Share on Facebook

Main News Page

ਫਿਕਾ ਮੂਰਖੁ ਆਖੀਐ
-: ਵਰਪਾਲ ਸਿੰਘ ਨਿਊਜ਼ੀਲੈਂਡ

ਅੱਜੋਕਾ ਸਿੱਖ ਅਕਸਰ ਹੀ ਇਸ ਸਵਾਲ ਨਾਲ ਜੂਝਦਾ ਪਾਇਆ ਜਾ ਸਕਦਾ ਹੈ ਕਿ ਕੌਮ ਦੇ ਨਿਘਾਰ ਦਾ ਕੀ ਕਾਰਣ ਹੈ? ਇਸ ਸਵਾਲ ਨਾਲ ਜੂਝਣਾ ਸਿੱਖ ਕੌਮ ਦੇ ਭਵਿੱਖ ਬਾਬਤ ਇਕ ਵਧੀਆ ਸੰਕੇਤ ਦਿੰਦਾ ਹੈ, ਕਿਉਂਕਿ ਇਸ ਸਵਾਲ ਦੇ ਜਵਾਬ ਵਿਚ ਹੀ ਕੌਮ ਨੂੰ ਨਿਘਾਰ ਵਿਚੋਂ ਕੱਢਣ ਦਾ ਰਾਹ ਉਲੀਕਣ ਦਾ ਨਕਸਾ ਹੈ।

ਪ੍ਰੋ. ਸਾਹਿਬ ਸਿੰਘ ਆਪਣੇ ਭੱਟਾਂ ਦੇ ਸਵੱਈਆਂ ਬਾਬਤ ਲੇਖ ਵਿਚ ਸਿੱਖ ਕੌਮ ਵਿਚ ਵਿਚਾਰ-ਵਟਾਂਦਰੇ ਬਾਬਤ ਇਕ ਬੜਾ ਵਧੀਆ ਨੁਕਤਾ ਦਿੰਦੇ ਹਨ। ਉਹ ਲਿਖਦੇ ਹਨ:

ਵਿਚਾਰ ਸਮੇ ਵਿਦਵਾਨਾਂ ਦਾ ਇਹ ਫਰਜ ਹੈ ਕਿ ਪਰਸਪਰ ਵਿਚਾਰ ਨੂੰ ਸਤਿਕਾਰ ਨਾਲ ਵੇਖਣ, ਤੇ ਇੱਕ ਦੂਜੇ ਉੱਤੇ ਦੁਖਾਵੇਂ ਲਫਜ ਨਾ ਵਰਤਣ।

ਵਿਦਵਾਨ ਸੱਜਣ ਜੀ ਦੀ ਇਹ ਗੱਲ ਗੁਰੂ ਨਾਨਕ ਪਾਤਿਸਾਹ ਦੇ ਸਲੋਕ ਦੀ ਯਾਦ ਦਵਾਉਂਦੀ ਹੈ:

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥
ਫਿਕਾ ਦਰਗਹ ਸਟੀਐ ਮੁਹ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧॥

(ਗੁਰੂ ਗ੍ਰੰਥ ਸਾਹਿਬ, ਪੰਨਾ 473)

ਇਸ ਸੰਦਰਭ ਵਿਚ ਅਜੋਕੀ ਫੇਸਬੁੱਕੀ ਦੁਨੀਆ ਦੇ ਟਰੋਲ ਦਾ ਸੰਕਲਪ ਸਮਝਣਾ ਵੀ ਬੜਾ ਜ਼ਰੂਰੀ ਹੈ। ਟਰੋਲ ਉਸ ਮਾਨਸਕ ਰੋਗੀ ਨੂੰ ਕਿਹਾ ਜਾਂਦਾ ਹੈ ਜਿਸਦਾ ਮਕਸਦ ਸਿਰਫ ਦੂਜਿਆਂ ਨੂੰ ਗੁੱਸਾ ਦਵਾਉਣਾ ਹੈ। ਜਾਨੀ ਕਿ ਟਰੋਲ ਦੀ ਖੁਰਾਕ ਹੀ ਆਪਣਾ ਅਤੇ ਦੂਜਿਆਂ ਦਾ ਗੁੱਸਾ ਹੈ। ਉਸਦਾ ਹਰ ਦਿਨ ਕਿਸੇ ਨੂੰ ਗਾਲ੍ਹਾਂ ਕੱਢਣ ਤੋਂ ਅਰੰਭ ਹੋ ਕੇ ਆਪ ਗਾਲ੍ਹਾਂ ਖਾਣ ਤੇ ਖਤਮ ਹੁੰਦਾ ਹੈ। ਇਸ ਨੁਕਤੇ ਨੂੰ ਦਿਮਾਗ ਵਿਚ ਰੱਖ ਕੇ ਗੁਰੂ ਨਾਨਕ ਪਾਤਿਸਾਹ ਦੇ ਉਪਰ ਦਿਤੇ ਸਲੋਕ ਦੇ ਅਰਥ ਵਿਚਾਰੋ:

ਹੇ ਨਾਨਕ! ਜੋ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ (ਭਾਵ, ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ)।
ਰੁੱਖਾ ਬੋਲਣ ਵਾਲਾ ਲੋਕਾਂ ਵਿਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਭੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ ।
ਰੁੱਖਾ (ਭਾਵ, ਪ੍ਰੇਮ ਤੋਂ ਸੱਖਣਾ) ਮਨੁੱਖ (ਪ੍ਰਭੂ ਦੀ) ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ (ਭਾਵ, ਫਿਟਕਾਰਾਂ ਪੈਂਦੀਆਂ ਹਨ) ।
(ਪ੍ਰੇਮ-ਹੀਣ) ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ, ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ (ਭਾਵ, ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ) ।੧।

ਗੁਰੂ ਨਾਨਕ ਪਾਤਿਸਾਹ ਦੇ ਸਲੋਕ ਦੇ ਅਰਥ ਦਿਮਾਗ ਵਿਚ ਰਤਾ ਭੀ ਸੰਕਾ ਨਹੀਂ ਰਹਿਣ ਦਿੰਦੇ ਕਿ ਸਿੱਖ ਨੂੰ ਤਾਂ ਕੀ ਹਰ ਮਨੁੱਖ ਨੂੰ ਫਿਕਾ ਬੋਲਣ ਤੋਂ ਗੁਰੇਜ ਕਰਣਾ ਚਾਹੀਦਾ ਹੈ।

ਵਿਦਵਤਾ ਦਾ ਇਕ ਮਾਪਦੰਡ ਇਹ ਵੀ ਹੈ ਕਿ ਵਧੀਆ ਵਿਦਵਾਨ ਦਾ ਵਿਚਾਰ ਚਿਰਸਥਾਈ ਹੁੰਦਾ ਹੈ। ਇਸ ਸੰਦਰਭ ਵਿਚ ਪ੍ਰੋ: ਜੀ ਦਾ ਕਈ ਦਹਾਕੇ ਪਹਿਲਾਂ ਲਿਖਿਆ ਹੇਠਲਾ ਬਿਆਨ ਵਿਚਾਰੋ:

ਮਿਲਾਵਟ ਦਾ ਸੰਕਾ ਕਰਨ ਵਾਲੇ ਸੱਜਣਾਂ ਨੇ ਕੁਝ ਸਮੇ ਤੋਂ (ਲਿਖਤ ਦਾ ਨਾਂ) ਸੰਬੰਧੀ ਅਜੀਬ ਸਰਧਾ-ਹੀਣ ਬਚਨ ਭੀ ਲਿਖਣੇ ਅਰੰਭ ਦਿੱਤੇ ਹਨ। ਉਹਨਾਂ ਦੀ ਸੇਵਾ ਵਿੱਚ ਪ੍ਰਾਰਥਨਾ ਹੈ ਕਿ ਇਤਨਾ ਕਾਹਲੀ ਦਾ ਕਦਮ ਨਹੀਂ ਉਠਾਉਣਾ ਚਾਹੀਦਾ, ਜਿਸ ਤੋਂ ਸਾਇਦ ਕੁਝ ਪਛੁਤਾਵਾ ਕਰਨਾ ਪਏ। ਇਹ ਜ਼ਰੂਰੀ ਨਹੀਂ ਕਿ ਉਹਨਾਂ ਦੀ ਹੁਣ ਤਕ ਦੀ ਕੀਤੀ ਹੋਈ ਵਿਚਾਰ ਅਨੁਸਾਰ ਇਹ ਸਿੱਧ ਹੋ ਹੀ ਜਾਏ ਕਿ (ਲਿਖਤ ਦਾ ਨਾਂ) ਕੋਈ ਮਿਲਾਵਟ ਹੈ।

ਕਿਹਾ ਵਧੀਆ ਵਿਚਾਰ ਅੱਜ ਤੋਂ ਕਈ ਦਹਾਕੇ ਪਹਿਲਾਂ ਪ੍ਰੋਫੈਸਰ ਜੀ ਨੇ ਕੌਮ ਨੂੰ ਸੇਧ ਵਜੋਂ ਦੇ ਦਿਤਾ ਸੀ! ਨੁਕਤਾ ਬੜਾ ਸੌਖਾ ਜਿਹਾ ਹੈ

ਕੋਈ ਵੀ ਵਿਚਾਰ ਜਾਂ ਸੰਕਾ ਇਹ ਮਨ ਵਿਚ ਰੱਖ ਕੇ ਕੀਤਾ ਜਾਵੇ ਕਿ ਮੈਂ ਗਲਤ ਵੀ ਹੋ ਸਕਦਾ/ਸਕਦੀ ਹਾਂ। ਹਾਂ ਇਸ ਨੁਕਤੇ ਨੂੰ ਆਪਣੇ ਵਿਹਾਰ ਵਿਚ ਲਿਆਉਣ ਲਈ ਬਈਮਾਨੀ ਅਤੇ ਕੁਫਰ ਛਡਣਾ ਜ਼ਰੂਰੀ ਹੈ। ਬਈਮਾਨ ਬੰਦੇ ਲਈ ਝੂਠ ਅਤੇ ਗਾਲ੍ਹਾਂ ਕੱਢਣੀਆਂ ਇਕ ਢਾਲ ਵਜੋਂ ਹੈ ਕਿਉਂਕਿ ਉਹ ਭਲੀ-ਭਾਂਤ ਜਾਣਦਾ ਹੈ ਕਿ ਇਹ ਬੇਇਜਤੀ ਦਾ ਡਰ ਹੀ ਹੈ ਜਿਹੜਾ ਉਸ ਦੀ ਅਸਲੀਅਤ ਜਾਨਣ ਵਾਲਿਆਂ ਨੂੰ ਚੁੱਪ ਰਹਿਣ ਲਈ ਮਜਬੂਰ ਕਰ ਸਕਦਾ ਹੈ। ਪਰ ਉਹ ਇਹ ਭੁੱਲ ਜਾਂਦਾ ਹੈ ਕਿ ਉਸ ਦੀ ਸਜਾ ਉਹ ਨਹੀਂ ਜਿਹੜੀ ਇਸ ਲੋਕ ਦੀਆਂ ਕਚਿਹਰੀਆਂ ਨੇ ਦੇਣੀ ਹੈ (ਜਿਸ ਤੋਂ ਉਹ ਝੂਠ ਬੋਲ ਕੇ ਤੇ ਗਾਲ੍ਹਾਂ ਕੱਢ ਕੇ ਕੁਝ ਸਮਾਂ ਆਪਣੇ ਆਪ ਨੂੰ ਬਚਾ ਸਕਦਾ ਹੈ)। ਉਸ ਦੀ ਅਸਲ ਸਜਾ ਤਾਂ ਉਸਦਾ ਆਪਣੀਆਂ ਨਜਰਾਂ ਵਿਚ ਗਿਰੇ ਹੋਣਾ ਹੈ। ਤੇ ਝੂਠ ਬੋਲ ਕੇ, ਗਾਲ੍ਹਾਂ ਕੱਢ ਕੇ ਉਹ ਆਪਣੀ ਸਜਾ ਆਪ ਹੀ ਲੰਬੀ ਕਰ ਰਿਹਾ ਹੁੰਦਾ ਹੈ।

ਇਸੇ ਨੁਕਤੇ ਨੂੰ ਸਮਝਣ 'ਤੇ ਹੀ ਸੱਜਣ ਠੱਗ ਦੇ ਗੁਰੂ ਨਾਨਕ ਪਾਤਿਸਾਹ ਦੇ ਚਰਣੀ ਪੈਣ ਦੀ ਸਮਝ ਆਉਂਦੀ ਹੈ ਕਿਉਂਕਿ ਆਪਣੀਆਂ ਨਜਰਾਂ ਵਿਚ ਗਿਰੇ ਹੋਏ ਹੋਣ ਦੀ ਸਜਾ ਭੁਗਤ ਰਹੇ ਨੂੰ ਗੁਰੂ ਸਾਹਿਬ ਨੇ ਇਮਾਨਦਾਰ ਅਤੇ ਨਿਮਰ ਵਿਹਾਰ ਰਾਹੀਂ ਅਜਾਦੀ ਦਾ ਰਾਹ ਵਿਖਾ ਕੇ ਰਿਹਾ ਕਰ ਦਿਤਾ ਸੀ।

ਸੋ ਹਰ ਸਿੱਖ (ਬਲਕਿ ਹਰ ਮਨੁਖ) ਲਈ ਇਮਾਨਦਾਰ ਅਤੇ ਨਿਮਰ ਵਿਹਾਰ ਰਾਹੀਂ ਇਕ ਅਜਾਦ ਜਿੰਦਗੀ ਜਿਊਣ ਦਾ ਰਾਹ ਖੁਲ੍ਹਾ ਹੈ। ਲੋੜ ਸਿਰਫ ਹੰਭਲਾ ਮਾਰਣ ਦੀ ਹੈ।

ਅਖੀਰ ਵਿਚ ਪ੍ਰੋ ਸਾਹਿਬ ਸਿੰਘ ਵਲੋਂ Lord Tennyson ਦੀ ਇਕ ਕਵਿਤਾ ਦਾ ਪੰਜਾਬੀ ਤਰਜਮਾ ਅਤੇ ਅਸਲ ਅੰਗ੍ਰੇਜੀ ਦੇ ਕੇ ਗੱਲ ਮੁਕਾਉਂਦੇ ਹਾਂ ਇਸ ਆਸ ਨਾਲ ਕੇ ਕੌਮ ਵਿਚ ਟਰੋਲਾਂ ਦੀ ਵੱਧ ਰਹੀ ਗਿਣਤੀ ਨੂੰ ਠੱਲ੍ਹ ਪਵੇਗੀ।

It is the little rift within the lute.

That by and by will make the music mute.

And ever widening, slowly silence all.

Alfred, Lord Tennyson (1809-1892)

ਸ਼ੱਕ
ਗੁਰ-ਰਜਾ ਵਿਚ ਸ਼ੱਕ ਰਤਾ-ਭਰਿ, ਸਰਧਾ ਸੱਭ ਗਵਾਏ।
ਸਹਜੇ ਸਹਜੇ ਤੋੜਿ ਗੁਰੂ ਤੋਂ, ਮਨਮੁਖੁ ਅੰਤਿ ਕਰਾਏ।
ਵੇਖੋ! ਸੋਹਣਾ ਸਾਜ, ਜਿਵੇਂ, ਜਦ ਹੱਥਿ ਗਵੱਯੇ ਆਏ।
ਕਢਿ ਕਢਿ ਸੁਰਾਂ ਮਿੱਠੀਆਂ ਉਸ ਚੋਂ (ਦਿਲ-) ਤਰਬਾਂ ਪਿਆ ਹਿਲਾਏ।
ਬੇ-ਪਰਵਾਹੀਓਂ ਸਾਜ ਓਸ ਵਿਚ, ਚੀਰੁ ਜਿਹਾ ਜਦ ਪੈਂਦਾ।
ਨਿੱਕਾ ਹੀ ਇਹ ਰੋਗੁ, ਸਾਜ ਦਾ ਘੁੱਟਿ ਗਲਾ ਤਦ ਲੈਂਦਾ।
ਵੇਲੇ-ਸਿਰ ਜੇ ਗਾਇਕ ਉਸ ਦਾ ਚੀਰੁ ਨ ਬੰਦ ਕਰਾਏ।
ਵਧਦਾ ਵਧਦਾ ਚੌੜਾ ਹੋ ਹੋ, ਸਾਰਾ ਰਾਗੁ ਮੁਕਾਏ।

ਵਾਹਿ ਗੁਰੂ ਜੀ ਕਾ ਖਾਲਸਾ॥
ਵਾਹਿ ਗੁਰੂ ਜੀ ਕੀ ਫਤਿਹ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top