤਿਆਂ ਸਚਾਈ ਸਿੱਖ ਜਗਤ ਸਾਹਮਣੇ ਲਿਆਉਣੀ ਚਾਹੀਦੀ ਹੈ। ਕਿਤੇ ਐਸਾ ਨਾਂ ਹੋਵੇ ਕੇ ਸਿੱਖ ਵਿਰੋਧੀ ਤਾਕਤਾਂ ਨਾਲ ਮਿਲ ਕੇ ਪਰਦੇ ਪਿੱਛੇ ਕੋਈ ਹੋਰ ਹੀ ਖੇਡ ਖੇਡੀ ਜਾ ਰਹੀ ਹੋਵੇ ਤੇ ਸਾਰੀ ਸਿੱਖ ਕੌਮ ਨੂੰ ਖ਼ੂਨ ਦੇ ਅੱਥਰੂ ਵਹਾਉਣੇ ਪੈਣ।

ਅੱਜ ਸਿੱਖ ਕੌਮ ਨੂੰ ਜਾਗਰੂਕ ਹੋਣ ਦੀ ਜਰੂਰਤ ਹੈ ਦੁਸ਼ਮਣ ਪੂਰੀ ਤਿਆਰੀ ਨਾਲ ਪ੍ਰਵੇਸ਼ ਕਰ ਚੁੱਕਾ ਹੈ। ਆਓ ਚੌਧਰਾਂ ਤੇ ਧੜਿਆਂ ਨੂੰ ਛੱਡ ਕੇ ਇੱਕਜੁਟ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਨੂੰ ਤਨੋਂ ਮਨੋਂ ਪ੍ਰਵਾਨ ਕਰਕੇ ਦੁਸ਼ਮਣ ਧਿਰਾਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਘਰ ਤੱਕ ਛੱਡ ਕੇ ਆਈਏ।

ਅਜੋਕੇ ਸਮੇਂ ਦੀ ਮੰਗ ਹੈ ਕਿ ਗੁਰੂ ਘਰਾਂ ਦੇ ਪ੍ਰਬੰਧਕ ਪੂਰਨ ਗੁਰਸਿੱਖ ਵੀਰ ਹੀ ਬਣਾਏ ਜਾਣੇ ਚਾਹੀਦੇ ਹਨ ਜਿੰਨ੍ਹਾਂ ਨੂੰ ਗੁਰਮਤਿ ਦੀ ਪੂਰੀ ਪੂਰੀ ਸੋਝੀ ਹੋਵੇ, ਉੱਥੇ ਚੰਗੇ ਸੂਝਵਾਨ ਤੱਤ ਗੁਰਮਤਿ ਦੇ ਧਾਰਨੀ ਪ੍ਰਚਾਰਕ ਹੀ ਗੁਰੂ ਘਰਾਂ ਵਿੱਚ ਨਿਯੁਕਤ ਕੀਤੇ ਜਾਣ ਜੋ ਕਿਸੇ ਨੂੰ ਵੀ ਗੁਰਮਤਿ ਤੋਂ ਉਲਟ ਕੰਮ ਨਾਂ ਕਰਨ ਦੇਣ ਉੱਥੇ ਸੰਗਤ ਨੂੰ ਵੀ ਪ੍ਰਚਾਰਕਾਂ ਦਾ ਡੱਟ ਕੇ ਸਾਥ ਦੇਣਾ ਚਾਹੀਦਾ ਹੈ।

ਖ਼ਾਲਸਾ ਨਿਊਜ਼ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਖ ਕੌਮ ਨਾਲ ਜੁੜੇ ਗੰਭੀਰ ਮਸਲਿਆਂ ਨੂੰ ਬਾਖ਼ੂਬੀ ਜੱਗ ਜ਼ਾਹਰ ਕਰਨਾ ਬਹੁਤ ਹੀ ਨਿੱਡਰਤਾ ਵਾਲਾ ਸ਼ਲਾਘਾਯੋਗ ਉਪਰਾਲਾ ਹੈ ਇਸ ਲਈ ਖ਼ਾਲਸਾ ਨਿਊਜ਼ ਵਧਾਈ ਦਾ ਪਾਤਰ ਹੈ। ਮੈਂ ਖ਼ਾਲਸਾ ਨਿਊਜ਼ ਦਾ ਬਹੁਤ ਹੀ ਧੰਨਵਾਦੀ ਹਾਂ ਤੇ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਇੰਨ੍ਹਾਂ ਨੂੰ ਚੜ੍ਹਦੀ ਕਲਾ ਤੇ ਸਿਹਤਯਾਬੀ ਬਖਸ਼ਣ ਤਾਂ ਕਿ ਇਹ ਸੱਚ ਦਾ ਹੋਕਾ ਦਿੰਦੇ ਰਹਿਣ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top