Share on Facebook

Main News Page

ਸਿਆਟਲ ਦੀ ਦੋ ਦਿਨਾਂ "ਵਿਸ਼ਵ ਸਿੱਖ ਚੇਤਨਾ ਕਾਨਫ਼ਰੰਸ" ਵਿੱਚ ਮਿਲੇ ਭਰਵੇਂ ਹੁੰਗਾਰੇ ਨੇ ਪ੍ਰਬੰਧਕਾਂ ਦੇ ਹੌਂਸਲੇ ਕੀਤੇ ਬੁਲੰਦ

ਸਿਆਟਲ, 17 ਜੁਲਾਈ 2017 : ਸਿਆਟਲ ਵਿਖੇ ਹੋਈ ਦੋ ਰੋਜ਼ਾ ਵਿਸ਼ਵ ਸਿੱਖ ਚੇਤਨਾ ਕਾਨਫ਼ਰੰਸ ਦੇ ਬੇਮਿਸਾਲ ਇਕੱਠ ਵਿੱਚੋਂ ਇਹ ਸੁਨੇਹਾ ਸਪਸ਼ਟ ਸੀ ਕਿ ਸਿੱਖ ਕੌਮ ਵਿੱਚ ਹਾਲੇ ਵੀ ਚੇਤੰਨ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਹਨ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੀ ਸ਼ੁੱਧ ਵਿਚਾਰਧਾਰਾ ਦਾ ਅੰਮ੍ਰਿਤ ਮਈ ਭੋਜਨ ਛਕਣ ਦੀ ਲਾਲਸਾ ਰੱਖਦੇ ਹਨ।ਕੈਂਟ ਈਵੈਂਟ ਸੈਂਟਰ ਅਤੇ ਗੁਰਦੁਆਰਾ ਸੱਚਾ ਮਾਰਗ ਵਿਖੇ 15 ਅਤੇ 16 ਜੁਲਾਈ ਨੂੰ ਹੋਈ ਸਿੱਖ ਚੇਤਨਾ ਕਾਨਫ਼ਰੰਸ ਵਿੱਚ ਸੰਗਤਾਂ ਦੇ ਭਾਰੀ ਉਤਸ਼ਾਹ ਨੇ ਇਹ ਸਾਬਤ ਕਰ ਦਿੱਤਾ ਕਿ ਸਿੱਖ ਕੌਮ ਜਾਗਰੂਕ ਹੋ ਰਹੀ ਹੈ। ਹੁਣ ਕੱਚੀਆਂ, ਬੇਬੁਨਿਆਦ ਅਤੇ ਅਖੌਤੀ ਕਹਾਣੀਆਂ ਦਾ ਜੁੱਗ ਬੀਤਣ ਵੱਲ ਤੁਰ ਪਿਆ ਹੈ।

15 ਜੁਲਾਈ ਨੂੰ ਕੈਂਟ ਈਵੈਂਟ ਸੈਂਟਰ ਵਿਖੇ ਆਪ ਮੁਹਾਰੇ ਜੁੜੇ 500 ਤੋਂ 600 ਦੇ ਇਕੱਠ ਨੇ ਪ੍ਰਬੰਧਕਾਂ ਨੂੰ ਪੂਰਾ ਉਤਸ਼ਾਹਿਤ ਕੀਤਾ ਕਿ ਸਿੱਖ ਕੌਮ ਵਿੱਚ ਚੇਤਨਾ ਨੂੰ ਲੈ ਕੇ ਉਨ੍ਹਾਂ ਵੱਲੋਂ ਕੀਤੀ ਗਈ ਹੱਫਤਿਆਂ ਬੱਧੀ ਅਣਥੱਕ ਮਿਹਨਤ ਪੂਰਾ ਰੰਗ ਲਿਆਈ ਹੈ। ਸਥਾਨਕ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵਿਸ਼ਵ ਭਰ ਤੋਂ ਆਏ ਸਿੱਖ ਸੰਸਥਾਵਾਂ ਦੇ ਕਾਰਕੁੰਨਾਂ ਨੇ ਇਸ ਕਾਨਫ਼ਰੰਸ ਨੂੰ ਸਫਲ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ। ਪੰਜਾਬ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੇ ਦੂਰ ਦੁਰਾਡੇ ਸ਼ਹਿਰਾਂ ਤੋਂ ਜਿਵੇਂ ਕਿ ਨਿਊਯਾਰਕ, ਬਾਲਟੀਮੋਰ, ਸੈਨਹੋਜੇ, ਸੈਕਰਾਮੈਂਟੋਂ, ਐਲ-ਏ, ਇੰਡਿਆਨਾ, ਓਹਾਇਓ, ਬੈਲਿੰਗਹਿੰਮ, ਓਲੰਮਪੀਆ ਸ਼ਹਿਰਾਂ ਤੋਂ ਹਜ਼ਾਰਾਂ ਮੀਲਾਂ ਦਾ ਸਫ਼ਰ ਤਹਿ ਕਰ ਕੇ ਪਹੁੰਚੇ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕਾਨਫਰੰਸ ਦੇ ਵਿਸ਼ੇ ਤੇ ਆਪੋ ਆਪਣੇ ਗੰਭੀਰ ਸੁਝਾਅ ਦਿੱਤੇ ਤਾਂ ਕਿ ਪੰਥ ਨੂੰ ਦਰਪੇਸ਼ ਚੁਣੌਤੀਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ। 

ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋ ਰਹੇ ਲਗਾਤਾਰ ਹਮਲਿਆਂ ਬਾਰੇ ਪੰਥ ਨੂੰ ਚਿਤਾਵਨੀ ਦਿੱਤੀ ਗਈ ਤਾਂ ਕਿ ਸਿੱਖ ਪਹਿਰਾਵੇ ਵਿੱਚ ਪੰਥਕ ਦੋਖੀਆਂ ਨੂੰ ਪਹਿਚਾਣਿਆ ਜਾਵੇ ।

ਕਾਨਫ਼ਰੰਸ ਵਿੱਚ ਸਭ ਤੋਂ ਵੱਧ ਖਿੱਚ ਦਾ ਕਾਰਨ ਰਹੇ ਛੋਟੇ ਬੱਚੇ ਭਗੀਰਥ ਸਿੰਘ ਅਤੇ ਹਰਜੋਤ ਸਿੰਘ ਜਿੰਨਾ ਨੇ ਕਾਨਫ਼ਰੰਸ ਦੀ ਸ਼ੁਰੂਆਤ ਮੌਕੇ ਕਵੀਸ਼ਰੀ ਦਾ ਚੰਗਾ ਰੰਗ ਬੰਨ੍ਹਿਆ। ਸਾਰੀ ਕਾਨਫ਼ਰੰਸ ਨੂੰ ਹੋਸਟ ਕਰ ਰਹੇ ਸ੍ਰ. ਕੁਲਦੀਪ ਸਿੰਘ ਕੇ. ਆਰ. ਪੀ. ਆਈ. ਰੇਡੀਓ ਸਟੇਸ਼ਨ ( KRPI 1550) ਦੇ ਅੰਦਾਜ਼ ਨੇ ਸਰੋਤਿਆਂ ਨੂੰ ਵਾਰ ਵਾਰ ਹਲੂਣੀ ਰੱਖਿਆ। ਬੁਲਾਰਿਆਂ ਵਿੱਚੋਂ ਚੰਡੀਗੜ੍ਹੋਂ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਅਤੇ ਸ੍ਰ. ਸੁਰਿੰਦਰ ਸਿੰਘ ਟਾਕਿੰਗ ਪੰਜਾਬ ਵਾਲੇ, ਕੈਨੇਡਾ ਤੋਂ ਪਾਲ ਸਿੰਘ ਪੁਰੇਵਾਲ, ਕੈਲੇਫੋਰਨੀਆ ਤੋਂ ਸਰਬਜੀਤ ਸਿੰਘ ਸੈਕਰਾਮੈਂਟੋ, ਇੰਗਲੈਂਡ ਤੋਂ ਸ੍ਰ ਪ੍ਰਭਦੀਪ ਸਿੰਘ, ਟਰਾਂਟੋ ਤੋਂ ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ, ਓਹਾਇਓ ਤੋਂ ਬੀਬੀ ਜਸਬੀਰ ਕੌਰ, ਓਲੰਮਪੀਆ ਤੋਂ ਡਾ. ਜਸਮੀਤ ਸਿੰਘ, ਭਾਈ ਹਰਜਿੰਦਰ ਸਿੰਘ ਸਭਰਾਅ, ਭਾਈ ਪਰਮਜੀਤ ਸਿੰਘ ਉੱਤਰਾਖੰਡ, ਗਿਆਨੀ ਸ਼ਿਵਤੇਗ ਸਿੰਘ, ਬੇ-ਏਰੀਆ ਤੋਂ ਸ੍ਰ ਤਰਲੋਚਨ ਸਿੰਘ ਦੁਪਾਲਪੁਰ, ਵਰਿੰਦਰ ਸਿੰਘ ਗੋਲਡੀ, ਡਾਕਟਰ ਗੁਰਮੀਤ ਸਿੰਘ ਬਰਸਾਲ, ਕੁਲਜੀਤ ਸਿੰਘ ਫਰਿਜਨੋ, ਅਤੇ ਜੱਗੀ ਸਿੰਘ ਟੁੱਟ ਪਹੁੰਚੇ ਹੋਏ ਸਨ। ਇਸ ਤੋਂ ਇਲਾਵਾ ਨਿਊਯਾਰਕ ਤੋਂ ਸ੍ਰ. ਕੁਲਦੀਪ ਸਿੰਘ 'ਵੇਕਅੱਪ ਖ਼ਾਲਸਾ' ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਰੇਡਿਓ ਵਾਇਸ ਆਫ਼ ਖ਼ਾਲਸਾ ਦੇ ਸੰਚਾਲਕ ਸ੍ਰ. ਨਰਿੰਦਰ ਸਿੰਘ ਡੈਲਸ, ਸੁਖਜਿੰਦਰ ਸਿੰਘ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਸਾਰੇ ਪ੍ਰੋਗਰਾਮ ਨੂੰ ਰੇਡਿਓ ਤੇ ਸਿੱਧਾ ਪ੍ਰਸਾਰਿਤ ਕੀਤਾ।

16 ਜੁਲਾਈ ਨੂੰ ਗੁਰਦੁਆਰਾ ਸੱਚਾ ਮਾਰਗ ਵਿੱਚ ਵੀ ਇਨ੍ਹਾਂ ਨੁਮਾਇੰਦਿਆਂ ਤੋਂ ਇਲਾਵਾ ਭਾਰੀ ਗਿਣਤੀ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਗੁਰਦੁਆਰਾ ਸੱਚਾ ਮਾਰਗ ਦੇ ਪ੍ਰਧਾਨ ਸ੍ਰ. ਹਰਸ਼ਿੰਦਰ ਸਿੰਘ ਨੇ ਜਿੱਥੇ ਸ਼ੁਰੂ ਦਿਨ ਤੋਂ ਕਾਨਫ਼ਰੰਸ ਦਾ ਤਨੋ ਮਨੋ ਸਹਿਯੋਗ ਦਿੱਤਾ ਉੱਥੇ 16 ਜੁਲਾਈ ਵਾਲੀ ਕਾਨਫ਼ਰੰਸ ਨੂੰ ਗੁਰੂ ਘਰ ਵਿਖੇ ਕਰਵਾ ਕੇ ਪ੍ਰਬੰਧਕਾਂ ਨੂੰ ਅਹਿਸਾਸ ਕਰਵਾਇਆ ਕਿ ਤੁਸੀਂ ਇਕੱਲੇ ਨਹੀਂ ਹੋ ਅਸੀਂ ਤੁਹਾਡੇ ਨਾਲ ਹਾਂ ਅਤੇ ਇਹ ਵੀ ਸੰਬੋਧਨ ਕਰਦਿਆਂ ਕਿਹਾ ਕਿ ਗੁਰਦੁਆਰੇ ਕੇਵਲ ਪਾਠ ਕਰਵਾ ਕੇ ਲੰਗਰ ਛਕਣ ਲਈ ਹੀ ਨਹੀਂ ਹੁੰਦੇ ਬਲਕਿ ਗੁਰੂ ਦੇ ਸਿਧਾਂਤ ਦੀ ਇੱਥੇ ਖੁੱਲ੍ਹ ਕੇ ਵਿਆਖਿਆ ਵੀ ਹੋਣੀ ਚਾਹੀਦੀ ਹੈ।

ਬਾਹਰੋਂ ਆਈਆਂ ਸੰਗਤਾਂ ਦੀ ਰਹਾਇਸ਼ ਅਤੇ ਸੇਵਾ ਸੰਭਾਲ ਲਈ ਸਥਾਨਕ ਪੰਥਕ ਦਰਦੀ ਵੀਰਾਂ ਭੈਣਾਂ ਵਲੋਂ ਭਰਪੂਰ ਸਾਥ ਮਿਲਿਆ। ਜਿਨ੍ਹਾਂ ਨੇ ਦੂਰੋਂ ਆਈਆਂ ਸੰਗਤਾਂ ਨੂੰ ਆਪਣੇ ਘਰਾਂ ਵਿੱਚ ਰੱਖਿਆ।ਬਾਹਰੋਂ ਆਏ ਨੁਮਾਇੰਦਿਆ ਦੀ ਰਹਾਇਸ਼ ਲਈ ਹੋਟਲਾਂ ਵਿੱਚ ਵੀ ਪ੍ਰਬੰਧ ਕੀਤਾ ਗਿਆ ਸੀ ਅਤੇ ਉਨ੍ਹਾਂ ਸਾਰੇ ਹੋਟਲ ਮਾਲਕਾਂ ਨੇ ਇਸ ਸੇਵਾ ਲਈ ਕੋਈ ਵੀ ਪੈਸਾ ਨਹੀਂ ਲਿਆ।ਕੈਂਟ ਈਵੈਂਟ ਸੈਂਟਰ ਦਾ ਮਾਲਕ ਸੈਮ ਵਿਰਕ ਖ਼ੁਦ ਇਸ ਪ੍ਰੋਗਰਾਮ ਨੂੰ ਸੁਣਨ ਬੈਠਾ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਐਲਾਨ ਕਰ ਦਿੱਤਾ ਕਿ ਉਹ ਕਾਨਫ਼ਰੰਸ ਲਈ ਦਿੱਤੇ ਹਾਲ ਦਾ ਕੋਈ ਵੀ ਖਰਚਾ ਨਹੀਂ ਲਵੇਗਾ। 

16 ਜੁਲਾਈ ਨੂੰ ਗੁਰਦੁਆਰਾ ਸੱਚਾ ਮਾਰਗ ਵਿਖੇ ਹੋਏ ਪ੍ਰੋਗਰਾਮ ਦੀ ਸਮਾਪਤੀ ਵੇਲੇ ਪ੍ਰਬੰਧਕਾਂ ਵੱਲੋਂ ਪੰਜ ਮਤੇ ਪੜੇ ਗਏ ਜਿਸ ਦਾ ਸਮਰਥਨ ਹਾਜ਼ਰ ਸੰਗਤ ਨੇ ਦੋਵੇਂ ਹੱਥ ਖੜੇ ਕਰ ਕੇ ਬੜੇ ਜੋਸ਼ ਨਾਲ ਦਿੱਤਾ। 

 ਪੜੇ ਗਏ ਮਤਿਆਂ ਦਾ ਤੱਤ ਸਾਰ ਹੇਠ ਲਿਖੇ ਅਨੁਸਾਰ ਹੈ।

ਅੱਜ ਦੇ ਵਿਸ਼ਾਲ ਇਕੱਠ ਵਿੱਚ ਇਕੱਤਰ ਸਮੂਹ ਸੰਗਤ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦੁੱਤੀ ਤੇ ਬੇਮਿਸਾਲ ਰਹਿਨੁਮਾਈ ਵਿੱਚ ਹੇਠ ਲਿਖੇ ਗੁਰਮਤੇ ਪ੍ਰਵਾਨਗੀ ਲਈ ਪੇਸ਼ ਕਰਦੀ ਹੈ ਜੀ।

ਗੁਰਮਤਾ 1. ਅੱਜ ਦਾ ਇਹ ਇਕੱਠ ਐਲਾਨ ਕਰਦਾ ਹੈ ਕਿ ਸਿੱਖਾਂ ਦੇ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ । ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਕਿਸੇ ਵੀ ਗ੍ਰੰਥ ਜਾਂ ਦੇਹ ਧਾਰੀ ਨੂੰ ਸਥਾਪਨ ਕਰਨਾ ਪ੍ਰਵਾਨ ਨਹੀਂ ਕਰਦਾ ਅਤੇ ਇਸ ਤਰ੍ਹਾਂ ਕਰਨ ਵਾਲਿਆਂ ਦੀ ਭਰਪੂਰ ਨਿਖੇਧੀ ਕਰਦਾ ਹੈ।

ਗੁਰਮਤਾ 2. ਅੱਜ ਦਾ ਇਹ ਇਕੱਠ ਗੁਰਮਤਿ ਦੇ ਪ੍ਰਚਾਰਕਾਂ ਤੇ ਹੋ ਰਹੇ ਹਮਲਿਆਂ ਦੀ ਨਿਖੇਧੀ ਕਰਦਾ ਹੈ ਅਤੇ ਹਰ ਹਾਲਤ ਵਿੱਚ ਉਨ੍ਹਾਂ ਨਾਲ ਖੜਨ ਲਈ ਵਚਨਬੱਧ ਹੈ।

ਗੁਰਮਤਾ 3. ਅੱਜ ਦਾ ਇਹ ਇਕੱਠ 2003 ਵਿੱਚ ਲਾਗੂ ਹੋਏ ਮੂਲ ਨਾਨਕਸ਼ਾਹੀ ਕਲੰਡਰ ਨੂੰ ਹੀ ਮਾਨਤਾ ਦਿੰਦਾ ਹੈ ਅਤੇ ਉਸ ਵਿੱਚ ਰਾਜਸੀ ਜਾਂ ਡੇਰੇਦਾਰੀ ਸਾਜ਼ਿਸ਼ੀ ਪ੍ਰਭਾਵ ਨਾਲ ਕੀਤੀਆਂ ਤਬਦੀਲੀਆਂ ਨੂੰ ਰੱਦ ਕਰਦਾ ਹੈ।

ਗੁਰਮਤਾ 4. ਅੱਜ ਦਾ ਇਹ ਇਕੱਠ ਉਨ੍ਹਾਂ ਧਿਰਾਂ ਨੂੰ ਜਿਹੜੀਆਂ ਧਿਰਾਂ ਅਕਾਲ ਤਖ਼ਤ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਪਹਿਲਾਂ ਹੀ ਨਹੀਂ ਮੰਨਦੀਆਂ ਉਨ੍ਹਾਂ ਨੂੰ ਇਸ ਵਿੱਚ ਕੋਈ ਵੀ ਤਬਦੀਲੀ ਜਾਂ ਦਖ਼ਲਅੰਦਾਜ਼ੀ ਨਾ ਕਰਨ ਦੀ ਚਿਤਾਵਨੀ ਦਿੰਦਾ ਹੈ।

ਗੁਰਮਤਾ 5. ਅੱਜ ਦਾ ਇਹ ਇਕੱਠ ਅਕਾਲ ਤਖ਼ਤ ਸਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਰਾਜਸੀ ਚੁੰਗਲ ਵਿੱਚੋਂ ਆਜ਼ਾਦ ਕਰਾਉਣ ਅਤੇ ਗੁਰਮਤਿ ਅਨੁਸਾਰ ਨਵਾਂ ਸਿਸਟਮ ਬਣਾਉਣ ਲਈ ਯਤਨ ਜਾਰੀ ਰੱਖਣ ਦਾ ਅਹਿਦ ਕਰਦਾ ਹੈ ਅਤੇ ਅਜੋਕੇ ਜਥੇਦਾਰੀ ਸਿਸਟਮ ਵੱਲੋਂ ਕਿੱਸੇ ਇੱਕ ਧਿਰ ਦੇ ਪ੍ਰਭਾਵ ਥੱਲੇ ਕੀਤੇ ਗਏ ਫ਼ੈਸਲੇ, ਸੰਦੇਸ਼ ਜਾਂ ਹੁਕਮਨਾਮਿਆਂ ਨੂੰ ਰੱਦ ਕਰਦਾ ਹੈ ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।

ਵੱਲੋਂ: ਦਸਤਖ਼ਤ (ਸਮੂਹ ਇਕੱਤਰ ਸੰਗਤ ਅਤੇ ਸਹਿਯੋਗੀ ਜਥੇਬੰਦੀਆਂ)

ਇਸ ਸਾਰੀ ਕਾਨਫਰੰਸ ਨੂੰ YouTube ਉੱਤੇ upload ਕਰ ਦਿੱਤਾ ਗਿਆ ਹੈ ਜਿਸ ਦਾ ਲਿੰਕ ਹਨ :

15 ਜੁਲਾਈ  ਵਿਸ਼ਵ ਸਿੱਖ ਚੇਤਨਾ ਕਾਨਫ਼ਰੰਸ, ਕੈਂਟ ਈਵੈਂਟ ਸੈਂਟਰ

16 ਜੁਲਾਈ  ਗੁਰਦੁਆਰਾ ਸੱਚਾ ਮਾਰਗ ਸਾਹਿਬ ਤੋਂ ਲਾਈਵ ਟੈਲੀਕਾਸਟ ਦੀ ਰੀਕਾਰਡੰਗ
   

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top