Share on Facebook

Main News Page

ਫ਼ਿਲਮ ‘ਦ ਬਲੈਕ ਪ੍ਰਿੰਸ’ ਦਾ ਸੱਚੋ-ਸੱਚ
-: ਡਾ. ਹਰਜਿੰਦਰ ਸਿੰਘ ਦਿਲਗੀਰ

HARJINDER SINGH DILGEER·TUESDAY, AUGUST 1, 2017

31 ਜੁਲਾਈ ਦੀ ਰਾਤ ਦਾ ਸ਼ੋਅ ਵੇਖ ਕੇ ਨਿਰਾਸਾ ਹੋਈ ਕਿ ਸਿਰਫ਼ 45 ਲੋਕ (ਔਰਤਾਂ ਤੇ ਬੱਚਿਆਂ ਸਣੇ) ਹਾਲ ਵਿਚ ਮੌਜੂਦ ਸਨ ਤੇ ਉਹ ਸਾਰੇ ਸਿੱਖ ਸਨ।

ਬਤੌਰ ਫ਼ਿਲਮ

1. ਇਸ ਫ਼ਿਲਮ ਵਿਚ ਸ਼ਬਾਨਾ ਆਜ਼ਮੀ ਦਾ ਰੋਲ ਬਹੁਤ ਵਧੀਆ ਸੀ। ਉਸ ਨੇ ਜਿੰਦਾਂ ਦੇ ਰੋਲ ਦੀ ਇਤਿਹਾਸਕ ਪੇਸ਼ਕਾਰੀ ਖ਼ੂਬ ਨਿਭਾਈ ਹੈ।
2. ਸਤਿੰਦਰ ਨੇ ਇਕ ਮੱਧਮ ਬੁੱਧੀ ਵਾਲੇ, ਰੁਚੀ-ਹੀਣ ਸ਼ਹਿਜ਼ਾਦੇ ਦਾ ਰੋਲ ਖ਼ੂਬ ਨਿਭਾਇਆ ਹੈ।
3. ਜਿਹਾ ਕਿ ਕੁਝ ਲੋਕ ਸਮਝਦੇ ਹਨ, ਇਤਿਹਾਸਕ ਹੋਣ ਦੇ ਬਾਵਜੂਦ ਫ਼ਿਲਮ ਏਨੀ ਬੋਰਿੰਗ ਨਹੀਂ ਜਾਪਦੀ। ਹਾਂ, ਬੜੀ ਆਸਾਨੀ ਅਤੇ ਬਹੁਤ ਘਟ ਖ਼ਰਚ ਕਰ ਕੇ ਤੇ ਬਹੁਤ ਥੋੜ੍ਹੇ ਦ੍ਰਿਸ਼ ਪਾ ਕੇ ਇਸ ਨੂੰ ਹੋਰ ਰੁਮਾਂਚਿਕ ਬਣਾਇਆ ਜਾ ਸਕਦਾ ਸੀ।

ਤਵਾਰੀਖ਼ ਦਾ ਰੇਪ

ਇਸ ਫ਼ਿਲਮ ਵਿਚ ਕੁਝ ਨੁਕਤੇ ਤਵਾਰੀਖ਼ ਦਾ ਰੇਪ ਹਨ (ਸ਼ਾਇਦ ਕਿਸੇ ਨੁਕਤੇ ਵਿਚ ਕੋਈ ਸਾਜ਼ਿਸ਼ ਵੀ ਹੋਵੇ):

 1. ਡਾ. ਜੌਹਨ ਲੋਗਿਨ ਨੂੰ ਦਲੀਪ ਸਿੰਘ ਦੇ ਨਾਲ ਤਕਰੀਬਨ ਅਖ਼ੀਰ ਦੇ ਨੇੜੇ ਤਕ ਦਿਖਾਇਆ ਗਿਆ ਹੈ, ਜਦ ਕਿ ਉਸ ਦੀ ਗਾਰਡੀਅਨਸ਼ਿਪ ਜਨਵਰੀ 1858 ਵਿਚ ਖ਼ਤਮ ਹੋ ਗਈ ਸੀ ਅਤੇ 26 ਜਨਵਰੀ 1858 ਦੇ ਦਿਨ ਬਕਿੰਘਮ ਪੈਲਸ ਨੇ ਇਸ ਬਾਰੇ ਖ਼ਤ ਵੀ ਜਾਰੀ ਕਰ ਦਿੱਤਾ ਸੀ। ਇਹ ਵੀ ਕਾਬਲੇ ਜ਼ਿਕਰ ਹੈ ਕਿ ਲੋਗਨ ਦੀ ਤਾਂ ਮੌਤ ਵੀ 18 ਅਕਤੂਬਰ 1863 ਦੇ ਦਿਨ ਹੋ ਚੁਕੀ ਸੀ।

 2. ਅਰੂੜ ਸਿੰਘ ਨਾਂ ਦਾ ਇਕ ਸਾਥੀ ਉਸ ਦੇ ਨਾਲ ਹਮੇਸ਼ਾ ਦਿਖਾਇਆ ਗਿਆ ਹੈ। ਉਹ ਸ਼ੁਰੂ ਤੋਂ ਅਖ਼ੀਰ ਤਕ ਇਕ ਸਿੱਖ ਦੇ ਸਰੂਪ ਵਿਚ ਦਿਖਾਇਆ ਹੈ (ਇਹ ਵਖਰੀ ਗੱਲ ਹੈ ਕਿ ਉਸ ਨੇ ਪੱਗ ਦਾ ਸਟਾਈਲ ਪਟਿਆਲਾ ਸ਼ਾਹੀ ਤੇ ਅਫ਼ਰੀਕਨ ਸਟਾਈਲ ਦਾ ਮਿਲਗੋਭਾ ਰੱਖਿਆ ਹੋਇਆ ਹੈ) ਉਸ ਨੂੰ ਸਿੱਖ ਰਾਜ ਜਾਂ ਦਲੀਪ ਸਿੰਘ ਵਲੋਂ ਮਹਾਰਾਜਾ ਬਣਨ ਦੀ ਪਾਨਿੰਗ ਵਿਚ ਪੂਰਾ ਭਾਈਵਲਾ ਦੱਸਿਆ ਗਿਆ ਹੈ। ਫ਼ਿਲਮ ਵਿਚ ਇਹ ਝੂਠ ਬਹੁਤ ਅਖਰਦਾ ਤੇ ਚੁਭਦਾ ਹੈ। ਜਦ ਕਿ ਹਕੀਕਤ ਇਹ ਹੈ ਕਿ ਜਦ ਦਲੀਪ ਸਿੰਘ ਨੂੰ ਜਦ ਪੰਜਾਬ ਤੋਂ ਉਤਰ ਪ੍ਰਦੇਸ਼ ਲਿਜਾਇਆ ਗਿਆ ਸੀ ਤਾਂ ਉਸ ਦੇ ਨਾਲ ਇਕ ਸਿੱਖ ਤਾਂ ਕੀ ਕੋਈ ਪੰਜਾਬੀ ਵੀ ਨਹੀਂ ਸੀ ਰਹਿਣ ਦਿੱਤਾ ਗਿਆ ਸਿਰਫ਼ ਇਕ ਭਜਨ ਲਾਲ (ਜੋ ਹਿੰਦੂ ਤੋਂ ਈਸਾਈ ਬਣਿਆ ਹੋਇਆ ਸੀ) ਤੋਂ ਸਿਵਾ ਕੋਈ ਭਾਰਤੀ ਵੀ ਉਸ ਦੇ ਨੇੜੇ ਨਹੀਂ ਸੀ ਟਪਕਣ ਦਿੱਤਾ ਗਿਆ। ਉਸ ਦੇ ਲੰਡਨ ਜਾਣ ਸਮੇਂ ਜਾਂ ਉਥੇ ਕਿਸੇ ਸਿੱਖ ਜਾਂ ਪੰਜਾਬੀ ਤਾਂ ਕੀ ਕਿਸੇ ਏਸ਼ੀਅਨ ਨੂੰ ਵੀ ਉਸ ਦੇ ਨੜੇ ਨਹੀਂ ਸੀ ਆਉਣ ਦਿੱਤਾ ਗਿਆ।

 3. ਅੰਗਰੇਜ਼ਾਂ ਵੱਲੋਂ ਦਲੀਪ ਸਿੰਘ ਨੂੰ ਮਾਂ ਤੋਂ ਖੋਹ ਕੇ ਲੈ ਜਾਣ ਵਾਲੀ ਘਟਨਾ ਵੀ ਗ਼ਲਤ ਹੈ। ਇਤਿਹਾਸਕ ਤੌਰ ਤੇ ਇਹ ਸਹੀ ਨਹੀਂ ਹੈ। ਉਂਞ ਇਹ ਗ਼ਲਤ ਤਵਾਰੀਖ਼ ਪੇਸ਼ ਕਰਨਾ ਏਨੀ ‘ਖ਼ਤਰਨਾਕ’ ਗੱਲ ਨਹੀਂ ਹੈ।

 4. “ਕੰਵਰ ਨੌਨਿਹਾਲ ਸਿੰਘ ਦੀ ਬਾਦਸ਼ਾਹਤ ਸਿਰਫ਼ ਇਕ ਦਿਨ ਚੱਲੀ” ਬਿਲਕੁਲ ਗ਼ਲਤ ਹੈ। ਉਹ 9 ਅਕਤੂਬਰ 1839 ਤੋਂ 5 ਨਵੰਬਰ 1840 ਤਕ ਰਾਜਾ ਰਿਹਾ (ਯਾਨਿ ਇਕ ਸਾਲ ਤੋਂ ਕੁਝ ਦਿਨ ਵਧ)।

 5. ਇਸ ਵਾਰਦਤ ਬਾਰੇ ਤਵਾਰੀਖ਼ ਨਾਲ ਸਭ ਤੋਂ ਵੱਡਾ ਧੋਖਾ ਇਹ ਕੀਤਾ ਹੈ ਕਿ ਫ਼ਿਲਮ ਵਿਚ ਕਿਹਾ ਗਿਆ ਹੈ ਕਿ (ੳ) ਨੌਨਿਹਾਲ ਸਿੰਘ ਛੱਤ ਡਿਗਣ ਨਾਲ ਮਰ ਗਿਆ (ਅ) ਰਾਣੀ ਨੂੰ ਨਹਾਉਂਦੇ ਹੋਏ ਗੋਲੀਆਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ (ਇੱਥ ਇਹ ਨਹੀਨ ਦੱਸਿਆ ਕਿ ਕਿਹੜੀ ਰਾਣੀ ਸੀ। ਅਜਿਹਾ ਜਾਪਦਾ ਹੈ ਕਿ ਇਹ ਡਾਇਲਾਗ ਜਾਂ ਇਹ ਲਿਖਣ ਦੀ ਸਲਾਹ ਜੇ.ਐਸ. ਗਰੇਵਾਲ ਨੇ ਦਿੱਤੀ ਹੋਵੇਗੀ। ਇਹ ਤਵਾਰੀਖ਼ ਦਾ ਰੇਪ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਨੌਨਿਹਾਲ ਸਿੰਘ ਛੱਤ ਡਿਗਣ ਨਾਲ ਨਹੀਂ ਮਰਿਆ ਸੀ (ਇਹ ਕਤਲ ਧਿਆਨ ਸਿੰਹ ਡੋਗਰਾ ਨੇ ਕਰਵਾਇਆ ਸੀ)। ਦੂਜਾ ਰਾਣੀ ਚੰਦ ਕੌਰ (ਉਦੋਂ ਰਾਣੀ ਨਹੀਨ ਰਹੀ ਸੀ) ਦਾ ਕਤਲ ਗੁਲਾਬ ਸਿੰਹ ਡੋਗਰਾ ਤੇ ਧਿਆਨ ਸਿੰਘ ਡੋਗਰੇ ਨੇ ਕਰਵਾਇਆ ਸੀ (ਗੁਲਾਬ ਸਿੰਹ ਉਸ ਦਾ ਸਾਰਾ ਧਨ ਜੰਮੂ ਲਿਜਾ ਚੁਕਿਆ ਸੀ ਤੇ ਉਹ ਉਸ ਨੂੰ ਹੜਪਣਾ ਚਾਹੁੰਦਾ ਸੀ)। ਸਾਰੇ ਤਾਰੀਖ਼ਦਾਨ ਕਹਿੰਦੇ ਹਨ ਕਿ ਇਹ ਦੋਵੇਂ ਕਤਲ ਇਹਨਾਂ ਡੋਗਰਿਆਂ ਨੇ ਕਰਵਾਏ ਸਨ। ਸਿਰਫ਼ ਜੇ.ਐਸ. ਗਰੇਵਾਲ ਨੇ ਇਨ੍ਹਾਂ ਨੂੰ ਬਰੀ ਕੀਤਾ ਹੈ। ਜੇ.ਐਸ. ਗਰੇਵਾਲ ਨੂੰ ਉਦੋਂ ਦੇ ਸੈਂਟਰ ਦੇ ਵਜ਼ੀਰ ਕਰਨ ਸਿੰਹ ਡੋਗਰਾ ਨੇ ਸ਼ਿਮਲਾ ਵਿਚ ਨੈਸ਼ਨਲ ਇੰਸਟੀਚਿਊਟ ਦਾ ਡਾਇਰੈਕਟਰ ਬਣਾਇਆ ਸੀ ਤੇ ਉਹ ਉਸ ਦੇ ਇਸ ਇਹਸਾਨ ਦਾ ਕਰਜ਼ਾ ਚੁਕਾਉਣ ਵਾਸਤੇ ਉਨ੍ਹਾਂ ਦੇ ਖ਼ਿਲਾਫ਼ ਕਦੇ ਵੀ ਇਕ ਲਫ਼ਜ਼ ਤਕ ਵੀ ਨਹੀਂ ਲਿਖਦਾ। ਸਗੋਂ ਹਰ ਥਾਂ ਉਹ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਸਾਜ਼ਿਸ਼ ਗਰੇਵਾਲ ਦੀ ਹਰ ਕਿਤਾਬ ਵਿਚ ਸਾਫ਼ ਨਜ਼ਰ ਆਉਂਦੀ ਹੈ। ਅਜਿਹਾ ਜਾਪਦਾ ਹੈ ਕਿ ਇਸ ਫ਼ਿਲਮ ਦੀ ਕਹਾਣੀ ਵਿਚ ਡੋਗਰਆਂ ਦੇ ਏਜੰਟ ਗਰੇਵਾਲ ਦਾ ਰੋਲ ਜ਼ਰੂਰ ਹੋਵੇਗਾ। ਸ਼ਰਮ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਕ ਵਾਰ ਸਿੱਖ ਹਿਸਟਰੀ ਲਿਖਵਾਉਣ ਵਾਸਤੇ ਜੋ ਬੋਰਡ ਬਣਾਇਆ ਸੀ, ਗਰੇਵਾਲ ਨੂੰ ਉਸ ਦਾ ਚੇਅਰਮੈਨ ਬਣਾਇਆ ਸੀ ਤੇ ਉਸ ਦੀ ਸਾਥਣ ਇੰਦੂ ਬੰਗਾ ਉਸ ਬੋਰਡ ਦੀ ਨੰਬਰ ਇਕ ‘ਤੇ ਮੈਂਬਰ ਸੀ।

 6. ਦਲੀਪ ਸਿੰਘ ਨੂੰ ਇੰਡੀਆ ਆਫ਼ਸ ਵੱਲੋਂ 50 ਹਜ਼ਾਰ ਰੁਪੈ ਦੀ ਪੇਸ਼ਕਸ਼ ਆਉਂਦੀ ਹੈ ਅਤੇ ਉਹ ਕਹਿੰਦਾ ਹੈ ਕਿ ‘ਮੇਰਾ ਇਰਾਦਾ ਆਜ਼ਾਦੀ ਹੈ।’ ਤਵਰੀਖ਼ੀ ਪੱਖ ਤੋਂ ਬਿਲਕੁਲ ਗ਼ਲਤ ਹੈ। ਉਦੋਂ ਦਲੀਪ ਸਿੰਘ ਨੂੰ ਚੰਗੀ ਪੈਨਸ਼ਨ ਮਿਲਦੀ ਸੀ ਜਿਸ ਕਾਰਨ ਉਹ ਅੱਯਾਸ਼ੀ ਵਾਲੀ ਜ਼ਿੰਦਗੀ ਬਿਤਾਉਂਦਾ ਸੀ। ਹੌਲੀ-ਹੌਲੀ ਉਸ ਨੇ ਆਪਣੇ ਖ਼ਰਚੇ ਬਹੁਤ ਵਧਾ ਲਏ ਪਰ ਉਸ ਦੀ ਪੈਨਸ਼ਨ ਓਨੀ ਹੀ ਰਹਿਣੀ ਸੀ। ਨਤੀਜੇ ਦੇ ਤੌਰ ’ਤੇ ਉਹ ਕਰਜ਼ਾਈ ਹੋ ਗਿਆ। ਹੁਣ ਉਹ 44 ਸਾਲ ਦਾ ਹੋ ਚੁਕਾ ਸੀ। ਉਸ ਨੇ ਆਪਣੇ ਆਪ ਨੂੰ ਸਾਬਕ ਰਾਜਾ ਦੱਸ ਕੇ 31 ਅਗਸਤ 1882 ਦੀ ‘ਦ ਟਾਈਮਜ਼’ ਅਖ਼ਬਾਰ ਵਿਚ ਇਕ ਇਸ਼ਤਿਹਾਰ ਵੀ ਛਾਪਿਆ ਜਿਸ ਵਿਚ ਉਸ ਨੇ ਆਪਣੀ ਜਾਇਦਾਦ ਹਾਸਿਲ ਕਰਨ ਤੇ ਪੈਨਸ਼ਨ ਵਧਾਉਣ ਦੀਆਂ ਗੱਲਾਂ ਕੀਤੀਆਂ (ਨਾ ਕਿ ਰਾਜ ਵਾਪਿਸ ਲੈਣ ਦੀਆਂ)। ਪਰ ਉਸ ਦੀ ਅਪੀਲ ਨੇ ਨਾ ਤਾਂ ਬ੍ਰਿਟਿਸ਼ ਲੋਕਾਂ ’ਤੇ ਕੋਈ ਅਸਰ ਕੀਤਾ ਤੇ ਨਾ ਹੀ ਕੁਈਨ ਵਿਕਟੋਰੀਆ ਜਾਂ ਬ੍ਰਿਟਿਸ਼ ਸਰਕਾਰ ’ਤੇ। ਨਿਰਾਸ ਹੋਇਆ ਦਲੀਪ ਸਿੰਘ ਹੁਣ ਸਿੱਖਾਂ ਵੱਲ ਮੁੜਿਆ। ਇਨ੍ਹਾਂ ਦਿਨਾਂ ਵਿਚ ਉਸ ਦਾ ਰਾਬਤਾ ਠਾਕਰ ਸਿੰਘ ਸੰਧਾਵਾਲੀਆ ਨਾਲ ਬਣ ਚੁਕਾ ਸੀ। ਠਾਕਰ ਸਿੰਘ 1884 ਵਿਚ ਇੰਗਲੈਂਡ ਵੀ ਅਇਆ ਤੇ ਦਲੀਪ ਸਿੰਘ ਨੂੰ ਮਿਲਿਆ। = ਠਾਕਰ ਸਿੰਘ ਦੇ ਕਹਿਣ ‘ਤੇ ਉਸ ਨੇ “ਸਿੱਖ” ਬਣ ਜਾਣ ਦਾ ਐਲਾਨ ਕੀਤਾ। 9 ਮਾਰਚ 1886 ਨੂੰ ਉਸ ਨੇ ਸਿੱਖ ਪੰਥ ਦੇ ਨਾਂ ਇਕ ਖ਼ਤ ਲਿਖ ਕੇ ਈਸਾਈ ਬਣਨ ਦੀ ਮੁਆਫ਼ੀ ਵੀ ਮੰਗੀ ਤੇ ਨਾਲ ਹੀ ਰਾਜ ਹਾਸਿਲ ਕਰਨ ਵਿਚ ਮਦਦ ਵੀ ਮੰਗੀ ਸੀ।

 7. ਹੁਣ ਦਲੀਪ ਸਿੰਘ ਨੇ ਪੰਜਾਬ ਜਾ ਕੇ ਆਪਣੀ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕੀਤਾ। ਬ੍ਰਿਟਿਸ਼ ਸਰਕਾਰ ਨੇ ਤਾਂ ਉਸ ਨੂੰ ਪੰਜਾਬ ਜਾਣ ਦੀ ਇਜਾਜ਼ਤ ਦੇਣੀ ਹੀ ਨਹੀਂ ਸੀ। ਇਸ ਕਰ ਕੇ ਉਹ ਚੁਪਚਾਪ, ਅਪਰੈਲ 1886 ਦੇ ਸ਼ੁਰੂ ਵਿਚ, ਪ੍ਰਵਾਰ ਸਮੇਤ ਇੰਗਲੈਂਡ ਤੋਂ ਚਲ ਪਿਆ ਅਤੇ ਅਦਨ ਪਹੁੰਚ ਗਿਆ। ਉਸ ਨੂੰ ਪੰਜਾਬ ਜਾਣ ਦੀ ਕੋਸ਼ਿਸ਼ ਕਰਨ ਤੋਂ ਰੋਕਣ ਵਾਸਤੇ 15 ਅਪਰੈਲ 1886 ਦੇ ਦਿਨ ਅਦਨ ਵਿਚ ਬ੍ਰਿਟਿਸ਼ ਅਫ਼ਸਰਾਂ ਨੇ ਉਸ ਨੂੰ ਚੁਪਚਾਪ ਇੰਗਲੈਂਡ ਪਰਤ ਜਾਣ ਵਾਸਤੇ ਆਖਿਆ। ਉਸ ਨੇ ਆਪਣਾ ਪਰਿਵਾਰ ਤਾਂ ਵਾਪਿਸ ਭੇਜ ਦਿੱਤਾ ਪਰ ਉਹ ਆਪ ਉੱਥੇ ਹੀ ਰਿਹਾ ਤੇ ਸਿੱਖਾਂ ਨਾਲ ਰਾਬਤਾ ਬਣਾਇਆ। ਉਸ ਨੇ ਇੱਥੇ ਹੀ 25 ਮਈ 1886 ਦੇ ਦਿਨ ਪੰਜ ਸਿੱਖਾਂ ਤੋਂ ‘ਖੰਡੇ ਦੀ ਪਾਹੁਲ’ ਦੀ ਰਸਮ ਕਰ ਲਈ। ਦਲੀਪ ਸਿੰਘ ਦੀ ਇਸ ਕਾਰਵਾਈ ਮਗਰੋਂ, ਬ੍ਰਿਟਿਸ਼ ਹਾਕਮਾਂ ਨੇ ਜੂਨ 1886 ਦੇ ਸ਼ੁਰੂ ਵਿਚ ਹੀ ਉਸ ਨੂੰ ਇੰਗਲੈਂਡ ਨੂੰ ਡਿਪੋਰਟ ਕਰ ਦਿੱਤਾ।

  ਇੰਗਲੈਂਡ ਤੋਂ ਇਕ ਦਿਨ ਉਹ ਚੁਪਚਾਪ ਫ਼ਰਾਂਸ ਨੂੰ ਨਿਕਲ ਗਿਆ ਤੇ ਉੱਥੇ ਜਾ ਕੇ ਫ਼ਰੈਂਚ ਸਰਕਾਰ ਤੋਂ ਪਾਂਡੀਚਰੀ ਜਾਣ ਦੀ ਇਜਾਜ਼ਤ ਮੰਗੀ। ਪਰ ਫ਼ਰੈਂਚ ਸਰਕਾਰ ਨੇ ਉਸ ਨੂੰ ਪਾਂਡੀਚਰੀ ਜਾਣ ਦੀ ਇਜਾਜ਼ਤ ਨਾ ਦਿੱਤੀ। ਪਰ ਉਹ ਆਇਰੈਸ਼ ਨਾਂ ਹੇਠ ਪਾਸਪੋਰਟ ਹਾਸਿਲ ਕਰਨ ਵਿਚ ਕਾਮਯਾਬ ਹੋ ਗਿਆ। ਪੈਰਿਸ ਤੋਂ ਉਹ ਜਰਮਨ ਦੇ ਸ਼ਹਿਰ ਬਰਲਿਨ ਪਹੁੰਚ ਗਿਆ ਤੇ ਇੱਥੋਂ ਆਰਾਮ ਨਾਲ ਰੂਸ ਪੁੱਜ ਗਿਆ। ਰੂਸ ਵਿਚ ਉਸ ਨੇ ਜ਼ਾਰ (ਰੂਸ ਦਾ ਰਾਜਾ) ਤੋਂ ਅੰਗਰੇਜ਼ਾਂ ਦੇ ਖ਼ਿਲਾਫ਼ ਮਦਦ ਮੰਗੀ ਪਰ ਜ਼ਾਰ ਦਾ ਵਿਚਾਰ ਸੀ ਕਿ ਦਲੀਪ ਸਿੰਘ ਦਰਅਸਲ ਅੰਗਰੇਜ਼ਾਂ ਦੇ ਖ਼ਿਲਾਫ਼ ਜੱਦੋਜਹਿਦ ਵਿਚ ਘਟ ਦਿਲਚਸਪੀ ਰਖਦਾ ਹੈ ਤੇ ਆਪਣੀ ਆਮਦਨ ਵਧਾਉਣਾ ਉਸ ਦਾ ਮੁਖ ਨਿਸ਼ਾਨਾ ਹੈ। ਇਸ ਕਰ ਕੇ ਜ਼ਾਰ ਨੇ ਉਸ ਦੀ ਮਦਦ ਕਰਨ ਤੋਂ ਨਾਂਹ ਕਰ ਦਿੱਤੀ।ਅਖ਼ੀਰ ਉਹ ਵਾਪਿਸ ਇੰਗਲੈਂਡ ਮੁੜ ਆਇਆ।

  1887 ਵਿਚ ਉਸ ਦੀ ਬੀਵੀ ਬੰਬਾ (ਮੁਲਰ) ਮਰ ਗਈ। ਦਲੀਪ ਸਿੰਘ ਨੇ ਭਾਵੇਂ ਅਦਨ ਵਿਚ ‘ਖੰਡੇ ਦੀ ਪਾਹੁਲ’ ਲੈ ਲਈ ਸੀ ਪਰ ਉਸ ਦਾ ਸਿੱਖ ਧਰਮ ਵਿਚ ਸ਼ਾਇਦ ਕੋਈ ਯਕੀਨ ਨਹੀਂ ਸੀ। ਉਸ ਦਾ ਹੁਣ ਵੀ ਸਾਰਾ ਤੌਰ-ਤਰੀਕਾ ਇਕ ਈਸਾਈ ਵਾਲਾ ਹੀ ਸੀ। ਬੰਬਾ ਦੇ ਮਰਨ ਮਗਰੋਂ ਉਸ ਨੇ ਇਕ ਇੰਗਲਿਸ਼ ਔਰਤ ਅਦਾ ਡਗਲਸ ਵੈਥਰਿਲ ਨਾਲ ਵਿਆਹ ਕਰ ਲਿਆ ਜਿਸ ਤੋਂ ਦੋ ਹੋਰ ਧੀਆਂ ਨੇ ਜਨਮ ਲਿਆ। 1890 ਵਿਚ ਉਸ ਨੇ ਕੁਈਨ ਵਿਕਟੋਰੀਆ ਤੋਂ ਮੁਆਫ਼ੀ ਮੰਗ ਲਈ ਤੇ ਰਾਣੀ ਨੇ ਉਸ ’ਤੇ ਤਰਸ ਖਾਂਦਿਆਂ ਉਸ ਦੇ ਸਾਰੇ ਕਰਜ਼ੇ, ਆਪਣੇ ਕੋਲੋਂ ਪੈਸੇ ਅਦਾ ਕਰ ਕੇ, ਲਾਹ ਦਿੱਤੇ ਅਤੇ ਉਸ ਨੂੰ ਸ਼ਾਹੀ ਮੁਆਫ਼ੀ ਦੇ ਦਿੱਤੀ। ਪਰ ਉਹ ਅਜੇ ਵੀ ਹੱਥ ਪੈਰ ਮਾਰਦਾ ਰਿਹਾ। ਅਕਤੂਬਰ 1893 ਵਿਚ ਉਹ ਪੈਰਿਸ ਚਲਾ ਗਿਆ। 23 ਅਕਤੂਬਰ 1893 ਦੇ ਦਿਨ ਉਸ ਦੀ ਏਥੋਂ ਦੇ ਗਰੈਂਡ ਹੋਟਲ ਵਿਚ ਮੌਤ ਹੋ ਗਈ। ਇਸ ਵੇਲੇ ਉਸ ਦੀ ਉਮਰ 55 ਸਾਲ ਦੀ ਸੀ। ਦਲੀਪ ਸਿੰਘ ਦੀ ਲਾਸ਼ ਉਸ ਦੀ ਪਹਿਲੀ ਬੀਵੀ ਬੰਬਾ ਮੂਲਰ ਦੀ ਕਬਰ ਦੇ ਨੇੜੇ ਦਬਾ ਦਿੱਤੀ ਗਈ।

ਚਾਲਾਕੀ ਤੇ ਮਹਾਂ ਝੂਠ ਕਿ ਸਾਜ਼ਿਸ਼?

 1. ਇਸ ਫ਼ਿਲਮ ਵਿਚ ਕੁਈਨ ਵਿਕਟੋਰੀਆ ਨੂੰ ਮਹਾਨ ‘ਇਨਸਾਫ਼ ਪਸੰਦ’ ਸਾਬਿਤ ਕੀਤਾ ਹੈ। ਅਖ਼ੀਰ ਤਕ ਉਸ ਨੂੰ ਸੱਚੀ ਹਮਦਰਦ ਸਾਬਿਤ ਕੀਤਾ ਹੈ। ਕੋਸ਼ਿਸ਼ ਕੀਤੀ ਗਈ ਹੈ ਕਿ ਉਸ ਦੀ ਹਰ ਥਾਂ ‘ਤੇ ਉਸ ਦੀ ਸਿੱਧੀ ਜਾਂ ਅਸਿੱਧੀ ਤਾਰੀਫ਼ ਕੀਤੀ ਜਾਵੇ ਤਾਂ ਜੋ ਫ਼ਿਲਮ ਬਣਾਉਣ ਵਾਲਾ ਬਰਤਾਨਵੀ ਸਰਕਾਰ ਤੋਂ ਵਾਹ-ਵਾਹ ਖੱਟ ਸਕੇ। ਅੰਗਰੇਜ਼ਾਂ ਦੇ ਖ਼ਿਲਾਫ਼ ਕੁਝ ਬਾਗ਼ੀ ਫ਼ਿਕਰਿਆਂ (ਜੋ ਫ਼ਿਲਮ ਦੀ ਕਹਾਣੀ ਵਾਸਤੇ ਜ਼ਰੂਰੀ ਸਨ) ਤੋਂ ਇਲਾਵਾ ਇਸ ਫ਼ਿਲਮ ਵਿਚ ਦਲੀਪ ਸਿੰਘ ਦੇ ਮਾਮਲੇ ਵਿਚ ਰਾਣੀ ਅਤੇ ਬਰਤਾਨੀਆ ਦੇ ਰੋਲ ਨੂੰ ਅਸਿੱਧੇ ਤੌਰ ‘ਤੇ ਸਹੀ ਦੱਸਿਆ ਗਿਆ ਹੈ ਅਤੇ ਉਨ੍ਹਾਂ ਨੂੰ ‘ਹੱਕ ਬਜਨਾਬ’ ਦਰਸਾਇਆ ਗਿਆ ਹੈ।
  (30 ਜੁਲਾਈ ਦੇ ਦਿਨ ਇਕ ਸੰਸਥਾ ਬ੍ਰਿਟਿਸ਼ ਕੌਂਸਲ ਨੇ ਹਾਊਸ ਆਫ਼ ਲਾਰਡਜ਼ ਵਿਚ ਹਾਲ ਕਿਰਾਏ ‘ਤੇ ਲੈ ਕੇ ਇਕ ਪਾਰਟੀ ਦਾ ਇੰਤਜ਼ਾਮ ਕੀਤਾ ਅਤੇ ਇਸ ਵਿਚ ਭਾਰਤੀ ਤੇ ਗੋਰਿਆਂ ਨੂੰ ਬੁਲਾ ਕੇ ਖਾਣਾ ਖੁਆ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਹਾਊਸ ਆਫ਼ ਲਾਰਡਜ਼ ਨੇ ਉਸ ਦਾ ਸਨਮਾਨ ਕੀਤਾ ਹੈ। ਹਾਲ ਲੈ ਕੇ ਅਜਿਹੇ ਸਮਾਗਮ ਕਰ ਕੇ “ਬ੍ਰਿਟਿਸ਼ ਪਾਰਲੀਮੈਂਟ ਵੱਲੋਂ ਸਨਮਾਨ” ਦੇ ਝੂਠ ਦੀਆਂ ਖ਼ਬਰਾਂ ਅਕਸਰ ਲਗਦੀਆਂ ਰਹਿੰਦੀਆਂ ਹਨ)।

 2. ਫ਼ਿਲਮ ਵਿਚ ਆਇਰਿਸ਼, ਅਮਰੀਕਨਾਂ, ਭਾਰਤੀ ਰਿਆਸਤਾਂ ਵੱਲੋਂ ਮਿਲ ਕੇ ਅੰਗਰੇਜ਼ਾਂ ਦੇ ਖ਼ਿਲਾਫ਼ ਜੱਦੋ-ਜਹਿਦ ਕਰਨ ਦੀ ਗੱਲ ਦਿਖਾਈ ਹੈ, ਜੋ ਨਿਰਾ ਝੂਠ ਹੈ। (ਇਸ ਦੀ ਫ਼ਿਲਾਮ ਵਿਚ ਕੋਈ ਲੋੜ ਨਹੀਂ ਸੀ)। ਉਂਞ 1857 ਦੇ ਗ਼ਦਰ ਫੇਲ੍ਹ ਹੋਣ ਮਗਰੋਂ ਅਗਲੇ 50 ਸਾਲ ਤਕ ਭਾਰਤ ਵਿਚ ਅਜਿਹੀ ਮੁਹਿੰਮ ਦਾ ਨਾਂ ਨਿਸ਼ਾਨ ਤਕ ਵੀ ਨਹੀਂ ਸੀ।

 3. ਫ਼ਿਲਮ ਵਿਚ ਮਹਾਂ ਗੱਪ ਮਾਰੀ ਹੈ ਕਿ ਸਵਾ ਲੱਖ ਕੂਕੇ ਦਲੀਪ ਸਿੰਘ ਦੀ ਮਦਦ ਵਾਸਤੇ ਤਿਆਰ ਦੱਸੇ ਹਨ। ਇਸ ਫ਼ਿਲਮ ਵਿਚ ਵੱਡੇ ਝੂਠਾਂ ਵਿਚੋਂ ਇਹ ਵੀ ਮਹਾਂ ਝੂਠ ਹੈ। ਕੂਕਾ ਰਾਮ ਸਿੰਘ ਦੀ ਗ੍ਰਿਫ਼ਤਾਰੀ (17 ਜਨਵਰੀ 1872) ਤੇ ਜਲਾਵਤਨੀ ਮਗਰੋਂ ਭੈਣੀ ਪਿੰਡ ਵਿਚ ਪੁਲੀਸ ਦੀ ਇਕ ਚੌਂਕੀ ਬਿਠਾ ਦਿਤੀ ਗਈ, ਜੋ ਛੇਤੀ ਹੀ ਇਕ ਰਸਮੀ ਚੌਂਕੀ ਬਣ ਕੇ ਰਹਿ ਗਈ ਕਿਉਂਕਿ ਹੁਣ ਲੋਕ ਕੂਕਿਆਂ ਦੇ ਟੋਲੇ ਨੂੰ ਛੱਡ ਗਏ ਸਨ ਤੇ ਕੋਈ ਕੂਕਾ ਉੱਥੇ ਨਹੀਂ ਸੀ ਆਉਂਦਾ। ਸਵਾ ਲੱਖ ਕੂਕਾ ਦੀ ਗੱਪ ਤਾਂ ਚਮਕੌਰ ਵਿਚ ਔਰੰਗਜ਼ੇਬ ਦੀ ‘ਦਸ ਲੱਖ’ ਫ਼ੌਜ ਵਰਗੀ ਹੈ। ਰਾਮ ਸਿੰਘ ਦੇ ਜਿਊਂਦਿਆਂ ਵੀ ਕੂਕਿਆਂ ਦੀ ਗਿਣਤੀ ਇਕ ਹਜ਼ਾਰ ਤੋਂ ਵਧ ਨਹੀਂ ਸੀ। 1920 ਦੇ ਦੁਆਲੇ ਮਹੰਤਾਂ ਨੇ ਇਨ੍ਹਾਂ ਨੂੰ ਫਿਰ ਰੌਸ਼ਨੀ ਵਿਚ ਲਿਆਂਦਾ ਸੀ ਜਦ ਇਹ ਮਹੰਤਾਂ ਦੇ ਨਾਲ ਰਲ ਕੇ ਅਕਾਲੀ ਲਹਿਰ ਦੇ ਖ਼ਿਲਾਫ਼ ਚਲ ਰਹੇ ਸਨ ਤੇ ਅੰਗਰੇਜ਼ਾਂ ਦੇ ਪਿੱਠੂ ਬਣ ਗਏ ਸਨ। ਉਦੋਂ ਵੀ ਇਨ੍ਹਾਂ ਦੀ ਗਿਣਤੀ ਇਕ ਹਜ਼ਾਰ ਤੋਂ ਵਧ ਨਹੀਂ ਸੀ। ਹੋਰ ਤਾਂ ਹੋਰ ਅੱਜ 2017 ਵਿਚ ਵੀ ਇਨ੍ਹਾਂ ਦੀ ਗਿਣਤੀ ਇਕ ਲੱਖ ਨਹੀਂ ਹੈ। ਸੋ 1860ਵਿਆਂ ਵਿਚ ਇਕ ਸੌ ਤੋਂ ਵੀ ਘਟ ਕੂਕਿਆਂ (ਜੋ ਘਰਾਂ ਵਿਚ ਸੁਖ ਦੀ ਨੀਂਦ ਸੌਂ ਰਹੇ ਸਨ) ਨੂੰ ਸਵਾ ਲੱਖ ਕਹਿਣਾ ਤੇ ਉਹ ਵੀ ਲੜਨ ਵਾਸਤੇ ਤਿਆਰ ਕਹਿਣ ਦੀ ‘ਮਹਾਂ ਗੱਪ’ ਮਾੜੀ ਗੱਲ ਹੈ।

 4. ਅਖ਼ੀਰ ‘ਤੇ ਦਲੀਪ ਸਿੰਘ ਦੀ ਕਹਾਣੀ ਨੂੰ ਭਾਰਤ ਦੀ ਅਜ਼ਾਦੀ ਦੀ ਜੱਦੋਜਹਿਦ, ਤੇ ਨੈਸ਼ਨਲਿਜ਼ਮ ਦਾ ਰੂਪ ਦੇਣਾ ਵੀ ਤਵਾਰੀਖ਼ ਦਾ ਰੇਪ ਹੈ। ਸ਼ਾਇਦ ਪਰੋਡਿਉਸਰਾਂ ਨੇ ਟੈਕਸ ਮੁਆਫ਼ ਕਰਵਾਉਣ ਵਾਸਤੇ ਇਹ ਕਹਾਣੀ ਘੜੀ ਹੋਵੇ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top