Share on Facebook

Main News Page

ਕੀ ਭਾਈ ਸੰਤੋਖ ਸਿੰਘ ਦੇ ਬਿਪਰਵਾਦੀ ਗੁਰ ਪ੍ਰਤਾਪ ਸੂਰਜ ਗ੍ਰੰਥ ਨੂੰ ਗੁਰੂ ਇਤਿਹਾਸ ਮੰਨਣ ਵਾਲੀਆਂ ਸੰਪ੍ਰਦਾਵਾਂ ਦੇ ਵਿਦਵਾਨ ਜਵਾਬ ਦੇਣ ਦੀ ਖੇਚਲ ਕਰਨਗੇ
-: ਭਾਈ ਮਹਿੰਦਰ ਸਿੰਘ ਖਾਲਸਾ

✔ ਕੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਾਲ ਸਭ ਤੋਂ ਵੱਡੀ ਦੁਸ਼ਮਣੀ ਭਾਈ ਸੰਤੋਖ ਸਿੰਘ ਨੇ ਹੀ ਨਹੀਂ ਕਮਾਈ ?
✔ ਕੀ ਤੁਸੀਂ ਭਾਈ ਸੰਤੋਖ ਸਿੰਘ ਦੇ ਪ੍ਰਸ਼ੰਸਕ ਤੇ ਸਮਰਥਕ ਬਣਕੇ ਅਕ੍ਰਿਤਘਣ ਹੋਣ ਦਾ ਸਬੂਤ ਨਹੀਂ ਦੇ ਰਹੇ ?
✔ ਕੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਦੇ ਸ਼ਬਦਾਂ ਅਨੁਸਾਰ ਨਿਰਮਲ ਪੰਥ ਨਹੀਂ ਚਲਾਇਆ ਸੀ ?

ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ।।

✔ ਕੀ ਤੁਸੀਂ ਆਪਣੇ ਬਾਪ ਨਾਲ ਉਸ ਦੇ ਆਖਰੀ ਸਮੇਂ ਤੇ ਅਜਿਹੀ ਬੇਹੁਰਮਤੀ ਕਰ ਸਕਦੇ ਹੋ, ਜਿਸ ਤਰ੍ਹਾਂ ਦੀ ਭਾਈ ਸੰਤੋਖ ਸਿੰਘ ਨੇ ਗੁਰੂ ਨਾਨਕ ਮਹਾਰਾਜ ਜੀ ਨਾਲ ਜੋਤੀ ਜੋਤਿ ਸਮਾਉਣ ਤੋਂ ਕੁਝ ਹੀ ਸਮਾਂ ਪਹਿਲਾਂ ਕੀਤੀ ਹੈ ?

ਕੀ ਸਾਡੇ ਪਿਤਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਿਸ ਬਿਪਰ ਨੂੰ ਨੌਂ ਸਾਲਾ ਦੀ ਉਮਰ 'ਚ ਜਨੇਊ ਪਾਉਣ ਤੋਂ ਇਨਕਾਰ ਕਰਕੇ, ਦਲੀਲ ਨਾਲ ਝਾੜ ਕੇ ਆਪਣੇ ਘਰ ਦੀ ਦਹਲੀਜ਼ ਤੋਂ ਬਾਹਰ ਕਰ ਦਿੱਤਾ ਸੀ ? ਤੁਸੀਂ ਬੜੀ ਹੀ ਬੇਸ਼ਰਮੀ ਨਾਲ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋ ਪਹਿਲਾਂ ਉਸੇ ਹੀ ਬਿਪਰ ਨੂੰ ਗੁਰੂ ਜੀ ਦੇ ਘਰ ਸੱਦ ਕੇ, ਗੁਰੂ ਜੀ ਤੋਂ ਉਸਦੇ ਚਰਨ ਧੁਆਕੇ ਪੂਜਾ ਕਰਵਾਕੇ, ਗੁਰੂ ਜੀ ਦੇ ਹੱਥੋਂ ਹੀ ਉਸ ਨੂੰ ਸ਼ਰਾਧ ਖਵਾ ਰਹੇ ਹੋ। ਤੇ ਨਾਲ ਹੀ ਗੁਰੂ ਜੀ ਨੂੰ ਮਾਤਾ ਜੀ ਤੋ ਅਖਵਾ ਰਹੇ ਹੋ ਕਿ ਅਜਿਹਾ ਕਰਨ ਨਾਲ ਤੁਹਾਡੇ ਸਾਰੇ ਬਿਘਨ ਤੇ ਬੰਧਨ ਨਾਸ਼ ਹੋ ਜਾਣਗੇ ?

✔ ਕੀ ਤੁਹਾਡੇ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਪਣੇ ਜੀਵਨ ਕਾਲ 'ਚ ਬਿਘਨ ਤੇ ਬੰਧਨ ਹੀ ਕਮਾਏ ਹੋਏ ਸਨ ?
✔ ਕੀ ਤੁਹਾਡਾ ਇਹ ਉਪਰੋਕਤ ਗੁਨਾਹ ਮਾਫ ਕਰਨ ਯੋਗ ਹੈ ? ਭਾਈ ਸੰਤੋਖ ਸਿੰਘ ਨੇ ਲਿਖਦਾ ਹੈ ;-----

ਭਲੀ ਬਾਤ ਜੇ ਕਰਹੁ ਸਰਾਧੂ। ਬਹੁਰ ਸਮਾਵਹੁ ਬਾਧਾ ਬਾਧੂ। ( ਭਾਗ ਦੂਜਾ ਅਧਿਆਇ 57ਵਾਂ)

✔ਕੀ ਹੁਣ ਤੁਸੀਂ ਇਸ ਘਟਨਾ ਦੀ ਮੌਜੂਦਗੀ 'ਚ ਗੁਰੂ ਨਾਨਕ ਸਾਹਿਬ ਜੀ ਦੇ ਪੰਥ ਨੂੰ, ਨਿਰਮਲ ਪੰਥ ਸਿੱਧ ਕਰਨ ਦਾ ਹੌਂਸਲਾ ਕਰੋਗੇ ?
✔ਕੀ ਤੁਸੀਂ ਨਹੀਂ ਜਾਣਦੇ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜੀਵਨ ਭਰ ਬਿਪਰ ਤੇ ਕਾਜ਼ੀ ਦੀ ਸੋਚ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਸੀ ?

ਲਉ ਸਬੂਤ ਵਜੋਂ ਪੇਸ਼ ਹਨ ਗੁਰਬਾਣੀ ਦੀਆ ਤੁਕਾਂ :

ਪੰਡਿਤ ਮੁਲਾਂ ਜੋ ਲਿਖਿ ਦੀਆ।। ਛਾਡਿ ਚਲੇ ਹਮ ਕਛੂ ਨ ਲੀਆ।।
ਕਾਦੀ ਕੂੜ ਬੋਲਿ ਮਲੁ ਖਾਇ।। ਬ੍ਰਾਹਮਣ ਨਾਵੈ ਜੀਆ ਘਾਇ।।
ਜੀਵਤ ਪਿਤਰ ਨ ਮਾਨੈ ਕੋਊ ਮੂਏ ਸਿਰਾਧ ਕਰਾਹੀ।। ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ।।


✔ ਜ਼ਰਾ ਦੱਸੋ ਤਾਂ ਸਹੀ ਕਿ ਭਾਈ ਸੰਤੋਖ ਸਿੰਘ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਐਨ ਪਹਿਲਾਂ ਗੁਰੂ ਜੀ ਤੋਂ ਸਰਾਧ ਕਰਵਾਕੇ ਉਹਨਾਂ ਦੇ ਨਿਰਮਲ ਪੰਥ ਨੂੰ ਕਿਉਂ ਗੰਧਲਾ ਕੀਤਾ ਹੈ ?
✔ ਕੀ ਇਹ ਬਿਪਰਵਾਦੀਆਂ ਦੀ ਗੁਰੂ ਨਾਨਕ ਸਾਹਿਬ ਜੀ ਨੂੰ ਹਿੰਦੂ ਧਰਮ ਦੇ ਵਿਸਵਾਸ਼ੀ ਸਿੱਧ ਕਰਨ ਦੀ ਸ਼ਾਜਿਸ ਨਹੀਂ ਹੈ ?

✔ ਕੀ ਅਜਿਹੀ ਸ਼ਾਜਿਸ ਅਧੀਨ ਹੀ ਭਾਈ ਸੰਤੋਖ ਸਿੰਘ ਨੇ ਗੁਰੂ ਜੀ ਦੇ ਜਨਮ ਤੋਂ ਲੈ ਕੇ ਗੁਰੂ ਜੀ ਦੇ ਆਖਰੀ ਸਮੇਂ ਤਕ ਦੁੱਧ 'ਚ ਕਾਂਜੀ ਨਹੀਂ ਘੋਲੀ ?

✔ ਕੀ ਭਾਈ ਸੰਤੋਖ ਸਿੰਘ ਅਨੁਸਾਰ ਇਸ ਤੋਂ ਪਹਿਲਾਂ ਗੁਰੂ ਜੀ ਦੇ ਨਾਮ ਰੱਖਣ ਸਮੇਂ ਗੁਰੂ ਜੀ ਦੇ ਪਿਤਾ ਜੀ ਤੋਂ ਬਿਪਰ ਨੇ ਬੇਦ ਰੀਤੀ ਅਨੁਸਾਰ ਨੰਦੀ ਮੁਖੀ ਸ੍ਰਾਧ ਨਹੀਂ ਕਰਵਾਇਆ ਸੀ ?

ਨੰਦੀ ਮੁਖੀ ਸ੍ਰਾਧ ਕਰਿਵਾਯੋ।। ਬੇਦਨ ਬਿਧਿ ਜਿਉ ਬਿਪ੍ਰ ਬਤਾਯੋ।। ( ਭਾਗ ਪਹਿਲਾ ਅਧਿਆਇ ਚੌਥਾ )

✔ ਕੀ ਫੇਰ ਗੁਰੂ ਜੀ ਦਾ ਵਿਆਹ ਬੇਦ ਰੀਤੀ ਅਨੁਸਾਰ ਅੱਗ ਦੁਆਲੇ ਫੇਰੇ ਕਰਵਾਕੇ ਨਹੀਂ ਕਰਵਾਇਆ ਗਿਆ ਸੀ ?

✔ ਸੰਪ੍ਰਦਾਈਓ ਜਰਾ ਦੱਸੋ ਤਾਂ ਸਹੀ ਕਿ ਗੁਰ ਪ੍ਰਤਾਪ ਸੂਰਜ ਗ੍ਰੰਥ 'ਚ ਗੁਰੂ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਦੇ ਸਮੇਂ ਦਾ ਅਜਿਹਾ ਵਰਨਣ ਸਾਡੇ ਗੁਰੂ ਜੀ ਨਾਲ ਮਜ਼ਾਕ ਨਹੀਂ ਹੈ ?

✔ਕੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਉਹ ਪੁੱਤਰ ਜਿਹਨਾਂ ਨੇ ਗੁਰੂ ਜੀ ਦਾ ਕਦੇ ਵੀ ਹੁਕਮ ਨਹੀਂ ਮੰਨਿਆ ਸੀ, ਉਹਨਾਂ ਨੂੰ ਵਰ ਦੇਣ ਵਾਸਤੇ ਗੁਰੂ ਜੀ ਜੋਤੀ ਜੋਤਿ ਸਮਾਉਣ ਤੋਂ ਬਾਅਦ ਫੇਰ ਦੁਬਾਰਾ ਵਾਪਸ ਆਏ ਸਨ ? ਆਪਣੇ ਪੁੱਤਰਾਂ ਨੂੰ ਰਿਧੀਆਂ ਸਿੱਧੀਆਂ ਤੇ ਉਹਨਾਂ ਦੀ ਪੂਜਾ ਹੋਣ ਦੇ ਵਰ ਦਿੱਤੇ ਸਨ ?

✔ਕੀ ਬਿਪਰ ਨੇ ਅਜਿਹਾ ਕਰਕੇ ਆਪਣੀ ਸ਼ਾਤਿਰ ਚਾਲ ਨਾਲ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਸ਼ਰੀਕ ਪੈਦਾ ਨਹੀਂ ਕੀਤੇ ਸਨ ?

✔ਕੀ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਸਮੇਂ ਜੋ ਇਕੋ ਇਕ ਚਾਦਰ ਬਚੀ ਸੀ, ਉਸਤੇ ਕਲੇਮ ਕਰਨ ਵਾਲੇ ਉਥੇ ਹਿੰਦੂ ਤੇ ਤੁਰਕ ਹੀ ਸਨ ?

✔ਕੀ ਪੰਥ ਦੇ ਵਿਦਵਾਨ ਅਕਸਰ ਇਹ ਦਾਅਵੇ ਨਹੀਂ ਕਰਦੇ ਕਿ ਗੁਰੂ ਨਾਨਕ ਸਾਹਿਬ ਜੀ ਵੇਲੇ ਸਿੱਖਾਂ ਦੀ ਗਿਣਤੀ ਤਕਰੀਬਨ ਇਕ ਕਰੋੜ ਹੋ ਗਈ ਸੀ ?
ਜੇ ਇਹ ਤੱਥ ਸੱਚੇ ਹਨ ਤਾਂ ਫੇਰ ਕੀ ਭਾਈ ਸੰਤੋਖ ਸਿੰਘ ਵਲੋਂ ਤੁਰਕਾਂ ਤੇ ਹਿੰਦੂਆਂ ਨੂੰ ਅੱਧੀ 2 ਚਾਦਰ ਦੇ ਕੇ ਵਿਦਵਾਨਾਂ ਨੂੰ ਗੱਪੀ ਸਿੱਧ ਨਹੀਂ ਕੀਤਾ ਜਾ ਰਿਹਾ ?

✔ ਜੇ ਹੁਣ ਤੁਸੀਂ ਭਾਈ ਸੰਤੋਖ ਸਿੰਘ ਨੂੰ ਇਹ ਪੁੱਛੋਗੇ ਕਿ ਜੇ ਫੇਰ ਉਸ ਸਮੇਂ ਸਿੱਖ ਉਥੇ ਹਾਜਰ ਸਨ, ਤਾਂ ਉਹਨਾਂ ਨੇ ਉਸ ਸਮੇਂ ਕੀ ਕੀਤਾ ? ਤਾ ਉਸਦਾ ਬੇਸ਼ਰਮੀ ਨਾਲ ਜਵਾਬ ਹੈ ਕਿ ਸਿੱਖਾਂ ਨੇ ਅੱਧੀ ਚਾਦਰ ਦੇ ਸੰਸਕਾਰ ਵਾਸਤੇ ਚੰਦਨ ਦੀ ਚਿਤਾ ਚਿਨਣ ਦੀ ਸੇਵਾ ਕੀਤੀ ਸੀ ----- ਕੀ ਇਹ ਸਿੱਖ ਕੌਮ ਨਾਲ ਬੇਇਨਸਾਫ਼ੀ ਨਹੀਂ ?

ਤੁਰਕਨ ਅੰਬਰ ਅਰਧ,ਅਰਧ ਹਿੰਦੂਨ ਤਬਿ ਲੀਯਾ।
ਸਗਰ ਝਗਰ ਗਯਾ ਨਿਬਰ ਉਰ ਦੁਹ ਦਿਸ਼ ਥੀਆ।
ਸਿੱਖਨ ਲੇ ਕਰਿਚੀਰ ਚਿਤਾ ਚੰਦਨ ਕੀ ਰਚ ਕਰਿ।
ਨਿਜ ਮੁਖ ਗੁਰ ਕਹਯੋ ਤਹਾ ਦਿਯ ਦਾਹ ਭਲੇ ਕਰ।

। ਭਾਗ ਦੂਜਾ ਅਧਿਆਇ 57 ਵਾਂ॥

✔ ਕੀ ਇਸ ਤਰ੍ਹਾਂ ਹਿੰਦੂਆ ਤੇ ਸਿੱਖਾਂ ਨੂੰ ਆਪਸ ਵਿੱਚ ਰਲ ਗੱਡ ਕਰਕੇ ਭਾਈ ਸੰਤੋਖ ਸਿੰਘ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਨਿਰਾਲੀ ਤੇ ਨਿਵੇਕਲੀ ਸੋਚ ਨੂੰ ਦਫ਼ਨ ਤੇ ਭਸਮ ਕਰਨ ਦਾ ਯਤਨ ਨਹੀਂ ਕੀਤਾ ?

❌ ਸਾਨੂੰ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਬਿਪਰਵਾਦੀ ਪੁਜਾਰੀਆਂ ਦੇ ਏਜੰਟ ਭਾਈ ਸੰਤੋਖ ਸਿੰਘ ਨੇ ਅਜਿਹਾ ਯਤਨ ਕਰਵਾਇਆ ਵੀ ਉਹਨਾਂ ਪੰਡਤਾਂ ਤੇ ਕਾਜ਼ੀਆਂ ਤੋਂ ਹੀ ਹੈ ਜਿਨ੍ਹਾਂ ਦੇ ਬਰਖਿਲਾਫ਼ ਸਾਡੇ ਗੁਰੂ ਜੀ ਜੀਵਨ ਭਰ ਵਿਚਾਰਧਾਰਕ ਜੰਗ ਲੜਦੇ ਰਹੇ।

✔ ਭਾਈ ਸੰਤੋਖ ਸਿੰਘ ਦੇ ਸਮਰਥਕ ਤੇ ਪ੍ਰਸ਼ੰਸਕ ਸੰਪਰਦਾਈਓ ! ਜ਼ਰਾ ਦੱਸੋ ਤਾਂ ਸਹੀ ਕਿ ਤੁਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜੀਵਨ ਫਲਸਫੇ ਨੂੰ ਹੁਣ ਇਸ ਗ੍ਰੰਥ ਦੀ ਮੌਜੂਦਗੀ ਵਿੱਚ ਕਿਵੇਂ ਨਿਰਮਲ ਪੰਥ ਸਿੱਧ ਕਰੋਗੇ ?

🚫 ਮਾਫ਼ ਕਰਿਓ ਇਹ ਭਾਣਾ ਉਸਨੇ ਇਕੱਲੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਾਲ ਹੀ ਨਹੀਂ ਵਰਤਾਇਆ ਹੋਇਆ, ਸਗੋਂ ਸਾਡੀਆਂ ਦਸੇ ਪਾਤਸ਼ਾਹੀਆਂ ਦੇ ਜੀਵਨ ਨੂੰ ਉਸਨੇ ਏਸ ਤਰ੍ਹਾਂ ਦੀਆਂ ਬਿਪਰਵਾਦੀ ਸਾਜਿਸ਼ਾਂ ਨਾਲ ਹੀ ਗੰਧਲਾ ਕਰਨ ਦਾ ਗੁਨਾਹ ਕੀਤਾ ਹੋਇਆ ਹੈ।

✔ ਜੇਕਰ ਤੁਸੀਂ ਸੱਚਮੁੱਚ ਹੀ ਬੇਸ਼ਰਮ ਹੋ, ਫੇਰ ਤਾਂ ਤੁਸੀਂ ਬੜੇ ਮਾਨ ਨਾਲ ਇਸ ਕੂੜ ਕਬਾੜ ਨੂੰ ਗੁਰ ਇਤਿਹਾਸ ਆਖ ਕੇ ਮਾਣ ਪ੍ਰਾਪਤ ਕਰ ਸਕਦੇ ਹੋ ---- ਸਾਨੂੰ ਤੁਹਾਡੀ ਅਜਿਹੀ ਸੋਚ ਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਪਰ ਅਸੀਂ ਇਸ ਬਿਪਰਵਾਦੀ ਗ੍ਰੰਥ ਦੇ ਕੂੜ ਕਬਾੜ ਨੂੰ ਕਦੇ ਵੀ ਆਪਣੇ ਗੁਰੂ ਸਾਹਿਬ ਜੀ ਦਾ ਸ਼ਾਨਾਮੱਤਾ ਇਤਿਹਾਸ ਨਹੀਂ ਮੰਨ ਸਕਦੇ। ਇਸ ਬਦਲੇ ਭਾਵੇ ਸਾਨੂੰ ਆਪਣੀ ਜਾਨ ਵੀ ਕਿਉਂ ਨਾ ਦੇਣੀ ਪਵੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top